ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ 'ਤੇ ਸੁੱਟੇ ਬੰਬ, ਹਮਲੇ ਦੌਰਾਨ ਜਿਸ ਹਥਿਆਰ ਦੀ ਵਰਤੋਂ ਦੀ ਚਰਚਾ ਹੋ ਰਹੀ ਉਹ ਕਿੰਨਾ ਖਤਰਨਾਕ?

ਤਸਵੀਰ ਸਰੋਤ, Reuters
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ 'ਤੇ ਆਪਣੇ ਹਮਲੇ ਪੂਰੇ ਕੀਤੇ ਹਨ। ਇਹ ਹਮਲੇ ਫੋਰਦੋ, ਨਤਾਂਜ਼ ਅਤੇ ਇਸਫਾਹਨ 'ਤੇ ਹੋਏ ਹਨ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ, "ਅਸੀਂ ਫੋਰਦੋ, ਨਤਾਂਜ਼ ਅਤੇ ਇਸਫਾਹਨ ਸਮੇਤ ਈਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ 'ਤੇ ਸਫਲਤਾਪੂਰਵਕ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਸਾਰੇ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ।"
ਉਨ੍ਹਾਂ ਅੱਗੇ ਲਿਖਿਆ, ਫੋਰਦੋ 'ਤੇ 'ਸਾਰੇ ਬੰਬ' ਸੁੱਟੇ ਗਏ ਹਨ ਅਤੇ ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਅਮਰੀਕਾ ਵਾਪਸ ਆ ਰਹੇ ਹਨ।
ਟਰੰਪ ਨੇ ਇਹ ਵੀ ਲਿਖਿਆ ਕਿ 'ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ। ਦੁਨੀਆਂ ਵਿੱਚ ਕੋਈ ਹੋਰ ਫੌਜ ਨਹੀਂ ਹੈ ਜੋ ਅਜਿਹਾ ਕਰ ਸਕਦੀ ਸੀ। ਹੁਣ ਸ਼ਾਂਤੀ ਦਾ ਸਮਾਂ ਹੈ।'
ਡੌਨਲਡ ਟਰੰਪ ਨੇ ਈਰਾਨ ਵਿੱਚ ਫੌਜ ਦੇ ਇਸ ਸਫਲ ਆਪ੍ਰੇਸ਼ਨ ਬਾਰੇ ਰਾਸ਼ਟਰ ਨੂੰ ਸੰਬੋਧਨ ਵੀ ਕੀਤਾ।
ਟਰੰਪ ਨੇ ਜਿਸ ਹਮਲੇ ਦੀ ਗੱਲ ਕੀਤੀ ਹੈ, ਉਸ ਵਿੱਚ ਸਭ ਤੋਂ ਵੱਧ ਚਰਚਾ ਜਿਸ ਹਥਿਆਰ ਦੀ ਹੋ ਰਹੀ ਹੈ, ਉਹ ਹੈ - ਮੈਸਿਵ ਆਰਡਨੈਂਸ ਪੈਨੇਟ੍ਰੇਟਰ ਹੈ। ਇਹ ਉਹ ਹਥਿਆਰ ਹੋ ਸਕਦਾ ਹੈ ਜੋ ਅਮਰੀਕਾ ਵੱਲੋਂ ਕੀਤੇ ਹਮਲਿਆਂ ਵਿੱਚ ਵਰਤਿਆ ਗਿਆ ਹੋਵੇ।
ਇਸਦਾ ਅਧਿਕਾਰਤ ਨਾਮ ਜੀਬੀਯੂ-57 ਹੈ। ਇਸਦਾ ਅਰਥ ਹੈ ਗਾਈਡਡ ਬੰਬ ਯੂਨਿਟ ਅਤੇ 57 ਇਸਦਾ ਡਿਜ਼ਾਈਨ ਨੰਬਰ ਹੈ।
ਕਿਵੇਂ ਕੀਤਾ ਗਿਆ ਹਮਲਾ?

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਰਾਇਟਰਜ਼ ਦੇ ਅਨੁਸਾਰ, ਇੱਕ ਇਜ਼ਰਾਈਲੀ ਅਧਿਕਾਰੀ ਨੇ ਇਜ਼ਰਾਈਲ ਦੇ ਸਰਕਾਰੀ ਪ੍ਰਸਾਰਕ ਕੇਨ ਨੂੰ ਦੱਸਿਆ ਕਿ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲੇ ਵਿੱਚ ਅਮਰੀਕਾ ਨਾਲ 'ਪੂਰਾ ਤਾਲਮੇਲ' ਬਣਾਈ ਰੱਖਿਆ।
ਰਾਇਟਰਜ਼ ਦੇ ਅਨੁਸਾਰ, ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਈਰਾਨ 'ਤੇ ਅਮਰੀਕੀ ਹਮਲਿਆਂ ਵਿੱਚ ਬੀ-2 ਬੰਬਾਰ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਅਮਰੀਕਾ ਨੇ ਕਥਿਤ ਤੌਰ 'ਤੇ ਗੁਆਮ ਟਾਪੂ 'ਤੇ ਯੂਐਸ ਬੀ-2 ਸਟੇਲਥ ਬੰਬਾਰ ਭੇਜੇ ਹਨ। ਇਸ ਤੋਂ ਬਾਅਦ, ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਈਰਾਨ 'ਤੇ ਹਮਲੇ ਵਿੱਚ ਇਸਦੀ ਵਰਤੋਂ ਕਰ ਸਕਦਾ ਹੈ।
ਜੀਬੀਯੂ-57 ਬੰਬ ਕਿੰਨਾ ਖਤਰਨਾਕ ਹੈ?

ਤਸਵੀਰ ਸਰੋਤ, US Air Force
ਇਸ ਹਮਲੇ ਵਿੱਚ ਜਿਸ ਜੀਬੀਯੂ-57 ਹਥਿਆਰ ਦੇ ਇਸਤੇਮਾਲ ਦੀ ਚਰਚਾ ਹੋ ਰਹੀ ਹੈ, ਉਸ ਨੂੰ ਸਿਰਫ਼ ਅਮਰੀਕਾ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਰਤ ਸਕਦਾ ਹੈ ਅਤੇ ਇਹ ਮਿਸੌਰੀ 'ਚ ਮੌਜੂਦ ਵ੍ਹਾਈਟਮੈਨ ਏਅਰ ਫੋਰਸ ਬੇਸ ਤੋਂ ਉਡਾਣ ਭਰਨ ਵਾਲੇ ਬੀ-2 ਸਪਿਰਿਟ ਸਟੇਲਥ ਬੰਬਾਰ ਤੋਂ ਕੀਤਾ ਜਾਂਦਾ ਹੈ।
ਸੌਖੇ ਸ਼ਬਦਾਂ ਵਿੱਚ, ਇਸਦੀ ਤੈਨਾਤੀ ਇਸ ਤਰ੍ਹਾਂ ਕੀਤੀ ਜਾਂਦੀ ਹੈ: ਇੱਕ ਟਾਰਗੇਟ (ਨਿਸ਼ਾਨਾ) ਚੁਣਿਆ ਜਾਂਦਾ ਹੈ, ਬੰਬ ਸੁੱਟਣ ਵਾਲੇ ਜਹਾਜ਼ਾਂ ਦੇ ਟਾਰਗੇਟਿੰਗ ਸਿਸਟਮ (ਨਿਸ਼ਾਨਾ ਤੈਅ ਕਰਨ ਵਾਲੇ ਸਿਸਟਮ) ਵਿੱਚ ਟਾਰਗੇਟ ਦਾਖਲ ਕੀਤਾ ਜਾਂਦਾ ਹੈ ਅਤੇ ਫਿਰ ਇਹ ਜਾਣਕਾਰੀ ਬੰਬ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ।
ਸਹੀ ਮਾਰਗਦਰਸ਼ਨ ਸੈਟੇਲਾਈਟ ਨੈਵੀਗੇਸ਼ਨ ਦੁਆਰਾ ਕੀਤਾ ਜਾਂਦਾ ਹੈ। ਆਮ ਤੌਰ 'ਤੇ ਭਾਰੀ ਬੰਬ ਨੂੰ 50 ਹਜ਼ਾਰ ਫੁੱਟ ਦੀ ਉਚਾਈ ਤੋਂ ਸੁੱਟਿਆ ਜਾਂਦਾ ਹੈ, ਜਿਸ ਨਾਲ ਉਸਨੂੰ ਬਹੁਤ ਜ਼ਿਆਦਾ ਗਤੀ ਊਰਜਾ (ਕਾਇਨੈਟਿਕ ਐਨਰਜੀ) ਮਿਲਦੀ ਹੈ। ਭਾਵ, ਗਤੀ ਨਾਲ ਪੈਦਾ ਹੋਣ ਵਾਲੀ ਊਰਜਾ ਜੋ ਬੰਬ ਨੂੰ ਜ਼ਮੀਨ ਵਿੱਚ ਡੂੰਘਾਈ ਤੱਕ ਪ੍ਰਵੇਸ਼ ਕਰਨ ਦੀ ਸ਼ਕਤੀ ਦਿੰਦੀ ਹੈ।
ਬੰਬ ਦੇ ਬਾਹਰੀ ਹਿੱਸੇ ਨੂੰ ਖਾਸ ਤੌਰ 'ਤੇ ਮਜ਼ਬੂਤ ਬਣਾਇਆ ਜਾਂਦਾ ਹੈ ਤਾਂ ਜੋ ਇਸਦੀ ਬਣਤਰ ਟਕਰਾਉਣ 'ਤੇ ਵੀ ਬਰਕਰਾਰ ਰਹੇ।
ਇਸਦੇ ਪਿਛਲੇ ਹਿੱਸੇ ਵਿੱਚ ਲਗਾਇਆ ਗਿਆ ਡਿਲੇਅ ਫਿਊਜ਼ਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ 5,300 ਪਾਊਂਡ ਦਾ ਵਿਸਫੋਟਕ ਸਹੀ ਡੂੰਘਾਈ 'ਤੇ ਜਾ ਕੇ ਫਟੇ। ਅਕਸਰ ਇੱਕ ਤੋਂ ਵੱਧ ਬੰਬ ਸੁੱਟੇ ਜਾਂਦੇ ਹਨ, ਪਹਿਲਾ ਬੰਬ ਰਸਤਾ ਬਣਾਉਣ ਲਈ ਅਤੇ ਦੂਜਾ ਜਾਂ ਵੱਧ ਬੰਬ ਕਿਸੇ ਵੀ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ। ਇਹ ਸਾਰੇ ਇੱਕੋ ਬਿੰਦੂ 'ਤੇ ਸੁੱਟੇ ਜਾਂਦੇ ਹਨ।

ਤਸਵੀਰ ਸਰੋਤ, Getty Images
ਜੇਕਰ ਅਸੀਂ ਪਰਮਾਣੂ ਹਥਿਆਰਾਂ ਨੂੰ ਛੱਡ ਦੇਈਏ, ਤਾਂ ਜੀਬੀਯੂ-57 ਬੰਬ ਨੂੰ ਦੁਨੀਆਂ ਦਾ ਸਭ ਤੋਂ ਵੱਡਾ 'ਬੰਕਰ ਬਸਟਰ' ਬੰਬ ਕਿਹਾ ਜਾਂਦਾ ਹੈ। ਇਹ ਬੰਬ ਸਿਰਫ਼ ਅਮਰੀਕਾ ਕੋਲ ਹੀ ਹੈ।
ਸਟੀਕ ਨਿਸ਼ਾਨਾ ਲਗਾਉਣ ਵਾਲਾ ਲਗਭਗ 13 ਹਜ਼ਾਰ 600 ਕਿਲੋਗ੍ਰਾਮ ਭਾਰ ਵਾਲਾ ਇਹ ਹਥਿਆਰ, ਸ਼ਾਇਦ ਈਰਾਨ ਦੇ ਭੂਮੀਗਤ ਪਰਮਾਣੂ ਟਿਕਾਣੇ ਫੋਰਦੋ ਤੱਕ ਪਹੁੰਚ ਸਕਦਾ ਹੈ। ਫੋਰਦੋ ਪਰਮਾਣੂ ਕੇਂਦਰ ਇੱਕ ਪਹਾੜ ਦੇ ਅੰਦਰ ਸਥਿਤ ਹੈ।
ਅਮਰੀਕੀ ਸਰਕਾਰ ਦੇ ਅਨੁਸਾਰ, ਜੀਬੀਯੂ-57 ਇੱਕ 'ਖਤਰਨਾਕ ਭੇਦਕ ਹਥਿਆਰ' ਹੈ, ਜੋ ਗਹਿਰਾਈ 'ਚ ਦੱਬੇ ਅਤੇ ਮਜ਼ਬੂਤ ਬੰਕਰਾਂ ਦੇ ਨਾਲ-ਨਾਲ ਸੁਰੰਗਾਂ 'ਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ।
ਇਹ ਛੇ ਮੀਟਰ ਲੰਬਾ ਹਥਿਆਰ ਫਟਣ ਤੋਂ ਪਹਿਲਾਂ ਸਤ੍ਹਾ ਤੋਂ ਲਗਭਗ 61 ਮੀਟਰ ਹੇਠਾਂ ਪ੍ਰਵੇਸ਼ ਕਰਨ ਦੇ ਸਮਰੱਥ ਮੰਨਿਆ ਜਾਂਦਾ ਹੈ। ਜਿਸ ਰਾਹੀਂ ਇੱਕ ਤੋਂ ਬਾਅਦ ਇੱਕ ਕਈ ਬੰਬ ਸੁੱਟੇ ਜਾ ਸਕਦੇ ਹਨ, ਜਿਸ ਨਾਲ ਹਰੇਕ ਧਮਾਕੇ ਨਾਲ ਬੰਬ ਹੋਰ ਜ਼ਿਆਦਾ ਡੂੰਘਾਈ ਤੱਕ ਡ੍ਰਿਲ ਕਰ ਸਕਦਾ ਹੈ।
ਇਸਨੂੰ ਬੋਇੰਗ ਕੰਪਨੀ ਨੇ ਬਣਾਇਆ ਹੈ ਅਤੇ ਐਮਓਪੀ ਦੀ ਵਰਤੋਂ ਕਦੇ ਵੀ ਯੁੱਧ ਵਿੱਚ ਨਹੀਂ ਕੀਤੀ ਗਈ ਹੈ। ਇਸ ਹਥਿਆਰ ਦਾ ਟੈਸਟ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿੱਚ ਵ੍ਹਾਈਟ ਸੈਂਡਸ ਮਿਜ਼ਾਈਲ ਰੇਂਜ ਵਿੱਚ ਕੀਤਾ ਗਿਆ ਹੈ।
ਇਹ ਮੈਸਿਵ ਆਰਡਨੈਂਸ ਏਅਰ ਬਲਾਸਟ (ਐਮਓਏਬੀ) ਨਾਲੋਂ ਵਧੇਰੇ ਸ਼ਕਤੀਸ਼ਾਲੀ ਹਥਿਆਰ ਹੈ। ਐਮਓਏਬੀ 9 ਹਜ਼ਾਰ 800 ਕਿਲੋਗ੍ਰਾਮ ਭਾਰ ਵਾਲਾ ਇੱਕ ਹਥਿਆਰ ਹੈ, ਜਿਸਨੂੰ "ਮਦਰ ਆਫ਼ ਆਲ ਬਾਂਬਰਸ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸਦੀ ਵਰਤੋਂ 2017 ਵਿੱਚ ਅਫਗਾਨਿਸਤਾਨ ਵਿੱਚ ਜੰਗ ਦੌਰਾਨ ਕੀਤੀ ਗਈ ਸੀ।
ਹਮਲੇ ਮਗਰੋਂ ਕੀ ਬੋਲੇ ਟਰੰਪ

ਤਸਵੀਰ ਸਰੋਤ, Reuters
ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ। ਇਸ ਸੰਬੋਧਨ ਵਿੱਚ ਉਨ੍ਹਾਂ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਅਤੇ ਇਜ਼ਰਾਈਲੀ ਫੌਜ ਦਾ ਧੰਨਵਾਦ ਕੀਤਾ ਹੈ।
ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ 'ਬਹੁਤ ਸਾਰੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਬਾਕੀ ਹੈ।'
ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਹੁਣ ਈਰਾਨ ਨੂੰ ਸ਼ਾਂਤੀ ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਭਵਿੱਖ ਵਿੱਚ ਹਮਲੇ ਹੋਰ ਵੀ ਵੱਡੇ ਅਤੇ ਆਸਾਨ ਹੋਣਗੇ।"

ਈਰਾਨ ਦੇ ਪਰਮਾਣੂ ਟਿਕਾਣਿਆਂ ਬਾਰੇ ਗੱਲ ਕਰਦਿਆਂ ਟਰੰਪ ਨੇ ਕਿਹਾ, "ਲੋਕ ਸਾਲਾਂ ਤੋਂ ਇਨ੍ਹਾਂ ਥਾਵਾਂ ਦੇ ਨਾਮ ਸੁਣਦੇ ਆ ਰਹੇ ਹਨ ਕਿਉਂਕਿ ਉੱਥੇ ਇੱਕ ਖਤਰਨਾਕ ਅਤੇ ਵਿਨਾਸ਼ਕਾਰੀ ਯੋਜਨਾ ਤਿਆਰ ਕੀਤੀ ਜਾ ਰਹੀ ਸੀ।"
ਉਨ੍ਹਾਂ ਅੱਗੇ ਕਿਹਾ, "ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਰਾਤ ਦੇ ਹਮਲੇ ਪੂਰੀ ਤਰ੍ਹਾਂ ਸਫਲ ਰਹੇ ਹਨ।"
ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ, "ਜਾਂ ਤਾਂ ਹੁਣ ਸ਼ਾਂਤੀ ਹੋਵੇਗੀ, ਜਾਂ ਫਿਰ ਈਰਾਨ ਲਈ ਇੱਕ ਅਜਿਹੀ ਤ੍ਰਾਸਦੀ ਆਵੇਗੀ ਜੋ ਪਿਛਲੇ ਅੱਠ ਦਿਨਾਂ ਵਿੱਚ ਦੇਖੀਆਂ ਗਈਆਂ ਘਟਨਾਵਾਂ ਨਾਲੋਂ ਕਿਤੇ ਵੱਡੀ ਹੋਵੇਗੀ।"
ਈਰਾਨ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਦੂਜੇ ਪਾਸੇ, ਈਰਾਨ ਦੇ ਸਰਕਾਰੀ ਟੀਵੀ ਚੈਨਲ ਦੇ ਡਿਪਟੀ ਪਾਲੀਟਿਕਲ ਡਾਇਰੈਕਟਰ ਹਸਨ ਅਬੇਦਿਨੀ ਨੇ ਸਰਕਾਰੀ ਟੀਵੀ ਚੈਨਲ 'ਤੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਪਰਮਾਣੂ ਟਿਕਾਣਿਆਂ ਨੂੰ 'ਪਹਿਲਾਂ ਹੀ ਖਾਲੀ' ਕਰ ਦਿੱਤਾ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਟਰੰਪ ਜੋ ਕਹਿ ਰਹੇ ਹਨ ਉਹ ਸੱਚ ਵੀ ਹੋਵੇ ਤਾਂ ਈਰਾਨ ਨੂੰ 'ਕਿਸੇ ਵੱਡੇ ਧਮਾਕੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਸਮੱਗਰੀ ਪਹਿਲਾਂ ਹਟਾ ਦਿੱਤੀ ਗਈ ਸੀ।'
ਤਸਨੀਮ ਖ਼ਬਰ ਏਜੰਸੀ ਦੇ ਅਨੁਸਾਰ, ਕੌਮ ਪ੍ਰਾਂਤ ਦੇ ਸੰਕਟ ਪ੍ਰਬੰਧਨ ਦੇ ਬੁਲਾਰੇ ਮੋਰਤਜ਼ਾ ਹੈਦਰੀ ਨੇ ਕਿਹਾ ਹੈ ਕਿ 'ਫੋਰਦੋ ਪਰਮਾਣੂ ਕੇਂਦਰ ਦੇ ਖੇਤਰ ਦਾ ਇੱਕ ਹਿੱਸਾ ਹਵਾਈ ਹਮਲੇ ਦੀ ਚਪੇਟ ਵਿੱਚ ਆ ਗਿਆ ਹੈ।'
ਇਸਫਾਹਨ ਦੇ ਸਿਕਿਓਰਿਟੀ ਡਿਪਟੀ ਗਵਰਨਰ ਅਕਬਰ ਸਲੇਹੀ ਨੇ ਕਿਹਾ ਹੈ ਕਿ, "ਨਤਾਂਜ਼ ਅਤੇ ਇਸਫਾਹਨ ਵਿੱਚ ਕਈ ਧਮਾਕੇ ਸੁਣੇ ਗਏ ਹਨ। ਅਸੀਂ ਇਸਫਾਹਨ ਅਤੇ ਨਤਾਂਜ਼ ਦੇ ਪਰਮਾਣੂ ਟਿਕਾਣਿਆਂ ਦੇ ਨੇੜੇ ਹਮਲੇ ਦੇਖੇ ਹਨ।"
ਈਰਾਨੀ ਅਧਿਕਾਰੀਆਂ ਨੇ ਉਨ੍ਹਾਂ ਤਿੰਨ ਥਾਵਾਂ 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ 'ਤੇ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਕੀਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












