ਕਿਹੜਾ ਪਾਣੀ ਪੀਣਾ ਚਾਹੀਦਾ ਹੈ, ਉਬਾਲਿਆ ਜਾਂ ਫਿਲਟਰ ਵਾਲਾ? ਫਿਲਟਰ ਕੀਤਾ ਪਾਣੀ ਕੀ ਸਹੀ ਹੈ

ਤਸਵੀਰ ਸਰੋਤ, Getty Images
ਮਹਾਰਾਸ਼ਟਰ ਦੇ ਸ਼ਹਿਰ ਪੁਣੇ ਵਿੱਚ ਪਾਣੀ ਦੀ ਜਾਂਚ ਦੌਰਾਨ ਪਤਾ ਲੱਗਾ ਕਿ 'ਗੁਇਲੇਨ ਬੈਰੇ ਸਿੰਡਰੋਮ' ਪੀਣ ਵਾਲੇ ਪਾਣੀ ਰਾਹੀਂ ਫੈਲਦਾ ਹੈ।
ਇਸ ਦੇ ਨਾਲ ਹੀ ਲਗਾਤਾਰ ਚਲਦੀ ਬਹਿਸ ਸ਼ੁਰੂ ਹੋ ਜਾਂਦੀ ਹੈ ਕਿ ਟੂਟੀ ਦਾ ਪਾਣੀ, ਉਬਲਿਆ ਹੋਇਆ ਪਾਣੀ, ਫਿਲਟਰ ਕੀਤਾ ਆਰਓ ਪਾਣੀ ਵਿੱਚੋਂ ਕਿਹੜਾ ਪਾਣੀ ਪੀਣ ਲਈ ਸੁਰੱਖਿਅਤ ਹੈ? ਕਿਹੜਾ ਪਾਣੀ ਜ਼ਿਆਦਾ ਸ਼ੁੱਧ ਹੈ? ਕਿਹੜੇ ਪਾਣੀ ਵਿੱਚ ਵਧੇਰੇ ਪੌਸ਼ਟਿਕ ਤੱਤ ਹਨ?
ਪਾਣੀ ਐਚ2ਓ ਹੈ। ਪਾਣੀ ਦਾ ਇੱਕ ਅਣੂ ਹਾਈਡ੍ਰੋਜਨ ਦੇ 2 ਪਰਮਾਣੂ ਅਤੇ ਆਕਸੀਜਨ ਦੇ 1 ਪਰਮਾਣੂ ਤੋਂ ਬਣਿਆ ਹੁੰਦਾ ਹੈ। ਅਜਿਹੇ ਲੱਖਾਂ ਅਣੂ ਇਕੱਠੇ ਹੋ ਕੇ ਪਾਣੀ ਦੀ ਇੱਕ ਬੂੰਦ ਬਣਾਉਂਦੇ ਹਨ।

ਤਸਵੀਰ ਸਰੋਤ, Getty Images
ਧਰਤੀ ਦਾ 71 ਫੀਸਦ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ, ਹਾਲਾਂਕਿ ਇਸ ਦਾ 96.5 ਫੀਸਦ ਸਮੁੰਦਰ ਹੈ ਅਤੇ ਕੁੱਲ ਪਾਣੀ ਦਾ ਸਿਰਫ਼ 1 ਫੀਸਦ ਪੀਣ ਯੋਗ ਹੈ।
ਮਨੁੱਖੀ ਸਰੀਰ ਲਗਭਗ 60-70 ਫੀਸਦ ਪਾਣੀ ਤੋਂ ਬਣਿਆ ਹੈ। ਪਾਣੀ ਸਰੀਰਕ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸੇ ਲਈ ਅਸੀਂ ਕਿਸ ਤਰ੍ਹਾਂ ਦਾ ਪਾਣੀ ਪੀਂਦੇ ਹਾਂ ਇਹ ਸਾਡੀ ਸਿਹਤ ਲਈ ਮੱਹਤਤਾ ਰੱਖਦਾ ਹੈ।

ਪੀਣ ਵਾਲੇ ਪਾਣੀ ਦੀ ਗੁਣਵੱਤਾ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਪਾਣੀ ਦੀ ਗੁਣਵੱਤਾ ਨੂੰ ਮਾਪਣ ਲਈ ਲਗਭਗ 60 ਟੈਸਟ ਨਿਰਧਾਰਤ ਕੀਤੇ ਗਏ ਹਨ। ਇਹਨਾਂ ਨੂੰ ਇੰਡੀਅਨ ਸਟੈਂਡਰਡਜ਼ ਡ੍ਰਿੰਕਿੰਗ ਵਾਟਰ ਸਪੈਸੀਫਿਕੇਸ਼ਨਜ਼-10500 ਕਿਹਾ ਜਾਂਦਾ ਹੈ। ਇਨ੍ਹਾਂ ਟੈਸਟਾਂ ਨਾਲ ਨਿਰਧਾਰਤ ਕੀਤਾ ਜਾ ਸਕਦਾ ਹੈ ਕਿ ਪਾਣੀ ਪੀਣ ਯੋਗ ਹੈ ਜਾਂ ਨਹੀਂ।
ਪਾਣੀ ਦੀ ਐਸੀਡਿਟੀ ਪਾਣੀ ਦਾ ਪੀਐੱਚ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਬਾਐਈਐੱਸ ਦੇ ਅਨੁਸਾਰ ਪਾਣੀ ਦਾ ਪੀਐੱਚ 6.5 - 8.5 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਪਾਣੀ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਉਹਨਾਂ ਦੇ ਸਹੀ ਪੱਧਰ ਨੂੰ ਮਾਪਣ ਲਈ ਇੱਕ ਟੀਡੀਐੱਸ ਟੈਸਟ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਮੁਤਾਬਕ ਪਾਣੀ ਦਾ ਟੀਡੀਐੱਸ - ਘੁਲਣਸ਼ੀਲ ਪਦਾਰਥਾਂ ਦਾ ਕੁੱਲ ਗਾੜ੍ਹਾਪਣ - 500 ਮਿਲੀਗ੍ਰਾਮ/ਲੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਅਤੇ 100 ਮਿਲੀਗ੍ਰਾਮ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਜੇਕਰ ਪਾਣੀ ਦਾ ਟੀਡੀਐੱਸ 100 ਤੋਂ ਘੱਟ ਹੈ, ਤਾਂ ਇਸਦਾ ਮਤਲਬ ਹੈ ਕਿ ਇਸ ਵਿੱਚ ਸਰੀਰ ਲਈ ਜ਼ਰੂਰੀ ਸਾਲਟ ਨਹੀਂ ਹਨ। ਜੇਕਰ ਪਾਣੀ ਦਾ ਟੀਡੀਐੱਸ 500 ਤੋਂ ਵੱਧ ਹੈ, ਭਾਵ ਪਾਣੀ ਪੀਣ ਦੇ ਯੋਗ ਨਹੀਂ ਹੈ।
ਬੀਆਈਐੱਸ ਨੇ ਪਾਣੀ ਵਿੱਚ ਸਾਲਟ ਦੀ ਮਾਤਰਾ ਲਈ ਵੀ ਮਾਪਦੰਡ ਨਿਰਧਾਰਤ ਕੀਤੇ ਹਨ।
1 ਲੀਟਰ ਪਾਣੀ ਵਿੱਚ ਲੂਣ ਦੀ ਮਾਤਰਾ
ਬਾਈਕਾਰਬੋਨੇਟ 200 ਮਿਲੀਗ੍ਰਾਮ
ਕੈਲਸ਼ੀਅਮ 75 ਮਿਲੀਗ੍ਰਾਮ
ਮੈਗਨੀਸ਼ੀਅਮ 30 ਮਿਲੀਗ੍ਰਾਮ
ਨਾਈਟ੍ਰੇਟ 45 ਮਿਲੀਗ੍ਰਾਮ
ਆਰਸੈਨਿਕ 0.01 ਮਿਲੀਗ੍ਰਾਮ
ਕੌਪਰ 0.05 ਮਿਲੀਗ੍ਰਾਮ
ਕਲੋਰਾਈਡ 250 ਮਿਲੀਗ੍ਰਾਮ
ਸਲਫੇਟ 200 ਮਿਲੀਗ੍ਰਾਮ
ਫਲੋਰਾਈਡ 1 ਮਿਲੀਗ੍ਰਾਮ
ਆਈਰਨ 0.3 ਮਿਲੀਗ੍ਰਾਮ
ਮਰਕਰੀ 0.01 ਮਿਲੀਗ੍ਰਾਮ
ਜ਼ਿੰਕ 5 ਮਿਲੀਗ੍ਰਾਮ
ਪਾਣੀ ਵਿੱਚ ਬਹੁਤ ਜ਼ਿਆਦਾ ਲੂਣ ਹੋਣ ਦੇ ਮਾੜੇ ਪ੍ਰਭਾਵ
ਜੇਕਰ ਪਾਣੀ ਵਿੱਚ ਸਾਲਟ ਦੀ ਮਾਤਰਾ ਵਧੇਰੇ ਹੈ, ਤਾਂ ਇਸ ਦੇ ਸਿਹਤ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਜੇਕਰ ਫਲੋਰਾਈਡ 1 ਮਿਲੀਗ੍ਰਾਮ ਤੋਂ ਵੱਧ ਜਾਂਦਾ ਹੈ, ਤਾਂ ਦੰਦਾਂ ਦੇ ਫਲੋਰੋਸਿਸ ਦਾ ਖਤਰਾ ਹੁੰਦਾ ਹੈ।
ਇਸ ਦੇ ਨਾਲ ਹੀ ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਜੇਕਰ ਖੇਤਾਂ ਵਿੱਚ ਵਰਤੀ ਜਾਣ ਵਾਲੀ ਖਾਦ ਵਿੱਚੋਂ ਨਾਈਟ੍ਰੇਟ ਪੀਣ ਵਾਲੇ ਪਾਣੀ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਖੂਨ ਵਿੱਚ ਆਕਸੀਜਨ ਦੀ ਮਾਤਰਾ ਨੂੰ ਘਟਾ ਦਿੰਦਾ ਹੈ, ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ, ਚੱਕਰ ਆਉਂਦੇ ਹਨ ਅਤੇ ਅੱਖਾਂ ਦੀਆਂ ਪੁਤਲੀਆਂ ਨੀਲੀਆਂ ਹੋ ਸਕਦੀਆਂ ਹਨ। ਇਸਨੂੰ 'ਬਲੂ ਬੇਬੀ ਸਿੰਡਰੋਮ' ਕਿਹਾ ਜਾਂਦਾ ਹੈ। ਇਹ ਗੁਰਦਿਆਂ ਦੀਆਂ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ।
ਜੇਕਰ ਪਾਣੀ ਵਿੱਚ ਆਰਸੈਨਿਕ ਦਾ ਗਾੜ੍ਹਾਪਣ ਜ਼ਿਆਦਾ ਹੋਵੇ, ਤਾਂ ਚਮੜੀ 'ਤੇ ਚਿੱਟੇ ਧੱਬੇ ਦਿਖਾਈ ਦਿੰਦੇ ਹਨ।
ਜੇਕਰ ਪਾਣੀ ਵਿੱਚ ਕੈਲਸ਼ੀਅਮ ਦੀ ਮਾਤਰਾ ਘੱਟ ਹੋਵੇ, ਤਾਂ ਇਹ ਹੱਡੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕੁੱਲ ਮਿਲਾ ਕੇ ਵੇਖੀਏ ਤਾਂ ਘੱਟ ਟੀਡੀਐੱਸ ਵਾਲਾ ਪਾਣੀ ਪੀਣ ਨਾਲ ਦਿਮਾਗੀ ਸ਼ਕਤੀ 'ਤੇ ਨਕਰਾਤਮਕ ਅਸਰ ਪੈਂਦਾ ਹੈ।
ਪਾਣੀ ਦੀਆਂ ਕਿਸਮਾਂ ਅਤੇ ਫਾਇਦੇ ਅਤੇ ਨੁਕਸਾਨ
ਟੂਟੀ ਵਾਲਾ ਪਾਣੀ
ਝੀਲਾਂ, ਨਦੀਆਂ ਅਤੇ ਖੂਹਾਂ ਤੋਂ ਪਾਈਪਲਾਈਨਾਂ ਰਾਹੀਂ ਸਾਡੇ ਘਰਾਂ ਵਿੱਚ ਆਉਣ ਵਾਲਾ ਪਾਣੀ ਕਲੋਰੀਨੇਟ ਕੀਤਾ ਜਾਂਦਾ ਹੈ, ਯਾਨੀ ਕਿ ਕਲੋਰੀਨ ਨਾਲ ਮਿਲਾਇਆ ਜਾਂਦਾ ਹੈ, ਜਾਂ ਓਜ਼ੋਨ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆਵਾਂ ਪਾਣੀ ਦੀ ਸ਼ੁੱਧਤਾ ਨੂੰ ਵਧਾਉਣ ਲਈ ਕੀਤੀਆਂ ਜਾਂਦੀਆਂ ਹਨ।
ਤਾਂ ਜੋਖਮ ਕੀ ਹੈ? ਇਹ ਪ੍ਰਕਿਰਿਆ ਸਾਰੇ ਬੈਕਟੀਰੀਆ ਅਤੇ ਵਾਇਰਸਾਂ ਨੂੰ ਨਹੀਂ ਮਾਰਦੀ। ਇਸ ਲਈ, ਲਾਗ ਫੈਲਣ ਦਾ ਖਤਰਾ ਹੁੰਦਾ ਹੈ।
ਇਸ ਤੋਂ ਇਲਾਵਾ, ਪਾਈਪਲਾਈਨਾਂ ਅਕਸਰ ਵੱਖ-ਵੱਖ ਅਸ਼ੁੱਧ ਖੇਤਰਾਂ ਵਿੱਚੋਂ ਲੰਘਦੀਆਂ ਹਨ। ਜੇਕਰ ਪਾਈਪਲਾਇਨ ਫਟ ਜਾਂਦੀਆਂ ਹਨ ਜਾਂ ਲੀਕ ਹੁੰਦੀਆਂ ਹਨ, ਤਾਂ ਪਾਣੀ ਦੂਸ਼ਿਤ ਅਤੇ ਅਸ਼ੂੱਧ ਹੋ ਜਾਂਦਾ ਹੈ।
ਨਦੀ, ਖੂਹ, ਬੋਰਵੈੱਲ ਦਾ ਪਾਣੀ
ਅਕਸਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੂਹ ਜਾਂ ਬੋਰਵੈੱਲ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ।
ਇਸ ਬਾਰੇ ਡਾ. ਅਵਿਨਾਸ਼ ਭੌਂਡਵੇ ਕਹਿੰਦੇ ਹਨ, "ਖੂਹ ਜਾਂ ਬੋਰਹੋਲ ਦਾ ਪਾਣੀ ਜ਼ਮੀਨ ਤੋਂ ਆਉਂਦਾ ਹੈ।"
ਡਰੇਨੇਜ ਲਾਈਨਾਂ ਜਾਂ ਨਾਲੀਆਂ ਇੱਕੋ ਪਿੰਡ ਵਿੱਚੋਂ ਅਤੇ ਇੱਕੋ ਪਾਸੇ ਲੰਘਦੀਆਂ ਹਨ। ਇਸ ਲਈ ਬੈਕਟੀਰੀਆ ਅਤੇ ਵਾਇਰਸ ਖੂਹ ਦੇ ਪਾਣੀ ਵਿੱਚ ਦਾਖਲ ਹੋ ਸਕਦੇ ਹਨ।
ਇਸ ਕਾਰਨ ਖੂਹ ਦਾ ਪਾਣੀ ਦੂਸ਼ਿਤ ਹੋ ਸਕਦਾ ਹੈ ਅਤੇ ਰਸਾਇਣ ਵੀ ਪਾਣੀ ਵਿੱਚ ਰਲ ਸਕਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਹੋ ਸਕਦੀਆਂ ਹਨ। ਇਹ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।
"ਇਸ ਲਈ ਖੂਹ ਦੇ ਪਾਣੀ ਦੀ ਵਰਤੋਂ ਉਬਾਲ ਮਗਰੋਂ ਹੀ ਕਰਨੀ ਚਾਹੀਦੀ।"
ਉਬਾਲਿਆ ਹੋਇਆ ਪਾਣੀ
ਪਾਣੀ ਨੂੰ ਫਿਲਟਰ ਕਰਨ ਨਾਲ ਦੂਸ਼ਿਤ ਕਣ ਨਿਕਲ ਜਾਂਦੇ ਹਨ। ਪਰ ਇਸ ਵਿੱਚ ਮੌਜੂਦ ਵਾਇਰਸ ਅਤੇ ਰਸਾਇਣਾਂ ਨੂੰ ਫਿਲਟਰ ਨਹੀਂ ਕੀਤਾ ਜਾ ਸਕਦਾ। ਇਸ ਪਾਣੀ ਨੂੰ ਉਬਾਲਣ ਨਾਲ ਪਾਣੀ ਵਿੱਚ ਮੌਜੂਦ ਜ਼ਿਆਦਾਤਰ ਬੈਕਟੀਰੀਆ ਮਰ ਜਾਂਦੇ ਹਨ।
ਪਰ ਕੁਝ ਵਾਇਰਸ ਨਸ਼ਟ ਨਹੀਂ ਹੁੰਦੇ। ਅਮੀਬਾ ਵਰਗੇ ਜੀਵ ਨਸ਼ਟ ਨਹੀਂ ਹੁੰਦੇ। ਇਸ ਨਾਲ ਉਲਟੀਆਂ ਅਤੇ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਆਰਓ, ਯੂਵੀ, ਐਕਟੀਵੇਟਿਡ ਕਾਰਬਨ ਫਿਲਟਰਡ ਵਾਟਰ

ਤਸਵੀਰ ਸਰੋਤ, Getty Images
ਆਰਓ(ਰਿਵਰਸ ਓਸਮੋਸਿਸ) ਪ੍ਰਕਿਰਿਆ ਵਿੱਚ ਪਾਣੀ ਵਿੱਚ ਬੈਕਟੀਰੀਆ, ਵਾਇਰਸ, ਅਤੇ ਜ਼ਹਿਰੀਲੇ ਕਣਾਂ ਨੂੰ ਨਸ਼ਟ ਕੀਤਾ ਜਾਂਦਾ ਹੈ। ਪਰ ਇਸ ਪ੍ਰਕਿਰਿਆ ਵਿੱਚ ਪਾਣੀ ਵਿੱਚੋਂ ਕਈ ਪੌਸ਼ਟਿਕ ਤੱਤ ਵੀ ਖਤਮ ਹੋ ਜਾਂਦੇ ਹਨ।
ਐਕਟੀਵੇਟਿਡ ਕਾਰਬਨ ਪ੍ਰਕਿਰਿਆ ਵਿੱਚ ਪਾਣੀ ਵਿੱਚੋਂ ਜੈਵਿਕ ਰਸਾਇਣਾਂ ਨੂੰ ਖਤਮ ਕੀਤਾ ਜਾਂਦਾ ਹੈ। ਐਕਟੀਵੇਟਿਡ ਕਾਰਬਨ ਫਿਲਟਰ ਪ੍ਰਦੂਸ਼ਕਾਂ ਨੂੰ ਹਟਾਉਂਦੇ ਹਨ ਜੋ ਕਿ ਪਾਣੀ ਦੇ ਰੰਗ ਅਤੇ ਸੁਆਦ ਨੂੰ ਪ੍ਰਭਾਵਿਤ ਕਰਦੇ ਹਨ ਭਾਵ ਰਸਾਇਣਕ ਖਾਦਾਂ ਅਤੇ ਖਤਰਨਾਕ ਰਸਾਇਣ। ਹਾਲਾਂਕਿ, ਇਸ ਨਾਲ ਪਾਣੀ ਵਿੱਚ ਖਤਰਨਾਕ ਮਾਈਕ੍ਰੋਬੈਕਟੀਰੀਆ ਖਤਮ ਨਹੀਂ ਹੁੰਦੇ ਹਨ।
ਯੂਵੀ ਪ੍ਰਕਿਰਿਆ ਵਿੱਚ ਮਾਈਕ੍ਰੋਬੈਕਟੀਰੀਆ ਅਲਟਰਾਵਾਇਲਟ ਰੇਡੀਏਸ਼ਨ ਦੁਆਰਾ ਖਤਮ ਕੀਤੇ ਜਾਂਦੇ ਹਨ ਪਰ ਪਾਣੀ ਵਿੱਚ ਰਸਾਇਣਕ ਪ੍ਰਦੂਸ਼ਕਾਂ ਖਤਮ ਨਹੀਂ ਹੁੰਦੇ।
ਕਿਉਂਕਿ ਇਹਨਾਂ ਵਿੱਚੋਂ ਹਰੇਕ ਪ੍ਰਕਿਰਿਆ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ, ਬਹੁਤ ਸਾਰੇ ਫਿਲਟਰ ਤਿੰਨੋਂ ਪ੍ਰਕਿਰਿਆਵਾਂ ਨੂੰ ਜੋੜਦੇ ਹਨ- ਆਰਓ, ਐਕਟੀਵੇਟਿਡ ਕਾਰਬਨ ਅਤੇ ਯੂਵੀ।
ਇਹ ਪਾਣੀ ਸ਼ੁੱਧ ਮੰਨਿਆ ਜਾ ਸਕਦਾ ਹੈ, ਪਰ ਇਸ ਵਿੱਚ ਕੋਈ ਪੋਸ਼ਕ ਤੱਤ ਨਹੀਂ ਬਚਦੇ। ਅਜਿਹੇ ਫਿਲਟਰਾਂ ਤੋਂ ਬਾਹਰ ਕੱਢੇ ਜਾਣ ਵਾਲੇ ਗੈਰ-ਪੀਣਯੋਗ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੇ ਫਿਲਟਰਾਂ ਨੂੰ ਵੀ ਸਮੇਂ-ਸਮੇਂ 'ਤੇ ਬਦਲਣਾ ਪੈਂਦਾ ਹੈ।
ਇਸ ਬਾਰੇ ਗੱਲ ਕਰਦੇ ਹੋਏ, ਡਾ. ਅਵਿਨਾਸ਼ ਭੌਂਡਵੇ ਕਹਿੰਦੇ ਹਨ, "ਕਈ ਘਰਾਂ ਵਿੱਚ ਆਰ.ਓ. ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਕਈ ਥਾਵਾਂ 'ਤੇ, ਵਪਾਰਕ ਤੌਰ 'ਤੇ ਵੇਚੇ ਜਾਣ ਵਾਲੇ ਆਰ.ਓ. ਪਾਣੀ ਨੂੰ ਵੱਡੀਆਂ ਬੋਤਲਾਂ ਵਿੱਚ ਭਰ ਕੇ ਵੇਚਿਆ ਜਾਂਦਾ ਹੈ।
ਆਰ.ਓ. ਫਿਲਟਰ ਵਿੱਚ ਪਾਣੀ ਨੂੰ ਜਿੰਨਾ ਸੰਭਵ ਹੋ ਸਕੇ ਸ਼ੁੱਧ ਕੀਤਾ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਨਸ਼ਟ ਹੋ ਜਾਂਦੇ ਹਨ। ਪਰ ਕੁਝ ਵਾਇਰਸ ਇਸ ਰਾਹੀਂ ਵੀ ਆ ਸਕਦੇ ਹਨ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਰ.ਓ. ਦੇ ਕਾਰਨ, ਸਰੀਰ ਲਈ ਜ਼ਰੂਰੀ ਕਈ ਪੋਸ਼ਕ ਤੱਤ ਪਾਣੀ ਵਿੱਚੋਂ ਨਸ਼ਟ ਹੋ ਜਾਂਦੇ ਹਨ।
"ਇਸ ਲਈ, ਸਾਡੇ ਸਰੀਰ ਵਿੱਚ ਜ਼ਰੂਰੀ ਤੱਤਾਂ ਦੀ ਘਾਟ ਕਾਰਨ ਅੰਗਾਂ ਦਾ ਸੁੰਨ ਹੋਣਾ, ਤੁਰਨ ਦੀ ਤਾਕਤ ਦਾ ਨੁਕਸਾਨ, ਸੁੰਨ ਹੋਣਾ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।"
ਬੋਤਲਬੰਦ ਪਾਣੀ
ਆਰ.ਓ. ਅਤੇ ਹੋਰ ਫਿਲਟਰੇਸ਼ਨ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਿਆ ਪਾਣੀ ਵਪਾਰਕ ਤੌਰ 'ਤੇ ਬੋਤਲਾਂ ਵਿੱਚ ਵੇਚਿਆ ਜਾਂਦਾ ਹੈ। ਇਸ ਬੋਤਲਬੰਦ ਪਾਣੀ ਦਾ ਸੁਆਦ ਬ੍ਰਾਂਡ ਦੇ ਆਧਾਰ 'ਤੇ ਵੱਖ-ਵੱਖ ਹੁੰਦਾ ਹੈ।
ਪਰ ਅਜਿਹਾ ਪਾਣੀ ਖਰੀਦਦੇ ਸਮੇਂ ਕੁਝ ਅਹਿਮ ਗੱਲਾ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਇਸਨੂੰ ਕਿੱਥੇ ਪ੍ਰੋਸੈਸ ਕੀਤਾ ਗਿਆ ਸੀ, ਇਸਨੂੰ ਕਦੋਂ ਪ੍ਰੋਸੈਸ ਕੀਤਾ ਗਿਆ ਸੀ, ਪਾਣੀ ਦੀ ਬੋਤਲ ਕਿਸ ਕਿਸਮ ਦੀ ਪਲਾਸਟਿਕ ਤੋਂ ਬਣੀ ਹੈ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਬੋਤਲਬੰਦ ਪਾਣੀ ਦੀ ਮਿਆਦ ਪੁੱਗਣ ਦੀ ਤਾਰੀਖ ਹੁੰਦੀ ਹੈ।

ਤਸਵੀਰ ਸਰੋਤ, Getty Images
ਡਿਸਟਿਲਡ ਪਾਣੀ
ਇਸ ਵਿੱਚ, ਪਾਣੀ ਨੂੰ ਉਬਾਲਿਆ ਜਾਂਦਾ ਹੈ ਅਤੇ ਇਸਦੀ ਭਾਫ਼ ਇਕੱਠੀ ਕੀਤੀ ਜਾਂਦੀ ਹੈ ਅਤੇ ਜਦੋਂ ਇਹ ਠੰਡਾ ਹੁੰਦਾ ਹੈ, ਤਾਂ ਇਹ ਦੁਬਾਰਾ ਪਾਣੀ ਬਣ ਜਾਂਦਾ ਹੈ। ਇਹ ਡਿਸਟਿਲਡ ਪਾਣੀ ਕਹਾਉਂਦਾ ਹੈ। ਇਹ ਸਭ ਤੋਂ ਸ਼ੁੱਧ ਪਾਣੀ ਮੰਨਿਆ ਜਾਂਦਾ ਹੈ।
ਪਰ ਇਸ ਪਾਣੀ ਵਿੱਚ ਕੋਈ ਵਿਟਾਮਿਨ ਅਤੇ ਪੋਸ਼ਕ ਤੱਤ ਨਹੀਂ ਹੁੰਦੇ। ਇਹ ਪਾਣੀ ਅਕਸਰ ਪ੍ਰਯੋਗਸ਼ਾਲਾਵਾਂ ਅਤੇ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ।
ਤੁਹਾਨੂੰ ਕਿਹੜਾ ਪਾਣੀ ਪੀਣਾ ਚਾਹੀਦਾ ਹੈ?
ਡਾ. ਅਵਿਨਾਸ਼ ਭੌਂਡਵੇ ਕਹਿੰਦੇ ਹਨ, "ਹੁਣ ਪਾਣੀ ਦਾ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਕੋਈ ਵੀ ਤਰੀਕਾ ਇਸ ਵਿੱਚ ਬੈਕਟੀਰੀਆ, ਵਾਇਰਸ ਅਤੇ ਰਸਾਇਣਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦਾ।"
"ਇਸ ਲਈ, ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਘੱਟ ਕਰਨ ਲਈ, ਪਾਣੀ ਨੂੰ ਉਬਾਲਨਾ ਅਤੇ ਫਿਲਟਰ ਕਰਨ ਮਗਰੋਂ ਹੀ ਪੀਣਾ ਬੇਹਦ ਅਹਿਮ ਹੈ। ਜੇ ਤੁਸੀਂ ਕਰ ਸਕਦੇ ਹੋ, ਤਾਂ ਤੁਸੀਂ ਨਿਸ਼ਚਤ ਤੌਰ 'ਤੇ ਇੱਕ ਚੰਗੇ ਕਿਸਮ ਦੇ ਫਿਲਟਰ ਦੀ ਵਰਤੋਂ ਕਰ ਸਕਦੇ ਹੋ।"
ਕੁਝ ਸਧਾਰਨ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਜੋ ਪਾਣੀ ਪੀਂਦੇ ਹੋ ਉਹ ਸ਼ੁੱਧ ਹੈ ਜਾਂ ਨਹੀਂ।
ਪਾਣੀ ਦਾ ਸੁਆਦ ਕਿਹੋ ਜਿਹਾ ਹੈ? ਕੀ ਇਸਦਾ ਸੁਆਦ ਆਮ ਨਾਲੋਂ ਵੱਖਰਾ ਹੈ?
ਪਾਣੀ ਦਾ ਰੰਗ ਕੀ ਹੈ? ਇਹ ਕਿੰਨਾ ਪਾਰਦਰਸ਼ੀ ਹੈ?
ਕੀ ਨਲ ਜਾਂ ਕੱਪੜਿਆਂ 'ਤੇ ਪਾਣੀ ਦੇ ਰੰਗ ਦੇ ਧੱਬੇ ਹਨ?
ਕੀ ਪਾਣੀ ਤੋਂ ਕਿਸੇ ਹੋਰ ਚੀਜ਼ ਦੀ ਬਦਬੂ ਆ ਰਹੀ ਹੈੈ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












