ਪੰਜਾਬ ਤੇ ਹੋਰ ਖੇਤਰਾਂ 'ਚ ਤੇਜ਼ ਗਰਮੀ ਕਾਰਨ ਕਣਕ, ਝੋਨੇ ਤੇ ਮੱਕੀ ਸਣੇ ਕਈ ਫ਼ਸਲਾਂ ਦੀ ਪੈਦਾਵਾਰ 'ਤੇ ਕੀ ਖ਼ਤਰਾ ਮੰਡਰਾ ਰਿਹਾ ਹੈ

ਤਸਵੀਰ ਸਰੋਤ, Getty Images
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
"ਹੁਣ ਤੇਜ਼ ਗਰਮੀ ਕਿਸਾਨਾਂ, ਮਛੇਰਿਆਂ ਤੇ ਜੰਗਲ ਵਿੱਚ ਕੰਮ ਕਰਨ ਵਾਲਿਆਂ ਲਈ ਤੈਅ ਕਰ ਰਹੀ ਹੈ ਕਿ ਉਹ ਕਿਹੜੀ ਫ਼ਸਲ ਉਗਾ ਸਕਦੇ ਹਨ ਤੇ ਕਦੋਂ ਉਗਾ ਸਕਦੇ ਹਨ। ਕੁਝ ਮਾਮਲਿਆਂ ਵਿੱਚ ਤਾਂ ਤੇਜ਼ ਗਰਮੀ ਇਹ ਵੀ ਤੈਅ ਕਰੇਗੀ ਕਿ ਉਹ ਕੰਮ ਵੀ ਕਰ ਸਕਣਗੇ ਜਾਂ ਨਹੀਂ।"
ਇਹ ਬਿਆਨ ਖ਼ਬਰ ਏਜੰਸੀ ਰੌਇਟਰਜ਼ ਨੂੰ ਐੱਫਏਓ ਦੇ ਕਲਾਈਮੇਟ ਚੇਂਜ ਆਫਿਸ ਦੇ ਮੁਖੀ ਕਾਵੇਹ ਜ਼ਾਹੇਦੀ ਨੇ ਦਿੱਤਾ ਹੈ।
ਅਸਲ ਵਿੱਚ ਇਹ ਬਿਆਨ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਫੂਡ ਐਂਡ ਐਗਰੀਕਲਚਰ ਓਰਗਨਾਈਜ਼ੇਸ਼ਨ (ਐੱਫਏਓ) ਤੇ ਵਰਲਡ ਮੈਟੋਰੋਲੌਜੀਕਲ ਓਰਗਨਾਈਜ਼ੇਸ਼ਨ (ਡਬਲਿਊਐੱਮਓ) ਦੀ ਤਾਜ਼ਾ ਰਿਪੋਰਟ ਨੂੰ ਲੈ ਕੇ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਤ ਦੀ ਗਰਮੀ ਦੁਨੀਆ ਭਰ ਦੀ ਖਾਦ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਰਹੀ ਹੈ।
ਇਸ ਰਿਪੋਰਟ ਅਨੁਸਾਰ ਪੰਜਾਬ ਵੀ ਇਸ ਦੇ ਸਭ ਤੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਸ਼ਾਮਲ ਹੈ।
ਆਓ ਹੁਣ ਜਾਣਦੇ ਹਾਂ ਕਿ ਇਸ ਰਿਪੋਰਟ ਵਿੱਚ ਮੁੱਖ ਤੌਰ ਉੱਤੇ ਕਿਹੜੇ ਮਸਲਿਆਂ ਬਾਰੇ ਚਾਨਣਾ ਪਾਇਆ ਗਿਆ ਹੈ ਤੇ ਮਾਹਿਰ ਉਨ੍ਹਾਂ ਬਾਰੇ ਕੀ ਰਾਇ ਰੱਖਦੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਚ ਤਾਪਮਾਨ ਉਸ ਸੁਰੱਖਿਆ ਦੇ ਦਾਇਰੇ ਨੂੰ ਘਟਾ ਰਿਹਾ ਹੈ ਜਿਸ 'ਤੇ ਪੌਦੇ, ਜਾਨਵਰ ਅਤੇ ਮਨੁੱਖ ਕੰਮ ਕਰਨ ਲਈ ਨਿਰਭਰ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਪ੍ਰਮੁੱਖ ਫ਼ਸਲਾਂ ਦੀ ਪੈਦਾਵਾਰ 30 ਡਿਗਰੀ ਸੈਲਸੀਅਸ ਤੋਂ ਵੱਧ ਜਾਣ 'ਤੇ ਘੱਟ ਜਾਂਦੀ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਗੱਲ ਦੇ ਵਿਗਿਆਨਕ ਸਬੂਤ ਮਿਲੇ ਹਨ ਕਿ ਤੇਜ਼ ਗਰਮੀ ਦੇ ਕਾਰਨ ਉਤਪਾਦਨ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ।
ਇਸ ਦੇ ਨਾਲ ਹੀ ਇਸ ਗੱਲ ਦੇ ਵਿਗਿਆਨਕ ਸਬੂਤ ਵੀ ਹਨ ਕਿ ਤੇਜ਼ ਗਰਮੀ ਦਾ ਅਸਰ ਕਣਕ, ਮੱਕੀ, ਚੌਲ ਤੇ ਸੋਇਆ ਦੇ ਉਤਪਾਦਨ ਉੱਤੇ ਸਭ ਤੋਂ ਮਾੜਾ ਅਸਰ ਪੈਂਦਾ ਹੈ। ਇਹ ਅਨਾਜ ਦੁਨੀਆਂ ਦੇ ਕੈਲੋਰੀ ਵਾਲੇ ਭੋਜਨ ਦਾ 60 ਫੀਸਦੀ ਮੰਨੇ ਜਾਂਦੇ ਹਨ।
ਰਿਪੋਰਟ ਅਨੁਸਾਰ ਮੱਕੀ ਅਤੇ ਕਣਕ ਵਰਗੀਆਂ ਮੁੱਖ ਫ਼ਸਲਾਂ ਦੀ ਪੈਦਾਵਾਰ ਵਿੱਚ ਪ੍ਰਤੀ 1 ਡਿਗਰੀ ਸੈਲਸੀਅਸ ਤਾਪਮਾਨ ਵਧਣ ਦੇ ਨਾਲ 7.5 ਅਤੇ 6.0 ਫੀਸਦ ਦੀ ਗਿਰਾਵਟ ਆਈ ਹੈ ਅਤੇ ਭਵਿੱਖ ਵਿੱਚ ਹਰ 1 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ 10 ਫੀਸਦ ਤੱਕ ਵਾਧੂ ਗਿਰਾਵਟ ਆਉਣ ਦਾ ਅਨੁਮਾਨ ਹੈ।
ਇਹ ਅਨੁਮਾਨ ਲਗਾਇਆ ਗਿਆ ਹੈ ਕਿ ਤੇਜ਼ ਗਰਮੀ ਵਾਲੇ ਹਾਲਾਤ ਭਾਰਤੀ ਉਪਮਹਾਂਦੀਪ ਵਿੱਚ ਕਾਫੀ ਤੀਬਰ ਹੋਣਗੇ ਤੇ ਵਾਰ-ਵਾਰ ਹੋਣਗੇ। ਚੌਲਾਂ ਦੀ ਖੇਤੀ ਉੱਤੇ ਤੇਜ਼ ਗਰਮੀ ਦੀ ਮਾਰ ਦਾ ਕਾਫੀ ਖ਼ਤਰਾ ਹੈ।
ਭਾਰਤੀ ਉਪ ਮਹਾਂਦੀਪ ਵਿੱਚ ਵੀ ਇੰਡਸ–ਗੰਗਾ ਖੇਤਰ ਨੂੰ ਰਿਪੋਰਟ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਇਸ ਖੇਤਰ ਦਾ ਕੇਂਦਰੀ ਹਿੱਸਾ ਹੈ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸੂਬਾ ਗਲੋਬਲ ਪੱਧਰ ਦੇ ਸੰਕਟ ਨਾਲ ਜੁੜਿਆ ਹੋਇਆ ਹੈ।

ਤਸਵੀਰ ਸਰੋਤ, Getty Images
ਪਸ਼ੂਆਂ ਉੱਤੇ ਵੀ ਅਸਰ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਵਿੱਚ ਦੁਨੀਆਂ ਦੀ ਕਰੀਬ ਅੱਧੀ ਪਸ਼ੂਆਂ ਦੀ ਅਬਾਦੀ 21ਵੀਂ ਸਦੀ ਦੇ ਅੰਤ ਤੱਕ ਤੇਜ਼ ਗਰਮੀ ਦੇ ਪ੍ਰਭਾਵ ਹੇਠ ਹੋਵੇਗੀ।
ਪਰ ਜੇ ਹਾਲਾਤ ਸੁਧਰੇ ਤਾਂ ਇਹ ਅਸਰ ਘੱਟ ਵੀ ਹੋ ਸਕਦਾ ਹੈ। ਪਾਣੀ ਵਿੱਚ ਰਹਿੰਦੇ ਜੀਵ ਤਾਂ ਪਹਿਲਾਂ ਹੀ ਹੀਟਵੇਵ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਨਾਲ ਉਨ੍ਹਾਂ ਦੀ ਮੌਤ ਦੀ ਦਰ ਵਿੱਚ ਵਾਧਾ ਹੋਇਆ ਹੈ ਤੇ ਕਈ ਵਾਰ ਮੱਛੀਆਂ ਨੂੰ ਠੰਢੇ ਪਾਣੀ ਦੀ ਭਾਲ ਲਈ ਪਰਵਾਸ ਵੀ ਕਰਨਾ ਪਿਆ ਹੈ।

ਤਸਵੀਰ ਸਰੋਤ, Getty Images
ਖੇਤ ਮਜ਼ਦੂਰ ਕਿਵੇਂ ਹੋਣਗੇ ਪ੍ਰਭਾਵਿਤ
ਰਿਪੋਰਟ ਦੇ ਅਨੁਸਾਰ, ਦੱਖਣੀ ਏਸ਼ੀਆ ਦੇ ਖੇਤਰਾਂ, ਅਫਰੀਕਾ ਦੇ ਕਈ ਖੇਤਰ, ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਮਹਾਂਦੀਪ ਵਿੱਚ ਸਾਲ ਦੇ 250 ਦਿਨ ਤੱਕ ਖੇਤੀ ਮਜ਼ਦੂਰਾਂ ਲਈ ਅਸੁਰੱਖਿਅਤ ਹੋ ਸਕਦੇ ਹਨ। ਭਾਰਤ ਅਤੇ ਪਾਕਿਸਤਾਨ ਦੇ ਮਜ਼ਦੂਰਾਂ ਦਾ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਭਾਰਤ ਤੇ ਪਾਕਿਸਤਾਨ ਵਿੱਚ ਖੇਤੀ ਦੇ ਸੀਜ਼ਨ ਵਿੱਚ ਖੇਤ ਮਜ਼ਦੂਰਾਂ ਦੇ ਕੰਮ ਕਰਨ ਦੀ ਸਮਰੱਥਾ 40 ਫੀਸਦ ਤੋਂ ਥੱਲੇ ਜਾ ਸਕਦੀ ਹੈ। ਵਿਸ਼ਵ ਪੱਧਰ ਉੱਤੇ ਇਹ ਅੰਕੜਾ 60 ਫੀਸਦ ਤੋਂ ਥੱਲੇ ਜਾਣ ਦਾ ਅਨੁਮਾਨ ਹੈ।

ਕੀ ਹੀਟਵੇਵ ਦੀ ਚੁਣੌਤੀ ਲਈ ਜ਼ਰੂਰੀ ਤਿਆਰੀ ਹੈ
ਖੇਤੀਬਾੜੀ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਦਵਿੰਦਰ ਸ਼ਰਮਾ ਕਹਿੰਦੇ ਹਨ, "ਅਸੀਂ ਕੁਝ ਹੱਦ ਤੱਕ ਇਹ ਮੰਨਦੇ ਹਾਂ ਕਿ ਅਜੇ ਸਾਡੇ ਲਈ ਇਹ ਸਮੱਸਿਆ ਨਹੀਂ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਹੀਟਵੇਵ ਦਾ ਅਸਰ ਕੀ ਹੋਣਾ ਹੈ। ਅਸੀਂ ਇਸ ਦੀਆਂ ਦਿੱਕਤਾਂ ਨੂੰ ਨਹੀਂ ਸਮਝ ਰਹੇ ਹਾਂ। ਮੈਨੂੰ ਨਹੀਂ ਲਗ ਰਿਹਾ ਕਿ ਇਸ ਕਰਕੇ ਖੜ੍ਹੀ ਹੋਈ ਚੁਣੌਤੀ ਲਈ ਕੋਈ ਤਿਆਰੀ ਹੈ।"
ਕਣਕ ਦੀ ਫ਼ਸਲ ਹੀਟਵੇਵ ਕਰਕੇ ਪ੍ਰਭਾਵਿਤ ਹੋਣ ਵਾਲੀਆਂ ਮੁੱਖ ਫ਼ਸਲਾਂ ਵਿੱਚੋਂ ਇੱਕ ਹੈ। ਦਵਿੰਦਰ ਸ਼ਰਮਾ ਵੀ ਮੰਨਦੇ ਹਨ ਕਿ ਹੀਟਵੇਵ ਦਾ ਸਭ ਤੋਂ ਵੱਡਾ ਅਸਰ ਕਣਕ ਉੱਤੇ ਪਵੇਗਾ।
ਉਹ ਕਹਿੰਦੇ ਹਨ, "ਐੱਫਏਓ ਤੇ ਓਈਸੀਡੀ ਦੀ ਇੱਕ ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਰਤ 2034 ਤੱਕ ਕਣਕ ਦੀ ਦਰਾਮਦਗੀ ਕਰਨ ਵਾਲਾ ਦੇਸ਼ ਬਣ ਜਾਵੇਗਾ। ਇਸ ਨੂੰ ਬੈਂਚਮਾਰਕ ਬਣਾ ਕੇ ਭਾਰਤ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਜੋ ਉਪਲਬਧੀਆਂ ਕਣਕ ਤੇ ਝੋਨੇ ਵਿੱਚ ਹਾਸਲ ਕੀਤੀਆਂ ਹਨ ਉਨ੍ਹਾਂ ਨੂੰ ਕਾਇਮ ਰੱਖਿਆ ਜਾ ਸਕੇ।"
ਓਈਸੀਡੀ (ਓਗਰਨਾਈਜ਼ੇਸ਼ਨ ਫਾਰ ਇਕੋਨੋਮਿਕ ਕੋ-ਓਪਰੇਸ਼ਨ ਐਂਡ ਡਿਵਲਪਮੈਂਟ) ਦੀ ਇਹ ਰਿਪੋਰਟ 2025 ਵਿੱਚ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 2034 ਤੱਕ ਭਾਰਤ ਦੁਨੀਆਂ ਭਰ ਦੇ ਕਣਕ ਦੇ ਉਤਪਾਦਨ ਵਿੱਚ ਹੋਏ ਵਾਧੇ ਵਿੱਚ 29 ਫੀਸਦ ਦਾ ਹਿੱਸਾ ਪਾਵੇਗਾ ਪਰ ਨਾਲ ਹੀ ਆਬਾਦੀ ਦੇ ਵਾਧੇ ਅਤੇ ਘਰੇਲੂ ਮੰਗ ਵਧਣ ਕਾਰਨ 2034 ਤੱਕ ਕਣਕ ਨੂੰ ਦਰਾਮਦ ਕਰਨ ਵਾਲਾ ਮੁਲਕ ਬਣ ਜਾਵੇਗਾ।
ਹੀਟਵੇਵ ਦਾ ਅਸਰ ਖੇਤ ਮਜ਼ਦੂਰਾਂ ਉੱਤੇ ਕਿਵੇਂ ਪਵੇਗਾ ਇਸ ਬਾਰੇ ਦਵਿੰਦਰ ਸ਼ਰਮਾ ਕਹਿੰਦੇ ਹਨ, "ਜਦੋਂ ਮੈਂ ਇਹ ਕਹਿੰਦਾ ਹਾਂ ਕਿ ਲਗਾਤਾਰ ਵਧਦੇ ਤਾਪਮਾਨ ਬਾਰੇ ਸਾਡੀ ਤਿਆਰੀ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਸਿਰਫ਼ ਖੇਤੀਬਾੜੀ ਜਾਂ ਪਸ਼ੂਆਂ ਉੱਤੇ ਹੀ ਇਸ ਦਾ ਅਸਰ ਨਹੀਂ ਦੇਖਣਾ ਹੋਵੇਗਾ ਸਗੋਂ ਮਨੁੱਖੀ ਅਬਾਦੀ ਉੱਤੇ ਪੈਂਦੇ ਅਸਰ ਬਾਰੇ ਕੰਮ ਕਰਨ ਦੀ ਲੋੜ ਹੈ। ਅਸੀਂ ਇਹ ਨਹੀਂ ਸਮਝ ਪਾ ਰਹੇ ਕਿ ਲੇਬਰ ਦੀ ਸਮੱਸਿਆ ਦਾ ਕੀ ਪਵੇਗਾ ਅਤੇ ਉਸ ਨੂੰ ਕਿਵੇਂ ਬਚਾਇਆ ਜਾ ਸਕੇਗਾ।"

ਤਸਵੀਰ ਸਰੋਤ, Getty Images
ਹਾੜੀ ਦੇ ਮੌਸਮ ਵਿੱਚ ਵਾਧੂ ਅਸਰ ਪੈਂਦਾ ਹੈ
ਕੀ ਇਹ ਮੌਸਮੀ ਗੜਬੜੀ ਹੈ ਜਾਂ ਇੱਕ ਢਾਂਚਾਗਤ ਬਦਲਾਅ ਹੈ, ਇਸ ਬਾਰੇ ਗੁਜਰਾਤ ਵਿੱਚ ਆਈਆਈਟੀ, ਗਾਂਧੀ ਨਗਰ ਦੇ ਪ੍ਰੋਫੈਸਰ ਵਿਮਲ ਮਿਸ਼ਰਾ ਕਹਿੰਦੇ ਹਨ, "ਹੀਟਵੇਵ ਹੁਣ ਵਧੇਰੇ ਵਾਰ-ਵਾਰ ਆਉਂਦੀਆਂ ਹਨ ਤਾਂ ਜ਼ਿਆਦਾ ਤੀਬਰ ਹੋ ਗਈਆਂ ਹਨ।"
"ਇਸ ਦੇ ਨਾਲ ਇਹ ਦੇਸ਼ ਭਰ ਵਿੱਚ ਸਾਲ ਦਰ ਸਾਲ ਇੱਕ ਵੱਡੇ ਹਿੱਸੇ ਨੂੰ ਕਵਰ ਕਰ ਰਹੀਆਂ ਹਨ। ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗਰਮੀ ਦੀਆਂ ਲਹਿਰਾਂ ਦੀ ਸ਼ੁਰੂਆਤ, ਹਾੜੀ ਦੇ ਮੌਸਮ ਨੂੰ ਪ੍ਰਭਾਵਿਤ ਕਰਦੀ ਹੈ ਜੋ ਭਾਰਤ ਦੇ ਮੁੱਖ ਫਸਲ-ਉਗਾਉਣ ਵਾਲੇ ਮੌਸਮਾਂ ਵਿੱਚੋਂ ਇੱਕ ਹੈ।"
ਉਹ ਆਖਦੇ ਹਨ, "ਅਸੀਂ ਦੇਖ ਰਹੇ ਹਾਂ ਕਿ ਗਰਮ ਲਹਿਰਾਂ ਮਾਰਚ ਤੋਂ ਬਿਲਕੁਲ ਬਾਅਦ ਹੀ ਸ਼ੁਰੂ ਹੋ ਰਹੀਆਂ ਹਨ ਜੋ ਬੇਹੱਦ ਹੈਰਾਨ ਕਰਨ ਵਾਲਾ ਹੈ। ਅਸੀਂ 2022 ਦੀ ਹੀਟਵੇਵ ਦੌਰਾਨ ਵੇਖਿਆ ਸੀ ਕਿ ਸਰਦੀਆਂ ਤੋਂ ਬਾਅਦ ਬਸੰਤ ਦਾ ਮੌਸਮ ਨਾ ਦੇ ਬਰਾਬਰ ਸੀ ਜਿਸ ਦਾ ਮਾੜਾ ਅਸਰ ਕਣਕ ਦੇ ਉਤਪਾਦਨ ਉੱਤੇ ਪਿਆ ਸੀ।"
"ਇਸ ਸਾਲ ਵੀ ਅਸੀਂ ਵੇਖਿਆ ਕਿ ਪੰਜਾਬ ਸਣੇ ਭਾਰਤ ਦੇ ਕਈ ਹਿੱਸਿਆਂ ਵਿੱਚ ਹੀਟਵੇਵ ਦਾ ਅਸਰ ਵੇਖਿਆ ਗਿਆ। ਫਰਵਰੀ ਤੇ ਆਖਰ ਵਿੱਚ ਤਾਪਮਾਨ ਵਧਿਆ ਜੋ ਕੁਝ ਹਿੱਸਿਆਂ ਵਿੱਚ ਮਾਰਚ ਦੇ ਅੱਧ ਤੱਕ ਰਿਹਾ।"
ਵਿਮਲ ਮਿਸ਼ਰਾ ਕਹਿੰਦੇ ਹਨ, "ਖੇਤੀਬਾੜੀ ਦੇ ਲਈ ਵਧਦਾ ਤਾਪਮਾਨ ਕਾਫੀ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਖ਼ਾਸਕਰ ਇਸ ਦੇ ਨਾਲ ਸਿੰਜਾਈ ਦੀ ਮੰਗ ਵਧਦੀ ਹੈ ਜੋ ਫਿਰ ਪਾਣੀ ਦੇ ਮਸਲੇ ਨਾਲ ਵੀ ਜੁੜਦੀ ਹੈ।"
ਵਿਮਲ ਕਹਿੰਦੇ ਹਨ ਕਿ ਵਧਦੇ ਤਾਪਮਾਨ ਕਾਰਨ ਪੈਦਾਵਾਰ ਉੱਤੇ ਅਸਰ ਪੈਣ ਦੇ ਨਾਲ ਫਸਲਾਂ ਲਈ ਬਿਮਾਰੀ ਦਾ ਖ਼ਤਰਾ ਵੀ ਵਧਦਾ ਹੈ। ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਨੂੰ ਵਧਦੇ ਤਾਪਮਾਨ ਦੇ ਮੁਤਾਬਕ ਢਲਣ ਦੇ ਲਈ ਉਪਾਅ ਖੋਜਣੇ ਪੈਣਗੇ।

ਤਸਵੀਰ ਸਰੋਤ, Getty Images
ਰਿਪੋਰਟ ਵਿੱਚ ਅਸਰ ਘੱਟ ਕਰਨ ਦੇ ਕੀ ਤਰੀਕੇ ਦੱਸੇ ਗਏ
ਹੀਟਵੇਵ ਦੀ ਸਮੱਸਿਆ ਤੋਂ ਨਜਿੱਠਣ ਦੇ ਲਈ ਰਿਪੋਰਟ ਵਿੱਚ ਮੁੱਖ ਤੌਰ ਉੱਤੇ ਉਪਾਵਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਪਹਿਲੀ ਸ਼੍ਰੇਣੀ ਵਿੱਚ ਜੈਨੇਟਿਕਸ, ਕਿਸਮਾਂ, ਨਸਲਾਂ ਅਤੇ ਪ੍ਰਜਾਤੀਆਂ ਦੇ ਅੰਦਰੂਨੀ ਗੁਣਾਂ ਦੀ ਵਰਤੋਂ ਸ਼ਾਮਲ ਹੈ, ਤਾਂ ਜੋ ਤੇਜ਼ ਗਰਮੀ ਕਾਰਨ ਪੈਦਾ ਹੋਣ ਵਾਲੇ ਖਤਰਿਆਂ ਤੋਂ ਬਚਿਆ ਜਾ ਸਕੇ ਜਾਂ ਘੱਟ ਕੀਤਾ ਜਾ ਸਕੇ।
ਇਸ ਸ਼੍ਰੇਣੀ ਦੇ ਬਦਲਾਂ ਵਿੱਚ ਛੋਟੀਆਂ ਜਾਂ ਲੰਬੀਆਂ ਪੱਕਣ ਦੀਆਂ ਮਿਆਦਾਂ ਵਾਲੀਆਂ ਕਿਸਮਾਂ ਜਾਂ ਫਸਲਾਂ ਦੀ ਕਾਸ਼ਤ ਸ਼ਾਮਲ ਹੈ, ਤਾਂ ਜੋ ਫਸਲਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਪੜਾਵਾਂ ਦੇ ਵਕਤ ਫਸਲਾਂ ਨੂੰ ਤੇਜ਼ ਗਰਮੀ ਤੋਂ ਬਚਾਇਆ ਜਾ ਸਕੇ।
ਇੱਕ ਹੋਰ ਬਦਲ ਵਜੋਂ ਉਨ੍ਹਾਂ ਫਸਲਾਂ ਦੀਆਂ ਕਿਸਮਾਂ ਜਾਂ ਪਸ਼ੂਆਂ ਦੀਆਂ ਨਸਲਾਂ ਅਤੇ ਪ੍ਰਜਾਤੀਆਂ ਵੱਲ ਜਾਣਾ ਹੈ ਜੋ ਵੱਧ ਰਹੀ ਗਰਮੀ ਦੇ ਮੌਸਮ ਨੂੰ ਬਦਾਸ਼ਤ ਕਰ ਸਕਣ।
- ਦੂਜੀ ਸ਼੍ਰੇਣੀ ਵਿੱਚ ਉਤਪਾਦਨ ਦੇ ਹਾਲਾਤ ਬਦਲਣ ਦੀ ਗੱਲ ਆਖੀ ਗਈ ਹੈ। ਇਸ ਵਿੱਚ ਉਹ ਤਰੀਕੇ ਅਪਣਾਉਣ ਲਈ ਕਹੇ ਗਏ ਹਨ ਜਿਨ੍ਹਾਂ ਰਾਹੀਂ ਤੇਜ਼ ਗਰਮੀ ਦੇ ਅਸਰ ਨੂੰ ਘਟਾਇਆ ਜਾ ਸਕੇ, ਜਿਵੇਂ ਧੁੱਪ ਤੋਂ ਬਚਾਉਣ ਲਈ ਸ਼ੈਡਸ ਲਗਾਉਣਾ, ਪਸ਼ੂਆਂ ਨੂੰ ਜ਼ਿਆਦਾ ਦੇਰ ਧੁੱਪ ਵਿੱਚ ਨਾ ਰੱਖਣਾ ਜਾਂ ਸਿੰਜਾਈ ਦੇ ਸਾਧਨਾਂ ਉੱਤੇ ਨਿਵੇਸ਼ ਕਰਨਾ ਤਾਂ ਜੋ ਫਸਲਾਂ ਸੌਕੇ ਦੇ ਹਾਲਾਤ ਦਾ ਸਾਹਮਣਾ ਨਾ ਕਰਨ।
- ਤੀਜੀ ਸ਼੍ਰੇਣੀ ਜਾਣਕਾਰੀ ਅਧਾਰਿਤ ਫੈਸਲੇ ਲੈਣ ਦੀ ਗੱਲ ਕਰਦੀ ਹੈ ਜਿਵੇਂ ਤੇਜ਼ ਗਰਮੀ ਤੋਂ ਬਚਾਉਣ ਦੇ ਲਈ ਫਸਲ ਉਗਾਉਣ ਦਾ ਸਮਾਂ ਬਦਲਣਾ, ਪਸ਼ੂਆਂ ਨੂੰ ਠੰਢੇ ਵੇਲੇ ਚਾਰਾ ਪਾਉਣਾ ਤਾਂ ਜੋ ਪਸ਼ੂਆਂ ਦੀ ਪਾਚਨ ਸ਼ਕਤੀ ਮਜ਼ਬੂਤ ਰਹਿ ਸਕੇ। ਅਜਿਹੇ ਜਾਣਕਾਰੀ ਅਧਾਰਿਤ ਲਏ ਫੈਸਲੇ ਜ਼ਿਆਦਾਤਰ ਮੌਸਮ ਤੇ ਸੀਜ਼ਨ ਬਾਰੇ ਸਟੀਕ ਭਵਿੱਖਬਾਣੀਆਂ ਕਾਰਨ ਸੰਭਵ ਹੋ ਪਾਉਂਦੇ ਹਨ ਤਾਂ ਜੋ ਕਿਸਾਨ ਸਹੀ ਵਕਤ ਨਾਲ ਸਹੀ ਫੈਸਲਾ ਲੈ ਸਕਣ।
- ਰਿਪੋਰਟ ਦੇ ਆਖਰ ਵਿੱਚ ਕਿਹਾ ਗਿਆ ਹੈ ਕਿ ਖੇਤੀਬਾੜੀ ਦੇ ਭਵਿੱਖ ਦੀ ਰੱਖਿਆ ਕਰਨ ਅਤੇ ਵਿਸ਼ਵ ਪੱਧਰੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਰਫ਼ ਖੇਤ ਪੱਧਰ 'ਤੇ ਕੰਮ ਕਰਨਾ ਕਾਫ਼ੀ ਨਹੀਂ ਹੋਵੇਗਾ, ਸਗੋਂ ਇਸ ਲਈ ਕੌਮਾਂਤਰੀ ਇਕਜੁੱਟਤਾ, ਖਤਰੇ ਦੀ ਸਾਂਝ ਲਈ ਸਾਂਝੀ ਰਾਜਨੀਤਿਕ ਇੱਛਾ-ਸ਼ਕਤੀ ਅਤੇ ਉੱਚ ਉਤਸਰਜਨ ਵਾਲੇ ਭਵਿੱਖ ਤੋਂ ਨਿਰਣਾਇਕ ਤੌਰ 'ਤੇ ਦੂਰ ਜਾਣ ਦੀ ਲੋੜ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































