ਕੀ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਉਸ ਤੋਂ ਬਾਅਦ ਕੀ ਹੋਇਆ? – ਵਿਵੇਚਨਾ

ਤਸਵੀਰ ਸਰੋਤ, RAJASTHAN TOURISM
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
15ਵੀਂ ਸਦੀ 'ਚ ਉੱਤਰ ਭਾਰਤ 'ਚ ਮੇਵਾੜ ਇੱਕ ਸ਼ਕਤੀਸ਼ਾਲੀ ਰਾਜ ਵਜੋਂ ਉਭਰ ਕੇ ਸਾਹਮਣੇ ਆਇਆ ਸੀ।
ਮੇਵਾੜ ਦੀ ਨੀਂਹ ਬੱਪਾ ਰਾਵਲ ਨੇ ਰੱਖੀ ਸੀ, ਜੋ ਕਿ ਗੁਜਰਾਤ ਤੋਂ ਆ ਕੇ ਰਾਜਸਥਾਨ ਦੇ ਦੱਖਣ-ਪੱਛਮੀ ਇਲਾਕੇ 'ਚ ਵਸ ਗਏ ਸਨ।
ਆਪਣੇ ਭਰਾਵਾਂ ਨਾਲ ਸੱਤਾ ਸੰਘਰਸ਼ ਤੋਂ ਬਾਅਦ, 1508 'ਚ ਰਾਣਾ ਸਾਂਗਾ ਮੇਵਾੜ ਦੀ ਗੱਦੀ 'ਤੇ ਬੈਠੇ ਸਨ।
ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ। ਰਾਣਾ ਸਾਂਗਾ ਨੇ ਮੇਵਾੜ ਦੇ ਤਖ਼ਤ 'ਤੇ ਬੈਠਦਿਆਂ ਹੀ ਆਪਣੀ ਜਿੱਤ ਮੁਹਿੰਮ ਦਾ ਆਗਾਜ਼ ਕੀਤਾ। ਸਭ ਤੋਂ ਪਹਿਲਾਂ ਆਬੂ ਅਤੇ ਬੂੰਦੀ ਨੇ ਸੰਧੀ ਦਾ ਰਾਹ ਅਪਣਾਇਆ।
ਆਮੇਰ ਦੀ ਫੌਜ ਨੇ ਜਦੋਂ ਮੇਵਾੜ 'ਤੇ ਹਮਲਾ ਕੀਤਾ ਤਾਂ ਰਾਣਾ ਸਾਂਗਾ ਨੇ ਆਮੇਰ ਦੇ ਰਾਜਾ ਮਾਧੋ ਸਿੰਘ ਨੂੰ ਬੰਦੀ ਬਣਾ ਲਿਆ।
ਸਤੀਸ਼ ਚੰਦਰ ਆਪਣੀ ਕਿਤਾਬ 'ਹਿਸਟਰੀ ਆਫ਼ ਮਿਡਈਵਲ ਇੰਡੀਆ' 'ਚ ਲਿਖਦੇ ਹਨ ਕਿ 1517 'ਚ ਹੋਈ ਲੜਾਈ 'ਚ ਰਾਣਾ ਸਾਂਗਾ ਨੇ ਮਾਲਵਾ ਦੇ ਸ਼ਾਸਕ ਮਹਿਮੂਦ ਦੂਜੇ ਨੂੰ ਬੰਦੀ ਬਣਾ ਲਿਆ ਸੀ ਅਤੇ ਉਹ ਉਸ ਨੂੰ ਚਿਤੌੜ ਲੈ ਆਏ ਸਨ।
ਉਸੇ ਸਾਲ ਇਬਰਾਹਿਮ ਲੋਦੀ ਨੇ ਮੇਵਾੜ 'ਤੇ ਹਮਲਾ ਕੀਤਾ, ਪਰ ਉਸ ਨੂੰ ਖਤੌਲੀ ਵਿਖੇ ਰਾਣਾ ਸਾਂਗਾ ਦੇ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ।

ਸਤੀਸ਼ ਚੰਦਰ ਲਿਖਦੇ ਹਨ, "ਇਸ ਜੰਗ 'ਚ ਇੱਕ ਤੀਰ ਰਾਣਾ ਸਾਂਗਾ ਦੀ ਖੱਬੀ ਬਾਂਹ ਦੇ ਕਵਚ 'ਚ ਆ ਵੱਜਿਆ। ਰਾਣਾ ਦੀ ਜਾਨ ਬਚਾਉਣ ਦੀ ਖ਼ਾਤਰ ਵੈਦ ਨੇ ਉਸ ਹੱਥ ਨੂੰ ਕੱਟ ਦਿੱਤਾ ਕਿਉਂਕਿ ਪੂਰੇ ਸਰੀਰ 'ਚ ਜ਼ਹਿਰ ਫੈਲਣ ਦਾ ਖ਼ਤਰਾ ਹੋ ਗਿਆ ਸੀ।''
''ਉਨ੍ਹਾਂ ਦੀ ਸਿਹਤਯਾਬੀ ਨੂੰ ਬਹੁਤ ਦਿਨ ਲੱਗ ਗਏ ਸਨ। ਹੁਣ ਉਨ੍ਹਾਂ ਦਾ ਸਿਰਫ ਇੱਕ ਹੱਥ ਹੀ ਰਹਿ ਗਿਆ ਸੀ, ਪਰ ਫਿਰ ਵੀ ਰਾਣਾ ਸਾਂਗਾ ਨੇ ਹਿੰਮਤ ਨਾ ਹਾਰੀ ਅਤੇ ਇੱਕ ਹੱਥ ਨਾਲ ਹੀ ਨਿਯਮਿਤ ਤਲਵਾਰਬਾਜ਼ੀ ਦਾ ਅਭਿਆਸ ਕੀਤਾ।"
ਇਹ ਉਹੀ ਸਮਾਂ ਸੀ ਜਦੋਂ ਫ਼ਰਗਨਾ ਘਾਟੀ 'ਚ ਪੈਦਾ ਹੋਏ ਬਾਬਰ ਨੇ ਭਾਰਤ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ।
ਬਾਬਰ ਕੋਲ ਪਹੁੰਚੇ ਦੂਤ

ਤਸਵੀਰ ਸਰੋਤ, ORIENT BLACKSWAN
1526 'ਚ ਪਾਣੀਪਤ ਦੀ ਫੈਸਲਾਕੁੰਨ ਜੰਗ ਤੋਂ ਕੁਝ ਮਹੀਨੇ ਪਹਿਲਾਂ, ਦਿੱਲੀ ਦੇ ਸ਼ਾਸਕ ਇਬਰਾਹਿਮ ਲੋਦੀ ਦੇ ਦਰਬਾਰ ਦੇ ਕੁਝ ਲੋਕ, ਉਨ੍ਹਾਂ ਦੇ ਪੁੱਤਰ ਦਿਲਾਵਰ ਖਾਨ ਦੀ ਅਗਵਾਈ 'ਚ ਬਾਬਰ ਨੂੰ ਮਿਲਣ ਲਈ ਪਹੁੰਚੇ ਸਨ। ਉਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਉਹ ਭਾਰਤ ਆ ਕੇ ਲੋਧੀ ਨੂੰ ਸੱਤਾ ਤੋਂ ਹਟਾ ਦੇਣ।
ਉਨ੍ਹਾਂ ਦਾ ਕਹਿਣਾ ਸੀ ਕਿ ਇਬਰਾਹਿਮ ਲੋਦੀ ਇੱਕ ਤਾਨਾਸ਼ਾਹ ਸ਼ਾਸਕ ਹੈ ਅਤੇ ਆਪਣੇ ਦਰਬਾਰੀਆਂ ਦਾ ਸਮਰਥਨ ਗੁਆ ਚੁੱਕਿਆ ਹੈ।
ਬਾਬਰ ਨੇ ਆਪਣੀ ਸਵੈਜੀਵਨੀ 'ਬਾਬਰਨਾਮਾ' 'ਚ ਲਿਖਿਆ ਹੈ, "ਜਦੋਂ ਅਸੀਂ ਕਾਬੁਲ 'ਚ ਸੀ, ਉਸ ਸਮੇਂ ਮੇਵਾੜ ਦੇ ਰਾਜਾ ਰਾਣਾ ਸਾਂਗਾ ਦਾ ਇੱਕ ਦੂਤ ਵੀ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਮੇਰੇ ਕੋਲ ਆਇਆ ਸੀ। ਉਨ੍ਹਾਂ ਨੇ ਆਪਣੀ ਯੋਜਨਾ ਦੱਸੀ ਸੀ ਕਿ ਉਹ ਆਗਰਾ ਵਾਲੇ ਪਾਸੇ ਤੋਂ ਇਬਰਾਹਿਮ ਲੋਦੀ 'ਤੇ ਹਮਲਾ ਕਰਨਗੇ। ਮੈਂ ਦਿੱਲੀ ਅਤੇ ਆਗਰਾ ਦੋਵਾਂ 'ਤੇ ਕਬਜ਼ਾ ਕੀਤਾ, ਪਰ ਉਸ ਨੇ ਮੈਨੂੰ ਆਪਣੀ ਸ਼ਕਲ ਤੱਕ ਨਹੀਂ ਵਿਖਾਈ।"

ਤਸਵੀਰ ਸਰੋਤ, RUPA
ਬਾਬਰ ਦੇ ਚਚੇਰੇ ਭਰਾ ਮਿਰਜ਼ਾ ਹੈਦਰ ਨੇ ਵੀ ਆਪਣੀ ਕਿਤਾਬ 'ਤਾਰੀਖ਼-ਏ-ਰਸ਼ੀਦੀ' 'ਚ ਜ਼ਿਕਰ ਕੀਤਾ ਹੈ ਕਿ ਰਾਣਾ ਸਾਂਗਾ ਦਾ ਇੱਕ ਦੂਤ ਬਾਬਰ ਨੂੰ ਮਿਲਣ ਲਈ ਆਇਆ ਸੀ। ਬਾਬਰ ਦੇ ਇੱਕ ਹੋਰ ਜੀਵਨੀਕਾਰ ਸਟੇਨਲੀ ਲੇਨ ਪੂਲ ਨੇ ਵੀ ਆਪਣੀ ਕਿਤਾਬ 'ਬਾਬਰ' 'ਚ ਰਾਣਾ ਸਾਂਗਾ ਦੇ ਇੱਕ ਦੂਤ ਦੀ ਬਾਬਰ ਨਾਲ ਮੁਲਾਕਾਤ ਦਾ ਜ਼ਿਕਰ ਕੀਤਾ ਹੈ।
ਇੱਕ ਹੋਰ ਇਤਿਹਾਸਕਾਰ ਰਘੂਬੀਰ ਸਿੰਘ ਆਪਣੀ ਕਿਤਾਬ 'ਪੂਰਵ ਆਧੁਨਿਕ ਰਾਜਸਥਾਨ' 'ਚ ਲਿਖਦੇ ਹਨ, "ਰਾਜਪੂਤਾਂ ਦੀ ਰਾਜਨੀਤਿਕ ਦੂਰਦਰਸ਼ਤਾ ਦੀ ਘਾਟ ਨੇ ਰਾਣਾ ਸਾਂਗਾ ਨੂੰ ਬਾਬਰ ਨੂੰ ਕਾਬੁਲ ਤੋਂ ਸੱਦਾ ਦੇਣ ਲਈ ਪ੍ਰੇਰਿਤ ਕੀਤਾ ਸੀ ਤਾਂ ਜੋ ਕਮਜ਼ੋਰ ਇਬਰਾਹਿਮ ਲੋਦੀ ਨੂੰ ਲੜਾਈ 'ਚ ਹਰਾਇਆ ਜਾ ਸਕੇ।''
''ਇਸੇ ਤਰ੍ਹਾਂ ਰਾਣਾ ਸਾਂਗਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਇੱਕ ਰਾਣੀ ਕਰਮਵਤੀ ਨੂੰ ਆਪਣੇ ਵੱਡੇ ਪੁੱਤਰ ਵਿਕਰਮਜੀਤ ਨੂੰ ਮੇਵਾੜ ਦੇ ਤਖ਼ਤ 'ਤੇ ਬੈਠਾਉਣ 'ਚ ਮਦਦ ਕਰਨ ਲਈ ਆਪਣੇ ਦੁਸ਼ਮਣ ਬਾਬਰ ਤੋਂ ਮਦਦ ਮੰਗਣ 'ਚ ਕੋਈ ਝਿਜਕ ਨਹੀਂ ਹੋਈ ਸੀ।"
ਪਾਣੀਪਤ 'ਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਦਿੱਤੀ ਮਾਤ

ਤਸਵੀਰ ਸਰੋਤ, GN SHARMA
ਜੀਐਨ ਸ਼ਰਮਾ ਆਪਣੀ ਕਿਤਾਬ 'ਮੇਵਾੜ ਐਂਡ ਦ ਮੁਗਲ ਐਮਪਰਰਜ਼' 'ਚ ਸਵਾਲ ਕਰਦੇ ਹਨ, "ਉਸ ਸਮੇਂ ਬਾਬਰ ਦੀ ਇੱਕ ਯੋਧਾ ਵਜੋਂ ਕੋਈ ਪ੍ਰਸਿੱਧੀ ਨਹੀਂ ਸੀ। ਇਸ ਤੋਂ ਇਲਾਵਾ ਰਾਜਪੂਤਾਂ ਦੇ ਦੂਜੇ ਰਾਜਿਆਂ ਦੇ ਕੋਲ ਦੂਤ ਭੇਜਣ ਦੀ ਪਹਿਲਾਂ ਕੋਈ ਪਰੰਪਰਾ ਨਹੀਂ ਸੀ।"
ਫਿਰ ਵੀ ਜਦੋਂ 1526 'ਚ ਪਾਣੀਪਤ ਦੀ ਲੜਾਈ 'ਚ ਬਾਬਰ ਇਬਰਾਹਿਮ ਲੋਦੀ ਦੇ ਖਿਲਾਫ ਖੜ੍ਹਾ ਹੋਇਆ ਤਾਂ ਰਾਣਾ ਸਾਂਗਾ ਦਾ ਉੱਥੇ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਸੀ। ਇਸ ਗੱਲ ਦੀ ਪੁਸ਼ਟੀ ਖੁਦ ਬਾਬਰ ਨੇ 'ਬਾਬਰਨਾਮਾ' 'ਚ ਕੀਤੀ ਹੈ।
ਬਾਬਰ ਨੇ ਬਾਬਰਨਾਮਾ 'ਚ ਲਿਖਿਆ ਹੈ ਕਿ "ਪਾਣੀਪਤ ਦੀ ਲੜਾਈ 'ਚ ਸਾਡੀ ਫੌਜ ਦੀ ਗਿਣਤੀ ਸਿਰਫ਼ 30 ਹਜ਼ਾਰ ਸੀ ਜਦਕਿ ਇਬਰਾਹਿਮ ਲੋਦੀ ਦੇ ਸੈਨਿਕਾਂ ਦੀ ਗਿਣਤੀ ਇੱਕ ਲੱਖ ਸੀ।"
ਸਤੀਸ਼ ਚੰਦਰ ਲਿਖਦੇ ਹਨ, "ਬਾਬਰ ਦੀ ਚਲਾਕ ਅਗਵਾਈ ਦੇ ਮੱਦੇਨਜ਼ਰ ਉਨ੍ਹਾਂ ਦੀ ਫੌਜ ਨੇ ਆਪਣੇ ਤੋਂ ਤਿੰਨ ਗੁਣਾ ਵੱਡੀ ਫੌਜ ਨੂੰ ਟੱਕਰ ਦਿੱਤੀ। ਤੋਪਖਾਨੇ ਦੀ ਵਰਤੋਂ ਨਾਲ ਇਬਰਾਹਿਮ ਲੋਦੀ ਦੇ ਹੱਥੀ ਭੜਕ ਗਏ ਅਤੇ ਆਪਣੀ ਹੀ ਫੌਜ ਨੂੰ ਮਿੱਧਦੇ ਹੋਏ ਪਿੱਛੇ ਵੱਲ ਨੂੰ ਭੱਜਣ ਲੱਗੇ। ਬਾਬਰ ਦੀ ਅਨੁਸ਼ਾਸਿਤ ਅਤੇ ਯੋਜਨਾਬੱਧ ਫੌਜ ਨੇ ਇਬਰਾਹਿਮ ਲੋਦੀ ਨੂੰ ਮਾਤ ਦਿੱਤੀ ਅਤੇ ਦਿੱਲੀ 'ਤੇ ਬਾਬਰ ਦਾ ਕਬਜ਼ਾ ਹੋ ਗਿਆ।"
'ਰਾਣਾ ਸਾਂਗਾ ਨੇ ਬਾਬਰ ਦਾ ਸਾਥ ਨਹੀਂ ਦਿੱਤਾ'

ਤਸਵੀਰ ਸਰੋਤ, Getty Images
1519 'ਚ ਗਗਰੌਨ ਦੀ ਲੜਾਈ 'ਚ ਮਾਲਵਾ ਦੇ ਮਹਿਮੂਦ ਖਿਲਜੀ ਦੂਜੇ ਨੂੰ ਹਰਾਉਣ ਤੋਂ ਬਾਅਦ ਤੋਂ ਹੀ ਰਾਣਾ ਸਾਂਗਾ ਦਾ ਪ੍ਰਭਾਵ ਆਗਰਾ ਦੇ ਨਜ਼ਦੀਕ ਵਹਿੰਦੀ ਪਲਿਆਖਾਰ ਨਦੀ ਤੱਕ ਫੈਲ ਗਿਆ ਸੀ। ਗੰਗਾ ਘਾਟੀ 'ਚ ਬਾਬਰ ਦਾ ਸਾਮਰਾਜ ਹੁਣ ਸਾਂਗਾ ਲਈ ਖ਼ਤਰਾ ਬਣ ਗਿਆ ਸੀ।
ਸਤੀਸ਼ ਚੰਦਰ ਲਿਖਦੇ ਹਨ, "ਬਾਬਰ ਨੇ ਰਾਣਾ ਸਾਂਗਾ 'ਤੇ ਸਮਝੌਤੇ ਦੀ ਉਲੰਘਣਾ ਦਾ ਇਲਜ਼ਾਮ ਆਇਦ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਣਾ ਸਾਂਗਾ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦੇ ਕੇ ਇਬਰਾਹਿਮ ਲੋਦੀ ਖਿਲਾਫ ਲੜਾਈ 'ਚ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਸੀ, ਪਰ ਬਾਬਰ ਅਤੇ ਇਬਰਾਹਿਮ ਲੋਦੀ ਦਰਮਿਆਨ ਜੰਗ ਦੌਰਾਨ ਸਾਂਗਾ ਬਾਬਰ ਦੀ ਮਦਦ ਲਈ ਸਾਹਮਣੇ ਨਹੀਂ ਆਏ।''
''ਸਾਨੂੰ ਨਹੀਂ ਪਤਾ ਕਿ ਸਾਂਗਾ ਨੇ ਬਾਬਰ ਨਾਲ ਕੀ ਵਾਅਦਾ ਕੀਤਾ ਸੀ। ਸ਼ਾਇਦ ਉਨ੍ਹਾਂ ਨੇ ਇਹ ਸੋਚਿਆ ਹੋਵੇਗਾ ਕਿ ਤੈਮੂਰ ਦੀ ਤਰ੍ਹਾਂ ਬਾਬਰ ਵੀ ਲੁੱਟ-ਖਸੁੱਟ ਕਰਕੇ ਵਾਪਸ ਚਲਿਆ ਜਾਵੇਗਾ। ਪਰ ਬਾਬਰ ਦੇ ਭਾਰਤ 'ਚ ਹੀ ਰਹਿਣ ਦੇ ਫੈਸਲੇ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ।"

ਤਸਵੀਰ ਸਰੋਤ, BLACKWELL
ਬਾਬਰ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਭਾਰਤ ਜਿੱਤ ਮੁਹਿੰਮ 'ਚ ਸਭ ਤੋਂ ਵੱਡੀ ਰੁਕਾਵਟ ਮੇਵਾੜ ਦਾ ਰਾਣਾ ਹੀ ਬਣੇਗਾ।
ਹਰਬੰਸ ਮੁਖੀਆ ਆਪਣੀ ਕਿਤਾਬ 'ਦ ਮੁਗਲਜ਼ ਆਫ਼ ਇੰਡੀਆ' 'ਚ ਲਿਖਦੇ ਹਨ, "ਉਹ ਰਾਣਾ ਸਾਂਗਾ ਦੀ ਕੂਟਨੀਤੀ ਤੋਂ ਵੀ ਜਾਣੂ ਹੋ ਗਿਆ ਸੀ, ਜਦੋਂ ਲਾਹੌਰ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਹਮਲੇ ਦੌਰਾਨ ਮਦਦ ਦਾ ਭਰੋਸਾ ਤਾਂ ਦਿੱਤਾ, ਪਰ ਅਸਲ 'ਚ ਮਦਦ ਨਾ ਦਿੱਤੀ।''
''ਬਾਬਰ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹੋ ਗਏ ਸਨ ਕਿ ਰਾਣਾ ਸਾਂਗਾ ਅਫ਼ਗਾਨ ਸ਼ਕਤੀ ਨੂੰ ਕਮਜ਼ੋਰ ਕਰਕੇ ਦਿੱਲੀ ਦੇ ਤਖ਼ਤ 'ਤੇ ਬੈਠਣ ਦੀ ਇੱਛਾ ਰੱਖਦਾ ਸੀ, ਪਰ ਦਿੱਲੀ 'ਤੇ ਹਕੂਮਤ ਕਰਨ ਦੀ ਇੱਛਾ ਤਾਂ ਖੁਦ ਬਾਬਰ ਰੱਖਦਾ ਸੀ।"
ਸ਼ਰਾਬ 'ਤੇ ਪਾਬੰਦੀ
ਪਾਣੀਪਤ 'ਚ 1526 'ਚ ਬਾਬਰ ਦੀ ਜਿੱਤ ਤੋਂ ਬਾਅਦ ਹੀ ਰਾਣਾ ਸਾਂਗਾ ਨਾਲ ਉਨ੍ਹਾਂ ਦੀ ਲੜਾਈ ਦੀ ਭੂਮਿਕਾ ਬਣਨ ਲੱਗ ਪਈ ਸੀ।
ਇਸ ਸਮੇਂ ਦੌਰਾਨ ਕਈ ਅਫ਼ਗਾਨ, ਜਿਨ੍ਹਾਂ 'ਚ ਇਬਰਾਹਿਮ ਲੋਦੀ ਦਾ ਛੋਟਾ ਭਰਾ ਮਹਿਮੂਦ ਲੋਦੀ ਵੀ ਸ਼ਾਮਲ ਸੀ, ਸਿਰਫ ਇਸ ਉਮੀਦ ਨਾਲ ਰਾਣਾ ਸਾਂਗਾ ਦੇ ਸਮਰਥਨ 'ਚ ਨਿਤਰ ਗਏ ਕਿ ਜੇਕਰ ਬਾਬਰ ਦੇ ਵਿਰੁੱਧ ਸਾਂਗਾ ਦੀ ਜਿੱਤ ਹੁੰਦੀ ਹੈ ਤਾਂ ਸ਼ਾਇਦ ਦਿੱਲੀ ਦਾ ਤਖ਼ਤ ਮਹਿਮੂਦ ਲੋਦੀ ਨੂੰ ਵਾਪਸ ਮਿਲ ਜਾਵੇ।
ਮੇਵਾਤ ਦੇ ਰਾਜਾ ਇਲਾਸਨ ਖਾਨ ਨੇ ਵੀ ਰਾਣਾ ਸਾਂਗਾ ਦੀ ਹਿਮਾਇਤ ਕਰਨ ਦਾ ਫੈਸਲਾ ਕੀਤਾ। ਲਗਭਗ ਹਰ ਰਾਜਪੂਤ ਰਾਜਾ ਨੇ ਰਾਣਾ ਸਾਂਗਾ ਦੇ ਸਮਰਥਨ 'ਚ ਆਪਣੀ ਫੌਜ ਭੇਜੀ।
ਵਿਲੀਅਮ ਰਸ਼ਬਰੂਕ ਆਪਣੀ ਕਿਤਾਬ 'ਬਾਬਰ: ਐਨ ਐਂਪਾਇਰ ਬਿਲਡਰ ਆਫ਼ ਦ ਸਿਕਸਟੀਂਥ ਸੈਂਚੁਰੀ' 'ਚ ਲਿਖਦੇ ਹਨ, "ਰਾਣਾ ਸਾਂਗਾ ਦੀ ਪ੍ਰਸਿੱਧੀ ਅਤੇ ਹਾਲ ਹੀ 'ਚ ਬਿਆਨਾ 'ਚ ਮਿਲੀ ਜਿੱਤ ਨੇ ਬਾਬਰ ਦੇ ਸੈਨਿਕਾਂ ਦੀ ਹਿੰਮਤ ਚਕਨਾਚੂਰ ਕਰ ਦਿੱਤੀ ਸੀ। ਇਸ ਲਈ ਆਪਣੇ ਸੈਨਿਕਾਂ ਦਾ ਉਤਸ਼ਾਹ ਵਧਾਉਣ ਲਈ ਬਾਬਰ ਨੇ ਐਲਾਨ ਕੀਤਾ ਕਿ ਰਾਣਾ ਸਾਂਗਾ ਦੇ ਖਿਲਾਫ ਲੜਾਈ 'ਜਿਹਾਦ' ਹੋਵੇਗੀ।''
''ਲੜਾਈ ਤਂ ਪਹਿਲਾਂ ਬਾਬਰ ਨੇ ਸ਼ਰਾਬ ਦੇ ਸਾਰੇ ਭਾਂਡੇ ਤੋੜ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿੰਨਾ ਕੱਟੜ ਮੁਸਲਮਾਨ ਹੈ। ਉਨ੍ਹਾਂ ਨੇ ਆਪਣੇ ਪੂਰੇ ਰਾਜ 'ਚ ਸ਼ਰਾਬ ਦੀ ਵਿਕਰੀ ਅਤੇ ਖਰੀਦ 'ਤੇ ਪਾਬੰਦੀ ਲਗਾ ਦਿੱਤੀ। ਆਪਣੇ ਸੈਨਿਕਾਂ ਦਾ ਮਨੋਬਲ ਵਧਾਉਣ ਲਈ ਬਾਬਰ ਨੇ ਇੱਕ ਜੋਸ਼ੀਲਾ ਭਾਸ਼ਣ ਵੀ ਦਿੱਤਾ।"
ਰਾਣਾ ਸਾਂਗਾ ਦੇ ਨਾਲ 1527 ਦੀ ਇਤਿਹਾਸਕ ਜੰਗ ਦੇ ਲਈ ਬਾਬਰ ਨੇ ਆਗਰਾ ਤੋਂ 40 ਕਿਲੋਮੀਟਰ ਦੂਰ ਖਾਨਵਾ ਨੂੰ ਚੁਣਿਆ।

ਤਸਵੀਰ ਸਰੋਤ, BLACKWELL
ਰਾਣਾ ਸਾਂਗਾ ਨੇ ਹਾਥੀ 'ਤੇ ਸਵਾਰ ਹੋ ਕੇ ਕੀਤੀ ਅਗਵਾਈ
ਖਾਨਵਾ ਦੀ ਲੜਾਈ 'ਚ ਦੋਵੇਂ ਧਿਰਾਂ ਨੇ ਆਪਣੀ ਪੂਰੀ ਵਾਹ ਲਗਾਈ। ਬਾਬਰ ਨੇ ਬਾਬਰਨਾਮਾ 'ਚ ਲਿਖਿਆ , "ਰਾਣਾ ਸਾਂਗਾ ਦੀ ਫੌਜ 'ਚ 2 ਲੱਖ ਤੋਂ ਵੱਧ ਸੈਨਿਕ ਸਨ, ਜਿਨ੍ਹਾਂ 'ਚ 10 ਹਜ਼ਾਰ ਅਫ਼ਗਾਨ ਅਤੇ ਇੰਨੇ ਹੀ ਹਸਨ ਖਾਨ ਮੇਵਾਤੀ ਵੱਲੋਂ ਭੇਜੇ ਗਏ ਸੈਨਿਕ ਸਨ।"
ਹੋ ਸਕਦਾ ਹੈ ਕਿ ਬਾਬਰ ਨੇ ਇਹ ਅੰਕੜਾ ਵਧਾ ਚੜ੍ਹਾ ਕੇ ਦੱਸਿਆ ਹੋਵੇ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਬਾਬਰ ਦੇ ਸੈਨਿਕਾਂ ਦੀ ਗਿਣਤੀ ਰਾਣਾ ਸਾਂਗਾ ਦੇ ਸੈਨਿਕਾਂ ਦੇ ਮੁਕਾਬਲੇ ਬਹੁਤ ਘੱਟ ਸੀ।
ਜੀਐਨ ਸ਼ਰਮਾ ਲਿਖਦੇ ਹਨ, "ਬਾਬਰ ਦੀ ਫੌਜ 'ਚ ਸਭ ਤੋਂ ਅੱਗੇ ਸਾਮਾਨ ਨਾਲ ਲੱਦੀਆਂ ਗੱਡੀਆਂ ਦੀ ਇੱਕ ਕਤਾਰ ਸੀ। ਇਹ ਸਾਰੀਆਂ ਗੱਡੀਆਂ ਲੋਹੇ ਦੀਆਂ ਜ਼ੰਜੀਰਾਂ ਨਾਲ ਆਪਸ 'ਚ ਬੰਨ੍ਹੀਆਂ ਹੋਈਆਂ ਸਨ ਅਤੇ ਬਾਬਰ ਦੀ ਫੌਜ ਲਈ ਇਕ ਤਰ੍ਹਾਂ ਨਾਲ ਸੁਰੱਖਿਆ ਕਵਚ ਵਜੋਂ ਕੰਮ ਕਰ ਰਹੀਆਂ ਸਨ।''
''ਇਨ੍ਹਾਂ ਗੱਡੀਆਂ ਦੇ ਪਿੱਛੇ ਤੋਪਾਂ ਸਨ, ਜੋ ਕਿ ਦੁਸ਼ਮਣ ਨੂੰ ਨਜ਼ਰ ਨਹੀਂ ਆਉਂਦੀਆਂ ਸਨ। ਇਨ੍ਹਾਂ ਤੋਂ ਪਿੱਛੇ ਘੋੜਸਵਾਰਾਂ ਦੀਆਂ ਕਤਾਰਾਂ ਸਨ। ਕਤਾਰਾਂ ਵਿਚਾਲੇ ਖਾਲੀ ਥਾਂ ਸੀ, ਜਿੱਥੋਂ ਲੜਾਕੂ ਅੱਗੇ-ਪਿੱਛੇ ਜਾ ਸਕਦੇ ਸਨ। ਇਸ ਤੋਂ ਬਾਅਦ ਹਥਿਆਰਬੰਦ ਪੈਦਲ ਸਿਪਾਹੀ ਸਨ।''

ਤਸਵੀਰ ਸਰੋਤ, Getty Images
''ਫੌਜ ਦੇ ਸੱਜੇ-ਖੱਬੇ ਅਜਿਹੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਸਨ ਤਾਂ ਜੋ ਉਸ ਪਾਸਿਓਂ ਕਿਸੇ ਤਰ੍ਹਾਂ ਦਾ ਹਮਲਾ ਨਾ ਹੋ ਸਕੇ। ਇੱਕ ਪਾਸੇ ਖਾਈ ਪੁੱਟੀ ਗਈ ਸੀ ਅਤੇ ਦੂਜੇ ਪਾਸੇ ਵੱਡੇ-ਵੱਡੇ ਰੁੱਖ ਵੱਢ ਕੇ ਸੁੱਟੇ ਗਏ ਸਨ।"
ਸ਼ਰਮਾ ਅੱਗੇ ਲਿਖਦੇ ਹਨ, "ਦੂਜੇ ਪਾਸੇ ਰਾਣਾ ਸਾਂਗਾ ਦੀ ਫੌਜ ਪੰਜ ਹਿੱਸਿਆ 'ਚ ਵੰਡੀ ਹੋਈ ਸੀ। ਸਭ ਤੋਂ ਅੱਗੇ ਹਾਥੀਆਂ ਦੀ ਇੱਕ ਕਤਾਰ ਸੀ। ਹਾਥੀ ਦਾ ਹਾਉਦਾ ਇੱਕ ਤਰ੍ਹਾਂ ਨਾਲ ਸੁਰੱਖਿਆ ਢਾਲ ਦਾ ਕੰਮ ਕਰਦਾ ਸੀ। ਹਾਥੀਆਂ ਦੀਆਂ ਸੁੰਡਾਂ 'ਤੇ ਵੀ ਲੋਹੇ ਦੇ ਕਵਚ ਪਹਿਨਾਏ ਗਏ ਸੀ। ਹਾਥੀਆਂ ਤੋਂ ਪਿੱਛੇ ਨੇਜ਼ਿਆਂ ਦੇ ਨਾਲ ਘੋੜਸਵਾਰ ਅੱਗੇ ਵੱਧ ਰਹੇ ਸਨ।''
''ਰਾਣਾ ਸਾਂਗਾ ਖੁਦ ਪਹਿਲੀ ਕਤਾਰ 'ਚ ਇੱਕ ਹਾਥੀ 'ਤੇ ਸਵਾਰ ਸਨ ਅਤੇ ਉਨ੍ਹਾਂ ਦੇ ਸੈਨਿਕ ਦੂਰ ਤੋਂ ਉਨ੍ਹਾਂ ਨੂੰ ਵੇਖ ਸਕਦੇ ਸਨ। ਜਦਕਿ ਬਾਬਰ ਆਪਣੀ ਫੌਜ ਦੀ ਪਹਿਲੀ ਕਤਾਰ ਦੀ ਬਜਾਏ ਵਿਚਕਾਰ ਸੀ।"

ਰਾਣਾ ਸਾਂਗਾ ਹੋਏ ਜ਼ਖਮੀ
ਰਾਣਾ ਸਾਂਗਾ ਨੇ ਬਾਬਰ ਦੇ ਸੱਜੇ ਪਾਸੇ ਤੋਂ ਹਮਲਾ ਕੀਤਾ ਅਤੇ ਲਗਭਗ ਉਸ ਦੀ ਸੁਰੱਖਿਆ ਯੋਜਨਾ ਨੂੰ ਤੋੜ ਦਿੱਤਾ। ਰਾਣਾ ਸਾਂਗਾ ਖੁਦ ਲੜਾਈ ਦੀ ਅਗਵਾਈ ਕਰ ਰਹੇ ਸਨ।
ਜੀਐੱਨ ਸ਼ਰਮਾ ਲਿਖਦੇ ਹਨ, " ਉੱਥੇ ਮੌਜੂਦ ਲੋਕਾਂ ਨੂੰ ਹੈਰਾਨੀ ਹੋ ਰਹੀ ਸੀ ਕਿ ਰਾਣਾ ਸਾਂਗਾ ਦੀ ਇੱਕ ਅੱਖ ਹੀ ਨਹੀਂ ਸੀ। ਉਨ੍ਹਾਂ ਦਾ ਇੱਕ ਹੱਥ ਵੀ ਕੱਟਿਆ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਪੈਰ ਵੀ ਕੰਮ ਨਹੀਂ ਕਰ ਰਿਹਾ ਸੀ। ਉਨ੍ਹਾਂ ਦੇ ਸਰੀਰ 'ਤੇ ਕਈ ਜ਼ਖਮ ਸਨ, ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦੀ ਚੁਸਤੀ-ਫੁਰਤੀ ਅਤੇ ਉਤਸ਼ਾਹ 'ਚ ਕੋਈ ਕਮੀ ਨਹੀਂ ਸੀ।"
ਪਰ ਮੁਗਲਾਂ ਦਾ ਤੋਪਖਾਨਾ ਵੀ ਭਾਰੀ ਤਬਾਹੀ ਮਚਾ ਰਿਹਾ ਸੀ। ਜਿਸ ਕਰਕੇ ਰਾਣਾ ਸਾਂਗਾ ਦੀ ਫੌਜ ਹੌਲੀ-ਹੌਲੀ ਪਿੱਛੇ ਹਟਣ ਲੱਗੀ।
ਜੀਐੱਨ ਸ਼ਰਮਾ ਅੱਗੇ ਲਿਖਦੇ ਹਨ, "ਇਸ ਦੌਰਾਨ ਇੱਕ ਤੀਰ ਰਾਣਾ ਸਾਂਗਾ ਦੇ ਮੱਥੇ 'ਤੇ ਆ ਕੇ ਲੱਗਿਆ। ਸਾਂਗਾ ਬੇਹੋਸ਼ ਹੋ ਕੇ ਆਪਣੇ ਹੌਦੇ 'ਚ ਡਿੱਗ ਗਏ। ਉਨ੍ਹਾਂ ਦੇ ਕੁਝ ਜਰਨੈਲਾਂ ਨੇ ਉਨ੍ਹਾਂ ਨੂੰ ਹੌਦੇ 'ਚੋਂ ਉਤਾਰ ਕੇ ਪਾਲਕੀ 'ਚ ਪਾਇਆ ਅਤੇ ਬਾਹਰ ਵੱਲ ਨੂੰ ਰਵਾਨਾ ਕਰ ਦਿੱਤਾ। ਜਦੋਂ ਰਾਣਾ ਦੀ ਫੌਜ ਨ ਵੇਖਿਆ ਕਿ ਰਾਣਾ ਸਾਂਗਾ ਹਾਥੀ 'ਤੇ ਨਹੀਂ ਹਨ ਤਾਂ ਉਨ੍ਹਾਂ ਦੀ ਹਿੰਮਤ ਟੁੱਟ ਗਈ।''
''ਫੌਜ 'ਚ ਹਫੜਾ-ਤਫੜੀ ਮਚ ਗਈ। ਇੱਕ ਰਾਜਪੂਤ ਸੈਨਾਪਤੀ ਅੱਜੂ ਝਾਲਾ ਨੇ ਰਾਣਾ ਸਾਂਗਾ ਦਾ ਤਾਜ ਆਪਣੇ ਸਿਰ 'ਤੇ ਰੱਖਿਆ ਅਤੇ ਉਨ੍ਹਾਂ ਦੇ ਹਾਥੀ 'ਤੇ ਸਵਾਰ ਹੋ ਗਿਆ। ਪਰ ਰਾਜਾ ਦੀ ਗੈਰਹਾਜ਼ਰੀ ਦਾ ਜੋ ਬੁਰਾ ਪ੍ਰਭਾਵ ਪੈਣਾ ਸੀ, ਉਹ ਤਾਂ ਪਹਿਲਾਂ ਹੀ ਪੈ ਚੁੱਕਿਆ ਸੀ। ਰਾਜਪੂਤ ਫੌਜ ਦੀ ਹਿੰਮਤ ਟੁੱਟ ਗਈ ਅਤੇ ਉਹ ਖਿੰਡ ਗਈ।"
ਬਾਬਰ ਨੇ ਬਾਬਰਨਮਾ 'ਚ ਲਿਖਿਆ ਹੈ, " ਇਸਲਾਮ ਦੇ ਪ੍ਰਚਾਰ ਦੇ ਲਈ ਮੈਂ ਆਪਣਾ ਘਰ-ਬਾਰ ਛੱਡ ਕੇ ਨਿਕਲਿਆ ਸੀ। ਇਸ ਲੜਾਈ 'ਚ ਮੈਂ ਸ਼ਹੀਦ ਹੋਣ ਦਾ ਫੈਸਲਾ ਕਰ ਲਿਆ ਸੀ। ਪਰ ਰੱਬ ਨੇ ਮੇਰੀ ਫ਼ਰਿਆਦ ਸੁਣ ਲਈ। ਦੋਵੇਂ ਫੌਜਾਂ ਥੱਕ ਚੁੱਕੀਆਂ ਸਨ। ਪਰ ਫਿਰ ਰਾਣਾ ਸਾਂਗਾ ਦੀ ਬੁਰੀ ਕਿਸਮਤ ਅਤੇ ਮੇਰੀ ਚੰਗੀ ਕਿਸਤਮ ਨੇ ਦਸਤਕ ਦਿੱਤੀ। ਸਾਂਗਾ ਬੇਹੋਸ਼ ਹੋ ਕੇ ਡਿੱਗ ਗਏ ਅਤੇ ਉਨ੍ਹਾਂ ਦੀ ਫੌਜ ਦਾ ਮਨੋਬਲ ਟੁੱਟ ਗਿਆ। ਮੇਰੀ ਜਿੱਤ ਹੋਈ।"

ਤਸਵੀਰ ਸਰੋਤ, Getty Images
47 ਸਾਲ ਦੀ ਉਮਰ 'ਚ ਦੇਹਾਂਤ
ਰਾਣਾ ਸਾਂਗਾ ਦੀ ਹਾਰ ਦਾ ਕਾਰਨ ਉਨ੍ਹਾਂ ਦੀ ਫੌਜ 'ਚ ਅਨੁਸ਼ਾਸਨ ਅਤੇ ਤਾਲਮੇਲ ਦੀ ਘਾਟ ਸੀ।
ਵਿਲੀਅਮ ਰਸ਼ਬਰੂਕ ਲਿਖਦੇ ਹਨ, "ਰਾਣਾ ਸਾਂਗਾ ਦੀ ਫੌਜ ਗਿਣਤੀ 'ਚ ਜ਼ਿਆਦਾ ਸੀ, ਇਸ ਲਈ ਪੂਰੀ ਫੌਜ ਨੂੰ ਇੱਕ ਸੁਨੇਹਾ ਭੇਜਣ 'ਚ ਜ਼ਿਆਦਾ ਸਮਾਂ ਲੱਗਦਾ ਸੀ। ਮੁਗਲ ਸੈਨਾ ਦਾ ਸੰਗਠਨ ਅਤੇ ਅਨੁਸ਼ਾਸਨ ਰਾਣਾ ਸਾਂਗਾ ਦੀ ਫੌਜ ਨਾਲੋਂ ਕਿਤੇ ਬਿਹਤਰ ਸੀ।"
ਰਾਣਾ ਸਾਂਗਾ ਨੇ 1527 'ਚ ਖਾਨਵਾ ਦੀ ਜੰਗ ਖ਼ਤਮ ਹੋਣ ਤੋਂ ਬਾਅਦ ਸਹੁੰ ਖਾਧੀ ਕਿ ਉਹ ਹੁਣ ਬਾਬਰ ਨੂੰ ਹਰਾਉਣ ਤੋਂ ਬਾਅਦ ਹੀ ਚਿਤੌੜ 'ਚ ਪੈਰ ਰੱਖੇਗਾ, ਪਰ ਉਹ ਜ਼ਿਆਦਾ ਦਿਨਾਂ ਤੱਕ ਜੀ ਨਹੀਂ ਸਕੇ।
ਸਾਢੇ 21 ਸਾਲਾਂ ਦੇ ਆਪਣੇ ਸ਼ਾਸਨਕਾਲ ਦੌਰਾਨ ਮੇਵਾੜ ਨੂੰ ਸਾਮਰਾਜ ਵਿਸਥਾਰ ਦੇ ਸਿਖਰ 'ਤੇ ਲਿਜਾਣ ਵਾਲੇ ਰਾਣਾ ਸਾਂਗਾ ਦਾ 47 ਸਾਲ ਦੀ ਉਮਰ 'ਚ ਹੀ ਦੇਹਾਂਤ ਹੋ ਗਿਆ।
ਸਤੀਸ਼ ਚੰਦਰ ਲਿਖਦੇ ਹਨ, "ਕਿਹਾ ਜਾਂਦਾ ਹੈ ਕਿ ਬਾਬਰ ਦੇ ਖਿਲਾਫ ਜੰਗ ਜਾਰੀ ਰੱਖਣ ਦੀ ਉਨ੍ਹਾਂ ਦੀ ਜ਼ਿੱਦ ਉਨ੍ਹਾਂ ਦੇ ਦਰਬਾਰੀਆਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਸਾਂਗਾ ਨੂੰ ਜ਼ਹਿਰ ਦੇ ਦਿੱਤਾ। ਰਾਜਸਥਾਨ ਤੋਂ ਇਸ ਬਹਾਦੁਰ ਵਿਅਕਤੀ ਦੇ ਦੇਹਾਂਤ ਦੇ ਨਾਲ ਹੀ ਆਗਰਾ ਤੱਕ ਫੈਲਣ ਵਾਲੇ ਸੰਯੁਕਤ ਰਾਜਸਥਾਨ ਦੇ ਸੁਪਨੇ ਨੂੰ ਬਹੁਤ ਵੱਡਾ ਝਟਕਾ ਲੱਗਿਆ।"
ਖਾਨਵਾ ਦੀ ਲੜਾਈ ਨੇ ਦਿੱਲੀ-ਆਗਰਾ ਖੇਤਰ 'ਚ ਬਾਬਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗਵਾਲੀਅਰ ਅਤੇ ਧੌਲਪੁਰ ਦੇ ਕਿਲ੍ਹੇ ਵੀ ਜਿੱਤੇ ਅਤੇ ਅਲਵਰ ਦੇ ਇੱਕ ਵੱਡੇ ਹਿੱਸੇ ਨੂੰ ਵੀ ਆਪਣੇ ਅਧਿਕਾਰ ਹੇਠ ਲਿਆਂਦਾ।
ਸਤੀਸ਼ ਚੰਦਰ ਲਿਖਦੇ ਹਨ, "ਪਾਣੀਪਤ ਦੀ ਜਿੱਤ ਨੇ ਭਾਰਤ 'ਚ ਮੁਗਲ ਸ਼ਾਸਨ ਦੀ ਨੀਂਹ ਰੱਖੀ, ਪਰ ਇਸ ਨੀਂਹ ਨੂੰ ਮਜ਼ਬੂਤੀ ਦਿੱਤੀ ਖਾਨਵਾ 'ਚ ਰਾਣਾ ਸਾਂਗਾ ਦੇ ਖਿਲਾਫ ਬਾਬਰ ਦੀ ਜਿੱਤ ਨੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












