ਕੀ ਅਸੀਂ ਹਰ ਰੋਜ਼ ਆਪਣੇ ਖਾਣੇ ਨਾਲ ਪਲਾਸਟਿਕ ਵੀ ਖਾ ਰਹੇ ਹਾਂ, ਸਰੀਰ ਵਿੱਚ ਪਲਾਸਟਿਕ ਕਣਾਂ ਦੀ ਮੌਜੂਦਗੀ ਕਿੰਨੀ ਖਤਰਨਾਕ

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
''ਪੀਣ ਵਾਲੇ ਪਾਣੀ ਦੀ ਬੋਤਲ ਪਲਾਸਟਿਕ ਦੀ, ਖਾਣਾ ਖਾਣ ਵਾਲੇ ਡੱਬੇ ਵੀ ਪਲਾਸਟਿਕ ਦੇ, ਹੋਟਲਾਂ ਜਾਂ ਆਨਲਾਈਨ ਆ ਰਿਹਾ ਖਾਣਾ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ!''
''ਨਾ ਚਾਹੁੰਦੇ ਹੋਏ ਵੀ ਪਲਾਸਟਿਕ ਸਾਡੇ ਰੋਜ਼ਾਨਾ ਦੇ ਖਾਣ-ਪੀਣ ਦਾ ਹਿੱਸਾ ਬਣ ਗਿਆ ਹੈ।''
''ਅਸੀਂ ਆਮ ਤੌਰ 'ਤੇ ਇਹ ਨਹੀਂ ਸੋਚਦੇ ਕਿ ਅਸੀਂ ਖਾਣਾ ਖਾ ਰਹੇ ਹਾਂ ਕਿ ਪਲਾਸਟਿਕ, ਪਰ ਇਹ ਸੱਚ ਹੈ ਕਿ ਅਸੀਂ ਆਪਣੇ ਖਾਣੇ ਦੇ ਨਾਲ ਹਰ ਰੋਜ਼ ਥੋੜ੍ਹਾ-ਥੋੜ੍ਹਾ ਪਲਾਸਟਿਕ ਅੰਦਰ ਨਿਗਲ ਰਹੇ ਹਾਂ।"
ਇਹ ਕਹਿਣਾ ਹੈ ਪੀਜੀਆਈ ਚੰਡੀਗੜ੍ਹ ਵਿੱਚ ਵਾਤਾਵਰਨ ਸਿਹਤ ਦੇ ਪ੍ਰੋਫੈੱਸਰ ਡਾਕਟਰ ਰਵਿੰਦਰ ਖਾਈਵਾਲ ਦਾ।
ਡਾਕਟਰ ਰਵਿੰਦਰ ਖਾਈਵਾਲ ਪੀਜੀਆਈ ਚੰਡੀਗੜ੍ਹ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਖੇ ਵਾਤਾਵਰਣ ਸਿਹਤ ਦੇ ਪ੍ਰੋਫੈਸਰ ਹਨ।
ਉਹ ਦੱਸਦੇ ਹਨ ਕਿ ਸਾਲ 2025 ਦੇ ਅੰਤ ਤੱਕ ਥਰਮੋਪਲਾਸਟਿਕ ਦਾ ਵਿਸ਼ਵਵਿਆਪੀ ਉਤਪਾਦਨ 445.25 ਮਿਲੀਅਨ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਉਮੀਦ ਹੈ।
ਮਾਈਕ੍ਰੋਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਦੁਨੀਆਂ ਭਰ ਵਿੱਚ ਵੱਖ-ਵੱਖ ਪੱਧਰ ਉੱਤੇ ਅਧਿਐਨ ਕੀਤੇ ਜਾ ਰਹੇ ਹਨ।
ਦਿ ਲੈਂਸੇਟ ਰੈਸਪੀਰੇਟਰੀ ਮੈਡੀਸਨ ਦੇ ਖੋਜਕਾਰਾਂ ਦੀ ਜੁਲਾਈ ਮਹੀਨੇ ਪ੍ਰਕਾਸ਼ਿਤ ਹੋਈ ਰਿਪੋਰਟ 'ਮਾਈਕ੍ਰੋਪਲਾਸਟਿਕ: ਇੱਕ ਘੱਟ ਅਨੁਮਾਨਿਤ ਅਤੇ ਘੱਟ ਨਿਯੰਤ੍ਰਿਤ ਸੰਕਟ' ਅਨੁਸਾਰ 2050 ਅਤੇ 2060 ਤੱਕ ਦੁਨੀਆਂ ਭਰ ਵਿੱਚ ਪਲਾਸਟਿਕ ਉਤਪਾਦਨ ਅਤੇ ਰਹਿੰਦ-ਖੂੰਹਦ ਤਿੰਨ ਗੁਣਾ ਵਧ ਜਾਵੇਗੀ।

ਤਸਵੀਰ ਸਰੋਤ, Getty Images
ਲੈਂਸੇਟ ਇੱਕ ਹਫਤਾਵਾਰੀ ਮੈਡੀਕਲ ਰਸਾਲਾ ਹੈ, ਜਿਸਦੀ ਸਥਾਪਨਾ 1823 ਵਿੱਚ ਇੰਗਲੈਂਡ ਵਿੱਚ ਹੋਈ ਸੀ। ਇਹ ਦੁਨੀਆਂ ਦੇ ਸਭ ਤੋਂ ਵੱਧ ਪ੍ਰਭਾਵ ਵਾਲੇ ਮੈਡੀਕਲ ਰਸਾਲਿਆਂ ਵਿੱਚੋਂ ਇੱਕ ਹੈ।
ਲੈਂਸੇਟ ਦੀ ਰਿਪੋਰਟ ਮੁਤਾਬਕ, ਮਾਈਕ੍ਰੋਪਲਾਸਟਿਕ ਕਾਰਨ ਵਾਤਾਵਰਣ ਅਤੇ ਜਨਤਕ ਸਿਹਤ ਉੱਤੇ ਪੈਣ ਵਾਲੇ ਬੋਝ ਵਿੱਚ ਤੇਜ਼ੀ ਨਾਲ ਵਾਧਾ ਹੋਣ ਦਾ ਅੰਦਾਜ਼ਾ ਹੈ।
ਪੀਜੀਆਈ ਚੰਡੀਗੜ੍ਹ ਦੇ ਵਿਗਿਆਨੀ ਡਾਕਟਰ ਰਵਿੰਦਰ ਖਾਈਵਾਲ ਕਹਿੰਦੇ ਹਨ, "ਪਲਾਸਟਿਕ ਦਾ ਸਾਲਾਨਾ ਉਤਪਾਦਨ 2050 ਤੱਕ ਅੰਦਾਜ਼ਨ 590 ਮਿਲੀਅਨ ਮੀਟ੍ਰਿਕ ਟਨ ਤੱਕ ਪਹੁੰਚ ਜਾਵੇਗਾ।''
ਹਾਲ ਹੀ ਵਿੱਚ ਡਾਕਟਰ ਰਵਿੰਦਰ ਖਾਈਵਾਲ ਨੇ ਪਲਾਸਟਿਕ ਦੇ ਮਨੁੱਖੀ ਸਿਹਤ ਉੱਤੇ ਪ੍ਰਭਾਵ ਬਾਰੇ ਇੱਕ ਅਧਿਐਨ ਕੀਤਾ ਹੈ, ਜਿਸਦਾ ਨਾਮ ਹੈ - ਅੰਤੜੀਆਂ ਦੀ ਸਿਹਤ 'ਤੇ ਮਾਈਕ੍ਰੋਪਲਾਸਟਿਕਸ ਦੇ ਪ੍ਰਭਾਵ: ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਦਿਸ਼ਾਵਾਂ।
ਇਸ ਅਧਿਐਨ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵਾਤਾਵਰਨ ਸਿਹਤ ਵਿਭਾਗ ਦੇ ਚੇਅਰਪਰਸਨ ਡਾਕਟਰ ਸੁਮਨ ਮੋਰ ਨੇ ਵੀ ਸਹਿਯੋਗ ਕੀਤਾ ਹੈ।
ਮਾਈਕ੍ਰੋਪਲਾਸਟਿਕ ਕੀ ਹੈ?

ਤਸਵੀਰ ਸਰੋਤ, Getty Images
ਮਾਈਕ੍ਰੋਪਲਾਸਟਿਕ, ਪਲਾਸਟਿਕ ਦੇ ਬਹੁਤ ਹੀ ਛੋਟੇ ਟੁਕੜੇ ਹੁੰਦੇ ਹਨ।
ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਹਰ ਥਾਂ ਹਰ ਪਾਸੇ ਪਲਾਸਟਿਕ ਦੀਆਂ ਦੀਆਂ ਬਣੀਆਂ ਚੀਜ਼ਾਂ ਹੀ ਨਜ਼ਰ ਆਉਣਗੀਆਂ।
ਅਜਿਹੀਆਂ ਪਲਾਸਟਿਕ ਦੀਆਂ ਚੀਜ਼ਾਂ ਦੇ ਬਰੀਕ ਟੁੱਕੜੇ ਜਦੋਂ ਬਹੁਤ ਹੀ ਛੋਟੇ ਆਕਾਰ 'ਚ ਟੁੱਟ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਈਕ੍ਰੋਪਲਾਸਟਿਕ ਕਿਹਾ ਜਾਂਦਾ ਹੈ।
ਪਲਾਸਟਿਕ ਦੇ ਟੁਕੜਿਆਂ ਦੇ ਮਾਈਕ੍ਰੋਪਲਾਸਟਿਕ ਵਿੱਚ ਤਬਦੀਲ ਹੋਣ ਦੇ ਕਾਰਨ ਹਨ - ਧੁੱਪ ਅਤੇ ਮੌਸਮ।
ਉਦਾਹਰਣ ਵੱਜੋਂ, ਇੱਕ ਪਲਾਸਟਿਕ ਦਾ ਲਿਫ਼ਾਫ਼ਾ ਜਾਂ ਪੈਕਟ ਤੇਜ਼ ਧੁੱਪ ਕਾਰਨ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਉਹ ਹਿੱਸੇ ਅੱਗੇ ਧੁੱਪ ਕਾਰਨ ਹੋਰ ਛੋਟੇ-ਛੋਟੇ ਕਣਾਂ ਵਿੱਚ ਤਬਦੀਲ ਹੋ ਜਾਂਦੇ ਹਨ।
ਦੂਜਾ ਕਾਰਨ ਹੈ - ਮੌਸਮ। ਮੌਸਮ ਵਿੱਚ ਆਉਣ ਵਾਲੀਆਂ ਤਬਦੀਲੀਆਂ ਦੇ ਨਾਲ ਪਲਾਸਟਿਕ ਹੌਲੀ-ਹੌਲੀ ਛੋਟੇ-ਛੋਟੇ ਕਣਾਂ ਵਿੱਚ ਟੁੱਟਦਾ ਰਹਿੰਦਾ ਹੈ।
ਆਮ ਤੌਰ 'ਤੇ ਪਲਾਸਟਿਕ ਦੇ 5 ਮਿਲੀਮੀਟਰ ਤੋਂ ਛੋਟੇ ਟੁੱਕੜੇ ਮਾਈਕ੍ਰੋਪਲਾਸਟਿਕ ਕਹਾਉਂਦੇ ਹਨ। ਕੁਝ ਟੁੱਕੜੇ ਤਾਂ ਇਸ ਤੋਂ ਵੀ ਛੋਟੇ ਹੁੰਦੇ ਹਨ, ਜਿਨ੍ਹਾਂ ਨੂੰ ਨੈਨੋ ਪਲਾਸਟਿਕ ਕਿਹਾ ਜਾਂਦਾ ਹੈ।
ਇਹ ਛੋਟੇ ਪਲਾਸਟਿਕ ਕਣ (ਮਾਈਕ੍ਰੋਪਲਾਸਟਿਕ) ਧਰਤੀ ਅਤੇ ਜਲ ਸਰੋਤ (ਸਮੁੰਦਰੀ ਅਤੇ ਤਾਜ਼ੇ ਪਾਣੀ) ਵਿੱਚ ਸ਼ਾਮਲ ਹਨ।
ਮਾਈਕ੍ਰੋਪਲਾਸਟਿਕ ਸਰੀਰ ਵਿੱਚ ਕਿਵੇਂ ਦਾਖਲ ਹੁੰਦਾ ਹੈ?

ਤਸਵੀਰ ਸਰੋਤ, Getty Images
ਮਾਈਕ੍ਰੋਪਲਾਸਟਿਕਸ ਸਰੀਰ ਵਿੱਚ ਦਾਖਲ ਹੋਣ ਦੇ ਕਈ ਤਰੀਕੇ ਹਨ, ਜਿਸ ਵਿੱਚ ਮੂੰਹ ਰਾਹੀਂ ਅਤੇ ਖਾਸ ਕਰਕੇ ਜੀਆਈ ਟ੍ਰੈਕਟ (ਪਾਚਣ ਪ੍ਰਣਾਲੀ) ਰਾਹੀਂ ਦਾਖਲਾ ਸ਼ਾਮਲ ਹੈ।
ਡਾਕਟਰ ਰਵਿੰਦਰ ਖਾਈਵਾਲ ਕਹਿੰਦੇ ਹਨ, "ਜਿਵੇਂ ਦੀ ਜ਼ਿੰਦਗੀ ਮਨੁੱਖ ਹੁਣ ਜੀਅ ਰਿਹਾ ਹੈ, ਉੱਥੇ ਪਲਾਸਟਿਕ ਹਰ ਵੇਲੇ ਮਨੁੱਖੀ ਸਰੀਰ ਦੇ ਅੰਦਰ ਜਾ ਰਿਹਾ ਹੈ। ਮਨੁੱਖ ਹੀ ਨਹੀਂ, ਜਾਨਵਰਾਂ ਦੇ ਸਰੀਰ ਅੰਦਰ ਵੀ ਪਲਾਸਟਿਕ ਪਹੁੰਚ ਰਿਹਾ ਹੈ। ਮਾਈਕ੍ਰੋਪਲਾਸਟਿਕ ਭੋਜਨ ਲੜੀ ਵਿੱਚ ਦਾਖਲ ਹੋ ਗਿਆ ਹੈ। ਇਹ ਹੁਣ ਬਹੁਤ ਸਾਰੇ ਭੋਜਨ ਸਰੋਤਾਂ ਵਿੱਚ ਮੌਜੂਦ ਹੈ।"
ਉਹ ਦੱਸਦੇ ਹਨ, "ਬੋਤਲਬੰਦ ਪਾਣੀ, ਬੋਤਲ ਜਾਂ ਪੈਕਟ ਵਾਲਾ ਦੁੱਧ, ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਸ਼ਹਿਦ, ਬੀਅਰ, ਖੰਡ ਅਤੇ ਨਮਕ ਰਾਹੀਂ ਮਾਈਕ੍ਰੋਪਲਾਸਟਿਕ ਮਨੁੱਖੀ ਸਰੀਰਾਂ ਅੰਦਰ ਪਹੁੰਚ ਰਿਹਾ ਹੈ।''
ਲੂਣ ਵਿੱਚ ਮਾਈਕ੍ਰੋਪਲਾਸਟਿਕਸ ਦੇ ਪ੍ਰਤੀ ਕਿਲੋਗ੍ਰਾਮ 600 ਕਣ ਮੌਜੂਦ ਹਨ, ਪ੍ਰਤੀ ਕਿਲੋਗ੍ਰਾਮ ਸ਼ਹਿਦ ਵਿੱਚ 660 ਮਾਈਕ੍ਰੋਪਲਾਸਟਿਕ ਕਣ ਹਨ ਜਦਕਿ 109 ਮਾਈਕ੍ਰੋਪਲਾਸਟਿਕ ਕਣ ਪ੍ਰਤੀ ਲੀਟਰ ਪਾਣੀ ਵਿੱਚ ਮੌਜੂਦ ਹਨ।

ਇਸ ਤੋਂ ਇਲਾਵਾ, ਜਾਨਵਰ ਅਤੇ ਸਮੁੰਦਰੀ ਜੀਵ ਮੁਨੱਖੀ ਭੋਜਨ ਲੜੀ ਦਾ ਅਨਿੱਖੜਵਾਂ ਹਿੱਸਾ ਹਨ। ਸਮੁੰਦਰੀ ਪਾਣੀ ਵਿੱਚ ਪਹੁੰਚੇ ਪਲਾਸਟਿਕ ਦਾ ਛੋਟਾ ਹਿੱਸਾ ਮਾਈਕ੍ਰੋਪਲਾਸਟਿਕਸ ਦੇ ਰੂਪ ਵਿੱਚ ਮੱਛੀਆਂ, ਝੀਂਗਾ ਮੱਛੀ ਅੰਦਰ ਪਹੁੰਚਦਾ ਹੈ ਅਤੇ ਇਨ੍ਹਾਂ ਨੂੰ ਮਨੁੱਖ ਆਪਣੇ ਭੋਜਨ ਦਾ ਹਿੱਸਾ ਬਣਾਉਂਦੇ ਹਨ।
ਮੱਛੀ ਅਤੇ ਹੋਰ ਸਮੁੰਦਰੀ ਭੋਜਨ ਵਿੱਚ ਪ੍ਰਤੀ ਗ੍ਰਾਮ ਮਾਈਕ੍ਰੋ ਪਲਾਸਟਿਕ ਦੇ 0.2 ਤੋਂ 8.5 ਕਣ ਪਾਏ ਗਏ ਹਨ। ਇਸੇ ਤਰ੍ਹਾਂ, ਬੋਤਲਬੰਦ ਪਾਣੀ ਦੇ ਕੁਝ ਬ੍ਰਾਂਡਾਂ ਵਿੱਚ ਪ੍ਰਤੀ ਲੀਟਰ ਮਾਈਕ੍ਰੋਪਲਾਸਟਿਕ ਦੇ 10 ਕਣ ਪਾਏ ਗਏ ਹਨ।
ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਵੱਲੋਂ ਖਾਧੇ ਜਾਣ ਵਾਲੇ ਭੋਜਨ ਵਿੱਚ ਮੌਜੂਦ ਮਾਈਕ੍ਰੋਪਲਾਸਟਿਕਸ ਅੰਤੜੀਆਂ ਦੇ ਮਾਈਕ੍ਰੋਬਾਇਓਟਾ ਨੂੰ ਵਿਗਾੜ ਸਕਦੇ ਹਨ।
ਅੰਤੜੀਆਂ ਦੇ ਮਾਈਕ੍ਰੋਬਾਇਓਟਾ ਦਾ ਮਤਲਬ ਹੈ ਅੰਤੜੀਆਂ ਵਿੱਚ ਮੌਜੂਦ ਬੈਕਟੀਰੀਆ, ਫੰਜਾਈ, ਵਾਇਰਸ ਅਤੇ ਹੋਰ ਸੂਖਮ ਜੀਵਾਣੂ, ਜੋ ਮਨੁੱਖ ਦੇ ਪਾਚਣ ਤੰਤਰ ਨੂੰ ਸਹੀ ਰੱਖਦੇ ਹਨ।
ਮਾਈਕ੍ਰੋਪਲਾਸਟਿਕ ਦੇ ਸਰੀਰ ਨੂੰ ਕਿੰਨੇ ਨੁਕਸਾਨ?

ਤਸਵੀਰ ਸਰੋਤ, Getty Images
ਲੈਂਸੇਟ ਰਿਪੋਰਟ ਮੁਤਾਬਕ, ਨੇਚਰ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਮਨੁੱਖੀ ਦਿਮਾਗ ਵਿੱਚ ਮਾਈਕ੍ਰੋਪਲਾਸਟਿਕਸ ਦੀ ਮੌਜੂਦਗੀ ਬਾਰੇ ਦੱਸਿਆ ਹੈ। ਇਸੇ ਤਰ੍ਹਾਂ ਦੇ ਅਧਿਐਨਾਂ ਨੇ ਮਨੁੱਖੀ ਫੇਫੜਿਆਂ, ਪਲੈਸੈਂਟਾ ਅਤੇ ਖੂਨ ਵਿੱਚ ਵੀ ਮਾਈਕ੍ਰੋਪਲਾਸਟਿਕਸ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸਰੀਰ ਵਿੱਚ ਸੋਜ ਅਤੇ ਹੋਰ ਬਿਮਾਰੀਆਂ ਦੇ ਵਿਕਾਸ ਵਿੱਚ ਦੀਆਂ ਸੰਭਾਵੀ ਭੂਮਿਕਾ ਬਾਰੇ ਚਿੰਤਾਵਾਂ ਵਧੀਆਂ ਹਨ।
ਸਿਡਨੀ ਯੂਨੀਵਰਸਿਟੀ, ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੇ ਪ੍ਰੋਫੈਸਰ ਨਿੱਕ ਚਾਰਟਰਸ ਕਹਿੰਦੇ ਹਨ, "ਅਸੀਂ ਉਨ੍ਹਾਂ ਥਾਵਾਂ 'ਤੇ ਬਾਇਓਐਕਿਊਮੂਲੇਸ਼ਨ (ਬਾਇਓਐਕਿਊਮੂਲੇਸ਼ਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਪ੍ਰਦੂਸ਼ਕ ਜਾਂ ਜ਼ਹਿਰੀਲੇ ਪਦਾਰਥ ਸਮੇਂ ਦੇ ਨਾਲ ਹੌਲੀ-ਹੌਲੀ ਕਿਸੇ ਜੀਵ ਵਿੱਚ ਇਕੱਠੇ ਹੁੰਦੇ ਹਨ) ਦੇਖ ਰਹੇ ਹਾਂ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।"
ਖੋਜਕਰਤਾਵਾਂ ਨੇ ਦੱਸਿਆ ਕਿ ਮਨੁੱਖੀ ਸਰੀਰ ਵਿੱਚ ਸਾਹ ਦੀ ਨਾਲੀ ਵਿੱਚ ਜਾਂ ਹੋਰ ਕਿਤੇ ਮੌਜੂਦ ਮਾਈਕ੍ਰੋਪਲਾਸਟਿਕਸ, ਪ੍ਰੋ-ਇਨਫਲੇਮੇਟਰੀ ਸਾਈਟੋਕਾਈਨਜ਼ ਦੇ ਪੱਧਰ ਨੂੰ ਵਧਾਉਂਦੇ ਹਨ।
ਨਿੱਕ ਚਾਰਟਰਸ ਕਹਿੰਦੇ ਹਨ, "ਇਸ ਨਾਲ ਲੰਬੀ ਮਿਆਦ ਵਾਲੀ ਸੋਜ ਆਉਂਦੀ ਹੈ, ਜੋ ਮਨੁੱਖੀ ਸਰੀਰ ਅੰਦਰ ਕੈਂਸਰ ਦੇ ਜ਼ੋਖਮ ਨੂੰ ਵਧਾ ਸਕਦੀ ਹੈ।"

ਤਸਵੀਰ ਸਰੋਤ, Getty Images
ਲੈਂਸੇਟ ਦੀ ਰਿਪੋਰਟ ਮੁਤਾਬਕ ਮਾਈਕ੍ਰੋਪਲਾਸਟਿਕ ਉੱਤੇ ਹੋਏ ਵੱਖ-ਵੱਖ ਅਧਿਐਨਾਂ ਵਿੱਚ ਪਤਾ ਲੱਗਦਾ ਹੈ ਕਿ ਮਨੁੱਖੀ ਫੇਫੜਿਆਂ ਦੇ ਟਿਸ਼ੂਆਂ ਵਿੱਚ ਵੀ ਮਾਈਕ੍ਰੋਪਲਾਸਟਿਕਸ ਦੀ ਪਛਾਣ ਕੀਤੀ ਗਈ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਅੰਦਰ ਜੋ ਪਲਾਸਟਿਕ ਫਾਈਬਰਾਂ ਅਤੇ ਸਿੰਥੈਟਿਕ ਧੂੜ ਦੇ ਸੰਪਰਕ ਵਿੱਚ ਆਉਣ ਵਾਲੇ ਕੰਮ ਕਰਦੇ ਹਨ।
''ਉਦਯੋਗਿਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਵਿੱਚ ਫੇਫੜਿਆਂ ਦੀਆਂ ਬਿਮਾਰੀਆਂ, ਸਾਹ ਲੈਣ ਵਿੱਚ ਮੁਸ਼ਕਲ ਅਤੇ ਸੋਜ ਦੀ ਦਿੱਕਤਾਂ ਰਿਪੋਰਟ ਕੀਤੀਆਂ ਗਈਆਂ ਹਨ।''
''ਜੇਕਰ ਇਹ ਪਲਾਸਟਿਕ ਕਣ ਫੇਫੜਿਆਂ ਅੰਦਰ ਐਲਵੀਓਲੀ (ਐਲਵੀਓਲੀ ਫੇਫੜਿਆਂ ਵਿੱਚ ਛੋਟੇ, ਗੁਬਾਰੇ ਦੇ ਆਕਾਰ ਦੇ ਹਵਾ ਦੇ ਥੈਲੇ ਹੁੰਦੇ ਹਨ) ਵਿੱਚ ਰਹਿੰਦੇ ਹਨ, ਤਾਂ ਸਰੀਰ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਮੁਸ਼ਕਲ ਆਉਂਦੀ ਹੈ, ਜਿਸ ਨਾਲ ਲੰਬੇ ਸਮੇਂ ਲਈ ਨੁਕਸਾਨ ਹੋ ਸਕਦਾ ਹੈ।''
''ਇਸ ਨਾਲ ਦਮਾ, ਸੀਓਪੀਡੀ ਅਤੇ ਪਲਮਨਰੀ ਫਾਈਬਰੋਸਿਸ ਵਰਗੀਆਂ ਲੰਬੀ ਮਿਆਦ ਵਾਲੀਆਂ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।''
ਰਿਪੋਰਟ ਵਿੱਚ ਮਾਹਰ ਚੇਤਾਵਨੀ ਦਿੰਦੇ ਹਨ ਕਿ "ਫੇਫੜਿਆਂ ਦੇ ਕੈਂਸਰ ਵਿੱਚ ਵਾਧਾ ਹੋ ਰਿਹਾ ਹੈ ਜੋ ਸਿਗਰਟਨੋਸ਼ੀ ਨਾਲ ਜੁੜਿਆ ਹੋਇਆ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਮਾਈਕ੍ਰੋਪਲਾਸਟਿਕਸ ਇਸ ਵਾਧੇ ਵਿੱਚ ਕਿੰਨਾ ਯੋਗਦਾਨ ਪਾ ਰਹੇ ਹਨ, ਪਰ ਜੇਕਰ ਅਸੀਂ ਤੇਜ਼ ਗਤੀ ਨਾਲ ਪਲਾਸਟਿਕ ਉਤਪਾਦਨ ਨੂੰ ਵਧਾਉਂਦੇ ਰਹੇ ਤਾਂ ਇਹ ਯਕੀਨੀ ਤੌਰ 'ਤੇ ਚਿੰਤਾਜਨਕ ਹੈ।"

ਬੀਬੀਸੀ ਨਾਲ ਗੱਲਬਾਤ ਦੌਰਾਨ ਡਾਕਟਰ ਰਵਿੰਦਰ ਖਾਈਵਾਲ ਨੇ ਦੱਸਿਆ ਕਿ ਪਲਾਸਟਿਕ ਦੇ ਛੋਟੇ-ਛੋਟੇ ਕਣ ਮਨੁੱਖਾਂ ਅੰਦਰ ਹਾਰਮੋਨਲ ਅਸੰਤੁਲਨ ਪੈਦਾ ਕਰ ਰਹੇ ਹਨ ਅਤੇ ਪਾਚਨ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਇਹ ਨੁਕਸਾਨ ਕਿਸ ਵਿਅਕਤੀ ਉੱਤੇ ਕਿੰਨਾ ਹੋ ਰਿਹਾ ਹੈ, ਉਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਹਰ ਦਿਨ ਦਾ ਕਿੰਨਾ ਹਿੱਸਾ ਮਾਈਕ੍ਰੋਪਲਾਸਟਿਕ ਨਿਗਲ ਰਿਹਾ ਹੈ।
ਡਾਕਟਰ ਰਵਿੰਦਰ ਕਹਿੰਦੇ ਹਨ ਕਿ ਮਾਈਕ੍ਰੋਪਲਾਸਟਿਕ ਕਾਰਨ ਪੇਟ ਅਤੇ ਅੰਤੜੀਆਂ ਵਿੱਚ ਜਲਣ ਅਤੇ ਸੋਜ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਮਨੁੱਖੀ ਦਿਮਾਗ ਉੱਤੇ ਵੀ ਅਸਰ ਪੈ ਰਿਹਾ ਹੈ। ਮਨੁੱਖੀ ਦਿਮਾਗ ਦੀਆਂ ਕੋਸ਼ਿਕਾਵਾਂ ਵਿੱਚ ਪਲਾਸਟਿਕ ਦੇ ਕਣ ਪਹੁੰਚ ਰਹੇ ਹਨ, ਜੋ ਇੱਕ ਵਿਅਕਤੀ ਅੰਦਰ ਮਾਨਸਿਕ ਪਰੇਸ਼ਾਨੀ ਵਧਣ ਦਾ ਕਾਰਨ ਬਣ ਸਕਦੇ ਹਨ।
ਪਲਾਸਟਿਕ ਕੋਲਨ ਕੈਂਸਰ ਅਤੇ ਜਿਗਰ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।
ਡਾਕਟਰ ਰਵਿੰਦਰ ਦੱਸਦੇ ਹਨ ਕਿ ਅਧਿਐਨ ਦੌਰਾਨ ਚੂਹਿਆਂ, ਮੱਛੀਆਂ ਅਤੇ ਕੀੜਿਆਂ ਵਰਗੇ ਜਾਨਵਰਾਂ ਦੇ ਮਾਡਲਾਂ ਉੱਤੇ ਵੀ ਖੋਜ ਕੀਤੀ ਗਈ ਹੈ। ਜਿਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਵੀ ਜੀਵ ਅੰਦਰ ਮਾਈਕ੍ਰੋਪਲਾਸਟਿਕ ਦੀ ਮਾਤਰਾ ਜ਼ਿਆਦਾ ਸੀ, ਉੱਥੇ ਪੇਟ ਨਾਲ ਸਬੰਧਤ ਬਿਮਾਰੀਆਂ ਵਧ ਗਈਆਂ ਹਨ।
ਮਾਈਕ੍ਰੋਪਲਾਸਟਿਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

ਤਸਵੀਰ ਸਰੋਤ, Getty Images
ਡਾਕਟਰ ਰਵਿੰਦਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਕ੍ਰੋਪਲਾਸਟਿਕ ਨੂੰ ਆਪਣੇ ਜੀਵਨ ਜਾਂਚ 'ਚੋਂ ਘੱਟ ਕਰਨਾ ਆਸਾਨ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ।
ਹਰ ਵਿਅਕਤੀ ਆਪਣੀਆਂ ਆਦਤਾਂ ਵਿੱਚੋਂ ਕੁਝ ਕੁ ਆਦਤਾਂ ਬਦਲ ਦੇਵੇ ਤਾਂ ਮਨੁੱਖੀ ਸਰੀਰ ਅੰਦਰ ਜਾਣ ਵਾਲੇ ਮਾਈਕ੍ਰੋਪਲਾਸਟਿਕ ਦੀ ਮਾਤਰਾ ਆਪਣੇ ਆਪ ਘਟ ਜਾਵੇਗੀ।
ਬਦਲੀਆਂ ਜਾ ਸਕਣ ਵਾਲੀਆਂ ਆਦਤਾਂ:
- ਮਾਈਕ੍ਰੋਵੇਵ ਵਿੱਚ ਭੋਜਨ ਨੂੰ ਗਰਮ ਕਰਨ ਲਈ ਪਲਾਸਟਿਕ ਦੀ ਥਾਂ ਕੱਚ ਜਾਂ ਚੀਨੀ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰੋ
- ਜਿੰਨਾ ਹੋ ਸਕੇ ਤਾਜ਼ਾ ਭੋਜਨ ਖਾਓ, ਪੈਕਟਾਂ ਵਿੱਚ ਬੰਦ ਭੋਜਨ ਨਾ ਖਾਓ
- ਗਰਮ ਭੋਜਨ ਨੂੰ ਪਲਾਸਟਿਕ ਦੇ ਡੱਬੇ ਵਿੱਚ ਪਾਉਣ ਤੋਂ ਪਹਿਲਾਂ ਭੋਜਨ ਨੂੰ ਕਮਰੇ ਦੇ ਤਾਪਮਾਨ ਤੱਕ ਠੰਡਾ ਹੋਣ ਦਿਓ
- ਖਰੀਦਦਾਰੀ ਲਈ ਕੱਪੜੇ ਜਾਂ ਜੂਟ ਦੇ ਥੈਲੇ ਦਾ ਪ੍ਰਯੋਗ ਕਰੋ
- ਫਾਸਟ ਫੂਡ ਖਾਣਾ ਬੰਦ ਕਰੋ
- ਭੋਜਨ ਅਤੇ ਪੀਣ ਵਾਲੇ ਪਾਣੀ ਨੂੰ ਭਰ ਕੇ ਰੱਖਣ ਲਈ ਕੱਚ/ਚੀਨੀ/ਸਟੀਲ/ਲੱਕੜ ਜਾਂ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰੋ।
- ਘੱਟੋ-ਘੱਟ ਪੈਕੇਜਿੰਗ ਦੇ ਨਾਲ ਮੁੜ ਵਰਤੋਂ ਯੋਗ ਡੱਬਿਆਂ ਅਤੇ ਸਹਾਇਕ ਉਪਕਰਣਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
- ਪੈਕੇਜਿੰਗ ਉਦਯੋਗਾਂ ਨੂੰ ਪਲਾਸਟਿਕ ਦੀ ਪੈਕਿੰਗ ਘੱਟ ਕਰਨੀ ਚਾਹੀਦੀ ਹੈ।
- ਸਿੰਥੈਟਿਕ ਫਾਈਬਰ ਤੋਂ ਬਣੇ ਕੱਪੜਿਆਂ ਦੀ ਥਾਂ ਸੂਤੀ ਕੱਪੜੇ ਵਰਤੋ।
ਕੀ ਪਲਾਸਟਿਕ ਵਰਤੋਂ ਨੂੰ ਹਮੇਸ਼ਾ ਲਈ ਪੂਰਨ ਤੌਰ 'ਤੇ ਰੋਕਿਆ ਜਾ ਸਕਦਾ ਹੈ?

ਤਸਵੀਰ ਸਰੋਤ, Getty Images
ਪਲਾਸਟਿਕ ਦੀ ਵਰਤੋਂ ਨੂੰ ਦੁਨੀਆਂ ਭਰ ਵਿੱਚ ਪੂਰਨ ਤੌਰ ਉੱਤੇ ਬੈਨ ਕਰਨ ਬਾਰੇ ਮਾਹਰਾਂ ਦੀਆਂ ਵੱਖ-ਵੱਖ ਰਾਏ ਹਨ।
ਲੈਂਸੇਟ ਦੀ ਰਿਪੋਰਟ ਮੁਤਾਬਕ, ਕੁਝ ਮਾਹਰ ਕਹਿੰਦੇ ਹਨ ਕਿ ਪਲਾਸਟਿਕ ਨੂੰ ਵਾਤਾਵਰਣ ਤੱਕ ਪਹੁੰਚਣ ਤੋਂ ਰੋਕਣ ਤੋਂ ਇਲਾਵਾ, ਨਵੇਂ ਵਿਕਸਤ ਕੀਤੇ ਜਾ ਰਹੇ ਪਲਾਸਟਿਕ ਨੂੰ ਅਜਿਹਾ ਬਣਾਇਆ ਜਾਣਾ ਚਾਹੀਦਾ ਹੈ ਜੋ ਬਾਇਓਡੀਗ੍ਰੇਡੇਬਲ ਜਾਂ ਮੁੜ ਵਰਤੋਂ ਜਾਂ ਰੀਸਾਈਕਲ ਕਰਨ ਵਿੱਚ ਸੌਖਾ ਹੋਵੇ।
ਜਦਕਿ ਕੁਝ ਮਾਹਰ ਕਹਿੰਦੇ ਹਨ ਕਿ ਸਿਰਫ਼ ਰੀਸਾਈਕਲਿੰਗ ਨਾਲ ਪਲਾਸਟਿਕ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਲੋੜ ਪਲਾਸਟਿਕ ਦੇ ਕੂੜੇ ਨੂੰ ਰੋਕਣ ਦੀ ਹੈ।
ਕੌਮਾਂਤਰੀ ਪੱਧਰ ਉੱਤੇ ਮਾਹਰ ਇਹ ਵੀ ਮੰਨਦੇ ਹਨ ਕਿ WHO (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਪਲਾਸਟਿਕ ਉੱਤੇ ਕੋਈ ਪਾਬੰਦੀ ਨਹੀਂ ਲਗਾ ਸਕਦਾ, ਪਰ ਕੁਝ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਹਰ ਦੇਸ਼ ਅਤੇ ਹਰ ਵਿਅਕਤੀ ਨੂੰ ਪਲਾਸਟਿਕ ਤੋਂ ਇੱਕੋ ਪੱਧਰ ਦੀ ਸੁਰੱਖਿਆ ਮਿਲੇ।
ਮਾਹਰ ਚੇਤਾਵਨੀ ਦਿੰਦੇ ਹਨ ਕਿ ਅਜਿਹੇ ਦਿਸ਼ਾ-ਨਿਰਦੇਸ਼ਾਂ ਤੋਂ ਬਿਨ੍ਹਾਂ, ਮਾਈਕ੍ਰੋਪਲਾਸਟਿਕਸ ਨੂੰ ਨਿਯਮਿਤ ਨਹੀਂ ਕੀਤਾ ਜਾ ਸਕੇਗਾ ਅਤੇ ਦੁਨੀਆਂ ਭਰ ਦੇ ਲੋਕ ਅਣਜਾਣੇ ਵਿੱਚ ਲੰਬੇ ਸਮੇਂ ਤੱਕ ਪਲਾਸਟਿਕ ਦੇ ਸਿਹਤ ਉੱਤੇ ਮਾੜੇ ਪ੍ਰਭਾਵਾਂ ਨੂੰ ਸਹਿੰਦੇ ਰਹਿਣਗੇ।
ਅਸਲ ਮੁੱਦਾ, ਪਲਾਸਟਿਕ ਦੀ ਸਮੱਸਿਆ ਦੇ ਹੋਰ ਵਿਗੜਨ ਤੋਂ ਪਹਿਲਾਂ ਕਾਰਵਾਈ ਕਰਨਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












