ਮੋਗੇ ਦੀ ਦਾਣਾ ਮੰਡੀ 'ਚ ਰੈਪ ਕਰਦੇ ਇਹ ਨੌਜਵਾਨ ਕੌਣ ਹਨ, ਸੋਸ਼ਲ ਮੀਡੀਆ ਕਿਵੇਂ ਇਨ੍ਹਾਂ ਦੀ ਜ਼ਿੰਦਗੀ ਬਦਲ ਰਿਹਾ

ਪਰਮ
ਤਸਵੀਰ ਕੈਪਸ਼ਨ, ਨੌਜਵਾਨ ਰੈਪਰਾਂ ਨੇ ਮੋਗੇ ਦੀ ਦਾਣਾ ਮੰਡੀ ਨੂੰ ਆਪਣਾ ਮੰਚ ਬਣਾਇਆ ਹੋਇਆ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਜਿਹੜੇ ਆਰਟਿਸਟ ਸਾਨੂੰ ਸਮਾਂ ਨਹੀਂ ਦਿੰਦੇ ਸੀ, ਸਾਡਾ ਫੋਨ ਨਹੀਂ ਸੀ ਚੁੱਕਦੇ ਤੇ ਸਾਡੇ ਮੈਸੇਜਾਂ ਦਾ ਜਵਾਬ ਤੱਕ ਨਹੀਂ ਦਿੰਦੇ ਸੀ, ਉਹ ਹੁਣ ਖੁਦ ਸਾਡੇ ਤੱਕ ਪਹੁੰਚ ਕਰ ਰਹੇ ਹਨ।"

ਇਹ ਸ਼ਬਦ ਸੋਸ਼ਲ ਮੀਡੀਆ ਰਾਹੀਂ ਚਰਚਾ ਵਿੱਚ ਆਉਣ ਵਾਲੇ 'ਦੇਸੀ ਰੈਪਰਾਂ' ਦੇ ਹਨ, ਜੋ ਸੰਗੀਤ ਦੀ ਦੁਨੀਆਂ ਵਿੱਚ ਆਪਣੀਆਂ ਪੈੜਾਂ ਪਾ ਰਹੇ ਹਨ।

ਇਹ ਨੌਜਵਾਨ ਪੰਜਾਬ ਦੇ ਮਾਲਵਾ ਖਿੱਤੇ ਦੇ ਸ਼ਹਿਰ ਮੋਗਾ ਅਤੇ ਉਸ ਦੇ ਨੇੜਲੇ ਪਿੰਡਾਂ ਤੋਂ ਹਨ, ਜੋ ਮੋਗੇ ਦੀ ਦਾਣਾ ਮੰਡੀ ਵਿੱਚ ਇਕੱਠੇ ਹੁੰਦੇ ਹਨ ਅਤੇ ਰੈਪ ਕਰਦੇ ਹਨ।

ਪੰਜਾਬ, ਆਪਣੇ ਸੰਘਰਸ਼, ਆਪਣੀ ਕੌਮ, ਅਣਖ ਅਤੇ ਮੁਹੱਬਤ ਦੀ ਗੱਲ ਕਰਦੇ ਇਹ ਰੈਪਰ ਸੋਸ਼ਲ ਮੀਡੀਆ ਰਾਹੀਂ ਮਿਊਜ਼ਿਕ ਇੰਡਸਟਰੀ ਵਿੱਚ ਕਾਮਯਾਬ ਹੋਣ ਲਈ ਅਤੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਮੋਗਾ ਅਤੇ ਪੀਬੀ-29 ਅੱਜ-ਕੱਲ੍ਹ ਇਨ੍ਹਾਂ ਰੈਪਰਾਂ ਕਰਕੇ ਵੀ ਸੋਸ਼ਲ ਮੀਡੀਆ 'ਤੇ ਸੁਣਾਈ ਦੇ ਰਿਹਾ ਹੈ।

ਢਾਡੀ-ਕਵਿਸ਼ਰੀ ਗਾਉਣ ਤੋਂ ਰੈਪਰ ਬਣਨ ਤੱਕ

ਰੈਪਰ
ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਇਨ੍ਹਾਂ ਨੌਜਵਾਨਾਂ ਲਈ ਸੰਗੀਤ ਇੰਡਸਟਰੀ ਵਿੱਚ ਰਾਹ ਖੋਲ੍ਹ ਰਿਹਾ

ਰੈਪ ਕਰਦੇ ਇਹ ਸਾਰੇ ਨੌਜਵਾਨ ਦਰਮਿਆਨੇ ਘਰਾਂ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਮਾਪੇ ਮਜ਼ਦੂਰੀ ਕਰਦੇ ਹਨ।

ਇਨ੍ਹਾਂ ਨੌਜਵਾਨਾਂ ਨੂੰ ਇੱਕ ਮੰਚ ਦੇਣ ਵਾਲੇ ਅਤੇ ਇੱਕ ਥਾਂ 'ਤੇ ਇਕੱਠੇ ਕਰਨ ਵਾਲੇ ਮੋਗਾ ਦੇ ਪਿੰਡ ਦੁੱਨੇਕੇ ਦੇ ਜਸ਼ਨਪ੍ਰੀਤ ਸਿੰਘ ਅਤੇ ਮੋਗਾ ਸ਼ਹਿਰ ਦੇ ਸੁਖਨੂਰਪ੍ਰੀਤ ਸਿੰਘ ਹਨ।

19 ਸਾਲਾ ਜਸ਼ਨਪ੍ਰੀਤ ਨੇ ਆਪਣਾ ਸਟੇਜ ਨਾਮ ਸਾਬ ਓਰਬਿਸ ਰੱਖਿਆ ਹੈ ਤੇ ਉਹ ਇਸ ਨਾਮ ਤੋਂ ਹੀ ਪਰਫਾਰਮ ਕਰਦੇ ਹਨ।

ਉਨ੍ਹਾਂ ਨੂੰ ਬਚਪਨ ਤੋਂ ਲਿਖਣ ਤੇ ਗਾਉਣ ਦਾ ਸ਼ੌਂਕ ਹੈ।

ਉਹ ਦੱਸਦੇ ਹਨ ਕਿ ਬਚਪਨ ਵਿੱਚ ਉਹ ਧਾਰਮਿਕ ਸਮਾਗਮਾਂ ਦੌਰਾਨ ਢਾਡੀ ਤੇ ਕਵਿਸ਼ਰੀ ਜਥਿਆਂ ਨਾਲ ਗਾਉਣ ਜਾਂਦੇ ਸਨ ਤੇ ਸਿੱਖਦੇ ਵੀ ਸਨ।

ਜਸ਼ਨਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਜਸ਼ਨਪ੍ਰੀਤ ਸਿੰਘ ਨੇ ਦੋਸਤ ਨਾਲ ਮਿਲ ਕੇ ਇੰਸਟਾਗ੍ਰਾਮ ’ਤੇ ਪੇਜ ਬਣਾਇਆ, ਜਿੱਥੇ ਉਹ ਆਪਣੀਆਂ ਵੀਡੀਓਜ਼ ਅਪਲੋਡ ਕਰਦੇ ਹਨ

ਸਾਬ ਕਹਿੰਦੇ ਹਨ, "ਮੈਨੂੰ ਸ਼ੁਰੂ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ ਅਤੇ ਮੈਂ ਬਚਪਨ ਵਿੱਚ ਢਾਡੀ-ਕਵਿਸ਼ਰੀ ਜਥਿਆਂ ਨਾਲ ਗਾਉਣ ਜਾਂਦਾ ਸੀ। ਮੈਨੂੰ ਸੰਗੀਤ ਨਾਲ ਬਹੁਤ ਜ਼ਿਆਦਾ ਲਗਾਅ ਹੋ ਗਿਆ। ਇਸੇ ਤਰ੍ਹਾਂ ਹੌਲੀ-ਹੌਲੀ ਮੇਰਾ ਧਿਆਨ ਯੂਟਿਊਬ ਉਪਰ ਪਈਆਂ ਬੀਟਸ 'ਤੇ ਗਿਆ।"

"ਮੈਂ ਉਨ੍ਹਾਂ ਨੂੰ ਜਿਵੇਂ-ਜਿਵੇਂ ਸੁਣਦਾ, ਨਾਲ-ਨਾਲ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ। ਇਵੇਂ ਮੈਨੂੰ ਲਿਖਣ ਨਾਲ ਹੋਰ ਜ਼ਿਆਦਾ ਮੋਹ ਪੈ ਗਿਆ।"

ਸਾਬ ਕਹਿੰਦੇ ਹਨ ਕਿ ਉਨ੍ਹਾਂ ਦੇ ਘਰਦਿਆਂ ਨੂੰ ਫਿਕਰ ਹੋਣ ਲੱਗੀ ਸੀ ਕਿ ਇਹ ਕਿਹੜੇ ਰਾਹ ਪੈ ਗਿਆ।

"ਘਰ ਦੇ ਕਹਿੰਦੇ ਸੀ ਕਿ ਜਿੱਥੇ ਇਸ ਨੂੰ ਪੜ੍ਹਣਾ ਚਾਹੀਦਾ, ਉੱਥੇ ਇਹ ਕਾਪੀ 'ਤੇ ਸ਼ਾਇਰੋ-ਸ਼ਾਇਰੀ ਤੇ ਗੀਤ ਲਿਖਦਾ ਰਹਿੰਦਾ। ਮੈਨੂੰ ਮੰਮੀ ਨੇ ਕਹਿਣਾ ਕਿ ਪੁੱਤ ਅਸੀਂ ਇਹ ਕੰਮੀ ਨਹੀਂ ਪੈਣਾ, ਤੇਰੇ ਚਾਚੇ-ਤਾਏ ਨੌਕਰੀਆਂ ਕਰਦੇ ਨੇ, ਤੂੰ ਵੀ ਪੜ੍ਹ ਅਤੇ ਸਰਕਾਰੀ ਨੌਕਰੀ ਕਰ।"

ਸਾਬ ਦੀ ਮਾਤਾ
ਤਸਵੀਰ ਕੈਪਸ਼ਨ, ਇਨ੍ਹਾਂ ਨੌਜਵਾਨਾਂ ਦੇ ਮਾਪੇ ਹੁਣ ਆਪਣੇ ਬੱਚਿਆਂ ’ਤੇ ਮਾਣ ਮਹਿਸੂਸ ਕਰਦੇ ਹਨ

"ਪਰ ਮੇਰੀ ਖਿੱਚ ਲਿਖਣ ਤੇ ਗਾਉਣ ਵੱਲ ਸੀ ਅਤੇ ਪੜ੍ਹਾਈ ਵੱਲ ਮੇਰਾ ਧਿਆਨ ਪੂਰੀ ਤਰ੍ਹਾਂ ਘੱਟ ਗਿਆ।"

ਜਸ਼ਨਪ੍ਰੀਤ ਸਿੰਘ ਦੇ ਪਿਤਾ ਡਰਾਈਵਰ ਵਜੋਂ ਕੰਮ ਕਰਦੇ ਹਨ ਅਤੇ ਮਾਤਾ ਮੋਗਾ ਸ਼ਹਿਰ ਵਿੱਚ ਇੱਕ ਇਮੀਗ੍ਰੇਸ਼ਨ ਦਫ਼ਤਰ ਵਿੱਚ ਕੰਮ ਕਰਦੇ ਹਨ।

ਉਨ੍ਹਾਂ ਦੇ ਮਾਤਾ ਸਿਮਰਨਜੀਤ ਕੌਰ ਕਹਿੰਦੇ ਹਨ ਕਿ ਜਦੋਂ ਸਾਬ ਛੋਟਾ ਸੀ ਤਾਂ ਕਾਪੀ 'ਤੇ ਲਿਖਦਾ ਰਹਿੰਦਾ ਸੀ ਤੇ ਉਨ੍ਹਾਂ ਨੂੰ ਉਸ ਦੀ ਫਿਕਰ ਸੀ ਕਿ ਬੱਚਾ ਕਿਹੜੇ ਚੱਕਰਾਂ ਵਿੱਚ ਪੈ ਗਿਆ।

ਉਹ ਕਹਿੰਦੇ ਹਨ, "ਬੇਟਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਨੂੰ ਚੰਡੀਗੜ੍ਹ ਭੇਜ ਦਿਓ ਮੈਂ ਉੱਥੇ ਸਿੰਗਰਾਂ ਨੂੰ ਮਿਲਣਾ ਹੈ ਤੇ ਸੰਗੀਤ ਵਾਲੇ ਪਾਸੇ ਹੀ ਜਾਣਾ ਪਰ ਮੈਂ ਉਸ ਨੂੰ ਰੋਕਦੀ ਸੀ ਕਿ ਤੂੰ ਬਹੁਤ ਛੋਟਾ ਹਾਲੇ ਅਤੇ ਤੈਨੂੰ ਦੁਨੀਆਦਾਰੀ ਦੀ ਸਮਝ ਨਹੀਂ।"

"ਪਰ ਜਦੋਂ ਮੈਨੂੰ ਮੇਰੇ ਦਫ਼ਤਰ ਦੀਆਂ ਸਾਥਣਾਂ ਨੇ ਮੇਰੇ ਬੇਟੇ ਦੀ ਗਾਉਂਦੇ ਦੀਆਂ ਵੀਡੀਓਜ਼ ਦਿਖਾਈਆਂ ਤਾਂ ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਕੁਝ ਚੰਗਾ ਕੰਮ ਹੀ ਕਰ ਰਿਹਾ।"

"ਜਦੋਂ ਮੈਨੂੰ ਪਿੰਡ ਵਿੱਚੋਂ ਬੇਟੇ ਬਾਰੇ ਸੁਣਨ ਨੂੰ ਮਿਲਦਾ ਤਾਂ ਬਹੁਤ ਮਾਣ ਮਹਿਸੂਸ ਹੁੰਦਾ। ਮੈਂ ਚਾਹੁੰਦੀ ਹਾਂ ਕਿ ਹੁਣ ਉਹ ਸੰਗੀਤ ਦੀ ਲਾਈਨ ਵਿੱਚ ਹੀ ਕਾਮਯਾਬ ਹੋਵੇ।"

ਜਸ਼ਨਪ੍ਰੀਤ

ਸੋਸ਼ਲ ਮੀਡੀਆ ਦਾ ਸਹਾਰਾ ਅਤੇ ਦਾਣਾ ਮੰਡੀ ਦੀ ਚੋਣ

ਦਾਣਾ ਮੰਡੀ ਵਿੱਚ ਕਿਸਾਨ ਆਪਣੀ ਫਸਲ ਵੇਚਣ ਲਈ ਲੈ ਕੇ ਆਉਂਦੇ ਹਨ ਤੇ ਮਜ਼ਦੂਰ ਉੱਥੇ ਢੁਆ-ਢੁਆਈ ਦਾ ਕੰਮ ਕਰਦੇ ਹਨ ਪਰ ਹੁਣ ਮੋਗੇ ਦੇ ਇਨ੍ਹਾਂ ਰੈਪਰਾਂ ਨੇ ਦਾਣਾ ਮੰਡੀ ਨੂੰ ਆਪਣਾ ਮੰਚ ਬਣਾ ਲਿਆ ਹੈ।

ਜਸ਼ਨਪ੍ਰੀਤ ਸਿੰਘ ਕਹਿੰਦੇ ਹਨ ਕਿ ਉਹ ਦਰਮਿਆਨੇ ਘਰਾਂ ਤੋਂ ਆਉਂਦੇ ਹਨ ਤੇ ਉਨ੍ਹਾਂ ਕੋਲ ਟੇਲੈਂਟ ਤਾਂ ਹੈ ਪਰ ਗੀਤ ਰਿਕਾਰਡ ਅਤੇ ਵੀਡੀਓ ਬਣਾਉਣ ਲਈ ਪੈਸੇ ਨਹੀਂ ਹਨ।

ਉਹ ਕਹਿੰਦੇ ਹਨ, "ਮੈਂ ਤੇ ਮੇਰਾ ਦੋਸਤ ਸੁਖਨੂਰ ਇੱਕ-ਦੂਜੇ ਨੂੰ ਆਪਣਾ ਲਿਖਿਆ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ ਸੀ ਤੇ ਇਹ ਵੀ ਗੱਲ ਕਰਦੇ ਸੀ ਕਿ ਮੋਗੇ ਤੋਂ ਬਾਹਰ ਤੱਕ ਕਿਵੇਂ ਪਛਾਣ ਬਣਾਈ ਜਾਵੇ। ਅਸੀਂ ਇੰਨੇ ਜੋਗੇ ਨਹੀਂ ਸੀ ਕਿ ਖੁਦ ਗੀਤਾਂ ਦੀ ਪ੍ਰੋਡਕਸ਼ਨ ਕਰਦੇ ਤੇ ਵੀਡੀਓ ਬਣਾਉਂਦੇ।"

ਮੋਗੇ ਦੀ ਦਾਣਾ ਮੰਡੀ ਤੇ ਰੈਪਰ
ਤਸਵੀਰ ਕੈਪਸ਼ਨ, ਇਨ੍ਹਾਂ ਨੌਜਵਾਨਾਂ ਨੇ ਦਾਣਾ ਮੰਡੀ ਨੂੰ ਆਪਣੀ ਸਟੇਜ ਬਣਾ ਲਿਆ

"ਅਸੀਂ ਫਿਰ ਸੋਚਿਆ ਕਿ ਕਿਉਂ ਨਾ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾਵੇ। ਫਿਰ ਅਸੀਂ ਇੰਸਟਾਗ੍ਰਾਮ 'ਤੇ ਇੱਕ ਪੇਜ ਬਣਾਇਆ, ਜਿਸ ਦਾ ਨਾਮ ਸਾਇਫਰ ਪੀਬੀ-29 ਰੱਖਿਆ। ਸਾਇਫਰ ਦਾ ਮਤਲਬ ਹੈ ਕਿ ਰੈਪਰ ਇਕੱਠੇ ਹੋ ਕੇ ਆਪਣਾ ਫ੍ਰੀ ਸਟਾਇਲ ਪਰਫੋਰਮ ਕਰਦੇ ਹਨ।"

ਸਾਬ ਦੱਸਦੇ ਹਨ ਕਿ ਫਿਰ ਉਨ੍ਹਾਂ ਕੋਲ ਥਾਂ ਦੀ ਦਿੱਕਤ ਸੀ ਕਿ ਕਿੱਥੇ ਸ਼ੂਟ ਕੀਤਾ ਜਾ ਸਕਦਾ।

"ਸਾਡੇ ਦਿਮਾਗ ਵਿੱਚ ਥਾਂ ਨੂੰ ਲੈ ਕੇ ਮੋਗਾ ਦੀ ਦਾਣਾ ਮੰਡੀ ਆਈ ਕਿਉਂਕਿ ਉਹ ਇੱਕ ਤਾਂ ਖੁੱਲ੍ਹੀ ਥਾਂ ਹੈ ਤੇ ਦੂਜਾ ਉੱਥੇ ਲਾਈਟਾਂ ਹਨ, ਜਿਸ ਨਾਲ ਵੀਡੀਓ ਲਈ ਸ਼ਾਮ ਵੇਲੇ ਚੰਗੀ ਰੌਸ਼ਨੀ ਮਿਲ ਜਾਂਦੀ ਹੈ।"

"ਅਸੀਂ ਜਦੋਂ ਸ਼ੂਟ ਕਰਕੇ ਇੰਸਟਾਗ੍ਰਾਮ ਪੇਜ ਉਪਰ ਪਹਿਲੀ ਵੀਡੀਓ ਪਾਈ ਤਾਂ ਸਾਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ, ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਸਾਡੇ ਇਲਾਕੇ ਦੇ ਹੋਰ ਵੀ ਕਈ ਨੌਜਵਾਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਜੋ ਗਾਉਣਾ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਕਿ ਤੁਸੀਂ ਆ ਕੇ ਆਪਣਾ ਗਾਣਾ ਗਾ ਕੇ ਵੀਡੀਓ ਪਾ ਸਕਦੇ ਹੋ ਪੇਜ 'ਤੇ।"

"ਮਾਪਿਆਂ ਲਈ ਸੋਹਣਾ ਘਰ ਬਣਾਉਣਾ ਮੇਰਾ ਸੁਪਨਾ"

ਪਰਮ
ਤਸਵੀਰ ਕੈਪਸ਼ਨ, ਪਰਮ ਦੀਆਂ ਰੈਪ ਕਰਦਿਆਂ ਦੀਆਂ ਕਈ ਵੀਡੀਓਜ਼ ਮਿਲੀਅਨਾਂ ਵਿੱਚ ਦੇਖੀਆਂ ਗਈਆਂ

ਪੰਜਾਬੀ ਮਿਊਜ਼ਿਕ ਇੰਡਸਟਰੀ ਹੁਣ ਵਿਸ਼ਵ ਪੱਧਰ 'ਤੇ ਜਾਣੀ ਜਾਣ ਵਾਲੀ ਇੰਡਸਟਰੀ ਬਣ ਕੇ ਉਭਰੀ ਹੈ।

ਦਿਲਜੀਤ, ਕਰਨ ਔਜਲਾ, ਸਿੱਧੂ ਮੂਸੇਵਾਲਾ, ਸ਼ੁਭ ਤੇ ਏਪੀ ਢਿੱਲੋਂ ਵਰਗੇ ਪੰਜਾਬ ਦੇ ਵੱਡੇ ਗਾਇਕਾਂ ਨੇ ਆਪਣੀ ਪਛਾਣ ਦੁਨੀਆ ਭਰ ਵਿੱਚ ਬਣਾਈ ਹੈ।

ਪੰਜਾਬੀ ਵਿੱਚ ਰੈਪ ਕਰਨ ਵਾਲੇ ਜਿੱਥੇ ਮੁੰਡੇ ਜ਼ਿਆਦਾ ਹਨ, ਉਸ ਦੇ ਮੁਕਾਬਲੇ ਬਹੁਤ ਘੱਟ ਕੁੜੀਆਂ ਹਨ।

19 ਸਾਲਾ ਪਰਮਜੀਤ ਕੌਰ ਰੈਪ ਕਰਦੇ ਹਨ ਤੇ ਮੈਲਡੀ ਗਾਉਂਦੇ ਹਨ। ਪਰਮਜੀਤ ਵੀ ਮੋਗਾ ਦੇ ਪਿੰਡ ਦੁੱਨੇਕੇ ਤੋਂ ਹਨ ਤੇ ਉਨ੍ਹਾਂ ਨੇ ਆਪਣਾ ਸਟੇਜ ਨਾਮ ਪਰਮ ਰੱਖਿਆ ਹੈ।

ਸਾਇਫਰ ਪੀਬੀ-29 ਪੇਜ ਉਪਰ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਵੀਡੀਓਜ਼ ਪਰਮ ਦੀਆਂ ਹਨ, ਜਿਨ੍ਹਾਂ ਦੇ ਮਿਲੀਅਨ ਵਿਊਜ਼ ਹਨ।

ਰੈਪ ਨੂੰ ਚੁਣਨ ਪਿੱਛੇ ਪਰਮ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਤੋਂ ਇਹ ਤੈਅ ਨਹੀਂ ਕੀਤਾ ਸੀ ਕਿ ਉਹ ਇਸ ਲਾਈਨ ਵਿੱਚ ਜਾਣਗੇ ਪਰ ਉਨ੍ਹਾਂ ਦੇ ਕਾਲਜ ਦੇ ਸਾਥੀ ਲਿਖਦੇ ਅਤੇ ਗਾਉਂਦੇ ਸੀ।

ਉਹ ਕਹਿੰਦੇ ਹਨ, "ਦੋਸਤਾਂ ਨੂੰ ਗਾਉਂਦੇ ਦੇਖਦਿਆਂ ਮੇਰੇ ਵੀ ਮਨ 'ਚ ਖਿਆਲ ਆਇਆ ਕਿ ਗਾ ਕੇ ਦੇਖਦੇ ਹਾਂ। ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤਾਂ ਦੋਸਤਾਂ ਨੇ ਕਿਹਾ ਕਿ ਸੋਹਣਾ ਗਾਉਂਦੀ ਹੈ ਤਾਂ ਫਿਰ ਮੈਂ ਇਸ ਨੂੰ ਜਾਰੀ ਰੱਖਿਆ।"

ਸਾਇਫਰ ਪੀਬੀ-29 ਪੇਜ ਨਾਲ ਜੁੜਨ ਪਿੱਛੇ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਇੱਕ ਰੀਲ ਸ਼ੋਅ ਦਿਸੀ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਵੀ ਗਾਉਣਾ ਚਾਹੁੰਦੇ ਹਨ।

ਪਰਮ ਦੇ ਮਾਤਾ
ਤਸਵੀਰ ਕੈਪਸ਼ਨ, ਪਰਮਜੀਤ ਕੌਰ ਦੇ ਮਾਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਇਸੇ ਖੇਤਰ ਵਿੱਚ ਕਾਮਯਾਬ ਹੋਵੇ

ਪਰਮ ਕਹਿੰਦੇ ਹਨ, "ਜਦੋਂ ਮੇਰੀ ਵੀ ਰੈਪ ਕਰਦੀ ਦੀ ਵੀਡੀਓ ਪੇਜ ਉਪਰ ਅਪਲੋਡ ਹੋਈ ਤਾਂ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ। ਕਈ ਵੱਡੇ ਆਰਟਿਸਟ ਦੇ ਕੁਮੈਂਟ ਆਏ ਹੋਏ ਸੀ, ਇਹ ਅਹਿਸਾਸ ਬਹੁਤ ਖੁਸ਼ੀ ਦੇਣ ਵਾਲਾ ਸੀ। ਫਿਰ ਲੱਗਿਆ ਕਿ ਹਾਂ ਅਸੀਂ ਕੁਝ ਚੰਗਾ ਕਰ ਰਹੇ ਹਾਂ।"

"ਹੌਲੀ-ਹੌਲੀ ਹੁਣ ਜ਼ਿੰਦਗੀ ਬਦਲ ਰਹੀ ਹੈ ਤੇ ਮੇਰੇ ਗੀਤ ਵੀ ਆ ਰਹੇ ਹਨ। ਕਈ ਰਿਕਾਰਡ ਹੋ ਚੁੱਕੇ ਹਨ, ਕਈ ਹੋਣੇ ਬਾਕੀ ਹਨ। ਘਰ ਦੇ ਇਹ ਸਭ ਦੇਖ ਕੇ ਬਹੁਤ ਖੁਸ਼ ਹਨ ਤੇ ਮੇਰਾ ਸੁਪਨਾ ਵੀ ਘਰਦਿਆਂ ਲਈ ਸੋਹਣਾ ਜਿਹਾ ਘਰ ਬਣਾਉਣਾ ਹੈ ਜਿੱਥੇ ਉਹ ਸਿਰਫ ਆਰਾਮ ਕਰਨ।"

ਵੀਡੀਓ ਕੈਪਸ਼ਨ, ਮੋਗਾ ਦੀ ਦਾਣਾ ਮੰਡੀ ’ਚ ਰੈਪ ਕਰਦੇ ਇਹ ਨੌਜਵਾਨ ਕੌਣ ਹਨ, ਸੋਸ਼ਲ ਮੀਡੀਆ ਕਿਵੇਂ ਇਨ੍ਹਾਂ ਦੀ ਜ਼ਿੰਦਗੀ ਬਦਲ ਰਿਹਾ

ਪਰਮ ਦੇ ਪਿਤਾ ਇੱਕ ਖੇਤ ਮਜ਼ਦੂਰ ਹਨ ਅਤੇ ਉਨ੍ਹਾਂ ਦੇ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ।

ਪਰਮ ਦੇ ਮਾਤਾ ਜਸਪਾਲ ਕੌਰ ਦੱਸਦੇ ਹਨ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੇ ਸੀ ਕਿ ਉਹ ਗਾਇਕੀ ਵਿੱਚ ਅੱਗੇ ਵਧੇ।

"ਸਾਡੀ ਪਰਮ ਤੋਂ ਬਹੁਤ ਆਸ ਸੀ ਅਤੇ ਰੱਬ ਸਾਡੀ ਆਸ ਹੌਲੀ-ਹੌਲੀ ਪੂਰੀ ਕਰ ਰਿਹਾ ਹੈ। ਇਸ ਲਈ ਬਹੁਤ ਮਿਹਨਤ ਕਰ ਰਹੇ ਹਾਂ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਸਾਡਾ ਬੱਚਾ ਸਾਡਾ ਨਾਮ ਰੌਸ਼ਨ ਕਰੇ। ਅਸੀਂ ਕਦੇ ਸੋਚਿਆ ਨਹੀਂ ਸੀ ਲੋਕ ਸਾਡੀ ਧੀ ਨੂੰ ਇੰਨਾ ਪਿਆਰ ਦੇਣਗੇ। ਮੈਨੂੰ ਬਹੁਤ ਖੁਸ਼ੀ ਆ ਕਿ ਸਾਡਾ ਬੱਚਾ ਤਰੱਕੀ ਕਰ ਰਿਹਾ ਅਤੇ ਮੈਨੂੰ ਉਸ 'ਤੇ ਮਾਣ ਹੈ।"

"ਡੈਡੀ ਦਾ ਗੀਤਕਾਰ ਬਣਨ ਦਾ ਸੁਪਨਾ ਮੈਂ ਪੂਰਾ ਕਰੂੰਗਾ"

ਰੈਪਰ ਗੁਰੀ 47
ਤਸਵੀਰ ਕੈਪਸ਼ਨ, ਗੁਰੀ ਨੇ ਆਪਣੇ ਪਿਤਾ ਤੋਂ ਹੀ ਲਿਖਣਾ ਸਿੱਖਿਆ ਅਤੇ ਉਹ ਉਨ੍ਹਾਂ ਨਾਲ ਲੱਕੜ ਦਾ ਕੰਮ ਵੀ ਸਿੱਖ ਰਹੇ ਹਨ

ਗੁਰਪ੍ਰੀਤ ਸਿੰਘ ਵੀ ਮੋਗਾ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣਾ ਸਟੇਜ ਦਾ ਨਾਮ ਗੁਰੀ 47 ਰੱਖਿਆ ਹੈ।

ਉਨ੍ਹਾਂ ਦੇ ਪਿਤਾ ਪਹਿਲਾਂ ਗੁਰਦੁਆਰੇ ਵਿੱਚ ਗ੍ਰੰਥੀ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਉਹ ਨਗਰ ਨਿਗਮ ਵਿੱਚ ਮੁਲਾਜ਼ਮ ਹਨ। ਉਹ ਨਾਲ-ਨਾਲ ਲੱਕੜ ਦਾ ਫਰਨੀਚਰ ਬਣਾਉਣ ਦਾ ਕੰਮ ਵੀ ਕਰਦੇ ਹਨ।

ਗੁਰੀ ਦੱਸਦੇ ਹਨ ਕਿ ਉਹ ਵੀ ਆਪਣੇ ਪਿਤਾ ਨਾਲ ਅੱਜ-ਕੱਲ੍ਹ ਫਰਨੀਚਰ ਬਣਾਉਣ ਦਾ ਕੰਮ ਸਿੱਖ ਰਹੇ ਹਨ ਅਤੇ ਉਨ੍ਹਾਂ ਨੂੰ ਲਿਖਣ ਤੇ ਗਾਉਣ ਦਾ ਵੀ ਸ਼ੌਕ ਹੈ। ਗੁਰੀ ਵੀ ਸਾਇਫਰ ਪੀਬੀ-29 ਦੀ ਟੀਮ ਨਾਲ ਰੈਪ ਕਰਦੇ ਹਨ।

"ਮੇਰੇ ਪਿਤਾ ਪਹਿਲਾਂ ਗੀਤ ਲਿਖਦੇ ਹੁੰਦੇ ਸਨ ਅਤੇ ਉਨ੍ਹਾਂ ਨੂੰ ਦੇਖ ਕੇ ਮੈਨੂੰ ਵੀ ਲਿਖਣ ਦਾ ਸ਼ੌਂਕ ਪਿਆ। ਮੈਂ ਰੈਪ ਕਰਦੇ ਦੀ ਆਪਣੀ ਪਹਿਲੀ ਵੀਡੀਓ ਸਾਇਫਰ ਪੀਬੀ29 ਉਪਰ ਹੀ ਪੋਸਟ ਕੀਤੀ ਸੀ, ਜਿਸ ਵਿੱਚ ਅਸੀਂ ਆਪਣੇ ਮੋਗੇ ਬਾਰੇ ਲਿਖਿਆ ਤੇ ਉਹ ਵੀਡੀਓ ਵਧੀਆ ਚੱਲੀ ਵੀ।"

ਗੁਰੀ ਆਪਣੇ ਰੈਪ ਵਿੱਚ ਪੰਜਾਬ ਦੀ ਗੱਲ ਕਰਦੇ ਹਨ।

ਉਨ੍ਹਾਂ ਦੀਆਂ ਸਤਰਾਂ ਹਨ:

"ਆਜਾ ਗੱਲ ਮੈਂ ਸੁਣਾਵਾਂ ਕੋਈ ਬੀਤੇ ਹੋਏ ਪੰਜਾਬ ਦੀ...

ਜੋ ਕਾਲ ਬਣ ਚੜ੍ਹ ਆਇਆ ਦੌਰ ਇਹ ਖ਼ਰਾਬ ਦੀ...

ਜਿਹੜਾ ਮਰ ਕੇ ਨਾ ਮਰ ਸਕੇ ਉਹ ਹੈ ਪੰਜਾਬ...

ਜਿਹੜਾ ਹਾਰ ਕੇ ਨਾ ਹਾਰ ਸਕੇ ਉਹ ਹੈ ਪੰਜਾਬ।"

ਗੁਰੀ 47
ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਆਪਣੇ ਪਿਤਾ ਤੋਂ ਫਰਨੀਚਰ ਬਣਾਉਣ ਦਾ ਕੰਮ ਵੀ ਸਿੱਖਦੇ ਅਤੇ ਗੀਤ ਵੀ ਲਿਖਦੇ

ਗੁਰੀ ਦੱਸਦੇ ਹਨ, "ਮੇਰੇ ਦੋਸਤ ਨੇ ਮੈਨੂੰ ਸਾਇਫਰ ਪੀਬੀ-29 ਦੀ ਇੰਸਟਾਗ੍ਰਾਮ ਉਪਰ ਇੱਕ ਰੀਲ ਸਾਂਝੀ ਕੀਤੀ ਸੀ, ਜਿੱਥੋਂ ਮੈਨੂੰ ਲੱਗਿਆ ਕਿ ਮੈਨੂੰ ਗਾਉਣ ਲਈ ਇੱਕ ਪਲੇਟਫਾਰਮ ਮਿਲ ਗਿਆ। ਅਸੀਂ ਗਰੀਬ ਘਰਾਂ 'ਚੋਂ ਹਾਂ, ਅਸੀਂ ਆਪਣੇ ਗਾਉਣ ਦਾ ਸੁਪਨਾ ਪੈਸੇ ਖ਼ਰਚ ਕੇ ਪੂਰਾ ਨਹੀਂ ਕਰ ਸਕਦੇ।"

"ਇਹ ਪੇਜ ਸਿਰਫ ਇੱਕ ਇੰਸਟਾਗ੍ਰਾਮ ਦਾ ਕੋਈ ਆਮ ਪੇਜ ਨਹੀਂ ਹੈ, ਇਹ ਸਾਡੇ ਲਈ ਇੱਕ ਮੰਚ ਹੈ, ਜਿਸ ਰਾਹੀਂ ਸਾਡਾ ਹੁਨਰ ਲੋਕਾਂ ਤੱਕ ਪਹੁੰਚ ਰਿਹਾ ਹੈ ਅਤੇ ਸਾਨੂੰ ਲੋਕਾਂ ਵੱਲੋਂ ਪਿਆਰ ਵੀ ਬਹੁਤ ਮਿਲ ਰਿਹਾ ਹੈ।"

ਗੁਰੀ ਕਹਿੰਦੇ ਹਨ, "ਕੁਝ ਮਜਬੂਰੀਆਂ ਕਰਕੇ ਉਨ੍ਹਾਂ ਦੇ ਪਿਤਾ ਦਾ ਗੀਤਕਾਰੀ ਤੇ ਗਾਇਕੀ ਦਾ ਸੁਪਨਾ ਅਧੂਰਾ ਰਹਿ ਗਿਆ ਸੀ ਪਰ ਉਹ ਆਪਣੇ ਆਰਟ ਨਾਲ ਇਹ ਸੁਪਨਾ ਪੂਰਾ ਕਰਨਗੇ।"

ਵਾਇਰਲ ਹੋਣ ਮਗਰੋਂ ਵੱਡੇ ਆਰਟਿਸਟਾਂ ਦੀ ਪਹੁੰਚ

ਰੈਪਰ

ਤਸਵੀਰ ਸਰੋਤ, cypher.pb29/instagram

ਤਸਵੀਰ ਕੈਪਸ਼ਨ, ਰੈਪਰਾਂ ਦੀ ਪੇਸ਼ਕਾਰੀ ਨੂੰ ਪੰਜਾਬ ਦੇ ਕਈ ਗਾਇਕਾਂ ਅਤੇ ਮਿਊਜ਼ਿਕ ਡਾਇਰੈਕਟਰਾਂ ਵੱਲੋਂ ਵੀ ਹੱਲਾਸ਼ੇਰੀ ਮਿਲੀ

ਸਾਬ ਦੱਸਦੇ ਹਨ ਕਿ ਇਸ ਤਰ੍ਹਾਂ ਅਸੀਂ ਆਪਣੇ ਰੈਪ ਕਰਦਿਆਂ ਦੀਆਂ ਵੀਡੀਓਜ਼ ਪੇਜ ਉਪਰ ਅਪਲੋਡ ਕਰਦੇ ਗਏ।

ਉਹ ਕਹਿੰਦੇ ਹਨ, "ਅਸੀਂ ਹਫ਼ਤੇ ਵਿੱਚ ਇੱਕ ਦਿਨ ਸਾਂਝਾ ਰੱਖਦੇ ਸੀ, ਜਦੋਂ ਸਾਰੇ ਜਾਣੇ ਮੰਡੀ ਵਿੱਚ ਇਕੱਠੇ ਹੁੰਦੇ ਅਤੇ ਆਪਣਾ-ਆਪਣਾ ਲਿਖਿਆ ਕੁਝ ਨਾ ਕੁਝ ਗਾ ਕੇ ਰਿਕਾਰਡ ਕਰਦੇ।"

"ਇਸ ਤਰ੍ਹਾਂ ਸਾਡੀਆਂ ਕਈ ਵੀਡੀਓ ਵਾਇਰਲ ਹੋਈਆਂ ਤੇ ਲੋਕਾਂ ਵੱਲੋਂ ਸਾਨੂੰ ਬਹੁਤ ਪਿਆਰ ਮਿਲਿਆ।"

ਇਨ੍ਹਾਂ ਰੈਪਰਾਂ ਦੀ ਪੇਸ਼ਕਾਰੀ ਨੂੰ ਪੰਜਾਬ ਦੇ ਕਈ ਵੱਡੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰਾਂ ਵੱਲੋਂ ਵੀ ਹੱਲਾਸ਼ੇਰੀ ਮਿਲੀ ਹੈ। ਉਨ੍ਹਾਂ ਨੇ ਕੁਮੈਂਟ ਕਰ ਕੇ ਇਨ੍ਹਾਂ ਨੌਜਵਾਨਾਂ ਦੀ ਹੌਸਲਾ-ਅਫਜਾਈ ਵੀ ਕੀਤੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਰੈਪਰਾਂ ਤੱਕ ਕਈ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਪਹੁੰਚ ਕਰ ਰਹੇ ਹਨ ਅਤੇ ਕਈ ਗਾਇਕਾਂ ਨਾਲ ਇਨ੍ਹਾਂ ਦੇ ਗੀਤ ਵੀ ਆ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)