ਦੂਰਦਰਸ਼ਨ ਵਾਲੇ ਰਮਨ ਕੁਮਾਰ ਨੂੰ ਜਦੋਂ ਪੰਜਾਬ ’ਚ ਅੱਤਵਾਦ ਦੇ ਦੌਰ ਵੇਲੇ ਲੁਕ ਜਾਣ ਦੀ ਸਲਾਹ ਦਿੱਤੀ ਗਈ ਸੀ

- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
‘ਨਮਸਕਾਰ, ਮੈਂ ਰਮਨ ਕੁਮਾਰ…’ ਇਹ ਪੜ੍ਹਦਿਆਂ ਹੀ ਕਈ ਪੰਜਾਬੀਆਂ ਨੂੰ ਇੱਕ ਗੜਕਦੀ ਅਵਾਜ਼ ਚੇਤੇ ਆ ਗਈ ਹੋਵੇਗੀ, ਜੋ ਦੂਰਦਰਸ਼ਨ ’ਤੇ ਪ੍ਰਸਾਰਿਤ ਖ਼ਬਰਾਂ ਦੇ ਜ਼ਰੀਏ ਇੱਕ ਦੌਰ ਵਿੱਚ ਤਕਰੀਬਨ ਪੰਜਾਬ ਦੇ ਹਰ ਘਰ ਵਿੱਚ ਸੁਣੀ ਗਈ ਹੈ।
ਨਿਊਜ਼ ਪ੍ਰਜ਼ੈਂਟਰ ਰਹੇ ਰਮਨ ਕੁਮਾਰ ਨੇ ਆਪਣੀ ਅਵਾਜ਼ ਅਤੇ ਅੰਦਾਜ਼ ਜ਼ਰੀਏ ਇਸ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ। ਤਿੰਨ ਦਹਾਕੇ ਤੋਂ ਵਧ ਦਾ ਸਮਾਂ ਰਮਨ ਕੁਮਾਰ ਨੇ ਦੂਰਦਰਸ਼ਨ ਦੇ ਜਲੰਧਰ ਕੇਂਦਰ ਤੋਂ ਖ਼ਬਰਾਂ ਪੇਸ਼ ਕੀਤੀਆਂ।
ਸਾਡੀ ਇੰਟਰਵਿਊ ਲੜੀ 'ਜ਼ਿੰਦਗੀਨਾਮਾ' ਤਹਿਤ ਰਮਨ ਕੁਮਾਰ ਨਾਲ ਜਲੰਧਰ ਸਥਿਤ ਉਨ੍ਹਾਂ ਦੇ ਘਰ ਵਿੱਚ ਮੁਲਾਕਾਤ ਹੋਈ। ਜਿਸ ਅਵਾਜ਼ ਤੇ ਚਿਹਰੇ ਨੂੰ ਬਚਪਨ ਤੋਂ ਟੀਵੀ ਸਕਰੀਨ ‘ਤੇ ਦੇਖਦੇ ਸੀ, ਉਨ੍ਹਾਂ ਨਾਲ ਮੁਲਾਕਾਤ ਹੋਣਾ ਵਾਕਈ ਇੱਕ ਕਮਾਲ ਦਾ ਅਨੁਭਵ ਸੀ।
ਸੰਭਾਵਨਾ ਹੈ ਕਿ ਉਸੇ ਤਰ੍ਹਾਂ ਦਾ ਅਨੁਭਵ ਇਹ ਆਰਟੀਕਲ ਪੜ੍ਹਣ ਵਾਲੇ ਜਾਂ ਇੰਟਰਵਿਊ ਦੇਖਣ ਵਾਲੇ ਉਹ ਦਰਸ਼ਕ ਵੀ ਮਹਿਸੂਸ ਕਰ ਸਕਣ ਜੋ ਰਮਨ ਕੁਮਾਰ ਵੱਲੋਂ ਪੇਸ਼ ਖ਼ਬਰਾਂ ਸੁਣਦੇ ਰਹੇ ਹਨ।

ਕੌਣ ਹਨ ਰਮਨ ਕੁਮਾਰ ?
ਰਮਨ ਕੁਮਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਮ-ਪਲ ਹਨ। ਉਨ੍ਹਾਂ ਦਾ ਜਨਮ 14 ਦਸੰਬਰ, 1957 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਜਗਦੀਸ਼ ਕੁਮਾਰ ਅਤੇ ਮਾਤਾ ਦਾ ਨਾਮ ਬ੍ਰਿਜ ਰਾਣੀ ਸੀ। ਰਮਨ ਕੁਮਾਰ ਦਾ ਪਰਿਵਾਰ ਕੱਪੜੇ ਦਾ ਕਾਰੋਬਾਰ ਕਰਦਾ ਸੀ।
ਰਮਨ ਕੁਮਾਰ ਨੇ ਵੀ 1976 ਵਿੱਚ ਅੰਮ੍ਰਿਤਸਰ ਤੋਂ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਵੀਵਿੰਗ ਐਂਡ ਟੈਕਸਟਾਈਲ ਵਿੱਚ ਇੱਕ ਸਾਲ ਦਾ ਕੋਰਸ ਕੀਤਾ। ਰਮਨ ਕੁਮਾਰ ਅੰਮ੍ਰਿਤਸਰ ਵਿੱਚ ਹੀ ਇੱਕ ਟੈਕਸਟਾਈਲ ਯੁਨਿਟ ਵਿੱਚ ਅਪ੍ਰੈਂਟਿਸ ਵਜੋਂ ਜਾਂਦੇ ਸਨ, ਜਦੋਂ ਉਨ੍ਹਾਂ ਦੀ ਚੋਣ ਦੂਰਦਰਸ਼ਨ ਲਈ ਹੋਈ।
ਰਮਨ ਕੁਮਾਰ ਨੇ ਸਾਲ 1978 ਤੋਂ ਲੈ ਕੇ ਅਕਤੂਬਰ 2017 ਤੱਕ ਦੂਰਦਰਸ਼ਨ ਵਿੱਚ ਬਤੌਰ ਨਿਊਜ਼ ਪ੍ਰਜ਼ੈਂਟਰ ਨੌਕਰੀ ਕੀਤੀ। ਉਨ੍ਹਾਂ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੀ ਗੜਕਦੀ ਦਮਦਾਰ ਅਵਾਜ਼ ਕੁਦਰਤੀ ਹੀ ਹੈ ਜਾਂ ਇਸ ਪਿੱਛੇ ਕੋਈ ਪ੍ਰੈਕਟਿਸ ਹੈ ? ਤਾਂ ਰਮਨ ਕੁਮਾਰ ਦੱਸਦੇ ਹਨ ਕਿ ਇਸ ਸਵਾਲ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ।
ਉਹ ਕਹਿੰਦੇ ਹਨ, “ਹੋ ਸਕਦਾ ਹੈ ਕਿ ਤਜਰਬੇ ਦੇ ਨਾਲ ਵੌਇਸ ਮੋਡਿਉਲੇਸ਼ਨ ਬਿਹਤਰ ਹੋ ਗਈ ਹੋਵੇ, ਪਰ ਇਸ ਤੋਂ ਇਲਾਵਾ ਉਨ੍ਹਾਂ ਦਾ ਇਸ ਪਿੱਛੇ ਕੋਈ ਖਾਸ ਅਭਿਆਸ ਨਹੀਂ ਹੈ।”
ਕਿਵੇਂ ਮਿਲੀ ਨਿਊਜ਼ ਪ੍ਰਜ਼ੈਂਟਰ ਦੀ ਨੌਕਰੀ ?

ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿੱਚ ਹਮੇਸ਼ਾ ਰਹਿੰਦਾ ਸੀ ਕਿ ਰੇਡੀਓ ਜਾਂ ਟੀਵੀ ਵਿੱਚ ਬਤੌਰ ਅਨਾਊਂਸਰ ਨੌਕਰੀ ਕਰਨ ਦਾ ਮੌਕਾ ਮਿਲ ਜਾਵੇ, ਇਸ ਲਈ ਉਹ ਰੋਜ਼ ਅਖਬਾਰਾਂ ਵਿੱਚ ਅਜਿਹੀਆਂ ਨੌਕਰੀਆਂ ਦੇਖਦੇ ਰਹਿੰਦੇ ਸਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਦੂਰਦਰਸ਼ਨ ‘ਤੇ ਨਿਊਜ਼ ਪ੍ਰੈਜ਼ੈਂਟਰ ਦੀ ਨੌਕਰੀ ਨਿਕਲੀ ਤਾਂ ਉਹ ਅਪਲਾਈ ਕਰਕੇ ਭੁੱਲ ਗਏ ਸੀ। ਉਹ ਅੰਮ੍ਰਿਤਸਰ ਵਿੱਚ ਟੈਕਸਟਾਈਲ ਯੁਨਿਟ ਵਿੱਚ ਅਪ੍ਰੈਂਟਿਸ ਵਜੋਂ ਜਾਂਦੇ ਸਨ, ਉਦੋਂ ਹੀ ਇੱਕ ਸਾਲ ਬਾਅਦ ਦੂਰਦਰਸ਼ਨ ਤੋਂ ਚਿੱਠੀ ਆਈ।
ਰਮਨ ਕੁਮਾਰ ਦੱਸਦੇ ਹਨ ਕਿ ਇਹ ਚਿੱਠੀ ਮਿਲਦਿਆਂ ਹੀ ਉਨ੍ਹਾਂ ਨੇ ਟੈਕਸਟਾਈਲ ਫ਼ੈਕਟਰੀ ਵਿੱਚ ਜਾਣਾ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਨਿਊਜ਼ ਪ੍ਰੈਜ਼ੈਂਟਰ ਵਜੋਂ ਉਨ੍ਹਾਂ ਦੀ ਚੋਣ ਹੋ ਜਾਵੇਗੀ।
ਰਮਨ ਕੁਮਾਰ ਚੁਣਿੰਦਾ ਨਿਊਜ਼ ਪ੍ਰਜ਼ੈਂਟਰਜ਼ ਵਿੱਚੋਂ ਹਨ, ਜਿਨ੍ਹਾਂ ਨੂੰ ਇੰਨੀ ਪ੍ਰਸਿੱਧੀ ਹਾਸਿਲ ਹੋਈ ਹੈ। ਉਹ ਕਹਿੰਦੇ ਹਨ ਕਿ ਉਸ ਵੇਲੇ ਬਹੁਤੇ ਚੈਨਲ ਨਾ ਹੋਣ ਕਰਕੇ ਅਤੇ ਦੂਰਦਰਸ਼ਨ ਦੀ ਪਹੁੰਚ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਜਲਦੀ ਪਛਾਣ ਮਿਲ ਗਈ ਸੀ। ਉਹ ਦੱਸਦੇ ਹਨ ਕਿ 1978 ਵਿੱਚ ਹੀ ਲੋਕ ਉਨ੍ਹਾਂ ਨੂੰ ਪਛਾਣਨ ਲੱਗ ਗਏ ਸਨ।
ਉਹ ਕਹਿੰਦੇ ਹਨ, “ਮੈਨੂੰ ਤਾਂ ਇੰਝ ਲੱਗਦਾ ਜਿਵੇਂ ਪੰਜਾਬੀਆਂ ਦੇ ਘਰ ਦਾ ਜੀਅ ਹੀ ਬਣ ਗਿਆ ਹੋਵਾਂ।”
ਸਰਕਾਰੀ ਅਦਾਰੇ ਵਿੱਚ ਕੰਮ ਕਰਨ ਦਾ ਤਜਰਬਾ

ਦੂਰਦਰਸ਼ਨ ਇੱਕ ਸਰਕਾਰੀ ਅਦਾਰਾ ਰਿਹਾ ਹੈ, ਜਿੱਥੇ ਰਮਨ ਕੁਮਾਰ ਨੇ ਨੌਕਰੀ ਕੀਤੀ। ਅਸੀਂ ਉਨ੍ਹਾਂ ਤੋਂ ਪੁੱਛਿਆ ਕਿ, ਕੀ ਉਨ੍ਹਾਂ ਨੇ ਸਰਕਾਰੀ ਅਦਾਰੇ ਵਿੱਚ ਨੌਕਰੀ ਕਰਨ ਦੌਰਾਨ ਸਿਰਫ਼ ਸਰਕਾਰ ਦੇ ਹੀ ਹੱਕ ਵਿੱਚ ਖ਼ਬਰਾਂ ਦਿਖਾਉਣ ਦਾ ਦਬਾਅ ਮਹਿਸੂਸ ਕੀਤਾ ?
ਉਨ੍ਹਾਂ ਦੱਸਿਆ ਕਿ ਖ਼ਬਰਾਂ ਨੂੰ ਲੈ ਕੇ ਬਹੁਤੀ ਸਖ਼ਤਾਈ ਨਹੀਂ ਸੀ ਹੁੰਦੀ। ਰਿਪੋਰਟਿੰਗ ਘੱਟ ਅਤੇ ਜ਼ਿਆਦਾਤਰ ਨਿਊਜ਼ ਰੀਡਿੰਗ ਹੀ ਹੁੰਦੀ ਸੀ, ਜਿਸ ਵਿੱਚ ਪ੍ਰੈਸ ਨੋਟ ਖਾਸ ਸ੍ਰੋਤ ਹੁੰਦੇ ਸਨ।
ਉਹ ਦੱਸਦੇ ਹਨ ਕਿ ਸਰਕਾਰੀ ਅਦਾਰਾ ਹੋਣ ਕਰਕੇ ਸਰਕਾਰ ਦੀ ਖ਼ਬਰ ਤਾਂ ਜਾਣੀ ਹੀ ਹੁੰਦੀ ਸੀ, ਪਰ ਜੇ ਵਿਰੋਧੀ ਧਿਰ ਦਾ ਪ੍ਰੈਸ ਨੋਟ ਵੀ ਆਉਂਦਾ ਸੀ ਤਾਂ ਉਹ ਵੀ ਖ਼ਬਰ ਚਲਾਈ ਜਾਂਦੀ ਸੀ।
ਰਮਨ ਕੁਮਾਰ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਉਹ ਇੱਕ ਹਫਤਾਵਰੀ ਸੁਤੰਤਰ ਪ੍ਰੋਗਰਾਮ ਵੀ ਕਰਦੇ ਸਨ, ਜਿਸ ਵਿੱਚ ਉਹ ਕੋਈ ਵੀ ਵਿਸ਼ਾ ਚੁਣ ਸਕਦੇ ਸੀ ਅਤੇ ਉਸ 'ਤੇ ਕੋਈ ਖਾਸ ਪਾਬੰਦੀ ਲੱਗਣ ਵਾਲੀ ਗੱਲ ਨਹੀਂ ਸੀ।
ਪੰਜਾਬੀ ਮੀਡੀਆ ਦਾ ਮਾੜਾ ਦੌਰ
ਰਮਨ ਕੁਮਾਰ ਕਹਿੰਦੇ ਹਨ ਕਿ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਦੀ ਅਵਾਜ਼ ਹੀ ਨਹੀਂ ਰਹੀ ਹੈ।
ਉਹ ਕਹਿੰਦੇ ਹਨ ਕਿ ਜ਼ਿਆਦਾਤਰ ਨਿਊਜ਼ ਚੈਨਲ ਕਾਰਪੋਰੇਟ ਘਰਾਣਿਆਂ ਕੋਲ ਚਲੇ ਗਏ ਹਨ, ਕਹਿਣ ਨੂੰ ਤਾਂ ਸੁਤੰਤਰ ਹਨ ਪਰ ਚੈਨਲ ਸਰਕਾਰ ਨੂੰ ਜਾਂ ਸਰਕਾਰ ਦੇ ਮੁਖੀ ਨੂੰ ਸਵਾਲ ਨਹੀਂ ਪੁੱਛ ਸਕਦੇ।
ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ, "ਐਮਰਜੈਂਸੀ ਦੌਰਾਨ ਵੀ ਮੀਡੀਆ ਲਈ ਚੁਣੌਤੀਆਂ ਰਹੀਆਂ ਸਨ, ਪਰ ਉਨ੍ਹਾਂ ਦਿਨਾਂ ਵਿੱਚ ਵੀ ਕਈ ਅਖਬਾਰਾਂ ਸੈਂਸਰ ਹੋਣ ਦੇ ਬਾਵਜੂਦ ਖਾਲੀ ਪੰਨੇ ਛਾਪ ਕੇ ਸੁਨੇਹਾ ਦਿੰਦੀਆਂ ਰਹੀਆਂ ਹਨ।"
ਉਨ੍ਹਾਂ ਮੁਤਾਬਕ ਪੰਜਾਬ ਵਿੱਚ ਮਿਲੀਟੈਂਸੀ ਦੌਰਾਨ ਪੱਤਰਕਾਰਤਾ ਲਈ ਚੁਣੌਤੀਆਂ ਰਹੀਆਂ ਹਨ, ਕਿਉਂਕਿ ਕੱਟੜਪੰਥੀ ਧਿਰਾਂ ਵੀ ਸਰਕਾਰ ਦੀ ਤਰ੍ਹਾਂ ਨਿਜ਼ਾਮ ਨੂੰ ਆਪਣੀ ਬੋਲੀ ਬੁਲਵਾਉਣਾ ਚਾਹੁੰਦੀਆਂ ਸਨ।
ਅੱਤਵਾਦ ਦੇ ਦੌਰ ਵੇਲੇ ਜਦੋਂ ਲੁਕ ਜਾਣ ਲਈ ਕਿਹਾ ਗਿਆ…

ਰਮਨ ਕੁਮਾਰ ਨੇ ਦੱਸਿਆ ਕਿ 80ਵਿਆਂ-90ਵਿਆਂ ਵਿੱਚ ਕੁਝ ਸਮਾਂ ਡਰ-ਸਹਿਮ ਵਾਲਾ ਮਾਹੌਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਦੀ ਸਰਕਾਰ ਵੇਲੇ ਇੱਕ ਐੱਸਐੱਸਪੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਕੁਝ ਸਮਾਂ ਲੁਕ ਜਾਣ ਕਿਉਂਕਿ ਉਨ੍ਹਾਂ ਕੋਲ ਰਮਨ ਕੁਮਾਰ ਦੇ ਖ਼ਤਰੇ ਵਿੱਚ ਹੋਣ ਦੀਆਂ ਇਨਪੁੱਟਸ ਆਉਂਦੀਆਂ ਸਨ।
ਰਮਨ ਕੁਮਾਰ ਕਹਿੰਦੇ ਹਨ, “ਮੈਂ ਉਨ੍ਹਾਂ ਨੂੰ ਕਿਹਾ ਜਦੋਂ ਇੰਨੇ ਸੁਰੱਖਿਆ ਘੇਰੇ ਵਾਲੇ ਅਤੇ ਪਾਇਲਟ ਜਿਪਸੀਆਂ ਵਾਲੇ ਨਹੀਂ ਬਚੇ ਤਾਂ ਮੈਂ ਕੀ ਚੀਜ਼ ਹਾਂ, ਸਾਡਾ ਕਿਸੇ ਨੇ ਕੀ ਕਰ ਲੈਣਾ ਹੈ।”
ਰਮਨ ਕੁਮਾਰ ਕਹਿੰਦੇ ਹਨ ਕਿ ਉਹ ਬਹੁਤ ਜ਼ਿਆਦਾ ਬਹਾਦਰ ਤਾਂ ਨਹੀਂ ਸਨ, ਪਰ ਅਜਿਹੀਆਂ ਗੱਲਾਂ ਤੋਂ ਉਨ੍ਹਾਂ ਨੂੰ ਕਦੇ ਵੀ ਡਰ ਨਹੀਂ ਲੱਗਿਆ। ਉਨ੍ਹਾਂ ਕਿਹਾ, “ਕਈ ਵਾਰ ਇਹ ਖਿਆਲ ਜ਼ਰੂਰ ਆਉਂਦਾ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਪਰਿਵਾਰ ਦਾ ਕੀ ਹੋਏਗਾ…ਪਰ ਇਹ ਇੱਕ ਆਮ ਇਨਸਾਨੀ ਭਾਵਨਾ ਹੈ।”
ਖ਼ਬਰਾਂ ਪੜ੍ਹਦਿਆਂ ਜਦੋਂ ਰਮਨ ਕੁਮਾਰ ਤੋਂ ਵੱਡੀ ਗਲਤੀ ਹੋਈ

ਖ਼ਬਰਾਂ ਪੇਸ਼ ਕਰਦਿਆਂ ਕਈ ਵਾਰ ਨਿਊਜ਼ ਪ੍ਰਜ਼ੈਂਟਰ ਤੋਂ ਕੋਈ ਸ਼ਬਦ ਗਲਤ ਉਚਾਰੇ ਜਾਣ, ਜਾਂ ਬੋਲਣ ਵਿੱਚ ਕਿਸੇ ਹੋਰ ਗਲਤੀ ਦੀ ਸੰਭਾਵਨਾ ਹੋ ਜਾਂਦੀ ਹੈ, ਜਿਸ ਨੂੰ ਪਛਾਣ ਕੇ ਉਹ ਤੁਰੰਤ ਮਾਫ਼ੀ ਮੰਗ ਕੇ ਸਹੀ ਵੀ ਕਰ ਲੈਂਦੇ ਹਨ।
ਪਰ ਇੱਕ ਵਾਰ ਦੂਰਦਰਸ਼ਨ ਦੇ ਮਸ਼ਹੂਰ ਨਿਊਜ਼ ਪ੍ਰਜ਼ੈਂਟਰ ਰਮਨ ਕੁਮਾਰ ਹੁਰਾਂ ਤੋਂ ਅਜਿਹੀ ਗਲਤੀ ਹੋ ਗਈ, ਜਿਸ ਨੂੰ ਸੁਧਾਰਨ ਦੀ ਗੁੰਜਾਇਸ਼ ਵੀ ਉਨ੍ਹਾਂ ਕੋਲ ਨਹੀਂ ਸੀ।
ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਜੁਆਇਨਿੰਗ ਹੋਈ ਸੀ ਅਤੇ ਜੋ ਗਲਤੀ ਉਨ੍ਹਾਂ ਤੋਂ ਹੋਈ ਉਸ ਨਾਲ ਉਨ੍ਹਾਂ ਦਾ ਕਰੀਅਰ ਉਸੇ ਵੇਲੇ ਖਤਮ ਵੀ ਹੋ ਸਕਦਾ ਸੀ ਪਰ ਉਹ ਕਿਸੇ ਤਰ੍ਹਾਂ ਬਚ ਗਏ।
1978 ਵਿੱਚ ਅੰਮ੍ਰਿਤਸਰ ਤੋਂ ਚੈਨਲ ਚੱਲਦਾ ਸੀ। ਇੱਕ ਜਗ੍ਹਾ ਖ਼ਬਰਾਂ ਤਿਆਰ ਕਰਦੇ ਸੀ ਅਤੇ ਟ੍ਰਾਂਸਮੀਟਰ ਸ਼ਹਿਰ ਵਿਚ ਕਿਸੇ ਹੋਰ ਥਾਂ ਸੀ, ਜਿੱਥੇ ਜਾ ਕੇ ਖ਼ਬਰਾਂ ਪੜ੍ਹਣੀਆਂ ਹੁੰਦੀਆਂ ਸਨ।
ਉਨ੍ਹਾਂ ਦੱਸਿਆ ਕਿ, “ਮੇਰੇ ਕੋਲ ਪੰਜ-ਛੇ ਵੱਖ-ਵੱਖ ਲੋਕਾਂ ਦੀ ਲਿਖਾਈ ਵਿੱਚ ਖ਼ਬਰਾਂ ਵਾਲੇ ਪੰਨੇ ਹੁੰਦੇ ਸੀ। ਇੱਕ ਵਾਰ ਅਸੀਂ ਗੱਡੀ ਵਿੱਚ ਜਾਂਦੇ ਹੋਏ ਖ਼ਬਰਾਂ ਵਾਲੇ ਪੰਨੇ ਦੇਖਦੇ ਜਾ ਰਹੇ ਸੀ। ਪਹੁੰਚ ਕੇ ਜਦੋਂ ਮੈਂ ਖ਼ਬਰਾਂ ਪੜ੍ਹਣੀਆਂ ਸ਼ੁਰੂ ਕੀਤੀਆਂ ਤਾਂ ਹੈਡਲਾਈਨਜ਼ ਤੋਂ ਬਾਅਦ ਦੇ 25 ਪੰਨੇ ਪਿੱਛੇ ਲੱਗ ਗਏ ਅਤੇ 26 ਤੋਂ 50 ਨੰਬਰ ਵਾਲੇ ਪੰਨੇ ਅੱਗੇ ਲੱਗ ਗਏ। ਤੇ ਮੈਂ ਉਸੇ ਤਰ੍ਹਾਂ 26ਵੇਂ ਪੰਨੇ ਤੋਂ ਖ਼ਬਰਾਂ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ।”
ਰਮਨ ਕੁਮਾਰ ਮੁਤਾਬਕ, ਜਲੰਧਰ ਵਿੱਚ ਉਨ੍ਹਾਂ ਦੇ ਡਾਇਰੈਕਟਰ ਬੁਲੇਟਿਨ ਦੇਖ ਰਹੇ ਸੀ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਵਿਚਲੇ ਡਿਊਟੀ ਰੂਮ ਵਿੱਚ ਫ਼ੋਨ ਕਰਕੇ ਝਾੜ ਲਗਾਈ।
ਰਮਨ ਕੁਮਾਰ ਨੇ ਕਿਹਾ, “ਜਦੋਂ ਮੈਨੂੰ ਇਸ ਗਲਤੀ ਦਾ ਪਤਾ ਲੱਗਿਆ ਤਾਂ ਮੇਰੇ ਰੰਗ ਉੱਡ ਗਏ ਸੀ, ਪਰ ਹੌਲੀ-ਹੌਲੀ ਮੈਂ ਖ਼ਬਰਾਂ ਪੜ੍ਹਣ ਵਿੱਚ ਸਹਿਜ ਹੋ ਗਿਆ।”
ਪੱਤਰਕਾਰਤਾ ਅਤੇ ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images
ਰੇਡੀਓ ਸੁਣਦੇ ਤੇ ਅਖਬਾਰਾਂ ਪੜ੍ਹਦੇ ਵੱਡੇ ਹੋਏ ਰਮਨ ਕੁਮਾਰ ਨੇ ਟੈਲੀਵਿਜ਼ਨ ਵਿੱਚ ਨੌਕਰੀ ਕੀਤੀ ਅਤੇ ਹੁਣ ਸੋਸ਼ਲ ਮੀਡੀਆ ਜ਼ਰੀਏ ਆਪਣੇ ਦਰਸ਼ਕਾਂ ਨਾਲ ਜੁੜਦੇ ਹਨ।
ਅਸੀਂ ਉਨ੍ਹਾਂ ਤੋਂ ਪੱਤਰਕਾਰਤਾ ‘ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਪੁੱਛਿਆ।
ਉਹ ਕਹਿੰਦੇ ਹਨ, “ਇਸ ਦੌਰ ਵਿੱਚ ਜਦੋਂ ਪੱਤਰਕਾਰਤਾ ਵਿੱਚ ਨਿਰਪੱਖ ਕੰਮ ਹੋਣ ਹੀ ਨਹੀਂ ਦਿੱਤਾ ਜਾ ਰਿਹਾ, ਤਾਂ ਸੋਸ਼ਲ ਮੀਡੀਆ ਇੱਕ ਵੱਡੀ ਧਿਰ ਬਣ ਕੇ ਉੱਭਰਦਾ ਹੈ।”
ਉਨ੍ਹਾਂ ਮੁਤਾਬਕ, ਸੋਸ਼ਲ ਮੀਡੀਆ ਨੇ ਅਜਿਹਾ ਪਲੇਟਫ਼ਾਰਮ ਦਿੱਤਾ ਹੈ ਕਿ ਜੇ ਕੋਈ ਆਜ਼ਾਦ ਤੌਰ ‘ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ।
ਅਜੋਕੇ ਦੌਰ ਵਿੱਚ ਟੈਲੀਵਿਜ਼ਨ ‘ਤੇ ਖ਼ਬਰਾਂ ਪੜ੍ਹੇ ਜਾਣ ਦੇ ਅੰਦਾਜ਼ ਬਾਰੇ ਰਮਨ ਕੁਮਾਰ ਕਹਿੰਦੇ ਹਨ ਕਿ ‘ਬਹੁਤ ਵੱਧ-ਚੜ੍ਹ ਕੇ’ ਬੋਲਿਆ ਜਾਂਦਾ ਹੈ, ਜਿਸ ਦੀ ਜ਼ਰੂਰਤ ਵੀ ਨਹੀਂ ਹੁੰਦੀ।
ਉਹ ਕਹਿੰਦੇ ਹਨ, “ਅਜਿਹਾ ਤਾਂ ਨਹੀਂ ਹੈ ਕਿ ਤੁਹਾਡੇ ਕੋਲ ਮਾਈਕ ਨਹੀਂ ਹੈ ਅਤੇ ਵੱਡੇ ਹਾਲ ਵਿੱਚ ਅਖੀਰਲੀ ਕਤਾਰ ਤੱਕ ਤੁਸੀਂ ਅਵਾਜ਼ ਪਹੁੰਚਾਉਣੀ ਹੈ। ਲੋਕਾਂ ਨੇ ਖ਼ਬਰਾਂ ਘਰਾਂ ਵਿੱਚ ਬੈਠ ਕੇ ਟੀਵੀ ‘ਤੇ ਸੁਣਨੀਆਂ ਹਨ, ਉਤੇਜਕ ਹੋ ਕੇ ਬੋਲਣ ਦੀ ਲੋੜ ਨਹੀਂ ਹੈ। ਸਹਿਜ ਢੰਗ ਨਾਲ ਤੁਸੀਂ ਆਪਣੀ ਗੱਲ ਬਿਹਤਰ ਸਮਝਾ ਸਕਦੇ ਹੋ।”
ਇਸ ਦੇ ਨਾਲ ਹੀ ਰਮਨ ਕੁਮਾਰ ਕਹਿੰਦੇ ਹਨ ਕਿ ਖਬਰਾਂ ਪੇਸ਼ ਕਰਨ ਦੇ ਅਜਿਹੇ ਅੰਦਾਜ਼ ਦੀ ਲੋਕ ਅਲੋਚਨਾ ਵੀ ਕਰਦੇ ਹਨ, ਪਰ ਉਨ੍ਹਾਂ ਨੂੰ ਦੇਖਦੇ ਵੀ ਰਹਿੰਦੇ ਹਨ ਜਿਸ ਕਰਕੇ ਚੈਨਲਾਂ ਦੀ ਟੀਆਰਪੀ ਬਰਕਰਾਰ ਰਹਿੰਦੀ ਹੈ।
ਉਨ੍ਹਾਂ ਕਿਹਾ, “ਜੇ ਲੋਕ ਦੇਖਣਾ ਬੰਦ ਕਰ ਦੇਣ ਅਤੇ ਟੀਆਰਪੀ ਘਟੇ ਤਾਂ ਸ਼ਾਇਦ ਚੈਨਲ ਇਸ ਬਾਰੇ ਸੋਚਣ।”
ਅਜੋਕੇ ਦੌਰ ਵਿੱਚ ਦਰਸ਼ਕ ਸਹੀ ਖ਼ਬਰ ਦੀ ਪਛਾਣ ਕਿਵੇਂ ਕਰਨ ?

ਤਸਵੀਰ ਸਰੋਤ, Getty Images
ਨਿਊਜ਼ ਚੈਨਲਾਂ ਦੀ ਭਰਮਾਰ, ਫੇਕ ਨਿਊਜ਼ ਤੇ ਪੱਖਪਾਤੀ ਪੱਤਰਕਾਰੀ ਦੇ ਦਰਮਿਆਨ ਇੱਕ ਦਰਸ਼ਕ ਸਹੀ ਖ਼ਬਰ ਨੂੰ ਕਿਵੇਂ ਪਛਾਣੇ ?
ਇਸ ਬਾਰੇ ਰਮਨ ਕੁਮਾਰ ਕਹਿੰਦੇ ਹਨ ਕਿ ਕਈ ਵਾਰ ਅਜਿਹਾ ਕਰਨਾ ਔਖਾ ਹੋ ਸਕਦਾ ਹੈ ਪਰ ਇਸ ਲਈ ਦਰਸ਼ਕ ਨੂੰ ਦਿਲਚਪਸੀ ਲੈਣੀ ਪਵੇਗੀ। ਉਨ੍ਹਾਂ ਮੁਤਾਬਕ, ਦਰਸ਼ਕ ਨੂੰ ਖ਼ਬਰ ਸੁਣਨ ਜਾਂ ਸਮਝਣ ਲਈ ਸਿਰਫ਼ ਇੱਕ ਅਦਾਰੇ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਮੁਤਾਬਕ ਦੋ ਜਾਂ ਦੋ ਤੋਂ ਵੱਧ ਚੈਨਲਾਂ, ਅਖਬਾਰਾਂ ਜ਼ਰੀਏ ਖ਼ਬਰ ਦੀ ਬਿਹਤਰ ਸਮਝ ਲੱਗ ਸਕਦੀ ਹੈ।
ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ ਭਰੋਸੇਯੋਗ ਚਿਹਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੋ ਹੁਣ ਮੁੱਖ ਧਾਰਾ ਵਿੱਚ ਨਹੀਂ ਦਿੱਸਦੇ।
ਉਹ ਕਹਿੰਦੇ ਹਨ, “ਅੱਜ ਕੱਲ੍ਹ ਸੋਸ਼ਲ ਮੀਡੀਆ ਜ਼ਰੀਏ ਥੋੜ੍ਹੀ ਜਿਹੀ ਖੋਜ ਕਰਨ ‘ਤੇ ਤੁਸੀਂ ਉਨ੍ਹਾਂ ਨੂੰ ਲੱਭ ਸਕਦੇ ਹੋ ਅਤੇ ਉਨ੍ਹਾਂ ਦੇ ਚੈਨਲ ਵੀ ਵੇਖ ਸਕਦੇ ਹੋ।”












