ਏਆਰ ਰਹਿਮਾਨ ਦੇ ਬੀਬੀਸੀ ਇੰਟਰਵਿਊ 'ਤੇ ਛਿੜੀ ਬਹਿਸ, ਜਾਣੋ ਕੀ ਬੋਲੇ ਜਾਵੇਦ ਅਖਤਰ ਤੇ ਸ਼ਾਨ

ਜਾਵੇਦ ਅਖਤਰ, ਏਆਰ ਰਹਿਮਾਨ, ਸ਼ਾਨ

ਤਸਵੀਰ ਸਰੋਤ, Getty Images/Shaan/FB

ਤਸਵੀਰ ਕੈਪਸ਼ਨ, ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸੰਗੀਤਕਾਰ ਏਆਰ ਰਹਿਮਾਨ ਵੱਲੋਂ ਬਾਲੀਵੁੱਡ 'ਚ ਕੁਝ ਸਮੇਂ ਤੋਂ ਕੰਮ ਨਾ ਮਿਲਣ ਦੀ ਗੱਲ ਕਹੀ ਗਈ, ਜਿਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ

ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸੰਗੀਤਕਾਰ ਏਆਰ ਰਹਿਮਾਨ ਨੇ ਕਿਹਾ ਕਿ 'ਉਨ੍ਹਾਂ ਨੂੰ ਪਿਛਲੇ ਅੱਠ ਸਾਲਾਂ ਵਿੱਚ ਬਾਲੀਵੁੱਡ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਹੈ।'

ਏਆਰ ਰਹਿਮਾਨ ਦੇ ਇਸ ਦਾਅਵੇ 'ਤੇ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਦੀ ਪ੍ਰਤੀਕਿਰਿਆ ਆ ਰਹੀ ਹੈ।

ਗੀਤਕਾਰ ਜਾਵੇਦ ਅਖਤਰ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਵੀ ਫਿਰਕੂ ਮੁੱਦਾ ਹੈ।"

ਗਾਇਕ ਸ਼ਾਨ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਸੰਗੀਤ 'ਚ ਕੋਈ ਫਿਰਕੂ ਜਾਂ ਘੱਟ ਗਿਣਤੀ ਵਾਲਾ ਪਹਿਲੂ ਹੁੰਦਾ ਹੈ। ਜੇਕਰ ਅਜਿਹਾ ਹੁੰਦਾ, ਤਾਂ ਸਾਡੇ ਤਿੰਨ ਸੁਪਰਸਟਾਰ ਜੋ ਤੀਹ ਸਾਲਾਂ ਤੋਂ ਹਨ, ਉਹ ਵੀ ਘੱਟ ਗਿਣਤੀ ਹਨ। ਪਰ ਕੀ ਉਨ੍ਹਾਂ ਦੇ ਪ੍ਰਸ਼ੰਸਕ ਘੱਟ ਹਨ? ਉਹ ਤਾਂ ਵਧਦੇ ਹੀ ਜਾ ਰਹੇ ਹਨ।''

ਏਆਰ ਰਹਿਮਾਨ ਦੇ ਦਾਅਵੇ ਬਾਰੇ ਨਾਵਲਕਾਰ ਸ਼ੋਭਾ ਡੇਅ ਨੇ ਕਿਹਾ, "ਇਹ ਬਹੁਤ ਖ਼ਤਰਨਾਕ ਕਮੈਂਟ ਹੈ... ਮੈਂ ਪੰਜਾਹ ਸਾਲਾਂ ਤੋਂ ਬਾਲੀਵੁੱਡ ਨੂੰ ਦੇਖ ਰਹੀ ਹਾਂ। ਜੇਕਰ ਮੈਂ ਕੋਈ ਅਜਿਹੀ ਜਗ੍ਹਾ ਦੇਖੀ ਹੈ ਜੋ ਫਿਰਕੂਵਾਦ ਤੋਂ ਮੁਕਤ ਹੈ, ਤਾਂ ਉਹ ਬਾਲੀਵੁੱਡ ਹੈ। ਜੇਕਰ ਤੁਹਾਡੇ ਕੋਲ ਪ੍ਰਤਿਭਾ ਹੈ, ਤਾਂ ਤੁਹਾਨੂੰ ਮੌਕਾ ਮਿਲੇਗਾ।"

ਨਾਵਲਕਾਰ ਸ਼ੋਭਾ ਡੇਅ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਏਆਰ ਰਹਿਮਾਨ ਦੇ ਦਾਅਵੇ ਬਾਰੇ ਨਾਵਲਕਾਰ ਸ਼ੋਭਾ ਡੇਅ ਨੇ ਕਿਹਾ, "ਇਹ ਬਹੁਤ ਖ਼ਤਰਨਾਕ ਕਮੈਂਟ ਹੈ''

ਉਨ੍ਹਾਂ ਕਿਹਾ, "ਜੇਕਰ ਤੁਹਾਡੇ ਕੋਲ ਪ੍ਰਤਿਭਾ ਨਹੀਂ ਹੈ, ਤਾਂ ਕੋਈ ਸਵਾਲ ਹੀ ਨਹੀਂ ਹੈ ਕਿ ਇਸ ਦੇ ਪਿੱਛੇ ਤੁਹਾਡਾ ਧਰਮ ਕੋਈ ਕਾਰਨ ਹੈ ਅਤੇ ਲੋਕ ਤੁਹਾਨੂੰ ਮੌਕਾ ਨਹੀਂ ਦੇ ਰਹੇ ਹਨ। ਉਹ ਬਹੁਤ ਹੀ ਸਫਲ ਅਤੇ ਮੈਚਿਓਰ ਇਨਸਾਨ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਹੋ ਸਕਦਾ ਹੈ ਕਿ ਉਨ੍ਹਾਂ ਕੋਲ ਇਸ ਦਾ ਕੋਈ ਕਾਰਨ ਹੋਵੇ... ਤੁਹਾਨੂੰ ਇਸ ਬਾਰੇ ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ।"

ਇਸ ਮੁੱਦੇ 'ਤੇ ਇੱਕ ਸਵਾਲ ਦੇ ਜਵਾਬ ਵਿੱਚ ਗਾਇਕ ਸ਼ੰਕਰ ਮਹਾਦੇਵਨ ਨੇ ਕਿਹਾ, "ਮੈਂ ਇਹੀ ਕਹਾਂਗਾ ਕਿ ਜੋ ਵਿਅਕਤੀ ਗੀਤ ਬਣਾਉਂਦਾ ਹੈ ਅਤੇ ਜੋ ਆਦਮੀ ਇਹ ਫੈਸਲਾ ਕਰਦਾ ਹੈ ਕਿ ਮੈਂ ਇਹ ਗੀਤ ਲੈ ਕੇ ਜਾਵਾਂ ਕਿ ਨਹੀਂ, ਇਸਦੀ ਮਾਰਕੀਟਿੰਗ ਕਰਾਂ ਜਾਂ ਨਹੀਂ, ਉਹ ਦੋ ਵੱਖ-ਵੱਖ ਲੋਕ ਹੁੰਦੇ ਹਨ। ਜੋ ਇਹ ਫੈਸਲਾ ਕਰਦੇ ਹਨ ਉਹ ਮਿਊਜ਼ਿਕ ਫ਼ੀਲਡ ਤੋਂ ਨਹੀਂ ਹੁੰਦੇ।"

ਏਆਰ ਰਹਿਮਾਨ ਨੇ ਬੀਬੀਸੀ ਇੰਟਰਵਿਊ 'ਚ ਕੀ ਕਿਹਾ

ਏਆਰ ਰਹਿਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਆਰ ਰਹਿਮਾਨ ਨੇ ਕਿਹਾ ਕਿ 'ਉਨ੍ਹਾਂ ਨੂੰ ਪਿਛਲੇ ਅੱਠ ਸਾਲਾਂ ਵਿੱਚ ਬਾਲੀਵੁੱਡ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਹੈ।'

ਕਈ ਬਾਲੀਵੁੱਡ ਫ਼ਿਲਮਾਂ ਨੂੰ ਯਾਦਗਾਰ ਸੰਗੀਤ ਦੇਣ ਵਾਲੇ ਆਸਕਰ ਅਵਾਰਡ ਜੇਤੂ ਸੰਗੀਤਕਾਰ ਏਆਰ ਰਹਿਮਾਨ ਨੇ ਬੀਬੀਸੀ ਨਾਲ ਇੱਕ ਖ਼ਾਸ ਇੰਟਰਵਿਊ ਦੌਰਾਨ ਆਪਣੇ ਸੰਗੀਤਕ ਸਫ਼ਰ, ਬਦਲਦੇ ਸਿਨੇਮਾ, ਭਵਿੱਖ ਦੀਆਂ ਯੋਜਨਾਵਾਂ ਅਤੇ ਸਮਾਜ ਦੇ ਮੌਜੂਦਾ ਮਾਹੌਲ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਇਸ ਗੱਲਬਾਤ ਵਿੱਚ ਰਹਿਮਾਨ ਨੇ ਫਿਲਮ ਇੰਡਸਟਰੀ ਬਾਰੇ ਕਿਹਾ, "ਸ਼ਾਇਦ ਪਿਛਲੇ ਅੱਠ ਸਾਲਾਂ ਵਿੱਚ ਸੱਤਾ ਦਾ ਸੰਤੁਲਨ ਬਦਲ ਗਿਆ ਹੈ ਅਤੇ ਜੋ ਰਚਨਾਤਮਕ ਨਹੀਂ ਹਨ ਉਹ ਫੈਸਲੇ ਲੈ ਰਹੇ ਹਨ। ਸ਼ਾਇਦ ਫਿਰਕੂ ਗੱਲ ਵੀ ਹੋ ਰਹੀ ਹੋਵੇ, ਪਰ ਮੇਰੇ ਸਾਹਮਣੇ ਕਿਸੇ ਨੇ ਨਹੀਂ ਕਿਹਾ।''

ਹਾਲਾਂਕਿ, ਉਨ੍ਹਾਂ ਨੇ ਇਹ ਮੰਨਿਆ ਕਿ ਹੁਣ ਉਨ੍ਹਾਂ ਕੋਲ ਕੰਮ ਨਹੀਂ ਆ ਰਿਹਾ ਹੈ।

ਏਆਰ ਰਹਿਮਾਨ

ਉਨ੍ਹਾਂ ਅੱਗੇ ਕਿਹਾ, "ਹਾਂ, ਕੁਝ-ਕੁਝ ਗੱਲਾਂ ਮੇਰੇ ਕੰਨਾਂ ਤੱਕ ਪਹੁੰਚੀਆਂ। ਜਿਵੇਂ, ਤੁਹਾਨੂੰ ਬੁਕ ਕੀਤਾ ਗਿਆ ਸੀ, ਪਰ ਦੂਜੀ ਮਿਊਜ਼ਿਕ ਕੰਪਨੀ ਨੇ ਫਿਲਮ ਫੰਡ ਕੀਤੀ ਅਤੇ ਆਪਣੇ ਸੰਗੀਤਕਾਰ ਲੈ ਆਏ। ਮੈਂ ਕਹਿੰਦਾ ਹਾਂ, ਠੀਕ ਹੈ, ਮੈਂ ਆਰਾਮ ਕਰਾਂਗਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਾਂਗਾ। ਮੈਂ ਕੰਮ ਦੀ ਭਾਲ਼ 'ਚ ਨਹੀਂ ਹਾਂ। ਮੈਂ ਚਾਹੁੰਦਾ ਹਾਂ ਕਿ ਕੰਮ ਮੇਰੇ ਕੋਲ ਆਵੇ। ਮੈਂ ਚਾਹੁੰਦਾ ਹਾਂ ਕਿ ਮੇਰੀ ਮਿਹਨਤ ਅਤੇ ਇਮਾਨਦਾਰੀ ਮੈਨੂੰ ਚੀਜ਼ਾਂ ਦਿਵਾਏ।''

ਏਆਰ ਰਹਿਮਾਨ ਨੇ ਇਸ ਗੱਲਬਾਤ ਵਿੱਚ ਕਿਹਾ, "ਪਰ ਮੈਂ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਸੋਚਦਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਨਿੱਜੀ ਗੱਲ ਹੁੰਦੀ ਹੈ। ਹਰ ਕਿਸੇ ਦੀ ਆਪਣੀ-ਆਪਣੀ ਸੋਚ ਹੁੰਦੀ ਹੈ। ਸਾਨੂੰ ਕਿੰਨਾ ਕੰਮ ਮਿਲਣਾ ਚਾਹੀਦਾ ਹੈ, ਇਹ ਸਾਡੇ ਹੱਥ ਵਿੱਚ ਨਹੀਂ ਹੈ।"

ਜਾਵੇਦ ਅਖਤਰ ਦਾ ਜਵਾਬ

ਜਾਵੇਦ ਅਖਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੀਤਕਾਰ ਜਾਵੇਦ ਅਖਤਰ ਨੇ ਅੱਗੇ ਕਿਹਾ ਕਿ ਰਹਿਮਾਨ ਇੰਨੇ ਵੱਡੇ ਆਦਮੀ ਹਨ ਕਿ ਨਿੱਕੇ-ਮੋਟੇ ਪ੍ਰੋਡਿਊਸਰ ਉਨ੍ਹਾਂ ਕੋਲ ਜਾਣ ਤੋਂ ਵੀ ਡਰਦੇ ਹਨ। ਪਰ ਉਹ ਨਹੀਂ ਸਮਝਦੇ ਕਿ ਇਸ ਵਿੱਚ ਕੋਈ ਫਿਰਕੂ ਤੱਤ ਹੈ

ਖ਼ਬਰ ਏਜੰਸੀ ਆਈਏਐਨਐਸ ਨਾਲ ਗੱਲਬਾਤ ਵਿੱਚ ਗੀਤਕਾਰ ਜਾਵੇਦ ਅਖਤਰ ਨੇ ਏਆਰ ਰਹਿਮਾਨ ਦੇ ਦਾਅਵੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਮੈਨੂੰ ਅਜਿਹਾ ਕਦੇ ਨਹੀਂ ਲੱਗਿਆ। ਮੈਂ ਮੁੰਬਈ ਵਿੱਚ ਸਾਰੇ ਲੋਕਾਂ ਨੂੰ ਮਿਲਦਾ ਹਾਂ। ਲੋਕ ਉਨ੍ਹਾਂ (ਏਆਰ ਰਹਿਮਾਨ) ਦਾ ਬਹੁਤ ਸਨਮਾਨ ਕਰਦੇ ਹਨ। ਹੋ ਸਕਦਾ ਹੈ ਕਿ ਲੋਕ ਸਮਝਦੇ ਹੋਣ ਕਿ ਉਹ ਅਜੇ ਪੱਛਮ ਵਿੱਚ ਬਹੁਤ ਰੁੱਝੇ ਹੋਏ ਹਨ। ਹੋ ਸਕਦਾ ਹੈ ਕਿ ਲੋਕ ਸਮਝਦੇ ਹੋਣ ਕਿ ਉਨ੍ਹਾਂ ਦੇ ਪ੍ਰੋਗਰਾਮ ਬਹੁਤ ਵੱਡੇ ਹੁੰਦੇ ਹਨ ਅਤੇ ਉਸ 'ਚ ਜ਼ਿਆਦਾ ਸਮਾਂ ਲੱਗਦਾ ਹੈ।''

ਜਾਵੇਦ ਅਖਤਰ

ਜਾਵੇਦ ਅਖਤਰ ਨੇ ਅੱਗੇ ਕਿਹਾ, "ਰਹਿਮਾਨ ਇੰਨੇ ਵੱਡੇ ਆਦਮੀ ਹਨ ਕਿ ਨਿੱਕੇ-ਮੋਟੇ ਪ੍ਰੋਡਿਊਸਰ ਉਨ੍ਹਾਂ ਕੋਲ ਜਾਣ ਤੋਂ ਵੀ ਡਰਦੇ ਹਨ। ਪਰ ਮੈਂ ਨਹੀਂ ਸਮਝਦਾ ਕਿ ਇਸ ਵਿੱਚ ਕੋਈ ਫਿਰਕੂ ਤੱਤ ਹੈ।"

ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਫਿਲਮ "ਰਾਮਾਇਣ" ਲਈ ਰਹਿਮਾਨ ਨੇ ਸੰਗੀਤ ਦਿੱਤਾ ਹੈ। ਇੱਕ ਵੱਖਰੇ ਧਰਮ ਤੋਂ ਆਉਣ ਦੇ ਬਾਵਜੂਦ ਇਸ ਫਿਲਮ ਲਈ ਸੰਗੀਤ ਤਿਆਰ ਕਰਨ ਬਾਰੇ ਸਵਾਲਾਂ ਦੇ ਜਵਾਬ ਵੀ ਰਹਿਮਾਨ ਨੇ ਦਿੱਤੇ।

ਪਿਛਲੇ ਸਾਲ ਆਈ ਫ਼ਿਲਮ 'ਛਾਵਾ' ਵਿੱਚ ਵੀ ਏਆਰ ਰਹਿਮਾਨ ਨੇ ਸੰਗੀਤ ਦਿੱਤਾ ਸੀ। ਕਈ ਇਤਿਹਾਸਕਾਰਾਂ ਨੇ ਇਸ ਫ਼ਿਲਮ ਨੂੰ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਅਤੇ ਵੰਡ ਪੈਦਾ ਕਰਨ ਵਾਲੀ ਦੱਸਿਆ ਸੀ। ਫ਼ਿਲਮ ਦੀ ਰਿਲੀਜ਼ ਦੌਰਾਨ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਵਿੱਚ ਹਿੰਸਾ ਵੀ ਹੋਈ ਸੀ।

ਸ਼ਾਨ ਬੋਲੇ, "ਤਿੰਨੋਂ ਸੁਪਰਸਟਾਰ ਘੱਟ ਗਿਣਤੀ ਹਨ"

ਸ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਨ ਨੇ ਕਿਹਾ ਕਿ ਸਾਰਿਆਂ ਨੂੰ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ

ਗਾਇਕ ਸ਼ਾਨ ਨੇ ਵੀ ਫਿਲਮ ਅਤੇ ਸੰਗੀਤ ਜਗਤ ਵਿੱਚ ਕਿਸੇ ਵੀ "ਫਿਰਕੂ ਜਾਂ ਘੱਟ ਗਿਣਤੀ ਵਾਲੇ ਪਹਿਲੂ" ਤੋਂ ਇਨਕਾਰ ਕੀਤਾ ਹੈ।

ਸ਼ਾਨ ਨੇ ਖ਼ਬਰ ਏਜੰਸੀ ਆਈਏਐਨਐਸ ਨਾਲ ਗੱਲਬਾਤ ਵਿੱਚ ਕਿਹਾ, "ਜਿੱਥੋਂ ਤੱਕ ਕੰਮ ਦੀ ਕੰਮ ਨਾ ਮਿਲਣ ਦੀ ਗੱਲ ਹੈ, ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ। ਮੈਂ ਇੰਨੇ ਸਾਲਾਂ 'ਚ ਬਹੁਤ ਕੁਝ ਗਾਇਆ ਹੈ, ਮੈਨੂੰ ਵੀ ਕੰਮ ਨਹੀਂ ਮਿਲ ਰਿਹਾ। ਮੈਨੂੰ ਨਹੀਂ ਲੱਗਦਾ ਕਿ ਸੰਗੀਤ ਵਿੱਚ ਕੋਈ ਫਿਰਕੂ ਜਾਂ ਘੱਟ ਗਿਣਤੀ ਵਾਲਾ ਪਹਿਲੂ ਹੁੰਦਾ ਹੈ। ਜੇਕਰ ਅਜਿਹਾ ਹੁੰਦਾ ਤਾਂ ਸਾਡੇ ਤਿੰਨ ਸੁਪਰਸਟਾਰ ਜੋ ਤੀਹ ਸਾਲਾਂ ਤੋਂ ਹਨ, ਉਹ ਵੀ ਘੱਟ ਗਿਣਤੀ ਹਨ, ਪਰ ਕੀ ਉਨ੍ਹਾਂ ਦੇ ਪ੍ਰਸ਼ੰਸਕ ਕਿਸੇ ਤੋਂ ਘੱਟ ਹਨ?" ਉਹ ਵਧਦੇ ਹੀ ਜਾ ਰਹੇ ਹਨ।''

ਸ਼ਾਨ ਨੇ ਕਿਹਾ ਕਿ ਸਾਰਿਆਂ ਨੂੰ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ। ਉਨ੍ਹਾਂ ਨੇ ਏਆਰ ਰਹਿਮਾਨ ਦੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਏਆਰ ਰਹਿਮਾਨ ਇੱਕ ਕਮਾਲ ਦੇ ਕੰਪੋਜ਼ਰ ਹਨ ਅਤੇ ਉਨ੍ਹਾਂ ਦਾ ਕੰਮ ਕਰਨ ਦਾ ਇੱਕ ਵੱਖਰਾ ਅੰਦਾਜ਼ ਹੈ।

ਸਿਆਸੀ ਹਲਕਿਆਂ ਤੋਂ ਵੀ ਆ ਰਹੀ ਪ੍ਰਤੀਕਿਰਿਆ

ਸ਼ਿਵ ਸੈਨਾ ਆਗੂ ਸ਼ਾਇਨਾ ਐਨਸੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸ਼ਿਵ ਸੈਨਾ ਆਗੂ ਸ਼ਾਇਨਾ ਐਨਸੀ

ਏਆਰ ਰਹਿਮਾਨ ਦੇ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਤੋਂ ਵੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਸ਼ਿਵ ਸੈਨਾ ਆਗੂ ਸ਼ਾਇਨਾ ਐਨਸੀ ਨੇ ਏਆਰ ਰਹਿਮਾਨ ਦੇ ਬਿਆਨ ਬਾਰੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮੰਦਭਾਗਾ ਹੈ ਕਿ ਏਆਰ ਰਹਿਮਾਨ ਇੰਡਸਟਰੀ ਦੇ ਫਿਰਕੂ ਹੋਣ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਨੂੰ ਹਰ ਪਾਸੇ ਮੌਕਾ ਮਿਲਿਆ ਹੈ ਅਤੇ ਭਾਰਤ ਦੀ ਸੁੰਦਰਤਾ ਹੈ - ਅਨੇਕਤਾ ਵਿੱਚ ਏਕਤਾ।"

"ਜੇਕਰ ਕੋਈ ਰਸਤਾ ਬੰਦ ਹੋਵੇ ਤਾਂ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਯੋਗਤਾ ਨਾਲ ਸਾਰੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਤੁਸੀਂ ਆਪਣਾ ਟੈਲੇੰਟ ਦਿਖਾਉਂਦੇ ਹੋ। ਇਹੀ ਸਾਡੇ ਦੇਸ਼ ਦੀ ਮਹਾਨਤਾ ਹੈ ਕਿ ਸਾਰਿਆਂ ਨੂੰ ਬਰਾਬਰ ਤਰਜੀਹ ਦਿੱਤੀ ਜਾਂਦੀ ਹੈ।"

ਭਜਨ ਗਾਇਕ ਅਨੂਪ ਜਲੋਟਾ ਨੇ ਏਆਰ ਰਹਿਮਾਨ ਦੇ ਦਾਅਵੇ 'ਤੇ ਕਿਹਾ, "ਅਜਿਹਾ ਬਿਲਕੁਲ ਵੀ ਨਹੀਂ ਹੈ। ਸੱਚ ਇਹ ਹੈ ਕਿ ਉਨ੍ਹਾਂ ਨੇ ਪੰਜ ਸਾਲਾਂ ਵਿੱਚ ਪੱਚੀ ਸਾਲ ਦਾ ਕੰਮ ਕਰ ਲਿਆ ਹੈ। ਹੁਣ ਕੀ ਕੀਤਾ ਜਾਵੇ। ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ ਅਤੇ ਬਹੁਤ ਚੰਗਾ ਕੰਮ ਕੀਤਾ ਹੈ। ਲੋਕਾਂ ਦੇ ਦਿਲਾਂ 'ਚ ਬਹੁਤ ਸਨਮਾਨ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)