ਪੰਜਾਬ ਦੇ ਫਿਰੋਜ਼ਪੁਰ ਦੇ ਇਸ ਪਿੰਡ 'ਚ ਕਈ ਬੱਚੇ ਦੂਸ਼ਿਤ ਪਾਣੀ ਪੀਣ ਕਾਰਨ ਬਿਮਾਰ ਹੋਏ, ਹੁਣ ਤੱਕ ਜਾਂਚ 'ਚ ਕੀ ਪਤਾ ਚੱਲਿਆ

ਸੇਜਲ ਦੀ ਦਾਦੀ ਬਲਵੀਰੋ
ਤਸਵੀਰ ਕੈਪਸ਼ਨ, ਸੇਜਲ ਦੀ ਦਾਦੀ ਬਲਵੀਰੋ ਦਾ ਕਹਿਣਾ ਹੈ ਬੱਚੀ ਨੂੰ ਬੁਖ਼ਾਰ ਅਤੇ ਉਲਟੀਆਂ ਆਉਣ ਲੱਗੀਆਂ ਸਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 30 ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਆਦਾ ਹਾਲਤ ਖ਼ਰਾਬ ਹੋਣ ਕਾਰਨ ਕਰੀਬ 30 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।

ਛੇ ਬੱਚਿਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ, ਜਦਕਿ ਬਾਕੀ ਬੱਚੇ ਅਜੇ ਵੀ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਸਿਹਤ ਵਿਭਾਗ ਮੁਤਾਬਕ ਇਹ ਬੱਚੇ ਲੈਪਟੋਸਪਾਇਰੋਸਿਸ ਨਾਮ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਲੈਪਟੋਸਪਾਇਰੋਸਿਸ ਇੱਕ ਬੈਕਟੀਰੀਆ ਦੀ ਲਾਗ ਹੈ ਜੋ ਅਕਸਰ ਦੂਸ਼ਿਤ ਪਾਣੀ ਜਾਂ ਮਿੱਟੀ ਰਾਹੀਂ ਫੈਲਦੀ ਹੈ।

ਇਸ ਪਿੰਡ ਦੀ ਇੱਕ 12 ਸਾਲਾ ਕੁੜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਵੀ ਹੋਈ ਹੈ। ਇਸ ਕੁੜੀ ਵਿੱਚ ਵੀ ਲੈਪਟੋਸਪਾਇਰੋਸਿਸ ਬਿਮਾਰੀ ਦੇ ਲੱਛਣ ਸਨ। ਪਰ ਕੁੜੀ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਨਾ ਹੋਣ ਕਾਰਨ ਉਸਦੀ ਬਿਮਾਰੀ ਦਾ ਰਿਕਾਰਡ ਸਿਹਤ ਵਿਭਾਗ ਕੋਲ ਨਹੀਂ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਚਾਨਕ ਤੇਜ਼ ਬੁਖ਼ਾਰ ਅਤੇ ਉਲਟੀਆਂ ਆਉਣ ਲੱਗੀਆਂ। ਸ਼ੁਰੂ ਵਿੱਚ ਪਰਿਵਾਰਾਂ ਨੇ ਘਰ ਵਿੱਚ ਹੀ ਇਲਾਜ ਕਰਵਾਇਆ, ਪਰ ਜਦੋਂ ਹਾਲਤ ਸੰਭਲਣ ਦੀ ਬਜਾਏ ਵਿਗੜਣ ਲੱਗੀ ਤਾਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਦੂਸ਼ਿਤ ਪਾਣੀ
ਤਸਵੀਰ ਕੈਪਸ਼ਨ, ਪਿੰਡ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 30 ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ

ਲੈਪਟੋਸਪਾਇਰੋਸਿਸ ਬੀਮਾਰੀ ਕਦੋਂ ਫੈਲੀ

ਇਸ ਬਿਮਾਰੀ ਦੇ ਫੈਲਣ ਦਾ ਪਤਾ 21 ਫ਼ਰਵਰੀ ਨੂੰ ਲੱਗਾ, ਜਦੋਂ 12 ਸਾਲਾ ਸੇਜਲ ਦੀ ਕਥਿਤ ਤੌਰ ਉੱਤੇ ਇਸ ਬਿਮਾਰੀ ਨਾਲ ਮੌਤ ਹੋ ਗਈ ਸੀ। ਸੇਜਲ ਨੂੰ ਵੀ ਬੁਖ਼ਾਰ ਅਤੇ ਉਲਟੀਆਂ ਦੀ ਸ਼ਿਕਾਇਤ ਸੀ।

ਡਾ. ਰੇਖਾ ਭਾਟੀ, ਕਾਰਜਕਾਰੀ ਐੱਸਐੱਮਓ, ਕਮਿਊਨਿਟੀ ਹੈਲਥ ਸੈਂਟਰ, ਮਮਦੋਟ ਕਹਿੰਦੇ ਹਨ, "ਹੋ ਸਕਦਾ ਹੈ ਕਿ ਸੇਜਲ ਦੀ ਮੌਤ ਲੈਪਟੋਸਪਾਇਰੋਸਿਸ ਨਾਲ ਹੋਈ ਹੋਵੇ, ਕਿਉਂਕਿ ਉਸਦੇ ਬਿਮਾਰ ਹੋਣ ਦੇ ਲੱਛਣ ਵੀ ਇਸ ਬਿਮਾਰੀ ਦੇ ਲੱਛਣਾਂ ਨਾਲ ਮਿਲਦੇ ਸਨ। ਪਰ ਉਸਦੇ ਟੈਸਟ ਨਹੀਂ ਹੋਏ। ਇਸ ਲਈ ਅਸੀਂ ਯਕੀਨੀ ਤੌਰ ਉੱਤੇ ਨਹੀਂ ਕਹਿ ਸਕਦੇ ਕਿ ਉਹ ਲੈਪਟੋਸਪਾਇਰੋਸਿਸ ਨਾਲ ਪੀੜਤ ਸੀ।"

ਸੇਜਲ ਦੀ ਮੌਤ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਵਿੱਚ ਸਰਵੇ ਕੀਤਾ। ਮਗਰੋਂ ਜਦੋਂ ਹੋਰ ਬੱਚੇ ਪੋਜ਼ੀਟਿਵ ਆਉਣ ਲੱਗੇ ਤਾਂ ਵਿਭਾਗ ਨੇ ਪਿੰਡ ਵਿੱਚ ਅਸਥਾਈ ਕੈਂਪ ਲਗਾ ਲਿਆ।

ਰੇਖਾ ਭਾਟੀ

ਹੁਣ ਵਿਭਾਗ ਰੋਜ਼ਾਨਾ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਰਿਹਾ ਹੈ ਅਤੇ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਵੀ ਕਰ ਰਿਹਾ ਹੈ।

ਸੇਜਲ ਦੀ ਦਾਦੀ ਬਲਵੀਰੋ ਨੇ ਦੱਸਿਆ, "ਪਹਿਲਾਂ ਅਸੀਂ ਸੋਚਿਆ ਕਿ ਸੇਜਲ ਨੂੰ ਸਧਾਰਨ ਬੁਖ਼ਾਰ ਹੈ। ਅਸੀਂ ਕਿਸੇ ਨਿੱਜੀ ਡਾਕਟਰ ਤੋਂ ਉਸਦਾ ਇਲਾਜ ਕਰਵਾਇਆ। ਇਲਾਜ ਦੌਰਾਨ ਉਹ ਠੀਕ ਹੋ ਗਈ ਅਤੇ ਅਸੀਂ ਉਸਨੂੰ ਘਰ ਵਾਪਸ ਲੈ ਆਏ।"

"ਫਿਰ ਉਹ ਦੁਬਾਰਾ ਬਿਮਾਰ ਹੋ ਗਈ ਅਤੇ ਜਦੋਂ ਅਸੀਂ ਉਸਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।"

ਪਾਣੀ

ਬੀਮਾਰੀ ਕਿਵੇਂ ਫੈਲੀ

ਸਿਹਤ ਵਿਭਾਗ ਮੁਤਾਬਕ ਪਿੰਡ ਦੇ ਬੱਚੇ ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋਏ ਹਨ। ਸਰਕਾਰੀ ਟੈਂਕੀ ਤੋਂ ਸਪਲਾਈ ਹੁੰਦੇ ਪਾਣੀ ਤੋਂ ਇਲਾਵਾ ਜ਼ਮੀਨੀ ਪਾਣੀ ਦੇ ਨਮੂਨੇ ਵੀ ਸ਼ੁੱਧਤਾ ਦੇ ਟੈਸਟ ਵਿੱਚ ਫੇਲ੍ਹ ਹੋ ਰਹੇ ਹਨ।

ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਬੱਚੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਘਰ-ਘਰ ਸਪਲਾਈ ਕੀਤੇ ਜਾ ਰਹੇ ਪਾਣੀ ਨੂੰ ਪੀਣ ਕਾਰਨ ਬੀਮਾਰ ਹੋਏ ਹਨ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੰਜਾਬ ਦੇ ਹੋਰ ਪਿੰਡਾਂ ਵਾਂਗ ਇੱਥੇ ਵੀ ਪਾਣੀ ਦੀ ਟੈਂਕੀ ਸਥਾਪਤ ਕੀਤੀ ਹੋਈ ਹੈ। ਇਸ ਟੈਂਕੀ ਤੋਂ ਹੀ ਸਾਰੇ ਪਿੰਡ ਨੂੰ ਪਾਣੀ ਸਪਲਾਈ ਹੁੰਦਾ ਹੈ।

ਪਿੰਡ ਦੀ ਵਸਨੀਕ ਸੋਮਾ ਰਾਣੀ ਦਾ ਮੁੰਡਾ ਵੀ ਬਿਮਾਰ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਉਹ ਕਹਿੰਦੀ ਹੈ, "ਬੱਚਿਆਂ ਸਮੇਤ ਸਾਰੇ ਪਿੰਡ ਵਾਸੀ ਸਰਕਾਰੀ ਟੈਂਕੀ ਦਾ ਪਾਣੀ ਪੀਂਦੇ ਹਨ। ਜਦੋਂ ਇਸ ਟੈਂਕੀ ਦਾ ਪਾਣੀ ਟੂਟੀ ਰਾਹੀਂ ਭਰਦੇ ਸੀ ਤਾਂ ਬਦਬੂ ਆਉਂਦੀ ਸੀ।"

ਇਸ ਪਿੰਡ ਦੇ ਵਸਨੀਕ ਸੋਹਣ ਸਿੰਘ ਕਹਿੰਦੇ ਹਨ, "ਸਾਡੇ ਘਰ ਵਿੱਚ ਸਬਮਰਸੀਬਲ ਪੰਪ ਲੱਗਾ ਹੋਇਆ ਹੈ। ਵਾਟਰ ਫਿਲਟਰ ਵੀ ਲੱਗਾ ਹੋਇਆ ਹੈ। ਅਸੀਂ ਤਾਂ ਸਰਕਾਰੀ ਟੈਂਕੀ ਦਾ ਪਾਣੀ ਨਹੀਂ ਵਰਤਦੇ। ਮੇਰੇ ਦੋ ਪੋਤਰੇ ਫਿਰ ਵੀ ਬਿਮਾਰ ਹੋ ਗਏ।"

ਉਹ ਕਹਿੰਦੇ ਹਨ, "ਪਿੰਡ ਦਾ ਛੱਪੜ ਸਾਡੇ ਘਰ ਦੇ ਨੇੜੇ ਹੈ। ਛੱਪੜ ਬਹੁਤ ਡੂੰਘਾ ਹੈ। ਹੋ ਸਕਦਾ ਹੈ ਇਸ ਛੱਪੜ ਨੇ ਸਾਡੇ ਇਲਾਕੇ ਦਾ ਜ਼ਮੀਨੀ ਪਾਣੀ ਵੀ ਦੂਸ਼ਿਤ ਕਰ ਦਿੱਤਾ ਹੋਵੇ।"

ਸੋਮਾ ਰਾਣੀ

ਜ਼ਮੀਨੀ ਅਤੇ ਟੈਂਕੀ ਦਾ ਪਾਣੀ ਵਰਤਣ ਤੋਂ ਵਰਜਿਆ

ਫਿਲਹਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਜਲ ਸਪਲਾਈ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਸਪਲਾਈ ਅਤੇ ਜ਼ਮੀਨੀ ਪਾਣੀ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ।

ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ, "ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਵੱਖ-ਵੱਖ ਥਾਵਾਂ ਉੱਤੇ ਵਾਟਰ ਟੈਂਕ ਖੜ੍ਹੇ ਕੀਤੇ ਗਏ ਹਨ। ਰੋਜ਼ਾਨਾ ਸਵੇਰੇ ਅਤੇ ਸ਼ਾਮ ਇਨ੍ਹਾਂ ਨੂੰ ਭਰਿਆ ਜਾਂਦਾ ਹੈ। ਪਿੰਡ ਵਾਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਵਾਟਰ ਟੈਂਕਾਂ ਦਾ ਪਾਣੀ ਹੀ ਵਰਤਣ।"

ਡਾ. ਰੇਖਾ ਭਾਟੀ ਨੇ ਕਿਹਾ, "ਸਾਡੀਆਂ ਟੀਮਾਂ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਅਸੀਂ ਲੋਕਾਂ ਨੂੰ ਉਬਲਿਆ ਹੋਇਆ ਪਾਣੀ ਪੀਣ ਦੀ ਸਲਾਹ ਦੇ ਰਹੇ ਹਾਂ।"

ਡਾ. ਰੇਖਾ ਭਾਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿੰਨੇ ਵੀ ਸੈਂਪਲ ਲਏ ਹਨ ਉਨ੍ਹਾਂ ਵਿੱਚ ਸਮੱਸਿਆ ਸਾਹਮਣੇ ਆਈ ਹੈ, ਜਿਸ ਘਰ ਵਿੱਚ ਮੌਤ ਹੋਈ ਹੈ ਉਸ ਦੇ ਸੈਂਪਲ ਵਿੱਚ ਵੀ ਦਿੱਕਤ ਨਜ਼ਰ ਆਈ ਹੈ।

ਸਰਪੰਚ ਬਲਵਿੰਦਰ ਸਿੰਘ
ਤਸਵੀਰ ਕੈਪਸ਼ਨ, ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਦੱਸਦੇ ਹਨ ਪ੍ਰਸ਼ਾਸਨ ਨੇ ਪਿੰਡ ਵਿੱਚ ਪਾਣੀ ਦੇ ਟੈਂਕਰਾਂ ਦੇ ਪ੍ਰਬੰਧ ਕੀਤਾ ਹੈ

ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ

ਫ਼ਿਰੋਜ਼ਪੁਰ ਦੇ ਐੱਸਡੀਐੱਮ ਲਿੰਡੇਈਆ ਨੇ ਦੱਸਿਆ ਕਿ ਜਾਂਚ ਦੌਰਾਨ ਜ਼ਮੀਨੀ ਪਾਣੀ ਅਤੇ ਪਾਈਪ ਲਾਈਨ ਦਾ ਪਾਣੀ ਦੂਸ਼ਿਤ ਮਿਲਿਆ ਹੈ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੱਕ ਐਕਸੀਅਨ ਅਤੇ ਇੱਕ ਐੱਸਡੀਓ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਇਹ ਵੀ ਕਿਹਾ, "ਪਿੰਡ ਦੇ ਸਰਕਾਰੀ ਸਕੂਲ ਅਤੇ ਪੰਚਾਇਤ ਵਿਭਾਗ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਸਕੂਲ ਵਿੱਚ ਲੱਗਾ ਆਰਓ ਸਿਸਟਮ ਨਹੀਂ ਚੱਲ ਰਿਹਾ ਸੀ ਅਤੇ ਪਿੰਡ ਦੇ ਛੱਪੜ ਦੀ ਸਫ਼ਾਈ ਵੀ ਸਮੇਂ ਸਿਰ ਨਹੀਂ ਹੋਈ ਸੀ।"

ਪਾਣੀ ਵਲੀ ਟੰਕੀ
ਤਸਵੀਰ ਕੈਪਸ਼ਨ, ਪਿੰਡ ਦੇ ਲੋਕ ਪਾਣੀ ਵਾਲੀ ਟੰਕੀ ਉੱਤੇ ਨਿਰਭਰ ਹਨ

ਪਾਣੀ ਕਿਵੇਂ ਦੂਸ਼ਿਤ ਹੋਇਆ

ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੇ ਦੂਸ਼ਿਤ ਹੋਣ ਦੇ ਅਸਲ ਕਾਰਨ ਦੀ ਪੁਸ਼ਟੀ ਨਹੀਂ ਹੋਈ ਹੈ।

ਫ਼ਿਰੋਜ਼ਪੁਰ ਦੇ ਐੱਸਡੀਐਮ ਲਿੰਡੇਈਆ ਨੇ ਕਿਹਾ, "ਇਹ ਪਤਾ ਨਹੀਂ ਲੱਗ ਸਕਿਆ ਕਿ ਪਾਣੀ ਦੂਸ਼ਿਤ ਕਿਵੇਂ ਹੋਇਆ। ਜਲ ਸਪਲਾਈ ਵਿਭਾਗ ਨੇ ਸਰਕਾਰੀ ਟੈਂਕੀ ਦੀ ਸਫਾਈ ਵੀ ਕੁਝ ਸਮਾਂ ਪਹਿਲਾਂ ਕਰਵਾਈ ਸੀ। ਇਸ ਲਈ ਹੋ ਸਕਦਾ ਹੈ ਕਿ ਕਿਸੇ ਜਗ੍ਹਾ ਤੋਂ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਲ ਗਿਆ ਹੋਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)