ਮਹਿਲਾ ਨਿਸ਼ਾਨੇਬਾਜ਼ ਵੱਲੋਂ ਕੋਚ ਉੱਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਕਥਿਤ ਇਲਜ਼ਾਮਾਂ ਦਾ ਕੀ ਹੈ ਮਾਮਲਾ

ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਇੱਕ ਨਾਬਾਲਗ਼ ਮਹਿਲਾ ਨਿਸ਼ਾਨੇਬਾਜ਼ ਦੀ ਸ਼ਿਕਾਇਤ ਦੇ ਅਧਾਰ ਉੱਤੇ ਮਾਮਲਾ ਦਰਜ ਕੀਤਾ ਹੈ (ਸੰਕੇਤਕ ਤਸਵੀਰ)
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ
    • ਲੇਖਕ, ਮਨੋਜ ਢਾਕਾ
    • ਰੋਲ, ਬੀਬੀਸੀ ਸਹਿਯੋਗੀ

ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਨੇ ਨਾਬਾਲਗ਼ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਵਿੱਚ ਘਿਰੇ ਆਪਣੇ ਇੱਕ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਨੂੰ ਸਸਪੈਂਡ ਕਰ ਦਿੱਤਾ ਹੈ।

ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਰਾਜੀਵ ਭਾਟੀਆ ਨੇ ਬੀਬੀਸੀ ਨੂੰ ਦੱਸਿਆ ਕਿ ਅੰਕੁਸ਼ ਭਾਰਦਵਾਜ ਖਿਲਾਫ਼ ਇੱਕ ਨਾਬਾਲਗ ਮਹਿਲਾ ਨਿਸ਼ਾਨੇਬਾਜ਼ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗਣ ਮਗਰੋਂ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ।

ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਖ਼ਿਲਾਫ਼, ਹਰਿਆਣਾ 'ਚ ਫਰੀਦਾਬਾਦ ਪੁਲਿਸ ਨੇ ਇੱਕ ਨਾਬਾਲਗ਼ ਮਹਿਲਾ ਨਿਸ਼ਾਨੇਬਾਜ਼ ਦੀ ਸ਼ਿਕਾਇਤ ਦੇ ਅਧਾਰ ਉੱਤੇ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਲਈ ਬਣੇ ਐਕਟ (ਪੌਕਸੋ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਫਰੀਦਾਬਾਦ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੋਚ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਆਖੀ ਹੈ।

ਨਾਬਾਲਗ਼ ਮਹਿਲਾ ਨਿਸ਼ਾਨੇਬਾਜ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਨ੍ਹਾਂ ਨਾਲ ਕਥਿਤ ਸਰੀਰਕ ਸ਼ੋਸ਼ਣ ਦੀ ਘਟਨਾ 16 ਦਸੰਬਰ 2025 ਨੂੰ ਵਾਪਰੀ ਸੀ ਪਰ ਘਟਨਾ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਸਦਮੇ ਵਿੱਚ ਰਹੇ ਜਿਸ ਕਾਰਨ ਸ਼ਿਕਾਇਤ 6 ਜਨਵਰੀ 2026 ਨੂੰ ਦਰਜ ਕਰਵਾਈ ਗਈ।

ਮਹਿਲਾ ਨਿਸ਼ਾਨੇਬਾਜ਼ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਜ਼ਿਕਰ ਹੈ ਕਿ ਉਹ 2017 ਤੋਂ ਨਿਸ਼ਾਨੇਬਾਜ਼ੀ ਦੀ ਟਰੇਨਿੰਗ ਲੈ ਰਹੇ ਹਨ।

ਮਹਿਲਾ ਨਿਸ਼ਾਨੇਬਾਜ਼ ਨੇ ਸ਼ਿਕਾਇਤ ਵਿੱਚ ਕੀ ਕਿਹਾ ?

ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਕੋਚ ਨੇ ਉਸਨੂੰ ਜ਼ਬਰਦਸਤੀ ਗ਼ਲਤ ਢੰਗ ਨਾਲ ਛੂਹਿਆ ਅਤੇ ਵਿਰੋਧ ਦੇ ਬਾਵਜੂਦ ਉਨ੍ਹਾਂ ਨਾਲ ਛੇੜਛਾੜ ਕੀਤੀ।

ਪੀੜਤਾ ਮੁਤਾਬਕ ਉਹ ਕੋਚ ਕੋਲੋਂ ਅਗਸਤ 2025 ਤੋਂ ਉਨ੍ਹਾਂ ਨੂੰ ਕੋਚਿੰਗ ਦੇ ਰਹੇ ਹਨ।

ਮਹਿਲਾ ਨਿਸ਼ਾਨੇਬਾਜ਼ ਦੀ ਸ਼ਿਕਾਇਤ ਮੁਤਾਬਕ, "16 ਦਸੰਬਰ 2025 ਨੂੰ ਦਿੱਲੀ ਦੇ ਮਸ਼ਹੂਰ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਮੇਰਾ ਇੱਕ ਸ਼ੂਟਿੰਗ ਮੈਚ ਹੋਇਆ ਸੀ, ਜਿਸਨੂੰ ਖ਼ਤਮ ਕਰਨ ਤੋਂ ਬਾਅਦ ਕੋਚ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ।"

ਐੱਫਆਈਆਰ ਮੁਤਾਬਕ ਪੀੜਤਾ ਦਾ ਕਹਿਣਾ ਹੈ ਕਿ ਉਹ ਕੋਚ ਨੂੰ ਧੱਕਾ ਦੇ ਕੇ ਭੱਜੇ ਤਾਂ ਕੋਚ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਕਿ ਇਸ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ।

ਪੀੜਤ ਦੀ ਸ਼ਿਕਾਇਤ ਮੁਤਾਬਕ ਕਈ ਦਿਨ ਮਾਨਸਿਕ ਪਰੇਸ਼ਾਨੀ ਸਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਮਾਂ ਨਾਲ ਇਹ ਘਟਨਾ ਸਾਂਝੀ ਕੀਤੀ ਜਿਸਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਤਸਵੀਰ ਵਿੱਚ ਲਿਖਿਆ ਹੋਇਆ ਸਟਾਪ, ਭਾਵ ਰੁਕੋ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਿਡਾਰਣ ਦੇ ਇਲਜ਼ਾਮ ਹਨ ਕਿ ਉਸ ਨੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਵੀ ਕੀਤਾ (ਸੰਕੇਤਕ ਤਸਵੀਰ)

ਪੁਲਿਸ ਨੇ ਕਾਰਵਾਈ ਬਾਰੇ ਕੀ ਦੱਸਿਆ

ਮਾਮਲੇ ਦੀ ਜਾਂਚ ਕਰ ਰਹੇ ਫਰੀਦਾਬਾਦ ਮਹਿਲਾ ਥਾਣੇ ਦੇ ਐੱਸਐੱਚਓ ਮਾਇਆ ਨੇ ਬੀਬੀਸੀ ਸਹਿਯੋਗੀ ਮਨੋਜ ਢਾਕਾ ਨੂੰ ਫ਼ੋਨ 'ਤੇ ਦੱਸਿਆ,"ਲੜਕੀ ਨਾਲ ਗ਼ਲਤ ਹੋਇਆ ਹੈ, ਕੋਚ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਟੀਮਾਂ ਕੰਮ ਕਰ ਰਹੀਆਂ ਹਨ।"

ਉਨ੍ਹਾਂ ਦੱਸਿਆ, "ਕੋਚ ਵਿਰੁੱਧ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ (ਪੌਕਸੋ) ਦੀ ਧਾਰਾ 6 (ਗੰਭੀਰ ਜਿਨਸੀ ਹਮਲਾ) ਅਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 351(2) (ਅਪਰਾਧਿਕ ਧਮਕੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲੜਕੀ ਦੇ ਕਹਿਣ ਮੁਤਾਬਕ ਕੋਚ ਰਾਸ਼ਟਰੀ ਪੱਧਰ ਦਾ ਕੋਚ ਹੈ ਤੇ ਹਰਿਆਣਾ ਦਾ ਰਹਿਣ ਵਾਲਾ ਹੈ। ਮਾਮਲੇ ਦੀ ਜਾਂਚ ਚਲ ਰਹੀ ਹੈ, ਇਸ ਕਰਕੇ ਕੋਚ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।"

ਇਹ ਵੀ ਪੜ੍ਹੋ-

ਪਰਿਵਾਰ ਨੇ ਪੰਜਾਬ ਦੇ ਅਧਿਕਾਰੀਆਂ ਤੋਂ ਮਦਦ ਮੰਗੀ

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਪੀੜਤ ਮਹਿਲਾ ਨਿਸ਼ਾਨੇਬਾਜ਼ ਦੇ ਪਰਿਵਾਰ ਨੇ ਕਿਹਾ, "ਇਸ ਘਟਨਾ ਤੋਂ ਸਾਨੂੰ ਬਹੁਤ ਸਦਮਾ ਲੱਗਾ ਹੈ। ਸਾਡੀ ਧੀ ਨੂੰ ਕਾਉਂਸਲਿੰਗ ਦੀ ਸਲਾਹ ਦਿੱਤੀ ਗਈ ਹੈ ਅਤੇ ਅਸੀਂ ਇਸ ਸਮੇਂ ਉਸਦੀ ਸਿਹਤ ਦਾ ਧਿਆਨ ਰੱਖਣ 'ਤੇ ਧਿਆਨ ਦੇ ਰਹੇ ਹਾਂ।"

"ਮਾਪੇ ਹੋਣ ਦੇ ਨਾਤੇ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਵੀ ਇਹੀ ਹਾਲਤ ਝੱਲਣੇ ਪੈਣ। ਫਿਲਹਾਲ, ਅਸੀਂ ਹਰਿਆਣਾ ਪੁਲਿਸ 'ਤੇ ਭਰੋਸਾ ਕਰ ਰਹੇ ਹਾਂ ਕਿ ਉਹ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਏਗੀ, ਕਿਉਂਕਿ ਉਨ੍ਹਾਂ ਨੇ ਐੱਫਆਈਆਰ ਦਰਜ ਕੀਤੀ ਹੈ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਅਧਿਕਾਰੀ, ਜਿੱਥੇ ਉਹ ਰਹਿੰਦਾ ਹੈ ਅਤੇ ਕੰਮ ਕਰਦਾ ਹੈ, ਇਸ ਮਾਮਲੇ ਵਿੱਚ ਸਹਿਯੋਗ ਕਰਨਗੇ।"

ਰਾਜੀਵ ਭਾਟੀਆ

ਕੌਣ ਹੈ ਕੋਚ ਅੰਕੁਸ਼ ਭਾਰਦਵਾਜ?

ਕਥਿਤ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਵਿੱਚ ਘਿਰੇ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਖ਼ੁਦ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ

2008 ਨੂੰ ਪੁਣੇ ਵਿੱਚ ਹੋਈਆਂ ਤੀਜੀਆਂ ਰਾਸ਼ਟਰਮੰਡਲ ਯੁਵਾ ਖੇਡਾਂ ਵਿੱਚ, ਪੁਰਸ਼ਾਂ ਦੇ ਵਰਗ ਵਿੱਚ 50 ਮੀਟਰ ਪਿਸਟਲ ਸ਼ੂਟਿੰਗ ਵਿੱਚ ਅੰਕੁਸ਼ ਭਾਰਦਵਾਜ ਨੇ ਗੋਲਡ ਮੈਡਲ ਜਿੱਤਿਆ ਸੀ।

ਮੌਜੂਦਾ ਸਮੇਂ ਉਹ ਮੁਹਾਲੀ ਵਿੱਚ ਇੱਕ ਸ਼ੂਟਿੰਗ ਅਕੈਡਮੀ ਵਿੱਚ ਕੋਚ ਹਨ।

ਮੁਹਾਲੀ ਦੀ ਅਕੈਡਮੀ ਨਾਲ ਸੰਪਰਕ ਕਰਨ 'ਤੇ ਬੀਬੀਸੀ ਨੂੰ ਜਾਣਕਾਰੀ ਮਿਲੀ ਕਿ ਅੰਕੁਸ਼ ਭਾਰਦਵਾਜ ਦੇ ਭਰਾ ਸ਼ੂਟਿੰਗ ਅਕੈਡਮੀ ਦੇ ਮਾਲਕ ਹਨ ਜਦਕਿ ਅੰਕੁਸ਼ ਉੱਥੇ ਖਿਡਾਰੀਆਂ ਨੂੰ ਟਰੇਨਿੰਗ ਦਿੰਦੇ ਹਨ।

ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਦੇ ਰਾਸ਼ਟਰੀ ਸਕੱਤਰ ਰਾਜੀਵ ਭਾਟੀਆ ਨੇ ਬੀਬੀਸੀ ਸਹਿਯੋਗੀ ਮਨੋਜ ਢਾਕਾ ਨਾਲ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਕੋਚ ਨੂੰ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਕੋਚ ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨਾਲ ਕੰਮ ਨਹੀਂ ਕਰ ਸਕੇਗਾ, ਅਸੀਂ ਅੰਦਰੂਨੀ ਤੌਰ ਉੱਤੇ ਵੀ ਇਸ ਮਾਮਲੇ ਦੀ ਜਾਂਚ ਕਰਾਵਾਂਗੇ। ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਪਰ ਕਿਉਂਕਿ ਉਹ ਕੋਚ ਐੱਨਆਰਏਆਈ ਨਾਲ ਜੁੜਿਆ ਹੋਇਆ ਸੀ ਅਸੀਂ ਉਸਦੇ ਖ਼ਿਲਾਫ਼ ਕਾਰਵਾਈ ਕਰ ਦਿੱਤੀ ਹੈ।"

ਰਾਜੀਵ ਭਾਟੀਆ ਨੇ ਬੀਬੀਸੀ ਨੂੰ ਦੱਸਿਆ, "ਅੰਕੁਸ਼ ਭਾਰਦਵਾਜ 2010 ਵਿੱਚ ਡੋਪਿੰਗ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਦੋ ਸਾਲ ਲਈ ਬੈਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਬੈਨ ਹਟਾ ਦਿੱਤਾ ਗਿਆ ਸੀ। ਤੇ ਹੁਣ ਉਹ ਕੁਝ ਮਹੀਨਿਆਂ ਤੋਂ ਭਾਰਤੀ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਨਾਲ ਕੋਚ ਵੱਜੋਂ ਕੰਮ ਕਰ ਰਿਹਾ ਸੀ।"

ਨਾਬਾਲਗ਼ ਮਹਿਲਾ ਨਿਸ਼ਾਨੇਬਾਜ਼ ਨਾਲ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਦਾ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਵੀ ਨੋਟਿਸ ਲਿਆ ਹੈ।

ਬੀਬੀਸੀ ਸਹਿਯੋਗੀ ਮਨੋਜ ਢਾਕਾ ਨਾਲ ਕੀਤੀ ਗੱਲਬਾਤ ਵਿੱਚ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ, "ਇਹ ਮਾਮਲਾ ਬੱਚੀਆਂ ਦੇ ਭਵਿੱਖ ਦਾ ਸਵਾਲ ਹੈ, ਇੱਕ ਖਿਡਾਰੀ ਦੀ ਜ਼ਿੰਦਗੀ ਬਰਬਾਦ ਹੋਈ ਹੈ, ਪੀੜਤ ਬੱਚੀ ਨਾਲ ਸਰੀਰਕ ਸੋਸ਼ਣ ਤੋਂ ਜ਼ਿਆਦਾ ਮਾਨਸਿਕ ਸ਼ੋਸ਼ਣ ਹੋਇਆ ਹੈ, ਇਸ ਕਰਕੇ ਮੈਂ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਮੁਲਜ਼ਮ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।"

ਬੀਬੀਸੀ ਵੱਲੋਂ ਇਲਜ਼ਾਮਾਂ ਵਿੱਚ ਘਿਰੇ ਸ਼ੂਟਿੰਗ ਕੋਚ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਏ-ਮੇਲ ਅਤੇ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ। ਜਿਵੇਂ ਹੀ ਕੋਚ ਵੱਲੋਂ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣਾ ਪੱਖ ਦੱਸਿਆ ਜਾਵੇਗਾ, ਉਹ ਇਸ ਖ਼ਬਰ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)