'ਸਾਨੂੰ ਇੱਕ ਸੰਘਣੇ ਜੰਗਲ 'ਚ ਛੱਡ ਦਿੱਤਾ ਸੀ', ਜੂਨ 'ਚ ਦੇਸ਼ ਨਿਕਾਲਾ ਦੇ ਕੇ ਬੰਗਲਾਦੇਸ਼ ਭੇਜੀ ਗਈ ਸੋਨਾਲੀ ਦੀ ਭਾਰਤ ਵਾਪਸੀ ਦੀ ਕਹਾਣੀ

ਸੋਨਾਲੀ

ਤਸਵੀਰ ਸਰੋਤ, Rubaiyat Biswas/BBC

ਤਸਵੀਰ ਕੈਪਸ਼ਨ, ਸੋਨਾਲੀ ਨੂੰ ਜੂਨ ਵਿੱਚ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀ
    • ਲੇਖਕ, ਇਲਮਾ ਹਸਨ
    • ਰੋਲ, ਬੀਬੀਸੀ ਪੱਤਰਕਾਰ

"ਮੈਨੂੰ ਡਰ ਸੀ ਕਿ ਜੇ ਮੇਰਾ ਬੱਚਾ ਬੰਗਲਾਦੇਸ਼ ਵਿੱਚ ਪੈਦਾ ਹੋਇਆ, ਤਾਂ ਉਸ ਦੀ ਨਾਗਰਿਕਤਾ ਬਦਲ ਦਿੱਤੀ ਜਾਵੇਗੀ।"

ਇਹ ਸ਼ਬਦ ਹਨ 25 ਸਾਲਾ ਗਰਭਵਤੀ ਸੋਨਾਲੀ ਖ਼ਾਤੂਨ ਦੇ ਹਨ, ਜਿਨ੍ਹਾਂ ਨੂੰ ਜੂਨ ਵਿੱਚ ਗੁਆਂਢੀ ਦੇਸ਼ ਵਿੱਚ ਭੇਜੇ ਜਾਣ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।

ਭਾਰਤ ਦੇ ਸੂਬੇ ਪੱਛਮੀ ਬੰਗਾਲ ਦੀ ਇੱਕ ਔਰਤ ਸੋਨਾਲੀ ਖ਼ਾਤੂਨ ਨੂੰ ਦਿੱਲੀ ਵਿੱਚ ਉਨ੍ਹਾਂ ਦੇ ਪਤੀ, ਦਾਨਿਸ਼ ਸ਼ੇਖ਼ ਅਤੇ ਉਨ੍ਹਾਂ ਦੇ ਅੱਠ ਸਾਲ ਦੇ ਪੁੱਤਰ ਨਾਲ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਗ਼ੈਰ-ਕਾਨੂੰਨੀ ਪਰਵਾਸੀ ਹੋਣ ਦੇ ਸ਼ੱਕ ਵਿੱਚ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀ।

ਬੰਗਲਾਦੇਸ਼ੀ ਅਧਿਕਾਰੀਆਂ ਨੇ ਬਾਅਦ ਵਿੱਚ ਪਰਿਵਾਰ ਨੂੰ ਦੇਸ਼ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋਣ ਦੇ ਇਲਜ਼ਾਮਾਂ ਕਰਕੇ ਜੇਲ੍ਹ ਭੇਜ ਦਿੱਤਾ।

ਉਨ੍ਹਾਂ ਦੇ ਦੇਸ਼ ਨਿਕਾਲੇ ਨੇ ਰਾਸ਼ਟਰੀ ਸੁਰਖੀਆਂ ਖੱਟੀਆਂ ਅਤੇ ਪੱਛਮੀ ਬੰਗਾਲ ਸਰਕਾਰ ਨੇ ਇਸ ਦੀ ਤਿੱਖੀ ਆਲੋਚਨਾ ਕੀਤੀ, ਜਿਸ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਦੇਸ਼ ਨਿਕਾਲਾ ਦੇਣ ਦਾ ਇਲਜ਼ਾਮ ਲਗਾਇਆ।

ਉਹ ਉਨ੍ਹਾਂ ਸੈਂਕੜੇ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਗ਼ੈਰ-ਕਾਨੂੰਨੀ ਪਰਵਾਸੀ ਹੋਣ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਿਆ ਗਿਆ ਅਤੇ ਬੰਗਲਾਦੇਸ਼ ਭੇਜ ਦਿੱਤਾ ਗਿਆ ਹੈ।

ਦਿੱਲੀ ਨੇ ਇਸ ਦੇਸ਼ ਨਿਕਾਲੇ ਬਾਰੇ ਅਧਿਕਾਰਤ ਅੰਕੜੇ ਨਹੀਂ ਦਿੱਤੇ ਪਰ ਬੰਗਲਾਦੇਸ਼ ਸਰਕਾਰ ਦੇ ਉੱਚ ਸੂਤਰਾਂ ਨੇ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਸਿਰਫ਼ ਮਈ ਵਿੱਚ ਹੀ 1,200 ਤੋਂ ਵੱਧ ਲੋਕਾਂ ਨੂੰ "ਗ਼ੈਰ-ਕਾਨੂੰਨੀ ਤੌਰ 'ਤੇ ਭੇਜਿਆ" ਗਿਆ ਸੀ।

ਉਸੇ ਮਹੀਨੇ ਸਰਕਾਰੀ ਆਲ ਇੰਡੀਆ ਰੇਡੀਓ ਨੇ ਰਿਪੋਰਟ ਦਿੱਤੀ ਸੀ ਕਿ ਲਗਭਗ 700 ਲੋਕਾਂ ਨੂੰ ਦਿੱਲੀ ਤੋਂ ਵਾਪਸ ਭੇਜ ਦਿੱਤਾ ਗਿਆ ਸੀ।

ਭਾਰਤ ਵਿੱਚ ਕਥਿਤ ਬੰਗਲਾਦੇਸ਼ੀ ਪਰਵਾਸੀਆਂ 'ਤੇ ਕਾਰਵਾਈ ਕੋਈ ਨਵੀਂ ਗੱਲ ਨਹੀਂ ਹੈ। ਦੋਵੇਂ ਦੇਸ਼ ਨੇੜਲੇ ਸੱਭਿਆਚਾਰਕ ਸਬੰਧਾਂ ਨੂੰ ਸਾਂਝਾ ਕਰਦੇ ਹਨ ਅਤੇ ਪੰਜ ਸੂਬਿਆਂ ਵਿੱਚ ਫੈਲੀ 4,096 ਕਿਲੋਮੀਟਰ (2,545 ਮੀਲ) ਲੰਬੀ ਸਰਹੱਦ ਹੈ।

ਪੱਛਮੀ ਬੰਗਾਲ, ਸਰਹੱਦ ਦੇ ਨਾਲ ਲੱਗਦੇ ਹੋਰ ਸੂਬਿਆਂ ਵਾਂਗ ਲੰਬੇ ਸਮੇਂ ਤੋਂ ਪਰਵਾਸ ਦੀਆਂ ਲਹਿਰਾਂ ਦੇਖਦਾ ਰਿਹਾ ਹੈ ਕਿਉਂਕਿ ਲੋਕ ਕੰਮ ਦੀ ਭਾਲ ਵਿੱਚ ਜਾਂ ਧਾਰਮਿਕ ਅੱਤਿਆਚਾਰ ਤੋਂ ਬਚਣ ਲਈ ਭੱਜਦੇ ਹਨ।

ਪਰ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਦੇਸ਼ ਨਿਕਾਲੇ ਉਨ੍ਹਾਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜੋ ਬੰਗਾਲੀ ਬੋਲਦੇ ਹਨ ਅਤੇ ਬਿਨਾਂ ਕਿਸੇ ਢੁੱਕਵੀਂ ਪ੍ਰਕਿਰਿਆ ਦੇ ਕੀਤੇ ਜਾ ਰਹੇ ਹਨ।

ਦਰਅਸਲ, ਬੰਗਾਲੀ ਉਹ ਭਾਸ਼ਾ ਹੈ, ਜੋ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੋਵਾਂ ਥਾਵਾਂ ਉੱਤੇ ਬੋਲੀ ਜਾਂਦੀ ਹੈ।

ਸੋਨਾਲੀ ਖ਼ਾਤੂਨ
ਇਹ ਵੀ ਪੜ੍ਹੋ-

ਕਿਵੇਂ ਮਿਲੀ ਵਾਪਸੀ ਦੀ ਇਜਾਜ਼ਤ

ਦਿੱਲੀ ਦੇ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਨੇ ਕਿਹਾ ਕਿ ਸੋਨਾਲੀ ਖ਼ਾਤੂਨ ਅਤੇ ਉਨ੍ਹਾਂ ਦੇ ਤਿੰਨ ਗੁਆਂਢੀਆਂ ਕੋਲ ਭਾਰਤ ਵਿੱਚ ਉਨ੍ਹਾਂ ਦੇ ਕਾਨੂੰਨੀ ਦਾਖ਼ਲੇ ਜਾਂ ਨਿਵਾਸ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ਾਂ ਦੀ ਘਾਟ ਹੈ, ਇਸ ਲਈ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ।

ਹਾਲਾਂਕਿ, ਉਨ੍ਹਾਂ ਦੀ ਸੱਤ ਸਾਲ ਦੀ ਧੀ ਪਿੱਛੇ ਰਹਿ ਗਈ ਸੀ ਕਿਉਂਕਿ ਜਦੋਂ ਪਰਿਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਉਹ ਰਿਸ਼ਤੇਦਾਰਾਂ ਨਾਲ ਰਹਿ ਰਹੀ ਸੀ ।

ਪ੍ਰੋਟੋਕਾਲ ਦੇ ਤਹਿਤ, ਅਧਿਕਾਰੀਆਂ ਨੂੰ ਸ਼ੱਕੀ ਗ਼ੈਰ-ਕਾਨੂੰਨੀ ਪਰਵਾਸੀ ਦੇ ਦਾਅਵੇ ਨੂੰ ਗ੍ਰਹਿ ਰਾਜ ਤੋਂ ਤਸਦੀਕ ਕਰਨ ਦੀ ਲੋੜ ਹੁੰਦੀ ਹੈ। ਪੱਛਮੀ ਬੰਗਾਲ ਪਰਵਾਸੀ ਮਜ਼ਦੂਰ ਭਲਾਈ ਬੋਰਡ ਦੇ ਚੇਅਰਮੈਨ ਸਮੀਰੁਲ ਇਸਲਾਮ ਨੇ ਬੀਬੀਸੀ ਨੂੰ ਦੱਸਿਆ ਕਿ ਸੋਨਾਲੀ ਖ਼ਾਤੂਨ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਗਿਆ ਸੀ।

ਬੀਬੀਸੀ ਨੇ ਦਿੱਲੀ ਦੇ ਗ੍ਰਹਿ ਵਿਭਾਗ ਨੂੰ ਲਿਖਿਆ ਹੈ, ਜੋ ਦੇਸ਼ ਨਿਕਾਲੇ ਦੀ ਨਿਗਰਾਨੀ ਕਰਦਾ ਹੈ।

ਦਸੰਬਰ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜਦੋਂ ਤੱਕ ਸੋਨਾਲੀ ਖ਼ਾਤੂਨ ਦੀ ਨਾਗਰਿਕਤਾ ਦੀ ਜਾਂਚ ਚੱਲ ਰਹੀ ਹੈ, ਉਦੋਂ ਤੱਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ "ਮਾਨਵਤਾ ਦੇ ਆਧਾਰ 'ਤੇ" ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ।

ਉਦੋਂ ਤੋਂ ਉਹ ਪੱਛਮੀ ਬੰਗਾਲ ਵਿੱਚ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ। ਉਨ੍ਹਾਂ ਦੇ ਪਤੀ, ਜਿਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ, ਉਹ ਕਿਸੇ ਰਿਸ਼ਤੇਦਾਰ ਕੋਲ ਬੰਗਲਾਦੇਸ਼ ਵਿੱਚ ਹਨ।

ਸੋਨਾਲੀ ਖ਼ਾਤੂਨ

ਤਸਵੀਰ ਸਰੋਤ, Rubaiyat Biswas/BBC

ਤਸਵੀਰ ਕੈਪਸ਼ਨ, ਸੋਨਾਲੀ ਖ਼ਾਤੂਨ ਦੇ ਪਤੀ ਅਜੇ ਵੀ ਬੰਗਲਾਦੇਸ਼ ਵਿੱਚ ਹਨ

ਸੋਨਾਲੀ ਖ਼ਾਤੂਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਾਪਸ ਜਾਣ ਦੀ ਇਜਾਜ਼ਤ ਮਿਲਣ ਉੱਤੇ ਅਜੀਬ ਭਾਵਨਾਵਾਂ ਮਹਿਸੂਸ ਕਰ ਰਹੀ ਹੈ।

ਉਨ੍ਹਾਂ ਨੂੰ ਇਸ ਗੱਲ ਤੋਂ ਰਾਹਤ ਮਿਲੀ ਹੈ ਕਿ ਜਨਵਰੀ ਵਿੱਚ ਪੈਦਾ ਹੋਣ ਵਾਲਾ ਉਨ੍ਹਾਂ ਦਾ ਬੱਚਾ, ਜਨਮ ਤੋਂ ਹੀ ਇੱਕ ਭਾਰਤੀ ਨਾਗਰਿਕ ਹੋਵੇਗਾ ਪਰ ਉਹ ਆਪਣੇ ਪਤੀ ਬਾਰੇ ਚਿੰਤਤ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਨਹੀਂ ਦੇਖਿਆ ਕਿਉਂਕਿ ਉਨ੍ਹਾਂ ਨੂੰ ਬੰਗਲਾਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ।

ਉਹ ਕਹਿੰਦੇ ਹਨ ਕਿ ਉਹ ਅਕਸਰ ਵੀਡੀਓ ਕਾਲਾਂ 'ਤੇ ਰੋ ਪੈਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਘਰ ਆਉਣਾ ਚਾਹੁੰਦੇ ਹਨ।

ਸੋਨਾਲੀ ਪੁੱਛਦੀ ਹਨ, "ਅਸੀਂ ਬੰਗਲਾਦੇਸ਼ ਤੋਂ ਨਹੀਂ ਹਾਂ, ਅਸੀਂ ਭਾਰਤੀ ਹਾਂ। ਪਰ ਉਨ੍ਹਾਂ ਨੇ ਸਾਡੇ ਨਾਲ ਅਜਿਹਾ ਕਿਉਂ ਕੀਤਾ?"

ਉਹ ਇਲਜ਼ਾਮ ਲਗਾਉਂਦੀ ਹੈ ਕਿ ਦਿੱਲੀ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਜਾਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਗੁਆਂਢੀਆਂ ਨੂੰ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਲੈ ਕੇ ਗਏ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅਰਧ ਸੈਨਿਕ ਕਰਮਚਾਰੀਆਂ ਵੱਲੋਂ ਸਰਹੱਦ ਪਾਰ "ਧੱਕਾ" ਦੇ ਦਿੱਤਾ ਗਿਆ।

ਉਹ ਇਹ ਵੀ ਇਲਜ਼ਾਮ ਲਗਾਉਂਦੀ ਹੈ ਕਿ "ਉਨ੍ਹਾਂ ਨੇ ਸਾਨੂੰ (ਬੰਗਲਾਦੇਸ਼ ਵਿੱਚ) ਇੱਕ ਸੰਘਣੇ ਜੰਗਲ ਵਿੱਚ ਛੱਡ ਦਿੱਤਾ, ਜਿੱਥੇ ਬਹੁਤ ਸਾਰੀਆਂ ਨਦੀਆਂ ਅਤੇ ਨਾਲੇ ਸਨ।"

ਸੋਨਾਲੀ ਖ਼ਾਤੂਨ

ਤਸਵੀਰ ਸਰੋਤ, Rubaiyat Biswas/BBC

ਤਸਵੀਰ ਕੈਪਸ਼ਨ, ਸੋਨਾਲੀ ਖ਼ਾਤੂਨ ਆਪਣੇ ਪੁੱਤਰ ਨਾਲ ਭਾਰਤ ਵਿੱਚ ਰਹਿ ਰਹੇ ਹਨ

'ਸਾਨੂੰ ਜੰਗਲਾਂ ਵਿੱਚ ਛੱਡ ਦਿੱਤਾ'

ਉਹ ਅੱਗੇ ਕਹਿੰਦੀ ਹੈ ਕਿ ਜਦੋਂ ਉਨ੍ਹਾਂ ਨੇ ਸਥਾਨਕ ਲੋਕਾਂ ਦੁਆਰਾ ਦਿਖਾਏ ਗਏ ਰਸਤੇ ਰਾਹੀਂ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬੀਐੱਸਐੱਫ ਗਾਰਡਾਂ ਨੇ ਉਨ੍ਹਾਂ ਦੇ ਪਤੀ ਸਮੇਤ ਸਮੂਹ ਦੇ ਕੁਝ ਲੋਕਾਂ ਨੂੰ ਕੁੱਟਿਆ ਅਤੇ ਫਿਰ ਉਨ੍ਹਾਂ ਨੂੰ ਉਸੇ ਜੰਗਲ ਵਿੱਚ ਵਾਪਸ ਭੇਜ ਦਿੱਤਾ ਜਿੱਥੇ ਉਨ੍ਹਾਂ ਨੂੰ ਸ਼ੁਰੂ ਵਿੱਚ ਲਿਆਂਦਾ ਗਿਆ ਸੀ।

ਬੀਬੀਸੀ ਨੇ ਖ਼ਾਤੂਨ ਦੇ ਇਲਜ਼ਾਮਾਂ ਦੇ ਜਵਾਬ ਲਈ ਬੀਐੱਸਐੱਫ ਨੂੰ ਸਵਾਲ ਭੇਜੇ ਹਨ।

ਸਥਾਨਕ ਲੋਕਾਂ ਦੀ ਮਦਦ ਨਾਲ ਇਹ ਸਮੂਹ ਢਾਕਾ ਪਹੁੰਚਿਆ, ਜਿੱਥੇ ਉਹ ਗ੍ਰਿਫ਼ਤਾਰ ਕੀਤੇ ਜਾਣ ਅਤੇ ਜੇਲ੍ਹ ਜਾਣ ਤੋਂ ਪਹਿਲਾਂ ਕਈ ਦਿਨਾਂ ਤੱਕ ਬਿਨਾਂ ਖਾਣੇ ਅਤੇ ਪਾਣੀ ਦੇ ਭਟਕਦੇ ਰਹੇ।

ਉਹ ਦੱਸਦੀ ਹੈ ਕਿ ਜੇਲ੍ਹ ਦਾ ਖਾਣਾ ਇੱਕ ਗਰਭਵਤੀ ਔਰਤ ਲਈ ਕਾਫ਼ੀ ਨਹੀਂ ਸੀ ਅਤੇ ਉਨ੍ਹਾਂ ਦੀ ਕੋਠੜੀ ਵਿੱਚ ਕੋਈ ਟਾਇਲਟ ਨਹੀਂ ਸੀ।

ਉਹ ਕਹਿੰਦੀ ਹੈ, "ਮੈਂ ਡਰ ਗਈ ਸੀ ਕਿਉਂਕਿ ਮੇਰੇ ਨਾਲ ਸਿਰਫ਼ ਮੇਰਾ ਪੁੱਤਰ ਸੀ। ਅਸੀਂ ਸਿਰਫ਼ ਰੋਂਦੇ ਰਹੇ।"

ਬੀਬੀਸੀ ਨੇ ਸੋਨਾਲੀ ਦੇ ਇਲਜ਼ਾਮਾਂ ਦੇ ਜਵਾਬ ਮੰਗਦੇ ਹੋਏ ਬੰਗਲਾਦੇਸ਼ ਦੇ ਗ੍ਰਹਿ ਅਤੇ ਜੇਲ੍ਹ ਵਿਭਾਗਾਂ ਨੂੰ ਪੱਤਰ ਲਿਖਿਆ ਹੈ।

ਭਾਰਤ ਵਿੱਚ ਉਨ੍ਹਾਂ ਦਾ ਪਰਿਵਾਰ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਅਦਾਲਤਾਂ ਵਿੱਚ ਧੱਕੇ ਖਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਦੇ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ।

ਪੱਛਮੀ ਬੰਗਾਲ ਵਿੱਚ ਆਪਣੇ ਮਾਪਿਆਂ ਦੀ ਇੱਕ ਕਮਰੇ ਵਾਲੀ ਝੌਂਪੜੀ ਵਿੱਚ ਬੈਠੀ ਸੋਨਾਲੀ ਖ਼ਾਤੂਨ ਦਾ ਕਹਿਣਾ ਹੈ, "ਮੇਰਾ ਪਰਿਵਾਰ ਟੁੱਟ ਗਿਆ ਹੈ।"

ਉਨ੍ਹਾਂ ਦਾ ਕਹਿਣਾ ਹੈ ਪਤਾ ਨਹੀਂ ਕਿ ਦੋ ਬੱਚਿਆਂ ਅਤੇ ਤੀਜਾ ਆਉਣ ਵਾਲਾ ਹੈ, ਉਸ ਨੂੰ ਉਹ ਕਿਵੇਂ ਪਾਲ਼ੇਗੀ।

ਉਨ੍ਹਾਂ ਦਾ ਕਹਿਣਾ ਹੈ, "ਜੇ ਅਸੀਂ ਇੱਥੇ ਰਹੇ, ਤਾਂ ਅਸੀਂ ਸ਼ਾਇਦ ਤਿੰਨ ਵਾਰ ਖਾਣਾ ਖਾਣ ਲਈ ਵੀ ਪੈਸੇ ਨਾ ਕਮਾ ਸਕੀਏ, ਪਰ ਮੈਂ ਕਦੇ ਵੀ ਦਿੱਲੀ ਵਾਪਸ ਨਹੀਂ ਜਾਵਾਂਗੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)