ਅਮਰੀਕਾ 'ਚ ਪਰਵਾਸੀਆਂ ਦੀ ਫੜੋ-ਫੜੀ 'ਚ ਲੱਗੇ ਏਜੰਟ ਨੇ ਔਰਤ ਨੂੰ ਗੋਲੀ ਮਾਰੀ, ਲੋਕਾਂ 'ਚ ਰੋਸ ਪਰ ਟਰੰਪ ਏਜੰਟ ਦੇ ਹੱਕ 'ਚ ਕਿਉਂ ਆਏ

ਤਸਵੀਰ ਸਰੋਤ, Stephen Maturen/Getty Images
- ਲੇਖਕ, ਸਾਕਸ਼ੀ ਵੇਂਕਟਰਮਨ
ਅਮਰੀਕਾ ਦੇ ਮਿਨੀਆਪੌਲਿਸ ਸ਼ਹਿਰ ਵਿੱਚ ਬੁੱਧਵਾਰ ਨੂੰ ਇੱਕ ਅਮਰੀਕੀ ਇਮੀਗ੍ਰੇਸ਼ਨ ਏਜੰਟ ਨੇ 37 ਸਾਲਾ ਮਹਿਲਾ ਨੂੰ ਗੋਲ਼ੀ ਮਾਰ ਕਰ ਉਸ ਦੀ ਹੱਤਿਆ ਕਰ ਦਿੱਤੀ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਇਸ ਘਟਨਾ ਵਿੱਚ ਏਜੰਟ ਦੇ ਹੱਕ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸਥਾਨਕ ਸਰਕਾਰੀ ਅਧਿਕਾਰੀ ਇਸ ਨਾਲ ਸਹਿਮਤ ਨਹੀਂ ਹਨ।
ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਹਿਲਾ, ਜਿਸ ਦੀ ਪਛਾਣ ਰੇਨੇ ਨਿਕੋਲ ਗੁੱਡ ਵਜੋਂ ਹੋਈ ਹੈ, ਇੱਕ "ਹਿੰਸਕ ਦੰਗਾਕਾਰੀ" ਸੀ।
ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਉਹ ਮਹਿਲਾ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੇ ਏਜੰਟਾਂ ਨੂੰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਇੱਕ ਏਜੰਟ ਨੇ "ਆਤਮ-ਰੱਖਿਆ ਵਿੱਚ ਗੋਲ਼ੀਆਂ" ਚਲਾਈਆਂ।
ਪਰ ਸ਼ਹਿਰ ਅਤੇ ਸੂਬੇ ਦੇ ਆਗੂਆਂ ਦੇ ਨਾਲ-ਨਾਲ ਕੌਮੀ ਪੱਧਰ 'ਤੇ ਡੈਮੋਕ੍ਰੈਟ ਇਸ ਗੱਲ ਨਾਲ ਸਹਿਮਤ ਨਹੀਂ ਹਨ।
ਮਿਨੀਆਪੁਲਿਸ ਦੇ ਮੇਅਰ ਜੈਕਬ ਫ੍ਰੇਅ ਨੇ ਦਾਅਵਾ ਕੀਤਾ ਹੈ ਕਿ "ਇਹ ਇੱਕ ਏਜੰਟ ਵੱਲੋਂ ਬੇਪਰਵਾਹ ਹੋ ਕੇ ਸ਼ਕਤੀ ਦਾ ਇਸਤੇਮਾਲ ਕਰਨ ਦਾ ਮਾਮਲਾ ਸੀ, ਜਿਸ ਕਾਰਨ ਕਿਸੇ ਦੀ ਮੌਤ ਹੋ ਗਈ", ਨਾਲ ਹੀ ਉਨ੍ਹਾਂ ਆਈਸੀਈ ਏਜੰਟਾਂ ਨੂੰ ਕਿਹਾ ਕਿ "ਸਾਡੇ ਸ਼ਹਿਰ ਤੋਂ ਬਾਹਰ ਨਿਕਲ ਜਾਓ।"
ਵਾਇਰਲ ਵੀਡੀਓਜ਼ ਵਿੱਚ ਕੀ ਨਜ਼ਰ ਆਇਆ

ਤਸਵੀਰ ਸਰੋਤ, Getty Images
ਘਟਨਾ ਵੇਲੇ ਨੇੜੇ-ਤੇੜੇ ਮੌਜੂਦ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਕਈ ਵੀਡੀਓਜ਼ ਵਿੱਚ ਗੋਲ਼ੀਬਾਰੀ ਦਾ ਪਲ ਦਿਖਾਈ ਦੇ ਰਿਹਾ ਹੈ, ਜੋ ਸਥਾਨਕ ਸਮੇਂ ਅਨੁਸਾਰ ਲਗਭਗ 10:25 ਵਜੇ ਵਾਪਰਿਆ।
ਵੱਖ-ਵੱਖ ਪਾਸਿਓਂ ਬਣਾਏ ਗਏ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਇਨਾਬੀ (ਮਰੂਨ) ਰੰਗ ਦੀ ਐਸਯੂਵੀ ਕਾਰ ਮਿਨੀਆਪੁਲਿਸ ਦੀ ਇੱਕ ਰਿਹਾਇਸ਼ੀ ਗਲੀ ਨੂੰ ਰੋਕੇ ਹੋਏ ਹੈ। ਫੁੱਟਪਾਥ ਦੇ ਨਾਲ ਲੋਕਾਂ ਦੀ ਇੱਕ ਭੀੜ ਖੜ੍ਹੀ ਨਜ਼ਰ ਆਉਂਦੀ ਹੈ, ਲੱਗ ਰਿਹਾ ਹੈ ਜਿਵੇਂ ਉਹ ਕੋਈ ਪ੍ਰਦਰਸ਼ਨ ਕਰ ਰਹੇ ਹੋਣ।
ਨੇੜੇ ਹੀ ਕਈ ਪੁਲਿਸ ਦੀਆਂ ਗੱਡੀਆਂ ਦੀ ਮੌਜੂਦਗੀ ਵੀ ਨਜ਼ਰ ਆਉਂਦੀ ਹੈ। ਇਮੀਗ੍ਰੇਸ਼ਨ ਏਜੰਟ ਸੜਕ 'ਤੇ ਖੜੀ ਕਾਰ ਕੋਲ ਆਉਂਦੇ ਹਨ, ਟਰੱਕ ਤੋਂ ਉਤਰਦੇ ਹਨ ਅਤੇ ਡਰਾਈਵਰ ਸੀਟ 'ਤੇ ਬੈਠੀ ਮਹਿਲਾ ਨੂੰ ਐਸਯੂਵੀ ਤੋਂ ਬਾਹਰ ਨਿਕਲਣ ਦਾ ਹੁਕਮ ਦਿੰਦੇ ਹਨ। ਇੱਕ ਏਜੰਟ ਡਰਾਈਵਰ ਵਾਲੇ ਦਰਵਾਜ਼ੇ ਦੇ ਹੈਂਡਲ ਨੂੰ ਖਿੱਚਦਾ ਹੈ।
ਇੱਕ ਹੋਰ ਏਜੰਟ ਗੱਡੀ ਦੇ ਅਗਲੇ ਹਿੱਸੇ ਨੇੜੇ ਖੜ੍ਹਾ ਦਿਖਾਈ ਦਿੰਦਾ ਹੈ। ਬੀਬੀਸੀ ਵੱਲੋਂ ਤੁਰੰਤ ਸਮੀਖਿਆ ਕੀਤੇ ਗਏ ਵੀਡੀਓਜ਼ ਦੇ ਆਧਾਰ 'ਤੇ ਇਹ ਸਪਸ਼ਟ ਨਹੀਂ ਹੈ ਕਿ ਉਹ ਅਧਿਕਾਰੀ ਠੀਕ ਕਿਸ ਥਾਂ 'ਤੇ ਖੜ੍ਹਾ ਸੀ। ਜਿਵੇਂ ਹੀ ਇਨਾਬੀ ਐਸਯੂਵੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ, ਉਸੇ ਸਮੇਂ ਉਹ ਏਜੰਟ ਗੋਲ਼ੀਆਂ ਚਲਾ ਦਿੰਦਾ ਹੈ।
ਤਿੰਨ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਗੱਡੀ ਬੇਕਾਬੂ ਹੋ ਕੇ ਨੇੜੇ ਸੜਕ 'ਤੇ ਖੜ੍ਹੀ ਇੱਕ ਸਫੇਦ ਕਾਰ ਨਾਲ ਟਕਰਾ ਜਾਂਦੀ ਹੈ।
"ਟਾਲਿਆ ਜਾ ਸਕਣ ਵਾਲਾ" ਜਾਨੀ ਨੁਕਸਾਨ

ਇਹ ਗੋਲ਼ੀਬਾਰੀ ਟਰੰਪ ਪ੍ਰਸ਼ਾਸਨ ਵੱਲੋਂ ਮਿਨੀਆਪੁਲਿਸ ਵਿੱਚ ਇਮੀਗ੍ਰੇਸ਼ਨ 'ਤੇ ਕੀਤੀ ਜਾ ਰਹੀ ਵੱਡੀ ਕਾਰਵਾਈ ਦੌਰਾਨ ਹੋਈ ਹੈ।
ਅਮਰੀਕੀ ਹੋਮਲੈਂਡ ਸਿਕਿਉਰਟੀ ਸਕੱਤਰ ਕ੍ਰਿਸਟੀ ਨੋਏਮ ਨੇ ਕਿਹਾ ਕਿ ਮ੍ਰਿਤਕ ਮਹਿਲਾ ਦੀਆਂ ਕਾਰਵਾਈਆਂ "ਘਰੇਲੂ ਅੱਤਵਾਦ" ਵਾਲੀਆਂ ਸਨ ਅਤੇ ਸ਼ਹਿਰ ਵਿੱਚ ਆਈਸੀਈ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
ਟਰੰਪ ਨੇ ਟਰੂਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਆਈਸੀਈ ਅਫ਼ਸਰ ਨੂੰ "ਬੇਰਹਿਮੀ ਨਾਲ" ਗੱਡੀ ਹੇਠਾਂ ਕੁਚਲਿਆ ਗਿਆ। "ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਉਹ ਜ਼ਿੰਦਾ ਹੈ, ਪਰ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।"
ਰਾਸ਼ਟਰਪਤੀ ਨੇ "ਰੈਡੀਕਲ ਲੈਫਟ" (ਕੱਟੜਪੰਥੀ ਖੱਬੇ ਪੱਖ) 'ਤੇ ਵੀ ਇਲਜ਼ਾਮ ਲਗਾਇਆ ਹੈ ਕਿ ਉਹ "ਹਰ ਰੋਜ਼ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਆਈਸੀਈ ਏਜੰਟਾਂ ਨੂੰ ਧਮਕਾਉਂਦੇ, ਹਮਲੇ ਕਰਦੇ ਅਤੇ ਨਿਸ਼ਾਨਾ ਬਣਾਉਂਦੇ ਹਨ।"
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਅਮਰੀਕੀ ਹੋਮਲੈਂਡ ਸਿਕਿਉਰਟੀ ਸਕੱਤਰ ਕ੍ਰਿਸਟੀ ਨੋਏਮ ਨੇ ਇਸ ਜਾਨੀ ਨੁਕਸਾਨ ਨੂੰ "ਟਾਲਿਆ ਜਾ ਸਕਣ ਵਾਲਾ" ਕਿਹਾ।
ਪਰ ਉਹ ਵਾਰ-ਵਾਰ ਇਹ ਦਾਅਵਾ ਕਰਦੇ ਰਹੇ ਕਿ ਆਈਸੀਈ ਏਜੰਟ ਨੇ ਆਤਮ-ਰੱਖਿਆ ਵਿੱਚ ਗੋਲ਼ੀ ਚਲਾਈ ਸੀ ਅਤੇ ਗੁੱਡ ਨੇ ਆਪਣੀ ਗੱਡੀ ਨੂੰ ਏਜੰਟਾਂ ਖ਼ਿਲਾਫ਼ ਇੱਕ "ਘਾਤਕ ਹਥਿਆਰ" ਵਜੋਂ ਵਰਤਿਆ।
ਨੋਏਮ ਨੇ ਕਿਹਾ ਕਿ ਵੇਰਵੇ ਐਫਬੀਆਈ ਜਾਂਚ ਦੇ ਨਤੀਜੇ ਆਉਣ 'ਤੇ ਸਪਸ਼ਟ ਹੋਣਗੇ, ਅਤੇ ਉਨ੍ਹਾਂ ਇਹ ਵੀ ਕਿਹਾ ਕਿ ਬੁੱਧਵਾਰ ਨੂੰ ਜ਼ਖ਼ਮੀ ਹੋਏ ਏਜੰਟ ਨੂੰ ਜੂਨ ਵਿੱਚ ਵੀ ਡਿਊਟੀ ਦੌਰਾਨ ਇੱਕ ਗੱਡੀ ਨੇ ਟੱਕਰ ਮਾਰੀ ਸੀ।
ਵਿਰੋਧੀ ਆਗੂਆਂ ਨੇ ਕੀ ਕਿਹਾ

ਪਰ ਮਿਨੀਆਪੁਲਿਸ ਸਿਟੀ ਕੌਂਸਲ ਨੇ ਕਿਹਾ ਕਿ ਗੁੱਡ ਸਿਰਫ਼ "ਆਪਣੇ ਗੁਆਂਢੀਆਂ ਦੀ ਦੇਖਭਾਲ ਕਰ ਰਹੀ ਸੀ'' ਜਦੋਂ ਉਸ ਨੂੰ ਗੋਲ਼ੀ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ।
ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਵੀ ਇਸ ਘਟਨਾ ਬਾਰੇ ਫੈਡਰਲ ਸਰਕਾਰ ਦੇ ਬਿਆਨਾਂ ਦਾ ਵਿਰੋਧ ਕੀਤਾ।
ਵਾਲਜ਼ ਨੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਟੀ ਦੀ ਇੱਕ ਪੋਸਟ 'ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, "ਇਸ ਪ੍ਰੋਪੇਗੈਂਡਾ ਮਸ਼ੀਨ 'ਤੇ ਭਰੋਸਾ ਨਾ ਕਰੋ। ਸੂਬਾ ਇਹ ਯਕੀਨੀ ਬਣਾਵੇਗਾ ਕਿ ਜਵਾਬਦੇਹੀ ਅਤੇ ਨਿਆਂ ਯਕੀਨੀ ਬਣਾਉਣ ਲਈ ਪੂਰੀ, ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾਵੇ।''
ਸਿਖਰਲੇ ਡੈਮੋਕ੍ਰੈਟ ਆਗੂ ਜਿਵੇਂ ਕਿ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਹਾਊਸ ਮਾਇਨਾਰਿਟੀ ਲੀਡਰ ਹਕੀਮ ਜੈਫ਼ਰੀਜ਼ ਨੇ ਵੀ ਬੁੱਧਵਾਰ ਸ਼ਾਮ ਨੂੰ ਇਸ ਮਾਮਲੇ 'ਤੇ ਬਿਆਨ ਜਾਰੀ ਕੀਤੇ। ਹੈਰਿਸ ਨੇ ਟਰੰਪ ਪ੍ਰਸ਼ਾਸਨ ਦੇ ਵਰਜਨ ਨੂੰ "ਗੈਸਲਾਈਟਿੰਗ" ਕਰਾਰ ਦਿੱਤਾ। (ਗੈਸਲਾਈਟਿੰਗ - ਇੱਕ ਪ੍ਰਕਾਰ ਨਾਲ ਕਿਸੇ ਨੂੰ ਭਰਮਾਉਣਾ, ਤਾਂ ਜੋ ਵਿਅਕਤੀ ਆਪਣੀ ਸਮਝ 'ਤੇ ਭਰੋਸਾ ਨਾ ਕਰੇ)
ਰੋਹ ਵਿੱਚ ਆਏ ਲੋਕਾਂ ਦਾ ਪ੍ਰਦਰਸ਼ਨ

ਤਸਵੀਰ ਸਰੋਤ, Stephen Maturen/Getty Images
ਇਸ ਘਟਨਾ ਤੋਂ ਬਾਅਦ ਮਿਨੀਆਪੁਲਿਸ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿੱਥੇ ਰੋਹ ਵਿੱਚ ਆਏ ਸਥਾਨਕ ਨਿਵਾਸੀਆਂ ਨੇ ਗੋਲ਼ੀਬਾਰੀ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਆਈਸੀਈ ਉਨ੍ਹਾਂ ਦੇ ਸ਼ਹਿਰ ਤੋਂ ਚਲੀ ਜਾਵੇ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਮੁੱਖ ਇਕੱਠ ਗੋਲ਼ੀਬਾਰੀ ਵਾਲੀ ਥਾਂ ਦੇ ਨੇੜੇ ਹੋਇਆ।
ਉੱਥੇ ਬਰਫ਼ ਵਿੱਚ ਹੀ ਫੁੱਲਾਂ ਅਤੇ ਮੋਮਬੱਤੀਆਂ ਨਾਲ ਇੱਕ ਅਸਥਾਈ ਸਮਾਰਕ ਬਣਾਇਆ ਗਿਆ ਅਤੇ ਪ੍ਰਦਰਸ਼ਨਕਾਰੀ ਨਾਅਰੇ ਲਗਾਉਂਦੇ ਰਹੇ ਅਤੇ ਭਾਸ਼ਣ ਦਿੰਦੇ ਰਹੇ।
ਮਿਨੀਆਪੁਲਿਸ ਸਟਾਰ-ਟ੍ਰਿਬਿਊਨ ਮੁਤਾਬਕ, ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਕਤਾਰ ਬਣਾਉਂਦੇ ਹੋਏ ਇੱਕ ਫੈਡਰਲ ਅਦਾਲਤ ਦੇ ਦਰਵਾਜ਼ੇ ਨੂੰ ਰੋਕ ਲਿਆ, ਜਦਕਿ ਆਈਸੀਈ ਅਧਿਕਾਰੀ ਅੰਦਰ ਹੀ ਖੜ੍ਹੇ ਸਨ। ਲਗਭਗ 50 ਲੋਕਾਂ ਦੇ ਇਸ ਸਮੂਹ ਨੇ ਗੁੱਡ ਦਾ ਨਾਮ ਲੈਂਦੇ ਹੋਏ ਨਾਅਰੇ ਲਗਾਏ ਅਤੇ ਇੱਕ ਕੱਚ ਦੀ ਖਿੜਕੀ ਤੋੜਨ ਤੋਂ ਬਾਅਦ ਤਿੱਤਰ-ਬਿੱਤਰ ਹੋ ਗਏ।
ਮਿਨੀਆਪੁਲਿਸ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ, ਜਿਸ ਦੇ ਤਹਿਤ ਨਿਊ ਔਰਲੀਅਨਜ਼, ਮਿਆਮੀ, ਸੀਐਟਲ ਅਤੇ ਨਿਊਯਾਰਕ ਸਿਟੀ ਵਿੱਚ ਲੋਕਾਂ ਦੇ ਇਕੱਠ ਕਰਨ ਦੀ ਉਮੀਦ ਹੈ।
ਮਿਨੀਆਪੁਲਿਸ ਵਿੱਚ ਕਿਉਂ ਹੈ ਆਈਸੀਈ?

ਤਸਵੀਰ ਸਰੋਤ, REUTERS/Tim Evans
ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫ਼ਤਿਆਂ ਦੌਰਾਨ ਮਿਨੀਆਪੁਲਿਸ ਇਲਾਕੇ ਵਿੱਚ 2,000 ਵਾਧੂ ਫੈਡਰਲ ਏਜੰਟ ਤਾਇਨਾਤ ਕੀਤੇ ਹਨ।
ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐਨ ਨਿਊਜ਼ ਨੂੰ ਸਰੋਤਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਤਾਇਨਾਤੀ ਸੂਬੇ ਵਿੱਚ ਵੈਲਫੇਅਰ ਧੋਖਾਧੜੀ ਦੇ ਇਲਜ਼ਾਮਾਂ ਦੇ ਜਵਾਬ ਵਜੋਂ ਕੀਤੀ ਗਈ ਹੈ।
ਫ੍ਰੇਅ ਨੇ ਬੁੱਧਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਈਸੀਈ ਸ਼ਹਿਰ ਨੂੰ ਹੋਰ ਸੁਰੱਖਿਅਤ ਨਹੀਂ ਬਣਾ ਰਿਹਾ। ਸਗੋਂ "ਉਹ ਪਰਿਵਾਰਾਂ ਨੂੰ ਤੋੜ ਰਹੇ ਹਨ, ਸਾਡੀਆਂ ਗਲੀਆਂ ਵਿੱਚ ਹਫੜਾ-ਦਫੜੀ ਫੈਲਾ ਰਹੇ ਹਨ।''
ਐਤਵਾਰ ਤੋਂ ਸ਼ੁਰੂ ਹੋਈ ਇਹ ਤਾਇਨਾਤੀ ਹਾਲੀਆ ਸਾਲਾਂ ਵਿੱਚ ਕਿਸੇ ਇੱਕ ਅਮਰੀਕੀ ਸ਼ਹਿਰ ਵਿੱਚ ਹੋਮਲੈਂਡ ਸਿਕਿਉਰਟੀ ਵਿਭਾਗ ਦੇ ਕਰਮਚਾਰੀਆਂ ਦੀ ਸਭ ਤੋਂ ਵੱਡੀ ਤਾਇਨਾਤੀ ਵਿੱਚੋਂ ਇੱਕ ਹੈ।
ਆਈਸੀਈ ਵੱਲੋਂ 2025 ਦੇ ਅੰਤ ਵਿੱਚ ਸ਼ੁਰੂ ਕੀਤੀ ਗਈ ਇੱਕ ਇਮੀਗ੍ਰੇਸ਼ਨ ਐਨਫੋਰਸਮੈਂਟ ਮੁਹਿੰਮ ਤੋਂ ਬਾਅਦ ਹੀ ਇਹ ਤਾਇਨਾਤੀ ਕੀਤੀ ਗਈ ਹੈ, ਜਿਸਦਾ ਮਕਸਦ ਮਿਨੀਆਪੁਲਿਸ ਵਿੱਚ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ, ਜਿਨ੍ਹਾਂ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਸ਼ਹਿਰ ਦੇ ਉਹ ਮੈਂਬਰ ਵੀ ਸ਼ਾਮਲ ਹਨ ਜੋ ਸੋਮਾਲੀ ਭਾਈਚਾਰੇ ਨਾਲ ਸਬੰਧਤ ਹਨ।
ਇਸ ਭਾਈਚਾਰੇ ਵੱਲੋਂ ਟਰੰਪ ਵੱਲੋਂ ਅਕਸਰ ਆਲੋਚਨਾ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਉਨ੍ਹਾਂ (ਭਾਈਚਾਰੇ) ਨੂੰ "ਕੂੜਾ" ਕਿਹਾ ਹੈ।

ਤਸਵੀਰ ਸਰੋਤ, Maturen/Getty Images
ਟਰੰਪ ਨੇ ਕਿਹਾ ਸੀ, "ਮੈਂ ਉਨ੍ਹਾਂ ਨੂੰ ਸਾਡੇ ਦੇਸ਼ ਵਿੱਚ ਨਹੀਂ ਚਾਹੁੰਦਾ। ਮੈਂ ਤੁਹਾਨੂੰ ਈਮਾਨਦਾਰੀ ਨਾਲ ਦੱਸ ਰਿਹਾ ਹਾਂ। ਉਨ੍ਹਾਂ ਦਾ ਦੇਸ਼ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਹੈ। ਉਨ੍ਹਾਂ ਦੇ ਦੇਸ਼ ਤੋਂ ਬਦਬੂ ਆਉਂਦੀ ਹੈ।"
ਬਾਅਦ ਵਿੱਚ ਜਦੋਂ ਇੱਕ ਕੰਜ਼ਰਵੇਟਿਵ ਔਨਲਾਈਨ ਕੰਟੈਂਟ ਕਰੀਏਟਰ ਨੇ ਇੱਕ ਯੂਟਿਊਬ ਵੀਡੀਓ ਵਿੱਚ ਸੋਮਾਲੀ ਪਰਵਾਸੀਆਂ ਦੁਆਰਾ ਚਲਾਏ ਜਾ ਰਹੇ ਡੇਅ ਕੇਅਰ ਸੈਂਟਰਾਂ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਗਿਆ ਤਾਂ ਟਰੰਪ ਨੇ ਆਪਣੀਆਂ ਅਜਿਹੀਆਂ ਟਿੱਪਣੀਆਂ ਨੂੰ ਦੁਹਰਾਇਆ।
ਟਰੰਪ ਨੇ ਦਸੰਬਰ ਵਿੱਚ ਟਰੂਥ ਸੋਸ਼ਲ 'ਤੇ ਲਿਖਿਆ, "ਉਹ ਜਿੱਥੋਂ ਆਏ ਸਨ, ਉਨ੍ਹਾਂ ਨੂੰ ਉੱਥੇ ਵਾਪਸ ਭੇਜੋ''। ਨਾਲ ਹੀ ਉਨ੍ਹਾਂ ਨੇ ਮਿਨੀਸੋਟਾ ਸੂਬੇ ਨੂੰ ਬੱਚਿਆਂ ਦੀ ਦੇਖਭਾਲ ਲਈ ਜਾਰੀ ਕੀਤੇ ਜਾਂਦੇ ਫੰਡ 'ਤੇ ਵੀ ਰੋਕ ਲਗਾ ਦਿੱਤੀ।
ਟਰੰਪ ਪ੍ਰਸ਼ਾਸਨ ਨੇ ਹੋਰ ਸ਼ਹਿਰਾਂ ਵਿੱਚ ਵੀ ਆਈਸੀਈ ਏਜੰਟ ਭੇਜੇ ਹਨ, ਇਹ ਸਭ ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਖ਼ਿਲਾਫ਼ ਹੋਰ ਹੀ ਇੱਕ ਵੱਡੀ ਕਾਰਵਾਈ ਦਾ ਹਿੱਸਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












