ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਮੁੱਕੇਬਾਜ਼: 'ਮੇਰੇ ਭਾਈਚਾਰੇ ਤੋਂ ਅਜਿਹਾ ਕਰਨ ਵਾਲੀ ਪਹਿਲੀ ਔਰਤ ਹੋਣਾ ਬਹੁਤ ਦਬਾਅ ਵਾਲਾ ਸੀ ਪਰ...'

ਚਰਨ ਕੌਰ ਢੇਸੀ

ਤਸਵੀਰ ਸਰੋਤ, Charan Kaur Dhesi/Humber Boxing Network/Insta

ਤਸਵੀਰ ਕੈਪਸ਼ਨ, ਚਰਨ ਕੌਰ ਢੇਸੀ 21 ਸਾਲ ਦੀ ਉਮਰ ਵਿੱਚ ਮੁੱਕੇਬਾਜ਼ੀ ਦੇ ਪੇਸ਼ੇਵਰ ਰੈਂਕ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਸਿੱਖ ਮਹਿਲਾ ਹਨ
    • ਲੇਖਕ, ਰਾਜ ਬਿਲਖੂ
    • ਰੋਲ, ਬੀਬੀਸੀ ਏਸ਼ੀਅਨ ਨੈੱਟਵਰਕ

ਇੰਗਲੈਂਡ ਦੇ ਸ਼ਹਿਰ ਹਲ ਦੇ ਇੱਕ ਸ਼ਾਂਤ ਜਿਮ ਵਿੱਚ ਇੱਕ 13 ਸਾਲ ਦੀ ਕੁੜੀ ਦਰਵਾਜ਼ੇ ਵਿੱਚ ਖੜ੍ਹੀ ਸੀ ਅਤੇ ਆਪਣੇ ਛੋਟੇ ਭਰਾ ਦੇ ਮੁੱਕੇਬਾਜ਼ੀ ਸੈਸ਼ਨ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੀ ਸੀ।

ਉਸ ਵੇਲੇ ਉਸ ਕੁੜੀ ਕੋਲ ਨਾ ਤਾਂ ਦਸਤਾਨੇ ਸਨ ਅਤੇ ਨਾ ਹੀ ਇਸ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਸੀ।

ਅੱਠ ਸਾਲ ਬਾਅਦ ਚਰਨ ਕੌਰ ਢੇਸੀ ਹੁਣ ਇੱਕ ਪੇਸ਼ੇਵਰ ਮੁੱਕੇਬਾਜ਼ ਹਨ। 21 ਸਾਲ ਦੀ ਉਮਰ ਵਿੱਚ ਉਹ ਮੁੱਕੇਬਾਜ਼ੀ ਦੇ ਪੇਸ਼ੇਵਰ ਰੈਂਕ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਸਿੱਖ ਮਹਿਲਾ ਹਨ, ਜਿਨ੍ਹਾਂ ਨੇ ਆਪਣੀ ਖੇਡ ਅਤੇ ਆਪਣੇ ਭਾਈਚਾਰੇ ਲਈ ਨਵਾਂ ਆਧਾਰ ਬਣਾਇਆ ਹੈ।

ਚਰਨ ਕੌਰ ਢੇਸੀ ਨੇ ਬੀਬੀਸੀ ਸਪੋਰਟਸ ਨੂੰ ਦੱਸਿਆ, "ਮੈਂ ਇਤਿਹਾਸ ਰਚਿਆ ਹੈ ਅਤੇ ਮੈਂ ਹੁਣੇ-ਹੁਣੇ ਹੀ ਸ਼ੁਰੂਆਤ ਕੀਤੀ ਹੈ।"

ਹਾਲਾਂਕਿ, ਉਨ੍ਹਾਂ ਦਾ ਸਫ਼ਰ ਬਹੁਤ ਆਸਾਨ ਨਹੀਂ ਰਿਹਾ।

ਚਰਨ ਕੌਰ ਢੇਸੀ

ਤਸਵੀਰ ਸਰੋਤ, Charan Kaur Dhesi/Insta

ਤਸਵੀਰ ਕੈਪਸ਼ਨ, ਕਰਾਟੇ ਵਿੱਚ ਸਿਖਲਾਈ ਹਾਸਲ ਕਰਨ ਵਾਲੇ ਢੇਸੀ ਨੂੰ ਇਸ ਖੇਡ ਬਾਰੇ ਉਦੋਂ ਪਤਾ ਲੱਗਾ ਸੀ ਜਦੋਂ ਉਨ੍ਹਾਂ ਦੇ ਭਰਾ ਇੱਕ ਸਥਾਨਕ ਜਿਮ ਵਿੱਚ ਸ਼ਾਮਲ ਹੋਏ

ਢੇਸੀ ਨੂੰ ਬੇਸ਼ੱਕ ਇੱਕ ਪੁਰਸ਼-ਪ੍ਰਧਾਨ ਖੇਡ ਵਿੱਚ ਇੱਕ ਦੱਖਣੀ ਏਸ਼ੀਆਈ ਮਹਿਲਾ ਹੋਣ ਦੇ ਨਾਤੇ ਸੱਭਿਆਚਾਰਕ ਵਿਰੋਧ ਅਤੇ ਵਿੱਤੀ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ।

ਪਰ ਹਰ ਮੁੱਕੇ ਨਾਲ ਉਨ੍ਹਾਂ ਨੇ ਸ਼ੱਕੀਆਂ ਨੂੰ ਸਮਰਥਕਾਂ ਵਿੱਚ ਬਦਲ ਦਿੱਤਾ ਹੈ।

ਢੇਸੀ ਕਹਿੰਦੇ ਹਨ ਕਿ "ਮੇਰੇ ਭਾਈਚਾਰੇ ਤੋਂ ਅਜਿਹਾ ਕਰਨ ਵਾਲੀ ਪਹਿਲੀ ਔਰਤ ਹੋਣਾ ਬਹੁਤ ਦਬਾਅ ਵਾਲਾ ਸੀ ਪਰ ਤੁਸੀਂ ਕੀ ਕਹਿ ਸਕਦੇ ਹੋ? ਦਬਾਅ ਕਾਰਨ ਹੀ ਹੀਰੇ ਬਣਦੇ ਹਨ।"

ਇੰਗਲੈਂਡ ਦੀ ਟੀਮ ਤੱਕ

ਚਰਨ ਕੌਰ ਢੇਸੀ

ਤਸਵੀਰ ਸਰੋਤ, Charan Kaur Dhesi/Insta

ਤਸਵੀਰ ਕੈਪਸ਼ਨ, ਅੱਜ ਪੂਰੇ ਭਾਈਚਾਰੇ ਨੂੰ ਚਰਨ ਦੀ ਕਾਮਯਾਬੀ 'ਤੇ ਮਾਣ ਹੈ

ਇੱਕ ਖੇਡ-ਪ੍ਰੇਮੀ ਪਰਿਵਾਰ ਵਿੱਚ ਪਲ਼ੇ ਢੇਸੀ ਦੋ ਭਰਾਵਾਂ ਅਤੇ ਇੱਕ ਪਿਤਾ ਨਾਲ ਵੱਡੇ ਹੋਏ ਜੋ ਅਕਾਦਮਿਕਤਾ ਨਾਲੋਂ ਸਰੀਰਕ ਗਤੀਵਿਧੀਆਂ ਦਾ ਸਮਰਥਨ ਕਰਦੇ ਸਨ।

ਉਹ ਦੱਸਦੇ ਹਨ, "ਮੇਰੇ ਮਾਪਿਆਂ ਨੇ ਕਦੇ ਵੀ ਮੇਰੀ ਪੜ੍ਹਾਈ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ, ਲੋਕ ਇਸ ਨੂੰ (ਉਨ੍ਹਾਂ ਦਾ) ਪਾਗ਼ਲਪਨ ਸਮਝਦੇ ਹਨ। ਉਨ੍ਹਾਂ ਨੇ ਹਮੇਸ਼ਾ ਮੁੱਕੇਬਾਜ਼ੀ ਵੱਲ ਵਧੇਰੇ ਧਿਆਨ ਦਿੱਤਾ। ਮੇਰੇ ਦੋ ਭਰਾ ਹਨ। ਮੇਰੇ ਪਿਤਾ ਨੇ ਸਾਨੂੰ ਤਿੰਨਾਂ ਨੂੰ ਖੇਡਾਂ ਵਿੱਚ ਵੱਡਾ ਕੀਤਾ।"

ਚਰਨ ਕੌਰ ਢੇਸੀ

ਪਰ ਮੁੱਕੇਬਾਜ਼ੀ ਯੋਜਨਾ ਦਾ ਹਿੱਸਾ ਨਹੀਂ ਸੀ। ਅਸਲ ਵਿੱਚ ਕਰਾਟੇ ਵਿੱਚ ਸਿਖਲਾਈ ਹਾਸਲ ਕਰਨ ਵਾਲੇ ਢੇਸੀ ਨੂੰ ਇਸ ਖੇਡ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੇ ਭਰਾ ਇੱਕ ਸਥਾਨਕ ਜਿਮ ਵਿੱਚ ਸ਼ਾਮਲ ਹੋਏ।

ਉਨ੍ਹਾਂ ਦਾ ਕਹਿਣਾ ਹੈ, "ਮੈਨੂੰ ਪਹਿਲਾਂ ਤਾਂ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਨਹੀਂ ਸੀ ਕਿ ਮੁੱਕੇਬਾਜ਼ੀ ਕੀ ਹੁੰਦੀ ਹੈ। ਇਹ ਮੇਰਾ ਛੋਟਾ ਭਰਾ ਸੀ ਜੋ ਇਹ ਕਰਨਾ ਚਾਹੁੰਦਾ ਸੀ, ਇਸ ਲਈ ਮੈਂ ਇੱਥੇ (ਜਿਮ) ਆਈ ਅਤੇ ਮੈਂ ਦਰਵਾਜ਼ੇ 'ਤੇ ਖੜ੍ਹੀ ਸੀ ਜਦੋਂ ਕੋਚ ਨੇ ਮੈਨੂੰ ਸ਼ਾਮਲ ਹੋਣ ਲਈ ਕਿਹਾ।"

ਢੇਸੀ ਨੇ ਪਹਿਲਾਂ ਤਾਂ ਮਨ੍ਹਾ ਕੀਤਾ ਪਰ ਜਦੋਂ ਇਸ ਨੂੰ ਅਜ਼ਮਾਇਆ ਤਾਂ ਉਨ੍ਹਾਂ ਨੂੰ ਕੁਝ ਖ਼ਾਸ ਜਾਪਿਆ।

ਉਨ੍ਹਾਂ ਦਾ ਕਹਿਣਾ ਹੈ, "ਮੈਂ ਇੱਕ ਦਿਨ ਇਸ ਨੂੰ ਅਜ਼ਮਾਇਆ ਅਤੇ ਸਾਰੇ ਕੋਚ ਕਹਿ ਰਹੇ ਸਨ ਕਿ ਮੈਂ ਕਿੰਨੀ ਚੰਗੀ ਤਰ੍ਹਾਂ ਇਸ ਨੂੰ ਖੇਡ ਰਹੀ ਹਾਂ। ਉਦੋਂ ਤੋਂ ਮੈਂ ਇਸ ਨੂੰ ਜਾਰੀ ਰੱਖਿਆ ਅਤੇ ਫਿਰ ਮੈਨੂੰ ਇੰਗਲੈਂਡ ਦੀ ਟੀਮ ਲਈ ਚੁਣਿਆ ਗਿਆ।"

ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਮਾਣ

ਚਰਨ ਕੌਰ ਢੇਸੀ

ਤਸਵੀਰ ਸਰੋਤ, Charan Kaur Dhesi/Insta

ਤਸਵੀਰ ਕੈਪਸ਼ਨ, ਚਰਨ ਨੇ ਤਿੰਨ ਰਾਸ਼ਟਰੀ ਖਿਤਾਬ, ਇੱਕ ਯੂਰਪੀਅਨ ਚਾਂਦੀ ਦਾ ਤਗਮਾ ਅਤੇ ਤਿੰਨ ਅੰਤਰਰਾਸ਼ਟਰੀ ਖਿਤਾਬ ਜਿੱਤੇ ਹਨ

ਉਸ ਦਿਨ ਤੋਂ ਢੇਸੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇੱਕ ਨੌਜਵਾਨ ਸ਼ੌਕੀਆ ਹੋਣ ਦੇ ਨਾਤੇ, ਉਨ੍ਹਾਂ ਨੇ ਤਿੰਨ ਰਾਸ਼ਟਰੀ ਖਿਤਾਬ, ਇੱਕ ਯੂਰਪੀਅਨ ਚਾਂਦੀ ਦਾ ਤਗਮਾ ਅਤੇ ਤਿੰਨ ਅੰਤਰਰਾਸ਼ਟਰੀ ਖਿਤਾਬ ਜਿੱਤੇ ਹਨ।

ਪਰ ਇਹ ਕਦੇ ਵੀ ਸਿਰਫ਼ ਪ੍ਰਸ਼ੰਸਾ ਹਾਸਲ ਕਰਨ ਬਾਰੇ ਨਹੀਂ ਸੀ। ਢੇਸੀ ਪੇਸ਼ੇਵਰ ਮੁੱਕੇਬਾਜ਼ੀ ਵਿੱਚ ਕਦਮ ਰੱਖ ਕੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨਾ ਚਾਹੁੰਦੇ ਸਨ।

ਹਾਲਾਂਕਿ, ਪੇਸ਼ੇਵਰ ਬਣਨ ਨਾਲ ਜਿੱਥੇ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਦਰਪੇਸ਼ ਹੋਈਆਂ ਉੱਥੇ ਹੀ ਨਵੀਆਂ ਸੁਰਖ਼ੀਆਂ ਵੀ ਮਿਲੀਆਂ, ਖ਼ਾਸ ਕਰਕੇ ਉਨ੍ਹਾਂ ਦੇ ਆਪਣੇ ਭਾਈਚਾਰੇ ਦੇ ਅੰਦਰੋਂ।

ਉਨ੍ਹਾਂ ਦੱਸਿਆ, "ਮੈਨੂੰ ਪੁੱਛਿਆ ਗਿਆ ਸੀ 'ਜੇ ਤੁਹਾਨੂੰ ਸੱਟ ਲੱਗਦੀ ਹੈ, ਤਾਂ ਤੁਹਾਡੇ ਨਾਲ ਕੌਣ ਵਿਆਹ ਕਰੇਗਾ?', 'ਕੀ ਤੁਹਾਨੂੰ ਰਸੋਈ ਵਿੱਚ ਨਹੀਂ ਹੋਣਾ ਚਾਹੀਦਾ?', ਇਸ ਤਰ੍ਹਾਂ ਦੀਆਂ ਗੱਲਾਂ.. ਇਹ ਕਾਫ਼ੀ ਨਕਾਰਾਤਮਕ ਸੀ ਅਤੇ ਇੱਥੋਂ ਤੱਕ ਕਿ, 'ਤੁਹਾਡਾ ਪਲਾਨ ਬੀ ਕੀ ਹੈ?'।

ਉਨ੍ਹਾਂ ਦਾ ਕਹਿਣਾ ਹੈ, "ਪਰ ਮੇਰਾ ਪਲਾਨ ਏ ਮੁੱਕੇਬਾਜ਼ੀ ਹੈ ਅਤੇ ਮੇਰਾ ਪਲਾਨ ਬੀ ਵੀ ਮੁੱਕੇਬਾਜ਼ੀ ਹੀ ਹੈ।"

ਮਈ ਮਹੀਨੇ ਵਿੱਚ ਢੇਸੀ ਨੇ ਆਪਣੇ ਪੇਸ਼ੇਵਰ ਡੈਬਿਊ 'ਤੇ ਤੁਰੰਤ ਪ੍ਰਭਾਵ ਪਾਉਣ 'ਤੇ ਉਨ੍ਹਾਂ ਸਵਾਲਾਂ ਦੇ ਜਵਾਬ ਆਪਣੇ ਮੁੱਕਿਆਂ ਨਾਲ ਦਿੱਤੇ ਅਤੇ ਨਾਕਆਊਟ ਨਾਲ ਜਿੱਤ ਹਾਸਲ ਕੀਤੀ। ਇਹ ਕਲਿੱਪ ਵਾਇਰਲ ਹੋ ਗਈ ਅਤੇ ਉਨ੍ਹਾਂ ਦੀ ਕਹਾਣੀ ਵੀ ਵਾਇਰਲ ਹੋ ਗਈ।

ਉਹ ਕਹਿੰਦੇ ਹਨ, "ਅਚਾਨਕ ਉਹੀ ਲੋਕ ਜੋ ਮੇਰੀ ਸਮਰੱਥਾ 'ਤੇ ਸ਼ੱਕ ਕਰ ਰਹੇ ਸਨ, ਉਹ ਪੰਜਾਬੀ ਅਤੇ ਸਿੱਖ ਭਾਈਚਾਰਿਆਂ ਨੂੰ ਮਾਣ ਦਿਵਾਉਣ ਲਈ ਮੇਰੀ ਪ੍ਰਸ਼ੰਸਾ ਕਰਨ ਲੱਗੇ ਹਨ।"

"ਜਦੋਂ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ ਹੋ ਤਾਂ ਇਹ ਲੋਕ ਤੁਹਾਨੂੰ ਜਾਣਨਾ ਨਹੀਂ ਚਾਹੁੰਦੇ ਪਰ ਹੁਣ ਉਹ ਸਿੱਧੇ ਮੇਰੇ 'ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਮੈਂ ਇੱਕ ਸ਼ੋਅ ਕੀਤਾ ਹੈ ਅਤੇ ਇਹ ਕੋਈ ਮਜ਼ਾਕ ਨਹੀਂ ਹੈ। ਮੁੱਕੇਬਾਜ਼ੀ ਮੇਰੀ ਜ਼ਿੰਦਗੀ ਹੈ।"

ਮਾਪਿਆਂ ਨੇ ਫੰਡ ਕੀਤਾ ਅਤੇ ਪੀੜ੍ਹੀ ਨੂੰ ਪ੍ਰੇਰਿਤ ਕੀਤਾ

ਚਰਨ ਕੌਰ ਢੇਸੀ

ਤਸਵੀਰ ਸਰੋਤ, Charan Kaur Dhesi/Insta

ਤਸਵੀਰ ਕੈਪਸ਼ਨ, ਚਰਨ ਲਈ ਮੁੱਕੇਬਾਜ਼ੀ ਹਮੇਸ਼ਾ ਇਨਾਮੀ ਰਾਸ਼ੀ ਜੀਣ ਬੈਲਟਾਂ ਤੋਂ ਵੱਧ ਰਹੀ ਹੈ

ਢੇਸੀ ਦੀ ਸਫ਼ਲਤਾ ਨੇ ਸੁਰਖੀਆਂ ਬਣਾਈਆਂ ਹੋ ਸਕਦੀਆਂ ਹਨ ਪਰ ਰੋਜ਼ਾਨਾ ਦੀ ਹਕੀਕਤ ਵਿੱਚ ਇੱਕ ਸੰਘਰਸ਼ ਭਰਿਆ ਹੋਇਆ ਹੈ। ਸਪਾਂਸਰਸ਼ਿਪ ਤੋਂ ਬਿਨ੍ਹਾਂ ਉਨ੍ਹਾਂ ਦੇ ਪੂਰੇ ਕਰੀਅਰ ਲਈ ਅਜੇ ਵੀ ਉਨ੍ਹਾਂ ਦੇ ਮਾਪੇ ਵਿੱਤੀ ਮਦਦ ਕਰ ਰਹੇ ਹਨ।

ਉਹ ਆਖਦੇ ਹਨ, "ਮੈਂ ਕੰਮ ਨਹੀਂ ਕਰਦੀ ਕਿਉਂਕਿ ਮੈਂ ਸਿਖਲਾਈ 'ਤੇ ਕੇਂਦ੍ਰਿਤ ਹਾਂ। ਇਸ ਲਈ ਇਹ ਔਖਾ ਹੈ। ਮੈਂ ਸਿਖਲਾਈ ਦੇ ਮੌਕਿਆਂ ਤੋਂ ਖੁੰਝ ਰਹੀ ਹਾਂ, ਬਿਹਤਰ ਕਿੱਟ ਹਾਸਲ ਕਰ ਰਹੀ ਹਾਂ, ਅਕਸਰ ਬਾਹਰ ਨਿਕਲ ਰਹੀ ਹਾਂ।"

ਪਰ ਉਨ੍ਹਾਂ ਲਈ ਮੁੱਕੇਬਾਜ਼ੀ ਹਮੇਸ਼ਾ ਇਨਾਮੀ ਰਾਸ਼ੀ ਜੀਣ ਬੈਲਟਾਂ ਤੋਂ ਵੱਧ ਰਹੀ ਹੈ। ਇਹ ਆਪਣੀਆਂ ਜੜਾਂ 'ਤੇ ਮਾਣ ਦਿਖਾਉਣ ਅਤੇ ਦੂਜਿਆਂ ਲਈ ਦਰਵਾਜ਼ੇ ਖੋਲ੍ਹਣ ਦਾ ਇੱਕ ਪਲੇਟਫਾਰਮ ਹੈ।

ਚਰਨ ਕੌਰ ਢੇਸੀ

ਤਸਵੀਰ ਸਰੋਤ, Charan Kaur Dhesi/Humber Boxing Network/Insta

ਤਸਵੀਰ ਕੈਪਸ਼ਨ, ਚਰਨ ਕਹਿੰਦੇ ਹਨ ਕਿ ਮੁੱਕੇਬਾਜ਼ੀ ਉਨ੍ਹਾਂ ਲਈ ਆਪਣੀਆਂ ਜੜਾਂ 'ਤੇ ਮਾਣ ਦਿਖਾਉਣ ਅਤੇ ਦੂਜਿਆਂ ਲਈ ਦਰਵਾਜ਼ੇ ਖੋਲ੍ਹਣ ਦਾ ਇੱਕ ਪਲੇਟਫਾਰਮ ਹੈ

ਉਹ ਅੱਗੇ ਕਹਿੰਦੇ ਹਨ, "ਬਹੁਤ ਸਾਰੀਆਂ ਸਿੱਖ ਕੁੜੀਆਂ ਹਨ ਜੋ ਮੁੱਕੇਬਾਜ਼ੀ ਵਿੱਚ ਆਉਣਾ ਚਾਹੁੰਦੀਆਂ ਹਨ, ਉਨ੍ਹਾਂ ਨੇ ਮੈਨੂੰ ਸਮਾਗਮਾਂ ਵਿੱਚ ਸੰਪਰਕ ਕੀਤਾ ਅਤੇ ਪੁੱਛਦੀਆਂ ਹਨ ਕਿ ਡਰ ਨੂੰ ਕਿਵੇਂ ਦੂਰ ਕਰਨਾ ਹੈ। ਮੈਂ ਕਹਿੰਦੀ ਹਾਂ, 'ਚਲੋ, ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਇਹ ਕਿਵੇਂ ਕਰਨਾ ਹੈ ਅਤੇ ਮੈਂ ਤੁਹਾਨੂੰ ਹਰ ਸੰਭਵ ਮਦਦ ਕਰਾਂਗੀ'।"

"ਇਮਾਨਦਾਰੀ ਨਾਲ, ਜੇਕਰ ਕੋਈ ਕੁੜੀ ਮੇਰੇ ਤੋਂ ਸਹਾਇਤਾ ਮੰਗਦੀ ਹੈ, ਉਹ ਲੰਡਨ ਜਾਂ ਕਿਤੇ ਵੀ ਰਹਿ ਰਹੀ ਹੋਵੇ, ਤਾਂ ਮੈਂ ਉੱਥੇ ਜਾਵਾਂਗੀ। ਇਹੀ ਮੈਂ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਹੋਰ ਸਿੱਖ ਕੁੜੀਆਂ ਸ਼ਾਮਲ ਹੋਣ ਅਤੇ ਸਿੱਖ ਮੁੰਡੇ ਵੀ।"

ਢੇਸੀ ਕਹਿੰਦੇ ਹਨ ਕਿ ਉਹ ਇੱਕ ਦਿਨ ਮਿਡਲੈਂਡਜ਼ ਵਿੱਚ ਆਪਣਾ ਇੱਕ ਜਿਮ ਖੋਲ੍ਹਣਾ ਚਾਹੁੰਦੇ ਹਨ। ਸਿਰਫ਼ ਮੁਕੇਬਾਜ਼ਾਂ ਨੂੰ ਸਿਖਲਾਈ ਦੇਣ ਲਈ ਨਹੀਂ ਸਗੋਂ ਇੱਕ ਅਜਿਹੀ ਜਗ੍ਹਾ ਬਣਾਉਣ ਲਈ ਜਿੱਥੇ ਕੁਝ ਕਰਨ ਦੀ ਚਾਹਤ ਉਮੀਦਾਂ ਤੋਂ ਵੱਧ ਹੋਵੇ।

ਅਗਲੀ ਪੀੜ੍ਹੀ ਦੇ ਮੁੱਕੇਬਾਜ਼ਾਂ ਲਈ ਉਨ੍ਹਾਂ ਦੀ ਸਲਾਹ ਹੈ ਕਿ ਭਾਵੇਂ ਮੈਦਾਨ ਦੇ ਅੰਦਰ ਹੋਵੇ ਜਾਂ ਬਾਹਰ, ਅਟੱਲ ਰਹੋ।

"ਬੱਸ ਇਹ ਕਰੋ। ਜੋ ਵੀ ਤੁਹਾਡਾ ਮਨ ਕਰਦਾ ਹੈ ਕਰ ਸਕਦੇ ਹੋ। ਜਿੰਨਾ ਚਿਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ, ਇਹੀ ਮਾਅਨੇ ਰੱਖਦਾ ਹੈ। ਕੌਣ ਪਰਵਾਹ ਕਰਦਾ ਹੈ ਕਿ ਕੋਈ ਹੋਰ ਕੀ ਸੋਚਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)