ਫੌਜਾ ਸਿੰਘ: 114 ਸਾਲ ਦੇ ਮੈਰਾਥਨ ਦੌੜਾਕ ਦੀ ਮੌਤ ਮਾਮਲੇ 'ਚ ਟੱਕਰ ਮਾਰਨ ਵਾਲਾ ਸ਼ਖ਼ਸ ਗ੍ਰਿਫ਼ਤਾਰ, ਤਿੰਨ ਹਫ਼ਤੇ ਪਹਿਲਾਂ ਕੈਨੇਡਾ ਤੋਂ ਆਇਆ ਸੀ ਪੰਜਾਬ

ਤਸਵੀਰ ਸਰੋਤ, Getty Images
ਮਸ਼ਹੂਰ ਬਜ਼ੁਰਗ ਦੌੜਾਕ 114 ਸਾਲਾ ਫੌਜਾ ਸਿੰਘ ਦਾ ਸੋਮਵਾਰ ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਵੱਲੋਂ ਕੀਤੀ ਗਈ ਸੀ।
ਪਰਿਵਾਰ ਮੁਤਾਬਕ ਫੌਜਾ ਸਿੰਘ ਸੋਮਵਾਰ ਦੁਪਹਿਰ ਕਰੀਬ ਤਿੰਨ ਕੁ ਵਜੇ ਘਰੋਂ ਨਿਕਲ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦੇ ਦੂਜੇ ਪਾਸੇ ਇੱਕ ਢਾਬੇ ਵੱਲ ਨੂੰ ਜਾ ਰਹੇ ਸਨ ਤੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ।
ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਸ਼ਖ਼ਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਬੀਬੀਸੀ ਸਹਿਯੋਗੀ ਪਰਦੀਪ ਕੁਮਾਰ ਮੁਤਾਬਕ, ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਫ਼ਾਰਚਿਊਨਰ ਗੱਡੀ ਨਾਲ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ 26 ਸਾਲਾ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਮੁਲਜ਼ਮ ਨੇ ਜੁਰਮ ਕਬੂਲ ਕਰ ਲਿਆ ਹੈ ਅਤੇ ਢਿੱਲੋਂ ਮੁਤਾਬਕ ਜਦੋਂ ਇਹ ਹਾਦਸਾ ਦਰਪੇਸ਼ ਆਇਆ ਉਹ ਉਸ ਸਮੇਂ ਇਕੱਲੇ ਸਨ ਅਤੇ ਭੋਗਪੁਰ ਤੋਂ ਕਿਸ਼ਨਗੜ੍ਹ ਵੱਲ ਜਾ ਰਹੇ ਸਨ।
ਪੁਲਿਸ ਦਾ ਦਾਅਵਾ 30 ਘੰਟਿਆਂ ਵਿੱਚ ਕੇਸ ਹੱਲ ਕੀਤਾ

ਤਸਵੀਰ ਸਰੋਤ, ANI
ਹਰਵਿੰਦਰ ਸਿੰਘ ਵਿਰਕ ਨੇ ਕਿਹਾ, "ਫੌਜਾ ਸਿੰਘ ਨੇ ਮੈਰਾਥਨ ਜ਼ਰੀਏ ਪੰਜਾਬ ਅਤੇ ਭਾਰਤ ਦਾ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦਾ ਦੁਨੀਆਂ ਭਰ ਵਿੱਚ ਮਾਣ ਵਧਾਇਆ। ਹੁਣ 114 ਸਾਲ ਦੀ ਉਮਰ ਵਿੱਚ ਵੀ ਰੋਜ਼ਾਨਾ ਦੌੜਨਾ ਉਨ੍ਹਾਂ ਦੀ ਜੀਵਨਸ਼ੈਲੀ ਦਾ ਅਨਿੱਖੜਵਾਂ ਹਿੱਸਾ ਸੀ।"
"14 ਜੁਲਾਈ ਨੂੰ ਇੱਕ ਸੜਕ ਹਾਦਸਾ ਹੋਇਆ। ਉਸ ਦਿਨ ਦੁਪਿਹਰ 3 ਵਜੇ ਦੇ ਕਰੀਬ ਫੌਜਾ ਸਿੰਘ ਬਿਆਸ ਪਿੰਡ ਵਿੱਚਲੇ ਆਪਣੇ ਘਰ ਤੋਂ ਸੈਰ ਕਰਨ ਵਾਸਤੇ ਬਾਹਰ ਨਿਕਲੇ ਸਨ।"
ਵਿਰਕ ਨੇ ਦੱਸਿਆ, "ਫੌਜਾ ਸਿੰਘ ਦਾ ਘਰ ਪਠਾਨਕੋਟ-ਜਲੰਧਰ ਹਾਈਵੇਅ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਹੈ। ਬਿਆਸ ਪਿੰਡ ਦੇ ਬਾਹਰਲੇ ਪਾਸੇ ਉਨ੍ਹਾਂ ਦਾ ਘਰ ਸਥਿਤ ਹੈ।"
"ਜਦੋਂ ਕਰੀਬ 3 ਵੱਜ ਕੇ 8 ਮਿੰਟ 'ਤੇ ਫੌਜਾ ਸਿੰਘ ਹਾਈਵੇਅ 'ਤੇ ਪਹੁੰਚੇ ਉੱਥੇ ਉਨ੍ਹਾਂ ਦੀ ਨਾ-ਮਾਲੂਮ ਵਾਹਨ ਨਾਲ ਟੱਕਰ ਹੋਈ। ਵਾਹਨ ਚਾਲਕ ਮੌਕੇ ਉੱਤੇ ਰੁਕਿਆ ਨਹੀਂ ਸੀ।"
"ਉੱਥੇ ਮੌਜੂਦ ਲੋਕਾਂ ਨੇ ਫੌਜਾ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ। ਪੁਲਿਸ ਜਾਣਕਾਰੀ ਮਿਲਣ ਉੱਤੇ ਫ਼ੌਰਨ ਮੌਕੇ 'ਤੇ ਤਫ਼ਤੀਸ਼ ਲਈ ਪਹੁੰਚੀ।"

ਵਿਰਕ ਨੇ ਦੱਸਿਆ, "ਮੌਕੇ ਤੋਂ ਗੱਡੀ ਦੇ ਖੱਬੇ ਪਾਸੇ ਦੇ ਕੁਝ ਪਾਰਟ ਮਿਲੇ ਜੋ ਟੱਕਰ ਤੋਂ ਬਾਅਦ ਟੁੱਟ ਕੇ ਸੜਕ ਉੱਤੇ ਡਿੱਗੇ ਸਨ। ਜਾਂਚ ਦੌਰਾਨ ਗੱਡੀ ਦੇ ਇਨ੍ਹਾਂ ਹਿੱਸਿਆਂ ਤੋਂ ਲੀਡ ਲਈ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਗੱਡੀ ਟਰੇਸ ਕੀਤੀ ਗਈ।"
"ਰਾਜਮਾਰਗ ਹੋਣ ਕਾਰਨ ਉੱਥੋਂ ਉਸ ਸਮੇਂ ਕਰੀਬ 30 ਤੋਂ 35 ਗੱਡੀਆਂ ਗੁਜ਼ਰੀਆਂ ਸਨ। ਚਸ਼ਮਦੀਦ ਦੇ ਦੱਸੇ ਮੁਤਾਬਕ ਸਾਹਮਣੇ ਆਇਆ ਕਿ ਟੱਕਰ ਮਾਰਨ ਵਾਲੀ ਗੱਡੀ ਸੰਭਾਵਿਤ ਤੌਰ 'ਤੇ ਇਨੋਵਾ ਜਾਂ ਫਾਰਚਿਊਨਰ ਸੀ।"
ਉਨ੍ਹਾਂ ਦੱਸਿਆ, "ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ਼ ਵੀ ਚੈੱਕ ਕੀਤੀ ਗਈ। ਇਸੇ ਦੌਰਾਨ ਅਜਿਹੀ ਫਾਰਚਿਊਨਰ ਗੱਡੀ ਦੀ ਸ਼ਨਾਖ਼ਤ ਹੋਈ ਜਿਸ ਦਾ ਖੱਬੇ ਪਾਸੇ ਦਾ ਹਿੱਸਾ ਟੁੱਟਿਆ ਹੋਇਆ ਸੀ ਜੋ ਮੌਕੇ ਉੱਤੇ ਮਿਲੇ ਹਿੱਸੇ ਨਾਲ ਮੇਲ ਖਾਂਦਾ ਸੀ।"
"ਇੱਕ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਹੀ ਉਸ ਗੱਡੀ ਦਾ ਨੰਬਰ ਟਰੇਸ ਕੀਤਾ ਗਿਆ। ਇਸ ਮਾਮਲੇ ਵਿੱਚ ਹਿੱਟ ਐਂਡ ਰਨ ਦਾ ਕੇਸ ਦਰਜ ਕੀਤਾ ਗਿਆ ਹੈ। ਟੱਕਰ ਮਾਰਨ ਵਾਲੇ ਨੂੰ ਫੌਜਾ ਸਿੰਘ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣੀ ਉਸਦਾ ਪਹਿਲਾ ਫ਼ਰਜ਼ ਸੀ।"
ਟੱਕਰ ਮਾਰਨ ਵਾਲੇ ਵਿਅਕਤੀ ਬਾਰੇ ਕੀ ਪਤਾ ਲੱਗਿਆ

ਤਸਵੀਰ ਸਰੋਤ, Getty Images
ਹਰਵਿੰਦਰ ਸਿੰਘ ਵਿਰਕ ਨੇ ਦੱਸਿਆ, "ਇਸ ਮਾਮਲੇ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਦਾਸੂਵਾਲ ਵਾਸੀ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਟੂਰਿਸਟ ਵੀਜ਼ਾ ਉੱਤੇ ਕੈਨੇਡਾ ਗਿਆ ਸੀ ਅਤੇ ਫ਼ਿਰ 2027 ਤੱਕ ਵਰਕ ਪਰਮਿਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ।"
"ਅੰਮ੍ਰਿਤਪਾਲ ਸਿੰਘ ਕਰੀਬ ਤਿੰਨ ਹਫ਼ਤੇ ਪਹਿਲਾਂ ਭਾਰਤ ਆਇਆ ਸੀ।"
ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਫੌਜਾ ਸਿੰਘ ਮਾਮਲੇ ਨੂੰ ਤਕਰੀਬਨ 30 ਘੰਟਿਆਂ ਵਿੱਚ ਸੁਲਝਾਉਂਦੇ ਹੋਏ, ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਾਤਾਰ ਕਰਕੇ ਗੱਡੀ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਜ਼ 26 ਸਾਲਾਂ ਦੇ ਹਨ ਅਤੇ ਉਨ੍ਹਾਂ ਖ਼ਿਲਾਫ਼ ਇਸ ਤੋਂ ਪਹਿਲਾਂ ਕੋਈ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
ਵਿਰਕ ਮੁਤਾਬਕ, "ਦਾਸੂਵਾਲ ਵਾਸੀ ਮੁਲਜ਼ਿਮ ਕੋਲ ਭਾਰਤ ਦਾ ਡਰਾਵਿੰਗ ਲਾਇਸੈਂਸ ਵੀ ਮੌਜੂਦ ਸੀ। ਪਰ ਉਹ ਤੇਜ਼ ਰਫ਼ਤਾਰ ਹੋਣ ਕਾਰਨ ਟੱਕਰ ਤੋਂ ਬਾਅਦ ਗੱਡੀ ਰੋਕਣ ਵਿੱਚ ਨਾਕਾਮਯਾਬ ਰਿਹਾ।"
ਫੌਜਾ ਸਿੰਘ ਨੇ ਕਿਵੇਂ ਇਤਿਹਾਸ ਰਚਿਆ?

ਤਸਵੀਰ ਸਰੋਤ, Getty Images
ਕੁਝ ਦਿਨ ਪਹਿਲਾਂ ਬੀਬੀਸੀ ਸਹਿਯੋਗੀ ਸੌਰਭ ਦੁੱਗਲ ਨਾਲ ਗੱਲ ਕਰਦਿਆਂ ਫੌਜਾ ਸਿੰਘ ਨੇ ਕਿਹਾ ਸੀ, "ਮੈਂ ਸੈਰ ਲਈ ਅੱਜ ਵੀ ਪਿੰਡ ਦੇ ਆਲੇ-ਦੁਆਲੇ ਗੇੜਾ ਮਾਰਦਾ ਹਾਂ ਤਾਂ ਜੋ ਮੇਰੀਆਂ ਲੱਤਾਂ ਮਜ਼ਬੂਤ ਰਹਿਣ। ਇਨਸਾਨ ਨੇ ਆਪਣਾ ਸਰੀਰ ਆਪ ਹੀ ਕਾਇਮ ਰੱਖਣਾ ਹੁੰਦਾ ਹੈ।"
ਭਾਰਤੀ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਆਪਣੇ ਸਰੀਰ ਦੀ ਮਜ਼ਬੂਤੀ ਦਾ ਕਾਰਨ ਦੱਸਦਿਆਂ ਇਹ ਦਲੀਲ ਦਿੱਤੀ ਸੀ। ਉਹ ਜਲੰਧਰ ਦੇ ਪਿੰਡ ਬਿਆਸ ਵਿੱਚ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਸਨ।
ਫੌਜਾ ਸਿੰਘ ਦੌੜ, ਚੰਗੀ ਸਿਹਤ ਅਤੇ ਅਨੁਸ਼ਾਸਨ ਵਾਲੀ ਜ਼ਿੰਦਗੀ ਜੀਣ ਦੀ ਦੁਨੀਆਂ ਪੱਧਰ 'ਤੇ ਇੱਕ ਵੱਡੀ ਮਿਸਾਲ ਸਨ।
ਉਹ ਸ਼ਾਕਾਹਾਰੀ ਸਨ ਪਰ ਅਲਸੀ ਦੀਆਂ ਪਿੰਨੀਆਂ ਆਪਣੀ ਖੁਰਾਕ ਵਿੱਚ ਜ਼ਰੂਰ ਰੱਖਦੇ ਸਨ।
ਸਾਲ 1911 ਵਿੱਚ ਜਨਮੇ ਫੌਜਾ ਸਿੰਘ ਦੋ ਵਿਸ਼ਵ ਜੰਗਾਂ ਦੇ ਗਵਾਹ ਬਣੇ ਅਤੇ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵੰਡ ਦੀ ਪੀੜ੍ਹ ਵੀ ਹੰਢਾਈ ਹੈ।
ਫੌਜਾ ਸਿੰਘ ਨੇ ਸਾਲ 2004 ਵਿੱਚ ਉਸ ਵੇਲੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਉਹ ਇੱਕ ਕੌਮਾਂਤਰੀ ਕੰਪਨੀ ਦੇ ਇਸ਼ਤਿਹਾਰ ਵਿੱਚ ਫੁੱਟਬਾਲ ਆਈਕਨ ਡੇਵਿਡ ਬੇਖਮ ਅਤੇ ਮਹਾਨ ਮੁੱਕੇਬਾਜ਼ੀ ਮੁਹੰਮਦ ਅਲੀ ਨਾਲ ਦਿਖਾਈ ਦਿੱਤੇ।
ਇਸ ਦੇ ਨਾਲ ਹੀ ਉਹ 2010 ਵਿੱਚ ਉਸੇ ਕੰਪਨੀ ਦੇ ਨਵੇਂ ਪੋਸਟਰ ਬੁਆਏ ਬਣੇ ਅਤੇ ਉਨ੍ਹਾਂ ਨੇ ਬੇਖਮ ਦੀ ਥਾਂ ਲੈ ਲਈ ਸੀ।
ਫੌਜਾ ਸਿੰਘ ਨੇ ਸਾਲ 2000 ਵਿੱਚ 'ਲੰਡਨ ਮੈਰਾਥਨ' ਵਿੱਚ ਆਪਣੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਸੀ।
89 ਸਾਲ ਦੀ ਉਮਰ ਤੋਂ ਇੱਕ ਮਹੀਨਾ ਪਹਿਲਾਂ, ਫੌਜਾ ਸਿੰਘ ਨੇ 6 ਘੰਟੇ 54 ਮਿੰਟ ਵਿੱਚ ਇਹ ਦੌੜ ਪੂਰੀ ਕੀਤੀ ਸੀ।
ਉਹ 100 ਸਾਲ ਦੀ ਉਮਰ ਤੱਕ ਮੈਰਾਥਨ ਦੌੜਦੇ ਰਹੇ ਅਤੇ ਉਨ੍ਹਾਂ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ।
ਉਨ੍ਹਾਂ ਨੇ 2011 ਟੋਰਾਂਟੋ ਵਾਟਰਫਰੰਟ ਮੈਰਾਥਨ ਵਿੱਚ 8 ਘੰਟੇ, 25 ਮਿੰਟ ਅਤੇ 17 ਸਕਿੰਟ ਵਿੱਚ ਦੌੜ ਪੂਰੀ ਕੀਤਾ ਸੀ।
2012 ਵਿੱਚ ਉਨ੍ਹਾਂ ਨੇ ਲੰਡਨ ਓਲੰਪਿਕ ਦੌਰਾਨ ਮਸ਼ਾਲ ਮੈਰਾਥਨ ਦੌੜੀ ਸੀ।
ਉਨ੍ਹਾਂ ਨੇ 2013 ਵਿੱਚ ਹਾਂਗਕਾਂਗ ਵਿੱਚ ਦੌੜੀ 10 ਕਿਲੋਮੀਟਰ ਦੀ ਦੌੜ 1 ਘੰਟਾ, 32 ਮਿੰਟ ਅਤੇ 28 ਸਕਿੰਟਾਂ ਵਿੱਚ ਪੂਰੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੈਰਥਨ ਦੌੜ ਨੂੰ ਅਲਵਿਦਾ ਕਹਿ ਦਿੱਤਾ।
ਇੰਗਲੈਂਡ ਦੀ ਰਾਣੀ ਨਾਲ ਮੁਲਾਕਾਤਾਂ

ਤਸਵੀਰ ਸਰੋਤ, Pradeep Sharma/BBC
ਫੌਜਾ ਸਿੰਘ ਨੇ ਇੰਗਲੈਂਡ ਦੀ ਰਾਣੀ ਨਾਲ ਆਪਣੀ ਇੱਕ ਫੋਟੋ ਜੱਦੀ ਘਰ ਦੀ ਕੰਧ 'ਤੇ ਲਗਾਈ ਹੋਈ ਹੈ।
ਆਪਣੀਆਂ ਅਦਭੁੱਤ ਯਾਦਾਂ ਬਾਰੇ ਦੱਸਦਿਆਂ ਉਹ ਕਹਿੰਦੇ ਸਨ, "ਮੈਂ ਰਾਣੀ (ਮਹਾਰਾਣੀ ਐਲਿਜ਼ਾਬੈਥ II) ਨੂੰ ਤਿੰਨ ਵਾਰ ਮਿਲਿਆ।"
ਰਾਣੀ ਨਾਲ ਕੰਧ 'ਤੇ ਲੱਗੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਦੱਸਿਆ ਸੀ, "ਰਾਣੀ ਨੇ ਮੈਨੂੰ ਆਪਣੇ ਮਹਿਲ-ਬਕਿੰਘਮ ਪੈਲੇਸ ਵਿੱਚ ਵੀ ਬੁਲਾਇਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












