ਯੂਰਿਕ ਐਸਿਡ ਵਧਣ ਦੇ ਲੱਛਣ, ਕਾਰਨ ਅਤੇ ਇਲਾਜ: ਗਠੀਏ ਤੋਂ ਬਚਾਅ ਕਿਵੇਂ ਕਰੀਏ?

ਤਸਵੀਰ ਸਰੋਤ, Getty Images
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਅਕਸਰ ਸਵੇਰੇ ਉੱਠਦਿਆਂ ਹੀ ਜੋੜਾਂ ਵਿੱਚ ਜਕੜਨ, ਪੈਰਾਂ ਜਾਂ ਗੋਡਿਆਂ ਵਿੱਚ ਹਲਕਾ ਦਰਦ, ਕਦੇ-ਕਦੇ ਸੋਜ ਜਾਂ ਤੁਰਨ ਵਿੱਚ ਤਕਲੀਫ਼ ਨੂੰ ਅਸੀਂ ਥਕਾਵਟ ਜਾਂ ਉਮਰ ਦਾ ਅਸਰ ਸਮਝ ਕੇ ਟਾਲ ਦਿੰਦੇ ਹਾਂ।
ਪਰ ਜਦੋਂ ਇਹ ਲੱਛਣ ਵਾਰ–ਵਾਰ ਆਉਣ ਲੱਗਣ ਤਾਂ ਇਹ ਸਰੀਰ ਵਿੱਚ ਯੂਰਿਕ ਐਸਿਡ ਵਧਣ ਦਾ ਸੰਕੇਤ ਹੋ ਵੀ ਸਕਦੇ ਹਨ। ਕਈ ਵਾਰ ਇਹ ਅਸਹਿਣਯੋਗ ਦਰਦ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਬਿਮਾਰੀ ਨੂੰ ਗਾਊਟ ਜਾਂ ਗਠੀਆ ਵੀ ਕਹਿੰਦੇ ਹਨ।
ਇਸ ਲੇਖ ਵਿੱਚ ਅਸੀਂ ਮੈਡੀਕਲ ਮਾਹਰਾਂ ਦੀ ਮਦਦ ਨਾਲ ਸਮਝਾਂਗੇ ਕਿ ਯੂਰਿਕ ਐਸਿਡ ਕੀ ਹੈ, ਇਹ ਕਿਉਂ ਵਧਦਾ ਹੈ ਅਤੇ ਸਮੇਂ 'ਤੇ ਧਿਆਨ ਦੇਣਾ ਕਿਉਂ ਜ਼ਰੂਰੀ ਹੈ।
ਗੁੜਗਾਓਂ ਦੇ ਸੀਨੀਅਰ ਰਾਇਮੈਟੋਲੋਜਿਸਟ ਅਤੇ ਇਮਿਊਨੋਲੋਜਿਸਟ ਡਾ. ਰੇਨੂ ਡਾਬਰ ਦੱਸਦੇ ਹਨ ਕਿ ਯੂਰਿਕ ਐਸਿਡ ਸਰੀਰ ਵਿੱਚ ਬਣਨ ਵਾਲਾ ਇੱਕ ਕੁਦਰਤੀ ਰਹਿੰਦਾ-ਖੂੰਹਦ ਪਦਾਰਥ ਹੈ। ਇਹ ਉਸ ਵੇਲੇ ਬਣਦਾ ਹੈ ਜਦੋਂ ਸਰੀਰ ਪਿਊਰੀਨ ਨੂੰ ਤੋੜਦਾ ਹੈ। ਪਿਊਰੀਨ ਇੱਕ ਕੁਦਰਤੀ ਰਸਾਇਣਕ ਪਦਾਰਥ ਹੈ ਜੋ ਸਰੀਰ ਦੇ ਸੈੱਲਾਂ ਵਿੱਚ ਮੌਜੂਦ ਹੁੰਦਾ ਹੈ ਅਤੇ ਲਾਲ ਮਾਸ, ਸਮੁੰਦਰੀ ਭੋਜਨ ਵਰਗੀਆਂ ਚੀਜ਼ਾਂ ਵਿੱਚ ਵੀ ਮਿਲਦਾ ਹੈ; ਇਸ ਦੇ ਟੁੱਟਣ ਨਾਲ ਯੂਰਿਕ ਐਸਿਡ ਬਣਦਾ ਹੈ।
ਖੂਨ ਵਿੱਚ ਯੂਰਿਕ ਐਸਿਡ ਦੀ ਵੱਧ ਮਾਤਰਾ ਵਾਲੀ ਹਾਲਤ ਹੈ, ਹਾਈਪਰਯੂਰਿਸੀਮੀਆ ਜੋ ਗਾਊਟ (ਗਠੀਆ), ਜੋੜਾਂ ਵਿੱਚ ਦਰਦ ਅਤੇ ਗੁਰਦੇ ਦੀਆਂ ਪੱਥਰੀਆਂ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਯੂਰਿਕ ਐਸਿਡ ਕਿਵੇਂ ਬਣਦਾ ਹੈ?
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਓਰਥੋਪੈਡਿਕਸ ਵਿਭਾਗ ਵਿੱਚ ਮੈਡੀਕਲ ਅਫ਼ਸਰ ਡਾ. ਸੌਰਵ ਸਿੰਘ ਸਿੰਘਲਾ ਸਮਝਾਉਂਦੇ ਹਨ ਕਿ ਯੂਰਿਕ ਐਸਿਡ ਪਿਊਰੀਨ ਮੈਟਾਬੋਲਿਜ਼ਮ ਦਾ ਉਪ-ਉਤਪਾਦ ਹੈ, ਜੋ ਦੋ ਤਰੀਕਿਆਂ ਨਾਲ ਬਣਦਾ ਹੈ।
ਪਹਿਲਾ, ਐਂਡੋਜੇਨਸ ਪਿਊਰੀਨ, ਜੋ ਸਰੀਰ ਦੇ ਅੰਦਰ ਲੀਵਰ, ਆਂਦਰਾਂ, ਮਾਸਪੇਸ਼ੀਆਂ, ਕਿਡਨੀ ਅਤੇ ਵੈਸਕੂਲਰ ਐਂਡੋਥੀਲਿਅਮ ਵਰਗੇ ਟਿਸ਼ੂਜ਼ ਵਿੱਚ ਬਣਦਾ ਹੈ। ਦੂਜਾ, ਐਕਸੋਜੇਨਸ ਪਿਊਰੀਨ, ਜੋ ਮੁੱਖ ਤੌਰ 'ਤੇ ਐਨੀਮਲ ਪ੍ਰੋਟੀਨ ਵਾਲੀ ਖੁਰਾਕ ਰਾਹੀਂ ਮਿਲਦਾ ਹੈ।
ਉਹ ਦੱਸਦੇ ਹਨ, "ਇਹ ਪਿਊਰੀਨ ਨਿਊਕਲੀਓਟਾਈਡ ਐਂਜ਼ਾਈਮਾਂ ਦੇ ਸਮੂਹ ਦੁਆਰਾ ਹਾਈਪੋਕਸੈਂਥਾਈਨ ਅਤੇ ਜ਼ੈਂਥਾਈਨ ਵਿੱਚ ਟੁੱਟਦੇ ਹਨ, ਜੋ ਅੱਗੇ ਜ਼ੈਂਥਾਈਨ ਆਕਸੀਡੇਜ਼ ਐਂਜ਼ਾਈਮ ਰਾਹੀਂ ਯੂਰਿਕ ਐਸਿਡ ਵਿੱਚ ਬਦਲ ਜਾਂਦੇ ਹਨ।"
"ਇਨਸਾਨਾਂ ਵਿੱਚ ਯੂਰੀਕੇਜ਼ ਐਂਜ਼ਾਈਮ ਦੀ ਘਾਟ ਹੁੰਦੀ ਹੈ, ਇਸ ਲਈ ਯੂਰਿਕ ਐਸਿਡ ਅੱਗੇ ਐਲੈਂਟੋਇਨ ਵਿੱਚ ਨਹੀਂ ਟੁੱਟ ਸਕਦਾ ਅਤੇ ਗੁਰਦਿਆਂ 'ਤੇ ਨਿਰਭਰ ਰਹਿੰਦਾ ਹੈ। ਇਹ ਯੂਰਿਕ ਐਸਿਡ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਨਿਕਲਦਾ ਹੈ। ਯੂਰਿਕ ਐਸਿਡ ਇੱਕ ਕਮਜ਼ੋਰ ਐਸਿਡ ਹੈ, ਜਿਸਦੀ ਪਾਣੀ ਵਿੱਚ ਘੁਲਣਸ਼ੀਲਤਾ ਘੱਟ ਹੁੰਦੀ ਹੈ।"
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਵਿੱਚ ਮੈਡੀਕਲ ਅਫ਼ਸਰ ਡਾ. ਸੌਰਵ ਸਿੰਘ ਸਿੰਘਲਾ ਸਾਦੇ ਸ਼ਬਦਾਂ ਵਿੱਚ ਸਮਝਾਉਂਦੇ ਹਨ ਕਿ ਯੂਰਿਕ ਐਸਿਡ ਸਰੀਰ ਵਿੱਚ ਪਿਊਰੀਨ ਨਾਮ ਦੇ ਪਦਾਰਥ ਦੇ ਟੁੱਟਣ ਨਾਲ ਬਣਦਾ ਹੈ।
ਇਹ ਪਿਊਰੀਨ ਦੋ ਤਰ੍ਹਾਂ ਨਾਲ ਸਰੀਰ ਵਿੱਚ ਆਉਂਦਾ ਹੈ। ਪਹਿਲਾਂ, ਸਰੀਰ ਆਪਣੇ ਅੰਦਰ ਹੀ ਪਿਊਰੀਨ ਬਣਾਉਂਦਾ ਹੈ – ਜਿਵੇਂ ਜਿਗਰ, ਆਂਦਰਾਂ, ਮਾਸਪੇਸ਼ੀਆਂ, ਗੁਰਦੇ ਅਤੇ ਖੂਨ ਦੀਆਂ ਨਾੜੀਆਂ ਵਿੱਚ। ਦੂਜਾ, ਇਹ ਖਾਣ-ਪੀਣ ਤੋਂ ਆਉਂਦਾ ਹੈ – ਖਾਸ ਕਰਕੇ ਜਾਨਵਰਾਂ ਦੇ ਮਾਸ ਜਾਂ ਪ੍ਰੋਟੀਨ ਵਾਲੀਆਂ ਚੀਜ਼ਾਂ ਤੋਂ।
ਉਹ ਅੱਗੇ ਦੱਸਦੇ ਹਨ, "ਇਹ ਪਿਊਰੀਨ ਸਰੀਰ ਵਿੱਚ ਕੁਝ ਖਾਸ ਐਂਜ਼ਾਈਮਾਂ ਨਾਲ ਟੁੱਟ ਕੇ ਪਹਿਲਾਂ ਹਾਈਪੋਕਸੈਂਥੀਨ ਅਤੇ ਜ਼ੈਂਥੀਨ ਬਣਦੇ ਹਨ, ਫਿਰ ਇੱਕ ਹੋਰ ਐਂਜ਼ਾਈਮ (ਜ਼ੈਂਥੀਨ ਆਕਸੀਡੇਜ਼) ਨਾਲ ਯੂਰਿਕ ਐਸਿਡ ਵਿੱਚ ਬਦਲ ਜਾਂਦੇ ਹਨ।"
"ਹੋਰ ਜਾਨਵਰਾਂ ਵਿੱਚ ਇੱਕ ਐਂਜ਼ਾਈਮ (ਯੂਰੀਕੇਜ਼) ਹੁੰਦਾ ਹੈ ਜੋ ਯੂਰਿਕ ਐਸਿਡ ਨੂੰ ਹੋਰ ਟੁੱਟ ਕੇ ਬਾਹਰ ਕੱਢ ਦਿੰਦਾ ਹੈ, ਪਰ ਇਨਸਾਨਾਂ ਵਿੱਚ ਇਹ ਐਂਜ਼ਾਈਮ ਨਹੀਂ ਹੁੰਦਾ। ਇਸ ਕਰਕੇ ਯੂਰਿਕ ਐਸਿਡ ਗੁਰਦਿਆਂ ਤੋਂ ਪਿਸ਼ਾਬ ਰਾਹੀਂ ਹੀ ਬਾਹਰ ਨਿਕਲਦਾ ਹੈ। ਯੂਰਿਕ ਐਸਿਡ ਪਾਣੀ ਵਿੱਚ ਘੱਟ ਘੁਲਦਾ ਹੈ, ਇਸ ਲਈ ਜੇ ਵੱਧ ਹੋ ਜਾਵੇ ਤਾਂ ਸਮੱਸਿਆ ਪੈਦਾ ਕਰ ਸਕਦਾ ਹੈ।"
ਸਧਾਰਨ ਯੂਰਿਕ ਐਸਿਡ ਦਾ ਪੱਧਰ
ਮਰਦਾਂ ਅਤੇ ਮੀਨੋਪੌਜ਼ ਤੋਂ ਬਾਅਦ ਵਾਲੀਆਂ ਔਰਤਾਂ ਲਈ: 3.5–7.2 mg/dL
ਮੀਨੋਪੌਜ਼ ਤੋਂ ਪਹਿਲਾਂ ਵਾਲੀਆਂ ਔਰਤਾਂ ਲਈ: 2.6–6.0 mg/dL
ਯੂਰਿਕ ਐਸਿਡ ਵਧਣ ਦੇ ਲੱਛਣ

ਤਸਵੀਰ ਸਰੋਤ, Getty Images
ਮਾਹਰਾਂ ਅਨੁਸਾਰ, ਜਦੋਂ ਯੂਰਿਕ ਐਸਿਡ ਦੀ ਮਾਤਰਾ 6.8 mg/dL ਤੋਂ ਵੱਧ ਹੋ ਜਾਂਦੀ ਹੈ, ਤਾਂ ਮੋਨੋਸੋਡੀਅਮ ਯੂਰੇਟ ਕ੍ਰਿਸਟਲ ਬਣਨ ਲੱਗਦੇ ਹਨ। ਇਹ ਕ੍ਰਿਸਟਲ ਜੋੜਾਂ ਅਤੇ ਆਲੇ–ਦੁਆਲੇ ਦੇ ਟਿਸ਼ੂਜ਼ ਵਿੱਚ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਗਾਊਟ (ਗਠੀਏ) ਦੀ ਸਮੱਸਿਆ ਪੈਦਾ ਹੁੰਦੀ ਹੈ।
ਕੁਝ ਮੈਡੀਕਲ ਸੋਰਸ ਵਿੱਚ ਮਰਦਾਂ ਲਈ 3.4-7.0 ਅਤੇ ਔਰਤਾਂ ਲਈ 2.4-6.0 ਵੀ ਦੱਸਿਆ ਜਾਂਦਾ ਹੈ।
ਹਾਲਾਂਕਿ, ਮਾਹਰਾਂ ਮੁਤਾਬਕ, "ਵੱਖ-ਵੱਖ ਲੈਬਾਂ ਵਿੱਚ ਥੋੜ੍ਹਾ ਫ਼ਰਕ ਹੋ ਸਕਦਾ ਹੈ, ਪਰ 7 mg/dL ਤੋਂ ਵੱਧ ਨੂੰ ਵਧਿਆ ਮੰਨਿਆ ਜਾਂਦਾ ਹੈ।"
ਡਾ. ਰੇਨੂ ਦੱਸਦੇ ਹਨ ਕਿ ਵਧਿਆ ਹੋਇਆ ਯੂਰਿਕ ਐਸਿਡ ਅਕਸਰ ਉਦੋਂ ਤੱਕ ਬਿਨਾਂ ਕਿਸੇ ਲੱਛਣ ਦੇ ਵੀ ਰਹਿ ਸਕਦਾ ਹੈ, ਜਦੋਂ ਤੱਕ ਗਠੀਏ ਜਾਂ ਗੁਰਦੇ ਦੀ ਪੱਥਰੀ ਵਰਗੀ ਸਮੱਸਿਆ ਨਾ ਬਣ ਜਾਏ।
ਉਹ ਦੱਸਦੇ ਹਨ, "ਗਾਊਟ ਦੇ ਆਮ ਲੱਛਣਾਂ ਵਿੱਚ ਅਚਾਨਕ ਹੋਣ ਵਾਲੀ ਸੋਜਿਸ਼ ਭਰੀ ਗਠੀਆ (ਐਕਿਊਟ ਇਨਫਲਾਮੇਟਰੀ ਆਰਥਰਾਈਟ) ਸ਼ਾਮਲ ਹੈ, ਜਿਸ ਵਿੱਚ ਜੋੜ ਸੁੱਜ ਜਾਂਦੇ ਹਨ, ਲਾਲ ਹੋ ਜਾਂਦੇ ਹਨ ਅਤੇ ਛੂਹਣ 'ਤੇ ਗਰਮ ਅਤੇ ਬੇਹੱਦ ਦਰਦ ਮਹਿਸੂਸ ਹੁੰਦਾ ਹੈ।"
"ਇਹ ਆਮ ਤੌਰ 'ਤੇ ਪੈਰ ਦੇ ਅੰਗੂਠੇ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਡੀਆਂ, ਅੱਡੀਆਂ ਦਾ ਜੋੜ (ਐਂਕਲਸ), ਗੁੱਟ ਅਤੇ ਹੱਥਾਂ ਤੇ ਪੈਰਾਂ ਦੇ ਛੋਟੇ-ਛੋਟੇ ਜੋੜਾਂ ਤੱਕ ਫੈਲ ਸਕਦਾ ਹੈ। ਇਹ ਦਰਦ ਆਮ ਤੌਰ 'ਤੇ ਰਾਤ ਨੂੰ ਆਰਾਮ ਕਰਦੇ ਸਮੇਂ ਸ਼ੁਰੂ ਹੁੰਦਾ ਹੈ ਅਤੇ 1 ਤੋਂ 2 ਦਿਨਾਂ ਵਿੱਚ ਆਪਣੇ ਸਿਖ਼ਰ 'ਤੇ ਪਹੁੰਚ ਜਾਂਦਾ ਹੈ।"
ਯੂਰਿਕ ਐਸਿਡ ਵਧਣ ਦੇ ਮੁੱਖ ਕਾਰਨ

ਤਸਵੀਰ ਸਰੋਤ, Getty Images
ਡਾ. ਸੌਰਵ ਦੱਸਦੇ ਹਨ, "ਯੂਰਿਕ ਐਸਿਡ ਵੱਧਣ ਦੇ ਮੁੱਖ ਕਾਰਨ ਦੋ ਹਨ। ਲਗਭਗ 90 ਫੀਸਦੀ ਮਾਮਲਿਆਂ ਵਿੱਚ ਇਹ ਗੁਰਦਿਆਂ ਵੱਲੋਂ ਯੂਰਿਕ ਐਸਿਡ ਨੂੰ ਠੀਕ ਤਰ੍ਹਾਂ ਨਾਲ ਬਾਹਰ ਨਾ ਕੱਢ ਸਕਣਾ, ਜਦਕਿ 10 ਫੀਸਦੀ ਤੋਂ ਘੱਟ ਮਾਮਲਿਆਂ ਵਿੱਚ ਸਰੀਰ ਵਿੱਚ ਯੂਰਿਕ ਐਸਿਡ ਦਾ ਵੱਧ ਉਤਪਾਦਨ, ਇਸ ਦਾ ਕਾਰਨ ਹੁੰਦਾ ਹੈ।"
ਯੂਰਿਕ ਐਸਿਡ ਦੇ ਕੀ ਕਾਰਨ ਅਤੇ ਕਿੰਨਾਂ ਲੋਕਾਂ ਵਿੱਚ ਜ਼ਿਆਦਾ ਜੋਖ਼ਮ ਹੈ
ਮਾਹਰਾਂ ਅਨੁਸਾਰ, ਯੂਰਿਕ ਐਸਿਡ ਵੱਧਣ ਅਤੇ ਗਠੀਏ ਦੇ ਵਿਕਾਸ ਨਾਲ ਕੁਝ ਖਾਸ ਜੋਖ਼ਮ ਕਾਰਕ ਜੁੜੇ ਹੋਏ ਹਨ,
- ਜੀਵਨ ਸ਼ੈਲੀ: ਉੱਚ ਸ਼ੱਕਰ (ਹਾਈ ਸ਼ੂਗਰ) ਵਾਲੀਆਂ ਚੀਜ਼ਾਂ ਦਾ ਸੇਵਨ, ਜਿਵੇਂ ਸ਼ਰਾਬ (ਖ਼ਾਸ ਕਰਕੇ ਬੀਅਰ) ਅਤੇ ਹੋਰ ਮਿੱਠੇ ਪੀਣ ਵਾਲੇ ਪਦਾਰਥ, ਪ੍ਰੋਸੈਸ ਕੀਤੇ ਮਾਸ, ਲਾਲ ਮਾਸ ਅਤੇ ਸਮੁੰਦਰੀ ਭੋਜਨ।
- ਜ਼ਿਆਦਾ ਸ਼ਰਾਬ ਪੀਣਾ, ਯੂਰਿਕ ਐਸਿਡ ਨੂੰ ਸਰੀਰ ਤੋਂ ਨਿਕਲਣ ਤੋਂ ਰੋਕਦਾ ਹੈ ਅਤੇ ਨਾਲ ਹੀ ਪਿਊਰੀਨ ਵੀ ਵਧਾਉਂਦਾ ਹੈ। ਪਾਣੀ ਦੀ ਕਮੀ ਨਾਲ ਖੂਨ ਵਿੱਚ ਯੂਰਿਕ ਐਸਿਡ ਗਾੜ੍ਹਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤੇਜ਼ੀ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਦੌਰਾਨ, ਹਾਈ-ਪ੍ਰੋਟੀਨ ਡਾਇਟ ਲੈਣ ਨਾਲ ਅਤੇ ਜ਼ਿਆਦਾਤਰ ਬੈਠੇ ਰਹਿਣ ਵਾਲੀਆਂ ਗਤੀਵਿਧੀਆਂ ਕਾਰਨ ਵੀ ਇਹ ਵਧ ਸਕਦਾ ਹੈ।
- ਜਨੈਟਿਕਸ: ਕੁਝ ਬਿਮਾਰੀਆਂ, ਜਿਵੇਂ ਜਨਮ ਤੋਂ ਹੀ ਐਂਜ਼ਾਈਮ ਦੀ ਘਾਟ ਜਾਂ ਕਿਡਨੀ ਨਾਲ ਸੰਬੰਧਿਤ ਸਮੱਸਿਆਵਾਂ। ਪਰਿਵਾਰ ਵਿੱਚ ਇਸ ਬਿਮਾਰੀ ਦਾ ਕੋਈ ਪਿਛੋਕੜ ਹੋਣਾ ਵੀ ਸ਼ਾਮਲ ਹੈ।
- ਮੋਟਾਪਾ (ਐਬਡੋਮੀਨਲ ਓਬੈਸਿਟੀ): ਜਿਸ ਨਾਲ ਇਨਸੋਲਿਨ ਰੋਧ ਵਧ ਜਾਂਦਾ ਹੈ। ਮੋਟਾਪਾ ਦੇ ਵਧੇ ਹੋਏ ਯੂਰਿਕ ਐਸਿਡ ਪੱਧਰ ਨਾਲ ਗਹਿਰਾ ਸੰਬੰਧ ਰੱਖਦਾ ਹੈ, ਖ਼ਾਸ ਕਰਕੇ ਔਰਤਾਂ ਅਤੇ ਕਿਸ਼ੋਰਾਂ ਵਿੱਚ, ਕਿਉਂਕਿ ਇਹ ਯੂਰਿਕ ਐਸਿਡ ਦੀ ਬਣਤਰ ਅਤੇ ਰੋਕ ਦੋਵਾਂ ਨੂੰ ਵਧਾਉਂਦਾ ਹੈ।
- ਹਾਈ ਬੀਪੀ, ਸ਼ੂਗਰ, ਖੂਨ ਵਿੱਚ ਕੋਲੇਸਟਰੋਲ ਜਾਂ ਚਰਬੀ ਦਾ ਪੱਧਰ ਵਧ ਜਾਂ ਘੱਟ ਹੋ ਜਾਣਾ ਅਤੇ ਮੈਟਾਬੋਲਿਕ ਸਿੰਡਰੋਮ ਵਰਗੀਆਂ ਮੈਟਾਬੋਲਿਕ ਬਿਮਾਰੀਆਂ ਗੁਰਦਿਆਂ ਰਾਹੀਂ ਯੂਰਿਕ ਐਸਿਡ ਨਿਕਾਸ ਨੂੰ ਘਟਾਉਂਦੀਆਂ ਹਨ।
- ਖ਼ੂਨ ਦਾ ਕੈਂਸਰ ਅਤੇ ਕੁਝ ਦਵਾਈਆਂ: ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਦਵਾਈ ਅਤੇ ਲੰਬੇ ਸਮੇਂ ਤੱਕ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਲਈ ਦਵਾਈਆਂ ਲੈਣਾ।
- ਉਮਰ ਅਤੇ ਲਿੰਗ: ਮਰਦਾਂ ਵਿੱਚ ਇਹ ਸਮੱਸਿਆ ਔਰਤਾਂ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਵੱਧ ਹੁੰਦੀ ਹੈ। ਖ਼ਾਸ ਕਰਕੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਧੇਰੇ ਜੋਖ਼ਮ ਰਹਿੰਦਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਵਿੱਚ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਜੋੜਾਂ ਵਿੱਚ ਵਾਰ-ਵਾਰ ਦਰਦ ਹੋਣਾ, ਸੋਜਿਸ਼ ਅਤੇ ਲਾਲੀ (ਲਾਲ ਹੋਣਾ) ਆਉਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ।
ਇਨ੍ਹਾਂ ਕਾਰਕਾਂ ਅਤੇ ਲੱਛਣਾਂ ਵਾਲੇ ਲੋਕਾਂ ਨੂੰ ਹਾਈਪਰਯੂਰਿਸੀਮੀਆ (ਖੂਨ ਵਿੱਚ ਯੂਰਿਕ ਐਸਿਡ ਦੀ ਵੱਧ ਮਾਤਰਾ) ਦੀ ਜਾਂਚ ਲਈ ਰੁਟੀਨ ਖੂਨ ਟੈਸਟ ਕਰਵਾਉਣਾ ਚਾਹੀਦਾ ਹੈ
ਕਦੋਂ ਸਮੱਸਿਆ ਵਧ ਸਕਦੀ ਹੈ

ਤਸਵੀਰ ਸਰੋਤ, Getty Images
ਡਾ. ਰੇਨੂ ਕਹਿੰਦੇ ਹਨ ਕਿ ਜੇ ਉੱਚ ਯੂਰਿਕ ਐਸਿਡ ਦਾ ਇਲਾਜ ਨਾ ਕੀਤਾ ਜਾਵੇ, ਤਾਂ ਗਠੀਏ ਦੇ ਦੌਰਿਆਂ ਤੋਂ ਇਲਾਵਾ ਜੋੜਾਂ ਅਤੇ ਗੁਰਦਿਆਂ ਨਾਲ ਸੰਬੰਧਿਤ ਗੰਭੀਰ ਲੰਬੇ ਸਮੇਂ ਦੀਆਂ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ।
ਉਹ ਕਹਿੰਦੇ ਹਨ, "ਜੇ ਹਾਈਪਰਯੂਰਿਸੀਮੀਆ ਦਾ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ, ਤਾਂ ਯੂਰਿਕ ਐਸਿਡ ਦੇ ਕਣ ਸਰੀਰ ਵਿੱਚ ਇਕੱਠੇ ਹੋ ਸਕਦੇ ਹਨ, ਜਿਨ੍ਹਾਂ ਨੂੰ ਟੋਫ਼ਾਈ (Tophi) ਕਿਹਾ ਜਾਂਦਾ ਹੈ।"
"ਇਹ ਹੱਡੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਐਕਸ-ਰੇ ਅਤੇ ਸੀਟੀ ਸਕੈਨ 'ਚ ਨਜ਼ਰ ਆ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਪ੍ਰਭਾਵਿਤ ਜੋੜਾਂ ਤੋਂ ਤਰਲ ਪਦਾਰਾਥ ਕੱਢ ਕੇ ਕ੍ਰਿਸਟਲਾਂ ਦੀ ਪਛਾਣ ਵੀ ਕੀਤੀ ਜਾ ਸਕਦੀ ਹੈ।"
ਉਨ੍ਹਾਂ ਮੁਤਾਬਕ, "ਇਹ ਕ੍ਰਿਸਟਲ ਗੁਰਦਿਆਂ ਵਿੱਚ ਵੀ ਜਮ੍ਹਾਂ ਹੋ ਸਕਦੇ ਹਨ, ਜਿਸ ਨਾਲ ਗੁਰਦੇ ਦੀਆਂ ਪੱਥਰੀਆਂ (ਕਿਡਨੀ ਸਟੋਨ) ਅਤੇ ਨੈਫਰੋਪੈਥੀ ਹੋ ਸਕਦੀ ਹੈ।"
ਨੈਫਰੋਪੈਥੀ ਗੁਰਦਿਆਂ ਨੂੰ ਨੁਕਸਾਨ ਪਹੁੰਚਣ ਵਾਲੀ ਬਿਮਾਰੀ ਨੂੰ ਕਿਹਾ ਜਾਂਦਾ ਹੈ, ਜਿਸ ਨਾਲ ਗੁਰਦੇ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾਉਂਦੇ।
ਇਸ ਦਾ ਇਲਾਜ ਕੀ ਹੈ

ਤਸਵੀਰ ਸਰੋਤ, Getty Images
ਡਾ. ਸੌਰਵ ਮੁਤਾਬਕ, ਗਠੀਏ ਦਾ ਇਲਾਜ ਦਵਾਈਆਂ ਦੇ ਨਾਲ–ਨਾਲ ਜੀਵਨਸ਼ੈਲੀ ਵਿੱਚ ਸਹੀ ਬਦਲਾਅ ਕਰਨ 'ਤੇ ਵੀ ਨਿਰਭਰ ਕਰਦਾ ਹੈ।
ਉਹ ਕਹਿੰਦੇ ਹਨ, "ਇਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ, ਸਿਰਫ਼ ਦਵਾਈਆਂ ਦੀ ਮਦਦ ਨਾਲ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਲਿਆ ਕਿ ਇਸ ਨੂੰ ਕੰਟ੍ਰੋਲ ਵਿੱਚ ਰੱਖਿਆ ਜਾ ਸਕਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਇਲਾਜ ਵਿੱਚ ਪ੍ਰਭਾਵਿਤ ਜੋੜਾਂ ਨੂੰ ਆਰਾਮ ਦੇਣਾ ਅਤੇ ਬਰਫ਼ ਲਗਾਉਣਾ ਸ਼ਾਮਲ ਹੈ।
ਵਰਜ਼ਿਸ਼ ਕਰਨੀ ਲਾਭਕਾਰੀ ਹੁੰਦੀ ਹੈ, ਖ਼ਾਸ ਕਰਕੇ ਤੈਰਨਾ, ਟਹਿਲਣਾ ਅਤੇ ਸਾਈਕਲਿੰਗ, ਸੁਧਾਰਦੀਆਂ ਹਨ ਅਤੇ ਸਿਹਤਮੰਦ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ।
ਡਾ. ਰੇਨੂ ਅੱਗੇ ਦੱਸਦੇ ਹਨ, "ਸ਼ਰਾਬ ਅਤੇ ਮਿੱਠੀਆਂ ਚੀਜ਼ਾਂ ਪੀਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਸਮੁੰਦਰੀ ਭੋਜਨ ਅਤੇ ਮਾਸ ਦੀ ਖਾਣ ਤੋਂ ਵੀ ਬਚਣਾ ਚਾਹੀਦਾ ਹੈ।"
"ਹਰੀਆਂ ਹਰੀ ਪੱਤੇਦਾਰ ਸਬਜ਼ੀਆਂ, ਟਮਾਟਰ, ਖੀਰਾ, ਚੈਰੀਆਂ ਅਤੇ ਸਿਟਰਸ ਫ਼ਲ ਖਾਣੇ ਚਾਹੀਦੇ ਹਨ। ਲੋੜੀਂਦਾ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਰੋਜ਼ਾਨਾ ਘੱਟੋ–ਘੱਟ 2 ਤੋਂ 4 ਲੀਟਰ ਜਾਂ 6–8 ਗਲਾਸ ਪਾਣੀ ਪੀਣ ਨਾਲ ਸਰੀਰ ਤੋਂ ਵਾਧੂ ਯੂਰਿਕ ਐਸਿਡ ਬਾਹਰ ਕੱਢਦਾ ਹੈ। ਪਾਣੀ ਦੀ ਘਾਟ (ਡਿਹਾਈਡ੍ਰੇਸ਼ਨ) ਕਿਡਨੀਆਂ ਅਤੇ ਯੂਰੈਟਰ ਵਿੱਚ ਪੱਥਰੀ ਬਣਨ ਦਾ ਕਾਰਨ ਬਣ ਸਕਦੀ ਹੈ।"
ਇਸ ਤੋਂ ਇਲਾਵਾ ਮਾਹਰ ਧਿਆਨ (ਮੇਡੀਟੇਸ਼ਨ) ਅਤੇ ਯੋਗਾ ਰਾਹੀਂ ਤਣਾਅ ਘਟਾਉਣਾ ਵੀ ਮਹੱਤਵਪੂਰਨ ਮੰਨਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












