'ਮੇਰੇ ਜਿਹਾ ਬੰਦਾ ਸਿਆਸਤ 'ਚ ਕੁਝ ਨਹੀਂ ਖੱਟ ਸਕਦਾ, ਝੂਠਾ ਜਿਹਾ ਟੌਹਰ-ਟੱਪਾ ਬੱਸ', ਹੰਸ ਰਾਜ ਹੰਸ ਦੀ ਗਾਇਕੀ ਤੋਂ ਸਿਆਸਤ ਤੱਕ ਦੀ ਕਹਾਣੀ

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬੀ ਸੰਗੀਤ ਜਗਤ ਦੇ ਖੇਤਰ ਵਿੱਚ ਹੰਸ ਰਾਜ ਹੰਸ ਦਾ ਮੁਕਾਮ ਸਿਖ਼ਰ 'ਤੇ ਬੈਠੇ ਚੋਣਵੇਂ ਕਲਾਕਾਰਾਂ ਵਿੱਚ ਹੈ। ਰਾਜ ਗਾਇਕ ਦੀ ਉਪਾਧੀ, ਉਨ੍ਹਾਂ ਨੂੰ ਬਾਕੀ ਫ਼ਨਕਾਰਾਂ ਨਾਲੋਂ ਵੱਖਰਾ ਬਣਾਉਂਦੀ ਹੈ। ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ।
ਸੂਫ਼ੀ ਗਾਇਕੀ ਹੰਸ ਰਾਜ ਰਾਜ ਦੀ ਵਿਲੱਖਣ ਪਛਾਣ ਹੈ ਪਰ ਉਨ੍ਹਾਂ ਨੇ ਲੋਕ ਸੰਗੀਤ, ਪੌਪ ਸਮੇਤ ਹਰ ਸ਼ੈਲੀ ਵਿੱਚ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੇ ਗਾਏ ਧਾਰਮਿਕ ਗੀਤ ਵੀ ਬੇਮਿਸਾਲ ਰਹੇ। ਹੰਸ ਰਾਜ ਹੰਸ ਬੌਲੀਵੁੱਡ ਅਤੇ ਇੱਥੋਂ ਤੱਕ ਕਿ ਹੌਲੀਵੁੱਡ ਵਿੱਚ ਵੀ ਗਾ ਚੁੱਕੇ ਹਨ। ਸੁਨਿਆਰੀ ਜ਼ੁਲਫ਼ਾ ਵਾਲਾ ਉਨ੍ਹਾਂ ਦਾ ਅੰਦਾਜ਼ ਵੀ ਦਿਲਕਸ਼ ਰਿਹਾ ਹੈ।
ਉਨ੍ਹਾਂ ਦੀ ਪਛਾਣ ਹੁਣ ਇੱਕ ਸਿਆਸਤਦਾਨ ਵਜੋਂ ਵੀ ਹੈ। ਉਹ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ।
ਬਚਪਨ ਅਤੇ ਪਿਛੋਕੜ

ਤਸਵੀਰ ਸਰੋਤ, hansrajhanshrh/instagram
ਹੰਸ ਰਾਜ ਹੰਸ ਦਾ ਜਨਮ ਜਲੰਧਰ ਨੇੜਲੇ ਪਿੰਡ ਸ਼ਫੀਪੁਰ ਵਿੱਚ ਸਾਧਾਰਨ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਦਾ ਨਾਮ ਅਰਜਨ ਸਿੰਘ ਅਤੇ ਮਾਤਾ ਦਾ ਨਾਮ ਅਜੀਤ ਕੌਰ ਸੀ। ਖੇਤਾਂ ਵਿੱਚ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।
ਉਨ੍ਹਾਂ ਦਾ ਬਚਪਨ ਦਾ ਨਾਮ ਜ਼ੋਰਾਵਰ ਸਿੰਘ ਸੀ ਪਰ ਸਕੂਲ ਵਿੱਚ ਦਾਖਲੇ ਵੇਲੇ ਹੰਸ ਰਾਜ ਲਿਖਵਾ ਦਿੱਤਾ ਗਿਆ। ਜਦੋਂ ਗਾਇਕੀ ਵਿੱਚ ਆਏ ਤਾਂ ਉਨ੍ਹਾਂ ਦੇ ਉਸਤਾਦ ਪੂਰਨ ਸ਼ਾਹ ਕੋਟੀ ਨੇ ਉਨ੍ਹਾਂ ਨੂੰ ਹੰਸ ਰਾਜ ਹੰਸ ਦਾ ਨਾਮ ਦਿੱਤਾ।
ਪਰਿਵਾਰ ਵਿੱਚ ਗਾਇਕੀ ਦਾ ਕੋਈ ਪਿਛੋਕੜ ਨਹੀਂ ਸੀ ਅਤੇ ਨਾ ਹੀ ਉਸ ਵੇਲੇ ਗਾਉਣ ਨੂੰ ਬਹੁਤਾ ਚੰਗਾ ਸਮਝਿਆ ਜਾਂਦਾ ਸੀ। ਪਿਤਾ ਵੀ ਗਾਉਣ ਨੂੰ ਇੱਕ ਖਾਸ ਭਾਈਚਾਰੇ ਦਾ ਕਿੱਤਾ ਮੰਨਦਿਆਂ ਹੰਸ ਦੀ ਗਾਇਕੀ ਦੇ ਖ਼ਿਲਾਫ਼ ਸਨ।

ਤਸਵੀਰ ਸਰੋਤ, hansrajhanshrh/instagram
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ 100-150 ਸਾਲ ਪੁਰਾਣਾ ਇੱਕ ਬੋਹੜ ਦਾ ਦਰੱਖ਼ਤ ਸੀ, ਜਿਸ ਹੇਠ ਬਹਿ ਕੇ ਉਹ ਅਕਸਰ ਸੁਫ਼ਨੇ ਪੂਰੇ ਕਰਨ ਬਾਰੇ ਸੋਚਦੇ ਸਨ। ਕਦੇ ਇੱਟ ਉੱਤੇ ਸਿਰ ਰੱਖ ਕੇ ਸੌਂ ਜਾਂਦੇ, ਕਦੇ ਅਕਸਰ ਇਕੱਲੇ ਬਹਿ ਕੇ ਗਾਉਂਦੇ ਰਹਿੰਦੇ ਸਨ।
ਆਪਣੇ ਪਿੰਡ ਨੂੰ ਅਕਸਰ 'ਉਦਾਸ ਜਿਹਾ' ਪਿੰਡ ਕਹਿਣ ਵਾਲੇ ਹੰਸ ਰਾਜ ਹੰਸ ਆਪਣੇ ਬਚਪਨ ਨੂੰ ਯਾਦ ਕਰਦਿਆਂ ਦੱਸਦੇ ਹਨ, "ਲੋਕ ਮੇਰੀ ਮਾਂ ਨੂੰ ਜਦੋਂ ਕਹਿੰਦੇ ਸੀ ਕਿ ਤੇਰਾ ਮੁੰਡਾ ਪਾਗਲ ਹੋ ਗਿਆ ਹੈ ਤਾਂ ਮੈਂ ਬਹੁਤ ਉਦਾਸ ਹੋ ਜਾਂਦਾ ਸੀ।"
ਹੰਸ ਨੇ ਦੱਸਿਆ, "ਮੈਂ ਇੱਕ ਵਾਰ ਮਾਂ ਨੂੰ ਕਿਹਾ ਸੀ ਕਿ ਪਿੰਡ ਦੇ ਲੋਕ ਮੈਨੂੰ ਪਾਗਲ ਕਹਿੰਦੇ ਨੇ ਨਾ ਇੱਕ ਦਿਨ ਅਜਿਹਾ ਆਏਗਾ ਲੋਕ ਪਾਗਲਾਂ ਵਾਂਗੂ ਤੇਰੇ ਪੁੱਤ ਨੂੰ ਵੇਖਿਆ ਕਰਨਗੇ, ਤੇਰੇ ਪੁੱਤ ਨੂੰ ਸੁਣਿਆ ਕਰਨਗੇ।"
ਭਾਵੇਂ ਪਿਤਾ ਗਾਇਕੀ ਦੇ ਖ਼ਿਲਾਫ਼ ਸਨ ਪਰ ਬਚਪਨ ਤੋਂ ਹੀ ਹੰਸ ਰਾਜ ਹੰਸ ਪਿੰਡ ਦੇ ਧਾਰਮਿਕ ਸਮਾਗਮਾਂ ਵਿੱਚ ਗਾਉਂਦੇ ਰਹਿੰਦੇ ਸਨ।
ਜਦੋਂ ਬਚਪਨ ਵਿੱਚ ਘਰ ਛੱਡ ਗਏ ਸੀ

ਤਸਵੀਰ ਸਰੋਤ, Getty Images
ਹੰਸ ਰਾਜ ਹੰਸ ਸੰਗੀਤ ਪ੍ਰਤੀ ਬਚਪਨ ਤੋਂ ਹੀ ਦੀਵਾਨੇ ਸਨ।
ਉਹ ਦੱਸਦੇ ਹਨ ਕਿ ਜਦੋਂ ਪਿਤਾ ਦੀ ਸਖ਼ਤੀ ਵਧੀ ਤਾਂ ਉਹ ਡਰ ਗਏ ਅਤੇ ਘਰ ਛੱਡ ਕੇ ਚਲੇ ਗਏ ਤੇ ਕਈ ਸਾਲ ਘਰੋਂ ਬਾਹਰ ਰਹੇ।
ਸਕੂਲ ਦੀਆਂ ਕਾਪੀਆਂ ਲਈ ਮਿਲੇ ਪੈਸੇ ਲੈ ਕੇ ਉਹ ਪਿੰਡ ਤੋਂ ਤੁਰ ਕੇ ਜਲੰਧਰ ਪਹੁੰਚ ਗਏ। ਉਸ ਵੇਲੇ ਉਨ੍ਹਾਂ ਦੀ ਉਮਰ ਕਰੀਬ ਦਸ ਸਾਲ ਸੀ। ਫਿਰ ਟਰੇਨ ਵਿੱਚ ਬਹਿ ਕੇ ਜਲੰਧਰ ਤੋਂ ਲੁਧਿਆਣਾ ਪਹੁੰਚ ਗਏ। ਉਹ ਲੁਧਿਆਣਾ ਵਿੱਚ ਉਸ ਵੇਲੇ ਦੇ ਨਾਮੀਂ ਗਾਇਕ ਉਸਤਾਦ ਯਮਲਾ ਜੱਟ ਕੋਲ ਜਾਣਾ ਚਾਹੁੰਦੇ ਸਨ ਪਰ ਉਹ ਕਿੱਥੇ ਰਹਿੰਦੇ ਹਨ, ਪੂਰਾ ਪਤਾ ਨਹੀਂ ਸੀ।
ਅਖੀਰ ਇੱਕ ਰਿਕਸ਼ੇ ਵਾਲੇ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਜਵਾਹਰ ਨਗਰ ਸਥਿਤ ਯਮਲਾ ਜੱਟ ਦੇ ਘਰ ਪਹੁੰਚਾ ਦਿੱਤਾ।
ਖੈਰ, ਉੱਥੇ ਯਮਲਾ ਜੱਟ ਨਾਲ ਉਨ੍ਹਾਂ ਦਾ ਮੇਲ ਉਸ ਵੇਲੇ ਨਹੀਂ ਹੋਇਆ। ਫਿਰ ਉਨ੍ਹਾਂ ਨੇ ਪੂਰਨ ਸ਼ਾਹ ਕੋਟੀ ਨੂੰ ਸੁਣਿਆ ਅਤੇ ਉਨ੍ਹਾਂ ਦੀ ਗਾਈ ਕੱਵਾਲੀ ਨੇ ਹੰਸ ਰਾਜ ਹੰਸ ਨੂੰ ਕੀਲ ਲਿਆ।
ਹੰਸ ਨੇ ਉਸਤਾਦ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਮੰਨ ਲਿਆ ਅਤੇ ਉਨ੍ਹਾਂ ਨਾਲ ਨਕੋਦਰ ਤੁਰ ਗਏ। ਪੂਰਨ ਸ਼ਾਹ ਕੋਟੀ ਦੇ ਪਿਤਾ, ਹੰਸ ਰਾਜ ਹੰਸ ਦੇ ਪਿਤਾ ਦੇ ਜਾਣਕਾਰ ਵੀ ਸਨ।
ਹੰਸ ਰਾਜ ਹੰਸ ਕਹਿੰਦੇ ਹਨ, "ਮੇਰੇ ਤੋਂ ਸਾਰੀ ਉਮਰ ਓਨੀ ਮੁਹੱਬਤ ਕਿਸੇ ਨੂੰ ਨਹੀਂ ਹੋਈ, ਜਿੰਨੀ ਮੈਂ ਆਪਣੇ ਗੁਰੂ ਨੂੰ ਕੀਤੀ, ਕਰਦਾ ਹਾਂ ਅਤੇ ਸਿਵਿਆਂ ਦੀ ਅੱਗ ਤੱਕ ਕਰਦਾ ਰਹਾਂਗਾ। ਇਸ਼ਕ ਵਿੱਚ ਤੁਹਾਨੂੰ ਹੁਨਰ ਵੀ ਮਿਲ ਜਾਂਦਾ, ਇਲਮ ਵੀ ਮਿਲ ਜਾਂਦਾ, ਰੌਸ਼ਨੀ ਵੀ ਮਿਲ ਜਾਂਦੀ ਹੈ"
ਹੰਸ ਰਾਜ ਹੰਸ ਕਈ ਸਾਲ ਨਕੋਦਰ ਰਹੇ। ਉਹ ਦੱਸਦੇ ਹਨ, "ਸਾਈਂ ਜੀ ਕੋਲ ਸਮਾਂ ਬਿਤਾਉਂਦਾ ਸੀ। ਉੱਥੇ ਉਨ੍ਹਾਂ ਦਿਨਾਂ ਵਿੱਚ ਸੂਫ਼ੀਆਂ ਦੀ ਮਜਲਿਸ ਲੱਗਦੀ ਸੀ। ਬਹੁਤ ਸੱਚੇ-ਸੁੱਚੇ ਫ਼ਕੀਰ ਹੋਇਆ ਕਰਦੇ ਸਨ। ਉਨ੍ਹਾਂ ਦੀਆਂ ਗੱਲਾਂ ਸੁਣਦਾ ਸੀ ਜੋ ਕਿ ਮੇਰੀ ਸ਼ਖਸੀਅਤ ਅੰਦਰ ਬੈਠਦੀਆਂ ਸੀ"
ਚੜ੍ਹਦੀ ਉਮਰ ਵਿੱਚ ਸੂਫ਼ੀਆਂ ਦੀ ਸੰਗਤ ਕਰਨ ਵਾਲੇ ਹੰਸ ਰਾਜ ਹੰਸ ਕਹਿੰਦੇ ਹਨ ਕਿ ਸੂਫੀਵਾਦ ਪੜ੍ਹਣ, ਸੁਣਨ ਵਾਲੀ ਗੱਲ ਨਹੀਂ ਬਲਕਿ ਜਿਉਣ ਵਾਲੀ ਗੱਲ ਹੈ ਜੋ ਕਿ ਉਨ੍ਹਾਂ ਨੇ ਨਕੋਦਰ ਵਿਖੇ ਸੂਫ਼ੀ-ਫਕੀਰਾਂ ਦੀ ਸੰਗਤ ਵਿੱਚ ਮਾਣੀ ਹੈ।

ਤਸਵੀਰ ਸਰੋਤ, hansrajhanshrh/instagram
'ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ'
ਉਸ ਦੌਰ ਵਿੱਚ ਦੋਗਾਣਾ ਗਾਇਕੀ ਦਾ ਜ਼ੋਰ ਸੀ। ਪਰ ਹੰਸ ਰਾਜ ਹੰਸ ਨੇ ਉਸ ਵੇਲੇ ਦੇ ਟਰੈਂਡ ਤੋਂ ਉਲਟ ਸੂਫ਼ੀ ਗੀਤ 'ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ' ਨਾਲ ਸ਼ੁਰੂਆਤ ਕੀਤੀ। ਸਾਲ 1982 ਵਿੱਚ ਉਨ੍ਹਾਂ ਦਾ ਪਹਿਲਾ ਐੱਲ.ਪੀ ਰਿਕਾਰਡ ਐਚ.ਐਮ.ਵੀ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ।
ਹੰਸ ਰਾਜ ਹੰਸ ਦੱਸਦੇ ਹਨ ਕਿ ਉਨ੍ਹਾਂ ਦੇ ਕਾਲਜ ਦੇ ਦੋਸਤ ਸਤਨਾਮ ਸਿੰਘ ਗਿੱਲ ਉਨ੍ਹਾਂ ਨੂੰ ਦਿੱਲੀ ਸਥਿਤ ਐਚ.ਐਮ.ਵੀ ਕੰਪਨੀ ਦੇ ਦਫ਼ਤਰ ਵਿੱਚ ਲੈ ਕੇ ਗਏ ਸਨ।
ਉਨ੍ਹਾਂ ਦਾ ਗੀਤ 1980 ਵਿੱਚ ਹੀ ਰਿਕਾਰਡ ਹੋ ਗਿਆ ਸੀ, ਪਰ ਕੰਪਨੀ ਨੇ ਰਿਲੀਜ਼ ਦੇਰੀ ਨਾਲ ਕੀਤਾ ਕਿਉਂਕਿ ਕੰਪਨੀ ਨੂੰ ਉਸ ਦੌਰ ਵਿੱਚ ਅਜਿਹੇ ਗੀਤਾਂ ਤੋਂ ਕਮਰਸ਼ੀਅਲ ਹਿੱਟ ਦੀ ਬਹੁਤੀ ਉਮੀਦ ਨਹੀਂ ਸੀ।
ਪਰ ਜਦੋਂ ਇਹ ਰਿਕਾਰਡ ਆਇਆ ਤਾਂ ਹਿੱਟ ਹੋ ਗਿਆ। ਹੰਸ ਰਾਜ ਹੰਸ ਦੱਸਦੇ ਹਨ ਕਿ ਪਿੰਡ-ਪਿੰਡ ਵਿੱਚ ਇਹ ਰਿਕਾਰਡ ਵੱਜ ਰਿਹਾ ਸੀ। ਪਿੰਡ ਦੇ ਲੋਕ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਸਨ।
ਉਹ ਦੱਸਦੇ ਹਨ, "ਉਦੋਂ ਤੱਕ ਮੇਰੇ ਕੋਲ ਇੰਨੇ ਕੁ ਪੈਸੇ ਸਨ ਕਿ ਰਿਕਸ਼ੇ 'ਤੇ ਪਿੰਡ ਜਾ ਸਕਦਾ ਸੀ। ਰਿਕਾਰਡ ਰਿਲੀਜ਼ ਹੋਣ ਬਾਅਦ ਜਦੋਂ ਮੈਂ ਰਿਕਸ਼ੇ 'ਤੇ ਪਿੰਡ ਪਰਤਿਆ ਤਾਂ ਉਸ ਰਿਕਾਰਡ ਨੂੰ ਮੈਂ ਸੀਨੇ ਨਾਲ ਲਾਇਆ ਹੋਇਆ ਸੀ ਅਤੇ ਮੇਰਾ ਪਹਿਲਾ ਰਿਕਾਰਡ ਮੈਨੂੰ ਮੇਰੀ ਮਹਿਬੂਬ ਲੱਗਦਾ ਸੀ। ਘਰ ਪਰਤਿਆ ਤਾਂ ਮਾਂ ਮੈਨੂੰ ਕਲਾਵੇ ਵਿੱਚ ਲੈ ਕੇ ਰੋਂਦੀ ਰਹੀ।"
ਜਦੋਂ ਆਲੇ-ਦੁਆਲੇ ਦੇ ਇਲਾਕੇ ਤੋਂ ਵੱਡੇ-ਵੱਡੇ ਅਹੁਦੇਦਾਰ ਮੇਰੀ ਪ੍ਰਸ਼ੰਸਾ ਕਰਦੇ ਸਨ ਤਾਂ ਪਿਤਾ ਮਾਣ ਮਹਿਸੂਸ ਕਰਦੇ ਸਨ।
ਹੰਸ ਰਾਜ ਹੰਸ ਦੱਸਦੇ ਹਨ ਕਿ ਉਹ ਅਕਸਰ ਅੱਖਾਂ ਮੀਚ ਕੇ ਜਾਂ ਬਹਿ ਕੇ ਹਰਮੋਨੀਅਮ ਵਜਾਉਂਦਿਆਂ ਗੀਤ ਗਾਉਂਦੇ ਸਨ। ਟੈਲੀਵਿਜ਼ਨ ਆਇਆ ਤਾਂ ਟੀਵੀ ਵਾਲਿਆਂ ਨੇ ਉਨ੍ਹਾਂ ਨੂੰ ਸਮੇਂ ਦੀ ਮੰਗ ਮੁਤਾਬਕ ਪ੍ਰਫੌਰਮਰ ਬਣਨ ਨੂੰ ਕਿਹਾ। ਹੰਸ ਦੱਸਦੇ ਹਨ ਕਿ ਉਨ੍ਹਾਂ ਨੂੰ ਨੱਚਣਾ ਨਹੀਂ ਸੀ ਆਉਂਦਾ। ਫਿਰ ਉਨ੍ਹਾਂ ਨੇ ਗਰਦਨ ਹਿਲਾ ਕੇ ਗਾਇਆ ਅਤੇ ਕਿਹਾ ਕਿ ਮੈਨੂੰ ਇਹੀ ਆਉਂਦਾ ਹੈ।

ਤਸਵੀਰ ਸਰੋਤ, hansrajhanshrh/instagram
ਹੰਸ ਦੱਸਦੇ ਹਨ, "ਮੈਂ ਜ਼ੁਲਫ਼ਾ ਜਿਹੀਆਂ ਹਿਲਾਈ ਜਾਂਦਾ ਸੀ, ਜ਼ੁਲਫ਼ਾਂ ਨਾਲ ਹੀ ਲੈਅ ਰੱਖਦਾ ਸੀ। ਕਿਸੇ ਹੋਰ ਹੀ ਦੁਨੀਆਂ ਵਿੱਚ ਪਹੁੰਚ ਜਾਂਦਾ ਸੀ।"
ਫਿਰ ਇਹੀ ਉਨ੍ਹਾਂ ਦਾ ਸਟਾਈਲ ਬਣ ਗਿਆ।
ਹੰਸ ਮੁਤਾਬਕ ਜਿਨ੍ਹਾਂ ਗੀਤਾਂ ਨਾਲ ਉਹ ਹਿੱਟ ਹੋਏ, ਉਹ ਸਨ 'ਦਿਨ ਲੰਘਦੇ ਉਮੀਦਾਂ ਦੇ ਸਹਾਰੇ, ਹਾਏ ਸੱਜਣਾ ਦੇ ਲਾਰੇ, ਆਸ਼ਕਾਂ ਦੀ ਕਾਹਦੀ ਜ਼ਿੰਦਗੀ' ਅਤੇ 'ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿਨੇ ਓ'
ਇਸ ਤੋਂ ਬਾਅਦ ਹੰਸ ਸਫਲਤਾ ਦੀ ਪੌੜੀ ਚੜ੍ਹਦੇ ਗਏ। ਉਨ੍ਹਾਂ ਨੇ ਬੌਲੀਵੁੱਡ ਵਿੱਚ ਪਹਿਲਾ ਗੀਤਾ ਫ਼ਿਲਮ 'ਕੱਚੇ ਧਾਗੇ' ਲਈ ਗਾਇਆ ਸੀ।
ਨੁਸਰਤ ਫ਼ਤਿਹ ਅਲੀ ਖ਼ਾਨ ਦੀ ਮਿਊਜ਼ਕ ਡਾਇਰੈਕਸ਼ਨ ਹੇਠ ਹੰਸ ਰਾਜ ਹੰਸ ਨੇ ਇਸ ਫ਼ਿਲਮ ਲਈ 'ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ' ਗਾਇਆ ਸੀ।
ਹੰਸ ਰਾਜ ਹੰਸ ਨੇ ਹਿੰਦੀ ਫ਼ਿਲਮਾਂ ਲਈ ਗੀਤ ਤਾਂ ਗਾਏ ਹੀ, ਨਾਲ ਹੀ ਉਨ੍ਹਾਂ ਨੂੰ ਗੀਤਾਂ ਦੇ ਫਿਲਮਾਂਕਣ ਵਿੱਚ ਵੀ ਲਿਆ ਜਾਂਦਾ ਸੀ।
ਸਿਆਸਤ ਵਿੱਚ ਕੀ ਗਵਾਇਆ ਅਤੇ ਕੀ ਲੱਭਿਆ

ਤਸਵੀਰ ਸਰੋਤ, Getty Images
ਹੰਸ ਰਾਜ ਹੰਸ ਕਹਿੰਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਬੌਲੀਵੁੱਡ ਵਿੱਚ ਐਂਟਰੀ ਹੋਈ ਸੀ, ਜੇਕਰ ਜਾਰੀ ਰੱਖਦੇ ਤਾਂ ਅੱਜ ਕਿਸੇ ਹੋਰ ਮੁਕਾਮ 'ਤੇ ਹੋ ਸਕਦੇ ਸੀ। ਪਰ ਨਾਲ ਹੀ ਕਹਿੰਦੇ ਹਨ ਕਿ ਉਹ ਸੰਤੁਸ਼ਟ ਹਨ ਅਤੇ ਤਕਦੀਰ 'ਤੇ ਬਹੁਤ ਯਕੀਨ ਰੱਖਦੇ ਹਨ।
ਜਦੋਂ ਹੰਸ ਰਾਜ ਹੰਸ ਸਿਆਸਤ ਵਿੱਚ ਸ਼ਾਮਲ ਹੋਏ ਤਾਂ ਗਾਇਕੀ ਦੇ ਰੁਝੇਵੇਂ ਉਨ੍ਹਾਂ ਨੇ ਘਟਾ ਦਿੱਤੇ। ਹੰਸ ਰਾਜ ਹੰਸ 2009 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਲੋਕ ਸਭਾ ਚੋਣ ਲੜੀ ਪਰ ਹਾਰ ਗਏ। ਫਿਰ 2019 ਦੀ ਲੋਕ ਸਭਾ ਚੋਣ ਬੀਜੇਪੀ ਵੱਲੋਂ ਦਿੱਲੀ ਤੋਂ ਲੜੀ ਅਤੇ ਸੰਸਦ ਮੈਂਬਰ ਬਣੇ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੁਝ ਸਮਾਂ ਕਾਂਗਰਸ ਵਿੱਚ ਵੀ ਰਹੇ।
ਉਹ 2024 ਲੋਕ ਸਭਾ ਚੋਣਾਂ ਦੌਰਾਨ ਫ਼ਰੀਦਕੋਟ ਹਲਕੇ ਤੋਂ ਖੜ੍ਹੇ ਹੋਏ ਸਨ ਪਰ ਹਾਰ ਗਏ ਸਨ।
ਹੰਸ ਰਾਜ ਹੰਸ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਆਸਤ ਵਿੱਚ ਕਦੇ ਕਿਸੇ ਪਾਰਟੀ ਦੀ ਨਹੀਂ, ਬਲਕਿ ਪੰਜਾਬੀਅਤ ਦੀ ਹੀ ਗੱਲ ਕੀਤੀ ਹੈ। ਉਹ ਮਹਿਸੂਸ ਕਰਦੇ ਹਨ, "ਮੇਰੇ ਜਿਹਾ ਬੰਦਾ ਸਿਆਸਤ ਵਿੱਚ ਕੁਝ ਨਹੀਂ ਖੱਟ ਸਕਦਾ।"
ਹੰਸ ਰਾਜ ਹੰਸ ਕਹਿੰਦੇ ਹਨ, "ਪਤਾ ਨਹੀਂ ਸਾਡੇ ਬਜ਼ੁਰਗ ਸਿਆਸਤਦਾਨਾਂ ਤੋਂ ਕੀ ਗਲਤੀਆਂ ਹੋਈਆਂ, ਕਿ ਲੋਕ ਸਿਆਸਤਦਾਨਾਂ 'ਤੇ ਯਕੀਨ ਹੀ ਨਹੀਂ ਕਰਦੇ। ਕਲਾਕਾਰ ਵਜੋਂ ਹਰ ਕਿਸੇ ਦੇ ਸਾਂਝੇ ਹੁੰਦੇ ਹਾਂ, ਸਿਆਸਤ ਵਿੱਚ ਆ ਕੇ ਵੰਡੇ ਜਾਂਦੇ ਹਾਂ।"
ਉਹ ਦੱਸਦੇ ਨੇ, "ਸਿਆਸਤ ਤੋਂ ਮੈਨੂੰ ਝੂਠਾ ਜਿਹਾ ਟੌਹਰ-ਟੱਪਾ ਹਾਸਲ ਹੋਇਆ, ਮੈਨੂੰ ਕਹਿੰਦੇ ਸੀ ਦਰਵੇਸ਼ ਗਵੱਈਆ ਤਾਂ ਫਿਰ ਉਹ ਗਾਲੀ-ਗਲੋਚ ਵੀ ਕਰਦੇ ਹਨ। ਇਹ ਤਾਂ ਫਿਰ ਬਹੁਤ ਵੱਡਾ ਸੈੱਟਬੈਕ ਹੈ, ਪਰਸਨੈਲਿਟੀ ਲਈ ਕਿੰਨਾ ਡੈਮਿਜਿੰਗ ਹੈ।।
ਉਨ੍ਹਾਂ ਕਿਹਾ, "ਤੁਸੀਂ ਉਸ ਤਰ੍ਹਾਂ ਦੇ ਹੁੰਦੇ ਨਹੀਂ, ਜਿਸ ਤਰ੍ਹਾਂ ਦੇ ਲਫਜ਼ ਤੁਹਾਡੇ ਲਈ ਵਰਤੇ ਜਾਂਦੇ ਹਨ। ਇਹ ਬਹੁਤ ਵੱਡਾ ਘਾਟਾ ਹੁੰਦਾ ਹੈ।"

ਤਸਵੀਰ ਸਰੋਤ, Getty Images
'ਦੁਨੀਆਵੀ ਤੌਰ 'ਤੇ ਹੁਣ ਕੋਈ ਖਵਾਹਿਸ਼ ਨਹੀਂ'

ਤਸਵੀਰ ਸਰੋਤ, hansrajhanshrh/instagram
ਹੰਸ ਰਾਜ ਹੰਸ ਨੇ ਸਾਡੀ ਇਸ ਮਿਲਣੀ ਦੌਰਾਨ ਕਈ ਵਾਰ ਆਪਣੀ ਮਾਂ ਅਤੇ ਪਤਨੀ ਦਾ ਜ਼ਿਕਰ ਭਾਵੁਕਤਾ ਨਾਲ ਕੀਤਾ। 2019 ਵਿੱਚ ਉਨ੍ਹਾਂ ਦੀ ਮਾਂ ਸ੍ਰੀਮਤੀ ਅਜੀਤ ਕੌਰ ਦਾ ਦੇਹਾਂਤ ਹੋ ਗਿਆ ਸੀ ਅਤੇ ਇਸੇ ਸਾਲ ਅਪ੍ਰੈਲ ਮਹੀਨੇ ਉਨ੍ਹਾਂ ਦੀ ਪਤਨੀ ਰੇਸ਼ਮ ਕੌਰ ਇਸ ਦੁਨੀਆਂ ਤੋਂ ਚਲੇ ਗਏ।
ਹੰਸ ਰਾਜ ਹੰਸ ਕਹਿੰਦੇ ਹਨ, "ਮਾਂ ਨੇ ਮੇਰਾ ਹਰ ਦੌਰ ਦੇਖਿਆ। ਗਰੀਬੀ ਵਾਲਾ ਵੀ, ਪੈਸੇ ਵਾਲਾ ਵੀ। ਸੰਘਰਸ਼ ਵਾਲਾ ਵੀ, ਸਫਲਤਾ ਵਾਲਾ ਵੀ। ਮਾਂ ਨੇ ਮੈਨੂੰ ਸਿਆਸਤ ਵਿੱਚ ਹਾਰਦੇ ਵੀ ਦੇਖਿਆ ਅਤੇ ਜਿੱਤਦੇ ਵੀ।"
ਪਤਨੀ ਰੇਸ਼ਮ ਕੌਰ ਦੇ ਜਾਣ ਬਾਅਦ ਉਹ ਜ਼ਿੰਦਗੀ ਵਿੱਚ ਇੱਕ ਖ਼ਲਾਅ ਮਹਿਸੂਸ ਕਰ ਰਹੇ ਹਨ, ਇਹ ਉਨ੍ਹਾਂ ਦੇ ਹਾਵ-ਭਾਵ ਜ਼ਾਹਿਰ ਕਰਦੇ ਸਨ।
ਆਪਣੀ ਪਤਨੀ ਬਾਰੇ ਉਨ੍ਹਾਂ ਦੱਸਿਆ, "ਉਹ ਚੰਗੇ ਘਰ ਦੀ ਧੀ ਸੀ ਪਰ ਵਿਆਹ ਤੋਂ ਬਾਅਦ ਮੇਰੇ ਘਰ ਉਸ ਨੇ ਤੰਗੀ ਕੱਟਦਿਆਂ ਵੀ ਸਿਦਕ ਰੱਖਿਆ।"
ਇੱਕ ਕਿੱਸਾ ਯਾਦ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ, "ਇੱਕ ਵਾਰ ਮੇਰੀ ਪਤਨੀ ਛੱਪੜ ਤੋਂ ਚੀਕਣੀ ਮਿੱਟੀ ਚੁੱਕ ਕੇ ਲਈ ਜਾਵੇ ਜੋ ਘਰਾਂ ਵਿੱਚ ਲਗਾਈ ਦੀ ਸੀ, ਮੈਨੂੰ ਮਹਿਸੂਸ ਹੋਇਆ ਕਿ ਇਹ ਇੰਨੇ ਚੰਗੇ ਪਰਿਵਾਰ ਵਿੱਚੋਂ ਆ ਕੇ ਮੇਰੇ ਨਾਲ ਵਿਆਹ ਕਰਵਾ ਕੇ ਕਿਸ ਹਾਲ ਵਿੱਚ ਜਿਉਂ ਰਹੀ ਹੈ। ਪਰ ਮੈਂ ਉਸ ਨੂੰ ਕਹਿੰਦਾ ਹੁੰਦਾ ਸੀ ਘਰੋਂ ਨਾ ਕੁਝ ਮੰਗੀ, ਇੱਕ ਦਿਨ ਹੀਰਿਆਂ ਨਾਲ ਲੱਦ ਦਿਆਂਗਾ। ਉਸ ਨੇ ਸਿਦਕ ਦਿਖਾਇਆ ਅਤੇ ਮੈਂ ਮਿਹਨਤ ਕੀਤੀ। ਫਿਰ ਸੁਫ਼ਨੇ ਸੱਚ ਹੋਏ।"
ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਦਾ ਸਿਹਰਾ ਵੀ ਉਹ ਆਪਣੀ ਪਤਨੀ ਸਿਰ ਬੰਨ੍ਹਦੇ ਹਨ। ਹੰਸ ਰਾਜ ਹੰਸ ਦੇ ਦੋ ਬੇਟੇ ਨਵਰਾਜ ਹੰਸ ਅਤੇ ਯੁਵਰਾਜ ਹੰਸ ਹਨ, ਜੋ ਕਿ ਗਾਇਕੀ ਅਤੇ ਫ਼ਿਲਮੀ ਖੇਤਰ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਵੱਡੀ ਨੂੰਹ ਨਵਰਾਜ ਹੰਸ ਦੀ ਪਤਨੀ, ਅਜੀਤ ਕੌਰ ਨਾਮੀ ਗਾਇਕ ਦਲੇਰ ਮਹਿੰਦੀ ਦੀ ਧੀ ਹਨ। ਛੋਟੀ ਨੂੰਹ ਮਾਨਸੀ ਸ਼ਰਮਾ ਖ਼ੁਦ ਅਦਾਕਾਰ ਹਨ।
ਹੰਸ ਰਾਜ ਹੰਸ ਮੁਤਾਬਕ, ਜੋ ਵਿਰਾਸਤ ਉਨ੍ਹਾਂ ਨੇ ਬਣਾਈ ਉਹ ਉਨ੍ਹਾਂ ਦੀ ਤੀਜੀ ਪੀੜ੍ਹੀ ਯਾਨੀ ਉਨ੍ਹਾਂ ਦਾ ਪੋਤਾ ਹਰਿਦਾਨ ਯੁਵਰਾਜ ਹੰਸ, ਉਸ ਨੂੰ ਅੱਗੇ ਤੋਰਨ ਲਈ ਕਦਮ ਰੱਖ ਚੁੱਕਿਆ ਹੈ। ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਹਰਿਦਾਨ, ਮੂਲ ਮੰਤਰ ਨਾਲ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕਰ ਚੁੱਕਾ ਹੈ।
ਹੰਸ ਰਾਜ ਹੰਸ ਕਹਿੰਦੇ ਹਨ, "ਦੁਨੀਆਵੀ ਤੌਰ 'ਤੇ ਮੇਰੀ ਹੁਣ ਕੋਈ ਖਵਾਹਿਸ਼ ਨਹੀਂ। ਮੈਨੂੰ ਦੌਲਤ, ਸ਼ੌਹਰਤ, ਚੰਗਾ ਪਰਿਵਾਰ ਸਭ ਕੁਝ ਮਿਲਿਆ। ਸਿਰਫ਼ ਇਹੀ ਖਵਾਹਿਸ਼ ਹੈ ਕਿ ਜਦੋਂ ਰੱਬ ਅੱਗੇ ਪੇਸ਼ੀ ਹੋਵੇ ਤਾਂ ਸ਼ਰਮਿੰਦਗੀ ਨਾ ਹੋਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













