ਫੌਜਾ ਸਿੰਘ: 114 ਸਾਲ ਦੇ ਮੈਰਾਥਨ ਦੌੜਾਕ ਦੀ ਮੌਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਲੰਡਨ 'ਚ ਟਰੈਕ 'ਤੇ ਪੱਗ ਦਾ ਕਿਵੇਂ ਜਿੱਤਿਆ ਸੀ ਅਧਿਕਾਰ

ਤਸਵੀਰ ਸਰੋਤ, Getty Images
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
ਮਸ਼ਹੂਰ ਬਜ਼ੁਰਗ ਦੌੜਾਕ 114 ਸਾਲਾ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ।
ਪਰਿਵਾਰ ਮੁਤਾਬਕ ਫੌਜਾ ਸਿੰਘ ਸੋਮਵਾਰ ਦੁਪਹਿਰ ਕਰੀਬ ਤਿੰਨ ਕੁ ਵਜੇ ਘਰੋਂ ਨਿਕਲ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦੇ ਦੂਜੇ ਪਾਸੇ ਇੱਕ ਢਾਬੇ ਵੱਲ ਨੂੰ ਜਾ ਰਹੇ ਸਨ ਤੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ।
ਉਨ੍ਹਾਂ ਨੇ ਅੱਗੇ ਦੱਸਿਆ, "ਟੱਕਰ ਵੱਜਣ ਤੋਂ ਬਾਅਦ ਫੌਜਾ ਸਿੰਘ ਸੜਕ ਉੱਤੇ ਡਿੱਗ ਗਏ। ਜਿਨ੍ਹਾਂ ਨੂੰ ਲੋਕਾਂ ਨੇ ਚੁੱਕ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮਰ੍ਹਮ ਪੱਟੀ ਕੀਤੀ ਗਈ।"
"ਕੁਝ ਦੇਰ ਬਾਅਦ ਫੌਜਾ ਸਿੰਘ ਵੱਲੋਂ ਦਿਲ ʼਚ ਘਬਰਾਹਟ ਮਹਿਸੂਸ ਹੋਣ ʼਤੇ ਜਦੋਂ ਉਨ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਮੌਤ ਹੋ ਗਈ।"
ਉਨ੍ਹਾਂ ਦੇ ਪਾਸਪੋਰਟ ਦੇ ਮੁਤਾਬਕ, ਉਨ੍ਹਾਂ ਦਾ ਜਨਮ 1 ਅਪ੍ਰੈਲ 1911 ਨੂੰ ਹੋਇਆ ਸੀ।
ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਪਛਾਣ ਕਰ ਲਈ ਗਈ ਹੈ। ਸੀਸੀਟੀਵੀ ਫੁਟੇਜ ਅਤੇ ਗੱਡੀ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਅਹਿਮ ਸੁਰਾਗ ਮਿਲਣ ਦੀ ਗੱਲ ਕਹੀ ਜਾ ਰਹੀ ਹੈ।
ਥਾਣਾ ਆਦਮਪੁਰ 'ਚ ਐੱਫਆਈਆਰ ਦਰਜ ਕਰਕੇ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮ ਦੀ ਤਲਾਸ਼ 'ਚ ਲੱਗੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਤਸਵੀਰ ਸਰੋਤ, Narendra Modi/X
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਅਕਾਉਂਟ ਐਕਸ ਉੱਤੇ ਫੌਜਾ ਸਿੰਘ ਦੀ ਮੌਤ 'ਤੇ ਸੰਵੇਦਨਾ ਪ੍ਰਗਟ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ।।
ਉਨ੍ਹਾਂ ਲਿਖਿਆ, "ਫੌਜਾ ਸਿੰਘ ਜੀ ਆਪਣੇ ਵਿਲੱਖਣ ਵਿਅਕਤੀਤਵ ਅਤੇ ਭਾਰਤ ਦੇ ਨੌਜਵਾਨਾਂ ਨੂੰ ਤੰਦਰੁਸਤੀ ਦੇ ਇੱਕ ਬਹੁਤ ਅਹਿਮ ਵਿਸ਼ੇ 'ਤੇ ਪ੍ਰੇਰਿਤ ਕਰਨ ਦੇ ਆਪਣੇ ਤਰੀਕੇ ਕਾਰਨ ਅਸਾਧਾਰਨ ਵਿਅਕਤੀਤਵ ਦੇ ਮਾਲਕ ਸਨ।"
"ਉਹ ਇੱਕ ਬੇਮਿਸਾਲ ਐਥਲੀਟ ਸੀ, ਜੋ ਬੇਹੱਦ ਦ੍ਰਿੜ ਇਰਾਦੇ ਦਾ ਮਾਲਕ ਸੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ 'ਚ ਵਸਦੇ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ।"
ਫੌਜਾ ਸਿੰਘ ਨੇ ਕਿਵੇਂ ਇਤਿਹਾਸ ਰਚਿਆ?

ਤਸਵੀਰ ਸਰੋਤ, Pradeep Sharma/BBC
ਕੁਝ ਦਿਨ ਪਹਿਲਾਂ ਬੀਬੀਸੀ ਨਾਲ ਗੱਲ ਕਰਦਿਆਂ ਫੌਜਾ ਸਿੰਘ ਨੇ ਕਿਹਾ ਸੀ, "ਮੈਂ ਸੈਰ ਲਈ ਅੱਜ ਵੀ ਪਿੰਡ ਦੇ ਆਲੇ-ਦੁਆਲੇ ਗੇੜਾ ਮਾਰਦਾ ਹਾਂ ਤਾਂ ਜੋ ਮੇਰੀਆਂ ਲੱਤਾਂ ਮਜ਼ਬੂਤ ਰਹਿਣ। ਇਨਸਾਨ ਨੇ ਆਪਣਾ ਸਰੀਰ ਆਪ ਹੀ ਕਾਇਮ ਰੱਖਣਾ ਹੁੰਦਾ ਹੈ।"
ਭਾਰਤੀ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਆਪਣੇ ਸਰੀਰ ਦੀ ਮਜ਼ਬੂਤੀ ਦਾ ਕਾਰਨ ਦੱਸਦਿਆਂ ਇਹ ਦਲੀਲ ਦਿੱਤੀ ਸੀ। ਉਹ ਜਲੰਧਰ ਦੇ ਪਿੰਡ ਬਿਆਸ ਵਿੱਚ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਸਨ।
ਫੌਜਾ ਸਿੰਘ ਦੌੜ, ਚੰਗੀ ਸਿਹਤ ਅਤੇ ਅਨੁਸ਼ਾਸਨ ਵਾਲੀ ਜ਼ਿੰਦਗੀ ਜੀਣ ਦੀ ਦੁਨੀਆਂ ਪੱਧਰ 'ਤੇ ਇੱਕ ਵੱਡੀ ਮਿਸਾਲ ਸਨ।
ਉਹ ਸ਼ਾਕਾਹਾਰੀ ਸਨ ਪਰ ਅਲਸੀ ਦੀਆਂ ਪਿੰਨੀਆਂ ਆਪਣੀ ਖੁਰਾਕ ਵਿੱਚ ਜ਼ਰੂਰ ਰੱਖਦੇ ਸਨ।
ਸਾਲ 1911 ਵਿੱਚ ਜਨਮੇ ਫੌਜਾ ਸਿੰਘ ਦੋ ਵਿਸ਼ਵ ਜੰਗਾਂ ਦੇ ਗਵਾਹ ਬਣੇ ਅਤੇ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵੰਡ ਦੀ ਪੀੜ੍ਹ ਵੀ ਹੰਢਾਈ ਹੈ।

ਤਸਵੀਰ ਸਰੋਤ, Pradeep Sharma/BBC
ਫੌਜਾ ਸਿੰਘ ਨੇ ਸਾਲ 2004 ਵਿੱਚ ਉਸ ਵੇਲੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਉਹ ਇੱਕ ਕੌਮਾਂਤਰੀ ਕੰਪਨੀ ਦੇ ਇਸ਼ਤਿਹਾਰ ਵਿੱਚ ਫੁੱਟਬਾਲ ਆਈਕਨ ਡੇਵਿਡ ਬੇਖਮ ਅਤੇ ਮਹਾਨ ਮੁੱਕੇਬਾਜ਼ੀ ਮੁਹੰਮਦ ਅਲੀ ਨਾਲ ਦਿਖਾਈ ਦਿੱਤੇ।
ਇਸ ਦੇ ਨਾਲ ਹੀ ਉਹ 2010 ਵਿੱਚ ਉਸੇ ਕੰਪਨੀ ਦੇ ਨਵੇਂ ਪੋਸਟਰ ਬੁਆਏ ਬਣੇ ਅਤੇ ਉਨ੍ਹਾਂ ਨੇ ਬੇਖਮ ਦੀ ਥਾਂ ਲੈ ਲਈ ਸੀ।
ਫੌਜਾ ਸਿੰਘ ਨੇ ਸਾਲ 2000 ਵਿੱਚ 'ਲੰਡਨ ਮੈਰਾਥਨ' ਵਿੱਚ ਆਪਣੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਸੀ।
89 ਸਾਲ ਦੀ ਉਮਰ ਤੋਂ ਇੱਕ ਮਹੀਨਾ ਪਹਿਲਾਂ, ਫੌਜਾ ਸਿੰਘ ਨੇ 6 ਘੰਟੇ 54 ਮਿੰਟ ਵਿੱਚ ਇਹ ਦੌੜ ਪੂਰੀ ਕੀਤੀ ਸੀ।
ਉਹ 100 ਸਾਲ ਦੀ ਉਮਰ ਤੱਕ ਮੈਰਾਥਨ ਦੌੜਦੇ ਰਹੇ ਅਤੇ ਉਨ੍ਹਾਂ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ।
ਉਨ੍ਹਾਂ ਨੇ 2011 ਟੋਰਾਂਟੋ ਵਾਟਰਫਰੰਟ ਮੈਰਾਥਨ ਵਿੱਚ 8 ਘੰਟੇ, 25 ਮਿੰਟ ਅਤੇ 17 ਸਕਿੰਟ ਵਿੱਚ ਦੌੜ ਪੂਰੀ ਕੀਤਾ ਸੀ।
2012 ਵਿੱਚ ਉਨ੍ਹਾਂ ਨੇ ਲੰਡਨ ਓਲੰਪਿਕ ਦੌਰਾਨ ਮਸ਼ਾਲ ਮੈਰਾਥਨ ਦੌੜੀ ਸੀ।
ਉਨ੍ਹਾਂ ਨੇ 2013 ਵਿੱਚ ਹਾਂਗਕਾਂਗ ਵਿੱਚ ਦੌੜੀ 10 ਕਿਲੋਮੀਟਰ ਦੀ ਦੌੜ 1 ਘੰਟਾ, 32 ਮਿੰਟ ਅਤੇ 28 ਸਕਿੰਟਾਂ ਵਿੱਚ ਪੂਰੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੈਰਥਨ ਦੌੜ ਨੂੰ ਅਲਵਿਦਾ ਕਹਿ ਦਿੱਤਾ।

ਇੰਗਲੈਂਡ ਦੀ ਰਾਣੀ ਨਾਲ ਮੁਲਾਕਾਤਾਂ

ਤਸਵੀਰ ਸਰੋਤ, Pradeep Sharma/BBC
ਫੌਜਾ ਸਿੰਘ ਨੇ ਇੰਗਲੈਂਡ ਦੀ ਰਾਣੀ ਨਾਲ ਆਪਣੀ ਇੱਕ ਫੋਟੋ ਜੱਦੀ ਘਰ ਦੀ ਕੰਧ 'ਤੇ ਲਗਾਈ ਹੋਈ ਹੈ।
ਆਪਣੀਆਂ ਅਦਭੁੱਤ ਯਾਦਾਂ ਬਾਰੇ ਦੱਸਦਿਆਂ ਉਹ ਕਹਿੰਦੇ ਸਨ, "ਮੈਂ ਰਾਣੀ (ਮਹਾਰਾਣੀ ਐਲਿਜ਼ਾਬੈਥ II) ਨੂੰ ਤਿੰਨ ਵਾਰ ਮਿਲਿਆ।"
ਰਾਣੀ ਨਾਲ ਕੰਧ 'ਤੇ ਲੱਗੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਦੱਸਿਆ ਸੀ, "ਰਾਣੀ ਨੇ ਮੈਨੂੰ ਆਪਣੇ ਮਹਿਲ-ਬਕਿੰਘਮ ਪੈਲੇਸ ਵਿੱਚ ਵੀ ਬੁਲਾਇਆ।"
ਪੁੱਤਰ ਨੂੰ ਮਿਲਣ ਦੀ ਤਾਂਘ

ਤਸਵੀਰ ਸਰੋਤ, Pradeep Sharma/BBC
ਇਸ ਸਮੇਂ ਉਹ ਆਪਣੇ ਸਭ ਤੋਂ ਛੋਟੇ ਪੁੱਤਰ ਹਰਵਿੰਦਰ ਸਿੰਘ ਨਾਲ ਆਪਣੇ ਪਿੰਡ ਬਿਆਸ ਵਿੱਚ ਰਹਿ ਰਹੇ ਸਨ। ਹਲਾਂਕਿ ਫੌਜਾ ਸਿੰਘ ਨੂੰ ਉਮੀਦ ਸੀ ਕਿ ਉਹ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨੂੰ ਮਿਲਣ ਲਈ ਆਖਰੀ ਵਾਰ ਲੰਡਨ ਜਾਣਗੇ।
ਉਹ ਕਹਿੰਦੇ ਸਨ, "ਮੈਂ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ 'ਤੇ ਹਾਂ, ਇਸ ਲਈ ਕੁਝ ਸਥਿਰ ਨਹੀਂ ਹੈ ਪਰ ਮੈਨੂੰ ਉਮੀਦ ਹੈ ਕਿ ਮੈਂ ਇਸ ਸਾਲ ਦੇ ਅੰਤ ਤੱਕ ਲੰਡਨ ਜਾਵਾਂਗਾ ਤਾਂ ਜੋ ਉੱਥੇ ਆਪਣੇ ਪਰਿਵਾਰ ਅਤੇ ਆਪਣੇ ਕੋਚ ਹਰਮੰਦਰ ਸਿੰਘ ਨੂੰ ਮਿਲ ਸਕਾਂ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੌਜਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੋਸ਼ਲ ਮੀਡੀਆ ਅਕਾਉਂਟ ਐਕਸ ਉੱਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, "ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ।"
"ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਵੱਡੀ ਉਮਰ ਦੇ ਦੌੜਾਕ ਫੌਜਾ ਸਿੰਘ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ 'ਚ ਜਿਉਂਦੇ ਰਹਿਣਗੇ।"
ਉਨ੍ਹਾਂ ਲਿਖਿਆ, "ਪਰਿਵਾਰ ਤੇ ਚਾਹੁੰਣ ਵਾਲਿਆਂ ਨਾਲ ਦਿਲੋਂ ਹਮਦਰਦੀ ਹੈ।"
ਪਤਨੀ ਅਤੇ ਪੁੱਤਰ ਦੀ ਮੌਤ ਦਾ ਸਦਮਾ

ਤਸਵੀਰ ਸਰੋਤ, Getty Images
ਸਾਲ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਪਤਨੀ ਗਿਆਨ ਕੌਰ ਦੀ ਮੌਤ ਤੋਂ ਬਾਅਦ, ਫੌਜਾ ਸਿੰਘ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨਾਲ ਰਹਿਣ ਲਈ ਲੰਡਨ ਚਲੇ ਗਏ ਸਨ। ਪਰ ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਜ਼ਿੰਦਗੀ ਨੇ ਇੱਕ ਹੋਰ ਦੁਖਦਾਈ ਮੋੜ ਲੈ ਲਿਆ ਜਦੋਂ ਫੌਜਾ ਦੇ ਛੋਟੇ ਪੁੱਤਰ ਕੁਲਦੀਪ ਦੀ ਇੱਕ ਹਾਦਸੇ ਵਿੱਚ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ ਸੀ।
ਇਸ ਸਦਮੇ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ। ਉਹ ਆਪਣੇ ਆਪ ਨੂੰ ਆਪਣੇ ਘਰ ਤੱਕ ਸੀਮਤ ਰੱਖਣ ਲੱਗੇ ਅਤੇ ਅਕਸਰ ਘੰਟਿਆਂ ਬੱਧੀ ਸ਼ਮਸ਼ਾਨਘਾਟ ਦੇ ਨੇੜੇ ਬੈਠੇ ਰਹਿੰਦੇ ਜਿੱਥੇ ਉਨ੍ਹਾਂ ਦੇ ਪੁੱਤਰ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।
ਫੌਜਾ ਸਿੰਘ ਦੱਸਦੇ ਸਨ, "ਪਿੰਡ ਦੇ ਲੋਕਾਂ ਨੂੰ ਮੇਰੀ ਚਿੰਤਾ ਸੀ ਅਤੇ ਡਰ ਸੀ ਕਿ ਇਹ ਸਥਿਤੀ ਮੈਨੂੰ ਅਸਥਿਰਤਾ ਵੱਲ ਲੈ ਜਾਵੇਗੀ। ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਸਲਾਹ ਦਿੱਤੀ ਕਿ ਉਹ ਮੈਨੂੰ ਇੰਗਲੈਂਡ ਵਾਪਸ ਲੈ ਜਾਣ।"
ਫੌਜਾ ਸਿੰਘ ਦੇ ਛੇ ਬੱਚੇ ਸਨ, ਜਿਨ੍ਹਾਂ ਵਿੱਚ ਤਿੰਨ ਧੀਆਂ ਅਤੇ ਤਿੰਨ ਪੁੱਤਰ ਸ਼ਾਮਿਲ ਹਨ। ਫਿਲਹਾਲ, ਉਨ੍ਹਾਂ ਦਾ ਇੱਕ ਪੁੱਤਰ ਅਤੇ ਦੋ ਧੀਆਂ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ।

ਤਸਵੀਰ ਸਰੋਤ, Pradeep Sharma/BBC
ਲੰਡਨ ਵਾਪਸੀ ਤੇ ਮੈਰਾਥਨ ਦੀ ਸ਼ੁਰੂਆਤ
ਘਰ ਵਿੱਚ ਬੈਠੇ-ਬੈਠੇ ਅੱਕ ਜਾਣ ਕਾਰਨ ਫੌਜਾ ਸਿੰਘ ਨੇ ਹੌਲੀ-ਹੌਲੀ ਜੌਗਿੰਗ ਵੱਲ ਰੁੱਖ ਕੀਤਾ ਸੀ ਅਤੇ ਇਹੋ ਇੱਕ ਸ਼ੁਰੂਆਤ ਸੀ ਜੋ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਾਲੀ ਸਾਬਤ ਹੋਈ ਸੀ।
ਲੰਡਨ ਵਿੱਚ ਇੱਕ ਵਾਰੀ ਗੁਰਦੁਆਰਾ ਸਾਹਿਬ ਜਾਣ ਸਮੇਂ ਫੌਜਾ ਸਿੰਘ ਦੀ ਮੁਲਾਕਾਤ ਵੱਡੀ ਉਮਰ ਦੇ ਕੁਝ ਬੁਜ਼ੁਰਗਾਂ ਨਾਲ ਹੋਈ ਜੋ ਦੌੜਦੇ ਸਨ। ਉਨ੍ਹਾਂ ਵਿੱਚ ਕੋਚ ਹਰਮੰਦਰ ਸਿੰਘ ਵੀ ਸੀ, ਜਿਸ ਨੇ ਫੌਜਾ ਸਿੰਘ ਨੂੰ ਦੌੜ ਦੀ ਦੁਨੀਆ ਤੋਂ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਨੇ ਦੱਸਿਆ ਸੀ, "ਜਵਾਨੀ ਵਿੱਚ ਤਾਂ ਮੈਨੂੰ 'ਮੈਰਾਥਨ' ਵਰਗਾ ਸ਼ਬਦ ਵੀ ਨਹੀਂ ਪਤਾ ਸੀ। ਮੈਂ ਕਦੇ ਸਕੂਲ ਨਹੀਂ ਗਿਆ, ਨਾ ਹੀ ਕਿਸੇ ਖੇਡ ਨਾਲ ਕੋਈ ਸਬੰਧ ਸੀ। ਮੈਂ ਤਾਂ ਇੱਕ ਕਿਸਾਨ ਸੀ ਅਤੇ ਜ਼ਿੰਦਗੀ ਦਾ ਲੰਮਾਂ ਸਮਾਂ ਖੇਤਾਂ ਵਿੱਚ ਹੀ ਗੁਜ਼ਾਰਿਆ ਸੀ। ਇੰਗਲੈਂਡ ਆ ਕੇ ਹੀ ਮੈਂ ਦੌੜ ਨਾਲ ਜੁੜਿਆ।"

ਤਸਵੀਰ ਸਰੋਤ, Pradeep Sharma/BBC
ਬੋਲਦੇ-ਬੋਲਦੇ ਉਹ ਥੋੜ੍ਹਾ ਰੁਕ ਜਾਂਦੇ ਸਨ ਅਤੇ ਆਪਣੇ ਮ੍ਰਿਤਕ ਪੁੱਤ ਨੂੰ ਯਾਦ ਕਰਦੇ ਹੋਏ ਕਹਿੰਦੇ ਸਨ, "ਜੇ ਮੇਰੀ ਹਰਮੰਦਰ ਸਿੰਘ ਨਾਲ ਮੁਲਾਕਾਤ ਨਾ ਹੁੰਦੀ, ਤਾਂ ਮੈਂ ਕਦੇ ਮੈਰਾਥਨ ਨਾ ਦੌੜਦਾ। ਅੱਜ ਲੋਕ ਮੈਨੂੰ ਮੇਰੀਆਂ ਉਪਲੱਬਧੀਆਂ ਕਰਕੇ ਮਿਲਦੇ ਹਨ।"
"ਮੈਨੂੰ ਮੈਰਾਥਨਾਂ, ਸਮਾਰੋਹਾਂ ਅਤੇ ਫੰਕਸ਼ਨਾਂ ਵਿੱਚ ਬੁਲਾਇਆ ਜਾਂਦਾ ਹੈ। ਮੈਰਾਥਨ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਵੀ ਮੈਂ ਓਹੀ ਫੌਜਾ ਸਿੰਘ ਸੀ ਪਰ ਇਸ ਦੌੜ ਨੇ ਮੇਰੀ ਜ਼ਿੰਦਗੀ ਨੂੰ ਇੱਕ ਮਕਸਦ ਦਿੱਤਾ ਅਤੇ ਮੈਨੂੰ ਦੁਨੀਆਂ ਭਰ ਵਿੱਚ ਮਾਣ-ਸਨਮਾਨ ਦਵਾਇਆ।"
ਫੌਜਾ ਸਿੰਘ ਨੇ ਦੱਸਿਆ ਸੀ, "ਉਸ ਸਮੇਂ ਲੰਡਨ ਵਿੱਚ ਮੈਂ ਅਕਸਰ ਗੁਰਦੁਆਰਾ ਸਾਹਿਬ ਜਾਂਦਾ ਸੀ ਜਿੱਥੇ ਮੇਰੀ ਖੁਰਾਕ ਦਾ ਧਿਆਨ ਰੱਖਿਆ ਜਾਂਦਾ ਸੀ। ਉੱਥੇ ਮੈਨੂੰ ਹਰ ਕੋਈ ਉਤਸ਼ਾਹਿਤ ਕਰਦਾ ਸੀ।"

ਤਸਵੀਰ ਸਰੋਤ, Pradeep Sharma/BBC
ਮੈਰਾਥਨ ਦੌਰਾਨ ਪੱਗ ਨੂੰ ਕਿਵੇਂ ਮਨਜ਼ੂਰੀ ਮਿਲੀ?
ਮੈਰਾਥਨ ਦੌੜਾਂ ਦੌਰਾਨ ਸੱਭਿਆਚਾਰਕ ਮਾਣ ਅਤੇ ਇਸ ਲਈ ਲੜਾਈ ਦੇ ਪਲ ਵੀ ਆਏ ਸਨ। ਆਪਣੀ ਪਹਿਲੀ ਮੈਰਾਥਨ ਤੋਂ ਪਹਿਲਾਂ ਫੌਜਾ ਸਿੰਘ ਨੂੰ ਕਿਹਾ ਗਿਆ ਸੀ ਕਿ ਉਹ ਦੌੜਦੇ ਸਮੇਂ ਆਪਣੀ ਪੱਗ ਨਹੀਂ ਬੰਨ੍ਹ ਸਕਦੇ।
ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਿੱਖ ਦੌੜਾਕਾਂ ਨੂੰ ਸਿਰਫ਼ ਪਟਕਾ ਬੰਨਣ ਦੀ ਇਜਾਜ਼ਤ ਹੈ ਪਰ ਪੂਰੀ ਪੱਗ ਨਹੀਂ। ਹਲਾਂਕਿ ਫੌਜਾ ਸਿੰਘ ਦ੍ਰਿੜ ਰਹੇ।
ਉਹ ਕਹਿੰਦੇ ਸਨ, "ਮੈਨੂੰ ਕਹਿੰਦੇ ਪੱਗ ਬੰਨ ਕੇ ਦੌੜਨ ਨਹੀਂ ਦੇਣ। ਬਿਲਕੁੱਲ ਨਹੀਂ ਦੌੜਨ ਦੇਣਾ....। ਮੈਂ ਕਿਹਾ ਕਿ ਭਾਵੇਂ ਮੇਰੇ ਸਿਰ ਉਪਰ ਵਾਲ ਨਹੀਂ, ਮੇਰੇ ਮੂੰਹ 'ਤੇ ਦਾੜੀ ਹੈ, ਮੈਂ ਇਸ ਦੌੜ ਤੋਂ ਕੀ ਲੈਣਾ ਹੈ? ਮੈਂ ਕਿਹਾ ਮੈਂ ਦੌੜਨਾ ਹੀ ਨਹੀਂ।"
"ਫਿਰ ਉਹ ਕਹਿੰਦੇ ਚਲੋ ਪੱਗ ਮਨਜ਼ੂਰ ਹੈ। ਇਸ ਤੋਂ ਬਾਅਦ ਢੋਲ ਵੱਜ ਗਏ ਅਤੇ ਤਸਵੀਰਾਂ ਲੱਗ ਗਈਆਂ ਕਿ ਪੱਗ ਮਨਜ਼ੂਰ ਹੋ ਗਈ। ਹੁਣ ਸੋਹਣੇ ਪੱਗਾਂ ਵਾਲੇ ਸਿੱਖ ਦੌੜਦੇ ਹਨ। ਇਸ ਵਿੱਚ ਮੇਰਾ ਕੁਝ ਨਹੀਂ, ਸਭ ਰੱਬ ਨੇ ਕੀਤਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












