ਕੌਣ ਹੈ ਇੰਗਲੈਂਡ ਦੀ ਪਹਿਲੀ ਸਿੱਖ ਰਗਬੀ ਖਿਡਾਰਨ, ਜੋ ਹੁਣ 51 ਸਾਲ ਦੀ ਉਮਰ ਵਿੱਚ ਸੁਮੋ ਰੈਸਲਰ ਬਣੀ

ਮਨਜਿੰਦਰ ਨਾਗਰਾ

ਤਸਵੀਰ ਸਰੋਤ, Manjinder Nagra

    • ਲੇਖਕ, ਡੈਨੀਏਲ ਮਾਲਗਵੀ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਇੰਗਲੈਂਡ ਦੀ ਪਹਿਲੀ ਸਿੱਖ ਮਹਿਲਾ ਰਗਬੀ ਖਿਡਾਰਨ ਵਜੋਂ ਇਤਿਹਾਸ ਰਚਣ ਵਾਲੀ ਮਨਜਿੰਦਰ ਨਾਗਰਾ 51 ਸਾਲਾ ਦੀ ਉਮਰ ਵਿੱਚ ਵੀ ਹੌਸਲੇ ਅਤੇ ਜ਼ਜ਼ਬੇ ਦੀ ਮਿਸਾਲ ਬਣੀ ਹੋਈ ਹੈ।

ਖੇਡ ਦੇ ਮੈਦਾਨ ਵਿੱਚ ਉਨ੍ਹਾਂ ਦੀ ਯਾਤਰਾ ਰਗਬੀ ਦੇ ਸਕਰਮ ਤੋਂ ਸ਼ੁਰੂ ਹੋਈ, ਪਰ ਹੁਣ ਉਹ ਸੁਮੋ ਰੈਸਲਿੰਗ ਦੇ ਅਖਾੜੇ ਵਿੱਚ ਆਪਣੀ ਪਛਾਣ ਬਣਾ ਰਹੇ ਹਨ।

ਸੁਮੋ ਰੈਸਲਿੰਗ ਖੇਡ ਵਿੱਚ ਨਵੀਂ ਹੋਣ ਦੇ ਬਾਵਜੂਦ ਮਨਜਿੰਦਰ ਨਾਗਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਭਾਰ ਵਰਗ ਵਿੱਚ ਕੌਮੀ ਚੈਂਪੀਅਨ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਹੁਣ 51 ਸਾਲ ਦੀ ਉਮਰ ਵਿੱਚ ਉਹ ਸੁਮੋ ਰੈਸਲਿੰਗ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕਰ ਰਹੇ ਹਨ, ਜੋ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੈ।

ਦਰਅਸਲ, ਮਨਜਿੰਦਰ ਨਾਗਰਾ 30 ਸਾਲ ਪਹਿਲਾਂ ਇੰਗਲੈਂਡ ਲਈ ਰਗਬੀ ਖੇਡਣ ਵਾਲੀ ਪਹਿਲੀ ਸਿੱਖ ਮਹਿਲਾ ਬਣੇ ਸੀ।

ਮਨਜਿੰਦਰ ਨਾਗਰਾ ਪਿਛਲੇ ਮਹੀਨੇ ਆਪਣੇ ਭਾਰ ਵਰਗ ਵਿੱਚ ਕੌਮੀ ਚੈਂਪੀਅਨ ਬਣ ਗਏ ਅਤੇ ਹੁਣ ਜੂਨ ਵਿੱਚ ਸਕਾਟਲੈਂਡ ਵਿੱਚ ਹੋਣ ਵਾਲੀਆਂ ਯੂਰਪੀ ਸੁਮੋ ਰੈਸਲਿੰਗ ਚੈਂਪੀਅਨਸ਼ਿਪ ਲਈ ਟ੍ਰੇਨਿੰਗ ਕਰ ਰਹੇ ਹਨ।

ਯੂਕੇ ਦੇ ਹੋਵ ਵਿੱਚ ਰਹਿਣ ਵਾਲੀ ਮਨਜਿੰਦਰ ਤਿੰਨ ਬੱਚਿਆਂ ਦੀ ਮਾਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਚੈਂਪੀਅਨਸ਼ਿਪ ਲਈ ਚੁਣਿਆ ਜਾਣਾ 'ਬੜੇ ਮਾਣ' ਦੀ ਗੱਲ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਲੱਗਿਆ ਸੀ ਕਿ 51 ਸਾਲ ਦੀ ਉਮਰ ਵਿੱਚ ਮੈਂ ਸੁਮੋ ਸ਼ੁਰੂ ਕਰਾਂਗੀ, ਪਰ ਜ਼ਿੰਦਗੀ ਵਿੱਚ ਦੋ ਵਾਰ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਇੱਕ ਸੁਪਨਾ ਹੈ, ਇਸ ਲਈ ਮੈਂ ਇਸ ਮੌਕੇ ਨੂੰ ਦੋਵੇਂ ਹੱਥਾਂ ਨਾਲ ਫੜ੍ਹਨਾ ਚਾਹੁੰਦੀ ਹਾਂ।"

ਮੰਜਿੰਦਰ ਨਾਗਰਾ

ਤਸਵੀਰ ਸਰੋਤ, Manjinder Nagra

ਤਸਵੀਰ ਕੈਪਸ਼ਨ, ਮੰਜਿੰਦਰ ਨਾਗਰਾ (ਸੱਜਿਓਂ ਦੂਜੇ ਨੰਬਰ 'ਤੇ) ਕਹਿੰਦੇ ਹਨ ਕਿ ਮੈਦਾਨ 'ਤੇ ਉਹ ਅਕਸਰ ਏਸ਼ੀਆਈ ਮੂਲ ਦੀ ਇਕੱਲੀ ਖਿਡਾਰਨ ਸਨ

ਜਦੋਂ ਰਗਬੀ ਖੇਡਣੀ ਸ਼ੁਰੂ ਕੀਤੀ ਤਾਂ...

ਮਨਜਿੰਦਰ ਨਾਗਰਾ

ਤਸਵੀਰ ਸਰੋਤ, Manjinder Nagra

ਤਸਵੀਰ ਕੈਪਸ਼ਨ, ਚੈਂਪੀਅਨਸ਼ਿਪ 27 ਜੂਨ ਨੂੰ ਸਕਾਟਲੈਂਡ ਵਿੱਚ ਕਰਵਾਈ ਜਾਵੇਗੀ

ਨਾਗਰਾ ਨੇ ਸਭ ਤੋਂ ਪਹਿਲਾਂ 1990 ਦੇ ਦਹਾਕੇ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ, ਜਦੋਂ ਉਨ੍ਹਾਂ ਨੇ ਬਾਥ ਯੂਨੀਵਰਸਿਟੀ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇੰਗਲੈਂਡ ਸਟੂਡੈਂਟਸ ਟੀਮ ਲਈ ਚੁਣਿਆ ਗਿਆ।

ਜੂਲੀਅਟ ਪਾਰਕਿਨ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਉਸ ਵੇਲੇ ਕਿਹਾ ਸੀ, "ਚੁਣੇ ਜਾਣ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਗਈ ਤਾਂ ਦੁੱਖ ਦੀ ਗੱਲ ਇਹ ਸੀ ਕਿ ਮੇਰੇ ਤੋਂ ਇਹ ਉਮੀਦ ਰੱਖੀ ਜਾ ਰਹੀ ਸੀ ਕਿ ਮੈਂ ਰਗਬੀ ਖੇਡਣਾ ਛੱਡ ਦਿਆਂ, ਨੌਕਰੀ ਲੱਭਣੀ ਸ਼ੁਰੂ ਕਰਾਂ, ਵਿਆਹ ਬਾਰੇ ਸੋਚਾਂ ਅਤੇ ਬੱਚੇ ਪੈਦਾ ਕਰਾਂ।"

ਇਸ ਤਰ੍ਹਾਂ ਮਨਜਿੰਦਰ ਦਾ ਸੀਨੀਅਰ ਇੰਗਲੈਂਡ ਟੀਮ ਲਈ ਚੁਣੇ ਜਾਣ ਦਾ ਸੁਪਨਾ ਇੱਥੇ ਹੀ ਖ਼ਤਮ ਹੋ ਗਿਆ ਅਤੇ ਉਨ੍ਹਾਂ ਨੇ ਕਾਨੂੰਨ ਦੇ ਖੇਤਰ ਵਿੱਚ ਕਰੀਅਰ ਬਣਾਇਆ। ਪਰ ਉਹ ਖੇਡ ਨਾਲ ਜੁੜੇ ਰਹੇ ਅਤੇ 10 ਸਾਲ ਪਹਿਲਾਂ 'ਹੋਵ ਗਰਲਜ਼ ਰਗਬੀ' ਦੀ ਸਥਾਪਨਾ ਕੀਤੀ।

ਜਦੋਂ ਮਨਜਿੰਦਰ ਨੇ 'ਹੋਵ ਗਰਲਜ਼ ਰਗਬੀ' ਦੀ ਸਥਾਪਨਾ ਕੀਤੀ ਸੀ, ਉਦੋਂ ਟੀਮ ਵਿੱਚ ਸਿਰਫ਼ ਛੇ ਖਿਡਾਰਨਾਂ ਸਨ, ਪਰ ਮਈ 2025 ਦੀ ਰਿਪੋਰਟ ਤੱਕ ਚਾਰ ਵੱਖ-ਵੱਖ ਉਮਰ ਵਰਗਾਂ ਵਿੱਚ ਲਗਭਗ 80 ਕੁੜੀਆਂ ਖੇਡ ਰਹੀਆਂ ਹਨ।

ਉਨ੍ਹਾਂ ਨੇ ਕਿਹਾ, "ਜਦੋਂ ਵੀ ਮੈਂ ਖੇਡਦੀ ਸੀ, ਬਹੁਤ ਵਾਰ ਮੈਦਾਨ 'ਤੇ ਮੈਂ ਏਸ਼ੀਆਈ ਮੂਲ ਦੀ ਇਕੱਲੀ ਖਿਡਾਰਨ ਹੁੰਦੀ ਸੀ ਅਤੇ ਇਹ ਮੇਰੇ 30 ਸਾਲਾਂ ਦੇ ਖੇਡਣ ਦੌਰਾਨ ਰਿਹਾ।"

"ਲੋਕਾਂ ਨੂੰ ਇਹ ਯਾਦ ਦਿਵਾਉਣ ਦੀ ਲੋੜ ਹੈ ਕਿ ਅਸੀਂ ਇੱਕ ਅਜਿਹਾ ਭਾਈਚਾਰਾ ਹਾਂ ਜੋ ਖੇਡਾਂ ਵਿੱਚ ਸ਼ਾਮਲ ਹੈ, ਅਸੀਂ ਖੇਡਾਂ ਵਿੱਚ ਵਧੀਆ ਹਾਂ। ਸਾਨੂੰ ਸਿਰਫ਼ ਮੌਕੇ ਅਤੇ ਅਵਸਰਾਂ ਦੀ ਲੋੜ ਹੈ, ਅਤੇ ਲੋਕ ਸਾਡੇ ਤੱਕ ਪਹੁੰਚਣ।"

ਮਨਜਿੰਦਰ ਨਾਗਰਾ

ਸੁਮੋ ਵੱਲ ਕਿਵੇਂ ਵਧੇ

ਉਨ੍ਹਾਂ ਦੀ ਜਾਣ-ਪਛਾਣ ਸੁਮੋ ਰੈਸਲਿੰਗ ਨਾਲ ਉਸ ਵੇਲੇ ਹੋਈ ਜਦੋਂ ਸੁਮੋ ਚੈਂਪੀਅਨ ਮਨਦੀਪ ਸਿੰਘ ਕੁੰਦੀ ਨੂੰ ਸਿੱਖ ਗੇਮਜ਼ ਦੇ ਐਂਬੈਸਡਰ ਵਜੋਂ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਸੁਝਾਅ ਦਿੱਤਾ ਕਿ ਉਹ ਮਾਰਚ ਵਿੱਚ ਉਨ੍ਹਾਂ ਦੇ ਕਲੱਬ ਵੱਲੋਂ ਕਰਵਾਈ ਜਾ ਰਹੀ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ।

ਯੂਕੇ ਅਧਾਰਿਤ ਇੱਕ ਗ਼ੈਰ-ਮੁਨਾਫ਼ਾ ਸੰਸਥਾ ਹੈ, ਸਿੱਖ ਗੇਮਜ਼, ਜਿਸ ਦੀ ਨਾਗਰਾ ਵੀ ਐਂਬੈਸਡਰ ਹਨ ਅਤੇ ਇਸਦਾ ਮਕਸਦ ਖੇਡਾਂ ਵਿੱਚ ਨਸਲੀ ਘੱਟ ਗਿਣਤੀ ਭਾਈਚਾਰੇ ਦੀ ਭਾਗੀਦਾਰੀ ਵਧਾਉਣਾ ਅਤੇ ਭਾਈਚਾਰਿਆਂ ਨੂੰ ਜੋੜਨਾ ਹੈ।

ਉਨ੍ਹਾਂ ਨੇ ਕਿਹਾ, "ਹਾਲੇ ਵੀ ਇਹ ਧਾਰਨਾ ਹੈ, ਜੋ ਮੇਰੇ ਖ਼ਿਆਲ ਵਿੱਚ ਇੱਕ ਮਿਥ ਹੈ, ਕਿ ਏਸ਼ੀਆਈ ਲੋਕਾਂ ਨੂੰ ਖੇਡਾਂ ਪਸੰਦ ਨਹੀਂ... ਅਤੇ ਉਹ ਸਿਰਫ਼ ਆਪਣੇ ਕਰੀਅਰ ਬਾਰੇ ਹੀ ਸੋਚਦੇ ਹਨ।"

"ਮੈਂ ਸਮਝਦੀ ਹਾਂ ਕਿ ਹੁਣ ਜਾਗਰੂਕਤਾ ਜ਼ਰੂਰ ਵਧ ਰਹੀ ਹੈ, ਪਰ ਫਿਰ ਵੀ ਰੁਕਾਵਟਾਂ ਮੌਜੂਦ ਹਨ ਅਤੇ ਇਹ ਕਹਿਣਾ ਕਿ ਅਜਿਹਾ ਨਹੀਂ ਹੈ, ਗ਼ਲਤ ਹੋਵੇਗਾ।"

ਉਨ੍ਹਾਂ ਨੇ ਕਿਹਾ ਕਿ ਅਜੇ ਵੀ ਕਈ ਸਮਾਜਿਕ ਅਤੇ ਸੱਭਿਆਚਾਰਕ ਰੁਕਾਵਟਾਂ ਹਨ ਜੋ ਏਸ਼ੀਆਈ ਮੂਲ ਦੇ ਲੋਕਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕਦੀਆਂ ਹਨ।

ਉਨ੍ਹਾਂ ਨੇ ਇੱਕ ਮੁਸਲਮਾਨ ਫੁੱਟਬਾਲਰ ਦਾ ਜ਼ਿਕਰ ਕੀਤਾ ਜਿਸਨੂੰ ਸ਼ਾਰਟਸ ਦੀ ਬਜਾਏ ਟ੍ਰੈਕਸੂਟ ਪਹਿਨਣ ਕਾਰਨ ਖੇਡਣ ਦੀ ਇਜਾਜ਼ਤ ਨਹੀਂ ਮਿਲੀ।

ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਨਾਗਰਾ ਨੇ ਕਿਹਾ ਕਿ ਉਹ ਉਮੀਦ ਰੱਖਦੀ ਹੈ ਕਿ ਉਹ ਨੌਜਵਾਨ ਕੁੜੀਆਂ ਲਈ ਇੱਕ ਰੋਲ ਮਾਡਲ ਬਣ ਸਕੇਗੀ, ਜਿਵੇਂ ਉਸ ਦੇ ਅੱਗੇ ਵਧਣ ਸਮੇਂ ਨਹੀਂ ਸੀ।

ਉਨ੍ਹਾਂ ਨੇ ਕਿਹਾ, "ਜੇ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਤਾਂ ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ। ਮੈਨੂੰ ਨਹੀਂ ਪਤਾ ਕਿ ਇਹ ਮੌਕਾ ਮੈਨੂੰ ਕਿੱਥੇ ਲੈ ਕੇ ਜਾਵੇਗਾ, ਪਰ ਇਹ ਕਾਫ਼ੀ ਰੋਮਾਂਚਕ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)