ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ, ਡਾਕਟਰਾਂ ਨੇ ਗੋਆ ਵਿੱਚ ਅਦਾਕਾਰ ਦੇ ਅੰਤਿਮ ਪਲਾਂ ਬਾਰੇ ਕੀ ਦੱਸਿਆ

ਨਾਨਾ ਪਾਟੇਕਰ
ਤਸਵੀਰ ਕੈਪਸ਼ਨ, ਨਾਨਾ ਪਾਟੇਕਰ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਸਭ ਤੋਂ ਚਰਚਿਤ ਅਦਾਕਾਰਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦਾ ਕਰੀਅਰ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਜਾਣੇ-ਪਛਾਣੇ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਗੋਆ ਵਿੱਚ ਆਖ਼ਰੀ ਸਾਹ ਲਿਆ।

ਬੀਬੀਸੀ ਮਰਾਠੀ ਦੇ ਸਹਿਯੋਗੀ ਪੱਤਰਕਾਰ ਪ੍ਰਾਚੀ ਪ੍ਰਤਿਭਾ ਸ਼ਿਰੀਸ਼ ਨੂੰ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਆਪਣੇ ਪਿਤਾ ਦੀ ਦੇਹਾਂਤ ਦੀ ਪੁਸ਼ਟੀ ਕੀਤੀ ਹੈ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਨਾਨਾ ਪਾਟੇਕਰ ਦਾ ਦੇਹਾਂਤ ਵੀਰਵਾਰ ਤੜਕੇ ਗੋਆ ਸਥਿਤ ਉਨ੍ਹਾਂ ਦੇ ਘਰ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੋਇਆ।

75 ਸਾਲਾ ਅਦਾਕਾਰ ਨੂੰ ਪਣਜੀ ਦੇ ਨੇੜੇ ਡੋਨਾ ਪੌਲਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਬੇਹੋਸ਼ ਪਾਏ ਜਾਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਨਾਲ ਜੁੜੇ ਸੀਨੀਅਰ ਡਾਕਟਰ ਡਾਕਟਰ ਸ਼ੇਖਰ ਸਾਲਕਰ ਨੇ ਇਹ ਜਾਣਕਾਰੀ ਦਿੱਤੀ।

ਡਾਕਟਰ ਸਾਲਕਰ ਨੇ ਦੱਸਿਆ ਕਿ ਲਗਾਤਾਰ 45 ਮਿੰਟ ਤੱਕ ਸੀਪੀਆਰ ਦੇਣ ਦੇ ਬਾਵਜੂਦ ਨਾਨਾ ਪਾਟੇਕਰ ਨੂੰ ਬਚਾਇਆ ਨਹੀਂ ਜਾ ਸਕਿਆ।

ਨਾਨਾ ਪਾਟੇਕਰ

ਡਾਕਟਰਾਂ ਨੇ ਕੀ ਦੱਸਿਆ?

ਡਾਕਟਰ ਸ਼ੇਖਰ ਸਾਲੁੰਖੇ
ਤਸਵੀਰ ਕੈਪਸ਼ਨ, ਡਾਕਟਰ ਸ਼ੇਖਰ ਸਾਲੁੰਖੇ ਨੇ ਦੱਸਿਆ, "ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸੀਪੀਆਰ ਦੇਣ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਕੇ। ਹਸਪਤਾਲ ਲਿਆਂਦੇ ਜਾਣ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ''

ਨਾਨਾ ਪਾਟੇਕਰ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਦੋਸਤ ਨੂੰ ਸੁਨੇਹਾ ਭੇਜ ਕੇ ਦੱਸਿਆ ਸੀ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਨੂੰ ਸਵੇਰੇ ਹਸਪਤਾਲ ਲਿਜਾਇਆ ਗਿਆ, ਪਰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸੀਪੀਆਰ ਦੇਣ ਦੇ ਬਾਵਜੂਦ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ।

ਮਣੀਪਾਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੇ ਆਖ਼ਰੀ ਪਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।

ਮਣੀਪਾਲ ਹਸਪਤਾਲ ਦੇ ਔਨਕੋਲੋਜੀ ਵਿਭਾਗ ਦੇ ਮੁਖੀ ਡਾਕਟਰ ਸ਼ੇਖਰ ਸਾਲੁੰਖੇ ਨੇ ਕਿਹਾ, "ਸਾਡੀ ਐਂਬੂਲੈਂਸ ਸਵੇਰੇ 4:20 ਵਜੇ ਨਾਨਾ ਪਾਟੇਕਰ ਦੇ ਘਰ ਪਹੁੰਚੀ। ਉਨ੍ਹਾਂ ਦਾ ਘਰ ਸਾਡੇ ਹਸਪਤਾਲ ਦੇ ਬਿਲਕੁਲ ਨੇੜੇ ਹੈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਬੇਹੋਸ਼ ਸਨ। ਇਸ ਲਈ ਸਾਡੀ ਟੀਮ ਨੇ ਤੁਰੰਤ ਸੀਪੀਆਰ ਸ਼ੁਰੂ ਕਰ ਦਿੱਤਾ।"

"ਉਨ੍ਹਾਂ ਨੂੰ ਸਵੇਰੇ 4:30 ਵਜੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਸੀਪੀਆਰ ਜਾਰੀ ਰੱਖਿਆ ਗਿਆ। ਹਾਲਾਂਕਿ, ਸਵੇਰੇ 5:20 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਸਮੇਂ ਉਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੀ, ਪਰ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਅਤੇ ਇੱਕ ਦੋਸਤ ਮੌਜੂਦ ਸਨ।"

"ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ, ਇਸ ਲਈ ਇਸ ਮਾਮਲੇ ਨੂੰ ਮੈਡੀਕੋ-ਲੀਗਲ ਕੇਸ ਵਜੋਂ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਗੋਆ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।"

ਜਿਸ ਦੋਸਤ ਨੂੰ ਉਨ੍ਹਾਂ ਨੇ ਸੁਨੇਹਾ ਭੇਜਿਆ ਸੀ, ਉਹ ਸਵੇਰੇ 4 ਵਜੇ ਉਨ੍ਹਾਂ ਦੇ ਘਰ ਪਹੁੰਚੇ। ਉਸ ਸਮੇਂ ਨਾਨਾ ਪਾਟੇਕਰ ਪਸੀਨੇ ਨਾਲ ਤਰ-ਬਤਰ ਜ਼ਮੀਨ 'ਤੇ ਪਏ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਕੇਅਰਟੇਕਰ ਹਸਪਤਾਲ ਗਿਆ ਅਤੇ ਉੱਥੋਂ ਐਂਬੂਲੈਂਸ ਲੈ ਕੇ ਉਨ੍ਹਾਂ ਦੇ ਘਰ ਆਇਆ, ਜੋ ਹਸਪਤਾਲ ਦੇ ਨੇੜੇ ਹੀ ਸਥਿਤ ਹੈ।

ਡਾਕਟਰ ਸਾਲੁੰਖੇ ਨੇ ਦੱਸਿਆ, "ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸੀਪੀਆਰ ਦੇਣ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਕੇ। ਹਸਪਤਾਲ ਲਿਆਂਦੇ ਜਾਣ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।"

ਨਾਨਾ ਨੂੰ ਇੰਝ ਯਾਦ ਕਰ ਰਹੇ ਜਾਣਕਾਰ

ਨਾਨਾ ਪਾਟੇਕਰ
ਤਸਵੀਰ ਕੈਪਸ਼ਨ, ਨਾਨਾ ਪਾਟੇਕਰ ਨੇ 1978 ਵਿੱਚ ਆਈ ਫ਼ਿਲਮ 'ਗਮਨ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ

ਨਾਨਾ ਪਾਟੇਕਰ ਦੇ ਦੇਹਾਂਤ 'ਤੇ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ''ਇੱਕ ਸ਼ਾਨਦਾਰ ਅਦਾਕਾਰ, ਪਰ ਸਭ ਤੋਂ ਵੱਧ ਇੱਕ ਪਿਆਰੇ ਦੋਸਤ, ਨਾਨਾ ਪਾਟੇਕਰ ਹੁਣ ਨਹੀਂ ਰਹੇ। ਕੁਝ ਹੀ ਦੇਰ ਪਹਿਲਾਂ ਗੋਆ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕੱਲ੍ਹ ਹੀ ਉਨ੍ਹਾਂ ਨਾਲ ਗੱਲ ਹੋਈ ਸੀ। ਉਨ੍ਹਾਂ ਦੇ ਆਖ਼ਰੀ ਸ਼ਬਦ ਸਨ "ਕਾਲਜੀ ਘੇ ਰਾਜਾ" (ਆਪਣਾ ਖ਼ਿਆਲ ਰੱਖਣਾ, ਰਾਜਾ)।''

''ਮੈਂ ਤੁਹਾਨੂੰ ਪਰਦੇ 'ਤੇ ਅਤੇ ਪਰਦੇ ਤੋਂ ਬਾਹਰ ਬਹੁਤ ਯਾਦ ਕਰਾਂਗਾ, ਨਾਨਾ ਸਾਬ੍ਹ। ਚੰਗੇ ਅਤੇ ਮਾੜੇ, ਹਰ ਦੌਰ ਵਿੱਚ ਤੁਸੀਂ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ। ਓਮ ਸ਼ਾਂਤੀ।''

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਨਾ ਪਾਟੇਕਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਹੈ, ''ਭਾਰਤੀ ਫ਼ਿਲਮ ਜਗਤ ਦੇ ਸੀਨੀਅਰ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਦੀ ਖ਼ਬਰ ਬੇਹੱਦ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ।''

''ਨਾਨਾ ਅਤੇ ਮੇਰੇ ਵਿਚਕਾਰ ਬੇਹੱਦ ਕਰੀਬੀ ਅਤੇ ਦੋਸਤਾਨਾ ਸਬੰਧ ਸਨ। ਆਪਣੀ ਦਮਦਾਰ ਅਦਾਕਾਰੀ ਦੇ ਜ਼ਰੀਏ ਨਾਨਾ ਪਾਟੇਕਰ ਨੇ ਮਰਾਠੀ ਅਤੇ ਹਿੰਦੀ ਸਿਨੇਮਾ ਵਿੱਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਪਾਰਖੂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ। ਸੰਵਾਦ ਅਦਾਇਗੀ ਦੀ ਆਪਣੀ ਵਿਲੱਖਣ ਸ਼ੈਲੀ ਨਾਲ ਉਨ੍ਹਾਂ ਨੇ ਫ਼ਿਲਮਾਂ ਦੇ ਕਈ ਕਿਰਦਾਰਾਂ ਨੂੰ ਅਮਰ ਕਰ ਦਿੱਤਾ ਅਤੇ ਆਪਣੀ ਵੱਖਰੀ ਪਛਾਣ ਬਣਾਈ।''

''ਉਨ੍ਹਾਂ ਦਾ ਦੇਹਾਂਤ ਭਾਰਤੀ ਫ਼ਿਲਮ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ। 'ਨਾਮ ਫਾਊਂਡੇਸ਼ਨ' ਦੇ ਜ਼ਰੀਏ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਵਿੱਚ ਜਲ ਸੰਭਾਲ ਅਤੇ ਵਾਟਰਸ਼ੈੱਡ ਪ੍ਰਬੰਧਨ ਦੇ ਖੇਤਰ ਵਿੱਚ ਉਨ੍ਹਾਂ ਨੇ ਜੋ ਕੰਮ ਕੀਤਾ, ਉਹ ਜ਼ਿਕਰਯੋਗ ਅਤੇ ਮਹੱਤਵਪੂਰਨ ਹੈ।''

''ਕਿਸਾਨਾਂ ਦੇ ਪਰਿਵਾਰਾਂ ਵੱਲ ਉਨ੍ਹਾਂ ਨੇ ਮਦਦ ਦਾ ਜੋ ਹੱਥ ਵਧਾਇਆ, ਉਹ ਕਈ ਪਰਿਵਾਰਾਂ ਲਈ ਸਹਾਰਾ ਬਣਿਆ। ਨਾਨਾ ਨਾ ਸਿਰਫ਼ ਇੱਕ ਬਿਹਤਰੀਨ ਕਲਾਕਾਰ ਅਤੇ ਅਦਾਕਾਰ ਸਨ, ਸਗੋਂ ਸਮਾਜ ਪ੍ਰਤੀ ਸੰਵੇਦਨਸ਼ੀਲ ਸ਼ਖ਼ਸੀਅਤ ਵੀ ਸਨ। ਈਸ਼ਵਰ ਵਿਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰੇ। ਓਮ ਸ਼ਾਂਤੀ।''

ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ, ''ਨਾਨਾ ਪਾਟੇਕਰ ਜੀ ਦੇ ਦੇਹਾਂਤ ਦੀ ਖ਼ਬਰ ਬੇਹੱਦ ਦੁਖਦਾਈ ਹੈ। ਸਿਨੇਮਾ ਜਗਤ ਨੇ ਇੱਕ ਮਹਾਨ ਅਦਾਕਾਰ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀ ਕਲਾ ਅਤੇ ਅਦਾਕਾਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ।''

ਨਾਨਾ ਪਾਟੇਕਰ ਦਾ ਫ਼ਿਲਮੀ ਸਫ਼ਰ

ਨਾਨਾ ਪਾਟੇਕਰ

ਨਾਨਾ ਪਾਟੇਕਰ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਸਭ ਤੋਂ ਚਰਚਿਤ ਅਦਾਕਾਰਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦਾ ਕਰੀਅਰ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਹੈ।

ਉਨ੍ਹਾਂ ਦੀ ਅਦਾਕਾਰੀ 'ਪਰਿੰਦਾ', 'ਪ੍ਰਹਾਰ: ਦਿ ਫ਼ਾਈਨਲ ਅਟੈਕ', 'ਕ੍ਰਾਂਤੀਵੀਰ', 'ਅਗਨੀ ਸਾਕਸ਼ੀ', 'ਖ਼ਾਮੋਸ਼ੀ: ਦ ਮਿਊਜ਼ਿਕਲ', 'ਅਬ ਤਕ ਛੱਪਨ' ਅਤੇ 'ਵੈਲਕਮ' ਵਰਗੀਆਂ ਫ਼ਿਲਮਾਂ ਵਿੱਚ ਕਾਫ਼ੀ ਲੋਕਪ੍ਰਿਯ ਰਹੀ।

ਅਦਾਕਾਰੀ ਤੋਂ ਇਲਾਵਾ ਪਾਟੇਕਰ ਨੇ 'ਪ੍ਰਹਾਰ: ਦਿ ਫ਼ਾਈਨਲ ਅਟੈਕ' ਦਾ ਨਿਰਦੇਸ਼ਨ ਵੀ ਕੀਤਾ ਸੀ। ਸਿਨੇਮਾ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਸਾਲ 2013 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਨਾਨਾ ਪਾਟੇਕਰ ਨੇ 1978 ਵਿੱਚ ਆਈ ਫ਼ਿਲਮ 'ਗਮਨ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਵਿਆਪਕ ਸਰਾਹਨਾ ਮਿਲੀ, ਖ਼ਾਸ ਕਰਕੇ 'ਸ਼ਕਤੀ: ਦਿ ਪਾਵਰ' (2002), 'ਅਬ ਤਕ ਛੱਪਨ' (2004), 'ਅਪਹਰਣ' (2005) ਅਤੇ 'ਟੈਕਸੀ ਨੰਬਰ. 9211' (2006) ਵਿੱਚ।

2007 ਵਿੱਚ ਆਈ ਕਾਮੇਡੀ ਫ਼ਿਲਮ 'ਵੈਲਕਮ' ਵਿੱਚ ਗੈਂਗਸਟਰ ਉਦੈ ਸ਼ੈੱਟੀ ਦੇ ਕਿਰਦਾਰ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਉਨ੍ਹਾਂ ਨੇ 'ਵੈਲਕਮ ਬੈਕ' (2015) ਦੇ ਸੀਕਵਲ ਵਿੱਚ ਵੀ ਇਸ ਕਿਰਦਾਰ ਨੂੰ ਦੁਹਰਾਇਆ।

ਨਾਨਾ ਪਾਟੇਕਰ ਨੇ ਕਾਮੇਡੀ ਥ੍ਰਿਲਰ 'ਹਾਊਸਫੁੱਲ 5' ਵਿੱਚ ਵੀ ਸਹਾਇਕ ਭੂਮਿਕਾ ਨਿਭਾਈ ਸੀ।

2010 ਵਿੱਚ ਉਹ ਸਿਆਸੀ ਥ੍ਰਿਲਰ ਫ਼ਿਲਮ 'ਰਾਜਨੀਤੀ' ਵਿੱਚ ਨਜ਼ਰ ਆਏ, ਜਿਸ ਦੇ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ (ਬੈਸਟ ਸਪੋਰਟਿੰਗ ਐਕਟਰ) ਲਈ ਪੰਜਵੀਂ ਵਾਰ ਫ਼ਿਲਮਫੇਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।

ਅਦਾਕਾਰੀ ਤੋਂ ਇਲਾਵਾ ਪਾਟੇਕਰ ਨੇ ਪਲੇਬੈਕ ਸਿੰਗਿੰਗ ਵਿੱਚ ਵੀ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਨੇ 'ਯਸ਼ਵੰਤ' (1997), 'ਵਜੂਦ' (1998) ਅਤੇ 'ਆੰਚ' (2003) ਵਰਗੀਆਂ ਫ਼ਿਲਮਾਂ ਵਿੱਚ ਗਾਇਕ ਵਜੋਂ ਯੋਗਦਾਨ ਦਿੱਤਾ।

ਨਾਨਾ ਪਾਟੇਕਰ ਆਖ਼ਰੀ ਵਾਰ ਵਿਸ਼ਾਲ ਭਾਰਦਵਾਜ ਦੀ ਰੋਮਾਂਟਿਕ ਐਕਸ਼ਨ ਥ੍ਰਿਲਰ ਫ਼ਿਲਮ 'ਓ'ਰੋਮਿਓ' ਵਿੱਚ ਨਜ਼ਰ ਆਏ ਸਨ। ਇਸ ਵਿੱਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਸਨ।

ਫ਼ਰਵਰੀ 2026 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਵਿੱਚ ਪਾਟੇਕਰ ਨੇ ਮੁੰਬਈ ਇੰਟੈਲੀਜੈਂਸ ਬਿਊਰੋ ਦੇ ਮੁਖੀ ਇਸਮਾਈਲ ਖ਼ਾਨ ਦਾ ਕਿਰਦਾਰ ਨਿਭਾਇਆ ਸੀ।

ਉਨ੍ਹਾਂ ਨੇ ਅਨਿਲ ਕਪੂਰ ਦੀ 'ਸੁਬੇਦਾਰ' ਵਿੱਚ ਵੀ ਅਦਾਕਾਰੀ ਕੀਤੀ ਸੀ, ਜਿਸ ਦਾ ਪ੍ਰੀਮੀਅਰ ਮਾਰਚ 2026 ਵਿੱਚ ਪ੍ਰਾਈਮ ਵੀਡੀਓ 'ਤੇ ਹੋਇਆ ਸੀ। ਇਸ ਤੋਂ ਪਹਿਲਾਂ ਉਹ 'ਹਾਊਸਫੁੱਲ-5' (2025) ਅਤੇ 'ਵਨਵਾਸ' (2024) ਵਿੱਚ ਨਜ਼ਰ ਆਏ ਸਨ।

ਨਾਨਾ ਪਾਟੇਕਰ ਨੇ 2026 ਵਿੱਚ ਪ੍ਰਕਾਸ਼ ਝਾਅ ਦੀ ਸਿਆਸੀ ਡਰਾਮਾ ਸੀਰੀਜ਼ 'ਸੰਕਲਪ' ਨਾਲ ਓਟੀਟੀ 'ਤੇ ਵੀ ਡੈਬਿਊ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਮਾਟ ਸਾਬ੍ਹ/ਕਨ੍ਹਈਆ ਲਾਲ ਦੀ ਕੇਂਦਰੀ ਭੂਮਿਕਾ ਨਿਭਾਈ ਸੀ।

ਨਾਨਾ ਦਾ ਦੇਹਾਂਤ ਚਾਰ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਤੋਂ ਬਾਅਦ ਹੋਇਆ, ਜਿਸ ਦੌਰਾਨ ਉਨ੍ਹਾਂ ਨੇ ਅਦਾਕਾਰੀ, ਨਿਰਦੇਸ਼ਨ ਅਤੇ ਥੀਏਟਰ, ਤਿੰਨਾਂ ਖੇਤਰਾਂ ਵਿੱਚ ਕੰਮ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)