ਸਰਦੀਆਂ ਵਿੱਚ ਘੱਟ ਪਾਣੀ ਪੀਣਾ ਕਿਉਂ ਹੋ ਸਕਦਾ ਹੈ 'ਬਹੁਤ ਖ਼ਤਰਨਾਕ', ਕਿਹੜੇ ਲੋਕਾਂ ਨੂੰ ਵੱਧ ਧਿਆਨ ਰੱਖਣ ਦੀ ਲੋੜ ਹੈ?

ਤਸਵੀਰ ਸਰੋਤ, Getty Images
- ਲੇਖਕ, ਸ਼ੁਭ ਰਾਣਾ
- ਰੋਲ, ਬੀਬੀਸੀ ਹਿੰਦੀ ਲਈ
ਗਰਮੀਆਂ ਵਿੱਚ ਪਸੀਨਾ ਵਗਦਾ ਰਹਿੰਦਾ ਹੈ, ਤੁਸੀਂ ਵੀ ਹਰ ਸਮੇਂ ਪਾਣੀ ਦੀ ਬੋਤਲ ਨਾਲ ਹੀ ਰੱਖਦੇ ਹੋ। ਘਰੋਂ ਨਿਕਲਦੇ ਸਮੇਂ, ਰਸਤੇ ਵਿੱਚ, ਅਤੇ ਵਾਪਸ ਆਉਣ ਤੋਂ ਬਾਅਦ ਵੀ ਪਾਣੀ ਪੀਂਦੇ ਹੋ।
ਪਰ ਸਰਦੀਆਂ ਦੇ ਆਉਂਦੇ-ਆਉਂਦੇ ਸਭ ਕੁਝ ਬਦਲ ਜਾਂਦਾ ਹੈ। ਨਿੱਘੇ-ਨਿੱਘੇ ਕੰਬਲ ਵਿੱਚ ਗੋਲ-ਮੋਲ ਹੋ ਕੇ ਗਰਮ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ, ਪਾਣੀ ਦੀ ਉਹ ਬੋਤਲ ਕਿਤੇ ਦੂਰ ਰਹਿ ਜਾਂਦੀ ਹੈ।
ਕੀ ਤੁਸੀਂ ਧਿਆਨ ਦਿੱਤਾ ਹੈ ਕਿ ਸਰਦੀਆਂ ਵਿੱਚ ਪਿਆਸ ਗਾਇਬ ਕਿਉਂ ਹੋ ਜਾਂਦੀ ਹੈ? ਜਦਕਿ ਡਾਕਟਰ ਕਹਿੰਦੇ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਸਰੀਰ ਨੂੰ ਸਰਦੀਆਂ ਵਿੱਚ ਪਾਣੀ ਦੀ ਲੋੜ ਵਧੇਰੇ ਹੁੰਦੀ ਹੈ। ਆਖਿਰ ਸਰਦੀਆਂ ਵਿੱਚ ਪਿਆਸ ਘਟ ਕਿਉਂ ਲੱਗਦੀ ਹੈ? ਘੱਟ ਪਾਣੀ ਪੀਣ ਦੇ ਕੀ ਨੁਕਸਾਨ ਹਨ? ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਕੌਣ ਹੁੰਦੇ ਹਨ - ਬੱਚੇ ਜਾਂ ਬਜ਼ੁਰਗ?
ਬੀਬੀਸੀ ਹਿੰਦੀ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਸਿਹਤ ਮਾਹਰਾਂ ਨਾਲ ਗੱਲ ਕੀਤੀ।
'ਸਰਦੀਆਂ ਵਿੱਚ ਵੀ ਸਰੀਰ ਨੂੰ ਗਰਮੀਆਂ ਵਾਂਗ ਹੀ ਪਾਣੀ ਦੀ ਲੋੜ'

ਤਸਵੀਰ ਸਰੋਤ, Getty Images
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਮੈਡੀਸਨ ਵਿਭਾਗ ਦੇ ਡਾਇਰੈਕਟਰ ਡਾਕਟਰ ਪੁਲਿਨ ਕੁਮਾਰ ਗੁਪਤਾ ਕਹਿੰਦੇ ਹਨ, "ਠੰਡੇ ਮੌਸਮ ਵਿੱਚ ਸਾਡੀ ਪਿਆਸ ਕਾਫ਼ੀ ਘੱਟ ਹੋ ਜਾਂਦੀ ਹੈ। ਸਾਨੂੰ ਘੱਟ ਪਸੀਨਾ ਆਉਂਦਾ ਹੈ, ਇਸ ਲਈ ਅਸੀਂ ਮੰਨਦੇ ਹਾਂ ਕਿ ਸਾਡੇ ਸਰੀਰ ਨੂੰ ਘੱਟ ਪਾਣੀ ਦੀ ਲੋੜ ਹੈ।"
"ਬਹੁਤ ਸਾਰੇ ਲੋਕ, ਖਾਸ ਕਰਕੇ ਬਜ਼ੁਰਗ ਅਤੇ ਦਫ਼ਤਰ ਜਾਣ ਵਾਲੇ, ਸੋਚਦੇ ਹਨ ਕਿ ਜ਼ਿਆਦਾ ਪਾਣੀ ਪੀਣ ਨਾਲ ਵਾਰ-ਵਾਰ ਟਾਇਲਟ ਜਾਣਾ ਪਵੇਗਾ, ਇਸ ਲਈ ਉਹ ਜਾਣਬੁੱਝ ਕੇ ਘੱਟ ਪਾਣੀ ਪੀਂਦੇ ਹਨ।"
ਉਨ੍ਹਾਂ ਦੇ ਮੁਤਾਬਕ, "ਵਿਗਿਆਨਕ ਤੌਰ 'ਤੇ ਇਹ ਸਾਬਤ ਗੱਲ ਇਹ ਹੈ ਕਿ ਸਰਦੀਆਂ ਵਿੱਚ ਵੀ ਸਰੀਰ ਨੂੰ ਗਰਮੀਆਂ ਜਿੰਨੀ ਹੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਕਿਡਨੀਆਂ ਪਿਸ਼ਾਬ ਰਾਹੀਂ ਵੱਧ ਪਾਣੀ ਬਾਹਰ ਕੱਢਦੀਆਂ ਹੈ। ਨਾਲ ਹੀ, ਘਰਾਂ ਅਤੇ ਦਫ਼ਤਰਾਂ ਵਿੱਚ ਚੱਲ ਰਹੇ ਹੀਟਰ, ਡ੍ਰਾਇਰ ਅਤੇ ਇਨਡੋਰ ਹੀਟਿੰਗ ਸਿਸਟਮ ਹਵਾ ਨੂੰ ਬਹੁਤ ਖੁਸ਼ਕ ਬਣਾ ਦਿੰਦੇ ਹਨ, ਜਿਸ ਕਾਰਨ ਚਮੜੀ ਅਤੇ ਸਾਹ ਦੇ ਰਸਤੇ ਰਾਹੀਂ ਪਾਣੀ ਦਾ ਨੁਕਸਾਨ ਹੋਰ ਵਧ ਜਾਂਦਾ ਹੈ।"
ਉਹ ਅੱਗੇ ਕਹਿੰਦੇ ਹਨ ਕਿ ਗਰਮ ਕੱਪੜੇ ਪਹਿਨਣ ਨਾਲ ਭਾਵੇਂ ਪਸੀਨਾ ਘੱਟ ਨਜ਼ਰ ਆਵੇ, ਪਰ ਬਹੁਤ ਘੱਟ ਮਾਤਰਾ ਵਿੱਚ ਪਸੀਨਾ ਆਉਂਦਾ ਹੈ। ਅਸੀਂ ਘੱਟ ਪਾਣੀ ਪੀਂਦੇ ਹਾਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਰੀਰ ਵਿੱਚ ਪਾਣੀ ਲਗਾਤਾਰ ਘੱਟ ਹੁੰਦਾ ਜਾਂਦਾ ਹੈ ਅਤੇ ਇਸ ਨਾਲ ਕ੍ਰੋਨਿਕ ਡੀਹਾਈਡ੍ਰੇਸ਼ਨ, ਅਰਥਾਤ ਲੰਮੇ ਸਮੇਂ ਤੱਕ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ।

ਸਾਲ 2019 ਵਿੱਚ ਅਮੇਰੀਕਨ ਹਾਰਟ ਐਸੋਸੀਏਸ਼ਨ ਦੀ ਇੱਕ ਰਿਸਰਚ ਮੁਤਾਬਕ, ਲੰਮੇ ਸਮੇਂ ਤੱਕ ਘੱਟ ਪਾਣੀ ਪੀਣ ਵਾਲੇ ਲੋਕਾਂ ਨੂੰ ਕਿਡਨੀ ਦੀ ਪੁਰਾਣੀ ਬਿਮਾਰੀ, ਪੱਥਰੀ ਅਤੇ ਮੂਤਰ ਮਾਰਗ ਸੰਕਰਮਣ (ਯੂਟੀਆਈ) ਦਾ ਖ਼ਤਰਾ ਵੱਧ ਰਹਿੰਦਾ ਹੈ।
ਵੈਲਨੈਸ ਥੈਰੇਪਿਸਟ, ਡਾਇਟੀਸ਼ੀਅਨ ਅਤੇ ਮੈਟਾਮਾਰਫੋਸਿਸ (ਵੈਲਨੈਸ ਪਲੇਟਫਾਰਮ) ਦੇ ਸੀਈਓ ਦਿਵਿਆ ਪ੍ਰਕਾਸ਼ ਕਹਿੰਦੇ ਹਨ, "ਜਦੋਂ ਠੰਡ ਪੈਂਦੀ ਹੈ ਤਾਂ ਸਰੀਰ ਗਰਮੀ ਬਚਾਉਣ ਲਈ ਪੀਬੀਵੀ (ਪੈਰੀਫ਼ੇਰਲ ਬਲੱਡ ਵੇਸਲ) ਨੂੰ ਸਿਕੋੜ ਲੈਂਦਾ ਹੈ।"
"ਇਸ ਨਾਲ ਸੈਂਟਰਲ ਬਲੱਡ ਵਾਲਿਊਮ ਵੱਧ ਜਾਂਦਾ ਹੈ ਅਤੇ ਸਰੀਰ ਨੂੰ ਲੱਗਦਾ ਹੈ ਕਿ ਸਭ ਕੁਝ ਠੀਕ ਹੈ, ਪਾਣੀ ਦੀ ਘਾਟ ਨਹੀਂ ਹੈ। ਇਸ ਕਾਰਨ ਪਿਆਸ ਦੀ ਅਹਿਸਾਹ ਲਗਭਗ 40% ਤੱਕ ਘੱਟ ਹੋ ਸਕਦਾ ਹੈ। ਪਰ ਸਰੀਰ ਦੀ ਬੁਨਿਆਦੀ ਪਾਣੀ ਦੀ ਲੋੜ ਮੌਸਮ ਨਾਲ ਪ੍ਰਭਾਵਿਤ ਨਹੀਂ ਹੁੰਦੀ, ਉਹ ਹਮੇਸ਼ਾ ਲਗਭਗ 2.5 ਤੋਂ 3.5 ਲੀਟਰ ਦੇ ਆਸ-ਪਾਸ ਹੀ ਰਹਿੰਦੀ ਹੈ।"
ਘੱਟ ਪਾਣੀ ਪੀਣ ਦੇ ਨੁਕਸਾਨ

ਤਸਵੀਰ ਸਰੋਤ, Getty Images
ਸਾਡੇ ਸਰੀਰ ਦਾ ਲਗਭਗ 60% ਹਿੱਸਾ ਪਾਣੀ ਹੈ।
ਡਾਕਟਰ ਪੁਲਿਨ ਕੁਮਾਰ ਗੁਪਤਾ ਕਹਿੰਦੇ ਹਨ, "ਇਹ ਪਾਣੀ ਖੂਨ ਵਿੱਚ ਮੌਜੂਦ ਰਹਿੰਦਾ ਹੈ। ਖੂਨ ਰਾਹੀਂ ਹੀ ਆਕਸੀਜਨ, ਨਿਊਟ੍ਰੀਐਂਟਸ ਅਤੇ ਹੋਰ ਜ਼ਰੂਰੀ ਪਦਾਰਥ ਸਰੀਰ ਦੀਆਂ ਸਾਰੀਆਂ ਕੋਸ਼ਿਕਾਵਾਂ ਤੱਕ ਪਹੁੰਚਦੇ ਹਨ।"
"ਜਦੋਂ ਪਾਣੀ ਘੱਟ ਹੋ ਜਾਂਦਾ ਹੈ ਤਾਂ ਖੂਨ ਗਾੜ੍ਹਾ ਹੋ ਜਾਂਦਾ ਹੈ। ਇਸ ਨਾਲ ਬ੍ਰੇਨ ਸਟ੍ਰੋਕ ਅਤੇ ਹਾਰਟ ਅਟੈਕ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਖ਼ਾਸ ਕਰਕੇ ਸਰਦੀਆਂ ਵਿੱਚ ਇਹ ਖ਼ਤਰਾ ਹੋਰ ਜ਼ਿਆਦਾ ਦੇਖਿਆ ਜਾਂਦਾ ਹੈ। ਦਿਲ ਨੂੰ ਗਾੜ੍ਹੇ ਖੂਨ ਨੂੰ ਪੰਪ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।"
ਉਹ ਕਹਿੰਦੇ ਹਨ ਕਿ ਜਦੋਂ ਸਰੀਰ ਵਿੱਚ ਪਾਣੀ ਘੱਟ ਹੁੰਦਾ ਹੈ ਤਾਂ ਨਸਾਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬ੍ਰੇਨ ਹੇਮਰੇਜ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਨਾਲ ਕਿਡਨੀ 'ਤੇ ਦਬਾਅ ਪੈਂਦਾ ਹੈ ਅਤੇ ਕਿਡਨੀ ਸਟੋਨ ਜਾਂ ਪੱਥਰੀ ਬਣਨ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।

ਡਾਕਟਰਾਂ ਦੇ ਮੁਤਾਬਕ, ਘੱਟ ਪਾਣੀ ਪੀਣ ਨਾਲ ਪਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਅਤੇ ਕਬਜ਼ ਅਤੇ ਅਪਚ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਲੰਮੇ ਸਮੇਂ ਤੱਕ ਘੱਟ ਪਾਣੀ ਪੀਣ ਨਾਲ ਥਕਾਵਟ, ਸਿਰਦਰਦ, ਚੱਕਰ ਆਉਣਾ ਅਤੇ ਚਮੜੀ ਦੀ ਖੁਸ਼ਕੀ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।
ਅਕਸਰ ਨਜ਼ਰਅੰਦਾਜ਼ ਹੋਣ ਵਾਲੇ ਇਸਦੇ ਸ਼ੁਰੂਆਤੀ ਸੰਕੇਤ ਸਾਡਾ ਸਰੀਰ ਦਿੰਦਾ ਹੈ।
ਏਮਜ਼ ਰਿਸ਼ੀਕੇਸ਼ ਨਾਲ ਜੁੜੇ ਰਹੇ ਸਾਬਕਾ ਡਾਇਟੀਸ਼ੀਅਨ ਅਤੇ ਵਨ ਡਾਇਟ ਟੁਡੇ ਦੇ ਫਾਊਂਡਰ ਡਾਕਟਰ ਅਨੁ ਅਗਰਵਾਲ ਕਹਿੰਦੇ ਹਨ, "ਸਾਡਾ ਸਰੀਰ ਕੁਝ ਸੰਕੇਤ ਦਿੰਦਾ ਹੈ ਜੋ ਪਾਣੀ ਦੀ ਘਾਟ ਦੱਸਦੇ ਹਨ, ਜਿਵੇਂ ਬਹੁਤ ਜ਼ਿਆਦਾ ਆਲਸ ਅਤੇ ਕਮਜ਼ੋਰੀ ਮਹਿਸੂਸ ਹੋਣਾ, ਥਕਾਵਟ, ਤਣਾਅ ਅਤੇ ਐਂਜ਼ਾਇਟੀ ਦਾ ਵਧਣਾ (ਪਾਣੀ ਦੀ ਘਾਟ ਨਾਲ ਕੋਰਟਿਸੋਲ ਹਾਰਮੋਨ ਵਧੇਰੇ ਰਿਲੀਜ਼ ਹੁੰਦਾ ਹੈ), ਚੱਕਰ ਆਉਣਾ, ਆਕਸੀਜਨ ਦੀ ਘਾਟ ਮਹਿਸੂਸ ਹੋਣਾ। ਇਹ ਸਾਰੇ ਸੰਕੇਤ ਇਸ਼ਾਰਾ ਕਰਦੇ ਹਨ ਕਿ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹੋਰ ਪਾਣੀ ਦੀ ਲੋੜ ਹੈ।''
ਸਭ ਤੋਂ ਵੱਧ ਖ਼ਤਰਾ ਕਿਨ੍ਹਾਂ ਲੋਕਾਂ ਨੂੰ?

ਤਸਵੀਰ ਸਰੋਤ, Getty Images
ਡਾਕਟਰ ਅਨੁ ਅਗਰਵਾਲ ਦੇ ਮੁਤਾਬਕ, ਜਿਹੜੇ ਲੋਕ ਜ਼ਿਆਦਾ ਦਬਾਅ ਨਹੀਂ ਬਰਦਾਸ਼ਤ ਕਰ ਸਕਦੇ, ਜਿਵੇਂ ਬੁਜ਼ੁਰਗ, ਬੀਪੀ ਅਤੇ ਡਾਇਬਟੀਜ਼ ਦੇ ਮਰੀਜ਼, ਦਿਲ ਦੀ ਸਰਜਰੀ ਕਰਵਾ ਚੁੱਕੇ ਲੋਕ ਜਾਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣ ਵਾਲੇ ਲੋਕ, ਉਨ੍ਹਾਂ ਵਿੱਚ ਘੱਟ ਪਾਣੀ ਪੀਣ ਕਾਰਨ ਖ਼ਤਰਾ ਵੱਧ ਹੁੰਦਾ ਹੈ।
ਡਾਕਟਰ ਅਗਰਵਾਲ ਦੱਸਦੇ ਹਨ ਕਿ ਮਹਿਲਾਵਾਂ ਵਿੱਚ ਵੱਖ-ਵੱਖ ਉਮਰ ਵਰਗ 'ਚ ਘੱਟ ਪਾਣੀ ਪੀਣ ਦੇ ਅਸਰ ਵੇਖੇ ਜਾਂਦੇ ਹਨ। ਕਿਸ਼ੋਰ ਅਤੇ ਮੱਧ ਉਮਰ ਦੀਆਂ ਔਰਤਾਂ (40 ਸਾਲ ਤੱਕ) ਵਿੱਚ ਪਹਿਲਾਂ ਤੋਂ ਹੀ ਹਾਰਮੋਨਲ ਬਦਲਾਅ ਹੁੰਦੇ ਰਹਿੰਦੇ ਹਨ। ਮਾਹਵਾਰੀ ਦੌਰਾਨ ਖੂਨ ਵਗਣ ਕਾਰਨ ਹੋਣ ਵਾਲੀ ਖੂਨ ਦੀ ਕਮੀ ਕਾਰਨ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ। ਪੀਰੀਅਡਜ਼ ਦਾ ਦਰਦ ਵਧ ਜਾਂਦਾ ਹੈ ਅਤੇ ਗੈਸ ਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਵੀ ਵਧੇਰੇ ਦੇਖਣ ਨੂੰ ਮਿਲਦੀਆਂ ਹਨ।
ਉਹ ਅੱਗੇ ਕਹਿੰਦੇ ਹਨ, "ਘੱਟ ਪਾਣੀ ਪੀਣ ਨਾਲ ਬਲੱਡ ਫ਼ਲੋ ਘੱਟ ਹੁੰਦਾ ਹੈ ਅਤੇ ਟਾਕਸਿਨਜ਼ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਕਲਾਟ ਬਣਦੇ ਹਨ। ਨਾਲ ਹੀ ਐਸਟਰੋਜਨ, ਥਾਇਰਾਇਡ ਵਰਗੇ ਹਾਰਮੋਨਜ਼ ਦਾ ਟਰਾਂਸਪੋਰਟ ਅਤੇ ਫ਼ੰਕਸ਼ਨ ਪਾਣੀ 'ਤੇ ਨਿਰਭਰ ਕਰਦਾ ਹੈ। ਪਾਣੀ ਦੀ ਘਾਟ ਨਾਲ ਹਾਰਮੋਨਲ ਫ਼ਲਕਚੂਏਸ਼ਨ, ਜਿਵੇਂ ਮੂਡ ਸਵਿੰਗਜ਼ ਅਤੇ ਇਰੇਗੂਲਰ ਪੀਰੀਅਡਜ਼ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।"
ਪਾਣੀ ਪੀਣ ਦਾ ਸਹੀ ਤਰੀਕਾ

ਤਸਵੀਰ ਸਰੋਤ, Getty Images
ਡਾਕਟਰ ਅਗਰਵਾਲ ਸਲਾਹ ਦਿੰਦੇ ਹਨ ਕਿ ਹਰੇਕ ਵਿਅਕਤੀ ਨੂੰ ਸਰਦੀਆਂ ਅਤੇ ਗਰਮੀਆਂ ਦੋਵਾਂ ਮੌਸਮਾਂ ਵਿੱਚ 2.5 ਤੋਂ 3 ਲੀਟਰ ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ। ਭਾਵ, ਜੇ 250 ਮਿਲੀਲੀਟਰ ਦਾ ਇੱਕ ਗਲਾਸ ਮੰਨਿਆ ਜਾਵੇ ਤਾਂ ਦਿਨ 'ਚ 10 ਤੋਂ 12 ਗਲਾਸ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਪੀਣ ਦੇ ਸਹੀ ਤਰੀਕੇ ਬਾਰੇ ਉਹ ਕਹਿੰਦੇ ਹਨ -
ਸਰਦੀਆਂ ਵਿੱਚ ਸਵੇਰੇ ਉੱਠਣ ਤੋਂ ਬਾਅਦ 2–3 ਘੰਟਿਆਂ ਦੇ ਅੰਦਰ ਰੁਕ-ਰੁਕ ਕੇ 2 ਤੋਂ 4 ਗਲਾਸ ਪਾਣੀ ਪੀਓ
ਦਿਨ ਭਰ ਦੀ ਪਾਣੀ ਦੀ ਜ਼ਰੂਰਤ ਸ਼ਾਮ 5 ਵਜੇ ਤੱਕ ਪੂਰੀ ਕਰ ਲਵੋ, ਤਾਂ ਜੋ ਸਲੀਪ ਸਾਈਕਲ ਖ਼ਰਾਬ ਨਾ ਹੋਵੇ
ਸ਼ਾਮ ਨੂੰ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਰਾਤ ਨੂੰ ਕਿਡਨੀ ਫਿਲਟ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ ਅਤੇ ਨੀਂਦ ਵਿੱਚ ਵਿਘਨ ਪੈਂਦਾ ਹੈ।
ਸ਼ਾਮ 5 ਵਜੇ ਤੋਂ ਬਾਅਦ ਤੁਸੀਂ ਥੋੜ੍ਹਾ ਪਾਣੀ ਪੀ ਸਕਦੇ ਹੋ (ਜਿਵੇਂ ਕਿ ਰਾਤ ਦੇ ਖਾਣੇ ਦੇ ਨਾਲ ਜਾਂ ਬਾਅਦ ਵਿੱਚ), ਪਰ ਬਹੁਤ ਜ਼ਿਆਦਾ ਨਹੀਂ
ਦਿਵਿਆ ਪ੍ਰਕਾਸ਼ ਕਹਿੰਦੇ ਹਨ, "ਸਰਦੀਆਂ ਵਿੱਚ ਲੋਕ ਪਾਣੀ ਦੀ ਥਾਂ ਚਾਹ, ਕੌਫੀ, ਸੂਪ, ਜਾਂ ਬਹੁਤ ਗਰਮ ਪਾਣੀ ਪੀਂਦੇ ਹਨ। ਹਾਲਾਂਕਿ, ਬਹੁਤ ਗਰਮ ਪਾਣੀ (50-60 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ) ਪੀਣਾ ਸਹੀ ਨਹੀਂ ਹੁੰਦਾ, ਕਿਉਂਕਿ ਸਾਡੇ ਸਰੀਰ ਦਾ ਆਮ ਤਾਪਮਾਨ ਲਗਭਗ 37 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਲਈ ਸਭ ਤੋਂ ਚੰਗਾ ਤਰੀਕਾ ਹੈ ਕੋਸਾ ਪਾਣੀ ਪੀਣਾ। ਇਹ ਸਰੀਰ ਲਈ ਸਭ ਤੋਂ ਚੰਗਾ ਹੈ ਅਤੇ ਆਸਾਨੀ ਨਾਲ ਐਬਜ਼ਾਰਬ ਹੁੰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












