ਕੌਣ ਸੀ ਨੈਨਸੀ ਗਰੇਵਾਲ ਜਿਸ ਦਾ ਕੈਨੇਡਾ ਦੇ ਓਨਟਾਰੀਓ ਵਿੱਚ ਕਤਲ ਹੋਇਆ, ਪੁਲਿਸ ਨੇ ਕਤਲ ਬਾਰੇ ਕੀ ਦੱਸਿਆ

ਨੈਨਸੀ ਗਰੇਵਾਲ

ਤਸਵੀਰ ਸਰੋਤ, Nancy Grewal/Facebook

ਤਸਵੀਰ ਕੈਪਸ਼ਨ, ਕੈਨੇਡਾ ਵਿੱਚ 45 ਸਾਲਾ ਨੈਨਸੀ ਗਰੇਵਾਲ ਦਾ ਕਤਲ ਹੋ ਗਿਆ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 4 ਮਿੰਟ

ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਇੱਕ ਔਰਤ ਦੇ ਹੋਏ ਕਤਲ ਦੀ ਚਰਚਾ ਕੈਨੇਡਾ ਦੇ ਪੰਜਾਬੀ ਭਾਈਚਾਰੇ ਅਤੇ ਪੰਜਾਬ ਵਿੱਚ ਸੋਸ਼ਲ ਮੀਡੀਆ ਉੱਤੇ ਇਸ ਸਮੇਂ ਹੋ ਰਹੀ ਹੈ।

ਵਿੰਡਸਰ ਪੁਲਿਸ ਨੇ ਔਰਤ ਦੀ ਪਛਾਣ ਨੈਨਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸ਼ਹਿਰ ਕੈਨੇਡਾ-ਅਮਰੀਕਾ ਸਰਹੱਦ ਉੱਤੇ ਪੈਂਦਾ ਹੈ। ਨੈਨਸੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਸਰਗਰਮ ਸੀ ਅਤੇ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਦੇਸ਼ ਅਤੇ ਵਿਦੇਸ਼ ਦੇ ਪੰਜਾਬੀ ਭਾਈਚਾਰੇ ਵਿੱਚ ਚਰਚਾ ਵਿੱਚ ਰਹਿੰਦੀ ਸੀ।

ਪੁਲਿਸ ਦੇ ਅਨੁਸਾਰ ਇਹ ਘਟਨਾ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਵਾਪਰੀ, ਜਿੱਥੇ ਨੈਨਸੀ ਗਰੇਵਾਲ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਕੈਨੇਡਾ ਪੁਲਿਸ ਨੇ ਕੀ ਦੱਸਿਆ

ਵਿੰਡਸਰ ਸ਼ਹਿਰ ਦੀ ਲਾਸਾਲੇ ਪੁਲਿਸ ਸੇਵਾ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ 3 ਮਾਰਚ, 2026 ਨੂੰ ਰਾਤ 9:30 ਵਜੇ ਤੋਂ ਠੀਕ ਪਹਿਲਾਂ ਟੌਡ ਲੇਨ 'ਤੇ ਹੋਏ ਇੱਕ ਕਤਲ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਪੁਲਿਸ ਨੇ ਪੀੜਤ ਦੀ ਪਛਾਣ 45 ਸਾਲਾ ਨੈਨਸੀ ਗਰੇਵਾਲ ਵਜੋਂ ਕੀਤੀ ਹੈ। ਲਾਸਾਲੇ ਪੁਲਿਸ ਸੇਵਾ ਮੁਤਾਬਕ ਤਿੰਨ ਮਾਰਚ ਨੂੰ ਪੁਲਿਸ ਨੂੰ ਇੱਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸੇਵਾਵਾਂ ਦੁਆਰਾ ਹਸਪਤਾਲ ਲਿਆਂਦਾ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਘਟਨਾ ਲਈ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਤਲ ਦੀ ਜਾਂਚ ਵਿੱਚ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਪੁਲਿਸ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਕਤਲ ਕਿਸ ਤਰੀਕੇ ਨਾਲ ਅਤੇ ਕਿਉਂ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਜਾਂਚ ਵਿੱਚ ਸਹਿਯੋਗ ਦੇਣ।

ਨੈਨਸੀ ਗਰੇਵਾਲ

ਤਸਵੀਰ ਸਰੋਤ, Nancy Grewal/Facebook

ਤਸਵੀਰ ਕੈਪਸ਼ਨ, ਨੈਸੀ ਦੀ ਮਾਂ ਮੁਤਾਬਕ ਉਹ ਪੇਸ਼ੇ ਤੋਂ ਨਰਸ ਸੀ

ਕੌਣ ਹੈ ਨੈਨਸੀ ਗਰੇਵਾਲ

ਨੈਨਸੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਸੀ। ਉਸ ਦੇ ਯੂਟਿਊਬ ਅਤੇ ਇੰਸਟਾਗ੍ਰਾਮ ਚੈਨਲ ਉੱਤੇ ਕਈ ਲੋਕ ਉਸ ਨੂੰ ਫੋਲੋ ਕਰਦੇ ਸਨ।

ਉਹ ਅਕਸਰ ਪੰਜਾਬ ਅਤੇ ਕੈਨੇਡਾ ਰਹਿੰਦੇ ਪੰਜਾਬੀ ਭਾਈਚਾਰੇ ਬਾਰੇ ਟਿੱਪਣੀਆਂ ਕਰ ਕੇ ਚਰਚਾ ਵਿੱਚ ਰਹਿੰਦੀ ਸੀ। ਨੈਨਸੀ ਦੀਆਂ ਵੀਡੀਓਜ਼ ਨੂੰ ਦੇਖਿਆ ਜਾਵੇ ਤਾਂ ਉਹ ਡੇਰਿਆਂ, ਖਾਲਿਸਤਾਨੀ ਅਤੇ ਪੰਜਾਬ ਦੀ ਰਾਜਨੀਤੀ ਉੱਤੇ ਅਕਸਰ ਟਿੱਪਣੀਆਂ ਕਰ ਕੇ ਚਰਚਾ ਵਿੱਚ ਰਹਿੰਦੀ ਸੀ।

ਨੈਨਸੀ ਗਾਇਕੀ ਦਾ ਸ਼ੌਕ ਵੀ ਰੱਖਦੀ ਸੀ ਅਤੇ ਉਸ ਦਾ ਇੱਕ ਗਾਣਾ 'ਟੌਹਰ ਜੱਟੀ ਦੀ' ਵੀ ਰਿਲੀਜ਼ ਹੋਇਆ ਸੀ। ਪੰਜਾਬ ਦੇ ਕਈ ਸੱਭਿਆਚਾਰਕ ਮੇਲਿਆਂ ਵਿੱਚ ਨੈਨਸੀ ਨੇ ਗਾਇਕਾ ਵਜੋਂ ਆਪਣੀ ਪੇਸ਼ਕਾਰੀ ਦਿੱਤੀ ਹੈ ਅਤੇ ਇਸ ਸਬੰਧ ਵਿੱਚ ਉਸ ਦੀਆਂ ਕਈ ਤਸਵੀਰਾਂ ਫੇਸਬੁੱਕ ਉੱਤੇ ਅਪਲੋਡ ਹਨ।

ਨੈਨਸੀ ਗਰੇਵਾਲ ਦੀ ਜਲੰਧਰ ਰਹਿੰਦੀ ਮਾਤਾ ਸ਼ਿੰਦਰਪਾਲ ਕੌਰ ਇਸ ਕਤਲ ਤੋਂ ਬਾਅਦ ਸਦਮੇ ਵਿੱਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, "ਮੇਰੀ ਬੇਟੀ ਪੇਸ਼ੇ ਤੋਂ ਨਰਸ ਸੀ ਅਤੇ ਉਸ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਸਮੇਂ-ਸਮੇਂ ਉੱਤੇ ਕੀਤੀ ਗਈ ਹੈ।"

ਨੈਨਸੀ ਗਰੇਵਾਲ

ਉਨ੍ਹਾਂ ਆਖਿਆ ਉਨ੍ਹਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ ਅਤੇ ਇਹ ਉਸ ਨੂੰ ਵੀਡੀਓਜ਼ ਵਿੱਚ ਸੱਚ ਬੋਲਣ ਦੀ ਸਜ਼ਾ ਮਿਲੀ ਹੈ।

ਸ਼ਿੰਦਰਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਕਸਰ ਰੋਜ਼ਾਨਾ ਆਪਣੀ ਬੇਟੀ ਨਾਲ ਗੱਲ ਕਰਦੀ ਸੀ। ਤਿੰਨ ਮਾਰਚ ਨੂੰ ਜਦੋਂ ਕਈ ਵਾਰ ਫ਼ੋਨ ਕਰਨ ਤੋਂ ਬਾਅਦ ਉਸ ਦੀ ਬੇਟੀ ਨੇ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਕੈਨੇਡਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਦੱਸਿਆ ਕਿ ਉਸ ਦਾ ਕਤਲ ਹੋ ਗਿਆ ਹੈ।

ਸ਼ਿੰਦਰਪਾਲ ਕੌਰ ਮੁਤਾਬਕ ਉਸ ਨੇ ਬੇਟੀ ਨੂੰ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਤੋਂ ਕਈ ਵਾਰ ਵਰਜਿਆ ਸੀ, ਪਰ ਉਹ ਨਹੀਂ ਮੰਨੀ।

ਉਨ੍ਹਾਂ ਦੱਸਿਆ ਹਾਲਾਂਕਿ ਵਿਵਾਦਿਤ ਟਿੱਪਣੀਆਂ ਕਰਨੀਆਂ ਉਨ੍ਹਾਂ ਨੇ ਬੰਦ ਕਰ ਦਿੱਤੀਆਂ ਸਨ, ਪਰ ਫਿਰ ਵੀ ਉਸ ਦਾ ਕਤਲ ਹੋ ਗਿਆ।

ਉਨ੍ਹਾਂ ਮੁਤਾਬਕ ਦੋ ਮਹੀਨੇ ਪਹਿਲਾਂ ਵੀ ਨੈਨਸੀ ਦੇ ਘਰ ਨੂੰ ਅੱਗ ਲਗਾਈ ਗਈ ਸੀ ਅਤੇ ਉਸ ਵੇਲੇ ਉਹ ਘਰ ਵਿੱਚ ਸੀ, ਪਰ ਬਚਾਅ ਹੋ ਗਿਆ ਸੀ ਅਤੇ ਇਸ ਦੀ ਬਕਾਇਦਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)