ਥਾਇਰਾਇਡ ਕੈਂਸਰ ਹੋਣ ਦੇ ਅਸਲ ਕਾਰਨ ਕੀ ਹਨ, ਕੀ ਵਧਦਾ ਵਜ਼ਨ ਵੀ ਬਣ ਸਕਦਾ ਖ਼ਤਰਾ, ਕਿਵੇਂ ਰਹੀਏ ਸਾਵਧਾਨ

ਥਾਇਰਾਇਡ ਗ੍ਰੰਥੀ ਗਲੇ ਦੇ ਹੇਠਾਂ ਐਡਮਜ਼ ਐਪਲ ਦੇ ਬਿਲਕੁਲ ਹੇਠਾਂ ਸਥਿਤ ਹੁੰਦੀ ਹੈ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਥਾਇਰਾਇਡ ਗ੍ਰੰਥੀ ਗਲੇ ਦੇ ਹੇਠਾਂ ਐਡਮਜ਼ ਐਪਲ ਦੇ ਬਿਲਕੁਲ ਹੇਠਾਂ ਸਥਿਤ ਹੁੰਦੀ ਹੈ (ਸੰਕੇਤਕ ਤਸਵੀਰ)
    • ਲੇਖਕ, ਜੈਸਮਿਨ ਫੌਕਸ-ਸਕੈਲੀ
    • ਰੋਲ, ਬੀਬੀਸੀ ਫਿਊਚਰ

ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਥਾਇਰਾਇਡ ਕੈਂਸਰ ਦੇ ਮਾਮਲੇ ਵੱਧ ਰਹੇ ਹਨ ਅਤੇ ਇਹ ਵਾਧਾ ਬਾਕੀ ਕੈਂਸਰ ਦੇ ਕੇਸਾਂ ਨਾਲੋਂ ਕਾਫ਼ੀ ਤੇਜ਼ ਹੈ।

ਅਮਰੀਕਾ ਵਿੱਚ ਥਾਇਰਾਈਡ ਕੈਂਸਰ ਦੀਆਂ ਦਰਾਂ ਕਿਸੇ ਹੋਰ ਕੈਂਸਰ ਨਾਲੋਂ ਤੇਜ਼ੀ ਨਾਲ ਵੱਧ ਰਹੀਆਂ ਹਨ। ਪਰ ਇਸ ਮਹਾਂਮਾਰੀ ਦੇ ਪਿੱਛੇ ਅਸਲ ਵਜ੍ਹਾ ਕੀ ਹੈ?

ਥਾਇਰਾਇਡ ਗਲੈਂਡ (ਗ੍ਰੰਥੀ) ਗਲੇ ਦੇ ਹੇਠਲੇ ਹਿੱਸੇ ਵਿੱਚ ਐਡਮਜ਼ ਐਪਲ ਦੇ ਬਿਲਕੁਲ ਹੇਠਾਂ ਸਥਿਤ ਹੁੰਦੀ ਹੈ। ਇਸਦਾ ਕੰਮ ਹਾਰਮੋਨ ਛੱਡਣਾ ਹੈ ਜੋ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਰੀਰ ਦੇ ਤਾਪਮਾਨ ਅਤੇ ਭਾਰ ਨੂੰ ਕੰਟ੍ਰੋਲ ਕਰਦਾ ਹੈ।

ਥਾਇਰਾਈਡ ਕੈਂਸਰ ਉਦੋਂ ਹੁੰਦਾ ਹੈ ਜਦੋਂ ਥਾਇਰਾਈਡ ਗ੍ਰੰਥੀ ਦੇ ਅੰਦਰਲੇ ਸੈੱਲ ਬੇਕਾਬੂ ਹੋ ਕੇ ਵਧਣ ਲੱਗਦੇ ਹਨ ਅਤੇ ਵੱਖ ਹੋਣਾ ਸ਼ੁਰੂ ਹੋ ਜਾਂਦੇ ਹਨ। ਜਿਸ ਨਾਲ ਇੱਕ ਟਿਊਮਰ ਬਣ ਜਾਂਦਾ ਹੈ। ਇਹ ਅਸਧਾਰਨ ਸੈੱਲ ਆਲੇ-ਦੁਆਲੇ ਦੇ ਟਿਸ਼ੂਜ਼ 'ਚ ਦਾਖਲ ਹੋ ਸਕਦੇ ਹਨ ਅਤੇ ਕਈ ਵਾਰ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਜਾਂਦੇ ਹਨ।

ਹਾਲਾਂਕਿ ਥਾਇਰਾਈਡ ਕੈਂਸਰ ਦੇ ਜ਼ਿਆਦਾਤਰ ਮਾਮਲੇ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਫਿਰ ਵੀ ਸਿਹਤ ਮਾਹਿਰ ਇਸ ਬਿਮਾਰੀ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਲੈ ਕੇ ਚਿੰਤਤ ਹਨ।

ਅਮਰੀਕਾ ਦੇ ਸਰਵੇਲੈਂਸ, ਐਪੀਡੈਮਿਓਲੋਜੀ ਐਂਡ ਰਿਜ਼ਲਟਸ - 'ਸੀਅਰ' ਅਨੁਸਾਰ, 1980 ਤੋਂ 2016 ਦੇ ਵਿਚਕਾਰ ਅਮਰੀਕਾ ਵਿੱਚ ਥਾਇਰਾਈਡ ਕੈਂਸਰ ਦੇ ਮਾਮਲੇ ਤਿੰਨ ਗੁਣਾ ਤੋਂ ਵੀ ਜ਼ਿਆਦਾ ਵਧ ਗਏ ਹਨ। ਇਹ ਦਰ ਇੱਕ ਲੱਖ ਪੁਰਸ਼ਾਂ ਮਗਰ 2.39 ਤੋਂ ਵੱਧ ਕੇ 7.54 ਹੋ ਗਈ ਅਤੇ ਮਹਿਲਾਵਾਂ ਵਿੱਚ ਇਹ ਦਰ ਇੱਕ ਲੱਖ ਪਿੱਛੇ 6.15 ਤੋਂ ਵੱਧ ਕੇ 21.28 ਤੱਕ ਪਹੁੰਚ ਗਈ।

ਥਾਇਰਾਇਡ

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸੈਨ ਫ਼੍ਰਾਂਸਿਸਕੋ ਦੇ ਇੰਡੋਕ੍ਰਾਈਨ ਸਰਜਨ ਸੈਂਜ਼ੀਆਨਾ ਰੋਮਨ ਕਹਿੰਦੇ ਹਨ, ''ਦਵਾਈ ਦੇ ਖੇਤਰ ਵਿੱਚ ਇੰਨੀ ਤਰੱਕੀ ਹੋਣ ਦੇ ਬਾਵਜੂਦ ਥਾਇਰਾਈਡ ਕੈਂਸਰ ਅਜੇ ਵੀ ਉਨ੍ਹਾਂ ਕੁੱਝ ਕੈਂਸਰਾਂ ਵਿੱਚੋਂ ਇੱਕ ਹੈ ਜਿਸ ਦੇ ਮਾਮਲੇ ਸਮੇਂ ਦੇ ਨਾਲ ਲਗਾਤਾਰ ਵਧਦੇ ਜਾ ਰਹੇ ਹਨ।"

ਥਾਇਰਾਈਡ ਕੈਂਸਰ ਦੇ ਵਾਧੇ ਦੀ ਅਸਲ ਵਜ੍ਹਾ ਕੀ ਹੈ?

ਲੰਬੇ ਸਮੇਂ ਤੋਂ ਇਹ ਪਤਾ ਹੈ ਕਿ ਬਚਪਨ ਵਿੱਚ ਵੱਡੀ ਮਾਤਰਾ 'ਚ ਆਇਓਨਾਈਜ਼ਿੰਗ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ ਨਾਲ ਥਾਇਰਾਇਡ ਕੈਂਸਰ ਹੋ ਸਕਦਾ ਹੈ।

1986 ਦੇ ਚੇਰਨੋਬਿਲ ਪਰਮਾਣੂ ਹਾਦਸੇ ਤੋਂ ਬਾਅਦ ਦੇ ਸਾਲਾਂ ਵਿੱਚ ਬੇਲਾਰੂਸ, ਯੂਕਰੇਨ ਅਤੇ ਰੂਸ ਦੇ ਬੱਚਿਆਂ ਵਿੱਚ ਇਸ ਬਿਮਾਰੀ ਦੀ ਦਰ ਬਹੁਤ ਤੇਜ਼ੀ ਨਾਲ ਵਧ ਗਈ ਸੀ।

ਇੱਕ ਅਧਿਐਨ ਵਿੱਚ ਪਤਾ ਲੱਗਾ ਕਿ ਜਪਾਨੀ ਪਰਮਾਣੂ-ਬੰਬ ਹਾਦਸੇ ਦੇ ਬਚੇ ਲੋਕਾਂ ਵਿੱਚ, 1958 ਤੋਂ ਬਾਅਦ ਦੇ ਲਗਭਗ 36% ਥਾਇਰਾਇਡ ਕੈਂਸਰ ਦੇ ਕੇਸਾਂ ਦਾ ਸਬੰਧ ਬਚਪਨ ਵਿੱਚ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ ਦਾ ਕਾਰਨ ਸੀ।

ਹਾਲਾਂਕਿ 1980 ਅਤੇ 1990 ਦੇ ਦਹਾਕਿਆਂ ਵਿੱਚ ਅਮਰੀਕਾ ਵਿੱਚ ਜਾਂ ਕਿਤੇ ਹੋਰ ਅਜਿਹੇ ਪਰਮਾਣੂ ਹਾਦਸੇ ਨਹੀਂ ਹੋਏ ਜੋ ਕੇਸਾਂ 'ਚ ਹੋ ਰਹੇ ਵਾਧੇ ਦੀ ਵਿਆਖਿਆ ਕਰ ਸਕਣ। ਪਹਿਲਾਂ ਤਾਂ ਸ਼ੁਰੂ ਵਿੱਚ ਮਾਹਿਰ ਹੈਰਾਨ ਸਨ ਪਰ ਆਖ਼ਿਰਕਾਰ ਇੱਕ ਸਪੱਸ਼ਟੀਕਰਨ ਸਾਹਮਣੇ ਆਇਆ ਕੀ ਬਿਹਤਰ ਡਾਇਗਨੋਜ਼ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ?

ਮੈਡੀਕਲ ਜਾਂਚ 'ਚ ਤਰੱਕੀ ਵਜ੍ਹਾ?

ਮਰੀਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਅਲਟਰਾਸੋਨੋਗ੍ਰਾਫੀ ਤਕਨੀਕ ਨਾਲ ਡਾਕਟਰ ਛੋਟੀਆਂ ਗੰਢਾਂ ਦਾ ਪਤਾ ਲਗਾ ਸਕਦੇ ਸਨ (ਸੰਕੇਤਕ ਤਸਵੀਰ)

1980 ਦੇ ਦਹਾਕੇ ਵਿੱਚ ਡਾਕਟਰਾਂ ਨੇ ਪਹਿਲੀ ਵਾਰ ਥਾਇਰਾਈਡ ਅਲਟਰਾਸੋਨੋਗ੍ਰਾਫੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਇੱਕ ਇਮੇਜਿੰਗ ਤਕਨੀਕ ਜੋ ਥਾਇਰਾਈਡ ਗਲੈਂਡ ਦੀਆਂ ਤਸਵੀਰਾਂ ਬਣਾਉਣ ਲਈ ਧੁਨੀ ਤਰੰਗਾਂ (ਸਾਊਂਡ ਵੇਵ) ਦੀ ਵਰਤੋਂ ਕਰਦੀ ਹੈ।

ਇਸ ਨਾਲ ਡਾਕਟਰਾਂ ਨੂੰ ਬਹੁਤ ਛੋਟੇ ਥਾਇਰਾਈਡ ਕੈਂਸਰਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੀ ਜੋ ਪਹਿਲਾਂ ਬਿਲਕੁਲ ਪਤਾ ਨਹੀਂ ਲੱਗਦੇ ਸਨ।

ਫਿਰ 1990 ਦੇ ਦਹਾਕੇ ਵਿੱਚ, ਡਾਕਟਰਾਂ ਨੇ ਉਨ੍ਹਾਂ ਗੰਢਾਂ 'ਚ ਗ੍ਰੰਥੀਆਂ ਦੀ ਜਾਂਚ ਕਰਨਾ ਸ਼ੁਰੂ ਕੀਤੀ, ਜਿਹਨਾਂ ਵਿੱਚ ਕੈਂਸਰ ਦਾ ਸ਼ੱਕ ਹੁੰਦਾ ਸੀ, ਇਸ ਤਕਨੀਕ ਨੂੰ ਫਾਈਨ ਨੀਡਲ ਐਸਪੀਰੇਸ਼ਨ ਬਾਇਓਪਸੀ ਕਿਹਾ ਜਾਂਦਾ ਹੈ।

''ਇਹਨਾਂ ਕੈਂਸਰਾਂ ਦੇ ਓਵਰਡਾਇਗਨੋਸਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਜ਼ਰੂਰਤ ਦੇ ਇਲਾਜ ਤੇ ਆਪ੍ਰੇਸ਼ਨ ਕਰਵਾਉਣੇ ਪਏ''

ਅਮਰੀਕਾ ਦੇ ਮੈਰੀਲੈਂਡ ਵਿੱਚ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਐਪੀਡੈਮੀਓਲੋਜਿਸਟ ਕੈਰੀ ਕਿਤਾਹਾਰਾ ਕਹਿੰਦੇ ਹਨ, "ਪਹਿਲਾਂ ਡਾਕਟਰ ਥਾਇਰਾਈਡ ਗ੍ਰੰਥੀ ਨੂੰ ਹੱਥ ਨਾਲ ਛੂਹ ਕੇ ਗੰਢਾਂ ਲੱਭਦੇ ਸਨ।"

"ਪਰ ਹੁਣ ਅਲਟਰਾਸੋਨੋਗ੍ਰਾਫੀ ਵਰਗੀਆਂ ਤਕਨੀਕਾਂ ਨਾਲ ਡਾਕਟਰ ਛੋਟੀਆਂ ਗੰਢਾਂ ਦਾ ਪਤਾ ਲਗਾ ਸਕਦੇ ਸਨ ਅਤੇ ਫਿਰ ਉਹਨਾਂ ਦੀ ਬਾਇਓਪਸੀ ਕਰ ਸਕਦੇ ਸਨ। ਇਸ ਨਾਲ ਛੋਟੇ ਆਕਾਰ ਦੇ ਪੈਪਿਲਰੀ ਥਾਇਰਾਈਡ ਕੈਂਸਰ ਵੀ ਪਤਾ ਲੱਗਣ ਲੱਗ ਪਏ ਜੋ ਪਹਿਲਾਂ ਹੱਥ ਨਾਲ ਖੋਜਣ 'ਤੇ ਵੀ ਨਹੀਂ ਲੱਭਦੇ ਸਨ।''

ਹੋਰ ਵੀ ਕਈ ਗੱਲਾਂ ਓਵਰ-ਡਾਇਗਨੋਸਿਸ ਥਿਊਰੀ ਦਾ ਸਮਰਥਨ ਕਰਦੀਆਂ ਹਨ। ਉਦਾਹਰਨ ਵਜੋਂ, ਜਦੋਂ ਥਾਇਰਾਇਡ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਸਨ ਤਾਂ ਥਾਇਰਾਇਡ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਸਥਿਰ ਹੀ ਰਹੀਆਂ ਸਨ।

ਇਸੇ ਤਰ੍ਹਾਂ ਦੱਖਣੀ ਕੋਰੀਆ ਵਿੱਚ ਜਦੋਂ ਸਰਕਾਰ ਨੇ ਸਾਰੀ ਆਬਾਦੀ ਦੀ ਥਾਇਰਾਈਡ ਸਕ੍ਰੀਨਿੰਗ ਸ਼ੁਰੂ ਕੀਤੀ ਤਾਂ ਕੈਂਸਰ ਦੇ ਮਾਮਲੇ ਵਧਣ ਲੱਗੇ ਅਤੇ ਜਦੋਂ ਇਹ ਟੈਸਟਿੰਗ ਘਟਾਈ ਗਿਆ ਤਾਂ ਮਾਮਲੇ ਫਿਰ ਤੋਂ ਘਟ ਗਏ।

ਕਿਤਾਹਾਰਾ ਕਹਿੰਦੇ ਹਨ, ''ਇਹ ਸਾਰੇ ਪੈਟਰਨ ਇੱਕੋ ਗੱਲ ਵੱਲ ਇਸ਼ਾਰਾ ਕਰਦੇ ਸਨ ਕਿ ਇਸ ਸਭ ਦਾ ਕਾਰਨ ਓਵਰਡਾਇਗਨੋਸਿਸ ਹੈ, ਯਾਨੀ ਅਜਿਹੇ ਕੈਂਸਰਾਂ ਦੀ ਵਧੇਰੇ ਜਾਂਚ ਹੋ ਰਹੀ ਹੈ ਜੋ ਸ਼ਾਇਦ ਜੇ ਲੱਭੇ ਹੀ ਨਾ ਜਾਂਦੇ ਤਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਅਜਿਹੇ ਲੱਛਣ ਨਾ ਆਉਂਦੇ ਅਤੇ ਨਾ ਹੀ ਮੌਤ ਦਾ ਕਾਰਨ ਬਣਦੇ'।'

ਅਸੀਂ ਹੁਣ ਜਾਣਦੇ ਹਾਂ ਕਿ ਛੋਟੇ ਪੈਪਿਲਰੀ ਥਾਇਰਾਈਡ ਕੈਂਸਰ ਆਮ ਤੌਰ ਤੇ ਬਹੁਤ ਹੌਲੀ-ਹੌਲੀ ਵਧਦੇ ਹਨ ਤੇ ਇਲਾਜ ਨਾਲ ਬਹੁਤ ਚੰਗੀ ਤਰ੍ਹਾਂ ਠੀਕ ਵੀ ਹੋ ਜਾਂਦੇ ਹਨ। ਇਹ ਘੱਟ ਹੀ ਜਾਨਲੇਵਾ ਹੁੰਦੇ ਹਨ ਅਤੇ ਮਰੀਜ਼ ਦੀ ਸਥਿਤੀ ਬਹੁਤ ਚੰਗੀ ਰਹਿੰਦੀ ਹੈ।

ਪਰ ਉਸ ਸਮੇਂ ਇਹਨਾਂ ਕੈਂਸਰਾਂ ਦੇ ਓਵਰਡਾਇਗਨੋਸਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਜ਼ਰੂਰਤ ਦੇ ਡਾਕਟਰੀ ਇਲਾਜ ਕਰਵਾਉਣੇ ਪੈ ਗਏ, ਜਿਸ ਵਿੱਚ ਥਾਇਰਾਈਡ ਗ੍ਰੰਥੀ ਨੂੰ ਪੂਰੀ ਤਰ੍ਹਾਂ ਹਟਾਉਣਾ ਅਤੇ ਫਿਰ ਬਾਕੀ ਰਹਿੰਦੇ ਸੈੱਲ ਨੂੰ ਹਟਾਉਣ ਲਈ ਰੇਡੀਓਐਕਟਿਵ ਆਇਓਡੀਨ ਨਾਲ ਇਲਾਜ ਕਰਨਾ ਸ਼ਾਮਲ ਸੀ।

ਸਰਜਰੀ ਕਈ ਵਾਰ ਵੋਕਲ ਕੋਰਡ ਪੈਰਾਲਿਸਿਸ ਦਾ ਕਾਰਨ ਬਣ ਸਕਦੀ ਹੈ, ਜਦਕਿ ਰੇਡੀਓਐਕਟਿਵ ਆਇਓਡੀਨ ਨਾਲ ਦੂਜੇ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਹੁਣ ਅਮਰੀਕਾ ਵਿੱਚ ਇਲਾਜ ਦੇ ਨਿਯਮ ਬਦਲ ਦਿੱਤੇ ਗਏ ਹਨ। ਰੇਡੀਓਐਕਟਿਵ ਆਇਓਡੀਨ ਸਿਰਫ਼ ਖ਼ਤਰਨਾਕ ਤੇ ਹਮਲਾਵਰ ਕੈਂਸਰਾਂ ਲਈ ਵਰਤੀ ਜਾਂਦੀ ਹੈ ਤੇ ਉਸ ਦੀ ਮਾਤਰਾ ਵੀ ਘੱਟ ਰੱਖੀ ਜਾਂਦੀ ਹੈ ਤਾਂ ਜੋ ਮਾੜੇ ਪ੍ਰਭਾਵਾਂ ਦਾ ਜੋਖਮ (ਸਾਈਡ ਇਫੈਕਟ) ਘੱਟ ਹੋਵੇ। ਪੂਰੀ ਗ੍ਰੰਥੀ ਕੱਢਣ ਦੀ ਬਜਾਏ ਹੁਣ ਡਾਕਟਰ ਅਕਸਰ ਸਿਰਫ਼ ਅੱਧੀ ਕੱਢਦੇ ਹਨ।

ਨਤੀਜੇ ਵਜੋਂ 'ਸੀਅਰ' ਦੇ ਸਭ ਤੋਂ ਨਵੇਂ ਅੰਕੜੇ ਦੱਸਦੇ ਨੇ ਕਿ ਅਮਰੀਕਾ ਵਿੱਚ ਥਾਇਰਾਈਡ ਕੈਂਸਰ ਦੇ ਨਵੇਂ ਮਾਮਲੇ ਹੁਣ ਸਥਿਰ ਹੋ ਗਏ ਹਨ।

ਉਦਾਹਰਨ ਦੇ ਤੌਰ 'ਤੇ ਸਾਲ 2010 ਵਿੱਚ ਪ੍ਰਤੀ ਇੱਕ ਲੱਖ ਲੋਕਾਂ ਵਿੱਚ ਔਸਤਨ 13.9 ਨਵੇਂ ਮਾਮਲੇ ਸਨ ਜਦਕਿ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2022 ਵਿੱਚ ਇੱਕ ਲੱਖ ਲੋਕਾਂ 'ਚ ਔਸਤਨ 14.1 ਨਵੇਂ ਕੇਸ ਦਰਜ ਕੀਤੇ ਗਏ ਹਨ।

ਰੋਮਨ ਸਾਂਜ਼ਿਆਨਾ ਦਾ ਕਹਿਣਾ ਹੈ ਕਿ ਥਾਇਰਾਇਡ ਕੈਂਸਰ ਦੇ ਮਾਮਲੇ ਦੁਨੀਆ ਦੇ ਉਹਨਾਂ ਖੇਤਰਾਂ ਵਿੱਚ ਵੀ ਵਧ ਰਹੇ ਹਨ ਜਿੱਥੇ ਸਕ੍ਰੀਨਿੰਗ ਪ੍ਰੋਗਰਾਮ ਮੌਜੂਦ ਵੀ ਨਹੀਂ ਹੈ।

ਥਾਇਰਾਇਡ
ਇਹ ਵੀ ਪੜ੍ਹੋ-

ਫਿਰ ਵੀ ਪਿਛਲੇ ਕੁਝ ਸਾਲਾਂ ਵਿੱਚ ਕਈ ਵਿਗਿਆਨੀ ਇਹ ਕਹਿ ਰਹੇ ਹਨ ਕਿ ਸਿਰਫ਼ ਓਵਰਡਾਇਗਨੋਸਿਸ ਹੀ ਸਾਰੇ ਵਾਧੇ ਦੀ ਵਜ੍ਹਾ ਨਹੀਂ ਹੋ ਸਕਦੀ।

ਇੱਕ ਅਧਿਐਨ ਵਿੱਚ ਇਟਲੀ ਦੀ ਯੂਨੀਵਰਸਿਟੀ ਆਫ਼ ਕੈਟਾਨੀਆ ਦੇ ਐਂਡੋਕ੍ਰਾਈਨੋਲੋਜੀ ਦੇ ਐਮਰੀਟਸ ਪ੍ਰੋਫੈਸਰ ਰਿਕਾਰਡੋ ਵਿਗਨੇਰੀ ਦਾ ਤਰਕ ਹੈ ਕਿ ਜੇ ਸਿਰਫ਼ ਓਵਰਡਾਇਗਨੋਸਿਸ ਹੀ ਕਾਰਨ ਹੁੰਦਾ ਤਾਂ ਅਮੀਰ ਦੇਸ਼ਾਂ ਵਿੱਚ ਜਿੱਥੇ ਡਾਇਗਨੋਜ਼ ਦੀਆਂ ਸਹੂਲਤਾਂ ਬਹੁਤ ਵਧੀਆ ਹਨ, ਉੱਥੇ ਥਾਇਰਾਇਡ ਕੈਂਸਰ ਦੇ ਮਾਮਲੇ ਸਭ ਤੋਂ ਵੱਧ ਵਧਦੇ। ਪਰ ਅਜਿਹਾ ਨਹੀਂ ਹੋ ਰਿਹਾ, ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਵੀ ਥਾਇਰਾਈਡ ਕੈਂਸਰ ਦੀ ਗਿਣਤੀ ਵਧ ਰਹੀ ਹੈ।

ਸਾਂਜ਼ਿਆਨਾ ਰੋਮਨ ਕਹਿੰਦੇ ਹਨ, ''ਥਾਇਰਾਈਡ ਕੈਂਸਰ ਦੇ ਮਾਮਲੇ ਉਨ੍ਹਾਂ ਥਾਵਾਂ ਅਤੇ ਇਲਾਕਿਆਂ ਵਿੱਚ ਵੀ ਵਧ ਰਹੇ ਨੇ ਜਿੱਥੇ ਵੱਡੇ ਪੱਧਰ ਤੇ ਸਕ੍ਰੀਨਿੰਗ ਨਹੀਂ ਹੁੰਦੀ।''

"ਵੱਡੇ ਤੇ ਗੰਭੀਰ ਟਿਊਮਰ ਬਾਰੇ ਵੀ ਹੁਣ ਜ਼ਿਆਦਾ ਪਤਾ ਲੱਗ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਦੋਵੇਂ ਚੀਜ਼ਾਂ ਇਕੱਠੀਆਂ ਵੇਖ ਰਹੇ ਹਾਂ, ਇੱਕ ਜਾਂਚ ਵਿੱਚ ਪੱਖਪਾਤ (ਡਿਟੈਕਸ਼ਨ ਬਾਇਸ) ਤੇ ਦੂਜਾ ਬਿਮਾਰੀ ਦੇ ਅਸਲ ਮਾਮਲਿਆਂ ਵਿੱਚ ਵਾਧਾ।"

ਇਸ ਤੋਂ ਇਲਾਵਾ, ਜਿਵੇਂ-ਜਿਵੇਂ ਥਾਇਰਾਈਡ ਕੈਂਸਰ ਸ਼ੁਰੂਆਤੀ ਸਟੇਜਾਂ ਵਿੱਚ ਹੀ ਪਤਾ ਲੱਗਣ ਲੱਗ ਪਿਆ ਤੇ ਇਲਾਜ ਦੇ ਨਤੀਜੇ ਵੀ ਬਿਹਤਰ ਹੋਣ ਲੱਗ ਪਏ। ਪ੍ਰੋਫੈਸਰ ਵਿਗਨੇਰੀ ਦਾ ਕਹਿਣਾ ਹੈ ਕਿ ਫਿਰ ਤਾਂ ਥਾਇਰਾਈਡ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਘਟਣੀ ਚਾਹੀਦੀ ਸੀ ਪਰ ਮੌਤ ਦਰ ਲਗਭਗ ਇੱਕੋ ਜਿਹੀ ਹੀ ਰਹੀ ਹੈ। ਪ੍ਰਤੀ ਲੱਖ ਵਿੱਚ ਲਗਭਗ 0.5 ਮਾਮਲੇ ਤੇ ਕੁਝ ਦੇਸ਼ਾਂ ਵਿੱਚ ਤਾਂ ਇਹ ਦਰ ਵਧ ਵੀ ਰਹੀ ਹੈ।

ਉਦਾਹਾਰ ਵਜੋਂ, ਇੱਕ ਅਧਿਐਨ ਵਿੱਚ ਕੈਲੀਫੋਰਨੀਆ ਵਿੱਚ ਉਨ੍ਹਾਂ 69 ਹਜ਼ਾਰ ਤੋਂ ਵੱਧ ਥਾਇਰਾਈਡ ਕੈਂਸਰ ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਨ੍ਹਾਂ ਦੀ ਡਾਇਗਨੋਜ਼ ਸਾਲ 2000 ਤੋਂ 2017 ਦੇ ਵਿਚਕਾਰ ਹੋਈ ਸੀ।

ਖੋਜਕਰਤਾਵਾਂ ਨੇ ਪਾਇਆ ਕਿ ਇਸ ਸਮੇਂ ਵਿੱਚ ਮਰੀਜ਼ਾਂ ਦੀ ਗਿਣਤੀ ਅਤੇ ਮੌਤ ਦੀ ਦਰ ਦੋਵਾਂ 'ਚ ਵਾਧਾ ਦੇਖਣ ਨੂੰ ਮਿਲਿਆ ਸੀ।

ਇਹ ਵਾਧਾ ਟਿਊਮਰ ਦੇ ਆਕਾਰ ਜਾਂ ਕੈਂਸਰ ਦੇ ਸਟੇਜ ਨਾਲ ਸਿੱਧਾ ਨਹੀਂ ਜੁੜਿਆ ਸੀ। ਇਸ ਤੋਂ ਪਤਾ ਲੱਗਿਆ ਕਿ ਛੋਟੇ ਟਿਊਮਰਾਂ ਦੀ ਬਿਹਤਰ ਡਾਇਗਨੋਜ਼ ਤੋਂ ਇਲਾਵਾ ਕੁਝ ਹੋਰ ਵੀ ਜ਼ਰੂਰੀ ਹੈ।

ਸਾਲ 2017 ਵਿੱਚ ਕਿਤਾਹਾਰਾ ਤੇ ਉਨ੍ਹਾਂ ਦੀ ਟੀਮ ਨੇ 1974-2013 ਦੇ ਵਿਚਕਾਰ ਡਾਇਗਨੋਜ਼ ਹੋਏ 77,000 ਤੋਂ ਵੱਧ ਥਾਇਰਾਈਡ ਕੈਂਸਰ ਮਰੀਜ਼ਾਂ ਦੇ ਮੈਡੀਕਲ ਰਿਕਾਰਡ ਵੀ ਜਾਂਚੇ ਸਨ।

ਨਤੀਜਿਆਂ ਵਿੱਚ ਪਤਾ ਲੱਗਾ ਕਿ, ਭਾਵੇਂ ਮਾਮਲਿਆਂ 'ਚ ਵੱਡਾ ਵਾਧਾ ਥਾਇਰਾਈਡ ਗ੍ਰੰਥੀ ਵਿੱਚ ਛੋਟੇ ਪੈਪਿਲਰੀ ਟਿਊਮਰਾਂ ਕਾਰਨ ਹੋਇਆ ਸੀ ਪਰ ਮੈਟਾਸਟੈਟਿਕ ਪੈਪਿਲਰੀ ਕੈਂਸਰਾਂ ਵਿੱਚ ਵੀ ਵਾਧਾ ਹੋਇਆ ਹੈ ਜੋ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਚੁੱਕੇ ਸਨ।

ਹਾਲਾਂਕਿ ਥਾਇਰਾਇਡ ਕੈਂਸਰ ਨਾਲ ਮੌਤਾਂ ਬਹੁਤ ਘੱਟ ਹੁੰਦੀਆਂ ਹਨ, ਸਟਡੀ 'ਚ ਇਹ ਵੀ ਪਾਇਆ ਗਿਆ ਕਿ ਇਸ ਦਾ ਅੰਕੜਾ ਹਾਰ ਸਾਲ 1.1 ਫੀਸਦ ਦੀ ਦਰ ਨਾਲ ਵੱਧ ਰਿਹਾ ਸੀ।

ਕਿਤਾਹਾਰਾ ਕਹਿੰਦੇ ਹਨ, "ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਵਧੇਰੇ ਹਮਲਾਵਰ ਟਿਊਮਰਾਂ ਦੇ ਵਾਧੇ ਪਿੱਛੇ ਕੋਈ ਹੋਰ ਕਾਰਨ ਹੋ ਸਕਦਾ ਹੈ।''

ਮੋਟਾਪੇ ਦਾ ਥਾਇਰਾਇਡ ਕੈਂਸਰ ਨਾਲ ਕੀ ਸਬੰਧ

ਭਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਖੋਜਾਂ ਜ਼ਿਆਦਾ ਭਾਰ ਅਤੇ ਥਾਇਰਾਇਡ ਕੈਂਸਰ ਦੇ ਜੋਖਮ ਵਿਚਕਾਰ ਸਬੰਧ ਦਿਖਾਉਂਦੀਆਂ ਹਨ

ਇਸ ਦੇ ਮੁੱਖ ਕਾਰਕਾਂ ਵਿੱਚੋਂ ਇੱਕ ਮੋਟਾਪਾ ਹੋ ਸਕਦਾ ਹੈ, ਜੋ 1980 ਦੇ ਦਹਾਕੇ ਤੋਂ ਵੱਧ ਰਿਹਾ ਹੈ ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ।

ਕਈ ਖੋਜਾਂ ਜ਼ਿਆਦਾ ਭਾਰ ਅਤੇ ਥਾਇਰਾਇਡ ਕੈਂਸਰ ਦੇ ਜੋਖਮ ਵਿਚਕਾਰ ਸਬੰਧ ਦਿਖਾਉਂਦੀਆਂ ਹਨ। ਹਾਈ ਬੀਐੱਮਆਈ ਵਾਲੇ ਲੋਕਾਂ ਵਿੱਚ ਸਿਹਤਮੰਦ ਬੀਐੱਮਆਈ ਵਾਲੇ ਵਿਅਕਤੀਆਂ ਨਾਲੋਂ ਥਾਇਰਾਇਡ ਕੈਂਸਰ ਹੋਣ ਦੀ ਸੰਭਾਵਨਾ 50 ਫੀਸਦ ਜ਼ਿਆਦਾ ਹੁੰਦੀ ਹੈ।

ਉੱਚ ਬੀਐੱਮਆਈ ਵੱਡੇ ਟਿਊਮਰ ਅਤੇ ਅਜਿਹੇ ਟਿਊਮਰ ਨਾਲ ਵੀ ਜੁੜਿਆ ਹੋਇਆ ਹੈ ਜੋ ਆਸਾਨੀ ਨਾਲ ਫੈਲਦੇ ਹਨ।

ਕਿਤਾਹਾਰਾ ਕਹਿੰਦੇ ਹਨ, "ਸਾਡੀ ਖੋਜ ਨੇ ਇਹ ਵੀ ਪਾਇਆ ਕਿ ਹਾਈ ਬੀਐੱਮਆਈ ਥਾਇਰਾਇਡ ਕੈਂਸਰ ਨਾਲ ਸਬੰਧਤ ਮੌਤ ਦੇ ਉੱਚ ਜੋਖਮ ਨਾਲ ਜੁੜਿਆ ਹੋਇਆ ਸੀ।''

ਮੋਟਾਪਾ ਥਾਇਰਾਇਡ ਕੈਂਸਰ ਦਾ ਕਾਰਨ ਕਿਵੇਂ ਬਣ ਸਕਦਾ ਹੈ ਇਹ ਸਪੱਸ਼ਟ ਨਹੀਂ ਹੈ। ਇੱਕ ਗੱਲ ਜੋ ਪਤਾ ਲੱਗੀ, ਉਹ ਇਹ ਹੈ ਕਿ ਮੋਟਾਪੇ ਵਾਲੇ ਲੋਕਾਂ ਵਿੱਚ ਥਾਇਰਾਈਡ ਡਿਸਫੰਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਉਦਾਹਰਨ ਵਜੋਂ, ਜਿਨ੍ਹਾਂ ਲੋਕਾਂ ਵਿੱਚ ਥਾਇਰਾਈਡ ਸਟਿਮੂਲੇਟਿੰਗ ਹਾਰਮੋਨ (ਟੀਐੱਸਐੱਚ) ਦਾ ਪੱਧਰ ਜ਼ਿਆਦਾ ਹੁੰਦਾ ਹੈ, ਉਨ੍ਹਾਂ ਦਾ ਬੀਐੱਮਆਈ ਵੀ ਜ਼ਿਆਦਾ ਹੁੰਦਾ ਹੈ। ਟੀਐੱਸਐੱਚ ਇੱਕ ਅਜਿਹਾ ਹਾਰਮੋਨ ਹੈ ਜੋ ਪਿਟਿਊਟਰੀ ਗ੍ਰੰਥੀ ਵਿੱਚ ਬਣਦਾ ਹੈ ਤੇ ਇਹ ਥਾਇਰਾਈਡ ਗ੍ਰੰਥੀ ਦੇ ਕੰਮ ਨੂੰ ਰੈਗੁਲੇਟ ਕਰਦਾ ਹੈ।

ਕਿਤਾਹਾਰਾ ਕਹਿੰਦੇ ਹਨ, "ਮੋਟਾਪੇ ਨਾਲ ਕਈ ਸਰੀਰਕ ਪ੍ਰਭਾਵ ਪੈਂਦੇ ਹਨ, ਇਸ ਲਈ ਇਨਫ਼ਲੇਮੇਸ਼ਨ, ਇਨਸੂਲਿਨ ਰੈਜ਼ਿਸਟੈਂਸ ਤੇ ਥਾਇਰਾਈਡ ਦੇ ਕੰਮ ਵਿੱਚ ਤਬਦੀਲੀਆਂ, ਇਹ ਸਾਰੀਆਂ ਚੀਜ਼ਾਂ ਥਾਇਰਾਈਡ ਕੈਂਸਰ ਦੇ ਵਿਕਾਸ ਵਿੱਚ ਆਪਣਾ ਰੋਲ ਅਦਾ ਕਰ ਸਕਦੀਆਂ ਹਨ।"

ਕੁਝ ਖ਼ਾਸ ਕਿਸਮ ਦੇ ਕੈਮੀਕਲ ਵੀ ਹੋ ਸਕਦੇ ਜ਼ਿੰਮੇਵਾਰ

ਵਿਗਿਆਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੂਖ਼ਮ ਤੱਤ (ਮਾਈਕ੍ਰੋਐਲੀਮੈਂਟਸ) ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ

ਇਸੇ ਤਰ੍ਹਾਂ ਬਹੁਤ ਸਾਰੇ ਵਿਗਿਆਨੀਆਂ ਨੂੰ ਸ਼ੱਕ ਹੈ ਕਿ ਘਰਾਂ ਵਿੱਚ ਰੋਜ਼ਾਨਾ ਵਰਤੀਆਂ ਜਾਂਦੀਆਂ ਚੀਜ਼ਾਂ ਤੇ ਜੈਵਿਕ ਕੀਟਨਾਸ਼ਕਾਂ ਵਿੱਚ ਮਿਲਣ ਵਾਲੇ "ਐਂਡੋਕ੍ਰਾਈਨ ਡਿਸਰਪਟਿੰਗ ਕੈਮੀਕਲਜ਼" (ਈਡੀਸੀ) ਇਸ ਦੇ ਲਈ ਜ਼ਿੰਮੇਵਾਰ ਹੋ ਸਕਦੇ ਹਨ।

ਇਹ ਅਜਿਹੇ ਰਸਾਇਣ ਹਨ ਜੋ ਸਰੀਰ ਦੇ ਹਾਰਮੋਨਾਂ ਦੀ ਨਕਲ ਕਰਦੇ ਹਨ, ਉਨ੍ਹਾਂ ਨੂੰ ਰੋਕਦੇ ਹਨ ਜਾਂ ਉਨ੍ਹਾਂ ਵਿੱਚ ਦਖਲ ਦਿੰਦੇ ਹਨ।

ਉਦਾਹਰਨ ਦੇ ਤੌਰ 'ਤੇ, ਪਰਫਲੂਓਰੋਆਕਟੇਨੋਇਕ ਐਸਿਡ ਅਤੇ ਪਰਫਲੂਓਰੋਆਕਟੇਨਸਲਫੋਨਿਕ ਐਸਿਡ ਜੋ ਬਰਤਨਾਂ, ਪੇਪਰ ਫੂਡ ਪੈਕੇਜਿੰਗ, ਪਰਸਨਲ ਕੇਅਰ ਪ੍ਰੋਡਕਟਸ ਤੇ ਅੱਗ ਬੁਝਾਉਣ ਵਾਲੇ ਫੋਮ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮਿਲਦੇ ਹਨ। ਹਾਲਾਂਕਿ ਇਨ੍ਹਾਂ ਰਸਾਇਣਾਂ ਨੂੰ ਥਾਇਰਾਈਡ ਕੈਂਸਰ ਨਾਲ ਜੋੜਨ ਵਾਲੇ ਸਬੂਤ ਮਿਲੇ-ਜੁਲੇ ਹਨ।

ਕੁਝ ਅਧਿਐਨ ਕਹਿੰਦੇ ਹਨ ਕਿ ਸੂਖ਼ਮ ਤੱਤ (ਮਾਈਕ੍ਰੋਐਲੀਮੈਂਟਸ) ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ। ਸੂਖ਼ਮ ਤੱਤ ਉਹ ਰਸਾਇਣਕ ਤੱਤ ਹੁੰਦੇ ਨੇ ਜਿਨ੍ਹਾਂ ਦੀ ਜੀਵਾਂ ਨੂੰ ਬਹੁਤ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ, ਪਰ ਥਾਇਰਾਈਡ ਦੇ ਕੰਮ ਲਈ ਇਹ ਜ਼ਰੂਰੀ ਵੀ ਹੁੰਦੇ ਹਨ।

ਕਿਤਾਹਾਰਾ ਕਹਿੰਦੇ ਹਨ, "ਟਾਪੂ ਵਾਲੇ ਦੇਸ਼ਾਂ ਵਿੱਚ ਥਾਇਰਾਈਡ ਕੈਂਸਰ ਦੀ ਦਰ ਸੱਚਮੁੱਚ ਬਹੁਤ ਜ਼ਿਆਦਾ ਹੈ।"

"ਜਵਾਲਾਮੁਖੀ ਫਟਣ ਨਾਲ ਜੁੜੇ ਸੂਖ਼ਮ ਤੱਤਾਂ ਬਾਰੇ ਬਹੁਤ ਸਾਰੇ ਅਨੁਮਾਨ ਲਗਾਏ ਜਾ ਰਹੇ ਹਨ। ਇਸ ਲਈ ਜ਼ਿੰਕ, ਕੈਡਮੀਅਮ ਤੇ ਵੈਨੇਡੀਅਮ ਵਰਗੇ ਕੁਝ ਹੋਰ ਰਸਾਇਣ ਇਨ੍ਹਾਂ ਵਾਤਾਵਰਨਾਂ ਵਿੱਚ ਮੌਜੂਦ ਪਾਏ ਗਏ ਹਨ ਤੇ ਉੱਥੇ ਥਾਇਰਾਈਡ ਕੈਂਸਰ ਦੀ ਦਰ ਵੀ ਕਾਫ਼ੀ ਜ਼ਿਆਦਾ ਹੈ, ਪਰ ਇਨ੍ਹਾਂ ਦੋਵਾਂ ਵਿੱਚ ਸਿੱਧਾ ਸਬੰਧ ਸਾਬਤ ਕਰਨ ਲਈ ਹਾਲੇ ਚੰਗੀ ਤਰ੍ਹਾਂ ਡਿਜ਼ਾਈਨ ਕੀਤੀਆਂ ਗਈਆਂ ਸਟੱਡੀਜ਼ ਨਹੀਂ ਹੋਈਆਂ।"

ਰੇਡੀਏਸ਼ਨ ਨਾਲ ਸਬੰਧ

ਮਰੀਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਟੀ ਸਕੈਨ ਥਾਇਰਾਈਡ ਗ੍ਰੰਥੀ ਉੱਤੇ ਰੇਡੀਏਸ਼ਨ ਦੀ ਹਾਈ ਡੋਜ਼ ਛੱਡਦੇ ਹਨ

ਹਲਾਂਕਿ ਕਿਤਾਹਾਰਾ ਦਾ ਮੰਨਣਾ ਹੈ ਕਿ ਇਸ ਦੀ ਇੱਕ ਹੋਰ ਵਿਆਖਿਆ ਵੀ ਹੋ ਸਕਦੀ ਹੈ, ਡਾਇਗਨੋਸਟਿਕ ਮੈਡੀਕਲ ਸਕੈਨਾਂ ਵਿੱਚੋਂ ਨਿਕਲਣ ਵਾਲੀ ਆਇਓਨਾਈਜ਼ਿੰਗ ਰੇਡੀਏਸ਼ਨ।

1980 ਦੇ ਦਹਾਕੇ ਤੋਂ ਬਾਅਦ ਖ਼ਾਸ ਕਰਕੇ ਅਮਰੀਕਾ ਵਿੱਚ, ਸੀਟੀ ਸਕੈਨ ਤੇ ਐਕਸ-ਰੇ ਸਕੈਨ ਬਹੁਤ ਜ਼ਿਆਦਾ ਵਧ ਗਏ ਹਨ ਤੇ ਇਸ ਵਿੱਚ ਬੱਚਿਆਂ ਦੇ ਸੀਟੀ ਸਕੈਨ ਵੀ ਸ਼ਾਮਲ ਹਨ। ਇਹ ਸੀਟੀ ਸਕੈਨ ਥਾਇਰਾਈਡ ਗ੍ਰੰਥੀ ਉੱਤੇ ਰੇਡੀਏਸ਼ਨ ਦੀ ਹਾਈ ਡੋਜ਼ ਛੱਡਦੇ ਹਨ।

ਹੋਰ ਸਟਡੀਜ਼, ਜਿਵੇਂ ਜਾਪਾਨ ਵਿੱਚ ਐਟਮ ਬੰਬ ਤੋਂ ਬਚੇ ਲੋਕਾਂ ਉੱਤੇ ਕੀਤੇ ਗਏ ਅਧਿਐਨਾਂ ਤੋਂ ਰੇਡੀਏਸ਼ਨ ਅਤੇ ਥਾਇਰਾਈਡ ਕੈਂਸਰ ਵਿਚਕਾਰ ਸਬੰਧ ਬਾਰੇ ਜੋ ਕੁਝ ਅਸੀਂ ਜਾਣਦੇ ਹਾਂ, ਉਸ ਨਾਲ ਅਸੀਂ ਅਜਿਹੇ ਰੇਡੀਏਸ਼ਨ ਦੇ ਪ੍ਰਭਾਵਾਂ ਦਾ ਮਾਡਲ ਬਣਾ ਸਕਦੇ ਹਾਂ।

ਉਦਾਹਰਨ ਵਜੋਂ, ਇੱਕ ਤਾਜ਼ਾ ਅਧਿਐਨ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਅੱਗੇ ਜਾ ਕੇ ਅਮਰੀਕਾ ਵਿੱਚ ਹਰ ਸਾਲ 3,500 ਥਾਇਰਾਈਡ ਕੈਂਸਰ ਦੇ ਮਾਮਲੇ ਸੀਟੀ ਸਕੈਨਾਂ ਦੀ ਵਧਦੀ ਵਰਤੋਂ ਕਾਰਨ ਹੋਣਗੇ।

ਕਿਤਾਹਾਰਾ ਕਹਿੰਦੇ ਹਨ, "ਬੱਚਿਆਂ ਦੀ ਥਾਇਰਾਈਡ ਗ੍ਰੰਥੀ ਵੱਡਿਆਂ ਦੀ ਗ੍ਰੰਥੀ ਨਾਲੋਂ ਰੇਡੀਏਸ਼ਨ ਦੇ ਪ੍ਰਭਾਵਾਂ ਪ੍ਰਤੀ ਕਿਤੇ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ।"

"ਇਸ ਲਈ ਇਹ ਸੰਭਵ ਹੈ ਕਿ ਸੀਟੀ ਸਕੈਨਾਂ ਦੀ ਵਧਦੀ ਵਰਤੋਂ ਅਮਰੀਕਾ ਤੇ ਦੂਜੀਆਂ ਥਾਵਾਂ ਉੱਤੇ ਥਾਇਰਾਈਡ ਕੈਂਸਰ ਦੀ ਵਧਦੀ ਦਰ ਵਿੱਚ ਥੋੜ੍ਹਾ-ਬਹੁਤ ਯੋਗਦਾਨ ਪਾ ਰਹੀ ਹੋਵੇ।"

ਤੇ ਇਹ ਵੀ ਸੰਭਵ ਹੈ ਕਿ ਇਨ੍ਹਾਂ ਸਾਰਿਆਂ ਕਾਰਕਾਂ ਦਾ ਮਿਲ ਕੇ ਕੁੱਝ ਰੋਲ ਹੋਵੇ।

ਰੋਮਨ ਕਹਿੰਦੇ ਹਨ, "ਸੰਭਵ ਹੈ ਕਿ ਅਸੀਂ ਕਈ ਤਰ੍ਹਾਂ ਦੇ ਕਾਰਕਾਂ ਨਾਲ ਜੁੜੀ ਘਟਨਾ ਵੇਖ ਰਹੇ ਹਾਂ, ਜਿਸ ਵਿੱਚ ਵਾਤਾਵਰਣ ਸੰਬੰਧੀ, ਮੈਟਾਬੌਲਿਕ, ਖੁਰਾਕ ਤੇ ਹਾਰਮੋਨਲ ਪ੍ਰਭਾਵ ਸ਼ਾਮਲ ਹਨ, ਜੋ ਸ਼ਾਇਦ ਜੈਨੇਟਿਕ ਸੰਵੇਦਨਸ਼ੀਲਤਾ ਨੂੰ ਵੀ ਪ੍ਰਭਾਵਿਤ ਕਰ ਰਹੇ ਹੋਣ।"

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)