ਥਾਇਰਾਇਡ ਦੇ ਲੱਛਣਾਂ ਦੀ ਪਛਾਣ ਕਿਵੇਂ ਕਰੀਏ, ਥਾਇਰਾਇਡ ਤੇ ਕੈਂਸਰ ਗੰਢਾਂ ਵਿਚਾਲੇ ਫਰਕ ਕਿਵੇਂ ਪਤਾ ਲਗਾਇਆ ਜਾਵੇ

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਾਇਰਾਇਡ ਸਿਰਫ਼ ਇੱਕ ਛੋਟੀ ਗ੍ਰੰਥੀ ਨਹੀਂ ਹੈ, ਇਸ ਨੂੰ ਸਰੀਰ ਦਾ 'ਮੁੱਖ ਰੈਗੂਲੇਟਰ' ਮੰਨਿਆ ਜਾਂਦਾ ਹੈ।
    • ਲੇਖਕ, ਓਂਕਾਰ ਕਰੰਬਲੇਕਰਨ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 12 ਮਿੰਟ

ਭਾਵੇਂ ਥਾਇਰਾਇਡ ਗ੍ਰੰਥੀ ਸਰੀਰ ਦੀ ਇੱਕ ਅਹਿਮ ਕੰਟ੍ਰੋਲ ਗ੍ਰੰਥੀ ਹੈ, ਪਰ ਇਸ ਨਾਲ ਜੁੜੇ ਲੱਛਣਾਂ ਨੂੰ ਸਮਝਣ ਵਿੱਚ ਲੋਕ ਅਕਸਰ ਗ਼ਲਤੀ ਕਰ ਬੈਠਦੇ ਹਨ।

ਕੁਝ ਲੱਛਣ ਮਾਨਸਿਕ ਬਿਮਾਰੀਆਂ ਨਾਲ ਮਿਲਦੇ-ਜੁਲਦੇ ਹੁੰਦੇ ਹਨ, ਕੁਝ ਪ੍ਰਜਨਨ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕੁਝ ਆਮ ਜੀਵਨ-ਸ਼ੈਲੀ ਵਿੱਚ ਬਦਲਾਅ ਵਰਗੇ ਲੱਗਦੇ ਹਨ। ਇਹ ਭਰਮ ਕਿਉਂ ਪੈਦਾ ਹੁੰਦਾ ਹੈ? ਮਾਹਰ ਇਸ ਬਾਰੇ ਕੀ ਕਹਿੰਦੇ ਹਨ? ਆਓ ਇਸ ਉੱਤੇ ਵਿਸਥਾਰ ਨਾਲ ਨਜ਼ਰ ਮਾਰਦੇ ਹਾਂ।

ਥਾਇਰਾਇਡ ਸਿਰਫ਼ ਇੱਕ ਛੋਟੀ ਗ੍ਰੰਥੀ ਨਹੀਂ ਹੈ, ਇਸ ਨੂੰ ਸਰੀਰ ਦਾ 'ਮੁੱਖ ਰੈਗੂਲੇਟਰ' ਮੰਨਿਆ ਜਾਂਦਾ ਹੈ। ਗਰਦਨ ਦੇ ਅਗਲੇ ਹਿੱਸੇ ਵਿੱਚ ਸਥਿਤ ਇਹ ਨਾੜੀ-ਰਹਿਤ ਗ੍ਰੰਥੀ T₃ ਅਤੇ T₄ ਹਾਰਮੋਨ ਪੈਦਾ ਕਰਦੀ ਹੈ ਅਤੇ ਸਰੀਰ ਦੀ ਪਾਚਨ ਸ਼ਕਤੀ, ਤਾਪਮਾਨ ਕੰਟ੍ਰੋਲ ਕਰਨ, ਵਾਧਾ ਅਤੇ ਵਿਕਾਸ, ਊਰਜਾ ਵੰਡ ਅਤੇ ਪ੍ਰਜਨਨ ਵਰਗੀਆਂ ਕਈ ਮਹੱਤਵਪੂਰਨ ਜੈਵਿਕ ਪ੍ਰਕਿਰਿਆਵਾਂ ਇਸ 'ਤੇ ਨਿਰਭਰ ਕਰਦੀਆਂ ਹਨ।

ਪਿਛਲੇ ਦੋ ਦਹਾਕਿਆਂ ਵਿੱਚ ਥਾਇਰਾਇਡ ਦੀ ਪਛਾਣ ਕਰਨ ਦੀਆਂ ਤਕਨੀਕਾਂ 'ਚ ਕਾਫੀ ਸੁਧਾਰ ਹੋਏ ਹਨ ਅਤੇ ਇਹੀ ਵਜ੍ਹਾ ਹੈ ਕਿ ਆਮ ਕਲੀਨਿਕਾਂ ਵਿੱਚ ਵੀ ਹੁਣ ਥਾਇਰਾਇਡ ਦੀ ਜਾਂਚ ਉਪਲੱਬਧ ਹੋ ਗਈ ਹੈ ਪਰ ਜਾਗਰੂਕਤਾ ਵਧਣ ਦੇ ਬਾਵਜੂਦ, ਥਾਇਰਾਇਡ ਬਾਰੇ ਗ਼ਲਤ ਧਾਰਨਾਵਾਂ ਸਮਾਜ 'ਚ ਉਨੀ ਹੀ ਤੇਜ਼ੀ ਨਾਲ ਫੈਲਦੀਆਂ ਵੀ ਜਾ ਰਹੀਆਂ ਹਨ।

ਅੱਜ ਵੀ ਕਈ ਲੋਕ ਮੰਨਦੇ ਹਨ ਕਿ ਜੇ ਥਾਇਰਾਇਡ ਦੀ ਸਮੱਸਿਆ ਸ਼ੁਰੂ ਹੋ ਜਾਵੇ ਤਾਂ ਇਹ ਕੈਂਸਰ ਹੈ, ਜਾਂ ਉਨ੍ਹਾਂ ਨੂੰ ਜ਼ਿੰਦਗੀ ਭਰ ਦਵਾਈ ਲੈਣੀ ਪਵੇਗੀ, ਜਾਂ ਇਹ ਅਗਲੀ ਪੀੜ੍ਹੀ ਨੂੰ ਵਿਰਾਸਤ ਵਿੱਚ ਮਿਲੇਗੀ, ਜਾਂ ਵਜ਼ਨ ਵਧਣਾ ਇਸ ਦਾ ਕਾਰਨ ਹੈ।

ਇਨ੍ਹਾਂ ਗਲਤਫਹਿਮੀਆਂ ਕਰਕੇ ਕੁਝ ਲੋਕ ਜਾਂਚ ਕਰਵਾਉਣ ਤੋਂ ਕਤਰਾਉਂਦੇ ਹਨ। ਜਦਕਿ ਕੁਝ ਲੋਕ ਸਰੀਰ 'ਚ ਹੋਏ ਬਦਲਾਵਾਂ ਦੇ ਮੱਦੇਨਜ਼ਰ ਗ਼ੈਰ-ਲੋੜੀਂਦੀਆਂ ਦਵਾਈਆਂ ਲੈਣ ਲੱਗ ਜਾਂਦੇ ਹਨ।

ਮਾਹਰਾਂ ਮੁਤਾਬਕ ਡਰ ਅਤੇ ਅਗਿਆਨਤਾ ਦਾ ਇਹ ਸੰਗਮ ਮਰੀਜ਼ਾਂ ਨੂੰ ਸਮੇਂ ਸਿਰ ਰੋਗ ਦੀ ਪਛਾਣ ਨਾ ਕਰਨ ਅਤੇ ਇਲਾਜ ਤੋਂ ਦੂਰ ਰੱਖਦਾ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਹੀ ਗ਼ਲਤਫਹਿਮੀਆਂ ਪੈਦਾ ਹੁੰਦੀਆਂ ਹਨ।

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਦੇ ਅਨੁਸਾਰ ਗਰਭਧਾਰਨ ਤੋਂ ਪਹਿਲਾਂ ਅਤੇ ਇਸ ਦੌਰਾਨ ਥਾਇਰਾਇਡ ਨੂੰ ਕੰਟ੍ਰੋਲ ਵਿੱਚ ਰੱਖਣਾ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ

ਸਮਾਜ ਵਿੱਚ ਥਾਇਰਾਇਡ ਨਾਲ ਜੁੜੀ ਸਭ ਤੋਂ ਆਮ ਗ਼ਲਤਫਹਿਮੀ ਇਹ ਹੈ ਕਿ ਇਸ ਨੂੰ ਕੁਦਰਤੀ ਲੱਛਣਾਂ ਨਾਲ ਜੋੜ ਦਿੱਤਾ ਜਾਂਦਾ ਹੈ। ਜਿਵੇਂ ਵਜ਼ਨ ਵਧਣਾ, ਲਗਾਤਾਰ ਥਕਾਵਟ, ਚਿੜਚਿੜਾਪਣ ਜਾਂ ਮਾਨਸਿਕ ਤਣਾਅ, ਲੋਕ ਅਕਸਰ ਇਸ ਦਾ ਕਾਰਨ ਥਾਇਰਾਇਡ ਨੂੰ ਮੰਨ ਲੈਂਦੇ ਹਨ। ਪਰ ਮਾਹਰਾਂ ਦੇ ਮੁਤਾਬਕ ਇਹ ਲੱਛਣ ਜੀਵਨਸ਼ੈਲੀ ਜਾਂ ਮੈਟਾਬੋਲਿਜ਼ਮ ਵਿੱਚ ਹੋਏ ਬਦਲਾਵਾਂ ਕਾਰਨ ਵੀ ਹੋ ਸਕਦੇ ਹਨ।

ਦੂਜੇ ਪਾਸੇ, ਡਰ ਕਰਕੇ ਲੋਕ ਢੰਗ ਨਾਲ ਜਾਂਚ ਕਰਵਾਉਣ ਦੀ ਬਜਾਏ ਆਪਣੀਆਂ ਧਾਰਨਾਵਾਂ 'ਤੇ ਹੀ ਭਰੋਸਾ ਕਰ ਲੈਂਦੇ ਹਨ, ਜਿਸ ਨਾਲ ਥਾਇਰਾਇਡ ਦੀ ਪਛਾਣ ਕਰਨ ਵਿੱਚ ਦੇਰੀ ਹੋ ਜਾਂਦੀ ਹੈ।

ਥਾਇਰਾਇਡ ਅਤੇ ਪ੍ਰਜਨਨ ਸਮਰੱਥਾ ਵਿਚਾਲੇ ਸਬੰਧ ਨੂੰ ਲੈਕੇ ਵੀ ਕਈ ਗ਼ਲਤ ਧਾਰਨਾਵਾਂ ਪ੍ਰਚਲਿਤ ਹਨ।

ਇਹ ਸੱਚ ਹੈ ਕਿ ਹਾਈਪੋਥਾਇਰਾਇਡਿਜ਼ਮ ਅਤੇ ਹਾਈਪਰਥਾਇਰਾਇਡਿਜ਼ਮ, ਦੋਹਾਂ ਵਿੱਚ ਹਾਰਮੋਨਲ ਅਸੰਤੁਲਨ ਕਾਰਨ ਗਰਭਧਾਰਣ ਵਿੱਚ ਦੇਰੀ ਹੋ ਸਕਦੀ ਹੈ ਜਾਂ ਭਰੂਣ ਦੇ ਵਿਕਾਸ 'ਤੇ ਅਸਰ ਪੈ ਸਕਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਥਾਇਰਾਇਡ ਰੋਗ ਹੋਣ 'ਤੇ ਗਰਭਧਾਰਨ ਅਸੰਭਵ ਹੈ।

ਡਾਕਟਰਾਂ ਦੇ ਅਨੁਸਾਰ ਗਰਭਧਾਰਨ ਤੋਂ ਪਹਿਲਾਂ ਅਤੇ ਇਸ ਦੌਰਾਨ ਥਾਇਰਾਇਡ ਨੂੰ ਕੰਟ੍ਰੋਲ ਵਿੱਚ ਰੱਖਣਾ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ।

ਇਸ ਨਾਲ ਬੱਚੇ ਦੀ ਬੁੱਧੀ ਵਿਕਾਸ 'ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ। ਫਿਰ ਵੀ ਕੁਝ ਔਰਤਾਂ ਇਹ ਸੋਚ ਕੇ ਇਲਾਜ ਤੋਂ ਬਚਦੀਆਂ ਹਨ ਕਿ "ਗਰਭਾਵਸਥਾ ਵਿੱਚ ਦਵਾਈ ਲੈਣ ਨਾਲ ਬੱਚੇ 'ਤੇ ਅਸਰ ਪਵੇਗਾ," ਜੋ ਖਤਰਨਾਕ ਹੋ ਸਕਦਾ ਹੈ।

ਮਾਨਸਿਕ ਸਿਹਤ ਨਾਲ ਜੁੜੀਆਂ ਗ਼ਲਤਫਹਿਮੀਆਂ ਵੀ ਆਮ ਹਨ। ਮੂਡ ਵਿੱਚ ਬਦਲਾਅ, ਚਿੰਤਾ, ਡਿਪ੍ਰੈਸ਼ਨ ਜਾਂ ਭੁੱਲਣ ਦੀ ਸਮੱਸਿਆ ਹੋਣ 'ਤੇ ਲੋਕ ਇਸ ਦਾ ਕਾਰਨ ਸਿਰਫ ਤਣਾਅ ਮੰਨ ਲੈਂਦੇ ਹਨ ਅਤੇ ਥਾਇਰਾਇਡ ਦੀ ਜਾਂਚ ਨਹੀਂ ਕਰਵਾਉਂਦੇ। ਦੂਜੇ ਪਾਸੇ ਕੁਝ ਲੋਕ ਹਰ ਮਾਨਸਿਕ ਸਮੱਸਿਆ ਦਾ ਕਾਰਨ ਥਾਇਰਾਇਡ ਨੂੰ ਮੰਨ ਲੈਂਦੇ ਹਨ। ਦੋਵੇਂ ਹੀ ਧਾਰਨਾਵਾਂ ਗਲਤ ਹਨ।

ਥਾਇਰਾਇਡ ਰੋਗ ਜਟਿਲ ਨਹੀਂ ਹੁੰਦੇ। ਇੱਕ ਸਧਾਰਣ ਖੂਨ ਦੀ ਜਾਂਚ ਨਾਲ ਇਸ ਦੀ ਪਛਾਣ ਸੰਭਵ ਹੈ ਅਤੇ ਇਲਾਜ ਉਪਲਬਧ ਹੈ। ਸਭ ਤੋਂ ਜ਼ਰੂਰੀ ਗੱਲ ਹੈ, ਡਰ ਨਹੀਂ, ਸਹੀ ਜਾਣਕਾਰੀ।

ਕੀ ਆਇਓਡੀਨ ਵਾਲਾ ਲੂਣ ਹੀ ਥਾਇਰਾਇਡ ਦਾ ਇਕੱਲਾ ਇਲਾਜ ਹੈ?

ਲੂਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਸਿਰਫ਼ ਆਇਓਡੀਨ ਵਾਲੇ ਲੂਣ ਸਾਰੇ ਥਾਇਰਾਇਡ ਰੋਗਾਂ ਦਾ ਇਲਾਜ ਨਹੀਂ ਹੈ

ਆਇਓਡੀਨ ਵਾਲੇ ਲੂਣ ਨੂੰ ਲੈ ਕੇ ਲੋਕਾਂ 'ਚ ਕਾਫੀ ਚਰਚਾ ਹੋ ਰਹੀ ਹੈ। ਅਸੀਂ ਮੁੰਬਈ ਦੇ ਜਸਲੋਕ ਹਸਪਤਾਲ ਦੇ ਐਂਡੋਕ੍ਰਿਨੋਲੋਜੀ ਵਿਭਾਗ ਵਿੱਚ ਸਲਾਹਕਾਰ ਡਾਇਬਟੀਜ਼ ਦੇ ਮਾਹਰ ਅਤੇ ਐਂਡੋਕ੍ਰੀਨ ਗ੍ਰੰਥੀਆਂ ਦੇ ਮਾਹਰ ਡਾ. ਵੈਂਕਟੇਸ਼ ਸ਼ਿਵਨੇ ਤੋਂ ਵੀ ਇਹੀ ਸਵਾਲ ਪੁੱਛਿਆ।

ਡਾ. ਸ਼ਿਵਨੇ ਨੇ ਕਿਹਾ, "ਸਿਰਫ਼ ਆਇਓਡੀਨ ਵਾਲੇ ਲੂਣ ਸਾਰੇ ਥਾਇਰਾਇਡ ਰੋਗਾਂ ਦਾ ਇਲਾਜ ਨਹੀਂ ਹੈ। ਹਾਈਪੋਥਾਇਰਾਇਡਿਜ਼ਮ ਅਤੇ ਹਾਈਪਰਥਾਇਰਾਇਡਿਜ਼ਮ ਦੇ ਮਰੀਜ਼ਾਂ ਨੂੰ ਥਾਇਰਾਇਡ ਦੀਆਂ ਦਵਾਈਆਂ ਦੀ ਲੋੜ ਹੁੰਦੀ ਹੈ, ਇਸਲਈ ਉਨ੍ਹਾਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। "

"ਜ਼ਰੂਰੀ ਨਹੀਂ ਕਿ ਹਰ ਵਾਰ ਮਰੀਜ਼ਾਂ 'ਚ ਥਾਇਰਾਇਡ ਦੇ ਲੱਛਣ ਨਜ਼ਰ ਆਉਣ। ਨਾਲ ਹੀ ਜੇਕਰ ਖੂਨ 'ਚ ਥਾਇਰਾਇਡ ਦੀ ਕਮੀ ਜਾਂ ਵਾਧਾ ਹੋਵੇ ਤਾਂ ਜ਼ਰੂਰੀ ਨਹੀਂ ਕਿ ਹਰ ਵਾਰ ਇਲਾਜ ਦੀ ਲੋੜ ਹੋਵੇ। ਜੇ ਥਾਇਰਾਇਡ ਦਾ ਪੱਧਰ ਥੋੜ੍ਹਾ ਵੱਧ ਜਾਂ ਘੱਟ ਜਾਂਦਾ ਹੈ ਤਾਂ ਡਾਕਟਰ ਤੁਰੰਤ ਇਲਾਜ ਸ਼ੁਰੂ ਕੀਤੇ ਬਿਨਾਂ ਹਰ ਤਿੰਨ ਮਹੀਨੇ 'ਚ ਇਸਦੀ ਜਾਂਚ ਕਰਦੇ ਹਨ ਅਤੇ ਬਾਅਦ ਵਿੱਚ ਫੈਸਲਾ ਲੈਂਦੇ ਹਨ।"

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕਾਂ ਨੂੰ ਅਕਸਰ ਥਾਇਰਾਇਡ ਨੋਡਿਊਲਜ਼ ਭਾਵ ਗੰਢਾਂ ਨੂੰ ਲੈ ਕੇ ਡਰ ਹੁੰਦਾ ਹੈ ਅਤੇ ਇਸ ਬਾਰੇ ਕਈ ਗਲਤ ਧਾਰਨਾਵਾਂ ਵੀ ਪ੍ਰਚਲਿਤ ਹਨ

ਡਾ. ਸ਼ਿਵਨੇ ਆਇਓਡੀਨ ਵਾਲੇ ਲੂਣ ਬਾਰੇ ਕਹਿੰਦੇ ਹਨ, "ਆਇਓਡੀਨ ਥਾਇਰਾਇਡ ਹਾਰਮੋਨ ਲਈ ਜ਼ਰੂਰੀ ਤੱਤ ਹੈ। ਜੋ ਲੋਕ ਆਇਓਡੀਨ ਰਹਿਤ ਲੂਣ ਖਾਂਦੇ ਸਨ ਉਨ੍ਹਾਂ ਵਿੱਚ ਘੇਂਘਾ ਰੋਗ ਦੀ ਸੰਭਾਵਨਾ ਵਧੇਰੇ ਹੁੰਦੀ ਸੀ। "

"ਗਰਭਵਤੀ ਔਰਤਾਂ ਵਿੱਚ ਮੰਦਬੁੱਧੀ ਬੱਚਿਆਂ ਦੇ ਜਨਮ ਦੇ ਸੰਭਾਵਨਾ ਵਧੇਰੇ ਹੁੰਦੀ ਸੀ। ਭਾਰਤ ਸਰਕਾਰ ਵੱਲੋਂ 1992 ਤੋਂ ਆਇਓਡੀਨ ਵਾਲੇ ਲੂਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹੁਣ ਆਇਓਡੀਨ ਵਾਲੇ ਲੂਣ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਆਇਓਡੀਨ ਦੀ ਲੋੜੀਂਦੀ ਮਾਤਰਾ ਨੂੰ ਪੂਰਾ ਕਰਨਾ ਆਸਾਨ ਹੋ ਗਿਆ ਹੈ। "

ਥਾਇਰਾਇਡ ਨੋਡਿਊਲਸ ਅਤੇ ਕੈਂਸਰ ਵਿੱਚ ਕੀ ਫਰਕ ਹੈ?

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ, ਗਰਭਵਤੀ ਔਰਤਾਂ ਵਿੱਚ ਮੰਦਬੁੱਧੀ ਬੱਚਿਆਂ ਦੇ ਜਨਮ ਦੇ ਸੰਭਾਵਨਾ ਵਧੇਰੇ ਹੁੰਦੀ ਸੀ

ਲੋਕਾਂ ਨੂੰ ਅਕਸਰ ਥਾਇਰਾਇਡ ਨੋਡਿਊਲਜ਼ ਭਾਵ ਗੰਢਾਂ ਨੂੰ ਲੈ ਕੇ ਡਰ ਹੁੰਦਾ ਹੈ ਅਤੇ ਇਸ ਬਾਰੇ ਕਈ ਗਲਤ ਧਾਰਨਾਵਾਂ ਵੀ ਪ੍ਰਚਲਿਤ ਹਨ।

ਥਾਇਰਾਇਡ ਦੇ ਮਾਹਰ ਤੁਹਾਨੂੰ ਇਸ ਬਾਰੇ ਸਟੀਕ ਜਾਣਕਾਰੀ ਦੇ ਸਕਦੇ ਹਨ। ਆਟੋਇਮਊਨ ਥਾਇਰਾਇਡ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਸਹੀ ਸਮੇਂ 'ਤੇ ਰੋਗ ਦੀ ਪਛਾਣ ਅਤੇ ਇਲਾਜ ਮਿਲਣ ਨਾਲ ਕਾਬੂ ਜ਼ਰੂਰ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਡੇ ਬਲੱਡ ਰਿਲੇਸ਼ਨ 'ਚ ਕਿਸੇ ਨੂੰ ਥਾਇਰਾਇਡ ਦੀ ਸਮੱਸਿਆ ਹੈ ਤਾਂ ਤੁਹਾਨੂੰ ਤੁਰੰਤ ਥਾਇਰਾਇਡ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਡਾ. ਸ਼ਿਵਨੇ ਕਹਿੰਦੇ ਹਨ, "ਜੇਕਰ ਥਾਇਰਾਇਡ ਗ੍ਰੰਥੀਆਂ ਵਿੱਚ ਗੰਢਾਂ ਹੋਣ, ਜਿਸਨੂੰ ਅਸੀਂ ਘੇਂਘਾ ਕਹਿੰਦੇ ਹਾਂ, ਤਾਂ ਡਾਕਟਰ ਥਾਇਰਾਇਡ ਸੋਨੋਗ੍ਰਾਫੀ ਅਤੇ ਐੱਫਐੱਨਏਸੀ (ਫਾਈਨ ਨੀਡਲ ਐਸਪਿਰੇਸ਼ਨ ਸਾਈਟੋਲੋਜੀ) ਜਾਂ ਥਾਇਰਾਇਡ ਗ੍ਰੰਥੀਆਂ 'ਚ ਸੂਈ ਪਾ ਕੇ ਬਾਇਓਪਸੀ ਦੀ ਸਲਾਹ ਦਿੰਦੇ ਹਨ। "

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਇਹ ਗੰਢਾਂ ਕੈਂਸਰ ਵਾਲੇ ਹੋਣ ਤਾਂ ਕੀ ਕੀਤਾ ਜਾ ਸਕਦਾ ਹੈ ਤਾਂ ਡਾ. ਸ਼ਿਵਨੇ ਨੇ ਕਿਹਾ, "ਜੇਕਰ ਕੈਂਸਰ ਦੀ ਸੰਭਾਵਨਾ ਹੈ ਤਾਂ ਥਾਇਰਾਇਡ ਸਰਜਰੀ ਜ਼ਰੀਏ ਟਿਊਮਰ ਨੂੰ ਕੱਢਣਾ ਉਚਿਤ ਹੁੰਦਾ ਹੈ। ਜਿੰਨੀ ਜਲਦੀ ਤੁਸੀਂ ਇਹ ਜਾਂਚ ਕਰਵਾਓ ਅਤੇ ਇਲਾਜ ਸ਼ੁਰੂ ਕਰੋ, ਉਨਾ ਬਿਹਤਰ ਹੁੰਦਾ ਹੈ।"

ਗਰਭਵਤੀ ਔਰਤਾਂ 'ਤੇ ਥਾਇਰਾਇਡ ਦਾ ਕੀ ਅਸਰ ਪੈਂਦਾ ਹੈ?

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਲਦੀ ਪਤਾ ਲੱਗਣ ਨਾਲ ਹਾਰਮੋਨਸ ਨੂੰ ਸੰਤੁਲਨ ਬਣਾਉਣ ਦਾ ਸਮਾਂ ਮਿਲਦਾ ਹੈ, ਜਿਸ ਨਾਲ ਗਰਭ ਅਵਸਥਾ ਦਾ ਖ਼ਤਰਾ ਵੀ ਘੱਟ ਜਾਂਦਾ ਹੈ

ਗਰਭਵਤੀ ਔਰਤਾਂ ਥਾਇਰਾਇਡ ਨਾਲ ਕਿੰਨੀਆਂ ਪ੍ਰਭਾਵਿਤ ਹੁੰਦੀਆਂ ਹਨ, ਇਸ ਬਾਬਤ ਅਸੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਈਵੀਐੱਫ ਸਲਾਹਕਾਰ ਡਾ. ਹਿਤੇਸ਼ਾ ਰਾਮਨਾਨੀ ਰੋਹਿਰਾ ਤੋਂ ਕਈ ਸਵਾਲ ਪੁੱਛੇ।

ਥਾਇਰਾਇਡ

ਕੀ ਥਾਇਰਾਇਡ ਰੋਗ ਹਮੇਸ਼ਾ ਬਾਂਝਪਨ ਦਾ ਕਾਰਣ ਬਣਦਾ ਹੈ?

ਡਾ. ਹਿਤੇਸ਼ਾ ਇਸ ਸਵਾਲ ਦਾ ਜਵਾਬ 'ਨਾਂਹ' ਵਿੱਚ ਦਿੰਦੇ ਹਨ। ਥਾਇਰਾਇਡ ਰੋਗ ਨਾਲ ਬਾਂਝਪਨ ਹੋਣਾ ਜ਼ਰੂਰੀ ਨਹੀਂ। ਜੇ ਔਰਤਾਂ ਦਾ ਥਾਇਰਾਇਡ ਕੰਟ੍ਰੋਲ ਵਿੱਚ ਹੈ ਤਾਂ ਉਹ ਸੁਭਾਵਿਕ ਤੌਰ 'ਤੇ ਗਰਭ ਧਾਰਨ ਕਰ ਸਕਦੀਆਂ ਹਨ। ਸਮੱਸਿਆ ਉਦੋਂ ਆਉਂਦੀ ਹੈ ਜਦੋਂ ਥਾਇਰਾਇਡ ਦਾ ਸਮੇਂ ਰਹਿੰਦਿਆਂ ਇਲਾਜ ਨਾ ਕੀਤਾ ਜਾਵੇ।

ਇਲਾਜ ਨਾ ਕਰਵਾਉਣ ਵਾਲੇ ਥਾਇਰਾਇਡ ਪੀੜਤ ਔਰਤਾਂ ਤੇ ਪੁਰਸ਼ਾਂ ਦੀ ਪ੍ਰਜਨਨ ਸਮੱਰਥਾ ਕਿਵੇਂ ਪ੍ਰਭਾਵਿਤ ਹੁੰਦੀ ਹੈ ?

ਡਾ. ਹਿਤੇਸ਼ਾ ਮੁਤਾਬਕ

ਔਰਤਾਂ ਵਿੱਚ:

  • ਓਵਿਊਲੇਸ਼ਨ 'ਚ ਰੁਕਾਵਟ
  • ਅਨਿਯਮਿਤ ਮਾਹਵਾਰੀ
  • ਗਰਭਪਾਤ ਦਾ ਖ਼ਤਰਾ

ਪੁਰਸ਼ਾਂ ਵਿੱਚ:

  • ਸ਼ੁਕਰਾਣੂਆਂ ਦੀ ਗਿਣਤੀ ਘਟਣਾ
  • ਗਤੀਸ਼ੀਲਤਾ ਵਿੱਚ ਕਮੀ
  • ਯੌਨ ਇੱਛਾ ਘਟਣਾ

"ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ ਪਰ ਜੇ ਸਮੇਂ ਸਿਰ ਇਲਾਜ ਕੀਤਾ ਜਾਵੇ ਤਾਂ ਪ੍ਰਜਨਨ ਸਮਰੱਥਾ ਵਿੱਚ ਸੁਧਾਰ ਆ ਸਕਦਾ ਹੈ। "

ਗਰਭਧਾਰਨ ਦੀ ਯੋਜਨਾ ਬਣਾਉਂਦੇ ਸਮੇਂ ਥਾਇਰਾਇਡ ਦੀ ਜਾਂਚ ਕਦੋਂ ਕਰਵਾਉਣੀ ਚਾਹੀਦੀ ਹੈ?

ਡਾ. ਹਿਤੇਸ਼ਾ ਮੁਤਾਬਕ, ਪ੍ਰੈਗਨੈਂਸੀ ਤੋਂ ਪਹਿਲਾਂ ਥਾਇਰਾਇਡ ਦੀ ਜਾਂਚ ਕਰਵਾਉਣਾ ਸਭ ਤੋਂ ਬਿਹਤਰ ਹੁੰਦਾ ਹੈ। ਖ਼ਾਸ ਤੌਰ 'ਤੇ ਜੇਕਰ-

ਪਰਿਵਾਰ ਵਿੱਚ ਥਾਇਰਾਇਡ ਦਾ ਇਤਿਹਾਸ ਰਿਹਾ ਹੋਵੇ

  • ਪਰਿਵਾਰ ਵਿੱਚ ਥਾਇਰਾਇਡ ਦਾ ਇਤਿਹਾਸ ਰਿਹਾ ਹੋਵੇ
  • ਮਾਹਵਾਰੀ ਅਨਿਯਮਿਤ ਹੋਵੇ
  • ਬਾਂਝਪਨ ਦੀ ਸਮੱਸਿਆ ਹੋਵੇ
  • ਪਹਿਲਾਂ ਗਰਭਪਾਤ ਹੋ ਚੁੱਕਿਆ ਹੋਵੇ

ਜਲਦੀ ਪਤਾ ਲੱਗਣ ਨਾਲ ਹਾਰਮੋਨਸ ਨੂੰ ਸੰਤੁਲਨ ਬਣਾਉਣ ਦਾ ਸਮਾਂ ਮਿਲਦਾ ਹੈ, ਜਿਸ ਨਾਲ ਗਰਭ ਅਵਸਥਾ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਥਾਇਰਾਇਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਫੈਲੀਆਂ ਗ਼ਲਤ ਜਾਣਕਾਰੀਆਂ

ਥਾਇਰਾਇਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਕਸਰ ਕਈ ਤਰ੍ਹਾਂ ਦੇ ਗ਼ਲਤ ਦਾਅਵੇ ਦੇਖਣ ਨੂੰ ਮਿਲਦੇ ਹਨ ਜਿਸ ਕਰਕੇ ਆਮ ਲੋਕਾਂ 'ਚ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਜਾਂਦੇ ਹਨ। ਇਨ੍ਹਾਂ ਦਾਅਵਿਆਂ ਨੂੰ ਲੈਕੇ ਬੀਬੀਸੀ ਨੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੀ ਸਲਾਹਕਾਰ ਐਂਡੋਕ੍ਰਨੋਲੋਜਿਸਟ ਡਾ. ਅਰਚਨਾ ਜੁਨੇਜਾ ਨੂੰ ਕਈ ਸਵਾਲ ਕੀਤੇ-

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਾਇਰਾਇਡ ਦਾ ਨਿਦਾਨ ਲੱਛਣਾਂ, ਮਰੀਜ਼ ਦੇ ਇਤਿਹਾਸ ਅਤੇ ਟੈਸਟਾਂ ਦੇ ਸੁਮੇਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ

ਕੀ ਹਰ ਤਰ੍ਹਾਂ ਦੇ ਥਾਇਰਾਇਡ ਦੀ ਜਾਂਚ ਲਈ ਸਿਰਫ ਇੱਕ ਸਧਾਰਨ ਥਾਇਰਾਇਡ ਟੈਸਟ ਕਾਫੀ ਹੈ?

ਡਾ. ਅਰਚਨਾ ਜੁਨੇਜਾ ਕਹਿੰਦੇ ਹਨ, "ਹਾਲਾਂਕਿ ਟੀਐੱਸਐੱਚ ਟੈਸਟ ਇੱਕ ਨਿਯਮਿਤ ਜਾਂਚ ਦੇ ਤੌਰ 'ਤੇ ਅਹਿਮ ਹੈ ਪਰ ਇਹ ਕਾਫੀ ਨਹੀਂ ਹੈ। ਕਦੇ-ਕਦੇ ਟੀਐੱਸਐੱਚ ਸਧਾਰਨ ਦਿਖਾਈ ਦਿੰਦਾ ਹੈ ਪਰ ਮਰੀਜ਼ ਨੂੰ ਫਿਰ ਵੀ ਥਾਇਰਾਇਡ ਦੀ ਸਮੱਸਿਆ ਹੋ ਸਕਦੀ ਹੈ। "

ਅਜਿਹੇ ਮਾਮਲਿਆਂ 'ਚ ਡਾਕਟਰ ਹੇਠਾਂ ਲਿਖੇ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ-

  • ਮੁਫ਼ਤ T3 ਅਤੇ T4
  • ਥਾਇਰਾਇਡ ਐਂਟੀਬਾਡੀ (ਖ਼ਾਸ ਤੌਰ 'ਤੇ ਆਟੋਇਮਊਨ ਬਿਮਾਰੀਆਂ ਲਈ)
  • ਅਲਟ੍ਰਾਸਾਊਂਡ ਜਾਂ ਹੋਰ ਇਮੇਜਿੰਗ ਟੈਸਟ

ਇਸ ਲਈ, ਥਾਇਰਾਇਡ ਦਾ ਨਿਦਾਨ ਸਿਰਫ਼ ਇੱਕ ਨੰਬਰ ਦੇ ਆਧਾਰ 'ਤੇ ਨਹੀਂ ਕੀਤਾ ਜਾਂਦਾ, ਸਗੋਂ ਲੱਛਣਾਂ, ਮਰੀਜ਼ ਦੇ ਇਤਿਹਾਸ ਅਤੇ ਟੈਸਟਾਂ ਦੇ ਸੁਮੇਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ।

ਥਾਇਰਾਇਡ

ਤਸਵੀਰ ਸਰੋਤ, Getty Images

ਇਹ ਧਾਰਨਾ ਕਿਉਂ ਹੈ ਕਿ ਥਾਇਰਾਇਡ ਦੀਆਂ ਗੋਲੀਆਂ ਸਾਰੀ ਉਮਰ ਲੈਣੀਆਂ ਪੈਂਦੀਆਂ ?

ਡਾ. ਅਰਚਨਾ ਜੁਨੇਜਾ ਕਹਿੰਦੇ ਹਨ ਕਿ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ।

ਉਹ ਕਹਿੰਦੇ ਹਨ, "ਕੁਝ ਕੇਸਾਂ, ਖਾਸ ਤੌਰ 'ਤੇ ਆਟੋਇਮਊਨ ਹਾਈਪੋਥਾਇਰਾਇਡਿਜ਼ਮ ਲਈ ਲੰਬੇ ਸਮੇਂ ਤੱਕ ਇਲਾਜ ਕਰਵਾਉਣ ਦੀ ਲੋੜ ਹੁੰਦੀ ਹੈ ਪਰ ਹਰ ਥਾਇਰਾਇਡ ਸਥਾਈ ਨਹੀਂ ਹੁੰਦਾ। "

ਕਈ ਵਾਰ ਥਾਇਰਾਇਡ ਅਸਥਾਈ ਤੌਰ 'ਤੇ ਵਿਗੜ ਜਾਂਦਾ ਹੈ। ਤਣਾਅ, ਪ੍ਰੈਗਨੈਂਸੀ, ਵਾਇਰਲ ਅਤੇ ਕੁਝ ਦਵਾਈਆਂ ਦਾ ਮਾੜਾ ਅਸਰ ਇਸਦੇ ਕਾਰਨ ਹੋ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਕੁਝ ਸਮੇਂ ਤੱਕ ਨਿਗਰਾਨੀ ਅਤੇ ਛੋਟੇ-ਮੋਟੇ ਬਦਲਾਅ ਜ਼ਰੀਏ ਸਥਿਤੀ 'ਚ ਸੁਧਾਰ ਲਿਆਇਆ ਜਾ ਸਕਦਾ ਹੈ।

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਾਇਰਾਇਡ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੀ ਕਈ ਕੁਝ ਚੱਲ ਰਿਹਾ ਹੈ

ਥਾਇਰਾਇਡ ਹੋਣ 'ਤੇ ਜੀਵਨਸ਼ੈਲੀ ਨਾਲ ਜੁੜੀਆਂ ਕਿਹੜੀਆਂ ਗਲਤ ਧਾਰਨਾਵਾਂ ਸੋਸ਼ਲ ਮੀਡੀਆ 'ਤੇ ਪ੍ਰਚਲਿਤ ਹਨ?

ਡਾ. ਜੁਨੇਜਾ ਕਹਿੰਦੇ ਹਨ ਕਿ ਅਕਸਰ ਸੋਸ਼ਲ ਮੀਡੀਆ 'ਤੇ ਇਹ ਦਾਅਵੇ ਦੇਖਣ ਨੂੰ ਮਿਲਦੇ ਹਨ ਕਿ ਕੁਦਰਤੀ ਇਲਾਜ ਥਾਇਰਾਇਡ ਨੂੰ ਠੀਕ ਕਰ ਸਕਦੇ ਹਨ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਦਾਅਵਿਆਂ ਨੂੰ ਲੈਕੇ ਸਬੂਤਾਂ ਦੀ ਘਾਟ ਹੈ।

"ਅਜਿਹੀਆਂ ਗ਼ਲਤ ਧਾਰਨਾਵਾਂ ਹਨ ਕਿ ਗਲੂਟਨ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ, ਆਇਓਡੀਨ ਸਪਲੀਮੈਂਟ ਲੈਣੇ ਚਾਹੀਦੇ ਹਨ, ਯੋਗਾ ਕਰਨਾ ਚਾਹੀਦਾ, ਡਿਟੌਕਸ ਡ੍ਰਿੰਕਸ ਜਾਂ ਹਰਬਲ ਦਵਾਈਆਂ ਲੈਣੀਆਂ ਚਾਹੀਦੀਆਂ ਹਨ, ਇਹ ਥਾਇਰਾਇਡ ਦੇ ਇਲਾਜ ਦਾ ਹਿੱਸਾ ਹਨ। ਦਵਾਈਆਂ 'ਖ਼ਰਾਬ' ਹੁੰਦੀਆਂ ਹਨ ਅਤੇ ਇਨ੍ਹਾਂ ਤੋਂ ਬਚਣਾ ਚਾਹੀਦਾ, ਇਹ ਵੀ ਇੱਕ ਗ਼ਲਤ ਧਾਰਨਾ ਹੈ।"

ਹਾਲਾਂਕਿ ਉਹ ਕਹਿੰਦੇ ਹਨ ਕਿ ਜੀਵਨਸ਼ੈਲੀ ਵਿੱਚ ਕੀਤੇ ਬਦਲਾਅ ਮਦਦਗਾਰ ਸਾਬਿਤ ਹੋ ਸਕਦੇ ਹਨ ਪਰ ਜੇਕਰ ਹਾਰਮੋਨ ਦਾ ਪੱਧਰ ਬਹੁਤ ਵੱਧ ਜਾਂ ਘੱਟ ਜਾਵੇ ਤਾਂ ਅਜਿਹੇ ਕੋਈ ਵੀ ਉਪਾਅ, ਦਵਾਈਆਂ ਦਾ ਬਦਲ ਨਹੀਂ ਹੋ ਸਕਦੇ।

ਸਿਰਫ਼ ਭੋਜਨ ਨਾਲ ਥਾਇਰਾਇਡ ਠੀਕ ਹੋ ਸਕਦਾ, ਇਹ ਧਾਰਨਾ ਖਤਰਨਾਕ ਕਿਉਂ ?

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਾਜ ਵਿੱਚ ਥਾਇਰਾਇਡ ਨਾਲ ਜੁੜੀ ਸਭ ਤੋਂ ਆਮ ਗ਼ਲਤਫਹਿਮੀ ਇਹ ਹੈ ਕਿ ਇਸ ਨੂੰ ਕੁਦਰਤੀ ਲੱਛਣਾਂ ਨਾਲ ਜੋੜ ਦਿੱਤਾ ਜਾਂਦਾ ਹੈ, ਇਨ੍ਹਾਂ ਵਜ਼ਨ ਵਧਣਾ ਵੀ ਸ਼ਾਮਲ ਹੈ

ਡਾ. ਜੁਨੇਜਾ ਕਹਿੰਦੇ ਹਨ, "ਥਾਇਰਾਇਡ ਲਈ ਪੌਸ਼ਟਿਕ ਭੋਜਨ ਨਿਸ਼ਚਿਤ ਤੌਰ 'ਤੇ ਮਦਦਗਾਰ ਹੁੰਦਾ ਪਰ ਸਿਰਫ ਇਸ ਆਧਾਰ 'ਤੇ ਇਲਾਜ ਨਹੀਂ ਕੀਤਾ ਜਾ ਸਕਦਾ। ਖਾਸ ਤੌਰ 'ਤੇ ਹਾਈਪੋਥਾਇਰਾਇਡਿਜ਼ਮ ਵਿੱਚ, ਸਮੱਸਿਆ ਪੌਸ਼ਕ ਤੱਤਾਂ ਦੀ ਘਾਟ ਕਰਕੇ ਨਹੀਂ ਹੁੰਦੀ ਬਲਕਿ ਇਸਦੀ ਮੂਲ ਵਜ੍ਹਾ ਇਹ ਹੈ ਕਿ ਗ੍ਰੰਥੀ ਸਹੀ ਤਰੀਕੇ ਨਾਲ ਹਾਰਮੋਨ ਪੈਦਾ ਨਹੀਂ ਕਰ ਪਾ ਰਹੀ। "

ਥਾਇਰਾਇਡ ਬਾਰੇ ਆਮ ਗ਼ਲਤ ਧਾਰਨਾਵਾਂ

ਥਾਇਰਾਇਡ ਨੂੰ ਲੈ ਕੇ ਕਈ ਗ਼ਲਤ ਧਾਰਨਾਵਾਂ ਪ੍ਰਚਲਿਤ ਹਨ ਜਿਸ ਕਰਕੇ ਲੋਕ ਇਲਾਜ 'ਚ ਦੇਰੀ ਕਰਦੇ ਹਨ। ਬੀਬੀਸੀ ਨੇ ਅਜਿਹੀਆਂ ਧਾਰਨਾਵਾਂ ਬਾਰੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ, ਨਵੀਂ ਮੁੰਬਈ 'ਚ ਇੰਟਰਨਲ ਮੈਡੀਸਨ ਅਤੇ ਜਨਰਲ ਮੈਡੀਸਨ ਦੇ ਸਲਾਹਕਾਰ ਡਾ. ਚੇਤਨਿਆ ਕੁਲਕਰਣੀ ਤੋਂ ਕੁਝ ਸਵਾਲ ਪੁੱਛੇ -

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਾਇਰਾਇਡ ਨੂੰ ਲੈ ਕੇ ਕਈ ਗ਼ਲਤ ਧਾਰਨਾਵਾਂ ਪ੍ਰਚਲਿਤ ਹਨ ਜਿਸ ਕਰਕੇ ਲੋਕ ਇਲਾਜ 'ਚ ਦੇਰੀ ਕਰਦੇ ਹਨ

ਧਾਰਨਾ 1: ਥਾਇਰਾਇਡ ਕਾਰਨ ਵਜ਼ਨ ਬਹੁਤ ਜ਼ਿਆਦਾ ਵੱਧਦਾ ਹੈ।

ਜਵਾਬ: ਵਜ਼ਨ ਵਿੱਚ ਬਦਲਾਅ ਆਮ ਤੌਰ 'ਤੇ ਮਾਮੂਲੀ ਹੁੰਦਾ ਹੈ। ਹਾਈਪੋਥਾਇਰਾਇਡਿਜ਼ਮ ਵਿੱਚ ਵਜ਼ਨ 2-5 ਕਿਲੋ ਤੱਕ ਵੱਧ ਸਕਦਾ ਹੈ ਅਤੇ ਇਸ ਵਜ਼ਨ ਦਾ ਜ਼ਿਆਦਾਤਰ ਹਿੱਸਾ ਸਰੀਰ 'ਚ ਤਰਲ ਪਦਾਰਥ ਇਕੱਠਾ ਹੋਣ ਕਾਰਨ ਹੁੰਦਾ ਹੈ। ਕਈ ਮਰੀਜ਼ਾਂ ਦਾ ਵਜ਼ਨ ਆਮ ਵੀ ਹੁੰਦਾ ਹੈ।

ਧਾਰਨਾ 2: ਥਾਇਰਾਇਡ ਰੋਗ ਸਿਰਫ਼ ਔਰਤਾਂ ਨੂੰ ਪ੍ਰਭਾਵਿਤ ਕਰਦੇ ਹਨ।

ਜਵਾਬ: ਹਾਲਾਂਕਿ ਔਰਤਾਂ 'ਚ ਥਾਇਰਾਇਡ ਦੇ ਕੇਸ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਪਰ ਪੁਰਸ਼ਾਂ ਅਤੇ ਬੱਚਿਆਂ ਨੂੰ ਵੀ ਥਾਇਰਾਇਡ ਸਬੰਧੀ ਬਿਮਾਰੀਆਂ ਹੋ ਸਕਦੀ ਹਨ। ਇਸ ਤੋਂ ਸਪੱਸ਼ਟ ਹੈ ਕਿ ਇਹ ਕਿਸੇ ਵਿਸ਼ੇਸ਼ ਲਿੰਗ ਨਾਲ ਸਬੰਧਿਤ ਰੋਗ ਨਹੀਂ ਹੈ।

ਧਾਰਨਾ 3: ਆਇਓਡੀਨ ਸਪਲੀਮੈਂਟ ਲੈਣ ਨਾਲ ਥਾਇਰਾਇਡ ਠੀਕ ਹੋ ਜਾਂਦਾ ਹੈ।

ਜਵਾਬ: ਸਿਰਫ਼ ਆਇਓਡੀਨ ਦੀ ਘਾਟ ਕਾਰਨ ਹੋਣ ਵਾਲੇ ਰੋਗ ਹੀ ਆਇਓਡੀਨ ਨਾਲ ਠੀਕ ਹੁੰਦੇ ਹਨ। ਜ਼ਿਆਦਾਤਰ ਥਾਇਰਾਇਡ ਰੋਗ ਆਟੋਇਮਊਨ ਹੁੰਦੇ ਹਨ (ਜਿਵੇਂ ਹਾਸ਼ੀਮੋਟੋ ਰੋਗ ਜਾਂ ਗ੍ਰੇਵਸ ਰੋਗ) ਜਿਨ੍ਹਾਂ 'ਚ ਆਇਓਡੀਨ ਸਹਾਈ ਨਹੀਂ ਹੁੰਦਾ। ਇਸ ਦੇ ਉਲਟ, ਇਹ ਕਦੇ-ਕਦੇ ਸਥਿਤੀ ਨੂੰ ਹੋਰ ਵੀ ਖ਼ਰਾਬ ਕਰ ਸਕਦਾ ਹੈ।

ਧਾਰਨਾ 4: ਥਾਇਰਾਇਡ ਨੂੰ ਆਸਾਨੀ ਨਾਲ ਬਾਹਰੋਂ ਦੇਖਣ 'ਤੇ ਹੀ ਪਛਾਣਿਆ ਜਾ ਸਕਦਾ ਹੈ।

ਜਵਾਬ: ਕਈ ਮਰੀਜ਼ ਦੇਖਣ ਵਿੱਚ ਬਿਲਕੁੱਲ ਨਾਰਮਲ ਲੱਗਦੇ ਹਰ ਪਰ ਉਨ੍ਹਾਂ ਵਿੱਚ ਥਾਇਰਾਇਡ ਦੇ ਲੱਛਣ ਹੁੰਦੇ ਹਨ ਅਤੇ ਤਣਾਅ, ਥਕਾਨ ਜਾਂ ਉਮਰ ਨਾਲ ਸਬੰਧਿਤ ਬਦਲਾਵਾਂ ਨਾਲ ਮਿਲਦੇ-ਜੁਲਦੇ ਹੋ ਸਕਦੇ ਹਨ। ਇਸ ਲਈ ਇਹ ਗਲਤੀ ਨਾ ਕਰੋ।

ਧਾਰਨਾ 5: ਲੱਛਣ ਘੱਟ ਹੋਣ ਜਾਂ ਦਵਾਈ ਬੰਦ ਕਰਨ ਤੋਂ ਬਾਅਦ ਵੀ ਦਵਾਈਆਂ ਕੰਮ ਕਰਦੀਆਂ ਹਨ।

ਜਵਾਬ: ਜ਼ਿਆਦਾਤਰ ਥਾਇਰਾਇਡ ਸਬੰਧੀ ਰੋਗ, ਖ਼ਾਸ ਤੌਰ 'ਤੇ ਹਾਈਪੋਥਾਇਰਾਇਡਿਜ਼ਮ ਲਈ ਲੰਬੇ ਸਮੇਂ ਤੱਕ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ। ਜੇ ਦਵਾਈ ਅਚਾਨਕ ਬੰਦ ਕਰ ਦਿੱਤੀ ਜਾਵੇ ਤਾਂ ਹਾਰਮੋਨ ਬੇਕਾਬੂ ਹੋ ਜਾਂਦੇ ਹਨ ਅਤੇ ਸਮੱਸਿਆ ਫਿਰ ਤੋਂ ਗੰਭੀਰ ਹੋ ਜਾਂਦੀ ਹੈ।

ਥਾਇਰਾਇਡ ਅਤੇ ਮਾਨਸਿਕ ਸਿਹਤ

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਅਪਰਨਾ ਮੁਤਾਬਕ ਜਦੋਂ ਮਾਨਸਿਕ ਅਵਸਥਾ ਅਤੇ ਹੋਰ ਸਰੀਰਕ ਲੱਛਣ ਇਕੱਠੇ ਦਿਖਾਈ ਦੇਣ ਤਾਂ ਟੀਐਫਟੀ ਟੈਸਟ ਜ਼ਰੂਰੀ ਹੋ ਜਾਂਦਾ ਹੈ

ਥਾਇਰਾਇਡ ਹਾਰਮੋਨ ਅਤੇ ਮਾਨਸਿਕ ਸਿਹਤ ਆਪਸ ਵਿੱਚ ਗਹਿਰਾਈ ਨਾਲ ਜੁੜੇ ਹੋਏ ਹਨ। ਹਾਰਮੋਨ 'ਚ ਉਤਾਰ-ਚੜਾਅ ਮਾਨਸਿਕ ਸਥਿਤੀ, ਭਾਵਨਾਤਮਕ ਸਥਿਰਤਾ ਅਤੇ ਦਿਮਾਗੀ ਕਾਰਜਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ।

ਇਸ ਲਈ ਥਾਇਰਾਇਡ ਦੇ ਲੱਛਣਾਂ ਨੂੰ ਮਾਨਸਿਕ ਰੋਗਾਂ ਦੇ ਲੱਛਣਾਂ ਨਾਲ ਮਿਲਾਕੇ ਕਈ ਗ਼ਲਤ ਧਾਰਨਾਵਾਂ ਫੈਲਾਈਆਂ ਜਾਂਦੀਆਂ ਹਨ, ਅਜਿਹਾ ਡਾ. ਅਪਰਨਾ ਰਾਮਕ੍ਰਿਸ਼ਨਨ ਕਹਿੰਦੇ ਹਨ ਜੋ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਮਨੋਰੋਗੀ ਵਿਭਾਗ ਵਿੱਚ ਸਲਾਹਕਾਰ ਦੇ ਤੌਰ 'ਤੇ ਕੰਮ ਕਰਦੇ ਹਨ। ਬੀਬੀਸੀ ਨੇ ਅਜਿਹੀਆਂ ਧਾਰਨਾਵਾਂ ਬਾਰੇ ਉਨ੍ਹਾਂ ਤੋਂ ਵਿਸਥਾਰ ਨਾਲ ਜਵਾਬ ਲਏ।

1) ਥਾਇਰਾਇਡ ਵਿਗੜਨ ਅਤੇ ਚਿੰਤਾ ਜਾਂ ਡਿਪ੍ਰੈਸ਼ਨ ਵਿਚਾਲੇ ਕੀ ਸਬੰਧ ਹੈ ?

ਡਾ. ਅਪਰਨਾ ਦੱਸਦੇ ਹਨ, "ਥਾਇਰਾਇਡ ਹਾਰਮੋਨ (T3 ਅਤੇ T4) ਸੈਰੋਟੋਨਿਨ, ਡੋਪਾਮਾਈਨ, ਨੋਰਐਡ੍ਰੇਨਾਲਿਨ ਵਰਗੇ ਨਿਊਰੋਟ੍ਰਾਂਸਮੀਟਰ ਨੂੰ ਪ੍ਰਭਾਵਿਤ ਕਰਦੇ ਹਨ। ਇਹ ਹਾਰਮੋਨ ਦਿਮਾਗ ਵਿੱਚ ਖੂਨ ਦੇ ਪ੍ਰਵਾਹ, ਊਰਜਾ ਸ਼ਕਤੀ, ਨੀਂਦ, ਤਣਾਅ ਪ੍ਰਬੰਧਨ ਅਤੇ ਮਨੋਦਸ਼ਾ ਕੰਟਰੋਲ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਥਾਇਰਾਇਡ ਵਿੱਚ ਕੋਈ ਵੀ ਬਦਲਾਅ ਮਾਨਸਿਕ ਅਵਸਥਾ ਸਬੰਧੀ ਗੜਬੜ ਪੈਦਾ ਕਰ ਸਕਦਾ ਹੈ ਜਾਂ ਪਹਿਲਾਂ ਤੋਂ ਮੌਜੂਦ ਸਮੱਸਿਆਵਾਂ ਨੂੰ ਵਧਾ ਸਕਦਾ ਹੈ।"

ਹਾਈਪੋਥਾਇਰਾਇਡਿਜ਼ਮ ਰੋਗੀ 'ਚ ਨਜ਼ਰ ਆਉਣ ਵਾਲੇ ਸਧਾਰਨ ਮਨੋਵਿਗਿਆਨੀ ਲੱਛਣ

  • ਡਿਪ੍ਰੈਸ਼ਨ
  • ਦਿਮਾਗ਼ੀ ਧੁੰਦਲਾਪਨ
  • ਥਕਾਨ
  • ਨਿਰਾਸ਼ਾ
  • ਚਿੜਚਿੜਾਪਨ
  • ਇਲਾਜ-ਵਿਰੋਧੀ ਡਿਪ੍ਰੈਸ਼ਨ ਵੀ ਪਾਇਆ ਜਾਂਦਾ ਹੈ

ਹਾਈਪਰਥਾਇਰਾਇਡਿਜ਼ਮ ਰੋਗੀ 'ਚ ਨਜ਼ਰ ਆਉਣ ਵਾਲੇ ਸਧਾਰਨ ਮਨੋਵਿਗਿਆਨੀ ਲੱਛਣ

  • ਗੰਭੀਰ ਚਿੰਤਾ
  • ਬਹੁਤ ਗੁੱਸਾ ਆਉਣਾ
  • ਬੇਚੈਨੀ
  • ਨੀਂਦ ਨਾ ਆਉਣਾ
  • ਬਹੁਤ ਉੱਤੇਜਿਤ ਮਹਿਸੂਸ ਕਰਨਾ
  • ਕਦੇ-ਕਦੇ ਹਾਈਪੋਮੇਨੀਆ

ਗਲਤੀ ਨਾਲ ਉਨ੍ਹਾਂ ਨੂੰ ਪੈਨਿਕ ਡਿਸਆਰਡਰ ਜਾਂ ਬਾਈਪੋਲਰ ਡਿਸਆਰਡਰ ਦਾ ਸ਼ਿਕਾਰ ਸਮਝ ਲਿਆ ਜਾਂਦਾ ਹੈ

ਡਾ. ਅਪਰਨਾ ਮੁਤਾਬਕ ਜਦੋਂ ਮਾਨਸਿਕ ਅਵਸਥਾ ਅਤੇ ਹੋਰ ਸਰੀਰਕ ਲੱਛਣ ਇਕੱਠੇ ਦਿਖਾਈ ਦੇਣ ਤਾਂ ਟੀਐਫਟੀ ਟੈਸਟ ਜ਼ਰੂਰੀ ਹੋ ਜਾਂਦਾ ਹੈ।

ਥਾਇਰਾਇਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਅਪਰਨਾ ਦੱਸਦੇ ਹਨ ਕਿ ਥਾਇਰਾਇਡ ਰੋਗ ਦਾ ਇਲਾਜ ਕਰਨ 'ਤੇ ਮੂਡ ਵਿੱਚ ਸੁਧਾਰ ਹੁੰਦਾ ਹੈ ਇਸਲਈ ਕਈ ਲੋਕ ਸੋਚਦੇ ਹਨ ਕਿ ਇਹ ਸਮੱਸਿਆ ਦੀ ਵਜ੍ਹਾ ਹੋਵੇਗਾ

2) ਕੀ ਮਾਨਸਿਕ ਸਿਹਤ ਦੇ ਲੱਛਣਾਂ ਨੂੰ ਅਕਸਰ ਥਾਇਰਾਇਡ ਦੀ ਸਮੱਸਿਆ ਨਾਲ ਜੋੜ ਲਿਆ ਜਾਂਦਾ ਹੈ?

ਡਾ. ਅਪਰਨਾ ਇਸ ਸਵਾਲ ਦਾ ਜਵਾਬ 'ਹਾਂ' ਵਿੱਚ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪੱਖਾਂ ਵਿੱਚ ਹੋ ਸਕਦਾ ਹੈ। ਥਾਇਰਾਇਡ ਅਤੇ ਮਾਨਸਿਕ ਸਿਹਤ ਦੇ ਲੱਛਣਾਂ 'ਚ ਕਈ ਸਮਾਨਤਾਵਾਂ ਹੁੰਦੀਆਂ ਹਨ।

ਡਾ. ਅਪਰਨਾ ਕਹਿੰਦੇ ਹਨ, "ਜੇ ਲੱਛਣ ਲੰਬੇ ਸਮੇਂ ਤੱਕ ਬਣੇ ਰਹਿਣ ਅਤੇ ਅਤੀਤ ਵਿੱਚ ਅਜਿਹੇ ਲੱਛਣਾਂ ਦਾ ਇਤਿਹਾਸ ਹੋਵੇ, ਪਰੇਸ਼ਾਨੀ ਦਾ ਇੱਕ ਸਪੱਸ਼ਟ ਕਾਰਨ ਹੈ ਅਤੇ ਜੇਕਰ ਫ੍ਰੀ ਟੀ3 ਅਤੇ ਟੀ4 ਨਾਰਮਲ ਹਨ ਤਾਂ ਮਨੋਵਿਗਿਆਨੀ ਤਣਾਅ ਦੀ ਸੰਭਾਵਨਾ ਹੋ ਸਕਦੀ ਹੈ। "

"ਜੇਕਰ ਲੱਛਣ ਅਚਾਨਕ ਸ਼ੁਰੂ ਹੁੰਦੇ ਹਨ ਅਤੇ ਪਹਿਲਾਂ ਤੋਂ ਕੋਈ ਮਾਨਸਿਕ ਬਿਮਾਰੀ ਦਾ ਇਤਿਹਾਸ ਨਹੀਂ ਹੈ, ਪ੍ਰਯੋਗਸ਼ਾਲਾ ਰਿਪੋਰਟ ਵਿੱਚ ਸਪੱਸ਼ਟ ਗਿਰਾਵਟ ਦਿਖਦੀ ਹੈ ਅਤੇ ਥਾਇਰਾਇਡ ਦੇ ਇਲਾਜ ਤੋਂ ਬਾਅਦ ਤੇਜ਼ੀ ਨਾਲ ਅਤੇ ਲਗਭਗ ਪੂਰਨ ਸੁਧਾਰ ਹੋ ਜਾਂਦਾ ਹੈ ਤਾਂ ਇਹ ਲੱਛਣ ਸੰਭਾਵੀ ਤੌਰ 'ਤੇ ਥਾਇਰਾਇਡ ਦੀ ਵਜ੍ਹਾ ਕਰਕੇ ਹਨ।"

3) ਲੋਕ ਅਜਿਹਾ ਕਿਉਂ ਮੰਨਦੇ ਹਨ ਕਿ ਹਰ ਮਾਨਸਿਕ ਸਿਹਤ ਸਮੱਸਿਆ ਦੀ ਵਜ੍ਹਾ ਥਾਇਰਾਇਡ ਹੈ?

ਡਾ. ਅਪਰਨਾ ਦੱਸਦੇ ਹਨ ਕਿ ਥਾਇਰਾਇਡ ਰੋਗ ਦਾ ਇਲਾਜ ਕਰਨ 'ਤੇ ਮੂਡ ਵਿੱਚ ਸੁਧਾਰ ਹੁੰਦਾ ਹੈ ਇਸਲਈ ਕਈ ਲੋਕ ਸੋਚਦੇ ਹਨ ਕਿ ਇਹ ਸਮੱਸਿਆ ਦੀ ਵਜ੍ਹਾ ਹੋਵੇਗਾ। ਅਤੇ ਮਾਨਸਿਕ ਰੋਗਾਂ ਨੂੰ ਅਜੇ ਵੀ ਸਮਾਜ ਵਿੱਚ ਪੂਰੀ ਤਰੀਕੇ ਨਾਲ ਸਵੀਕਾਰ ਨਹੀਂ ਕੀਤਾ ਗਿਆ। ਇਸ ਲਈ ਲੋਕ ਮਾਨਸਿਕ ਰੋਗਾਂ ਦੇ ਲੱਛਣਾਂ ਨੂੰ ਥਾਇਰਾਇਡ ਦੇ ਲੱਛਣਾਂ ਨਾਲ ਜੋੜ ਦਿੰਦੇ ਹਨ। ਪਰ ਹਰ ਚੀਜ਼ ਲਈ ਇਹ ਹੀ ਕਾਰਨ ਨੂੰ ਦੋਸ਼ ਦੇਣਾ ਗਲਤ ਹੈ।

ਡਾ. ਅਪਰਨਾ ਕਹਿੰਦੇ ਹਨ, "ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਸਹੀ ਢੰਗ ਨਾਲ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ 'ਤੇ ਹੀ ਅੱਗੇ ਆਪਣਾ ਇਲਾਜ ਕਰਵਾਓ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)