ਇਜ਼ਰਾਈਲ ਦੀ ਸ਼ਕਤੀਸ਼ਾਲੀ ਜਾਸੂਸ ਏਜੰਸੀ ਮੋਸਾਦ ਕਿੰਨੀਂ ਅਹਿਮ ਹੈ, ਉਸ ਨੇ ਹੁਣ ਤੱਕ ਕਿਹੜੇ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਅਤੇ ਕਿੱਥੇ ਖੁੰਝ ਗਈ

ਇਜ਼ਰਾਈਲ ਅਤੇ ਈਰਾਨ

ਤਸਵੀਰ ਸਰੋਤ, EPA, Getty, Maxar, BBC

    • ਲੇਖਕ, ਬੀਬੀਸੀ ਅਰਬੀ ਸਰਵਿਸ

ਇਜ਼ਰਾਈਲ ਨੇ ਈਰਾਨ ਵਿੱਚ ਮੁੱਖ ਤੌਰ 'ਤੇ ਦੇਸ਼ ਦੇ ਪੱਛਮੀ ਹਿੱਸੇ ਅਤੇ ਰਾਜਧਾਨੀ ਤਹਿਰਾਨ ਦੇ ਆਲੇ-ਦੁਆਲੇ ਪਰਮਾਣੂ ਟਿਕਾਣਿਆਂ, ਫੌਜੀ ਟਿਕਾਣਿਆਂ ਅਤੇ ਨਿੱਜੀ ਰਿਹਾਇਸ਼ਾਂ ਨੂੰ ਕਈ ਕਾਰਵਾਈਆਂ ਵਿੱਚ ਨਿਸ਼ਾਨਾ ਬਣਾਇਆ ਹੈ।

ਹਾਲਾਂਕਿ ਇਹ ਹਮਲੇ ਹਵਾਈ ਸਨ, ਇਜ਼ਰਾਈਲੀ ਖ਼ੁਫ਼ੀਆ ਏਜੰਸੀ ਮੋਸਾਦ ਨੂੰ ਨਿਸ਼ਾਨਾ ਬਣਾਉਣ ਅਤੇ ਜ਼ਮੀਨ 'ਤੇ ਕਾਰਵਾਈ ਨੂੰ ਨਿਰਦੇਸ਼ਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਸ਼ੱਕ ਹੈ।

ਮੰਨਿਆ ਜਾਂਦਾ ਹੈ ਕਿ ਮੋਸਾਦ ਦੇ ਏਜੰਟਾਂ ਨੇ ਈਰਾਨ ਦੇ ਹਵਾਈ ਰੱਖਿਆ ਪ੍ਰਣਾਲੀਆਂ 'ਤੇ ਹਮਲਾ ਕਰਨ ਲਈ ਦੇਸ਼ ਵਿੱਚ ਤਸਕਰੀ ਕੀਤੇ ਗਏ ਡਰੋਨਾਂ ਦੀ ਵਰਤੋਂ ਕੀਤੀ ਹੈ।

ਈਰਾਨੀ ਅਧਿਕਾਰੀਆਂ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀਆਂ ਸੁਰੱਖਿਆ ਬਲਾਂ ਵਿੱਚ ਇਜ਼ਰਾਈਲੀ ਖ਼ੁਫ਼ੀਆ ਏਜੰਸੀਆਂ ਨੇ ਘੁਸਪੈਠ ਕੀਤੀ ਹੈ।

13 ਜੂਨ ਨੂੰ ਇਜ਼ਰਾਈਲੀ ਹਵਾਈ ਹਮਲੇ ਸ਼ੁਰੂ ਹੋਣ ਤੋਂ ਬਾਅਦ ਈਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਕੰਮ ਕਰ ਰਹੇ ਕਈ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੂੰ ਸਫ਼ਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਇਜ਼ਰਾਈਲ ਕੋਲ ਉਨ੍ਹਾਂ ਦੇ ਟਿਕਾਣਿਆਂ ਬਾਰੇ ਸਹੀ ਖ਼ੁਫ਼ੀਆ ਜਾਣਕਾਰੀ ਸੀ।

ਸੰਘਰਸ਼ ਵਿੱਚ ਮੋਸਾਦ ਦੀ ਭੂਮਿਕਾ ਦਾ ਮੁਲਾਂਕਣ ਕਰਨਾ ਆਸਾਨ ਨਹੀਂ ਹੈ, ਕਿਉਂਕਿ ਇਜ਼ਰਾਈਲ ਸੰਗਠਨ ਦੀਆਂ ਗਤੀਵਿਧੀਆਂ 'ਤੇ ਘੱਟ ਹੀ ਟਿੱਪਣੀ ਕਰਦਾ ਹੈ ਅਤੇ ਇਜ਼ਰਾਈਲੀ ਖ਼ੁਫ਼ੀਆ ਉਪਕਰਣ ਦੀਆਂ ਹੋਰ ਸ਼ਾਖਾਵਾਂ ਹਨ।

ਹਾਲਾਂਕਿ, ਇਸ ਲੇਖ ਵਿੱਚ ਅਸੀਂ ਏਜੰਸੀ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਕਾਰਵਾਈਆਂ ਦੀ ਇੱਕ ਸੂਚੀ ਤਿਆਰ ਕਰ ਰਹੇ ਹਾਂ।

ਇਸ ਸੂਚੀ ਤੋਂ ਪਹਿਲਾਂ ਆਓ ਜਾਣੀਏ ਮੋਸਾਦ ਬਾਰੇ...

ਇਸਮਾਈਲ ਹਾਨੀਆ ਅਤੇ ਕਮਾਂਡਰ ਹੁਸੈਨ ਸਲਾਮੀ

ਤਸਵੀਰ ਸਰੋਤ, Anadolu via Getty

ਤਸਵੀਰ ਕੈਪਸ਼ਨ, ਹਮਾਸ ਦੇ ਸਾਬਕਾ ਰਾਜਨੀਤਿਕ ਬਿਊਰੋ ਮੁਖੀ ਇਸਮਾਈਲ ਹਾਨੀਆ (ਖੱਬੇ) ਤਹਿਰਾਨ ਦੀ ਫੇਰੀ ਦੌਰਾਨ ਸਾਬਕਾ ਈਰਾਨੀ ਕਮਾਂਡਰ ਹੁਸੈਨ ਸਲਾਮੀ (ਸੱਜੇ) ਦਾ ਸਵਾਗਤ ਕਰਦੇ ਹੋਏ, ਦੋਵੇਂ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਹਨ

ਮੋਸਾਦ ਅਤੇ ਹਮਾਸ ਕੀ ਹੈ?

ਮੋਸਾਦ, ਇਜ਼ਰਾਈਲ ਦੀ ਖੂਫ਼ੀਆ ਏਜੰਸੀ ਹੈ, ਜਿਸ ਦੀ ਸਥਾਪਨਾ 1949 ਵਿੱਚ ਹੋਈ ਸੀ। ਬਹੁਤ ਹੀ ਗੁਪਤ ਤਰੀਕੇ ਨਾਲ ਕੰਮ ਕਰਨ ਵਾਲੀ ਮੋਸਾਦ ਆਪਣੀਆਂ ਬਹਾਦਰੀ ਵਾਲੀਆਂ ਕਾਰਵਾਈਆਂ ਲਈ ਜਾਣੀ ਜਾਂਦੀ ਹੈ।

ਮੋਸਾਦ 'ਤੇ ਕਈ ਕਤਲਾਂ ਦੇ ਇਲਜ਼ਾਮ ਵੀ ਹਨ।

ਦੂਜੇ ਪਾਸੇ, ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।

ਇਸ ਦਾ ਨਾਮ 'ਇਸਲਾਮਿਕ ਰਜ਼ਿਸਟੈਂਟ ਮੂਵਮੈਂਟ' ਦਾ ਸੰਖੇਪ ਹੈ, ਜੋ 1987 ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਗਾਜ਼ਾ ਪੱਟੀ ਉਪਰ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਸੀ।

ਸ਼ੁਰੂਆਤ ਵਿੱਚ ਹਮਾਸ ਦੇ ਦੋ ਮੁੱਖ ਮਕਸਦ ਸੀ - ਪਹਿਲਾ ਇਜ਼ਰਾਈਲ ਦੇ ਖ਼ਿਲਾਫ਼ ਇਸ ਦੇ ਮਿਲਟਰੀ ਵਿੰਗ- ਅਜ਼ਦੀਨ ਅਲ ਕਾਸਮ ਨਾਲ ਹਥਿਆਰਬੰਦ ਲੜਾਈ ਅਤੇ ਦੂਜਾ ਸਮਾਜਿਕ ਭਲਾਈ ਦੇ ਕੰਮ।

ਪਰ 2005 ਤੋਂ ਬਾਅਦ ਇਹ ਫਲਸਤੀਨ ਦੇ ਰਾਜਨੀਤਿਕ ਮਾਮਲਿਆਂ ਵਿੱਚ ਵੀ ਸਰਗਰਮ ਹੋਇਆ ਹੈ। ਇਹ ਅਰਬ ਸੰਸਾਰ ਦਾ ਪਹਿਲਾ ਇਸਲਾਮਿਕ ਗਰੁੱਪ ਹੈ, ਜਿਸ ਨੇ ਬੈਲੇਟ ਬਾਕਸ ਰਾਹੀਂ ਚੋਣਾਂ ਜਿੱਤੀਆਂ।

ਇਜ਼ਰਾਈਲ, ਅਮਰੀਕਾ, ਯੂਰਪੀਅਨ ਯੂਨੀਅਨ, ਯੂਕੇ ਅਤੇ ਹੋਰ ਕਈ ਦੇਸ਼ਾਂ ਵੱਲੋਂ ਹਮਾਸ ਨੂੰ ਇੱਕ ''ਅੱਤਵਾਦੀ ਗਰੁੱਪ'' ਕਰਾਰ ਦਿੱਤਾ ਗਿਆ ਹੈ।

ਮੋਸਾਦ ਦੀਆਂ ਸਫ਼ਲਤਾਵਾਂ

ਮੋਸਾਦ

ਤਸਵੀਰ ਸਰੋਤ, Reuters

ਹਮਾਸ ਨੇਤਾ ਇਸਮਾਈਲ ਹਾਨੀਆ ਦਾ ਕਤਲ

ਹਮਾਸ ਦੇ ਰਾਜਨੀਤਿਕ ਨੇਤਾ ਇਸਮਾਈਲ ਹਾਨੀਆ ਦਾ 31 ਜੁਲਾਈ 2024 ਨੂੰ ਉਦੋਂ ਕਦਲ ਕਰ ਦਿੱਤਾ ਗਿਆ ਜਦੋਂ ਉਹ ਤਹਿਰਾਨ ਦੇ ਇੱਕ ਗੈਸਟ ਹਾਊਸ ਵਿੱਚ ਠਹਿਰੇ ਹੋਏ ਸਨ।

ਸ਼ੁਰੂ ਵਿੱਚ, ਇਜ਼ਰਾਈਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਮਹੀਨਿਆਂ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਮੰਨਿਆ ਕਿ ਉਨ੍ਹਾਂ ਦਾ ਦੇਸ਼ ਇਸ ਕਾਰਵਾਈ ਪਿੱਛੇ ਸੀ।

ਹਾਨੀਆ ਦੀ ਮੌਤ ਦੇ ਹਾਲਾਤ ਅਜੇ ਵੀ ਅਸਪਸ਼ਟ ਹਨ।

ਹਮਾਸ ਦੇ ਇੱਕ ਸੀਨੀਅਰ ਸਿਆਸਤਦਾਨ ਖ਼ਲੀਲ ਅਲ-ਹਯਾ ਨੇ ਆਪਣੇ ਨਾਲ ਮੌਜੂਦ ਚਸ਼ਮਦੀਦਾਂ ਦਾ ਹਵਾਲਾ ਦਿੰਦੇ ਹੋਏ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਮਿਜ਼ਾਈਲ ਹਾਨੀਆ 'ਤੇ "ਸਿੱਧੀ" ਵੱਜੀ।

ਹਾਲਾਂਕਿ, ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਸੱਤ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਾਨੀਆ ਦੀ ਮੌਤ ਇੱਕ ਬੰਬ ਦੇ ਧਮਾਕੇ ਵਿੱਚ ਹੋਈ ਸੀ ਜੋ ਉਸ ਇਮਾਰਤ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਹ ਦੋ ਮਹੀਨਿਆਂ ਤੋਂ ਰਹਿ ਰਿਹਾ ਸੀ।

ਬੀਬੀਸੀ ਇਨ੍ਹਾਂ ਦਾਅਵਿਆਂ ਵਿੱਚੋਂ ਕਿਸੇ ਦੀ ਵੀ ਪੁਸ਼ਟੀ ਨਹੀਂ ਕਰ ਸਕਿਆ ਹੈ।

ਹਾਨੀਆ ਹਮਾਸ ਦੇ ਉਨ੍ਹਾਂ ਕਈ ਆਗੂਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ 'ਤੇ ਸਮੂਹ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਮਾਰ ਦਿੱਤਾ।

ਇਸ ਲੰਬੀ ਸੂਚੀ ਵਿੱਚ ਗਾਜਾ ਦੇ ਹਮਾਸ ਆਗੂ ਯਾਹਿਆ ਸਿਨਵਾਰ, ਉਨ੍ਹਾਂ ਦੇ ਭਰਾ ਮੁਹੰਮਦ, ਹਮਾਸ ਦੀ ਫੌਜੀ ਸਾਖ਼ਾ ਦੇ ਪ੍ਰਮੁੱਖ ਮੁਹੰਮਦ ਦੀਫ ਅਤੇ ਉਨ੍ਹਾਂ ਦੇ ਡਿਪਟੀ ਮਾਰਵਾਨ ਈਸਾ ਸ਼ਾਮਿਲ ਹਨ।

ਹਿਜ਼ਬੁੱਲ੍ਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਹਿਜ਼ਬੁੱਲ੍ਹਾ ਲੜਾਕੂ ਦਾ ਅੰਤਿਮ ਸੰਸਕਾਰ ਜਿਸ ਦੀ ਮੌਤ ਇੱਕ ਸੰਚਾਰ ਯੰਤਰ ਦੇ ਫਟਣ ਕਾਰਨ ਹੋਈ ਸੀ

ਹਿਜ਼ਬੁੱਲ੍ਹਾ ਉਪਕਰਨ ਵਿਸਫੋਟ

17 ਸਤੰਬਰ 2024 ਨੂੰ ਲੇਬਨਾਨ ਵਿੱਚ ਇੱਕੋ ਸਮੇਂ ਹਜ਼ਾਰਾਂ ਪੇਜਰ ਬੰਬ ਧਮਾਕੇ ਹੋਏ, ਮੁੱਖ ਤੌਰ 'ਤੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਹਿਜ਼ਬੁੱਲ੍ਹਾ ਦੀ ਮਜ਼ਬੂਤ ਮੌਜੂਦਗੀ ਸੀ।

ਧਮਾਕਿਆਂ ਨੇ ਦਹਿਸ਼ਤ ਅਤੇ ਉਲਝਣ ਪੈਦਾ ਕਰ ਦਿੱਤੀ, ਡਰਾਈਵਰਾਂ ਅਤੇ ਕੁਝ ਨੇੜਲੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਜਾਂ ਮਾਰ ਦਿੱਤਾ।

ਅਗਲੇ ਦਿਨ ਵੱਡੀ ਗਿਣਤੀ ਵਿੱਚ ਵਾਕੀ-ਟਾਕੀ ਇਸੇ ਤਰ੍ਹਾਂ ਫਟ ਗਏ, ਜਿਸ ਨਾਲ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ।

ਹਮਲੇ ਵੇਲੇ ਇਜ਼ਰਾਈਲ ਅਤੇ ਹਿਜ਼ਬੁੱਲ੍ਹਾ ਇੱਕ ਟਕਰਾਅ ਵਿੱਚ ਸਨ ਜੋ ਉਦੋਂ ਵਧ ਗਿਆ ਜਦੋਂ 7 ਅਕਤੂਬਰ ਨੂੰ ਹਮਾਸ ਦੇ ਹਮਲਿਆਂ ਤੋਂ ਇੱਕ ਦਿਨ ਬਾਅਦ ਲੇਬਨਾਨੀ ਮਿਲੀਸ਼ੀਆ ਨੇ ਇਜ਼ਰਾਈਲੀ ਟਿਕਾਣਿਆਂ 'ਤੇ ਗੋਲੀਬਾਰੀ ਕੀਤੀ।

ਉਸ ਸਮੇਂ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੋ ਮਹੀਨੇ ਬਾਅਦ ਇਜ਼ਰਾਈਲ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ।

ਬੀਬੀਸੀ ਦੇ ਭਾਈਵਾਲ ਸੀਬੀਐੱਸ ਨਾਲ ਇੱਕ ਇੰਟਰਵਿਊ ਵਿੱਚ, ਦੋ ਸਾਬਕਾ ਏਜੰਟਾਂ ਨੇ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਮੋਸਾਦ ਨੇ ਬੈਟਰੀਆਂ ਦੇ ਅੰਦਰ ਵਿਸਫੋਟਕ ਯੰਤਰ ਲੁਕਾਏ ਹੋਏ ਸਨ ਜੋ ਵਾਕੀ-ਟਾਕੀ ਨੂੰ ਪਾਵਰ ਦਿੰਦੇ ਹਨ, ਜੋ ਆਮ ਤੌਰ 'ਤੇ ਉਪਭੋਗਤਾ ਦੇ ਦਿਲ ਦੇ ਨੇੜੇ ਇੱਕ ਜੈਕਟ ਵਿੱਚ ਰੱਖੇ ਜਾਂਦੇ ਹਨ।

ਸੀਬੀਐੱਸ ਦੀ ਇੱਕ ਰਿਪੋਰਟ ਦੇ ਅਨੁਸਾਰ, ਏਜੰਟਾਂ ਨੇ ਕਿਹਾ ਕਿ ਹਿਜ਼ਬੁੱਲ੍ਹਾ ਨੇ 10 ਸਾਲ ਪਹਿਲਾਂ ਅਣਜਾਣੇ ਵਿੱਚ ਇੱਕ ਜਾਅਲੀ ਕੰਪਨੀ ਤੋਂ "ਚੰਗੀ ਕੀਮਤ" 'ਤੇ 16,000 ਤੋਂ ਵੱਧ ਵਾਕੀ-ਟਾਕੀ ਖਰੀਦੇ ਸਨ ਅਤੇ ਬਾਅਦ ਵਿੱਚ 5,000 ਪੇਜਰ ਖਰੀਦੇ ਸਨ।

ਧਮਾਕਿਆਂ ਨੇ ਲੇਬਨਾਨ ਨੂੰ ਹਿਲਾ ਕੇ ਰੱਖ ਦਿੱਤਾ, ਸੁਪਰਮਾਰਕੀਟਾਂ ਸਣੇ ਹਰ ਜਗ੍ਹਾ ਧਮਾਕਿਆਂ ਦੀਆਂ ਰਿਪੋਰਟਾਂ ਆਈਆਂ।

ਹਸਪਤਾਲ ਵੱਡੀ ਗਿਣਤੀ ਵਿੱਚ ਪੀੜਤਾਂ ਨਾਲ ਭਰੇ ਹੋਏ ਸਨ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਹਮਲੇ ਨੂੰ ਜੰਗੀ ਅਪਰਾਧ ਦੱਸਿਆ ਸੀ।

 ਵਿਗਿਆਨੀ ਮੋਹਸੇਨ ਫਖ਼ਰੀਜ਼ਾਦੇਹ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਮੋਸਾਦ 'ਤੇ ਈਰਾਨ ਦੇ ਚੋਟੀ ਦੇ ਪਰਮਾਣੂ ਵਿਗਿਆਨੀ ਮੋਹਸੇਨ ਫਖ਼ਰੀਜ਼ਾਦੇਹ ਦੇ ਕਤਲ ਪਿੱਛੇ ਹੱਥ ਹੋਣ ਦਾ ਸ਼ੱਕ ਹੈ

ਮੋਹਸੇਨ ਫਖ਼ਰੀਜ਼ਾਦੇਹ ਦਾ ਕਤਲ

ਨਵੰਬਰ 2020 ਵਿੱਚ ਰਾਜਧਾਨੀ ਤਹਿਰਾਨ ਦੇ ਪੂਰਬ ਵਿੱਚ ਅਬਸਾਰਦ ਸ਼ਹਿਰ ਵਿੱਚ ਈਰਾਨ ਦੇ ਸਭ ਤੋਂ ਮਸ਼ਹੂਰ ਪਰਮਾਣੂ ਵਿਗਿਆਨੀ ਮੋਹਸੇਨ ਫਖ਼ਰੀਜ਼ਾਦੇਹ ਨੂੰ ਲੈ ਕੇ ਜਾ ਰਹੇ ਇੱਕ ਕਾਫ਼ਲੇ 'ਤੇ ਗੋਲੀਬਾਰੀ ਕੀਤੀ ਗਈ ਸੀ।

ਫਖ਼ਰੀਜ਼ਾਦੇਹ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਰਿਮੋਟ-ਕੰਟਰੋਲ ਮਸ਼ੀਨ ਗਨ ਨਾਲ ਮਾਰ ਦਿੱਤਾ ਗਿਆ ਸੀ।

ਉਸ ਸਮੇਂ ਬੀਬੀਸੀ ਫਾਰਸੀ ਸਰਵਿਸ ਦੇ ਜਿਆਰ ਗੋਲ ਨੇ ਲਿਖਿਆ ਸੀ, "ਕਿਸੇ ਗਤੀਸ਼ੀਲ ਟੀਚੇ ʼਤੇ ਬਿਨਾਂ ਵੀ ਨਾਗਰਿਕ ਨੂੰ ਨੁਕਸਾਨ ਪਹੁੰਚਾਏ ਅਜਿਹੇ ਸਰਜੀਕਲ ਕਤਲ ਕਰਨ ਲਈ ਜ਼ਮੀਨ 'ਤੇ ਅਸਲ-ਸਮੇਂ ਦੀ ਖ਼ੁਫ਼ੀਆ ਜਾਣਕਾਰੀ ਦੀ ਲੋੜ ਹੁੰਦੀ ਹੈ।"

ਅਪ੍ਰੈਲ 2018 ਵਿੱਚ ਨੇਤਨਯਾਹੂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਸਬੰਧਤ ਕਥਿਤ ਦਸਤਾਵੇਜ਼ਾਂ ਵਾਲੇ ਦਰਜਨਾਂ ਫੋਲਡਰ ਪ੍ਰਦਰਸ਼ਿਤ ਕੀਤੇ, ਜਿਨ੍ਹਾਂ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਮਹੀਨੇ ਪਹਿਲਾਂ ਤਹਿਰਾਨ ਤੋਂ ਸਿਰਫ਼ 30 ਕਿਲੋਮੀਟਰ ਦੂਰ ਇੱਕ ਗੋਦਾਮ 'ਤੇ ਮੋਸਾਦ ਦੁਆਰਾ ਕੀਤੇ ਗਏ ਇੱਕ ਦਲੇਰਾਨਾ ਛਾਪੇਮਾਰੀ ਵਿੱਚ ਚੋਰੀ ਹੋ ਗਏ ਸਨ।

ਇਸ ਦੀ ਪੁਸ਼ਟੀ ਬਾਅਦ ਵਿੱਚ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਦੁਆਰਾ ਕੀਤੀ ਗਈ ਸੀ।

ਇੱਕ ਪ੍ਰੈੱਸ ਕਾਨਫਰੰਸ ਵਿੱਚ ਫਾਈਲਾਂ ਪੇਸ਼ ਕਰਦੇ ਹੋਏ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਅਣਐਲਾਨੇ ਪਰਮਾਣੂ ਹਥਿਆਰ ਪ੍ਰੋਗਰਾਮ ਵਿੱਚ ਮੋਹਸੇਨ ਫਖ਼ਰੀਜ਼ਾਦੇਹ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਉਨ੍ਹਾਂ ਨੇ ਦੁਹਰਾਇਆ, "ਡਾ. ਮੋਹਸੇਨ ਫਖ਼ਰੀਜ਼ਾਦੇਹ... ਇਹ ਨਾਮ ਯਾਦ ਰੱਖੋ।"

ਈਰਾਨ ਨੇ ਪਹਿਲਾਂ ਇਜ਼ਰਾਈਲ 'ਤੇ 2010 ਅਤੇ 2012 ਦੇ ਵਿਚਕਾਰ ਚਾਰ ਹੋਰ ਈਰਾਨੀ ਪਰਮਾਣੂ ਵਿਗਿਆਨੀਆਂ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ।

ਮਹਿਮੂਦ ਅਲ-ਮਬਹੂਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਿਮੂਦ ਅਲ-ਮਬਹੂਹ ਨੂੰ ਬਿਜਲੀ ਦਾ ਝਟਕਾ ਦਿੱਤਾ ਗਿਆ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ
ਇਹ ਵੀ ਪੜ੍ਹੋ-

ਮਹਮੂਦ ਅਲ-ਮਭੌਹ: ਗਲਾ ਘੁੱਟ ਕੇ ਕਤਲ

2010 ਵਿੱਚ, ਹਮਾਸ ਦੇ ਸੀਨੀਅਰ ਫੌਜੀ ਨੇਤਾ ਮਹਿਮੂਦ ਅਲ-ਮਭੌਹ ਦੀ ਦੁਬਈ ਦਾ ਇੱਕ ਹੋਟਲ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਸ਼ੁਰੂ ਵਿੱਚ ਇਹ ਇੱਕ ਕੁਦਰਤੀ ਮੌਤ ਜਾਪਦੀ ਸੀ, ਪਰ ਦੁਬਈ ਪੁਲਿਸ ਨੇ ਨਿਗਰਾਨੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਆਖ਼ਰਕਾਰ ਕਤਲ ਲਈ ਜ਼ਿੰਮੇਵਾਰ ਟੀਮ ਦੀ ਪਛਾਣ ਕਰ ਲਈ।

ਬਾਅਦ ਵਿੱਚ ਪੁਲਿਸ ਨੇ ਖੁਲਾਸਾ ਕੀਤਾ ਕਿ ਅਲ-ਮਭੌਹ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਅਤੇ ਫਿਰ ਗਲਾ ਘੁੱਟ ਕੇ ਕਤਲ ਕਰਨ ਕਾਰਨ ਹੋਈ ਸੀ।

ਇਹ ਕਾਰਵਾਈ ਮੋਸਾਦ ਦੁਆਰਾ ਕਰਨ ਦਾ ਸ਼ੱਕ ਸੀ, ਜਿਸ ਨਾਲ ਸੰਯੁਕਤ ਅਰਬ ਅਮੀਰਾਤ ਵਿੱਚ ਕੂਟਨੀਤਕ ਰੋਸ ਪੈਦਾ ਹੋਇਆ।

ਹਾਲਾਂਕਿ, ਇਜ਼ਰਾਈਲੀ ਡਿਪਲੋਮੈਟਾਂ ਨੇ ਕਿਹਾ ਕਿ ਹਮਲੇ ਵਿੱਚ ਮੋਸਾਦ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ।

ਯਾਹੀਆ ਅਯਾਸ਼

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਯਾਹੀਆ ਅਯਾਸ਼ ਦੀ ਤਸਵੀਰ ਪੋਸਟਰਾਂ 'ਤੇ ਫ਼ਲਸਤੀਨੀ ਕਾਜ਼ ਦੇ ਪ੍ਰਤੀਕ ਵਜੋਂ ਦਿਖਾਈ ਦਿੰਦੀ ਹੈ

ਯਾਹੀਆ ਅਯਾਸ਼ ਅਤੇ ਵਿਸਫੋਟਕ ਫੋਨ

1996 ਵਿੱਚ, ਹਮਾਸ ਦੇ ਇੱਕ ਪ੍ਰਮੁੱਖ ਬੰਬ ਨਿਰਮਾਤਾ, ਯਾਹੀਆ ਅਯਾਸ਼, ਨੂੰ ਉਸ ਦੇ ਮੋਟੋਰੋਲਾ ਅਲਫ਼ਾ ਸੈੱਲ ਫੋਨ ਵਿੱਚ 50 ਗ੍ਰਾਮ ਵਿਸਫੋਟਕ ਭਰ ਕੇ ਕਤਲ ਕਰ ਦਿੱਤਾ ਗਿਆ ਸੀ।

ਹਮਾਸ ਦੇ ਫੌਜੀ ਵਿੰਗ ਦੇ ਇੱਕ ਪ੍ਰਮੁੱਖ ਨੇਤਾ, ਅਯਾਸ਼, ਇਜ਼ਰਾਈਲੀ ਟੀਚਿਆਂ ਵਿਰੁੱਧ ਬੰਬ ਬਣਾਉਣ ਅਤੇ ਗੁੰਝਲਦਾਰ ਹਮਲਿਆਂ ਦਾ ਆਯੋਜਨ ਕਰਨ ਵਿੱਚ ਆਪਣੀ ਮੁਹਾਰਤ ਲਈ ਜਾਣੇ ਜਾਂਦੇ ਸਨ।

2019 ਦੇ ਅਖ਼ੀਰ ਵਿੱਚ ਇਜ਼ਰਾਈਲ ਨੇ ਕਤਲ ਦੇ ਕੁਝ ਵੇਰਵਿਆਂ 'ਤੇ ਆਪਣੀ ਸੈਂਸਰਸ਼ਿਪ ਹਟਾ ਦਿੱਤੀ ਅਤੇ ਇਜ਼ਰਾਈਲੀ ਚੈਨਲ 13 ਟੈਲੀਵਿਜ਼ਨ ਨੇ ਅਯਾਸ਼ ਦੇ ਆਪਣੇ ਪਿਤਾ ਨਾਲ ਆਖ਼ਰੀ ਫੋਨ ਕਾਲ ਦੀ ਰਿਕਾਰਡਿੰਗ ਪ੍ਰਸਾਰਿਤ ਕੀਤੀ।

ਸੁਡਾਨ ਤੋਂ ਤਸਕਰੀ ਕਰਕੇ ਲਿਆਂਦੇ ਜਾ ਰਹੇ ਇਥੋਪੀਆਈ ਯਹੂਦੀਆਂ

ਤਸਵੀਰ ਸਰੋਤ, Raffi Berg

ਤਸਵੀਰ ਕੈਪਸ਼ਨ, ਮੋਸਾਦ ਏਜੰਟ ਸੁਡਾਨ ਤੋਂ ਤਸਕਰੀ ਕਰਕੇ ਲਿਆਂਦੇ ਜਾ ਰਹੇ ਇਥੋਪੀਆਈ ਯਹੂਦੀਆਂ ਨਾਲ ਭਰੇ ਇੱਕ ਵਾਹਨ ਦੇ ਕੋਲ ਖੜ੍ਹਾ ਹੈ

ਆਪ੍ਰੇਸ਼ਨ ਬ੍ਰਦਰਜ਼

1980 ਦੇ ਦਹਾਕੇ ਦੇ ਸ਼ੁਰੂ ਵਿੱਚ, ਪ੍ਰਧਾਨ ਮੰਤਰੀ ਮੇਨਾਕੇਮ ਬੇਗਨ ਦੇ ਨਿਰਦੇਸ਼ਾਂ 'ਤੇ, ਮੋਸਾਦ ਨੇ ਇੱਕ ਨਕਲੀ ਡਾਈਵਿੰਗ ਰਿਜ਼ੋਰਟ ਦੀ ਵਰਤੋਂ ਕਰਕੇ, ਸੁਡਾਨ ਰਾਹੀਂ 7,000 ਤੋਂ ਵੱਧ ਇਥੋਪੀਆਈ ਯਹੂਦੀਆਂ ਨੂੰ ਇਜ਼ਰਾਈਲ ਵਿੱਚ ਤਸਕਰੀ ਕੀਤੀ ਸੀ।

ਸੁਡਾਨ ਅਰਬ ਲੀਗ ਦਾ ਦੁਸ਼ਮਣ ਸੀ, ਇਸ ਲਈ ਗੁਪਤ ਰੂਪ ਵਿੱਚ ਕੰਮ ਕਰਦੇ ਹੋਏ, ਮੋਸਾਦ ਏਜੰਟਾਂ ਦੀ ਇੱਕ ਟੀਮ ਨੇ ਸੁਡਾਨ ਦੇ ਲਾਲ ਸਾਗਰ ਤੱਟ 'ਤੇ ਇੱਕ ਰਿਜ਼ੋਰਟ ਸਥਾਪਤ ਕੀਤਾ, ਜਿਸ ਨੂੰ ਉਹ ਇੱਕ ਬੇਸ ਵਜੋਂ ਵਰਤਦੇ ਸਨ।

ਦਿਨ ਵੇਲੇ ਉਹ ਹੋਟਲ ਸਟਾਫ਼ ਦੇ ਰੂਪ ਵਿੱਚ ਪੇਸ਼ ਆਉਂਦੇ ਸਨ ਅਤੇ ਰਾਤ ਨੂੰ ਉਹ ਗੁਆਂਢੀ ਇਥੋਪੀਆ ਤੋਂ ਗੁਪਤ ਤੌਰ 'ਤੇ ਪਰਵਾਸ ਕਰ ਚੁੱਕੇ ਯਹੂਦੀਆਂ ਨੂੰ ਹਵਾਈ ਅਤੇ ਸਮੁੰਦਰੀ ਰਸਤੇ ਦੇਸ਼ ਤੋਂ ਬਾਹਰ ਲੈ ਜਾਂਦੇ ਸਨ।

ਇਹ ਕਾਰਵਾਈ ਘੱਟੋ-ਘੱਟ ਪੰਜ ਸਾਲ ਚੱਲੀ ਅਤੇ ਜਦੋਂ ਤੱਕ ਇਸ ਦਾ ਪਤਾ ਲੱਗਿਆ, ਮੋਸਾਦ ਏਜੰਟ ਭੱਜ ਚੁੱਕੇ ਸਨ।

ਮਿਊਨਿਖ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜ਼ਰਾਈਲੀ ਰਾਸ਼ਟਰੀ ਟੀਮ ਦੇ ਮੈਂਬਰ ਫ਼ਲਸਤੀਨੀ ਅੱਤਵਾਦੀਆਂ ਦੁਆਰਾ ਮਾਰੇ ਗਏ ਆਪਣੇ ਹਮਵਤਨਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮਿਊਨਿਖ ਦੇ ਓਲੰਪਿਕ ਸਟੇਡੀਅਮ ਵਿੱਚ ਮਾਰਚ ਕਰਦੇ ਹੋਏ

ਮਿਊਨਿਖ ਓਲੰਪਿਕ ਵਿੱਚ ਕਤਲਾਂ ਤੋਂ ਬਾਅਦ ਬਦਲਾ

1972 ਵਿੱਚ, ਫ਼ਲਸਤੀਨੀ ਅੱਤਵਾਦੀ ਸਮੂਹ ਬਲੈਕ ਸਤੰਬਰ ਨੇ ਮਿਊਨਿਖ ਓਲੰਪਿਕ ਖੇਡਾਂ ਵਿੱਚ ਇਜ਼ਰਾਈਲੀ ਓਲੰਪਿਕ ਟੀਮ ਦੇ ਦੋ ਮੈਂਬਰਾਂ ਨੂੰ ਮਾਰ ਦਿੱਤਾ ਅਤੇ ਨੌਂ ਹੋਰਾਂ ਨੂੰ ਬੰਦੀ ਬਣਾ ਲਿਆ।

ਬਾਅਦ ਵਿੱਚ ਐਥਲੀਟਾਂ ਦੀ ਪੱਛਮੀ ਜਰਮਨ ਪੁਲਿਸ ਦੁਆਰਾ ਇੱਕ ਅਸਫ਼ਲ ਬਚਾਅ ਕੋਸ਼ਿਸ਼ ਦੌਰਾਨ ਮੌਤ ਹੋ ਗਈ ਸੀ।

ਅਗਲੇ ਸਾਲਾਂ ਵਿੱਚ ਮੋਸਾਦ ਨੇ ਹਮਲੇ ਵਿੱਚ ਸ਼ਾਮਲ ਸ਼ੱਕੀਆਂ ਦੀ ਭਾਲ ਕੀਤੀ, ਜਿਸ ਵਿੱਚ ਮਹਿਮੂਦ ਹਮਸ਼ਾਰੀ ਵੀ ਸ਼ਾਮਲ ਸੀ।

ਉਸ ਦੀ ਮੌਤ ਉਸ ਦੇ ਪੈਰਿਸ ਅਪਾਰਟਮੈਂਟ ਵਿੱਚ ਇੱਕ ਟੈਲੀਫੋਨ ਉੱਤੇ ਰੱਖੇ ਗਏ ਇੱਕ ਵਿਸਫੋਟਕ ਯੰਤਰ ਨਾਲ ਹੋਈ।

ਹਮਸ਼ਾਰੀ ਨੇ ਧਮਾਕੇ ਵਿੱਚ ਇੱਕ ਲੱਤ ਗੁਆ ਦਿੱਤੀ ਅਤੇ ਅੰਤ ਵਿੱਚ ਉਸ ਦੀ ਮੌਤ ਹੋ ਗਈ।

ਇੱਕ ਹਫ਼ਤੇ ਬਾਅਦ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਹਫ਼ਤੇ ਬਾਅਦ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ

ਆਪਰੇਸ਼ਨ ਐਂਟੇਬੇ ਜਾਂ ਥੰਡਰਬੋਲਟ

1976 ਵਿੱਚ ਯੂਗਾਂਡਾ ਵਿੱਚ ਐਂਟੇਬੇ ਆਪਰੇਸ਼ਨ ਨੂੰ ਇਜ਼ਾਰਈਲ ਦੇ ਸਭ ਤੋਂ ਸਫ਼ਲ ਫੌਜੀ ਮਿਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮੋਸਾਦ ਨੇ ਖ਼ੁਫ਼ੀਆ ਜਾਣਕਾਰੀ ਪ੍ਰਦਾਨ ਕੀਤੀ, ਜਦਕਿ ਇਜ਼ਰਾਈਲੀ ਫੌਜ ਨੇ ਕਾਰਵਾਈ ਕੀਤੀ।

ਫ਼ਲਸਤੀਨ ਦੀ ਆਜ਼ਾਦੀ ਲਈ ਪਾਪੂਲਰ ਫਰੰਟ ਦੇ ਦੋ ਮੈਂਬਰਾਂ ਅਤੇ ਦੋ ਜਰਮਨ ਸਹਿਯੋਗੀਆਂ ਨੇ ਪੈਰਿਸ ਜਾਣ ਵਾਲੇ ਇੱਕ ਜਹਾਜ਼ ਨੂੰ ਹਾਈਜੈਕ ਕਰ ਲਿਆ ਅਤੇ ਇਸ ਨੂੰ ਯੂਗਾਂਡਾ ਵੱਲ ਮੋੜ ਦਿੱਤਾ।

ਉਨ੍ਹਾਂ ਨੇ ਐਂਟੇਬੇ ਹਵਾਈ ਅੱਡੇ 'ਤੇ ਯਾਤਰੀਆਂ ਅਤੇ ਚਾਲਕ ਦਲ ਨੂੰ ਬੰਧਕ ਬਣਾ ਲਿਆ।

ਇਜ਼ਰਾਈਲੀ ਕਮਾਂਡੋਜ਼ ਨੇ ਹਵਾਈ ਅੱਡੇ 'ਤੇ ਹਮਲਾ ਕੀਤਾ ਅਤੇ ਬਾਕੀ 100 ਇਜ਼ਰਾਈਲੀ ਅਤੇ ਯਹੂਦੀ ਬੰਧਕਾਂ ਨੂੰ ਬਚਾਇਆ।

ਇਸ ਹਮਲੇ ਵਿੱਚ ਤਿੰਨ ਬੰਧਕ, ਹਾਈਜੈਕਰ, ਕਈ ਯੂਗਾਂਡਾ ਦੇ ਸੈਨਿਕ ਅਤੇ ਕਮਾਂਡੋ ਨੇਤਾ ਯੋਨਾਟਨ ਨੇਤਨਯਾਹੂ (ਮੌਜੂਦਾ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭਰਾ) ਮਾਰੇ ਗਏ ਸਨ।

ਐਡੋਲਫ ਆਈਚਮੈਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਜ਼ਰਾਈਲ ਵਿੱਚ ਆਪਣੇ ਮੁਕੱਦਮੇ ਦੌਰਾਨ ਐਡੋਲਫ ਆਈਚਮੈਨ

ਨਾਜ਼ੀ ਅਫ਼ਸਰ ਐਡੋਲਫ ਈਚਮੈਨ ਦੀ ਭਾਲ

1960 ਵਿੱਚ ਅਰਜਨਟੀਨਾ ਵਿੱਚ ਨਾਜ਼ੀ ਅਫ਼ਸਰ ਐਡੋਲਫ ਈਚਮੈਨ ਨੂੰ ਅਗਵਾ ਕਰਨਾ ਮੋਸਾਦ ਦੀਆਂ ਸਭ ਤੋਂ ਮਸ਼ਹੂਰ ਖ਼ੁਫ਼ੀਆ ਪ੍ਰਾਪਤੀਆਂ ਵਿੱਚੋਂ ਇੱਕ ਹੈ।

ਈਚਮੈਨ ਹੋਲੋਕਾਸਟ ਦਾ ਇੱਕ ਮੁੱਖ ਆਰਕੀਟੈਕਟ ਸੀ, ਜਿਸ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਦੁਆਰਾ ਲਗਭਗ 60 ਲੱਖ ਯਹੂਦੀਆਂ ਦਾ ਕਤਲ ਕਰ ਦਿੱਤਾ ਗਿਆ ਸੀ।

ਕਈ ਦੇਸ਼ਾਂ ਵਿੱਚ ਘੁੰਮਣ ਅਤੇ ਫੜ੍ਹੇ ਜਾਣ ਤੋਂ ਬਚਣ ਤੋਂ ਬਾਅਦ, ਈਚਮੈਨ ਅੰਤ ਵਿੱਚ ਅਰਜਨਟੀਨਾ ਵਿੱਚ ਸੈਟਲ ਹੋ ਗਏ।

14 ਮੋਸਾਦ ਏਜੰਟਾਂ ਦੀ ਇੱਕ ਟੀਮ ਨੇ ਉਨ੍ਹਾਂ ਨੂੰ ਲੱਭਿਆ, ਉਨ੍ਹਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਨੂੰ ਇਜ਼ਰਾਈਲ ਲੈ ਗਈ, ਜਿੱਥੇ ਉਨ੍ਹਾਂ ਨੂੰ ਮੁਕੱਦਮਾ ਚਲਾਇਆ ਗਿਆ ਅਤੇ ਅੰਤ ਵਿੱਚ ਫਾਂਸੀ ਦੇ ਦਿੱਤੀ ਗਈ।

ਮੋਸਾਦ ਦੀਆਂ ਮਹੱਤਵਪੂਰਨ ਅਸਫ਼ਲਤਾਵਾਂ

ਬਹੁਤ ਸਾਰੀਆਂ ਸਫ਼ਲਤਾਵਾਂ ਦੇ ਬਾਵਜੂਦ, ਮੋਸਾਦ ਦੀਆਂ ਸਾਰੀਆਂ ਕਾਰਵਾਈਆਂ ਯੋਜਨਾ ਅਨੁਸਾਰ ਨਹੀਂ ਹੋਈਆਂ ਅਤੇ ਕਈ ਖ਼ੁਫ਼ੀਆ ਅਸਫ਼ਲਤਾਵਾਂ ਵੀ ਰਹੀਆਂ ਹਨ।

ਹਮਾਸ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਵਿੱਚ ਹਮਾਸ ਦੇ ਹਮਲਿਆਂ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ

7 ਅਕਤੂਬਰ 2023 ਦਾ ਹਮਲਾ

7 ਅਕਤੂਬਰ 2023 ਨੂੰ ਗਾਜ਼ਾ ਸਰਹੱਦ ਦੇ ਨੇੜੇ ਇਜ਼ਰਾਈਲੀ ਕਸਬਿਆਂ 'ਤੇ ਹਮਾਸ ਦੇ ਹਮਲੇ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹਮਲੇ ਦੀ ਭਵਿੱਖਬਾਣੀ ਕਰਨ ਵਿੱਚ ਮੋਸਾਦ ਦੀ ਅਸਮਰੱਥਾ ਨੂੰ ਇੱਕ ਵੱਡਾ ਨੁਕਸ ਮੰਨਿਆ ਜਾਂਦਾ ਹੈ, ਜੋ ਕਿ ਹਮਾਸ ਪ੍ਰਤੀ ਇਜ਼ਰਾਈਲ ਦੀ ਰੋਕਥਾਮ ਨੀਤੀ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।

ਇਜ਼ਰਾਈਲੀ ਅਧਿਕਾਰੀਆਂ ਦੇ ਅਨੁਸਾਰ, 7 ਅਕਤੂਬਰ ਦੇ ਹਮਲੇ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਾਗਰਿਕ ਸਨ।

ਗਾਜ਼ਾ ਵਿੱਚ ਹੋਰ 251 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।

ਗਾਜ਼ਾ ਸਿਹਤ ਮੰਤਰਾਲੇ ਨੇ ਦੱਸਿਆ ਕਿ ਹਮਾਸ ਦੇ ਹਮਲੇ ਦੇ ਜਵਾਬ ਵਿੱਚ, ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਇੱਕ ਯੁੱਧ ਸ਼ੁਰੂ ਕੀਤਾ, ਜਿਸ ਵਿੱਚ ਹੁਣ ਤੱਕ 55,000 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਾਗਰਿਕ ਸਨ।

ਇਜ਼ਰਾਈਲੀ ਫੌਜਾਂ ਸੁਏਜ਼ ਨਹਿਰ ਪਾਰ ਕਰਦੀਆਂ ਹੋਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1973 ਦੀ ਅਰਬ-ਇਜ਼ਰਾਈਲੀ ਜੰਗ ਦੌਰਾਨ ਇਜ਼ਰਾਈਲੀ ਫੌਜਾਂ ਸੁਏਜ਼ ਨਹਿਰ ਪਾਰ ਕਰਦੀਆਂ ਹੋਈਆਂ

ਯੋਮ ਕਿਪੁਰ ਯੁੱਧ

ਇਜ਼ਰਾਈਲੀ ਵੀ ਲਗਭਗ 50 ਸਾਲ ਪਹਿਲਾਂ ਇਸੇ ਤਰ੍ਹਾਂ ਹੈਰਾਨ ਸਨ।

6 ਅਕਤੂਬਰ 1973 ਨੂੰ ਮਿਸਰ ਅਤੇ ਸੀਰੀਆ ਨੇ ਸਿਨਾਈ ਪ੍ਰਾਇਦੀਪ ਅਤੇ ਗੋਲਾਨ ਹਾਈਟਸ 'ਤੇ ਮੁੜ ਕਬਜ਼ਾ ਕਰਨ ਲਈ ਇਜ਼ਰਾਈਲ 'ਤੇ ਅਚਾਨਕ ਹਮਲਾ ਕੀਤਾ।

ਹਮਲੇ ਦਾ ਸਮਾਂ ਯੋਮ ਕਿਪੁਰ, ਯਹੂਦੀ ਪ੍ਰਾਸਚਿਤ ਦਿਵਸ (ਜੈਵਿਸ਼ ਡੇਅ ਆਫ ਅਟੋਨਮੈਂਟ) ਦੇ ਨਾਲ ਮੇਲ ਖਾਂਦਾ ਸੀ, ਜਿਸ ਨਾਲ ਯੁੱਧ ਦੇ ਸ਼ੁਰੂਆਤੀ ਦਿਨਾਂ ਵਿੱਚ ਇਜ਼ਰਾਈਲ ਨੂੰ ਹੈਰਾਨੀ ਹੋਈ।

ਮਿਸਰੀ ਫੌਜਾਂ ਨੇ ਸੁਏਜ਼ ਨਹਿਰ ਪਾਰ ਕੀਤੀ ਪਰ ਸੰਭਾਵਿਤ ਜਾਨੀ ਨੁਕਸਾਨ ਦਾ ਸਿਰਫ਼ ਇੱਕ ਹਿੱਸੇ ਦਾ ਜੋਖ਼ਮ ਹੀ ਚੁੱਕਣਾ ਪਿਆ, ਜਦੋਂ ਕਿ ਸੀਰੀਆਈ ਫੌਜਾਂ ਨੇ ਇਜ਼ਰਾਈਲੀ ਟਿਕਾਣਿਆਂ 'ਤੇ ਹਮਲਾ ਕੀਤਾ ਅਤੇ ਗੋਲਾਨ ਹਾਈਟਸ ਵੱਲ ਵਧ ਗਈਆਂ।

ਸੋਵੀਅਤ ਯੂਨੀਅਨ ਨੇ ਸੀਰੀਆ ਅਤੇ ਮਿਸਰ ਨੂੰ ਸਪਲਾਈ ਪ੍ਰਦਾਨ ਕੀਤੀ, ਅਤੇ ਸੰਯੁਕਤ ਰਾਜ ਅਮਰੀਕਾ ਨੇ ਇਜ਼ਰਾਈਲ ਨੂੰ ਇੱਕ ਐਮਰਜੈਂਸੀ ਸਪਲਾਈ ਲਾਈਨ ਪ੍ਰਦਾਨ ਕੀਤੀ।

ਇਜ਼ਰਾਈਲ ਇਨ੍ਹਾਂ ਫੌਜਾਂ ਨੂੰ ਪਿੱਛੇ ਛੱਡਣ ਵਿੱਚ ਕਾਮਯਾਬ ਰਿਹਾ ਅਤੇ ਲੜਾਈ ਖ਼ਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ ਤੋਂ ਚਾਰ ਦਿਨ ਬਾਅਦ, 25 ਅਕਤੂਬਰ ਨੂੰ ਯੁੱਧ ਖ਼ਤਮ ਹੋ ਗਿਆ।

ਮਹਿਮੂਦ ਅਲ-ਜ਼ਹਰ ਮੋਸਾਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਿਮੂਦ ਅਲ-ਜ਼ਹਰ ਮੋਸਾਦ ਦੁਆਰਾ ਲੋੜੀਂਦੇ ਹਮਾਸ ਨੇਤਾਵਾਂ ਵਿੱਚੋਂ ਇੱਕ ਸੀ

ਹਮਾਸ ਨੇਤਾ ਮਹਿਮੂਦ ਅਲ-ਜ਼ਹਰ ਦਾ ਕਤਲ ਅਸਫ਼ਲ

2003 ਵਿੱਚ, ਇਜ਼ਰਾਈਲ ਨੇ ਗਾਜ਼ਾ ਸ਼ਹਿਰ ਵਿੱਚ ਹਮਾਸ ਨੇਤਾ ਮਹਿਮੂਦ ਅਲ-ਜ਼ਹਰ ਦੇ ਘਰ 'ਤੇ ਹਵਾਈ ਹਮਲਾ ਕੀਤਾ ਗਿਆ।

ਹਾਲਾਂਕਿ ਅਲ-ਜ਼ਹਰ ਹਮਲੇ ਵਿੱਚ ਬਚ ਗਏ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਖ਼ਾਲਿਦ ਦੇ ਨਾਲ-ਨਾਲ ਕਈ ਹੋਰ ਮਾਰੇ ਗਏ।

ਬੰਬ ਧਮਾਕੇ ਨੇ ਉਨ੍ਹਾਂ ਦੇ ਘਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਸ ਨਾਲ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਫੌਜੀ ਕਾਰਵਾਈਆਂ ਦੇ ਭਿਆਨਕ ਨਤੀਜਿਆਂ ਨੂੰ ਉਜਾਗਰ ਕੀਤਾ ਗਿਆ।

ਖਾਲਿਦ ਮਸ਼ਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾਲਿਦ ਮਸ਼ਾਲ 1996 ਤੋਂ 2017 ਤੱਕ ਹਮਾਸ ਦਾ ਸਿਆਸੀ ਨੇਤਾ ਸੀ

ਹਮਾਸ ਨੇਤਾ ਖ਼ਾਲਿਦ ਮਸ਼ਾਲ ਦੇ ਕਤਲ ਦੀ ਅਸਫ਼ਲਤਾ

ਇੱਕ ਕਾਰਵਾਈ ਵਿੱਚ ਜਿਸ ਨੇ ਇੱਕ ਗੰਭੀਰ ਕੂਟਨੀਤਕ ਸੰਕਟ ਪੈਦਾ ਕਰ ਦਿੱਤਾ, ਇਜ਼ਰਾਈਲ ਨੇ 1997 ਵਿੱਚ ਜਾਰਡਨ ਵਿੱਚ ਹਮਾਸ ਦੇ ਰਾਜਨੀਤਿਕ ਬਿਊਰੋ ਦੇ ਮੁਖੀ ਖ਼ਾਲਿਦ ਮਸ਼ਾਲ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ।

ਇਜ਼ਰਾਈਲੀ ਏਜੰਟਾਂ ਦੇ ਫੜ੍ਹੇ ਜਾਣ ਤੋਂ ਬਾਅਦ ਮਿਸ਼ਨ ਅਸਫ਼ਲ ਹੋ ਗਿਆ, ਜਿਸ ਕਾਰਨ ਇਜ਼ਰਾਈਲ ਨੂੰ ਮਸ਼ਾਲ ਦੀ ਜਾਨ ਬਚਾਉਣ ਲਈ ਦਵਾਈ ਮੁਹੱਈਆ ਕਰਵਾਉਣੀ ਪਈ।

ਮੋਸਾਦ ਦੇ ਤਤਕਾਲੀ ਮੁਖੀ, ਡੈਨੀ ਯਤੋਮ, ਮਸ਼ਾਲ ਦੇ ਇਲਾਜ ਲਈ ਜਾਰਡਨ ਗਏ।

ਇਸ ਘਟਨਾ ਨੇ ਇਜ਼ਰਾਈਲ ਅਤੇ ਜਾਰਡਨ ਵਿਚਕਾਰ ਸਬੰਧਾਂ ਵਿੱਚ ਕਾਫ਼ੀ ਤਣਾਅ ਪੈਦਾ ਕਰ ਦਿੱਤਾ, ਜਿਨ੍ਹਾਂ ਨੇ ਹਾਲ ਹੀ ਵਿੱਚ ਇੱਕ ਸ਼ਾਂਤੀ ਸੰਧੀ 'ਤੇ ਦਸਤਖ਼ਤ ਕੀਤੇ ਸਨ।

ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦੇਲ ਨਾਸਿਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦੇਲ ਨਾਸਿਰ ਨੇ ਸੁਏਜ਼ ਨਹਿਰ ਦੇ ਰਾਸ਼ਟਰੀਕਰਨ ਦਾ ਐਲਾਨ ਕੀਤਾ

ਲਾਵੋਨ ਮਾਮਲਾ

1954 ਵਿੱਚ, ਮਿਸਰੀ ਅਧਿਕਾਰੀਆਂ ਨੇ ਆਪ੍ਰੇਸ਼ਨ ਸੁਜ਼ਾਨਾ ਵਜੋਂ ਜਾਣੇ ਜਾਂਦੇ ਇੱਕ ਇਜ਼ਰਾਈਲੀ ਜਾਸੂਸੀ ਆਪ੍ਰੇਸ਼ਨ ਨੂੰ ਨਾਕਾਮ ਕਰ ਦਿੱਤਾ।

ਯੋਜਨਾ, ਜੋ ਅਸਫ਼ਲ ਰਹੀ, ਉਹ ਮਿਸਰ ਵਿੱਚ ਅਮਰੀਕੀ ਅਤੇ ਬ੍ਰਿਟਿਸ਼ ਸਥਾਪਨਾਵਾਂ 'ਤੇ ਬੰਬ ਲਗਾਉਣਾ ਸੀ ਤਾਂ ਜੋ ਯੂਨਾਈਟਿਡ ਕਿੰਗਡਮ 'ਤੇ ਦਬਾਅ ਪਾਇਆ ਜਾ ਸਕੇ ਕਿ ਉਹ ਆਪਣੀਆਂ ਫੌਜਾਂ ਨੂੰ ਸੁਏਜ਼ ਨਹਿਰ ਵਿੱਚ ਤੈਨਾਤ ਰੱਖਣ।

ਇਸ ਘਟਨਾ ਨੂੰ ਲਾਵੋਨ ਮਾਮਲੇ ਵਜੋਂ ਜਾਣਿਆ ਜਾਣ ਲੱਗਾ, ਜਿਸ ਦਾ ਨਾਮ ਉਸ ਸਮੇਂ ਦੇ ਇਜ਼ਰਾਈਲੀ ਰੱਖਿਆ ਮੰਤਰੀ ਪਿਨਹਾਸ ਲਾਵੋਨ ਦੇ ਨਾਮ 'ਤੇ ਰੱਖਿਆ ਗਿਆ ਸੀ।

ਮੰਨਿਆ ਜਾਂਦਾ ਹੈ ਕਿ ਅਧਿਕਾਰੀ ਨੇ ਇਸ ਕਾਰਵਾਈ ਦੀ ਯੋਜਨਾ ਬਣਾਉਣ ਵਿੱਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)