ਪੰਜਾਬੀਆਂ ਨੇ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਤਾਂ ਹੁਸ਼ਿਆਰਪੁਰ ਦੇ ਕਿਸਾਨ ਜਸਬੀਰ ਸਿੰਘ ਤੋਂ ਸਿੱਖਣ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਜੇਕਰ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ ਤਾਂ ਪਾਣੀ ਬਚਾਉਣਾ ਪਵੇਗਾ। ਪਾਣੀ ਨਾਲ ਹੀ ਜੀਵਨ ਹੈ।"
70 ਸਾਲਾ ਕਿਸਾਨ ਜਸਵੀਰ ਸਿੰਘ ਦੇ ਇਹ ਸ਼ਬਦ ਪੰਜਾਬ ਵਿੱਚ ਜ਼ਮੀਨੀ ਪਾਣੀ ਦੇ ਗੰਭੀਰ ਸੰਕਟ ਨੂੰ ਬਿਆਨ ਕਰਦੇ ਹਨ। ਪੰਜਾਬ ਵਿੱਚ ਜ਼ਮੀਨੀਂ ਪਾਣੀ ਦੀ ਬੇਲੋੜੀ ਵਰਤੋਂ ਅਤੇ ਇਸਦੇ ਫ਼ਲਸਰੂਪ ਡੂੰਘੇ ਹੁੰਦੇ ਪਾਣੀ ਦਾ ਪੱਧਰ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਹੈ।
ਅਜਿਹੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫ਼ਿਰੋਜ਼ ਰੌਲੀਆਂ ਦੇ ਰਹਿਣ ਵਾਲੇ ਜਸਬੀਰ ਸਿੰਘ ਵਰਗੇ ਕਿਸਾਨ ਜਲ ਸਰੋਤ ਪ੍ਰਬੰਧਨ ਦੀ ਇੱਕ ਸਫ਼ਲ ਉੁਦਾਹਰਨ ਹੈ।
ਉਨ੍ਹਾਂ ਸਿੰਚਾਈ ਲਈ ਪਾਣੀ ਦੇ ਪ੍ਰਬੰਧਨ ਅਤੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਹੈ। ਉਹ ਆਪਣੇ ਖੇਤਾਂ ਵਿੱਚ ਰੇਨ ਗੰਨ ਤਕਨੀਕ ਦੀ ਵਰਤੋਂ ਕਰ ਕੇ ਸਿੰਚਾਈ ਕਰਦੇ ਹਨ।
ਰੇਨ ਗੰਨ ਤਕਨੀਕ ਨੂੰ ਪੰਜਾਬੀ ਵਿੱਚ ਫੁਹਾਰਾ ਤਕਨੀਕ ਕਹਿੰਦੇ ਹਨ, ਇਸ ਵਿੱਚ ਫੁਹਾਰਿਆਂ ਰਾਹੀਂ ਖੇਤ ਵਿੱਚ ਮੀਂਹ ਵਾਂਗ ਪਾਣੀ ਵਰਸਾਇਆ ਜਾਂਦਾ ਹੈ।
ਇਸ ਵਿੱਚ ਕਿਸਾਨ ਪਾਇਪਾਂ ਰਾਹੀਂ ਖੇਤ ਵਿੱਚ ਫੁਹਾਰੇ ਲਗਾ ਕੇ ਪਾਣੀ ਲਗਾਉਂਦੇ ਹਨ। ਪਰ ਇਸ ਕਿਸਾਨ ਦੀ ਖਾਸ ਗੱਲ ਇਹ ਹੈ ਕਿ ਇਹ ਦੋ ਫੁਹਾਰਿਆਂ ਨਾਲ 12 ਏਕੜ ਦੀ ਖੇਤੀ ਕਰਦਾ ਹੈ।
ਇਸ ਤਕਨੀਕ ਦੀ ਵਰਤੋਂ ਕਰ ਕੇ ਉਹ ਬਹੁਤ ਘੱਟ ਪੈਸੇ ਖਰਚ ਕੇ ਵੱਧ ਮਾਤਰਾ ਵਿੱਚ ਜ਼ਮੀਨ ਪਾਣੀ ਬਚਾ ਰਹੇ ਹਨ।

ਕਿੰਨੀ ਆਈ ਲਾਗਤ
ਜਸਵੀਰ ਸਿੰਘ ਨੇ ਕਿਹਾ ਕਿ ਉਹ ਦੋ ਰੇਨ ਗੰਨਾਂ ਨਾਲ 12 ਏਕੜ ਵਿੱਚ ਖੇਤੀ ਕਰਦੇ ਹਨ। ਇੱਕ ਥਾਂ ਉੱਤੇ ਪਾਣੀ ਲੱਗਣ ਤੋਂ ਬਾਅਦ ਉਹ ਰੇਨ ਗੰਨ ਅਗਲੇ ਸਥਾਨ ਉੱਤੇ ਲੈ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਸਤੇ ਬਹੁਤ ਸਾਰੀਆਂ ਪਾਈਪਾਂ ਦੀ ਲੋੜ ਪੈਂਦੀ ਹੈ।
"ਇਹ ਬਹੁਤ ਮਿਹਨਤ ਵਾਲਾ ਕੰਮ ਹੈ ਕਿਉਂਕਿ ਪਾਈਪਾਂ ਨੂੰ ਖੋਲ੍ਹ ਕੇ, ਚੱਕ ਕੇ ਅਗਲੇ ਸਥਾਨ ਉੱਤੇ ਲੈ ਕੇ ਜਾਣਾ, ਪਾਈਪ ਲਾਈਨ ਵਿਛਾਉਣੀ ਅਤੇ ਫਿਰ ਪਾਈਪਾਂ ਕੱਸਣੀਆਂ ਪੈਂਦੀਆਂ ਹਨ।"
"ਇੱਕ ਰੇਨ ਗੰਨ ਮੈਨੂੰ ਸਬਸਿਡੀ ਉੱਤੇ 40,000 ਰੁਪਏ ਵਿੱਚ ਮਿਲ ਗਈ ਸੀ। ਜੇਕਰ 12 ਏਕੜ ਵਿੱਚ ਸਥਾਈ ਤੌਰ ਉੱਤੇ ਰੇਨ ਗੰਨਾਂ ਲਗਾਉਣੀਆਂ ਹੋਣ ਤਾਂ ਲਾਗਤ ਲੱਖਾਂ ਰੁਪਏ ਵਿੱਚ ਆਵੇਗੀ। ਪਰ ਮੈਨੂੰ ਮਿਹਨਤ ਕਰਨ ਤੋਂ ਡਰ ਨਹੀਂ ਲੱਗਦਾ। ਇਸ ਲਈ ਜਦੋਂ ਦੋ ਰੇਨ ਗੰਨਾਂ ਨਾਲ ਵੀ 12 ਏਕੜ ਵਿੱਚ ਸਿੰਚਾਈ ਹੋ ਸਕਦੀ ਹੈ ਤਾਂ ਹੋਰ ਪੈਸੇ ਕਿਉਂ ਖ਼ਰਚ ਕੀਤੇ ਜਾਣ।"

ਪਾਣੀ ਦੀ ਬੱਚਤ ਕਿਵੇਂ ਹੁੰਦੀ ਹੈ
ਪੰਜਾਬ ਵਿੱਚ ਵਧੇਰੇ ਲੋਕ 'ਫਲੱਡ ਸਿਸਟਮ' ਰਾਹੀਂ ਸਿੰਚਾਈ ਕਰਦੇ ਹਨ। ਇਸ ਨਾਲ ਪਾਣੀ ਵੱਧ ਮਾਤਰਾ ਵਿੱਚ ਖੇਤਾਂ ਵਿੱਚ ਜਮਾਂ ਕਰਨਾ ਪੈਂਦਾ ਹੈ ਅਤੇ ਇਹ ਪਾਣੀ ਲੋੜ ਤੋਂ ਵੱਧ ਲੱਗਦਾ ਹੈ। ਇਸ ਤਰ੍ਹਾਂ ਨਾਲ ਲੋੜ ਤੋਂ ਵੱਧ ਲੱਗਿਆ ਪਾਣੀ ਵੇਸਟ ਹੋ ਜਾਂਦਾ ਹੈ।
ਰੇਨ ਗਨ ਨਾਲ ਫ਼ਸਲ ਦੇ ਉੱਪਰ ਪਾਣੀ ਛਿੜਕਿਆ ਜਾਂਦਾ ਹੈ। ਇਸ ਤਰ੍ਹਾਂ ਨਾਲ ਇੱਕ ਵੱਡੇ ਖੇਤਰ ਵਿੱਚ ਪਾਣੀ ਇੱਕਸਾਰ ਢੰਗ ਨਾਲ ਲੱਗ ਜਾਂਦਾ ਹੈ ਅਤੇ ਪਾਣੀ ਵੇਸਟ ਨਹੀਂ ਹੁੰਦਾ।
ਜਸਬੀਰ ਕਹਿੰਦੇ ਹਨ, "ਰੇਨ ਗੰਨ ਨਾਲ 75% ਘੱਟ ਪਾਣੀ ਲੱਗਦਾ ਹੈ।"

ਹੋਰ ਕਿਹੜੇ ਢੰਗ ਨਾਲ ਪਾਣੀ ਬਚਾਇਆ
ਰੇਨ ਗੰਨਾਂ ਨਾਲ ਸਿੰਚਾਈ ਕਰਨ ਤੋਂ ਬਿਨਾਂ ਉਹ ਝੋਨਾ ਲਗਾਉਣ ਵੇਲੇ ਵੀ ਪਾਣੀ ਦੀ ਬੱਚਤ ਕਰਦੇ ਹਨ।
ਜਸਬੀਰ ਨੇ ਦੱਸਿਆ ਕਿ ਉਹ ਰਵਾਇਤੀ ਤਰੀਕੇ ਨਾਲ ਝੋਨਾ ਨਹੀਂ ਬੀਜਦੇ। ਰਵਾਇਤੀ ਢੰਗ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਵਿੱਚ ਕੱਦੂ ਕਰਨਾ ਪੈਂਦਾ ਹੈ ਭਾਵ ਕਿ ਪਾਣੀ ਲਗਾ ਕੇ ਵਾਹੁਣਾ ਪੈਂਦਾ ਹੈ। ਇਸ ਵਾਸਤੇ ਜ਼ਮੀਨੀ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ।
ਜਸਬੀਰ ਕਹਿੰਦੇ ਹਨ, "ਮੈਂ ਪਹਿਲਾਂ ਲੇਜ਼ਰ ਲੈਂਡ ਲੈਵਲਰ ਦੀ ਮਦਦ ਨਾਲ ਖੇਤਾਂ ਨੂੰ ਪੱਧਰਾ ਕਰ ਲੈਂਦਾ ਹਾਂ। ਫਿਰ ਸਿੰਚਾਈ ਕਰ ਕੇ ਝੋਨਾ ਲਗਾ ਦਿੰਦਾ ਹਾਂ। ਇਸ ਨਾਲ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ।"
ਇਸ ਤੋਂ ਇਲਾਵਾ ਜਸਬੀਰ ਨੇ ਮੋਟਰ ਉੱਤੇ ਵਾਟਰ ਮੀਟਰ ਵੀ ਲਗਾਏ ਹੋਏ ਹਨ, ਜਿਸ ਨਾਲ ਸਿੰਚਾਈ ਵਾਸਤੇ ਵਰਤੇ ਗਏ ਪਾਣੀ ਦੀ ਮਾਤਰਾ ਰਿਕਾਰਡ ਹੋ ਜਾਂਦੀ ਹੈ।

ਕਿਹੜਾ ਸਨਮਾਨ ਮਿਲਿਆ
ਜਸਬੀਰ ਦੀਆਂ ਪਾਣੀ ਬਚਾਉਣ ਦੀ ਇਹ ਕੋਸ਼ਿਸ਼ ਅਣਗੌਲੀ ਨਹੀਂ ਰਹੀ। ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਹੋਏ ਕਿਸਾਨ ਮੇਲੇ ਦੌਰਾਨ ਉਸ ਨੂੰ ਸਨਮਾਨਿਤ ਕੀਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਸਬੀਰ ਸਿੰਘ ਨੂੰ ਸੀਆਰਆਈ ਪੰਪਜ਼ ਪੁਰਸਕਾਰ ਦਿੱਤਾ ਹੈ। ਇਹ ਪੁਰਸਕਾਰ ਪਾਣੀ ਦੇ ਪ੍ਰਬੰਧ ਵਾਸਤੇ ਆਧੁਨਿਕ ਤਕਨਾਲੋਜੀ ਅਪਣਾਉਣ ਵਾਸੇ ਸਵੈ-ਕਾਸ਼ਤਕਾਰ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।
ਇਸ ਪੁਰਸਕਾਰ ਵਿੱਚ ਕਿਸਾਨ ਨੂੰ 10,000 ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ।

ਜਸਬੀਰ ਸਿੰਘ ਦੇ ਹੋਰ ਅਹਿਮ ਕੰਮ
ਪਾਣੀ ਬਚਾਉਣ ਤੋਂ ਇਲਾਵਾ ਜਸਬੀਰ ਸਿੰਘ ਹੋਰ ਕਈ ਨਵੇਂ ਢੰਗਾਂ ਜ਼ਰੀਏ ਖੇਤੀ ਕਰਕੇ ਵੀ ਬਾਕੀ ਕਿਸਾਨਾਂ ਲਈ ਮਿਸਾਲ ਬਣੇ ਹਨ।
ਜਸਬੀਰ ਸਿੰਘ ਨੇ ਵੱਖ-ਵੱਖ ਅਦਾਰਿਆਂ ਤੋਂ ਖੇਤੀ ਵਾਸਤੇ ਸਿਖਲਾਈ ਪ੍ਰਾਪਤ ਕੀਤੀ ਹੈ।
ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਆਈਸੀ ਏਆਰ ਅਟਾਰੀ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਰਵ ਸੰਭਾਲਣ ਝੋਨੇ ਦੀ ਸਿੱਧੀ ਬਿਜਾਈ ਆਦਿ ਕਾਰਜਾਂ ਲਈ ਵੀ ਸਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਕਿਸਾਨ ਨੇ ਖੇਤੀ ਸਬੰਧੀ ਵਰਤੇ ਜਾਂਦੇ ਸੰਦ ਜਿਵੇਂ ਹੈਪੀ ਸੀਡਰ, ਰੋਟਾਵੇਟਰ, ਲੇਜ਼ਰ ਕਰਾਹਾ, ਤੂੜੀ ਵਾਲਾ ਰੀਪਰ, ਸਪੈਸ਼ਲ ਡਰਿਲ ਅਤੇ ਟਰੈਕਟਰ ਨਾਲ ਚੱਲਣ ਵਾਲਾ ਸਪਰੇ ਪੰਪ ਆਦੀ ਦਾ ਇੱਕ ਨਵੇਕਲਾ ਯੂਨਿਟ ਤਿਆਰ ਕੀਤਾ ਹੋਇਆ ਹੈ।
ਉਹ ਝੋਨੇ ਦੀ ਵਾਢੀ ਸੁਪਰ ਐੱਸਐੱਮਐੱਸ ਵਾਲੀ ਕੰਬਾਈਨ ਨਾਲ ਕਰਦੇ ਹਨ।

ਕਿਸਾਨਾਂ ਨੂੰ ਕੀ ਸਲਾਹ ਦਿੱਤੀ
ਜਸਬੀਰ ਹੋਰਨਾਂ ਕਿਸਾਨਾਂ ਨੂੰ ਵੀ ਜ਼ਮੀਨੀਂ ਪਾਣੀ ਦੀ ਬੱਚਤ ਕਰਨ ਵਾਲੇ ਸਿੰਚਾਈ ਢੰਗਾਂ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ, "ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਸਾਨੂੰ ਪਾਣੀ ਬਚਾਉਣ ਪਵੇਗਾ। ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਵਾਸਤੇ ਬਹੁਤ ਮਾੜਾ ਹੋਵੇਗਾ।"
"ਜੇਕਰ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ ਤਾਂ ਪਾਣੀ ਬਚਾਉਣ ਪਵੇਗਾ। ਪਾਣੀ ਨਾਲ ਹੀ ਜੀਵਨ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪਾਣੀ ਦੀ ਘੱਟ ਵਰਤੋਂ ਕਰੋ।"
ਉਹ ਕਿਹਾ, "ਕਈ ਪੜ੍ਹੇ-ਲਿਖੇ ਲੋਕ ਵੀ ਕਹਿ ਰਹੇ ਹਨ ਕਿ ਜ਼ਮੀਨੀ ਪਾਣੀ ਕਿਵੇਂ ਖ਼ਤਮ ਹੋ ਸਕਦਾ ਹੈ। ਉਹ ਸਮਝ ਨਹੀਂ ਰਹੇ।"

ਖੇਤੀ ਮਾਹਰਾਂ ਨੇ ਕੀ ਸਲਾਹ ਦਿੱਤੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ), ਬਾਹੂਵਾਲ, ਹੁਸ਼ਿਆਰ ਵਿੱਚ ਸਿਖਲਾਈ ਦੇ ਸਹਾਇਕ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਸ ਨੇ ਦੱਸਿਆ ਕਿ ਕਿਸਾਨ ਜਸਬੀਰ ਕਈ ਸਾਲਾਂ ਤੋਂ ਕੇਵੀਕੇ ਨਾਲ ਜੁੜੇ ਹੋਏ ਹਨ ਅਤੇ ਕਾਫੀ ਅਗਾਂਹਵਧੂ ਕਿਸਾਨ ਹਨ।
ਉਨ੍ਹਾਂ ਨੇ ਦੱਸਿਆ, "ਇਹ ਕਾਫੀ ਤਰੀਕਿਆਂ ਨਾਲ ਪਾਣੀ ਦੀ ਬੱਚਤ ʼਤੇ ਧਿਆਨ ਦੇ ਰਹੇ ਹਨ। ਸਾਰੇ ਖੇਤ ਲੇਜ਼ਰ ਕੁਰਾਹੇ ਵਾਲੇ ਹਨ। ਝੋਨੇ ਦੀਆਂ ਕਿਸਮਾਂ ਵੀ ਉਹ ਲਗਾਉਂਦੇ ਹਨ, ਜੋ ਘੱਟ ਸਮਾਂ ਲੈਂਦੀਆਂ ਹਨ ਤੇ ਜਿਨ੍ਹਾਂ ਦਾ ਪਰਾਲ ਵੀ ਘੱਟ ਹੁੰਦਾ ਹੈ। ਉਸ ਨਾਲ ਵੀ ਪਾਣੀ ਘੱਟ ਲੱਗਦਾ ਹੈ।"
ਉਨ੍ਹਾਂ ਨੇ ਦੱਸਿਆ ਕਿ ਜੇਕਰ ਕਣਕ ਝੋਨੇ ਦੀ ਗੱਲ ਕਰੀਏ ਤਾਂ ਵੱਧ ਪਾਣੀ ਲੱਗਣ ਨਾਲ ਕਣਕ ਮਨ ਜਾਂਦੀ ਹੈ। ਉੱਥੇ ਹੀ ਰੇਨ ਗੰਨ ਦੀ ਵਰਤੋਂ ਨਾਲ ਜ਼ਿਆਦਾ ਮੀਂਹ ਅਤੇ ਪਾਣੀ ਦੇ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ।
ਉਨ੍ਹਾਂ ਇਸ ਕੇਂਦਰ ਤੋਂ ਖੇਤੀ ਕਰਨ ਵਾਸਤੇ ਸਾਰੀਆਂ ਜ਼ਰੂਰੀ ਸਿਖਲਾਈਆਂ ਲਈਆਂ ਹੋਈਆਂ ਹਨ ਅਤੇ ਅੱਗੇ ਵੀ ਲੈਂਦੇ ਰਹਿੰਦੇ ਹਨ। ਉਹ ਹੋਰਨਾਂ ਕਿਸਾਨਾਂ ਨੂੰ ਵੀ ਨਾਲ ਲੈ ਕੇ ਤੁਰਦੇ ਹਨ।
ਉਨ੍ਹਾਂ ਦੱਸਿਆ ਕਿ ਜਸਬੀਰ ਪਾਣੀ ਦੀ ਬੱਚਤ ਕਰਕੇ ਸਾਰੇ ਕਿਸਾਨਾਂ ਵਾਸਤੇ ਮਿਸਾਲ ਬਣੇ ਹੋਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












