ਸ਼ੁਕਰਾਣੂਆਂ ਦੀ ਗੁਣਵੱਤਾ ਸਰਦੀਆਂ ਵਿੱਚ ਵੱਧ ਹੁੰਦੀ ਹੈ ਜਾਂ ਗਰਮੀਆਂ ਵਿੱਚ, ਇਸ ਬਾਰੇ ਨਵਾਂ ਖੁਲਾਸਾ ਹੋਇਆ

ਸ਼ੁਕਰਾਣੂਆਂ ਦੀ ਗਤੀਸ਼ੀਲਤਾ ਨੂੰ ਲੈਕੇ ਇੱਕ ਅਧਿਐਨ 'ਚ ਅਹਿਮ ਤੱਥ ਸਾਹਮਣੇ ਆਏ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅਧਿਐਨ ਮੁਤਾਬਕ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਗਰਮੀਆਂ 'ਚ ਵੱਧ ਹੁੰਦੀ ਹੈ (ਸੰਕੇਤਿਕ ਤਸਵੀਰ)
    • ਲੇਖਕ, ਜੋਅ ਮੈਕਫੈਡਨ
    • ਰੋਲ, ਸਿਹਤ ਪੱਤਰਕਾਰ
  • ਪੜ੍ਹਨ ਦਾ ਸਮਾਂ: 4 ਮਿੰਟ

ਗਰਮੀਆਂ 'ਚ ਸ਼ੁਕਰਾਣੂਆਂ ਦੀ ਗੁਣਵੱਤਾ ਸਭ ਤੋਂ ਵੱਧ ਹੁੰਦੀ ਹੈ ਜਦੋਂਕਿ ਸਰਦੀਆਂ 'ਚ ਸਭ ਤੋਂ ਘੱਟ। ਇੱਕ ਨਵੇਂ ਅਧਿਐਨ 'ਚ ਇਹ ਖੁਲਾਸਾ ਹੋਇਆ।

ਯੂਕੇ, ਕੈਨੇਡਾ ਅਤੇ ਡੈਨਮਾਰਕ ਦੇ ਅਧਿਐਨਕਰਤਾਵਾਂ ਨੇ ਡੈਨਮਾਰਕ ਅਤੇ ਫਲੋਰਿਡਾ ਦੇ 15,581 ਪੁਰਸ਼ਾਂ ਦੇ ਵੀਰਜ ਸੈਂਪਲਾਂ ਦਾ ਅਧਿਐਨ ਕੀਤਾ। ਇਹ ਸਾਰੇ ਪੁਰਸ਼ 18 ਤੋਂ 45 ਉਮਰ ਵਰਗ ਵਿਚਾਲੇ ਸਨ।

ਇਸ ਅਧਿਐਨ ਤੋਂ ਇਹ ਖੁਲਾਸਾ ਹੋਇਆ ਕਿ ਦੁਨੀਆ ਦੇ ਦੋ ਵੱਖ-ਵੱਖ ਹਿੱਸਿਆਂ 'ਚ ਸਥਿਤ ਇਨ੍ਹਾਂ ਦੋਵੇਂ ਮੁਲਕਾਂ 'ਚ ਸ਼ੁਕਰਾਣੂਆਂ ਦੀ ਗਤੀਸ਼ੀਲਤਾ (ਸ਼ੁਕਰਾਣੂ ਕਿੰਨੀ ਤੇਜ਼ੀ ਨਾਲ ਤੈਰਦੇ ਹਨ), ਜੂਨ ਅਤੇ ਜੁਲਾਈ ਦੇ ਮਹੀਨਿਆਂ 'ਚ ਲਗਾਤਾਰ ਸਭ ਤੋਂ ਵੱਧ ਸੀ।

ਇਸ ਖੋਜ ਦੇ ਆਧਾਰ 'ਤੇ ਉਨ੍ਹਾਂ ਜੋੜਿਆਂ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ ਜੋ ਮਾਂ-ਬਾਪ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਖੋਜ ਤੋਂ ਪਤਾ ਲੱਗੇ ਪੈਟਰਨ ਦੇ ਆਧਾਰ 'ਤੇ ਜੋੜਿਆਂ ਦੇ ਪ੍ਰਜਣਨ ਸਬੰਧੀ ਇਲਾਜ ਦਾ ਸਮਾਂ ਬਦਲ ਕੇ ਉਨ੍ਹਾਂ ਨੂੰ ਬਿਹਤਰ ਸਲਾਹ ਦਿੱਤੀ ਜਾ ਸਕਦੀ ਹੈ।

ਰਿਪ੍ਰੋਡਕਟਿਵ ਬਾਇਓਲੋਜੀ ਐਂਡ ਐਂਡੋਕ੍ਰੀਨੋਲੋਜੀ ਜਰਨਲ 'ਚ ਛਪੇ ਇਸ ਅਧਿਐਨ ਮੁਤਾਬਕ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਮੌਸਮ ਦੇ ਨਾਲ ਨਹੀਂ ਬਦਲਦੀ, ਸਗੋਂ ਵੱਖੋ-ਵੱਖਰੀਆਂ ਰੁੱਤਾਂ 'ਚ ਇੱਕਸਾਰ ਰਹਿੰਦੀ ਹੈ।

ਦਸੰਬਰ ਅਤੇ ਜਨਵਰੀ 'ਚ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਦਾ ਪੱਧਰ ਸਭ ਤੋਂ ਘੱਟ ਸੀ, ਜਦੋਂਕਿ ਫਲੋਰਿਡਾ 'ਚ ਸਾਰਾ ਸਾਲ ਮੌਸਮ ਗਰਮ ਰਹਿੰਦਾ ਹੈ।

ਹਾਲਾਂਕਿ ਵਿਗਿਆਨੀਆਂ ਨੇ ਇਹ ਪਾਇਆ ਕਿ ਮੌਸਮ ਭਾਵੇਂ ਕੋਈ ਵੀ ਹੋਵੇ, ਇਸਦਾ ਸ਼ੁਕਰਾਣੂਆਂ ਦੀ ਸੰਘਣਤਾ (ਕਿਸੇ ਸ਼ਖਸ ਦੇ ਵੀਰਜ 'ਚ ਸ਼ੁਕਰਾਣੂਆਂ ਦੀ ਕਿੰਨੀ ਮਾਤਰਾ ਹੈ) 'ਤੇ ਕੋਈ ਅਸਰ ਨਹੀਂ ਹੁੰਦਾ ।

ਇਸ ਦਾ ਮਤਲਬ ਇਹ ਹੈ ਕਿ ਬੇਸ਼ੱਕ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਮੌਸਮ ਨਾਲ ਪ੍ਰਭਾਵਿਤ ਹੁੰਦੀ ਹੈ ਪਰ ਕਿੰਨੀ ਮਾਤਰਾ 'ਚ ਸ਼ੁਕਰਾਣੂ ਉਤਪਨ ਹੋ ਰਹੇ ਹਨ, ਇਸ 'ਤੇ ਕੋਈ ਅਸਰ ਨਹੀਂ ਹੁੰਦਾ।

ਇਹ ਅਧਿਐਨ ਸੁਝਾਅ ਦਿੰਦੇ ਹਨ ਕਿ ਮੌਸਮ 'ਚ ਹੋਣ ਵਾਲੇ ਬਦਲਾਅ ਨਾਲ ਸਿਰਫ਼ ਤਾਪਮਾਨ 'ਚ ਬਦਲਾਅ ਨਹੀਂ ਹੁੰਦਾ ਸਗੋਂ ਪੁਰਸ਼ਾਂ ਦੀ ਫਰਟਿਲਿਟੀ (ਪ੍ਰਜਣਨ ਸਮਰੱਥਾ) ਵੀ ਪ੍ਰਭਾਵਿਤ ਹੋ ਸਕਦੀ ਹੈ।

ਔਸਤਨ, ਟੈਸਟ ਦਾ ਸਧਾਰਨ ਤਾਪਮਾਨ (ਜਿੱਥੇ ਸ਼ੁਕਰਾਣੂ ਸਟੋਰ ਕੀਤੇ ਜਾਂਦੇ ਹਨ) ਸਰੀਰ ਦੇ ਸਧਾਰਨ 37 ਡਿਗਰੀ ਤਾਪਮਾਨ ਤੋਂ ਕਰੀਬ ਦੋ ਤੋਂ ਚਾਰ ਡਿਗਰੀ ਘੱਟ ਹੋਣਾ ਚਾਹੀਦਾ ਹੈ।

ਇਸ ਤੋਂ ਵੱਧ ਜਾਂ ਘੱਟ ਤਾਪਮਾਨ, ਸ਼ੁਕਰਾਣੂ ਦੀ ਮੋਟੀਲਿਟੀ (ਗਤੀਸ਼ੀਲਤਾ) 'ਤੇ ਮਾੜਾ ਅਸਰ ਪਾ ਸਕਦਾ ਹੈ, ਜਿਸ ਦਾ ਅਸਰ ਪ੍ਰਜਣਨ ਸਮਰੱਥਾ 'ਤੇ ਦੇਖਣ ਨੂੰ ਮਿਲੇਗਾ ।

ਦਿ ਯੂਨੀਵਰਸਿਟੀ ਆਫ ਮੈਨਚੈਸਟਰ ਦੇ ਪ੍ਰੋਫੈਸਰ ਐਲਨ ਪੈਸੀ, ਜੋ ਇਸ ਅਧਿਐਨ ਦੇ ਸਹਿ-ਲੇਖਕ ਹਨ, ਉਨ੍ਹਾਂ ਕਿਹਾ, "ਅਸੀਂ ਇਹ ਦੇਖਕੇ ਹੈਰਾਨ ਸੀ ਕਿ ਕਿਵੇਂ ਦੋ ਬਿਲਕੁੱਲ ਵੱਖਰੇ ਜਲਵਾਯੂ ਦੇ ਮੁਲਕਾਂ 'ਚ ਨਜ਼ਰ ਆਉਣ ਵਾਲੇ ਮੌਸਮੀ ਪੈਟਰਨ ਆਪਸ 'ਚ ਕਾਫੀ ਹੱਦ ਤੱਕ ਮੇਲ ਖਾ ਰਹੇ ਸਨ।"

"ਇੱਥੋਂ ਤੱਕ ਕਿ ਫਲੋਰਿਡਾ, ਜਿੱਥੇ ਤਾਪਮਾਨ ਅਕਸਰ ਗਰਮ ਰਹਿੰਦਾ, ਸ਼ੁਕਰਾਣੂਆਂ ਦੀ ਗਤੀਸ਼ੀਲਤਾ ਗਰਮੀਆਂ 'ਚ ਵੱਧ ਜਦੋਂਕਿ ਸਰਦੀਆਂ 'ਚ ਘੱਟ ਸੀ, ਜਿਸ ਤੋਂ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਇਨ੍ਹਾਂ ਬਦਲਾਵਾਂ ਲਈ ਸਿਰਫ਼ ਤਾਪਮਾਨ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ।"

ਉਨ੍ਹਾਂ ਇਹ ਵੀ ਕਿਹਾ, "ਸਾਡੇ ਅਧਿਐਨ ਨੇ ਇਹ ਉਜਾਗਰ ਕੀਤਾ ਕਿ ਵੀਰਜ ਦੀ ਗੁਣਵੱਤਾ ਦੇ ਮੁਲਾਂਕਣ 'ਚ ਮੌਸਮੀ ਪੈਟਰਨ ਦੀ ਅਹਿਮ ਭੂਮਿਕਾ ਹੈ। ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਗਰਮ ਜਲਵਾਯੂ ਵਾਲੇ ਇਲਾਕਿਆਂ 'ਚ ਵੀ ਮੌਸਮੀ ਬਦਲਾਅ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰਦੇ ਹਨ। ਸਾਡੇ ਅਧਿਐਨ ਨੇ ਪੁਰਸ਼ਾਂ ਦੀ ਪ੍ਰਜਣਨ ਸਮਰੱਥਾ ਬਾਰੇ ਸਾਡੀ ਸਮਝ ਨੂੰ ਹੋਰ ਬਿਹਤਰ ਕੀਤਾ ਅਤੇ ਇਹ ਪ੍ਰਜਣਨ ਦੇ ਨਤੀਜਿਆਂ ਨੂੰ ਹੋਰ ਬਿਹਤਰ ਕਰਨ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)