ਲੋਕ ਮੱਛੀ ਦੇ ਸ਼ੁਕਰਾਣੂਆਂ ਨਾਲ ਬਣੇ ਫੇਸ਼ੀਅਲ ਟੀਕੇ ਕਿਉਂ ਲਗਵਾਉਂਦੇ ਹਨ? ਕੀ ਇਹ ਖ਼ਤਰਨਾਕ ਵੀ ਹੋ ਸਕਦੇ ਹਨ

ਐਬੀ ਦੇ ਵਾਲ ਲੰਬੇ ਭੂਰੇ ਹਨ ਅਤੇ ਉਹ ਸਿੱਧਾ ਕੈਮਰੇ ਵੱਲ ਦੇਖ ਰਹੀ ਹੈ।
ਤਸਵੀਰ ਕੈਪਸ਼ਨ, ਐਬੀ ਨੂੰ ਅਸਲ ਵਿੱਚ ਟਰਾਊਟ ਮੱਛੀ ਦੇ ਸਪਰਮ ਦਾ ਸ਼ੁੱਧ ਡੋਜ਼ ਨਹੀਂ ਲਗਾਇਆ ਗਿਆ ਸੀ।
    • ਲੇਖਕ, ਰੂਥ ਕਲੈਗ
    • ਰੋਲ, ਬੀਬੀਸੀ ਪੱਤਰਕਾਰ

ਪੱਤਰਕਾਰ ਵਜੋਂ ਆਪਣੇ ਕਈ ਸਾਲਾਂ ਦੇ ਤਜਰਬੇ ਵਿੱਚ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਨੂੰ ਇਹ ਪੁੱਛਾਂਗੀ ਕਿ ਉਨ੍ਹਾਂ ਦੇ ਚਿਹਰੇ ਵਿੱਚ ਟਰਾਊਟ (ਮੱਛੀ) ਦੇ ਸ਼ੁਕਰਾਣੂ (ਸਪਰਮ) ਇੰਜੈਕਟ ਕਰਵਾਉਣਾ ਕਿਵੇਂ ਮਹਿਸੂਸ ਹੁੰਦਾ ਹੈ।

ਅਤੇ ਫਿਰ ਵੀ ਮੈਂ ਇੱਥੇ ਹਾਂ।

ਐਬੀ ਦੱਖਣੀ ਮਾਨਚੈਸਟਰ ਦੇ ਇੱਕ ਛੋਟੇ ਜਿਹੇ ਐਸਥੈਟਿਕਸ ਕਲੀਨਿਕ ਵਿੱਚ ਇੱਕ ਵੱਡੀ ਕਾਲੀ ਗੱਦੀਦਾਰ ਕੁਰਸੀ 'ਤੇ ਲੇਟੀ ਹੋਈ ਹੈ।

ਜਦੋਂ ਇੱਕ ਛੋਟੀ ਜਿਹੀ ਕੈਨੂਲਾ ਹੌਲੀ ਕਰਕੇ ਉਸਦੀ ਗੱਲ੍ਹ ਵਿੱਚ ਪਾਈ ਜਾਂਦੀ ਹੈ ਤਾਂ ਉਹ ਦਰਦ ਨਾਲ ਸਹਿਮ ਜਾਂਦੀ ਹੈ।

ਮੈਂ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ 29 ਸਾਲਾ ਐਬੀ ਨੂੰ ਅਸਲ ਵਿੱਚ ਟਰਾਊਟ ਮੱਛੀ ਦੇ ਸਪਰਮ ਦਾ ਸ਼ੁੱਧ ਡੋਜ਼ ਨਹੀਂ ਲਾਇਆ ਜਾ ਰਿਹਾ।

ਉਸ ਦੇ ਚਿਹਰੇ ਦੇ ਹੇਠਲੇ ਹਿੱਸੇ ਵਿੱਚ ਡੀਐਨਏ ਦੇ ਛੋਟੇ ਟੁਕੜੇ ਇੰਜੈਕਟ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ 'ਪੌਲੀਨਿਊਕਲੀਓਟਾਈਡਸ' ਵਜੋਂ ਜਾਣਿਆ ਜਾਂਦਾ ਹੈ ਇਹ ਚਿਹਰੇ 'ਚ ਇੰਜੈਕਟ ਕੀਤੇ ਜਾ ਰਹੇ ਹਨ, ਜੋ ਟਰਾਊਟ ਜਾਂ ਸੈਲਮਨ ਮੱਛੀ ਦੇ ਸਪਰਮ ਤੋਂ ਨਿਕਲੇ ਹੋਏ ਹਨ।

ਅਜਿਹਾ ਇਸ ਲਈ ਕਿਉਂਕਿ ਦਿਲਚਸਪ ਗੱਲ ਇਹ ਹੈ ਕਿ ਸਾਡਾ ਡੀਐਨਏ ਮੱਛੀ ਦੇ ਡੀਐਨਏ ਨਾਲ ਬਹੁਤ ਮਿਲਦਾ-ਜੁਲਦਾ ਹੈ।

ਇਸ ਲਈ ਉਮੀਦ ਹੈ ਕਿ ਐਬੀ ਦਾ ਸਰੀਰ ਇਨ੍ਹਾਂ ਛੋਟੇ ਫਿਸ਼ ਡੀਐਨਏ ਦੇ ਟੁਕੜਿਆਂ ਨੂੰ ਸਵੀਕਾਰ ਕਰੇਗਾ ਤੇ ਉਸਦੀ ਚਮੜੀ ਦੀਆਂ ਕੋਸ਼ਿਕਾਵਾਂ ਸਰਗਰਮ ਹੋ ਜਾਣਗੀਆਂ ਜੋ ਕੋਲਾਜਨ ਅਤੇ ਇਲਾਸਟਿਨ ਨਾਮ ਦੇ ਦੋ ਮਹੱਤਵਪੂਰਨ ਪ੍ਰੋਟੀਨ ਬਣਾਉਂਦੀਆਂ ਹਨ, ਜੋ ਸਾਡੀ ਚਮੜੀ ਦੀ ਮਜ਼ਬੂਤੀ ਤੇ ਲਚਕ ਕਾਇਮ ਰੱਖਦੇ ਹਨ।

ਐਬੀ ਲਈ ਇਸ ਦਾ ਮਕਸਦ ਹੈ ਆਪਣੀ ਸਕਿਨ ਨੂੰ ਤਾਜ਼ਗੀ ਦੇਣਾ, ਇਸ ਨੂੰ ਸਿਹਤਮੰਦ ਰੱਖਣਾ ਤੇ ਲੰਬੇ ਸਮੇਂ ਤੋਂ ਚੱਲ ਰਹੇ ਐਕਨੇ (ਮੁਹਾਸੇ) ਨਾਲ ਹੋਈ ਲਾਲੀ ਅਤੇ ਦਾਗਾਂ ਨੂੰ ਘਟਾਉਣਾ ਸੀ।

ਉਹ ਕਹਿੰਦੇ ਹਨ, "ਮੇਰਾ ਟਾਰਗੇਟ ਸਿਰਫ਼ ਉਹਨਾਂ ਸਮੱਸਿਆ ਵਾਲੇ ਹਿੱਸਿਆਂ ਨੂੰ ਠੀਕ ਕਰਨਾ ਹੈ।''

ਐਬੀ ਦੇ ਚਿਹਰੇ 'ਤੇ ਟੀਕਾ ਲਗਾਇਆ ਜਾ ਰਿਹਾ ਹੈ
ਤਸਵੀਰ ਕੈਪਸ਼ਨ, ਛੋਟੀ ਪਰ ਵੱਧ ਰਹੀ ਵਿਗਿਆਨਕ ਖੋਜ ਅਤੇ ਕਲੀਨੀਕਲ ਟ੍ਰਾਇਲ ਇਹ ਦਰਸਾਉਂਦੇ ਹਨ ਕਿ ਪੌਲੀਨਿਊਕਲੀਓਟਾਈਡਸ ਦੇ ਇੰਜੈਕਸ਼ਨ ਚਮੜੀ ਨੂੰ ਤਾਜ਼ਗੀ ਦੇ ਸਕਦੇ ਹਨ

ਪੌਲੀਨਿਊਕਲੀਓਟਾਈਡਸ ਨੂੰ ਹੁਣ ਸਕਿਨ ਕੇਅਰ ਲਈ ਅਗਲੀ ਵੱਡੀ ਖੋਜ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਈ ਮਸ਼ਹੂਰ ਹਸਤੀਆਂ ਵੱਲੋਂ ਆਪਣੇ 'ਸੈਲਮਨ ਸਪਰਮ ਫੇਸ਼ੀਅਲ' ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਬਾਅਦ ਇਹ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ।

ਇਸ ਸਾਲ ਦੀ ਸ਼ੁਰੂਆਤ ਵਿੱਚ ਚਾਰਲੀ ਐਕਸਸੀਐਕਸ ਨੇ ਆਪਣੇ ਨੌ ਮਿਲੀਅਨ ਇੰਸਟਾਗ੍ਰਾਮ ਫ਼ਾਲੋਅਰਜ਼ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਫ਼ਿਲਰਜ਼ ਦਾ ਸਮਾਂ ਹੁਣ ਖ਼ਤਮ ਹੋ ਚੁੱਕਿਆ ਹੈ ਤੇ ਹੁਣ ਮੈਂ ਪੌਲੀਨਿਊਕਲੀਓਟਾਈਡਸ ਵਰਤ ਰਹੀ ਹੈ ਜੋ ਇੱਕ ਤਰ੍ਹਾਂ ਨਾਲ ਡੀਪ ਵਿਟਾਮਿਨ ਵਰਗਾ ਹੈ।"

ਕਿਮ ਅਤੇ ਖਲੋਏ ਕਾਰਦੇਸ਼ੀਅਨ ਵੀ ਇਸ ਇਲਾਜ ਦੀਆਂ ਵੱਡੀਆਂ ਸ਼ੌਕੀਨ ਮੰਨੀਆਂ ਜਾਂਦੀਆਂ ਹਨ ਅਤੇ ਜਦੋਂ ਜੈਨਿਫਰ ਐਨਿਸਟਨ ਤੋਂ ਜਿਮੀ ਕਿਮੇਲ ਲਾਈਵ ਦੇ ਹਾਲ ਹੀ ਦੇ ਐਪੀਸੋਡ ਵਿੱਚ ਉਸ ਦੀ ਸਕਿਨ ਕੇਅਰ ਰੂਟੀਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਹੱਸਦੇ ਹੋਏ ਜਵਾਬ ਦਿੱਤਾ, "ਕੀ ਮੇਰੀ ਚਮੜੀ ਸੈਲਮਨ ਵਰਗੀ ਸੋਹਣੀ ਨਹੀਂ ਲੱਗਦੀ?"

ਔਰਤ ਦੇ ਚਿਹਰੇ 'ਤੇ ਫਿਲਰ ਦਾ ਟੀਕਾ ਲਗਾਇਆ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਨਸਫੀਲਡ ਦਾ ਕਹਿਣਾ ਹੈ ਕਿ ਜਦੋਂ ਗੱਲ ਰੀਜਨਰੇਟਿਵ ਸਕਿਨਕੇਅਰ ਦੀ ਆਉਂਦੀ ਹੈ ਤਾਂ ਪੌਲੀਨਿਊਕਲੀਓਟਾਈਡਸ ਰਾਹ ਪੱਧਰਾ ਕਰ ਰਹੇ ਹਨ।

ਤਾਂ ਕੀ ਆਪਣੀ ਸੈਲਮਨ ਵਰਗੀ ਅਜੀਬ ਸ਼ੁਰੂਆਤ ਦੇ ਬਾਵਜੂਦ ਪੌਲੀਨਿਊਕਲੀਓਟਾਈਡਸ ਸੱਚ-ਮੁੱਚ ਸਕਿਨ ਕੇਅਰ ਦੀ ਦੁਨੀਆ ਬਦਲ ਰਹੇ ਹਨ?

ਸੁਜ਼ੈਨ ਮੈਨਸਫ਼ੀਲਡ, ਜੋ ਐਸਥੇਟਿਕਸ ਕੰਪਨੀ ਡਰਮਾਫੋਕਸ ਵਿੱਚ ਕੰਮ ਕਰਦੇ ਹਨ ਉਹ ਹੱਸਦੇ ਹੋਏ ਕਹਿੰਦੇ ਹਨ, ''ਅਸੀਂ ਤਾਂ ਬਿਲਕੁਲ ਇੱਕ ਬੈਂਜਾਮਿਨ ਬਟਨ ਵਾਲੇ ਪਲ ਵਿੱਚ ਜੀ ਰਹੇ ਹਾਂ,"

ਇਹ 2008 ਦੀ ਫ਼ਿਲਮ 'ਦਿ ਕਿਊਰੀਅਸ ਕੇਸ ਆਫ਼ ਬੈਂਜਾਮਿਨ ਬਟਨ' ਵਾਂਗ ਹੀ ਹੈ, ਜਿਸ ਵਿੱਚ ਬ੍ਰੈਡ ਪਿਟ ਉਹ ਵਿਅਕਤੀ ਬਣਦੇ ਹਨ ਜੋ ਉਮਰ ਦੇ ਨਾਲ ਜਵਾਨ ਹੁੰਦੇ ਜਾਂਦੇ ਹਨ ਅਤੇ ਜਦੋਂ ਉਹ ਬੁੱਢੇ ਹੁੰਦੇ ਹਨ ਤਾਂ ਉਹਨਾਂ ਦੀ ਚਮੜੀ ਬੱਚੇ ਵਾਂਗ ਨਰਮ ਤੇ ਤਾਜ਼ਾ ਲੱਗਦੀ ਹੈ।

ਹਾਲਾਂਕਿ ਹਕੀਕਤ ਵਿੱਚ ਅਜਿਹਾ ਅਸਰ ਹੋਣਾ ਕਾਫ਼ੀ ਅਸੰਭਵ ਹੈ ਤੇ ਸ਼ਾਇਦ ਕੁਝ ਹੈਰਾਨੀਜਨਕ ਵੀ ਹੋਵੇ ਪਰ ਮੈਨਸਫੀਲਡ ਦਾ ਕਹਿਣਾ ਹੈ ਕਿ ਜਦੋਂ ਗੱਲ ਰੀਜਨਰੇਟਿਵ ਸਕਿਨਕੇਅਰ ਦੀ ਆਉਂਦੀ ਹੈ ਤਾਂ ਪੌਲੀਨਿਊਕਲੀਓਟਾਈਡਸ ਰਾਹ ਪੱਧਰਾ ਕਰ ਰਹੇ ਹਨ।

ਛੋਟੀ ਪਰ ਵੱਧ ਰਹੀ ਵਿਗਿਆਨਕ ਖੋਜ ਅਤੇ ਕਲੀਨੀਕਲ ਟ੍ਰਾਇਲ ਇਹ ਦਰਸਾਉਂਦੇ ਹਨ ਕਿ ਪੌਲੀਨਿਊਕਲੀਓਟਾਈਡਸ ਦੇ ਇੰਜੈਕਸ਼ਨ ਚਮੜੀ ਨੂੰ ਤਾਜ਼ਗੀ ਦੇ ਸਕਦੇ ਹਨ, ਨਾ ਸਿਰਫ਼ ਉਸ ਨੂੰ ਸਿਹਤਮੰਦ ਬਣਾਉਂਦੇ ਹਨ ਸਗੋਂ ਬਾਰੀਕ ਲਾਈਨਾਂ, ਝੁਰੜੀਆਂ ਅਤੇ ਦਾਗ-ਧੱਬਿਆਂ ਨੂੰ ਵੀ ਘਟਾ ਸਕਦੇ ਹਨ।

ਸ਼ਾਰਲਟ ਦੀ ਤਸਵੀਰ

ਤਸਵੀਰ ਸਰੋਤ, Charlotte Bickley

ਤਸਵੀਰ ਕੈਪਸ਼ਨ, ਸ਼ਾਰਲਟ ਨੂੰ ਇਲਾਜ ਕਰਵਾਉਣ ਤੋਂ ਬਾਅਦ ਚਮੜੀ ਦੀ ਲਾਗ, ਸੋਜ, ਅੱਖਾਂ ਦੇ ਹੇਠਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਗੂੜ੍ਹੇ ਘੇਰੇ ਹੋ ਗਏ।

ਉਹ ਕਹਿੰਦੇ ਹਨ, "ਐਸਥੈਟਿਕਸ ਇੰਡਸਟਰੀ ਵਿੱਚ ਇਸ ਦੀ ਵਰਤੋਂ ਕਰਕੇ, ਅਸੀਂ ਸਿਰਫ਼ ਉਸ ਚੀਜ਼ ਨੂੰ ਵਧਾ ਰਹੇ ਹਾਂ ਜੋ ਸਰੀਰ ਪਹਿਲਾਂ ਹੀ ਕਰਦਾ ਹੈ। ਇਸੇ ਕਰਕੇ ਇਹ ਇੰਨੇ ਖਾਸ ਹਨ।"

ਪਰ ਇਹਨਾਂ ਦੀ ਕੀਮਤ ਵੀ ਕਾਫ਼ੀ ਜ਼ਿਆਦਾ ਹੈ।

ਪੌਲੀਨਿਊਕਲੀਓਟਾਈਡਸ ਇੰਜੈਕਸ਼ਨਾਂ ਦੇ ਇੱਕ ਸਿੰਗਲ ਸੈਸ਼ਨ ਦੀ ਕੀਮਤ 25 ਹਜ਼ਾਰ ਰੁਪਏ ਤੋਂ 58 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ ਅਤੇ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਦੇ ਤਿੰਨ ਸੈਸ਼ਨ ਲਓ।

ਉਸ ਤੋਂ ਬਾਅਦ ਕਲੀਨਿਕ ਆਮ ਤੌਰ 'ਤੇ ਸਲਾਹ ਦਿੰਦੇ ਹਨ ਕਿ ਇਸ ਦਿੱਖ ਨੂੰ ਬਣਾਈ ਰੱਖਣ ਲਈ ਤੁਹਾਨੂੰ ਹਰ ਛੇ ਤੋਂ ਨੌਂ ਮਹੀਨਿਆਂ ਬਾਅਦ ਇਸ ਨੂੰ 'ਟੌਪ-ਅੱਪ' ਕਰਵਾਉਣ ਦੀ ਜ਼ਰੂਰਤ ਹੈ।

ਇਧਰ ਕਲੀਨਿਕ ਵਿੱਚ ਚੱਲ ਰਿਹਾ ਐਬੀ ਦਾ ਇਲਾਜ ਵੀ ਲਗਭਗ ਖਤਮ ਹੋ ਗਿਆ ਹੈ।

ਸਕਿਨ ਐਚਡੀ ਕਲੀਨਿਕ ਦੀ ਮਾਲਕਣ ਸੁਹਜ ਨਰਸ ਪ੍ਰੈਕਟੀਸ਼ਨਰ ਹੇਲੇਨਾ ਡੰਕ ਉਨ੍ਹਾਂ ਨੂੰ ਭਰੋਸਾ ਦਿੰਦੇ ਹਨ, "ਬੱਸ ਇੱਕ ਏਰੀਆ ਬਾਕੀ ਬਚਿਆ ਹੈ।"

ਉਹ ਕਹਿੰਦੇ ਹਨ ਕਿ ਪੌਲੀਨਿਊਕਲੀਓਟਾਈਡਸ ਦੀ ਪ੍ਰਸਿੱਧੀ ਪਿਛਲੇ 18 ਮਹੀਨਿਆਂ ਵਿੱਚ ਬਹੁਤ ਜ਼ਿਆਦਾ ਵਧੀ ਹੈ।

"ਮੇਰੇ ਅੱਧੇ ਗਾਹਕ ਸੱਚਮੁੱਚ ਇੱਕ ਵੱਡਾ ਫਰਕ ਮਹਿਸੂਸ ਕਰਦੇ ਹਨ, ਚਮੜੀ ਵਧੇਰੇ ਹਾਈਡ੍ਰੇਟਡ, ਸਿਹਤਮੰਦ ਅਤੇ ਜਵਾਨ ਮਹਿਸੂਸ ਕਰਦੇ ਹਨ। ਜਦੋਂ ਕਿ ਬਾਕੀ ਅੱਧੇ ਇੰਨਾ ਵੱਡਾ ਬਦਲਾਅ ਨਹੀਂ ਦੇਖਦੇ। ਪਰ ਉਨ੍ਹਾਂ ਦੀ ਚਮੜੀ ਵਧੇਰੇ ਟਾਈਟ ਅਤੇ ਤਾਜ਼ਗੀ ਭਰੀ ਮਹਿਸੂਸ ਹੁੰਦੀ ਹੈ।

ਐਬੀ ਨੇ ਪਹਿਲਾਂ ਹੀ ਕਲੀਨਿਕ ਵਿੱਚ ਤਿੰਨ-ਕੋਰਸ ਇਲਾਜ ਦੇ ਹਿੱਸੇ ਵਜੋਂ ਆਪਣੀਆਂ ਅੱਖਾਂ ਦੇ ਹੇਠਾਂ ਵਾਲੇ ਖੇਤਰ ਵਿੱਚ ਇੰਜੈਕਸ਼ਨ ਲਗਵਾਏ ਹਨ ਅਤੇ ਉਹ ਨਤੀਜਿਆਂ ਤੋਂ ਬਹੁਤ ਖੁਸ਼ ਹੈ।

ਉਨ੍ਹਾਂ ਨੂੰ ਪੌਲੀਨਿਊਕਲੀਓਟਾਈਡਸ ਦੇ ਬਹੁਤ ਸਾਰੇ ਛੋਟੇ ਇੰਜੈਕਸ਼ਨ ਲੱਗੇ ਜੋ ਕਿ ਇੱਕ ਕਾਫ਼ੀ ਦਰਦਨਾਕ ਪ੍ਰਕਿਰਿਆ ਸੀ, ਪਰ ਉਹ ਕਹਿੰਦੇ ਹਨ ਕਿ ਇਸ ਨਾਲ ਉਸਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ।

ਡਾ. ਸੋਫੀ ਸ਼ੌਟਰ ਦਾ ਬਿਆਨ

ਹਲਾਂਕਿ ਜ਼ਿਆਦਾਤਰ ਅਧਿਐਨ ਇਸ ਨੂੰ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਇਲਾਜ ਮੰਨਦੇ ਹਨ, ਇਹ ਅਜੇ ਵੀ ਨਵਾਂ ਹੈ ਅਤੇ ਕੁਝ ਮਾਹਰ ਚੇਤਾਵਨੀ ਦਿੰਦੇ ਹਨ ਕਿ ਇਸ ਦਾ ਪ੍ਰਚਾਰ ਵਿਗਿਆਨਕ ਸਬੂਤਾਂ ਨਾਲੋਂ ਤੇਜ਼ ਹੋ ਸਕਦਾ ਹੈ।

ਬ੍ਰਿਸਬੇਨ (ਆਸਟ੍ਰੇਲੀਆ) ਦੇ ਮਸ਼ਹੂਰ ਕੰਸਲਟੈਂਟ ਡਰਮਾਟੋਲੋਜਿਸਟ ਡਾ. ਜੌਨ ਪਾਗਲੀਆਰੋ ਕਹਿੰਦੇ ਹਨ ਕਿ ਭਾਵੇਂ ਅਸੀਂ ਜਾਣਦੇ ਹਾਂ ਕਿ ਨਿਊਕਲੀਓਟਾਈਡਸ ਸਾਡੇ ਸਰੀਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਉਹ ਸਾਡੇ ਡੀਐਨਏ ਦੇ ਮੁੱਢਲੇ ਨਿਰਮਾਣ ਖੰਡ ਹਨ, ਪਰ ਉਹ ਇਸ ਗੱਲ 'ਤੇ ਸਵਾਲ ਉਠਾਉਂਦੇ ਹਨ ਕਿ ਕੀ ਸਾਲਮਨ ਡੀਐਨਏ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਸਾਡੇ ਚਿਹਰਿਆਂ ਵਿੱਚ ਇੰਜੈਕਟ ਕਰਨਾ ਸਾਡੇ ਆਪਣੇ ਨਿਊਕਲੀਓਟਾਈਡਸ ਜਿੰਨਾ ਵਧੀਆ ਕੰਮ ਕਰੇਗਾ।

ਉਹ ਕਹਿੰਦੇ ਹਨ, "ਸਾਡੇ ਕੋਲ ਚੰਗਾ ਮਜ਼ਬੂਤ ਡਾਟਾ ਨਹੀਂ ਹੈ। ਇੱਕ ਮੈਡੀਕਲ ਸਪੈਸ਼ਲਿਸਟ ਹੋਣ ਦੇ ਨਾਤੇ ਮੈਂ ਆਪਣੀ ਪ੍ਰੈਕਟਿਸ ਵਿੱਚ ਇਹਨਾਂ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਦਰਸਾਉਣ ਵਾਲੇ ਕੁਝ ਹੋਰ ਸਾਲਾਂ ਦੇ ਵੱਡੇ, ਭਰੋਸੇਯੋਗ ਅਧਿਐਨ ਦੇਖਣਾ ਚਾਹਾਂਗਾ। ਅਸੀਂ ਅਜੇ ਉਸ ਪੜਾਅ 'ਤੇ ਨਹੀਂ ਹਾਂ।"

ਸ਼ਾਰਲਟ ਬਿਕਲੀ ਪੌਲੀਨਿਊਕਲੀਓਟਾਈਡਸ ਦੀ ਦੁਨੀਆ ਵਿੱਚ ਆਪਣੀ ਪਹਿਲੀ ਕੋਸ਼ਿਸ਼ ਸਾਲਮਨ-ਗੇਟ ਨੂੰ ਦੱਸਦੇ ਹਨ।

ਨਿਊਯਾਰਕ ਦੀ ਇਸ 31 ਸਾਲਾ ਔਰਤ ਨੇ ਪਿਛਲੇ ਸਾਲ ਆਪਣੇ ਵਿਆਹ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ 'ਵੈਡਿੰਗ ਗਲੋਅ ਅੱਪ' ਇਲਾਜ ਕਰਵਾਇਆ ਸੀ।

ਪਰ ਸ਼ਾਰਲਟ ਨੂੰ ਇਲਾਜ ਕਰਵਾਉਣ ਤੋਂ ਬਾਅਦ ਚਮੜੀ ਦੀ ਲਾਗ, ਸੋਜ ਅਤੇ ਉਸਦੀਆਂ ਅੱਖਾਂ ਦੇ ਹੇਠਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਗੂੜ੍ਹੇ ਘੇਰੇ ਹੋ ਗਏ।

ਉਹ ਕਹਿੰਦੇ ਹਨ, "ਮੈਂ ਜੋ ਚਾਹੁੰਦੀ ਸੀ ਮੈਨੂੰ ਬਿਲਕੁਲ ਉਸ ਦੇ ਉਲਟ ਮਿਲਿਆ, ਮੈਂ ਉਸ ਡਾਕਟਰ 'ਤੇ ਭਰੋਸਾ ਕੀਤਾ, ਪਰ ਉਸਨੇ ਮੈਨੂੰ ਦਾਗ਼ੀ (ਜਖ਼ਮੀ) ਕਰ ਦਿੱਤਾ।"

ਸ਼ਾਰਲਟ ਦਾ ਮੰਨਣਾ ਹੈ ਕਿ ਉਸ ਦੀਆਂ ਅੱਖਾਂ ਦੇ ਹੇਠਾਂ ਬਹੁਤ ਡੂੰਘਾਈ ਨਾਲ ਇੰਜੈਕਸ਼ਨ ਲਗਾਇਆ ਗਿਆ ਸੀ, ਜਿਸ ਕਾਰਨ ਇੱਕ ਨਕਾਰਾਤਮਕ ਪ੍ਰਤੀਕਿਰਿਆ ਹੋਈ। ਇਸ ਦੇ ਵੀ ਮਾੜੇ ਪ੍ਰਭਾਵ ਹੋ ਸਕਦੇ ਹਨ ਜਿਵੇਂ ਕਿ ਲਾਲੀ, ਸੋਜ ਅਤੇ ਨੀਲ ਪੈਣਾ, ਪਰ ਇਹ ਆਮ ਤੌਰ 'ਤੇ ਅਸਥਾਈ ਹੁੰਦੇ ਹਨ।

ਕੁਝ ਮਾਮਲਿਆਂ ਵਿੱਚ, ਲੋਕਾਂ ਨੂੰ ਐਲਰਜੀ ਵਾਲੀ ਪ੍ਰਤੀਕਿਰਿਆ ਹੋ ਸਕਦੀ ਹੈ, ਜਾਂ ਫਿਰ ਜੇ ਪੌਲੀਨਿਊਕਲੀਓਟਾਈਡਸ ਨੂੰ ਸਹੀ ਢੰਗ ਨਾਲ ਇੰਜੈਕਟ ਨਹੀਂ ਕੀਤਾ ਜਾਂਦਾ ਹੈ ਤਾਂ ਲੰਬੇ ਸਮੇਂ ਦੇ ਜੋਖਮ ਹੁੰਦੇ ਹਨ, ਜਿਵੇਂ ਕਿ ਚਮੜੀ ਦਾ ਰੰਗ ਬਦਲ ਜਾਣਾ ਅਤੇ ਲਾਗ।

ਪੌਲੀਨਿਊਕਲੀਓਟਾਈਡਸ ਦੀ ਵਰਤੋਂ ਪੂਰੇ ਯੂਕੇ ਵਿੱਚ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਉਹ ਮੈਡੀਸਿਨਜ਼ ਹੈਲਥ ਐਂਡ ਰੈਗੂਲੇਟਰੀ ਅਥਾਰਟੀ ਕੋਲ ਮੈਡੀਕਲ ਡਿਵਾਈਸਾਂ ਵਜੋਂ ਰਜਿਸਟਰਡ ਹਨ ਪਰ ਉਹਨਾਂ ਨੂੰ ਦਵਾਈਆਂ ਵਾਂਗ ਨਿਯੰਤਰਿਤ ਨਹੀਂ ਕੀਤਾ ਜਾਂਦਾ।

ਉਹਨਾਂ ਨੂੰ ਅਮਰੀਕਾ ਵਿੱਚ ਯੂਕੇ ਦੇ ਬਰਾਬਰ ਦੀ ਸੰਸਥਾ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

ਸ਼ਾਰਲਟ ਕਹਿੰਦੀ ਹੈ, "ਮੈਂ ਬੱਸ ਸੋਚਦੀ ਰਹਿੰਦੀ ਹਾਂ, ਮੈਂ ਇਹ ਸਭ ਕਿਉਂ ਕਰਵਾਇਆ? ਜਦੋਂ ਮੇਰੇ ਚਿਹਰੇ 'ਤੇ ਕੁਝ ਗਲਤ ਹੋ ਜਾਂਦਾ ਹੈ ਤਾਂ ਮੈਂ ਉਸੇ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਲੱਗ ਜਾਂਦੀ ਹਾਂ।"

ਉਨ੍ਹਾਂ ਨੇ ਚਿਹਰਾ ਠੀਕ ਕਰਨ ਦੀ ਕੋਸ਼ਿਸ਼ ਵਿੱਚ ਹਜ਼ਾਰਾਂ ਦੀ ਗਿਣਤੀ ਅੰਦਰ ਮੈਡੀਕਲ ਬਿੱਲਾਂ ਦਾ ਭੁਗਤਾਨ ਕੀਤਾ ਹੈ ਪਰ 10 ਮਹੀਨਿਆਂ ਬਾਅਦ ਵੀ ਉਨ੍ਹਾਂ ਦੀਆਂ ਅੱਖਾਂ ਦੇ ਹੇਠਾਂ ਅਜੇ ਵੀ ਕੁਝ ਦਾਗ ਹਨ।

ਸ਼ਾਰਲਟ ਕਹਿੰਦੇ ਹਨ, "ਮੈਂ ਕਦੇ ਵੀ ਦੁਬਾਰਾ ਸਾਲਮਨ ਡੀਐਨਏ ਨੂੰ ਆਪਣੇ ਚਿਹਰੇ 'ਤੇ ਇੰਜੈਕਟ ਨਹੀਂ ਕਰਵਾਵਾਂਗੀ, ਕਦੇ ਵੀ ਨਹੀਂ।"

ਸੇਵ ਫੇਸ ਦੀ ਡਾਇਰੈਕਟਰ ਐਸ਼ਟਨ ਕੌਲਿਨਜ਼ ਇੱਕ ਸੰਸਥਾ ਜੋ ਕਾਸਮੈਟਿਕ ਉਦਯੋਗ ਦੇ ਬਿਹਤਰ ਨਿਯਮਾਂ ਲਈ ਮੁਹਿੰਮ ਚਲਾਉਂਦੀ ਹੈ ਅਤੇ ਜੋ ਯੂਕੇ ਵਿੱਚ ਕਲੀਨਿਕਾਂ ਦੇ ਸਰਕਾਰ-ਪ੍ਰਵਾਨਿਤ ਰਜਿਸਟਰ ਨੂੰ ਚਲਾਉਂਦੀ ਹੈ, ਉਹ ਕਹਿੰਦੇ ਹਨ ਕਿ ਪੌਲੀਨਿਊਕਲੀਓਟਾਈਡਸ ਨੂੰ ਆਮ ਤੌਰ 'ਤੇ ਸੁਰੱਖਿਅਤ ਇਲਾਜ ਮੰਨਿਆ ਜਾਂਦਾ ਹੈ ਜਦੋਂ ਇਹ ਇੱਕ ਮੈਡੀਕਲ ਤੌਰ 'ਤੇ ਸਿਖਲਾਈ ਪ੍ਰਾਪਤ ਪੇਸ਼ੇਵਰ ਦੁਆਰਾ ਕੀਤਾ ਜਾਂਦਾ ਹੈ ਅਤੇ ਵਰਤਿਆ ਗਿਆ ਪੋਲੀਨਿਊਕਲੀਓਟਾਈਡਜ਼ ਦਾ ਬ੍ਰਾਂਡ ਇੱਕ ਨਾਮਵਰ ਕੰਪਨੀ ਦਾ ਹੋਵੇ।

ਉਹ ਕਹਿੰਦੇ ਹਨ, "ਪਰ ਅਸੀਂ ਹੁਣ ਅਜਿਹੇ ਉਤਪਾਦ ਬਾਜ਼ਾਰ ਵਿੱਚ ਆਉਂਦੇ ਦੇਖ ਰਹੇ ਹਾਂ ਜਿਨ੍ਹਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਹੈ, ਇਹ ਚਿੰਤਾ ਦੀ ਗੱਲ ਹੈ।"

ਬ੍ਰਿਟਿਸ਼ ਕਾਲਜ ਆਫ਼ ਐਸਥੈਟਿਕ ਮੈਡੀਸਨ ਦੀ ਪ੍ਰਧਾਨ ਡਾ. ਸੋਫੀ ਸ਼ੌਟਰ ਵੀ ਇਸ ਗੱਲ ਨਾਲ ਸਹਿਮਤ ਹੈ।

"ਨਿਯਮਾਂ ਦੀ ਘਾਟ ਕਾਰਨ, ਕੋਈ ਵੀ ਅਜਿਹੇ ਉਤਪਾਦਾਂ ਦੀ ਵਰਤੋਂ ਕਰ ਸਕਦਾ ਹੈ ਜਿਨ੍ਹਾਂ ਦੀ ਮਜ਼ਬੂਤੀ ਨਾਲ ਜਾਂਚ ਨਹੀਂ ਕੀਤੀ ਗਈ ਹੈ। ਇਹ ਇੱਕ ਅਸਲ ਮੁੱਦਾ ਹੈ।"

ਉਨ੍ਹਾਂ ਦੇ ਅਨੁਸਾਰ ਕੀ ਪੌਲੀਨਿਊਕਲੀਓਟਾਈਡਸ ਪ੍ਰਭਾਵਸ਼ਾਲੀ ਹਨ?

ਡਾ. ਸ਼ੌਟਰ ਕਹਿੰਦੇ ਹਨ, " ਮੈਂ ਉਹਨਾਂ ਨੂੰ ਆਪਣੀ ਸ਼ੈਲਫ 'ਤੇ ਆਪਣੇ ਟੂਲਬਾਕਸ ਵਿੱਚ ਰੱਖਿਆ ਹੈ। ਮੈਂ ਯਕੀਨੀ ਤੌਰ 'ਤੇ ਉਹਨਾਂ ਗਾਹਕਾਂ ਨੂੰ ਦਿੰਦੀ ਹਾਂ ਜੋ ਕੁਦਰਤੀ ਦਿੱਖ ਚਾਹੁੰਦੇ ਹਨ ਅਤੇ ਸੰਭਾਵੀ ਤੌਰ 'ਤੇ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ।"

"ਇਲਾਜ ਦੇ ਨਾਮ 'ਤੇ ਪੌਲੀਨਿਊਕਲੀਓਟਾਈਡਸ ਕੋਈ ਰਾਮਬਾਣ ਇਲਾਜ ਨਹੀਂ ਹੈ। ਬਾਹਰ ਹੋਰ ਵੀ ਬਹੁਤ ਸਾਰੇ ਇਲਾਜ ਮੌਜੂਦ ਹਨ ਜੋ ਇਸੇ ਤਰ੍ਹਾਂ ਕੰਮ ਕਰ ਸਕਦੇ ਹਨ ਅਤੇ ਜਿਨ੍ਹਾਂ ਦੇ ਪਿੱਛੇ ਵਧੇਰੇ ਡਾਟਾ ਮੌਜੂਦ ਹੈ।"

ਉਹ ਅੱਗੇ ਕਹਿੰਦੇ ਹਨ, "ਅਜਿਹਾ ਕੋਈ ਇੱਕ ਇਲਾਜ ਨਹੀਂ ਹੈ ਜੋ ਹਰ ਕਿਸੇ ਲਈ ਕੰਮ ਕਰੇਗਾ।"

"ਅਸੀਂ ਸਾਰੀਆਂ ਵੱਖ-ਵੱਖ ਚੀਜ਼ਾਂ 'ਤੇ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਾਂ ਅਤੇ ਹਮੇਸ਼ਾਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)