ਤਲਵਾਰਾਂ ਜਾਂ ਤੋਪਾਂ ਨਾਲ ਨਹੀਂ ਸਗੋਂ ਖੂੰਖਾਰ ਕੁੱਤਿਆਂ ਦੀ ਫੌਜ ਨਾਲ ਇੱਕ ਸਾਮਰਾਜ ਨੂੰ ਜਿੱਤਣ ਦੀ ਕਹਾਣੀ

ਇੱਕ ਪੁਰਾਣਾ ਚਿੱਤਰ ਜਿਸ ਵਿੱਚ ਕੁੱਤਿਆਂ ਰਾਹੀਂ ਲੋਕਾਂ ਤ'ਏ ਅੱਤਿਆਚਾਰ ਕੀਤਾ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਚਿੱਤਰ ਪੇਰੂ ਵਿੱਚ 6 ਤੋਂ 9 ਨਵੰਬਰ ਤੱਕ ਹੋਏ ਹੇਅ ਫੈਸਟੀਵਲ ਅਰੇਕਿਪਾ 2025 ਵਿੱਚ ਪੇਸ਼ ਕੀਤਾ ਗਿਆ ਸੀ
    • ਲੇਖਕ, ਡਾਰੀਓ ਬਰੂਕਸ
    • ਰੋਲ, ਬੀਬੀਸੀ ਨਿਊਜ਼ ਮੁੰਡੋ

ਲਗਭਗ 500 ਸਾਲ ਪਹਿਲਾਂ ਸਪੈਨਿਸ਼ ਖੋਜਕਰਤਾ ਪੂਰਵ-ਹਿਸਪੈਨਿਕ ਲੋਕਾਂ ਨੂੰ ਆਪਣੇ ਅਧੀਨ ਕਰਨ ਲਈ ਯੂਰਪ ਤੋਂ ਜਿਹੜੇ ਜ਼ਿੰਦਾ ਹਥਿਆਰ ਲੈ ਕੇ ਆਏ ਸਨ, ਉਹ ਤਲਵਾਰਾਂ, ਧਨੁਸ਼ਾਂ, ਤੋਪਾਂ ਅਤੇ ਘੋੜਿਆਂ ਵਰਗੇ ਹੀ ਭਿਆਨਕ ਸਨ। ਇਹ ਜ਼ਿੰਦਾ ਹਥਿਆਰ ਸਨ: ਕੁੱਤੇ।

ਸਪੈਨਿਸ਼ ਰਾਜਸ਼ਾਹੀ ਵੱਲੋਂ ਕੀਤੇ ਗਏ ਕਈ ਹਮਲਿਆਂ ਦੌਰਾਨ ਉਹ ਆਪਣੇ ਨਾਲ ਕੁੱਤਿਆਂ ਦੀਆਂ ਤਾਕਤਵਰ ਨਸਲਾਂ ਲੈ ਕੇ ਆਏ ਸਨ, ਜਿਵੇਂ ਕਿ ਸਪੈਨਿਸ਼ ਆਲਾਨੋ ਜਾਂ ਜਰਮਨ ਬੁਲੇਨਬਾਇਸਰ, ਜਿਨ੍ਹਾਂ ਨੂੰ ਫੌਜੀ ਮਿਸ਼ਨਾਂ ਜਾਂ ਬਸਤੀਆਂ ਦੀ ਰੱਖਿਆ ਅਤੇ ਪਹਿਰੇਦਾਰੀ ਕਰਨ ਦੇ ਨਾਲ-ਨਾਲ ਮੂਲ ਨਿਵਾਸੀਆਂ 'ਤੇ ਹਮਲਾ ਕਰਨ ਲਈ ਵੀ ਵਰਤਿਆ ਜਾਂਦਾ ਸੀ।

ਇੰਕਾ ਸਾਮਰਾਜ ਵਿਰੁੱਧ ਹਮਲਿਆਂ ਦੌਰਾਨ ਸਥਾਨਕ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਕੁੱਤਿਆਂ ਦੀ ਵਰਤੋਂ ਇੱਕ ਰਣਨੀਤੀ ਵਜੋਂ ਕੀਤੀ ਜਾਂਦੀ ਸੀ। ਸਥਾਨਕ ਲੋਕ ਇਸ ਜਾਨਵਰ ਦੀਆਂ ਛੋਟੇ ਆਕਾਰ ਵਾਲੀਆਂ, ਦੋਸਤਾਨਾ ਪ੍ਰਜਾਤੀਆਂ ਤੋਂ ਤਾਂ ਜਾਣੂ ਸਨ, ਪਰ ਅਜਿਹੇ ਹਮਲਾਵਰ ਕੁੱਤਿਆਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਸਨ।

ਲੇਖਕ ਅਤੇ ਪੇਰੂ ਦੀ ਫੌਜ ਦੇ ਕਰਨਲ ਕਾਰਲੋਸ ਐਨਰਿਕੇ ਫਰੇਇਰ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਕੁੱਤਾ ਇੱਕ ਹਥਿਆਰ ਵਜੋਂ ਕੰਮ ਕਰਦਾ ਹੈ। ਕੁੱਤੇ ਦੇ ਆਕਾਰ, ਉਸਦੀ ਸਿਖਲਾਈ ਅਤੇ ਕੁੱਤੇ ਨੂੰ ਸੰਭਾਲਣ ਵਾਲੇ ਨਾਲ ਸਬੰਧਤ ਇੱਕ ਪੂਰੀ ਪ੍ਰਕਿਰਿਆ ਸੀ।''

ਉਨ੍ਹਾਂ ਦਾ ਨਵੀਨਤਮ ਨਾਵਲ, "ਲੈਂਡ ਆਫ਼ ਡੌਗਜ਼", ਪੇਰੂ 'ਤੇ ਸਪੈਨਿਸ਼ ਜਿੱਤ ਦੌਰਾਨ ਸਪੈਨਿਸ਼ ਟੁਕੜੀ ਲਈ ਕੁੱਤਿਆਂ ਦੇ ਇੱਕ ਸਮੂਹ ਨੂੰ ਸਿਖਲਾਈ ਅਤੇ ਸੁਰੱਖਿਆ ਦੇਣ ਦੇ ਇੰਚਾਰਜ ਇੱਕ "ਡੌਗ ਹੈਂਡਲਰ" ਦੀ ਕਹਾਣੀ ਦੱਸਦਾ ਹੈ।

ਸਦੀਆਂ ਤੋਂ ਕਿਉਂ ਮਹੱਤਵਪੂਰਨ ਰਹੇ ਹਨ ਕੁੱਤੇ?

ਇੱਕ ਪੁਰਾਣਾ ਚਿੱਤਰ ਜਿਸ ਵਿੱਚ ਕੁੱਤਿਆਂ ਰਾਹੀਂ ਲੋਕਾਂ ਤ'ਏ ਅੱਤਿਆਚਾਰ ਕੀਤਾ ਜਾ ਰਿਹਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਚਿੱਤਰਕਾਰਾਂ ਨੇ ਆਪਣੀ ਕਲਾ ਰਾਹੀਂ ਉਸ ਸਮੇਂ ਕੀਤੇ ਜਾਂਦੇ ਅੱਤਿਆਚਾਰ ਨੂੰ ਦਰਸਾਇਆ ਹੈ

ਸਪੈਨਿਸ਼ ਫੌਜ ਵਿੱਚ ਕੁੱਤਿਆਂ ਦੇ ਇਸਤੇਮਾਲ ਬਾਰੇ ਬਹੁਤ ਘੱਟ ਸਾਹਿਤ ਉਪਲਬੱਧ ਹੈ, ਅਤੇ ਉਨ੍ਹਾਂ ਦੇ ਕੁਝ ਚਿੱਤਰ ਹੀ ਉਸ ਸਮੇਂ ਉਸ ਸਮੇਂ ਦੀ ਕਲਾ/ਚਿੱਤਰਾਂ ਵਿੱਚ ਮਿਲਦੇ ਹਨ।

ਫਰੇਇਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਵਿਸ਼ੇ ਵਿੱਚ ਉਸ ਸਮੇਂ ਦਿਲਚਸਪੀ ਜਗੀ, ਜਦੋਂ ਉਹ ਉੱਤਰ-ਪੱਛਮੀ ਪੇਰੂ ਦੇ ਟੁੰਬੇਸ ਸ਼ਹਿਰ ਦੀ ਯਾਤਰਾ 'ਤੇ ਗਏ ਸਨ। ਉੱਥੇ ਉਨ੍ਹਾਂ ਨੇ ਉਸ ਸਮੇਂ ਦੇ ਕਈ ਇਤਿਹਾਸਕਾਰਾਂ, ਜਿਵੇਂ ਕਿ ਹੁਆਨ ਡੇ ਬਾਟਾਨਖੋਸ ਜਾਂ ਬਾਰਤੋਲੋਮੇ ਡੇ ਲਾਸ ਕਾਸਾਸ ਦੀਆਂ ਲਿਖਤਾਂ ਦੀ ਸਮੀਖਿਆ ਕੀਤੀ। ਦੋਵੇਂ ਸਪੇਨ ਦੇ ਇਤਿਹਾਸਕਾਰ ਸਨ, ਜਿਨ੍ਹਾਂ ਨੇ ਸਵਦੇਸ਼ੀ ਸੱਭਿਆਚਾਰ ਦਾ ਡੂੰਘਾਈ ਨਾਲ ਅਧਿਐਨ ਕੀਤਾ ਅਤੇ ਜਿੱਤ ਦੌਰਾਨ ਕੀਤੇ ਗਏ ਅੱਤਿਆਚਾਰਾਂ ਦਾ ਵੀ ਵਰਣਨ ਕੀਤਾ।

ਲੇਖਕ ਨੋਟ ਕਰਦੇ ਹਨ, "ਉਹ ਇਨ੍ਹਾਂ ਕੁੱਤਿਆਂ ਬਾਰੇ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਨਾਮ ਦਿੰਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਉਹ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਵੀ ਕਰਦੇ ਹਨ। ਇਹ ਕੁੱਤੇ ਟੁੰਬੇਸ ਪਹੁੰਚੇ ਅਤੇ ਉਨ੍ਹਾਂ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਖ਼ਤਮ ਕਰ ਦਿੱਤਾ।"

ਇਤਿਹਾਸਕ ਘਟਨਾਵਾਂ 'ਤੇ ਅਧਾਰਤ ਫਰੇਇਰ ਦੇ ਕਾਲਪਨਿਕ ਨਾਵਲ ਵਿੱਚ ਤੋਮਾਸ ਡੇ ਹੇਰੇਸ ਨਾਮ ਦਾ ਇੱਕ ਪ੍ਰਭਾਵਸ਼ਾਲੀ ਡੌਗ ਹੈਂਡਲਰ (ਕੁੱਤਾ ਸੰਭਾਲਣ ਵਾਲਾ) ਹੈ ਜੋ ਬਾਲਦੋਮੇਰੋ ਨਾਮ ਦੇ ਕੁੱਤੇ ਦਾ ਹੈਂਡਲਰ ਹੈ। ਹਾਲਾਂਕਿ, ਅਮਰੀਕਾ ਦੀਆਂ ਸ਼ੁਰੂਆਤੀ ਖੋਜਾਂ ਦੌਰਾਨ ਵੀ ਫੌਜੀ ਆਗੂ ਵਾਸਕੋ ਨੁਨਿਏਜ਼ ਡੇ ਬਾਲਬੋਆ ਕੋਲ ਕੁੱਤੇ ਸਨ, ਜਿਨ੍ਹਾਂ ਵਿੱਚ ਲਿਓਨਸੀਕੋ ਨਾਮ ਦਾ ਇੱਕ ਸਪੈਨਿਸ਼ ਮਸਟੀਨ ਵੀ ਸ਼ਾਮਲ ਸੀ।

ਲਿਓਨਸੀਕੋ ਅਸਲ ਵਿੱਚ ਬੇਸੇਰੀਲੋ (ਬਿਸੇਰੀਜੋ) ਨਾਮਕ ਕੁੱਤੇ ਦੀ ਇੱਕ ਹੋਰ ਨਸਲ ਦੇ ਕਤੂਰਿਆਂ ਵਿੱਚੋਂ ਇੱਕ ਸੀ, ਜਿਸਨੂੰ ਫੌਜੀ ਆਗੂ ਹੂਆਨ ਪੋਸੇ ਡੀ ਲਿਓਨ, ਹਿਸਪੈਨੀਓਲਾ ਟਾਪੂ ਅਤੇ ਮੌਜੂਦਾ ਪੋਰਟੋ ਰੀਕੋ ਦੀ ਆਪਣੀ ਮੁਹਿੰਮ ਦੌਰਾਨ ਆਪਣੇ ਨਾਲ ਲੈ ਗਏ ਸਨ।

ਫਰੇਇਰ ਨੋਟ ਕਰਦੇ ਹਨ, "ਵਾਸਕੋ ਨੁਨਿਏਜ਼ ਡੇ ਬਾਲਬੋਆ ਨੂੰ ਆਪਣੇ ਕੁੱਤੇ ਬੇਸੇਰੀਲੋ ਨਾਲ ਬਹੁਤ ਪਿਆਰ ਸੀ।"

ਨਾਵਲ ਲਈ ਖੋਜ ਦੌਰਾਨ ਪ੍ਰਾਪਤ ਜਾਣਕਾਰੀ ਬਾਰੇ ਗੱਲ ਕਰਦੇ ਹੋਏ ਫਰੇਇਰ ਕਹਿੰਦੇ ਹਨ, "ਅਸਲ ਜ਼ਿੰਦਗੀ ਵਿੱਚ ਇੱਕ ਘਟਨਾ ਵਾਪਰੀ ਜਦੋਂ ਵਾਸਕੋ ਨੁਨਿਏਜ਼ ਪਹਿਲੀ ਵਾਰ ਪ੍ਰਸ਼ਾਂਤ ਮਹਾਸਾਗਰ ਦੇਖਣ ਗਏ। ਉਨ੍ਹਾਂ ਨੇ ਉਸ ਸਮੁੰਦਰ ਨੂੰ ਦੇਖਣ ਦਾ ਅਧਿਕਾਰ ਆਪਣੇ ਲਈ ਰਾਖਵਾਂ ਰੱਖਿਆ, ਉਹ ਵੀ ਆਪਣੇ ਕੁੱਤਿਆਂ ਨਾਲ। ਉਨ੍ਹਾਂ ਦੇ ਸਾਰੇ ਅਧਿਕਾਰੀ ਅਤੇ ਫੌਜਾਂ ਪਿੱਛੇ ਰਹਿ ਗਈਆਂ।"

ਫਰੇਇਰ ਕਹਿੰਦੇ ਹਨ ਕਿ "ਇਸ ਗੱਲ ਨੇ ਮੈਨੂੰ ਕੁੱਤੇ ਅਤੇ ਕੁੱਤੇ ਸੰਭਾਲਣ ਵਾਲੇ ਵਿਚਕਾਰ ਨੇੜਲੇ ਸਬੰਧ ਦਾ ਅਹਿਸਾਸ ਕਰਵਾਇਆ।''

16ਵੀਂ ਸਦੀ ਦੇ ਪਹਿਲੇ ਅੱਧ ਵਿੱਚ ਮੂਲ ਅਮਰੀਕੀ ਖੇਤਰਾਂ ਦੀ ਖੋਜ ਅਤੇ ਬਸਤੀਵਾਦ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੁੱਤੇ ਬਹੁਤ ਮਹੱਤਵ ਰੱਖਦੇ ਸਨ।

ਯੁੱਧ ਅਤੇ ਸਜ਼ਾ ਦਾ ਹਥਿਆਰ ਕਿਵੇਂ ਬਣੇ ਕੁੱਤੇ?

ਵਾਸਕੋ ਨੁਨਿਏਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਵਾਸਕੋ ਨੁਨਿਏਜ਼ ਪਹਿਲੀ ਵਾਰ ਪ੍ਰਸ਼ਾਂਤ ਮਹਾਸਾਗਰ ਦੇਖਣ ਗਏ ਤਾਂ ਉਨ੍ਹਾਂ ਨੇ ਉਸ ਸਮੁੰਦਰ ਨੂੰ ਦੇਖਣ ਦਾ ਅਧਿਕਾਰ ਆਪਣੇ ਲਈ ਰਾਖਵਾਂ ਰੱਖਿਆ, ਉਹ ਵੀ ਆਪਣੇ ਕੁੱਤਿਆਂ ਨਾਲ

ਐਮਾਜ਼ਾਨ ਖੇਤਰ ਦੀ ਆਪਣੀ ਖੋਜ ਦੌਰਾਨ, ਸਪੈਨਿਸ਼ ਖੋਜੀ ਆਪਣੇ ਨਾਲ 2,000 ਕੁੱਤੇ ਲੈ ਗਏ ਸਨ। ਫ੍ਰਾਂਸਿਸਕੋ ਪਜ਼ਾਰਾ ਉਨ੍ਹਾਂ ਵਕਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਉਸ ਮੁਹਿੰਮ ਦੀ ਅਗਵਾਈ ਕੀਤੀ, ਜਿਸਨੇ ਅੰਤ ਵਿੱਚ ਇੰਕਾ ਸਾਮਰਾਜ ਨੂੰ ਜਿੱਤ ਲਿਆ। ਇਸ ਦੌਰਾਨ, ਜਿਨ੍ਹਾਂ ਥਾਵਾਂ ਤੋਂ ਉਹ ਸ਼ੁਰੂ ਵਿੱਚ ਲੰਘੇ ਉਨ੍ਹਾਂ ਵਿੱਚੋਂ ਇੱਕ ਟੁੰਬੇਸ ਵੀ ਸੀ।

ਫਰੇਇਰ ਨੇ ਕਿਹਾ, "ਪ੍ਰਚਲਿਤ ਵਿਸ਼ਵਾਸ ਦੇ ਉਲਟ, ਉਨ੍ਹਾਂ ਕੋਲ ਘੋੜੇ ਇੰਨੇ ਜ਼ਿਆਦਾ ਨਹੀਂ ਸਨ। ਨਾਲ ਹੀ ਬੰਦੂਕਾਂ ਅਤੇ ਪਿਸਤੌਲ ਵਰਗੇ ਹਥਿਆਰ ਵੀ ਅੱਜ ਦੇ ਮੁਕਾਬਲੇ ਬਹੁਤ ਘੱਟ ਉਪਲੱਬਧ ਸਨ। ਜਿੱਥੇ ਬੰਦੂਕਾਂ, ਤਲਵਾਰਾਂ ਜਾਂ ਘੋੜੇ ਨਹੀਂ ਜਾ ਸਕਦੇ ਸਨ, ਉੱਥੇ ਕੁੱਤੇ ਜਾ ਸਕਦੇ ਸਨ।"

ਕੁੱਤਿਆਂ ਦੇ ਟ੍ਰੇਨਰਾਂ ਨੇ ਉਨ੍ਹਾਂ ਨੂੰ ਸਥਾਨਕ ਆਬਾਦੀ 'ਤੇ ਖੁੱਲ੍ਹੇ ਛੱਡ ਦਿੱਤਾ। ਸਥਾਨਕ ਅਬਾਦੀ ਯੂਰਪ ਤੋਂ ਦਰਾਮਦ ਕੀਤੀਆਂ ਗਈਆਂ ਇੰਨੀਆਂ ਵੱਡੀਆਂ ਅਤੇ ਹਮਲਾਵਰ ਸਿਖਲਾਈ ਪ੍ਰਾਪਤ ਕੁੱਤਿਆਂ ਦੀਆਂ ਨਸਲਾਂ ਬਾਰੇ ਕੁਝ ਨਹੀਂ ਜਾਣਦੀ ਸੀ।

ਫਰੇਇਰ ਕਹਿੰਦੇ ਹਨ, "ਸਪੈਨਿਸ਼ਾਂ ਦੇ ਇਹ ਕੁੱਤੇ ਵੱਡੇ ਸਨ। ਇੱਕ ਮਾਸਾਹਾਰੀ ਜਾਨਵਰ ਆਕਾਰ ਵਿੱਚ ਵੱਡਾ ਹੁੰਦਾ ਜਾਂਦਾ ਹੈ ਅਤੇ ਇਸ ਨਸਲ ਦੇ ਕੁੱਤਿਆਂ ਨੂੰ ਵੀ ਇਸੇ ਤਰ੍ਹਾਂ ਪਾਲਿਆ ਗਿਆ ਸੀ। ਇਸ ਲਈ, ਸਥਾਨਕ ਲੋਕਾਂ ਨੇ ਜੋ ਦੇਖਿਆ ਉਹ ਕੁੱਤੇ ਨਹੀਂ, ਸਗੋਂ ਸ਼ੇਰ ਸਨ।"

ਇਹ ਵੀ ਪੜ੍ਹੋ-

ਇਹ ਕੁੱਤੇ ਜੰਗ ਦੇ ਮੈਦਾਨ ਵਿੱਚ ਕਿਵੇਂ ਬਚੇ ਰਹਿੰਦੇ ਸਨ?

ਫੌਜਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਮਾਜ਼ਾਨ ਖੇਤਰ ਦੀ ਆਪਣੀ ਖੋਜ ਦੌਰਾਨ, ਸਪੈਨਿਸ਼ ਖੋਜੀ ਆਪਣੇ ਨਾਲ 2,000 ਕੁੱਤੇ ਲੈ ਗਏ ਸਨ

ਵੱਡੀ ਗਿਣਤੀ ਵਿੱਚ ਕੁੱਤਿਆਂ ਦੀ ਵਰਤੋਂ ਸਿਰਫ ਇੰਕਾ ਸਾਮਰਾਜ ਤੱਕ ਸੀਮਿਤ ਨਹੀਂ ਸੀ, ਸਗੋਂ ਕੈਰੇਬੀਅਨ, ਮੱਧ ਅਮਰੀਕਾ ਅਤੇ ਮੇਸੋਅਮੇਰਿਕਾ ਦੇ ਕਈ ਖੇਤਰਾਂ ਵਿੱਚ ਕੀਤੀ ਜਾਂਦੀ ਸੀ।

ਕੁੱਤਿਆਂ ਦੀ ਵਰਤੋਂ ਕਬਾਇਲੀ ਲੋਕਾਂ ਦੇ ਵਿਰੋਧ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਕੀਤੀ ਜਾਂਦੀ ਸੀ।

ਨੈਸ਼ਨਲ ਆਟੋਨੋਮਸ ਯੂਨੀਵਰਸਿਟੀ ਆਫ਼ ਮੈਕਸੀਕੋ ਦੁਆਰਾ ਪ੍ਰਕਾਸ਼ਿਤ "ਦਿ ਮੈਗਨੀਫਿਸੈਂਟ ਲਾਰਡ ਅਲੋਂਸੋ ਲੋਪੇਜ਼, ਮੇਅਰ ਆਫ਼ ਸੈਂਟਾ ਮਾਰੀਆ ਡੇ ਲਾ ਵਿਕਟੋਰੀਆ ਐਂਡ ਇੰਡੀਅਨ ਡੌਗ ਕਿਲਰ" ਕਿਤਾਬ ਦੇ ਅਨੁਸਾਰ, "16ਵੀਂ ਸਦੀ ਦੇ ਮੱਧ ਵਿੱਚ, ਕੋਅਟਲ ਡੇ ਅਮੀਤਾਨ ਨੂੰ ਮੂਰਤੀ ਪੂਜਾ, ਧੂਪ-ਬੱਤੀ ਜਲਾਉਣ, ਸ਼ੈਤਾਨ ਨੂੰ ਬੁਲਾਉਣ, ਈਸਾਈ ਸਿਧਾਂਤਾਂ ਨੂੰ ਨਾ ਮੰਨਣ, ਚਰਚ ਦੀ ਸਫਾਈ ਨੂੰ ਨਜ਼ਰਅੰਦਾਜ਼ ਕਰਨ ਅਤੇ ਆਪਣੇ ਸ਼ਹਿਰ ਦੇ ਮੂਲ ਨਿਵਾਸੀਆਂ ਨੂੰ ਧਾਰਮਿਕ ਸੇਵਾਵਾਂ ਵਿੱਚ ਸ਼ਾਮਲ ਨਾ ਹੋਣ ਦਾ ਆਦੇਸ਼ ਦੇਣ ਕਾਰਨ ਕੁੱਤਿਆਂ ਦੁਆਰਾ ਮਾਰਨ ਅਤੇ ਸਾੜਨ ਦੀ ਸਜ਼ਾ ਸੁਣਾਈ ਗਈ ਸੀ।''

ਇਤਿਹਾਸਕਾਰ ਮਿਗੈਲ ਲਿਓਨ ਪੋਰਟਿਲਾ ਨੇ ਆਪਣੀ ਕਿਤਾਬ "ਦਿ ਡੈਸਟੀਨੀ ਆਫ਼ ਦ ਵਰਡ" ਵਿੱਚ ਮੌਜੂਦਾ ਮੈਕਸੀਕੋ ਦੇ ਕਬਾਇਲੀ ਲੋਕਾਂ ਦੀਆਂ ਕਹਾਣੀਆਂ ਇਕੱਠੀਆਂ ਕੀਤੀਆਂ ਹਨ।

ਇੱਕ ਪੁਰਾਣ ਚਿੱਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੱਡੀ ਗਿਣਤੀ ਵਿੱਚ ਕੁੱਤਿਆਂ ਦੀ ਵਰਤੋਂ ਸਿਰਫ ਇੰਕਾ ਸਾਮਰਾਜ ਤੱਕ ਸੀਮਿਤ ਨਹੀਂ ਸੀ, ਸਗੋਂ ਕੈਰੇਬੀਅਨ, ਮੱਧ ਅਮਰੀਕਾ ਅਤੇ ਮੇਸੋਅਮੇਰਿਕਾ ਦੇ ਕਈ ਖੇਤਰਾਂ ਵਿੱਚ ਕੀਤੀ ਜਾਂਦੀ ਸੀ

ਨਾਓਆਟਲਾ ਭਾਸ਼ਾ ਵਿੱਚ ਇੱਕ ਕਹਾਣੀ ਵਿੱਚ ਉਨ੍ਹਾਂ ਕੁੱਤਿਆਂ ਦਾ ਵਰਣਨ ਕੁਝ ਇਸ ਤਰ੍ਹਾਂ ਹੈ - "ਅਤੇ ਉਨ੍ਹਾਂ ਦੇ ਕੁੱਤੇ ਬਹੁਤ ਵੱਡੇ ਆਕਾਰ ਦੇ ਹਨ: ਉਨ੍ਹਾਂ ਦੇ ਕੰਨ ਮੁੜੇ ਹੋਏ ਹਨ, ਉਨ੍ਹਾਂ ਦੇ ਵੱਡੇ ਜਬਾੜੇ ਫੜਫੜਾਉਂਦੇ ਰਹਿੰਦੇ ਹਨ, ਉਨ੍ਹਾਂ ਦੀਆਂ ਅੱਖਾਂ ਵਿੱਚ ਅੱਗ ਬਲਦੀ ਹੈ, ਅੰਗਿਆਰਾਂ ਵਾਂਗ ਅੱਗ, ਅੱਖਾਂ ਪੀਲੀਆਂ ਹਨ, ਉਨ੍ਹਾਂ ਦੇ ਢਿੱਡ ਪਤਲੇ ਹਨ, ਬਿਨਾਂ ਵਾਧੂ ਚਰਬੀ ਦੇ, ਉਹ ਸ਼ਾਂਤ ਕੁੱਤੇ ਨਹੀਂ ਹਨ, ਉਹ ਤੇਜ਼ੀ ਨਾਲ ਸਾਹ ਲੈਂਦੇ ਹੋਏ ਦੌੜਦੇ ਹਨ, ਉਨ੍ਹਾਂ ਦੀਆਂ ਜੀਭਾਂ ਬਾਹਰ ਲਟਕੀਆਂ ਰਹਿੰਦੀਆਂ ਹਨ, ਉਨ੍ਹਾਂ ਦੇ ਸਰੀਰ 'ਤੇ ਜੈਗੁਆਰ ਵਾਂਗ ਧੱਬੇ ਹਨ, ਉਨ੍ਹਾਂ ਦੇ ਸਰੀਰ 'ਤੇ ਵੱਖ-ਵੱਖ ਰੰਗਾਂ ਦੇ ਧੱਬੇ ਹਨ।"

ਫਰੇਇਰ ਨੇ "ਕਹਾਣੀ 'ਤੇ ਕੰਟਰੋਲ ਰੱਖਣ" ਲਈ "ਲੈਂਡ ਆਫ ਡੌਗਜ਼" ਦੀ ਕਹਾਣੀ ਨੂੰ ਪੇਰੂ ਵਿੱਚ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਪ੍ਰਾਚੀਨ ਸਮੇਂ ਦੀਆਂ ਕਠੋਰ ਕਹਾਣੀਆਂ 'ਚ ਨਰਮਾਈ ਦੇਣੀ ਜ਼ਰੂਰੀ ਹੈ।

ਲੇਖਕ ਫਰੇਇਰ ਕਰਦੇ ਹਨ, "ਲਿਖਤ ਵਿੱਚ ਹਿੰਸਾ ਦੀ ਵਰਤੋਂ ਦਾ ਵਰਨਣ ਹੈ, ਪਰ ਇੰਨਾ ਜ਼ਿਆਦਾ ਨਹੀਂ ਕਿ ਲੋਕ ਕਿਤਾਬ ਨੂੰ ਬੰਦ ਹੀ ਕਰ ਦੇਣ ਅਤੇ ਕਹਿਣ, 'ਕਿੰਨਾ ਘਿਣਾਉਣਾ ਹੈ'। ਇਸ ਲਈ ਕੁਝ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਸੀ।"

ਕੁੱਤਿਆਂ ਦਾ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨਾਲ ਕੀ ਹੋਇਆ?

ਕਿਤਾਬ

ਤਸਵੀਰ ਸਰੋਤ, Alfaguara

ਤਸਵੀਰ ਕੈਪਸ਼ਨ, ਲੇਖਕ ਮੁਤਾਬਕ ਕੁੱਤਿਆਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਰਾਣੀ ਨੇ ਹੁਕਮ ਜਾਰੀ ਕੀਤੇ ਸਨ

ਲੋਕਾਂ ਅਤੇ ਇਲਾਕਿਆਂ 'ਤੇ ਦਬਦਬਾ ਬਣਾਉਣ ਤੋਂ ਬਾਅਦ ਉਹ ਕੁੱਤੇ ਬੇਕਾਰ ਹੋ ਗਏ ਅਤੇ ਸਮੇਂ ਦੇ ਨਾਲ ਸਪੈਨਿਸ਼ਾਂ ਲਈ ਇੱਕ ਸਿਰਦਰਦ ਬਣ ਗਏ।

ਸਪੈਨਿਸ਼ਾਂ ਨੂੰ ਕਾਮਿਆਂ ਦੀ ਵੀ ਲੋੜ ਸੀ ਅਤੇ ਗੁਲਾਮਾਂ ਦੀ ਵੀ, ਇਸ ਲਈ ਮੂਲ ਆਬਾਦੀ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਸੀ। ਅਜਿਹੀ ਸਥਿਤੀ ਵਿੱਚ, ਕੁੱਤਿਆਂ ਦੀ ਮੌਜੂਦਗੀ ਅਤੇ ਉਨ੍ਹਾਂ ਦਾ ਹਮਲਾ ਇੱਕ ਸਮੱਸਿਆ ਬਣਨ ਲੱਗੀ।

ਫਰੇਇਰ ਕਹਿੰਦੇ ਹਨ ਕਿ ਸਪੈਨਿਸ਼ ਰਾਜਸ਼ਾਹੀ ਦੁਆਰਾ ਅਮਰੀਕਾ ਦੇ ਵੱਖ-ਵੱਖ ਕਮਾਂਡਰਾਂ ਨੂੰ ਪੱਤਰ ਭੇਜੇ ਗਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਹੋਰ ਸਮੱਸਿਆਵਾਂ ਪੈਦਾ ਨਾ ਹੋਣ ਇਸ ਲਈ ਕੁੱਤਿਆਂ ਤੋਂ ਛੁਟਕਾਰਾ ਪਾਇਆ ਜਾਵੇ।

ਲੇਖਕ ਦੇ ਅਨੁਸਾਰ, "ਉਨ੍ਹਾਂ ਨੇ ਦੇਖਿਆ ਕਿ ਜੇਕਰ ਕੁੱਤਿਆਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ, ਤਾਂ ਉਹ ਝੁੰਡ ਬਣਾ ਲੈਂਦੇ ਹਨ, ਜੋ ਅੰਤ ਵਿੱਚ ਸਪੈਨਿਸ਼ ਅਤੇ ਮੂਲ ਨਿਵਾਸੀਆਂ ਦੋਵਾਂ ਨੂੰ ਪਰੇਸ਼ਾਨ ਕਰਨਗੇ। ਅਤੇ ਇਸ ਲਈ, ਕੁੱਤਿਆਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਰਾਣੀ ਨੇ ਹੁਕਮ ਜਾਰੀ ਕੀਤੇ।''

ਹਾਲਾਂਕਿ, ਇਨ੍ਹਾਂ ਸਾਲਾਂ ਦੌਰਾਨ, ਕੁੱਤਿਆਂ ਨੂੰ ਸੰਭਾਲਣ ਵਾਲਿਆਂ ਅਤੇ ਉਨ੍ਹਾਂ ਦੇ ਕੁੱਤਿਆਂ ਵਿਚਕਾਰ ਇੱਕ ਵਿਸ਼ੇਸ਼ ਲਗਾਅ ਹੋ ਗਿਆ ਸੀ, ਜੋ ਕਿ "ਲੈਂਡ ਆਫ ਡੌਗਜ਼" ਦੀ ਕਹਾਣੀ ਵਿੱਚ ਵੀ ਸਪਸ਼ਟ ਹੁੰਦਾ ਹੈ।

ਫਰੇਇਰ ਕਹਿੰਦੇ ਹਨ, "ਕੁੱਤੇ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਸਿਪਾਹੀਆਂ ਵਿਚਕਾਰ ਇੱਕ ਗਹਿਰਾ ਸਬੰਧ ਸੀ।''

ਨਤੀਜੇ ਵਜੋਂ, ਕੁਝ ਟ੍ਰੇਨਰਾਂ ਲਈ ਸ਼ਾਹੀ ਫ਼ਰਮਾਨ ਦੇ ਬਾਵਜੂਦ ਆਪਣੇ ਪਿਆਰੇ ਕੁੱਤਿਆਂ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਸੀ।

ਜਿਵੇਂ-ਜਿਵੇਂ ਸਪੈਨਿਸ਼ ਰਾਜ ਕਬਾਇਲੀ ਇਲਾਕਿਆਂ ਵਿੱਚ ਹੋਰ ਮਜ਼ਬੂਤੀ ਨਾਲ ਸਥਾਪਿਤ ਹੁੰਦਾ ਗਿਆ, ਕੁੱਤਿਆਂ ਦੀ ਹਥਿਆਰਾਂ ਵਜੋਂ ਵਰਤੋਂ ਹੌਲੀ-ਹੌਲੀ ਬੰਦ ਹੋ ਗਈ ਅਤੇ ਮੂਲ ਨਿਵਾਸੀਆਂ ਨੂੰ ਆਪਣੇ ਅਧੀਨ ਕਰਨ ਦੀ ਰਣਨੀਤੀ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਮੂਲ ਨਿਵਾਸੀਆਂ ਦੇ ਮਨਾਂ ਤੋਂ ਅਲੋਪ ਹੋਣ ਲੱਗੀ।

ਉਨ੍ਹਾਂ ਦੀ ਭੂਮਿਕਾ ਹੌਲੀ-ਹੌਲੀ ਸੁਰੱਖਿਆ ਅਤੇ ਸਾਥ ਤੱਕ ਸੀਮਤ ਹੋ ਗਈ। ਪਰ ਬੇਸੇਰੀਲੋ ਜਾਂ ਲਿਓਨਸਿਕੋ ਵਰਗੇ ਮਸ਼ਹੂਰ ਕੁੱਤਿਆਂ ਦੀ ਯਾਦ ਹਮੇਸ਼ਾ ਬਣੀ ਰਹੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)