ਇੱਕ ਭਾਲੂ ਦੀ ਕਹਾਣੀ, ਜੋ ਇੱਕ ਪਰਿਵਾਰ ਵਿੱਚ ਪੁੱਤਰ ਵਾਂਗ ਪਾਲਿਆ ਗਿਆ, ਅਤੇ ਫਿਰ ਇੱਕ ਘਟਨਾ ਕਾਰਨ ਇੰਟਰਨੈਸ਼ਨਲ ਸਟਾਰ ਬਣ ਗਿਆ

ਮੈਗੀ ਅਤੇ ਹਰਕਿਊਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਗੀ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੇ ਪਤੀ ਐਂਡੀ ਨੇ ਇੱਕ ਭਾਲੂ ਦੇ ਬੱਚੇ ਨੂੰ ਗੋਦ ਲੈਣ ਦਾ ਸੁਝਾਅ ਦਿੱਤਾ, ਤਾਂ ਉਹ ਇੱਕ ਪਲ ਲਈ ਵੀ ਹਿਚਕਿਚਾਏ ਨਹੀਂ
    • ਲੇਖਕ, ਬੀਬੀਸੀ ਨਿਊਜ਼ ਮੁੰਡੋ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਜਦੋਂ ਤੋਂ ਹਰਕਿਊਲਿਸ, ਸਕਾਟਲੈਂਡ ਦੇ ਡਨਬਲੇਨ ਨੇੜੇ ਸ਼ੇਰਿਫਮੁਇਰ ਵਿੱਚ ਐਂਡੀ ਅਤੇ ਮੈਗੀ ਰੋਬਿਨ ਦੇ ਘਰ ਆਇਆ, ਉਦੋਂ ਤੋਂ ਉਹ ਤਿੰਨੇ ਕਦੇ ਵੀ ਵੱਖ ਨਹੀਂ ਹੋਏ।

ਉਹ ਆਪਣੇ ਦਿਨ ਦੀ ਸ਼ੁਰੂਆਤ ਰਸੋਈ ਵਿੱਚ ਇਕੱਠੇ ਨਾਸ਼ਤਾ ਕਰਕੇ ਕਰਦੇ ਸਨ (ਦੁੱਧ ਅਤੇ ਖੰਡ ਵਾਲੀ ਕੌਫੀ, ਆਂਡੇ, ਸਾਸੇਜ)। ਬਾਕੀ ਦਾ ਦਿਨ ਉਹ ਖੇਡਣ, ਅਭਿਆਸ ਕਰਨ ਜਾਂ ਸਿਰਫ਼ ਇੱਕ-ਦੂਜੇ ਦੇ ਨਾਲ ਬਿਤਾਉਂਦੇ ਸਨ।

ਬੇਸ਼ਕ ਉਹ ਤਿੰਨੇ ਇੱਕ ਪਰਿਵਾਰ ਵਾਂਗ ਰਹਿੰਦੇ ਸਨ, ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਦੀ ਇਹ ਤਿੱਕੜੀ ਬਹੁਤ ਅਜੀਬ ਅਤੇ ਵਿਲੱਖਣ ਸੀ।

ਕਿਉਂਕਿ ਹਰਕਿਊਲਿਸ - ਜਾਂ ਉਸ ਦਾ ਪਿਆਰ ਦਾ ਨਾਮ 'ਹਰਕ' - ਕੋਈ ਇਨਸਾਨ ਨਹੀਂ, ਸਗੋਂ ਇੱਕ ਭਾਲੂ ਸੀ।

ਇੱਕ ਗ੍ਰਿਜ਼ਲੀ ਭਾਲੂ (Ursus arctos horribilis), ਜਿਸਨੂੰ ਇਸ ਜੋੜੇ ਨੇ ਉਦੋਂ ਗੋਦ ਲਿਆ ਸੀ, ਜਦੋਂ ਉਹ ਨੌਂ ਮਹੀਨੇ ਦਾ ਬੱਚਾ ਸੀ। ਜਦੋਂ ਉਹ ਵੱਡਾ ਹੋਇਆ, ਤਾਂ ਉਸਦੀ ਲੰਬਾਈ 2.50 ਮੀਟਰ ਤੋਂ ਵੱਧ ਅਤੇ ਵਜ਼ਨ 190 ਕਿਲੋਗ੍ਰਾਮ ਤੋਂ ਵੀ ਜ਼ਿਆਦਾ ਹੋ ਗਿਆ ਸੀ।

ਪੁੱਤਰ ਵਾਂਗ ਦੇਖਭਾਲ

ਐਂਡੀ, ਮੈਗੀ ਅਤੇ ਹਰਕਿਊਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਕ, ਮੈਗੀ ਅਤੇ ਐਂਡੀ ਦੇ ਬੱਚੇ ਵਾਂਗ ਸੀ ਅਤੇ ਉਹ ਤਿੰਨੇ ਬਹੁਤ ਪਿਆਰ ਨਾਲ ਰਹਿੰਦੇ ਸਨ

ਮੈਗੀ ਨੂੰ ਹਮੇਸ਼ਾ ਤੋਂ ਜਾਨਵਰਾਂ ਨਾਲ ਬਹੁਤ ਪਿਆਰ ਰਿਹਾ ਹੈ। ਮੈਗੀ ਦਾ ਜੀਵਨ ਸਕਾਟਲੈਂਡ ਦੇ ਇੱਕ ਖੇਤ ਵਿੱਚ ਬੀਤਿਆ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪਹਿਲਾ ਪਿਆਰ ਘੋੜੇ ਸਨ। ਉਨ੍ਹਾਂ ਨੇ ਬਚਪਨ ਵਿੱਚ ਹੀ ਘੁੜਸਵਾਰੀ ਸਿੱਖ ਲਈ ਸੀ ਅਤੇ ਘੁੜਸਵਾਰੀ ਦੇ ਮੁਕਾਬਲਿਆਂ ਵਿੱਚ ਕਈ ਇਨਾਮ ਵੀ ਜਿੱਤੇ ਸਨ।

ਉਨ੍ਹਾਂ ਦੇ ਪਤੀ ਐਂਡੀ ਇੱਕ ਲੱਕੜਹਾਰੇ ਅਤੇ ਕੁਸ਼ਤੀ ਦੇ ਚੈਂਪੀਅਨ ਸਨ ਅਤੇ ਉਨ੍ਹਾਂ ਤੋਂ 15 ਸਾਲ ਵੱਡੇ ਸਨ - ਜਦੋਂ ਐਂਡੀ ਨੇ ਮੈਗੀ ਨੂੰ ਇੱਕ ਭਾਲੂ ਦੇ ਬੱਚੇ ਨੂੰ ਗੋਦ ਲੈਣ ਦਾ ਸੁਝਾਅ ਦਿੱਤਾ, ਤਾਂ ਮੈਗੀ ਇੱਕ ਪਲ ਲਈ ਵੀ ਹਿਚਕਿਚਾਏ ਨਹੀਂ।

ਮੈਗੀ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਯਾਦ ਹੈ, ਪਹਿਲੀ ਵਾਰ ਜਦੋਂ ਐਂਡੀ ਨੇ ਮੈਨੂੰ ਪੁੱਛਿਆ ਸੀ, 'ਜੇ ਮੈਂ ਤੈਨੂੰ ਕਹਾਂ ਕਿ ਮੈਂ ਇੱਕ ਭਾਲੂ ਦਾ ਬੱਚਾ ਖਰੀਦਣਾ ਚਾਹੁੰਦਾ ਹਾਂ, ਤਾਂ ਤੂੰ ਕੀ ਕਹੇਂਗੀ?' ਮੈਂ ਕਦੇ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਸਾਡੀ ਜ਼ਿੰਦਗੀ ਇਹੋ-ਜਿਹੀ ਹੋਵੇਗੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਰਿਸ਼ਤਾ ਇੰਨਾ ਜਾਦੂਈ ਬਣ ਜਾਵੇਗਾ।"

ਐਂਡੀ ਨੂੰ ਇਹ ਵਿਚਾਰ ਕੈਨੇਡਾ ਵਿੱਚ ਆਇਆ ਸੀ, ਜਿੱਥੇ ਉਨ੍ਹਾਂ ਨੂੰ "ਟੈਡ ਦਿ ਟੈਰਿਬਲ" ਨਾਮ ਦੇ ਇੱਕ ਗ੍ਰਿਜ਼ਲੀ ਭਾਲੂ ਨਾਲ ਲੜਨ ਲਈ 1,000 ਡਾਲਰ ਦੀ ਪੇਸ਼ਕਸ਼ ਮਿਲੀ ਸੀ। ਉਸ ਜਾਨਵਰ ਨਾਲ ਆਹਮੋ-ਸਾਹਮਣੇ ਦੀ ਮੁਲਾਕਾਤ ਨੇ ਉਨ੍ਹਾਂ ਦੇ ਮਨ ਵਿੱਚ ਇੱਕ ਭਾਲੂ ਪਾਲਣ ਦੀ ਇੱਛਾ ਜਗਾ ਦਿੱਤੀ ਸੀ।

ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਇਹ ਵਿਚਾਰ ਬਿਲਕੁਲ ਅਵਿਹਾਰਕ, ਇੱਥੋਂ ਤੱਕ ਕਿ ਪਾਗਲਪਨ ਭਰਿਆ ਵੀ ਲੱਗਾ, ਜੋ ਕਿ ਸਹੀ ਵੀ ਹੈ। ਪਰ ਐਂਡੀ ਅਤੇ ਮੈਗੀ ਆਪਣੇ ਇਸ ਪਲਾਨ ਨੂੰ ਪੂਰਾ ਕਰਨ ਵਿੱਚ ਜੁਟ ਗਏ। ਉਨ੍ਹਾਂ ਨੂੰ ਸਕਾਟਲੈਂਡ ਦੇ ਇੱਕ ਚਿੜੀਆਘਰ ਵਿੱਚ ਭਾਲੂ ਦਾ ਬੱਚਾ ਮਿਲ ਗਿਆ, ਬਿਲਕੁਲ ਉਸੇ ਤਰ੍ਹਾਂ ਦਾ ਜਿਹੋ-ਜਿਹਾ ਉਹ ਚਾਹੁੰਦੇ ਸਨ।

ਉਨ੍ਹਾਂ ਨੇ ਉਸ ਭਾਲੂ ਦੇ ਬੱਚੇ ਨੂੰ ਰੱਖਣ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ, ਫਿਰ 67 ਯੂਐਸ ਡਾਲਰ ਦਾ ਭੁਗਤਾਨ ਕੀਤਾ ਅਤੇ 31 ਅਗਸਤ, 1975 ਨੂੰ ਉਸਨੂੰ ਰਸਮੀ ਤੌਰ 'ਤੇ ਗੋਦ ਲੈ ਲਿਆ।

ਉਨ੍ਹਾਂ ਨੇ ਉਸਦਾ ਨਾਮ ਹਰਕਿਊਲਿਸ ਰੱਖਿਆ। ਉਸਦੇ ਦੋ ਭਰਾ, ਜੋ ਚਿੜੀਆਘਰ ਵਿੱਚ ਉਸਦੀ ਮਾਂ ਨਾਲ ਰਹਿੰਦੇ ਸਨ, ਉਨ੍ਹਾਂ ਦੇ ਨਾਮ ਐਟਲਸ ਅਤੇ ਸੈਮਸਨ ਸਨ।

ਉਨ੍ਹਾਂ ਨੇ ਹਰਕਿਊਲਿਸ ਨੂੰ ਇਸ ਲਈ ਚੁਣਿਆ ਕਿਉਂਕਿ ਆਪਣੇ ਦੋ ਭਰਾਵਾਂ ਦੇ ਮੁਕਾਬਲੇ, ਉਹ ਜ਼ਿਆਦਾ ਸ਼ਾਂਤ, ਵਧੇਰੇ ਪਿਆਰ ਕਰਨ ਵਾਲਾ ਅਤੇ ਆਪਣੀ ਮਾਂ ਨਾਲ ਵਧੇਰੇ ਜੁੜਿਆ ਹੋਇਆ ਸੀ।

ਪਰ, ਜਦੋਂ ਉਹ ਆਇਆ ਤਾਂ ਇੰਨਾ ਭੜਕਿਆ ਹੋਇਆ ਸੀ ਕਿ ਮੈਗੀ ਨੂੰ ਉਸਨੂੰ ਪਿਆਰ ਨਾਲ ਸਹਿਲਾਉਣ ਵਿੱਚ ਦੋ ਮਹੀਨੇ ਦਾ ਸਮਾਂ ਲੱਗਿਆ। ਮੈਗੀ ਲਈ, ਹਰਕ ਇੱਕ ਪੁੱਤਰ ਵਰਗਾ ਸੀ।

ਉਹ ਕਹਿੰਦੇ ਹਨ, "ਜਦੋਂ ਤੁਹਾਨੂੰ ਕੋਈ ਮੌਕਾ ਮਿਲਦਾ ਹੈ, ਚਾਹੇ ਉਹ ਕੋਈ ਬੱਚਾ ਹੋਵੇ ਜਾਂ ਕੋਈ ਜਾਨਵਰ, ਉਹ ਪੂਰੀ ਤਰ੍ਹਾਂ ਮਾਸੂਮ ਹੁੰਦੇ ਹਨ... ਕਿਸੇ ਨੇ ਉਨ੍ਹਾਂ ਨੂੰ ਚੋਟ ਨਹੀਂ ਪਹੁੰਚਾਈ ਹੁੰਦੀ... ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਉਹੋ-ਜਿਹਾ ਹੀ ਬਣਾਈ ਰੱਖੋ।"

ਇੱਕ ਵੱਖਰਾ ਸਫ਼ਰ

ਬੱਚਿਆਂ ਨਾਲ ਹਰਕਿਊਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਕ ਦੀ ਕਾਇਆ ਵਿਸ਼ਾਲ ਸੀ ਪਰ ਸੁਭਾਅ ਓਨਾ ਹੀ ਪਿਆਰਾ ਅਤੇ ਮਾਸੂਮ, ਅਤੇ ਇਹੀ ਫ਼ਰਕ ਸਥਾਨਕ ਭਾਈਚਾਰੇ ਦੇ ਬੱਚਿਆਂ ਅਤੇ ਵੱਡਿਆਂ ਦਾ ਦਿਲ ਜਿੱਤ ਲੈਂਦਾ ਸੀ

ਉਹ ਇਕੱਠੇ ਰਹਿੰਦੇ ਸਨ। ਹਰਕ, ਐਂਡੀ ਨਾਲ ਉਨ੍ਹਾਂ ਦੇ ਰੈਸਲਿੰਗ ਸ਼ੋਅ ਵਿੱਚ ਕੰਮ ਕਰਦਾ ਸੀ ਅਤੇ ਉਨ੍ਹਾਂ ਦੀਆਂ ਹੋਰ ਗਤੀਵਿਧੀਆਂ ਵਿੱਚ ਵੀ ਉਨ੍ਹਾਂ ਦੇ ਨਾਲ ਜਾਂਦਾ ਸੀ।

ਹਰਕਿਊਲਿਸ ਉਸ ਬਾਰ ਵਿੱਚ ਵੀ ਜਾਂਦਾ ਸੀ ਜਿਸਨੂੰ ਐਂਡੀ ਅਤੇ ਮੈਗੀ ਚਲਾਉਂਦੇ ਸਨ। ਉਹ (ਭਾਲੂ), ਗਾਹਕਾਂ ਨਾਲ ਆਸਾਨੀ ਨਾਲ ਘੁਲ-ਮਿਲ ਜਾਂਦਾ ਸੀ ਅਤੇ ਉਸਨੂੰ ਸ਼ਰਾਬ ਚੱਖਣ ਦੀ ਵੀ ਆਦਤ ਪੈ ਗਈ ਸੀ। ਐਂਡੀ ਵਾਂਗ, ਉਸਦਾ ਵੀ ਮਨਪਸੰਦ ਡ੍ਰਿੰਕ ਨਿੰਬੂ ਦੇ ਰਸ ਅਤੇ ਥੋੜ੍ਹੀ ਜਿਹੀ ਬੀਅਰ ਨਾਲ ਬਣਿਆ ਇੱਕ ਡ੍ਰਿੰਕ ਸੀ।

ਉਸਦੀ ਕਾਇਆ ਵਿਸ਼ਾਲ ਸੀ ਪਰ ਸੁਭਾਅ ਓਨਾ ਹੀ ਪਿਆਰਾ ਅਤੇ ਮਾਸੂਮ, ਅਤੇ ਇਹੀ ਫ਼ਰਕ ਸਥਾਨਕ ਭਾਈਚਾਰੇ ਦੇ ਬੱਚਿਆਂ ਅਤੇ ਵੱਡਿਆਂ ਦਾ ਦਿਲ ਜਿੱਤ ਲੈਂਦਾ ਸੀ। ਉਹ ਇੱਕ ਤਰ੍ਹਾਂ ਨਾਲ ਇੱਕ ਮਸ਼ਹੂਰ ਹਸਤੀ ਸੀ।

ਮੈਗੀ ਕਹਿੰਦੇ ਹਨ, "ਉਹ ਡਨਬਲੇਨ ਦੇ ਸਮਾਜਿਕ ਤਾਣੇ-ਬਾਣੇ ਦਾ ਇੱਕ ਹਿੱਸਾ ਸੀ।"

ਉਹ ਇੰਨਾ ਮਸ਼ਹੂਰ ਸੀ ਕਿ ਇਸੇ ਕਾਰਨ 1980 ਦੀਆਂ ਗਰਮੀਆਂ ਵਿੱਚ ਹਰਕਿਊਲਿਸ ਨੂੰ ਵੈਸਟਰਨ ਹੇਬ੍ਰਾਈਡਜ਼ ਵਿੱਚ ਇੱਕ ਮਸ਼ਹੂਰ ਟਾਇਲਟ ਪੇਪਰ ਬ੍ਰਾਂਡ ਦੇ ਵਿਗਿਆਪਨ ਵਿੱਚ ਕੰਮ ਕਰਨ ਲਈ ਵੀ ਚੁਣਿਆ ਗਿਆ।

ਫ਼ਿਲਮਿੰਗ ਸ਼ੁਰੂ ਹੋਣ ਤੋਂ ਪਹਿਲਾਂ, ਐਂਡੀ ਹਰਕ ਦੇ ਨਾਲ ਇਸ ਸਕਾਟਿਸ਼ ਟਾਪੂ-ਸਮੂਹ ਦੇ ਠੰਢੇ ਪਾਣੀ ਵਿੱਚ ਤੈਰਨ ਲਈ ਗਏ।

ਹਮੇਸ਼ਾ ਦੀ ਤਰ੍ਹਾਂ, ਉਨ੍ਹਾਂ ਦੇ ਗਲ਼ਾਂ ਵਿੱਚ ਰੱਸੀ ਬੰਨੀ ਹੋਈ ਸੀ ਅਤੇ ਉਹ ਪਾਣੀ ਵਿੱਚ ਕੂਦ ਗਏ। ਪਰ ਸ਼ਾਇਦ ਠੰਢ ਦੇ ਕਾਰਨ, ਰੱਸੀ ਸੁੰਗੜ ਗਈ, ਗੰਢ ਢਿੱਲੀ ਹੋ ਗਈ ਅਤੇ ਹਰਕ ਤੈਰਦਾ ਰਿਹਾ, ਜਦਕਿ ਉਸਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਉਸਦਾ ਆਪਣੇ ਮਾਲਕ ਨਾਲ ਸੰਪਰਕ ਟੁੱਟ ਗਿਆ ਹੈ।

ਇਹ ਘਟਨਾ ਜਲਦ ਹੀ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਈ। ਹਰਕ ਉਦੋਂ ਤੱਕ ਤੈਰਦਾ ਰਿਹਾ ਜਦੋਂ ਤੱਕ ਉਹ ਅੱਖਾਂ ਤੋਂ ਓਹਲੇ ਨਹੀਂ ਹੋ ਗਿਆ।

"ਫਰ ਵਾਲਾ ਖਾਲੀ ਕੋਟ"

ਹਰਕਿਊਲਿਸ ਦੀ ਭਾਲ ਦੌਰਾਨ ਲਈ ਗਈ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਵਾਰ ਜਦੋਂ ਹਰਕ ਗੁਆਚ ਗਿਆ ਸੀ, ਉਸ ਨੂੰ ਲੱਭਣ ਵਿੱਚ 24 ਦਿਨ ਲੱਗੇ ਸਨ ਅਤੇ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਸੀ

ਉਸਨੂੰ ਲੱਭਣ ਵਿੱਚ 24 ਦਿਨ ਲੱਗੇ। ਇਸ ਦੇ ਲਈ ਇੱਕ ਹਵਾਈ ਅਤੇ ਜ਼ਮੀਨੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਸੈਂਕੜੇ ਸਵੈਸੇਵਕਾਂ ਨੇ ਹਿੱਸਾ ਲਿਆ ਸੀ।

ਮੀਡੀਆ ਨੇ ਇਸ ਮੁਹਿੰਮ ਦੇ ਹਰ ਕਦਮ 'ਤੇ ਬਰੀਕੀ ਨਾਲ ਨਜ਼ਰ ਰੱਖੀ ਅਤੇ ਕੋਈ ਵੀ ਅਜਿਹੀ ਨਵੀਂ ਜਾਣਕਾਰੀ ਦੇਣ ਲਈ ਤਿਆਰ ਰਿਹਾ, ਜਿਸ ਨਾਲ ਹਰਕ ਦਾ ਕੋਈ ਸੁਰਾਗ ਮਿਲ ਸਕੇ।

ਜਦੋਂ ਆਖ਼ਿਰਕਾਰ ਉਨ੍ਹਾਂ ਨੂੰ ਹਰਕ ਮਿਲਿਆ, ਉਸ ਪਲ ਨੂੰ ਯਾਦ ਕਰਦਿਆਂ ਮੈਗੀ ਦੱਸਦੇ ਹਨ, "ਹਰਕਿਊਲਿਸ ਇੰਝ ਲੱਗ ਰਿਹਾ ਸੀ ਜਿਵੇਂ ਫਰ ਵਾਲਾ ਇੱਕ ਖਾਲੀ ਕੋਟ ਹੋਵੇ। ਉਹ ਬਹੁਤ ਮਾੜੀ ਹਾਲਤ ਵਿੱਚ ਸੀ, ਬਹੁਤ ਕਮਜ਼ੋਰ। ਉਸਦਾ ਵਜ਼ਨ ਅੱਧਾ ਰਹਿ ਗਿਆ ਸੀ।''

ਮੈਗੀ ਨੇ ਬੀਬੀਸੀ ਨੂੰ ਦੱਸਿਆ, "ਪੂਰੀ ਰਾਤ ਅਤੇ ਅਗਲੀ ਸਵੇਰ, ਟਾਪੂ ਦੇ ਲੋਕ - ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੋਲ ਗਾਂਵਾਂ ਸਨ - ਉਨ੍ਹਾਂ ਨੇ ਆਪਣੀਆਂ ਗਾਂਵਾਂ ਦਾ ਦੁੱਧ ਕੱਢਿਆ ਅਤੇ ਉਸਦੇ ਲਈ 50 ਲੀਟਰ ਤੋਂ ਵੱਧ ਦੁੱਧ ਲੈਕੇ ਆਏ। ਇਹੀ ਚੀਜ਼ ਸੀ ਜਿਸਨੇ ਹਰਕਿਊਲਿਸ ਨੂੰ ਮੁੜ ਜ਼ਿੰਦਾ ਕਰ ਦਿੱਤਾ।''

ਹਰਕ ਨੂੰ ਬਹੁਤ ਸਾਵਧਾਨੀ ਵਰਤਦੇ ਹੋਏ ਘਰ ਲੈਕੇ ਜਾਇਆ ਗਿਆ, ਜਿੱਥੇ ਉਹ ਹੌਲੀ-ਹੌਲੀ ਠੀਕ ਹੋ ਗਿਆ।

ਇਸ ਅਚਾਨਕ ਹੋਏ ਰੋਮਾਂਚਕ ਸਫ਼ਰ ਤੋਂ ਬਾਅਦ ਉਸਦੀ ਪ੍ਰਸਿੱਧੀ ਕਈ ਗੁਣਾ ਵਧ ਗਈ ਅਤੇ ਹਰਕ ਇੱਕ ਇੰਟਰਨੈਸ਼ਨਲ ਸਟਾਰ ਬਣ ਗਿਆ।

ਹਰ ਕੋਈ ਹਰਕ ਦੀ ਕਹਾਣੀ ਦਾ ਹਿੱਸਾ ਬਣਨਾ ਚਾਹੁੰਦਾ ਸੀ। ਉਸਨੇ ਅਮਰੀਕਾ ਅਤੇ ਜਪਾਨ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ। ਉਹ ਸਿਆਸੀ ਆਗੂਆਂ ਅਤੇ ਟੀਵੀ ਸਿਤਾਰਿਆਂ ਨੂੰ ਮਿਲਿਆ, ਮਨੋਰੰਜਨ ਸ਼ੋਅ ਵਿੱਚ ਨਜ਼ਰ ਆਇਆ ਅਤੇ ਰੌਬਰਟ ਮੂਰ ਨਾਲ ਇੱਕ ਜੇਮਜ਼ ਬੌਂਡ ਫ਼ਿਲਮ ("ਓਕਟੋਪਸੀ") ਵਿੱਚ ਵੀ ਕੰਮ ਕੀਤਾ।

ਬਿਮਾਰੀ

ਐਂਡੀ ਅਤੇ ਹਰਕਿਊਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਕ ਅਤੇ ਐਂਡੀ ਜਿਉਂਦੇ ਜੀਅ ਇੱਕ-ਦੂਜੇ ਸੇ ਬਹੁਤ ਕਰੀਬ ਸਨ ਅਤੇ ਮੌਤ ਤੋਂ ਬਾਅਦ ਵੀ ਦੋਵਾਂ ਨੂੰ ਨੇੜੇ-ਨੇੜੇ ਦਫ਼ਨਾਇਆ ਗਿਆ

ਸਾਲ 2000 ਤੱਕ, ਹਰਕ ਦੀ ਸਿਹਤ ਖ਼ਰਾਬ ਹੋਣ ਲੱਗੀ। ਉਸਦੀ ਪਿੱਠ ਵਿੱਚ ਲੱਗੀ ਸੱਟ ਕਾਰਨ ਉਸਦੇ ਪਿਛਲੇ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਬਹੁਤ ਕੋਸ਼ਿਸ਼ਾਂ ਦੇ ਬਾਅਦ, ਐਂਡੀ ਉਸਨੂੰ ਮੁੜ ਪਹਿਲਾਂ ਵਾਂਗ ਠੀਕ ਕਰਨ ਵਿੱਚ ਕਾਮਯਾਬ ਹੋ ਗਏ।

ਮੈਗੀ ਦੱਸਦੇ ਹਨ, "ਹਰ ਰੋਜ਼, ਮੈਂ ਉਸਨੂੰ ਪੂਲ ਵਿੱਚ ਤੈਰਣ ਲਈ ਲੈਕੇ ਜਾਂਦੀ ਸੀ। ਉਹ ਪੂਲ ਦੇ ਇੱਕ ਖੂੰਜੇ ਤੋਂ ਦੂਜੇ ਖੂੰਜੇ ਤੱਕ ਉਦੋਂ ਤੱਕ ਤੁਰਦਾ ਰਹਿੰਦਾ ਸੀ, ਜਦੋਂ ਤੱਕ ਉਸਦੇ ਜੁੱਤਿਆਂ ਦੇ ਤਲੇ ਘਿਸ ਨਹੀਂ ਜਾਂਦੇ ਸਨ।"

ਹਾਲਾਤ ਵਾਕਈ ਸੁਧਰੇ, ਪਰ ਫਿਰ ਦੁਬਾਰਾ ਵਿਗੜ ਗਏ।

ਉਨ੍ਹਾਂ ਨੂੰ ਉਸਦੀ ਪਿੱਠ 'ਤੇ ਇੱਕ ਫੋੜਾ ਮਿਲਿਆ। ਉਹ ਉਸਨੂੰ ਬਚਾ ਨਹੀਂ ਸਕੇ। ਫ਼ਰਵਰੀ 2001 ਵਿੱਚ, ਜਦੋਂ ਉਹ ਲਗਭਗ 25 ਸਾਲ ਦਾ ਸੀ, ਤਾਂ ਪਰਿਵਾਰ ਦਾ ਪਾਲਤੂ ਜਾਨਵਰ ਹਰਕਿਊਲਿਸ - ਜੋ ਐਂਡੀ ਦਾ ਐਡਵੈਂਚਰ ਅਤੇ ਕੁਸ਼ਤੀ ਵਾਲਾ ਸਾਥੀ ਸੀ - ਹਮੇਸ਼ਾ ਲਈ ਆਪਣੇ ਇਸ ਨਿੱਕੇ ਜਿਹੇ ਪਰਿਵਾਰ ਤੇ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

ਮੈਗੀ

ਸਾਲ 2019 ਵਿੱਚ, 84 ਸਾਲ ਦੀ ਉਮਰ ਵਿੱਚ ਐਂਡੀ ਦਾ ਵੀ ਦੇਹਾਂਤ ਹੋ ਗਿਆ।

ਉਹ ਦੋਵੇਂ ਉਸੇ ਜਗ੍ਹਾ ਦੇ ਨੇੜੇ, ਨਾਲ-ਨਾਲ ਦਫ਼ਨਾਏ ਗਏ ਹਨ, ਜਿੱਥੇ ਹਰਕ ਗਾਇਬ ਹੋ ਗਿਆ ਸੀ।

ਐਂਡੀ ਦੀ ਕਬਰ 'ਤੇ ਇੱਕ ਯਾਦਗਾਰੀ ਪੱਥਰ ਲੱਗਿਆ ਹੈ ਅਤੇ ਜਿੱਥੇ ਹਰਕਿਊਲਿਸ ਦਾ ਸਰੀਰ ਦਫ਼ਨਾਇਆ ਗਿਆ ਹੈ, ਉੱਥੇ ਉਸਦੀ ਪੂਰੀ ਲੰਬਾਈ ਦੀ ਇੱਕ ਮੂਰਤੀ ਬਣੀ ਹੋਈ ਹੈ।

ਮੈਗੀ ਕਹਿੰਦੇ ਹਨ, "ਜਦੋਂ ਵੀ ਮੈਂ ਇੱਥੇ ਆਉਂਦੀ ਹਾਂ, ਮੇਰੇ ਚਿਹਰੇ 'ਤੇ ਮੁਸਕਾਨ ਆ ਹੀ ਜਾਂਦੀ ਹੈ। ਮੈਂ ਬਹੁਤ ਕੁਝ ਸੋਚਦੀ ਹਾਂ। ਇਹ ਘੁੰਮਣ ਲਈ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ।"

"ਐਂਡੀ ਅਤੇ ਹਰਕਿਊਲਿਸ ਦਾ ਰਿਸ਼ਤਾ ਬਹੁਤ ਹੀ ਅਨੋਖਾ ਸੀ। ਜਾਂ ਤਾਂ ਐਂਡੀ ਨੂੰ ਭਾਲੂ ਬਣ ਕੇ ਜਨਮ ਲੈਣਾ ਚਾਹੀਦਾ ਸੀ ਜਾਂ ਫਿਰ ਹਰਕ ਨੂੰ ਇਨਸਾਨ ਵਜੋਂ ਜਨਮ ਲੈਣਾ ਚਾਹੀਦਾ ਸੀ।''

"ਹਰਕਿਊਲਿਸ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ, ਹਰ ਕਹੀ-ਸੁਣੀ ਗੱਲ ਨੂੰ ਗਲਤ ਸਾਬਤ ਕਰ ਦਿੱਤਾ। ਉਸਨੇ ਇਹ ਸਾਬਤ ਕਰ ਦਿੱਤਾ ਕਿ ਪਿਆਰ ਅਤੇ ਦਇਆ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)