ਭਾਰਤ 'ਚ ਕੈਂਸਰ ਪੀੜਤ ਔਰਤਾਂ ਵੱਧ, ਪਰ ਕੈਂਸਰ ਨਾਲ ਮਰਨ ਵਾਲਿਆਂ ਵਿੱਚ ਮਰਦ ਅੱਗੇ, ਜਾਣੋ ਕਿਉਂ

ਕੈਂਸਰ ਪੀੜਤ

ਤਸਵੀਰ ਸਰੋਤ, Getty Images

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਔਰਤਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਮਰਦਾਂ ਨਾਲੋਂ ਜ਼ਿਆਦਾ ਹੈ। ਪਰ ਇਸ ਬਿਮਾਰੀ ਨਾਲ ਮਰਨ ਦੀ ਸੰਭਾਵਨਾ ਮਰਦਾਂ ਵਿੱਚ ਵੱਧ ਪਾਈ ਗਈ ਹੈ।

ਦੇਸ਼ ਦੀ ਨਵੀਂ ਕੈਂਸਰ ਰਜਿਸਟਰੀ ਰਿਪੋਰਟ ਦਾ ਇਹ ਵਿਰੋਧਾਭਾਸ ਇਕ ਸਧਾਰਣ ਪਰ ਉਲਝੀ ਹੋਈ ਕਹਾਣੀ ਦਰਸਾਉਂਦਾ ਹੈ।

ਸਾਰੇ ਨਵੇਂ ਕੈਂਸਰ ਮਾਮਲਿਆਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਹਨ, ਪਰ ਮੌਤਾਂ ਦਾ ਵੱਡਾ ਹਿੱਸਾ ਮਰਦਾਂ ਦਾ ਹੁੰਦਾ ਹੈ।

ਬਾਕੀ ਦੁਨੀਆ ਨਾਲ ਤੁਲਨਾ ਕਰਨ 'ਤੇ ਭਾਰਤ ਦੀ ਸਥਿਤੀ ਕੁਝ ਵੱਖਰੀ ਜਾਪਦੀ ਹੈ।

ਸਾਲ 2022 ਵਿੱਚ ਦੁਨੀਆ ਭਰ ਵਿੱਚ ਹਰ 1,00,000 ਲੋਕਾਂ ਵਿੱਚ ਔਸਤ 197 ਨੂੰ ਕੈਂਸਰ ਹੋਇਆ। ਵਿਸ਼ਵ ਕੈਂਸਰ ਖੋਜ ਫੰਡ ਦੇ ਅਨੁਸਾਰ, ਮਰਦਾਂ ਦੀ ਸਥਿਤੀ ਔਰਤਾਂ ਨਾਲੋਂ ਬਦਤਰ ਸੀ — ਔਰਤਾਂ ਵਿੱਚ 186 ਮਾਮਲੇ, ਜਦਕਿ ਮਰਦਾਂ ਵਿੱਚ 212 ਸਨ।

ਉਸੇ ਸਾਲ ਵਿਸ਼ਵ ਪੱਧਰ 'ਤੇ ਲਗਭਗ 20 ਮਿਲੀਅਨ ਕੈਂਸਰ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ 10.3 ਮਿਲੀਅਨ ਮਰਦ ਤੇ 9.7 ਮਿਲੀਅਨ ਔਰਤਾਂ ਸਨ।

ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ, ਅਮਰੀਕਨ ਕੈਂਸਰ ਸੋਸਾਇਟੀ ਅਨੁਸਾਰ ਉੱਥੇ ਮਰਦ ਅਤੇ ਔਰਤਾਂ ਦੋਵਾਂ ਲਈ ਜੀਵਨ ਦੌਰਾਨ ਕੈਂਸਰ ਹੋਣ ਦਾ ਖ਼ਤਰਾ ਲਗਭਗ ਬਰਾਬਰ ਹੈ।

ਇਹ ਵੀ ਪੜ੍ਹੋ

ਭਾਰਤੀ ਔਰਤਾਂ ਵਿੱਚ ਛਾਤੀ, ਸਰਵੀਕਲ ਅਤੇ ਅੰਡਕੋਸ਼ ਕੈਂਸਰ ਸਭ ਤੋਂ ਆਮ ਹਨ। ਦਰਅਸਲ, ਔਰਤਾਂ ਵਿੱਚ 40% ਮਾਮਲੇ ਛਾਤੀ ਅਤੇ ਸਰਵੀਕਲ ਕੈਂਸਰ ਦੇ ਹੁੰਦੇ ਹਨ।

ਸਰਵਾਈਕਲ ਕੈਂਸਰ ਅਕਸਰ ਹਿਊਮਨ ਪੈਪੀਲੋਮਾਵਾਇਰਸ (HPV) ਵਰਗੀਆਂ ਲਾਗਾਂ ਨਾਲ ਜੁੜਿਆ ਹੁੰਦਾ ਹੈ, ਜਦਕਿ ਛਾਤੀ ਅਤੇ ਅੰਡਕੋਸ਼ ਕੈਂਸਰ ਵਧੇਰੇ ਹਾਰਮੋਨਲ ਕਾਰਕਾਂ ਨਾਲ ਸੰਬੰਧਿਤ ਹੁੰਦੇ ਹਨ।

ਹਾਰਮੋਨ-ਸਬੰਧਤ ਕੈਂਸਰਾਂ ਵਿੱਚ ਵਾਧਾ ਜੀਵਨਸ਼ੈਲੀ ਦੇ ਬਦਲਾਅ ਨਾਲ ਵੀ ਜੁੜਿਆ ਹੈ, ਜਿਵੇਂ ਦੇਰ ਨਾਲ ਗਰਭਧਾਰਣ, ਘੱਟ ਬ੍ਰੈਸਟਫੀਡਿੰਗ, ਮੋਟਾਪਾ ਅਤੇ ਬੈਠਣ ਵਾਲੀ ਜ਼ਿੰਦਗੀ।

ਮਰਦਾਂ ਵਿੱਚ ਸਭ ਤੋਂ ਆਮ ਕੈਂਸਰ ਮੂੰਹ, ਫੇਫੜਿਆਂ ਅਤੇ ਪ੍ਰੋਸਟੇਟ ਦੇ ਹਨ। ਕੇਵਲ ਤੰਬਾਕੂ ਹੀ 40% ਰੋਕਥਾਮਯੋਗ ਕੈਂਸਰਾਂ ਦਾ ਕਾਰਨ ਹੈ, ਖ਼ਾਸ ਤੌਰ 'ਤੇ ਮੂੰਹ ਅਤੇ ਫੇਫੜਿਆਂ ਦੇ।

ਇਹ ਸਵਾਲ ਮਹੱਤਵਪੂਰਨ ਹਨ: ਕੀ ਭਾਰਤ ਵਿੱਚ ਔਰਤਾਂ ਵਿੱਚ ਕੈਂਸਰ ਜ਼ਲਦੀ ਪਛਾਣਿਆ ਜਾਂਦਾ ਹੈ? ਕੀ ਮਰਦਾਂ ਦੇ ਕੈਂਸਰ ਜ਼ਿਆਦਾ ਖ਼ਤਰਨਾਕ ਹੁੰਦੇ ਹਨ? ਜਾਂ ਸਿਗਰਟਨੋਸ਼ੀ ਤੇ ਤੰਬਾਕੂ ਚਬਾਉਣ ਵਰਗੀਆਂ ਆਦਤਾਂ ਉਨ੍ਹਾਂ ਦੀ ਉਮਰ ਘਟਾਉਂਦੀਆਂ ਹਨ? ਜਾਂ ਫਿਰ ਮੁੱਦਾ ਜਾਗਰੂਕਤਾ, ਇਲਾਜ ਤੱਕ ਪਹੁੰਚ ਅਤੇ ਲਿੰਗ ਅੰਤਰ ਦਾ ਹੈ?

ਔਰਤਾਂ ਨੂੰ ਫਾਇਦਾ, ਮਰਦਾਂ ਲਈ ਖ਼ਤਰਾ

ਸਿਗਰਟਨੋਸ਼ੀ

ਤਸਵੀਰ ਸਰੋਤ, Gautam Bose

ਤਸਵੀਰ ਕੈਪਸ਼ਨ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਕਾਰਨ ਕੈਂਸਰ ਦਾ ਇਲਾਜ ਕਰਨਾ ਔਖਾ ਹੁੰਦਾ ਹੈ

ਜਾਗਰੂਕਤਾ ਪ੍ਰੋਗਰਾਮ ਅਤੇ ਬਿਹਤਰ ਸਿਹਤ ਸੇਵਾਵਾਂ ਕਰਕੇ ਔਰਤਾਂ ਵਿੱਚ ਕੈਂਸਰ ਦਾ ਪਤਾ ਜਲਦੀ ਲੱਗ ਜਾਂਦਾ ਹੈ।

ਜ਼ਿਆਦਾਤਰ ਕੈਂਸਰਾਂ ਦੇ ਲੱਛਣ ਦੇਰ ਨਾਲ ਸਾਹਮਣੇ ਆਉਂਦੇ ਹਨ, ਪਰ ਔਰਤਾਂ ਵਿੱਚ ਹੋਣ ਵਾਲੇ ਕੈਂਸਰ ਦੀਆਂ ਨਿਸ਼ਾਨੀਆਂ ਜਲਦੀ ਪਤਾ ਲੱਗ ਜਾਂਦੀਆਂ ਹਨ। ਇਸ ਲਈ ਔਰਤਾਂ ਵਿੱਚ ਇਲਾਜ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਅਤੇ ਮੌਤਾਂ ਘੱਟ ਹੁੰਦੀਆਂ ਹਨ।

ਮਰਦਾਂ ਦਾ ਹਾਲ ਵੱਖਰਾ ਹੈ। ਉਨ੍ਹਾਂ ਦੇ ਕੈਂਸਰ ਅਕਸਰ ਜੀਵਨਸ਼ੈਲੀ ਨਾਲ ਜੁੜੇ ਹੁੰਦੇ ਹਨ। ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਕਾਰਨ ਫੇਫੜਿਆਂ ਤੇ ਮੂੰਹ ਦੇ ਕੈਂਸਰ ਤੇਜ਼ੀ ਨਾਲ ਵਧਦੇ ਹਨ ਅਤੇ ਇਨ੍ਹਾਂ ਦਾ ਇਲਾਜ ਕਰਨਾ ਔਖਾ ਹੁੰਦਾ ਹੈ।

ਇਸ ਤੋਂ ਇਲਾਵਾ, ਮਰਦ ਨਿਯਮਤ ਸਿਹਤ ਜਾਂਚ ਨਹੀਂ ਕਰਵਾਉਂਦੇ ਜਾਂ ਮਦਦ ਲੈਣ ਵਿੱਚ ਦੇਰ ਕਰਦੇ ਹਨ। ਇਸ ਕਰਕੇ ਉਨ੍ਹਾਂ ਦੀ ਮੌਤ ਦਰ ਵੱਧ ਹੈ ਅਤੇ ਨਤੀਜੇ ਵੀ ਮਾੜੇ ਹੁੰਦੇ ਹਨ।

ਰਵੀ ਮਹਿਰੋਤਰਾ, ਕੈਂਸਰ ਮਾਹਰ ਅਤੇ (ਸੀਐੱਚਆਈਪੀ) ਫਾਊਂਡੇਸ਼ਨ ਦੇ ਮੁਖੀ, ਕਹਿੰਦੇ ਹਨ, "ਜਨਤਕ ਸਿਹਤ ਮੁਹਿੰਮਾਂ ਵਿੱਚ ਔਰਤਾਂ ਦੀ ਸਿਹਤ ਵੱਡਾ ਕੇਂਦਰ ਬਣ ਚੁੱਕੀ ਹੈ। ਵਧੇਰੇ ਜਾਗਰੂਕਤਾ ਅਤੇ ਜਾਂਚਾਂ ਕਾਰਨ ਕੈਂਸਰ ਜਲਦੀ ਪਤਾ ਲੱਗਦਾ ਹੈ। ਪਰ ਮਰਦਾਂ ਵਿੱਚ ਗੱਲਬਾਤ ਜ਼ਿਆਦਾਤਰ ਤੰਬਾਕੂ ਅਤੇ ਮੂੰਹ ਦੇ ਕੈਂਸਰ ਤੱਕ ਹੀ ਸੀਮਿਤ ਰਹਿੰਦੀ ਹੈ।"

ਉਨ੍ਹਾਂ ਦਾ ਕਹਿਣਾ ਹੈ, "ਔਰਤਾਂ, ਪ੍ਰਜਨਨ ਸਿਹਤ ਜਾਂਚਾਂ ਕਾਰਨ ਹੀ ਸਹੀ, ਜ਼ਿਆਦਾ ਸੰਭਾਵਨਾ ਰੱਖਦੀਆਂ ਹਨ ਕਿ ਕਿਸੇ ਪੜਾਅ 'ਤੇ ਡਾਕਟਰ ਨੂੰ ਮਿਲਣ। ਪਰ ਬਹੁਤ ਸਾਰੇ ਮਰਦ ਆਪਣੀ ਜ਼ਿੰਦਗੀ ਬਿਨਾਂ ਕਿਸੇ ਡਾਕਟਰ ਨੂੰ ਵੇਖਾਏ ਬਿਤਾ ਸਕਦੇ ਹਨ।"

ਖੇਤਰ ਅਨੁਸਾਰ ਵੱਖਰੀ ਤਸਵੀਰ

ਭਾਰਤ ਵਿੱਚ ਕੈਂਸਰ ਦਾ ਬੋਝ

ਭਾਰਤ ਵਿੱਚ ਕੈਂਸਰ ਦਾ ਬੋਝ ਸਾਰੇ ਖੇਤਰਾਂ ਵਿੱਚ ਇੱਕਸਾਰ ਨਹੀਂ ਹੈ।

43 ਰਜਿਸਟਰੀਆਂ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਰ 100 ਵਿੱਚੋਂ 11 ਲੋਕਾਂ ਨੂੰ ਜੀਵਨ ਦੌਰਾਨ ਕਦੇ ਨਾ ਕਦੇ ਕੈਂਸਰ ਹੋਣ ਦਾ ਜੋਖਮ ਹੁੰਦਾ ਹੈ। ਸਾਲ 2024 ਲਈ ਅੰਦਾਜ਼ੇ ਅਨੁਸਾਰ 1.56 ਮਿਲੀਅਨ ਨਵੇਂ ਕੇਸ ਅਤੇ 8.74 ਲੱਖ ਮੌਤਾਂ ਹੋ ਸਕਦੀਆਂ ਹਨ।

ਉੱਤਰ-ਪੂਰਬੀ ਰਾਜ ਕੈਂਸਰ ਦਾ ਸਭ ਤੋਂ ਵੱਡਾ ਹੌਟਸਪੌਟ ਹਨ। ਮਿਜ਼ੋਰਮ ਦੇ ਆਈਜ਼ੌਲ ਜ਼ਿਲ੍ਹੇ ਵਿੱਚ ਰਾਸ਼ਟਰੀ ਔਸਤ ਨਾਲੋਂ ਦੂਣੇ ਜੋਖਮ ਦਰਜ ਕੀਤੇ ਗਏ ਹਨ।

ਅਸਾਮ ਦੇ ਕਛਾਰ ਕੈਂਸਰ ਹਸਪਤਾਲ ਦੇ ਮੁਖੀ ਡਾ. ਆਰ ਰਵੀ ਕੰਨਨ ਕਹਿੰਦੇ ਹਨ, "ਉੱਤਰ-ਪੂਰਬ ਵਿੱਚ ਜ਼ਿਆਦਾਤਰ ਕੈਂਸਰ ਜੀਵਨਸ਼ੈਲੀ ਨਾਲ ਜੁੜੇ ਹਨ। ਇੱਥੇ ਤੰਬਾਕੂ ਦੀ ਵਰਤੋਂ ਹੋਰ ਕਿਸੇ ਵੀ ਖੇਤਰ ਨਾਲੋਂ ਕਈ ਗੁਣਾ ਵੱਧ ਹੈ।"

ਉਨ੍ਹਾਂ ਅਨੁਸਾਰ, ਸ਼ਰਾਬ, ਸੁਪਾਰੀ, ਮਾਸ ਪਕਾਉਣ ਦੇ ਤਰੀਕੇ ਅਤੇ ਖੁਰਾਕ ਦੀਆਂ ਚੋਣਾਂ ਵੀ ਕੈਂਸਰ ਦਾ ਜੋਖਮ ਵਧਾਉਂਦੀਆਂ ਹਨ।

ਉਹ ਕਹਿੰਦੇ ਹਨ, "ਇੱਥੇ ਕੋਈ ਖ਼ਾਸ ਕੈਂਸਰ ਪੈਦਾ ਕਰਨ ਵਾਲਾ ਜੀਨ ਨਹੀਂ ਹੈ। ਜੀਨਸ ਨਾਲ ਜੁੜਿਆ ਕੈਂਸਰ ਜੋਖਮ ਹੋਰ ਖੇਤਰਾਂ ਦੇ ਬਰਾਬਰ ਹੀ ਹੈ।"

ਇਹ ਪੈਟਰਨ ਸਿਰਫ਼ ਉੱਤਰ-ਪੂਰਬ ਤੱਕ ਸੀਮਿਤ ਨਹੀਂ। ਸ੍ਰੀਨਗਰ (ਕਸ਼ਮੀਰ) ਵਿੱਚ ਮਰਦਾਂ ਵਿੱਚ ਫੇਫੜਿਆਂ ਦਾ ਕੈਂਸਰ ਸਭ ਤੋਂ ਵੱਧ ਹੈ, ਜਦਕਿ ਹੈਦਰਾਬਾਦ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਆਮ ਹੈ। ਦਿੱਲੀ ਵਿੱਚ ਮਰਦਾਂ ਵਿੱਚ ਕੈਂਸਰ ਦੀ ਦਰ ਹੋਰ ਖੇਤਰਾਂ ਨਾਲੋਂ ਵੱਧ ਹੈ।

ਮੂੰਹ ਦੇ ਕੈਂਸਰ ਦੇ ਕੇਸ ਵੀ ਤੇਜ਼ੀ ਨਾਲ ਵੱਧ ਰਹੇ ਹਨ।14 ਰਜਿਸਟਰੀਆਂ ਨੇ ਮਰਦਾਂ ਵਿੱਚ ਵਾਧਾ ਦਰਜ ਕੀਤਾ ਹੈ, ਜਦਕਿ 4 ਨੇ ਔਰਤਾਂ ਵਿੱਚ।

ਵਿਸ਼ਵ ਪੱਧਰੀ ਤਸਵੀਰ

ਕੈਂਸਰ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਉੱਤਰ-ਪੂਰਬੀ ਰਾਜ ਕੈਂਸਰ ਦਾ ਸਭ ਤੋਂ ਵੱਡਾ ਹੌਟਸਪੌਟ ਹਨ।

ਕੈਂਸਰ ਦੁਨੀਆ ਦੀ ਸਭ ਤੋਂ ਆਮ ਬਿਮਾਰੀਆਂ ਵਿੱਚੋਂ ਇੱਕ ਹੈ। ਪਰ ਇਸ ਦਾ ਪ੍ਰਭਾਵ ਦੇਸ਼ਾਂ ਦੀ ਆਮਦਨ, ਭੂਗੋਲ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ 'ਤੇ ਨਿਰਭਰ ਕਰਦਾ ਹੈ।

ਅਮੀਰ ਦੇਸ਼ਾਂ ਵਿੱਚ, ਹਰ 12 ਵਿੱਚੋਂ ਇੱਕ ਔਰਤ ਨੂੰ ਜੀਵਨ ਦੌਰਾਨ ਛਾਤੀ ਕੈਂਸਰ ਹੋ ਸਕਦਾ ਹੈ, ਪਰ 71 ਵਿੱਚੋਂ ਸਿਰਫ਼ ਇੱਕ ਦੀ ਮੌਤ ਹੁੰਦੀ ਹੈ। ਗਰੀਬ ਦੇਸ਼ਾਂ ਵਿੱਚ, 27 ਪੀੜਤਾਂ ਵਿੱਚੋਂ ਇੱਕ ਔਰਤ ਦੀ ਬਿਮਾਰੀ ਦੀ ਪਛਾਣ ਹੁੰਦੀ ਹੀ ਤੇ 48 ਵਿੱਚੋਂ ਇੱਕ ਦੀ ਮੌਤ ਇਸ ਨਾਲ ਹੋ ਜਾਂਦੀ ਹੈ।

ਇਜ਼ਾਬੇਲ ਸੋਰਜੋਮਾਤਰਮ, ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈਏਆਰਸੀ) ਦੀ ਕੈਂਸਰ ਨਿਗਰਾਨੀ ਸ਼ਾਖਾ ਦੀ ਡਿਪਟੀ ਮੁਖੀ ਕਹਿੰਦੇ ਹਨ: "ਘੱਟ ਹਿਊਮਨ ਡੇਵਲੇਪਮੈਂਟ ਇੰਡੈਕਸ (ਐੱਚਡੀਆਈ) ਵਾਲੇ ਦੇਸ਼ਾਂ ਵਿੱਚ ਔਰਤਾਂ ਨੂੰ ਉੱਚ ਐੱਚਡੀਆਈ ਵਾਲੇ ਦੇਸ਼ਾਂ ਨਾਲੋਂ ਛਾਤੀ ਕੈਂਸਰ ਦਾ ਪਤਾ ਲੱਗਣ ਦੀ ਸੰਭਾਵਨਾ 50% ਘੱਟ ਹੁੰਦੀ ਹੈ। ਪਰ ਨਿਦਾਨ ਦੇਰ ਨਾਲ ਹੋਣ ਅਤੇ ਗੁਣਵੱਤਾ ਵਾਲਾ ਇਲਾਜ ਨਾ ਮਿਲਣ ਕਰਕੇ ਮੌਤ ਦਾ ਖ਼ਤਰਾ ਕਈ ਗੁਣਾ ਵੱਧ ਹੁੰਦਾ ਹੈ।"

ਅਮਰੀਕਾ ਵਿੱਚ ਵੀ ਅਸਮਾਨਤਾ ਹੈ। ਉੱਥੇ ਮੂਲ ਅਮਰੀਕੀ ਲੋਕਾਂ ਵਿੱਚ ਕੈਂਸਰ ਮੌਤ ਦਰ ਸਭ ਤੋਂ ਵੱਧ ਹੈ। ਉਨ੍ਹਾਂ ਵਿੱਚ ਗੁਰਦੇ, ਜਿਗਰ, ਪੇਟ ਅਤੇ ਬੱਚੇਦਾਨੀ ਦੇ ਕੈਂਸਰ ਕਾਰਨ ਮੌਤਾਂ ਗੋਰਿਆਂ ਨਾਲੋਂ 2-3 ਗੁਣਾ ਵੱਧ ਹਨ। ਕਾਲੇ ਲੋਕਾਂ ਵਿੱਚ ਵੀ ਪ੍ਰੋਸਟੇਟ, ਪੇਟ ਅਤੇ ਬੱਚੇਦਾਨੀ ਦੇ ਕੈਂਸਰ ਨਾਲ ਮੌਤ ਦਰ ਗੋਰਿਆਂ ਨਾਲੋਂ ਦੁੱਗਣੀ ਹੈ।

ਭਾਰਤ ਵਿੱਚ ਵਧਦਾ ਚੈਲੈਂਜ

ਭਾਰਤ ਵਿੱਚ ਕੈਂਸਰ ਦਾ ਬੋਝ ਨਾ ਸਿਰਫ਼ ਵਧ ਰਿਹਾ ਹੈ, ਬਲਕਿ ਹੋਰ ਵੀ ਪੇਚੀਦਾ ਬਣਦਾ ਜਾ ਰਿਹਾ ਹੈ। ਰਜਿਸਟਰੀ ਅੰਕੜੇ ਇੱਕ ਅਜਿਹੇ ਸਮਾਜ ਨੂੰ ਦਰਸਾਉਂਦੇ ਹਨ ਜਿੱਥੇ ਲੰਬੀ ਉਮਰ, ਬਦਲਦੀ ਜੀਵਨਸ਼ੈਲੀ ਅਤੇ ਵਾਤਾਵਰਣ ਸਿਹਤ ਜੋਖਮਾਂ ਨੂੰ ਮੁੜ ਨਿਰਧਾਰਤ ਕਰ ਰਹੇ ਹਨ।

ਫਿਰ ਵੀ ਕਈ ਸਵਾਲ ਬਾਕੀ ਹਨ। ਇਹ ਸਥਿਤੀ ਦਰਸਾਉਂਦੀ ਹੈ ਕਿ ਨਿਸ਼ਾਨਾ ਰੋਕਥਾਮ, ਜਲਦੀ ਪਤਾ ਲਗਾਉਣ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ — ਜਿਵੇਂ ਸਿਹਤਮੰਦ ਖੁਰਾਕ ਅਤੇ ਸਿਹਤਮੰਦ ਆਦਤਾਂ — ਬਹੁਤ ਜ਼ਰੂਰੀ ਹਨ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)