ਸਤਿੰਦਰ ਸੱਤੀ: ਚੁਬਾਰੇ ਵਿੱਚ ਆਪਣੇ ਸੂਟ ਸਿਉਣ ਤੋਂ ਕੈਨੇਡਾ ਵਿੱਚ ਵਕੀਲ ਵਜੋਂ ਪੰਜਾਬੀਆਂ ਦੀ ਮਦਦ ਤੱਕ ਦਾ ਸਫ਼ਰ

ਤਸਵੀਰ ਸਰੋਤ, Satinder Satti/insta
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੰਜਾਬੀ ਸਹਿਯੋਗੀ
ਸਤਿੰਦਰ ਸੱਤੀ ਨੇ ਇੱਕ ਐਂਕਰ (ਮੰਚ-ਸੰਚਾਲਕ) ਵਜੋਂ ਜਿਸ ਤਰ੍ਹਾਂ ਦੀ ਮਕਬੂਲੀਅਤ ਹਾਸਿਲ ਕੀਤੀ ਹੈ, ਉਹ ਤਾਰੀਫ਼ ਦੇ ਕਾਬਿਲ ਹੈ।
ਕਲਾ ਦੇ ਖੇਤਰ ਵਿੱਚ ਉਨ੍ਹਾਂ ਦੀ ਭੂਮਿਕਾ ਇੱਕ ਲੇਖਿਕਾ, ਅਦਾਕਾਰਾ ਅਤੇ ਗਾਇਕਾ ਵਜੋਂ ਵੀ ਸਾਹਮਣੇ ਆਉਂਦੀ ਹੈ।
2016-17 ਦੌਰਾਨ ਉਹ ਪੰਜਾਬ ਆਰਟਸ ਕਾਉਂਸਲ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ। ਸਾਲ 2023 ਤੋਂ ਉਨ੍ਹਾਂ ਨੇ ਕੈਨੇਡਾ ਵਿੱਚ ਵਕੀਲ ਵਜੋਂ ਵੀ ਕੰਮ ਸ਼ੁਰੂ ਕੀਤਾ।
ਇਸ ਇੰਟਰਵਿਊ ਵਿੱਚ ਸਤਿੰਦਰ ਸੱਤੀ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਦਾ ਵੀ ਜ਼ਿਕਰ ਕੀਤਾ ਅਤੇ ਸ਼ਿਵ ਕੁਮਾਰ ਬਟਾਲਵੀ ਨਾਲ ਆਪਣੀ ਸਾਂਝ ਬਾਰੇ ਵੀ ਦੱਸਿਆ। ਐਂਕਰ ਤੋਂ ਇਲਾਵਾ ਸੱਤੀ ਦੇ ਕਿਰਦਾਰ ਦੇ ਹੋਰ ਪਹਿਲੂਆਂ ਦੀਆਂ ਪਰਤਾਂ ਵੀ ਸਾਡੇ ਸਾਹਮਣੇ ਆਈਆਂ।
ਪੇਸ਼ ਹੈ ਸਤਿੰਦਰ ਸੱਤੀ ਨਾਲ ਗੱਲਬਾਤ ਉੱਤੇ ਅਧਾਰਤ ਇਹ ਲੇਖ-
ਘਰ ਦਾ ਚੁਬਾਰਾ ਬਣਿਆ ਸੱਤੀ ਦੀ ਪਹਿਲੀ ਉਡਾਰੀ ਦਾ ਗਵਾਹ

ਤਸਵੀਰ ਸਰੋਤ, Satinder Satti/Facebook
ਸੱਤੀ ਪੰਜਾਬ ਦੇ ਬਟਾਲਾ ਨਾਲ ਸੰਬੰਧ ਰੱਖਦੇ ਹਨ। ਆਪਣੇ ਸ਼ਾਨਦਾਰ ਸਫਰ ਵਿੱਚ ਉਹ ਆਪਣੇ ਪਰਿਵਾਰ ਦੀ ਭੂਮਿਕਾ ਨੂੰ ਕਾਫ਼ੀ ਖਾਸ ਮੰਨਦੇ ਹਨ।
ਉਨ੍ਹਾਂ ਦੇ ਪਿਤਾ ਸ.ਅਜੀਤ ਸਿੰਘ ਆਰਮੀ ਵਿੱਚ ਸਨ। ਗੋਲੀਆਂ ਵੱਜਣ ਕਾਰਨ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲੈ ਲਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਵੀ ਕੀਤੀ ਅਤੇ ਕੁਝ ਸਮਾਂ ਦੁਬਈ ਵਿੱਚ ਡਰਾਈਵਰ ਵਜੋਂ ਨੌਕਰੀ ਵੀ ਕੀਤੀ।
ਸੱਤੀ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਪਰਿਵਾਰ ਲਈ ਸਖ਼ਤ ਮਿਹਨਤ ਕਰਦਿਆਂ ਦੇਖਿਆ ਹੈ। ਉਨ੍ਹਾਂ ਦੀ ਮਾਂ ਦਲਜੀਤ ਕੌਰ ਹਨ।
ਅਸੀਂ ਇਹ ਇੰਟਰਵਿਊ ਕਰਨ ਲਈ ਜਦੋਂ ਸੱਤੀ ਹੁਰਾਂ ਦੇ ਮੁਹਾਲੀ ਸਥਿਤ ਘਰ ਗਏ ਤਾਂ ਉਨ੍ਹਾਂ ਦੇ ਮਾਂ ਉੱਥੇ ਮੌਜੂਦ ਸਨ।
ਮਾਂ ਦੀਆਂ ਅੱਖਾਂ ਵਿੱਚ ਧੀ ਪ੍ਰਤੀ ਮਾਣ ਦੀ ਭਾਵਨਾ ਸਾਫ਼ ਝਲਕ ਰਹੀ ਸੀ।
ਦਲਜੀਤ ਕੌਰ ਦੱਸਣ ਲੱਗੇ ਕਿ ਟੀਵੀ ਵਿੱਚ ਕੰਮ ਕਰਨਾ ਉਸ ਵੇਲੇ ਆਮ ਨਹੀਂ ਸੀ, ਪਰ ਉਨ੍ਹਾਂ ਨੇ ਲੋਕਾਂ ਦੇ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰਕੇ ਸੱਤੀ ਦਾ ਸਾਥ ਦਿੱਤਾ।
ਆਪਣੇ ਮਾਪਿਆਂ ਬਾਰੇ ਸੱਤੀ ਕਹਿੰਦੇ ਹਨ, “ਹਰ ਸਮੱਸਿਆ ਦਾ ਹੱਲ ਹੈ, ਇਹ ਮੈਂ ਆਪਣੇ ਬਾਪ ਤੋਂ ਸਿੱਖਿਆ ਹੈ। ਮੁਹੱਬਤ ਤੇ ਸਮਾਜ ਨੂੰ ਕੁਝ ਵਾਪਸ ਦੇਣਾ ਮੈਂ ਆਪਣੀ ਮਾਂ ਤੋਂ ਸਿੱਖਿਆ ਹੈ।”
ਸਤਿੰਦਰ ਸੱਤੀ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਸਮਾਜ ਦੇ ਮੁਕਾਬਲੇ ਕਾਫ਼ੀ ਅਗਾਂਹਵਧੂ ਸੋਚ ਰੱਖਦਾ ਸੀ, ਉਸ ਦੌਰ ਵਿੱਚ ਕੁੜੀਆਂ ਦਾ ਵਾਹਨ ਚਲਾਉਣਾ ਆਮ ਨਹੀਂ ਸੀ, ਪਰ ਸੱਤੀ ਬਟਾਲਾ ਸ਼ਹਿਰ ਵਿੱਚ ਸਕੂਟਰ ਚਲਾਉਂਦੇ ਸਨ ।
ਬਟਾਲਾ ਦੇ ਕਾਲਜ ਵਿੱਚ ਪੜ੍ਹਦਿਆਂ ਸੱਤੀ ਵਿਦਿਆਰਥੀ ਲੀਡਰ ਰਹੇ ਅਤੇ ਇੱਕ ਵਾਰ ਵਧੀਆਂ ਫ਼ੀਸਾਂ ਖ਼ਿਲਾਫ਼ ਸ਼ਹਿਰ ਵਿੱਚ ਹੋਈ ਉਦੋਂ ਤੱਕ ਦੀ ਸਭ ਤੋਂ ਵੱਡੀ ਹੜਤਾਲ਼ ਦੇ ਮੋਹਰੀ ਲੀਡਰਾਂ ਵਿੱਚ ਸ਼ਾਮਲ ਸਨ।
ਸੱਤੀ ਦੱਸਦੇ ਹਨ, “ਜਦੋਂ ਸਮਰੱਥਾ ਨਹੀਂ ਵੀ ਸੀ, ਮੇਰੇ ਬਾਪ ਨੇ ਮੈਨੂੰ ਚੁਬਾਰਾ ਪਾ ਕੇ ਦਿੱਤਾ ਸੀ। ਇਸ ਕਮਰੇ ਵਿੱਚੋਂ ਮੈਂ ਚੰਦਰਮਾ ਵੀ ਦੇਖਿਆ। ਉਸ ਕਮਰੇ ਵਿੱਚ ਮੈਂ ਯੂਥ ਵਿੰਗ ਦੀ ਪ੍ਰਧਾਨ ਵੀ ਬਣੀ, ਉਸ ਕਮਰੇ ਵਿੱਚ ਬਹਿ ਕੇ ਕ੍ਰਾਂਤੀਕਾਰੀ ਭਾਸ਼ਣ ਲਿਖੇ।”
“ਉਸ ਕਮਰੇ ਵਿੱਚੋਂ ਮੈਂ ਲਿਸ਼ਕਾਰੇ ਲਈ ਆਪਣੇ ਕੱਪੜੇ ਵੀ ਸਿਓਂਤੇ, ਉਸੇ ਕਮਰੇ ਵਿੱਚੋਂ ਤਿਆਰ ਹੋ ਕੇ ਮੈਂ ਪਹਿਲੀ ਵਾਰ ਲਿਸ਼ਕਾਰੇ ਲਈ ਗਈ ਹਾਂ। ਉਸ ਕਮਰੇ ਤੋਂ ਮੈਂ ਪਹਿਲੀ ਵਾਰ ਬੰਬੇ ਲਈ ਵੀ ਗਈ। ਪਹਿਲੀ ਕਿਤਾਬ ਦੀ ਨੀਂਹ ਅਤੇ ਹਾਰਮੋਨੀਅਮ ਦੇ ਸੁਰ ਉਸ ਕਮਰੇ ਵਿੱਚੋਂ ਛੇੜੇ।”
ਸੱਤੀ ਕਹਿੰਦੇ ਹਨ ਕਿ ਪਰਿਵਾਰ ਦੇ ਅਗਾਂਹਵਧੂ ਵਿਚਾਰਾਂ ਕਰਕੇ ਹੀ ਉਹ ਜ਼ਿੰਦਗੀ ਵਿੱਚ ਆਪਣੀ ਉਮਰ ਤੋਂ ਅੱਗੇ ਜਾ ਕੇ ਜਿਉਂਏ ਹਨ। ਉਨ੍ਹਾਂ ਦੀ ਇੱਕ ਭੈਣ ਅਤੇ ਇੱਕ ਭਰਾ ਹੈ।
‘ਸਟੇਜ ਉੱਤੇ ਸਭ ਤੋਂ ਸਹਿਜ ਮਹਿਸੂਸ ਕਰਦੀ ਹਾਂ’

ਤਸਵੀਰ ਸਰੋਤ, Navdeep Kaur Garewal/BBC
ਸਤਿੰਦਰ ਸੱਤੀ ਨੇ ਸਟੂਡੀਓਜ਼ ਵਿੱਚ ਟੀਵੀ ਪ੍ਰੋਗਰਾਮਾਂ ਲਈ ਵੀ ਐਂਕਰਿੰਗ ਕੀਤੀ ਹੈ ਅਤੇ ਲੋਕਾਂ ਦੇ ਭਾਰੀ ਇਕੱਠ ਵਿੱਚ ਵੀ ਵੱਡੇ ਸਟੇਜ ਸੰਭਾਲੇ ਹਨ।
ਕੀ ਹਰ ਪ੍ਰੋਗਰਾਮ ਤੋਂ ਪਹਿਲਾਂ ਸੱਤੀ ਵੱਖਰੀ ਤਰ੍ਹਾਂ ਦੀ ਤਿਆਰੀ ਕਰਦੇ ਹਨ? ਸੱਤੀ ਕਹਿੰਦੇ ਹਨ ਕਿ ਸਟੇਜ ਉਨ੍ਹਾਂ ਨੂੰ ਘਰ ਜਾਪਦਾ ਹੈ।
ਸਟੇਜ ਉੱਤੇ ਤੇ ਕੈਮਰੇ ਸਾਹਮਣੇ ਉਹ ਸਭ ਤੋਂ ਸਹਿਜ ਮਹਿਸੂਸ ਕਰਦੇ ਹਨ।
ਸੱਤੀ ਕਹਿੰਦੇ ਹਨ ਕਿ ਸਟੇਜ ਉਨ੍ਹਾਂ ਲਈ ਉਹ ਥਾਂ ਹੈ, ਜਿੱਥੇ ਉਨ੍ਹਾਂ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਉਹ ਕਹਿੰਦੇ ਹਨ ਕਿ ਕਿਤਾਬਾਂ ਪੜ੍ਹਦੇ ਰਹਿਣਾ ਹੀ ਉਨ੍ਹਾਂ ਦਾ ਸਟੇਜ ਸੰਭਾਲਣ ਲਈ ਆਤਮ-ਵਿਸ਼ਵਾਸ ਵਧਾਉਂਦਾ ਹੈ।
ਉਹ ਖੁਦ ਲਿਖਦੇ ਹਨ, ਇਸ ਲਈ ਮੌਕੇ ’ਤੇ ਵੀ ਕਈ ਵਾਰ ਤੁਕਬੰਦੀ ਫੁਰ ਜਾਂਦੀ ਹੈ।
ਸੱਤੀ ਕੁਝ ਸਤਰਾਂ ਸੁਣਾਉਂਦੇ ਹਨ
“ਸਤਿੰਦਰ ਤੋਂ ਸੱਤੀ ਬਣੀ ਤੇ ਸ਼ੌਹਰਤਾਂ ਦੇ ਅੰਬਾਰ ਲੱਗ ਗਏ
ਕਦੇ ਕਦੇ ਕੋਈ ਨਾਮ ਵੀ ਬੰਦੇ ਨੂੰ ਮੇਚ ਇੰਝ ਆ ਹੀ ਜਾਂਦਾ ਏ”
ਸਤਿੰਦਰ ਸੱਤੀ ਪਹਿਲਾਂ ਆਪਣਾ ਨਾਮ ਸਤਿੰਦਰ ਕੌਰ ਲੈਂਦੇ ਸਨ।
ਕਈ ਇੰਟਰਵਿਊਜ਼ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਅਦਾਕਾਰਾ ਪ੍ਰੀਤੀ ਸਪਰੂ ਨੇ ਉਨ੍ਹਾਂ ਨੂੰ ਪਹਿਲਾਂ ਸੱਤੀ ਕਹਿਣਾ ਸ਼ੁਰੂ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਸਤਿੰਦਰ ਕਹਿਣਾ ਔਖਾ ਲਗਦਾ ਸੀ। ਫਿਰ ਹੌਲੀ ਹੌਲੀ ਹਰ ਕੋਈ ਸੱਤੀ ਕਹਿਣ ਲੱਗ ਗਿਆ ਅਤੇ ਉਹ ਸਤਿੰਦਰ ਸੱਤੀ ਵਜੋਂ ਮਕਬੂਲ ਹੋ ਗਏ। ਬੀਬੀਸੀ ਨਾਲ ਸਤਿੰਦਰ ਸੱਤੀ ਦੀ ਇੰਟਰਵਿਊ ਇੱਥੇ ਦੇਖੋ।
ਕਰੀਅਰ ਵਿੱਚ ਲਿੰਗਭੇਦ ਦਾ ਤਜ਼ਰਬਾ

ਤਸਵੀਰ ਸਰੋਤ, Navdeep Kaur Garewal/BBC
ਸਤਿੰਦਰ ਸੱਤੀ ਨੇ ਅਗਸਤ 2000 ਵਿੱਚ ਜਲੰਧਰ ਦੂਰਦਰਸ਼ਨ ਤੋਂ ਲਿਸ਼ਕਾਰਾ ਪ੍ਰੋਗਰਾਮ ਵਿੱਚ ਐਂਕਰਿੰਗ ਜ਼ਰੀਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਯੁਨੀਵਰਸਿਟੀ ਪੜ੍ਹਦੀ ਸੱਤੀ ਨੂੰ ਦੂਰਦਰਸ਼ਨ ਨਾਲ ਜੁੜੇ ਡਾ.ਲਖਵਿੰਦਰ ਜੌਹਲ ਨੇ ਯੂਥ ਫੈਸਟੀਵਲ ਵਿੱਚ ਮੰਚ ‘ਤੇ ਦੇਖਿਆ।
ਉਨ੍ਹਾਂ ਨੇ ਸੱਤੀ ਅਤੇ ਕੁਝ ਹੋਰ ਵਿਦਿਆਰਥੀਆਂ ਨੂੰ ਦੂਰਦਰਸ਼ਨ ਵਿਖੇ ਆਉਣ ਦਾ ਸੱਦਾ ਦਿੱਤਾ, ਜਿੱਥੋਂ ਸੱਤੀ ਦੇ ਲਿਸ਼ਕਾਰੇ ਨਾਲ ਸਫਰ ਦੀ ਸ਼ੁਰੂਆਤ ਹੋਈ।
ਕਈ ਇੰਟਰਵਿਊਜ਼ ਵਿੱਚ ਸੱਤੀ ਦੱਸ ਚੁੱਕੇ ਹਨ ਕਿ ਲਿਸ਼ਕਾਰੇ ਦੇ ਪਹਿਲੇ ਪ੍ਰੋਗਰਾਮ ਦਾ ਆਪਣਾ ਸੂਟ ਉਨ੍ਹਾਂ ਨੇ ਖੁਦ ਹੀ ਸਿਓਂਤਾ ਸੀ।
ਕੁਝ ਐਪੀਸੋਡ ਕਰਨ ਤੱਕ ਉਨ੍ਹਾਂ ਦੇ ਦੁਬਈ ਰਹਿੰਦੇ ਪਿਤਾ ਨੂੰ ਇਸ ਬਾਰੇ ਪਤਾ ਨਹੀਂ ਸੀ। ਫਿਰ ਜਦੋਂ ਪਿਤਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਵੀ ਹੌਸਲਾ ਅਫ਼ਜ਼ਾਈ ਕੀਤੀ।
ਪਰਿਵਾਰ ਦੇ ਸਾਥ ਅਤੇ ਆਪਣੇ ਹੁਨਰ ਤੇ ਮਿਹਨਤ ਸਦਕਾ ਸੱਤੀ ਲਿਸ਼ਕਾਰੇ ਤੋਂ ਲੈ ਕੇ ਪੰਜਾਬ ਦੀ ਹਰ ਵੱਡੀ ਸਟੇਜ ਸੰਭਾਲ਼ਣ ਤੱਕ ਪਹੁੰਚੇ। ਪਰ ਇਸ ਸਫਰ ਦੌਰਾਨ ਉਨ੍ਹਾਂ ਨੂੰ ਵੀ ਲਿੰਗਭੇਦ ਦਾ ਸਾਹਮਣਾ ਕਰਨਾ ਪਿਆ।
ਸੱਤੀ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਟੀਵੀ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਆਦਮੀਆਂ ਦੇ ਮੁਕਾਬਲੇ ਬਹੁਤ ਘੱਟ ਸੀ। ਉਸ ਵੇਲੇ ਆਪਣੀ ਥਾਂ ਬਣਾਉਣਾ ਬਹੁਤ ਔਖਾ ਸੀ।
ਉਨ੍ਹਾਂ ਦੱਸਿਆ, “ਜਦੋਂ ਮੈਂ ਸਟੇਜ ‘ਤੇ ਕਮਾਨ ਸੰਭਾਲਦੀ ਸੀ, ਬਹੁਤ ਲੋਕਾਂ ਨੂੰ ਇਸ ਗੱਲ ਦੀ ਔਖਿਆਈ ਹੋ ਜਾਂਦੀ ਸੀ। ਮੈਂ ਆਪਣੇ ਕਰੀਅਰ ਵਿੱਚ ਦੋਵੇਂ ਤਰ੍ਹਾਂ ਦੇ ਆਦਮੀ ਦੇਖੇ। ਇੱਕ ਉਹ ਜਿਨ੍ਹਾਂ ਨੇ ਮੇਰਾ ਹੌਸਲਾ ਵਧਾਇਆ ਅਤੇ ਮੇਰੇ ਨਾਮ ਨੂੰ ਹੋਰ ਵੱਡਾ ਕੀਤਾ।”
“ਦੂਜੇ ਉਹ ਜਿਨ੍ਹਾਂ ਨੂੰ ਮੇਰੇ ਕਰਕੇ ਆਪਣਾ ਵਜੂਦ ਹਲਕਾ ਪੈਣ ਦਾ ਡਰ ਸੀ, ਜੋ ਅਸੁਰੱਖਿਅਤ ਮਹਿਸੂਸ ਕਰਦੇ ਸੀ ਅਤੇ ਚਾਹੁੰਦੇ ਸੀ ਕਿ ਸਟੇਜ ‘ਤੇ ਮੈਨੂੰ ਜ਼ਿਆਦਾ ਮਾਣ ਨਾ ਮਿਲੇ।”
ਪੰਜਾਬ ਆਰਟਸ ਕਾਊਂਸਲ ਦੀ ਚੇਅਰਪਰਸਨ ਬਣਨਾ

ਤਸਵੀਰ ਸਰੋਤ, Satinder Satti/Facebook
ਸਤਿੰਦਰ ਸੱਤੀ 2016-17 ਵਿੱਚ ਪੰਜਾਬ ਆਰਟਸ ਕਾਊਂਸਲ ਦੇ ਚੇਅਰਪਰਸਨ ਵੀ ਰਹੇ ਹਨ। ਉਸ ਵੇਲੇ ਕਲਾ ਖੇਤਰ ਨਾਲ ਜੁੜੀਆਂ ਕੁਝ ਸ਼ਖਸੀਅਤਾਂ ਨੇ ਸੱਤੀ ਨੂੰ ਇਹ ਅਹੁਦਾ ਮਿਲਣ ਦਾ ਵਿਰੋਧ ਵੀ ਕੀਤਾ।
ਇਸ ਅਹੁਦੇ ਦਾ ਕਾਰਜ-ਕਾਲ ਵੈਸੇ ਤਿੰਨ ਸਾਲ ਦਾ ਹੁੰਦਾ ਹੈ, ਪਰ ਸੱਤੀ ਇੱਕ ਸਾਲ ਹੀ ਇਸ ਅਹੁਦੇ ‘ਤੇ ਰਹਿ ਸਕੇ। ਸਤੰਬਰ, 2017 ਵਿੱਚ ਨਾਮੀ ਕਵੀ ਸੁਰਜੀਤ ਪਾਤਰ ਨੂੰ ਇਸ ਅਹੁਦੇ ’ਤੇ ਬਿਠਾਇਆ ਗਿਆ।
ਸੱਤੀ ਇਹ ਵੀ ਦੱਸਦੇ ਹਨ ਕਿ ਜਿਨ੍ਹਾਂ ਸਮਾਂ ਉਹ ਚੇਅਰਪਰਸਨ ਰਹੇ, ਉਦੋਂ ਵੀ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਦੇ ਰਾਹ ਵਿੱਚ ਰੋੜੇ ਸੁੱਟੇ ਗਏ।
ਸੱਤੀ ਕਹਿੰਦੇ ਹਨ, “ਅੱਜ ਵੀ ਸਾਡੇ ਸਮਾਜ ਵਿੱਚ ਕਾਮਯਾਬ ਔਰਤ ਨੂੰ ਰੌਸ਼ਨ ਜ਼ਿਹਨ ਵਾਲੇ ਇਨਸਾਨ ਵਜੋਂ ਨਹੀਂ ਦੇਖਿਆ ਜਾਂਦਾ। ਸਾਨੂੰ ਇਹ ਲਗਦੈ ਕਿ ਜੇ ਕੋਈ ਔਰਤ ਕਾਮਯਾਬ ਹੈ, ਜਾਂ ਤਾਂ ਇਸ ਦੀ ਸਿਫਾਰਿਸ਼ ਹੋਏਗੀ ਜਾਂ ਕਿਸੇ ਨੇ ਮਦਦ ਕੀਤੀ ਹੋਏਗੀ।”
ਸੱਤੀ ਕਹਿੰਦੇ ਹਨ ਕਿ ਜਦੋਂ ਉਹ ਚੇਅਰਪਰਸਨ ਸਨ ਤਾਂ ਕੁੜੀਆਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਤੀਆਂ ਦਾ ਵੱਡਾ ਪ੍ਰੋਗਰਾਮ ਕਰਵਾਇਆ, ਮਨੋਰੰਜਨ ਟੈਕਸ ਮਾਫ਼ ਕਰਵਾਇਆ, ਬਜ਼ੁਰਗ ਕਲਾਕਾਰਾਂ ਨੂੰ ਪੈਨਸ਼ਨ ਲਗਵਾਉਣੀ ਚਾਹੀ।
ਸੱਤੀ ਨੇ ਕਿਹਾ, “ਉਸ ਵੇਲੇ ਮੇਰਾ ਵਿਰੋਧ ਕਰਨ ਵਾਲਿਆਂ ਨੇ ਇਹ ਨਹੀਂ ਸੋਚਿਆ ਕਿ ਇਹ ਕੁੜੀ ਸਾਡੇ ਕਲਾ ਖੇਤਰ ਲਈ ਕੁਝ ਕਰਨਾ ਚਾਹੁੰਦੀ ਹੈ, ਬਲਕਿ ਉਨ੍ਹਾਂ ਨੂੰ ਇਹ ਲਗਦਾ ਸੀ ਕਿ ਇਹ ਇੱਥੋਂ ਤੱਕ ਕਿਵੇਂ ਪਹੁੰਚ ਗਈ।”
ਸੱਤੀ ਨੇ ਕਿਹਾ, “ਮੈਨੂੰ ਦੋ ਹੀ ਚੀਜ਼ਾਂ ਆਉਂਦੀਆਂ ਸੀ, ਇੱਕ ਲਾਅ ਅਤੇ ਦੂਜੀ ਸਟੇਜ। ਜਦੋਂ ਮੈਂ ਚੇਅਰਪਰਸਨ ਬਣੀ ਮੇਰੀ ਪੜ੍ਹਾਈ ਨੇ ਮੈਨੂੰ ਬਹੁਤ ਮਦਦ ਕੀਤੀ।”
ਸੱਤੀ ਕਹਿੰਦੇ ਹਨ ਕਿ ਕਾਨੂੰਨੀ ਪੜ੍ਹਾਈ ਕਰਕੇ ਹੀ ਉਹ ਇਹ ਸੋਚ ਸਕਦੇ ਸੀ ਕਿ ਕਾਨੂੰਨ ਤੇ ਨਿਯਮਾਂ ਮੁਤਾਬਕ ਕਲਾਕਾਰਾਂ ਲਈ ਅਤੇ ਕਲਾ ਲਈ ਕੀ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Satinder Satti/Facebook
ਕੈਨੇਡਾ ਤੋਂ ਵਕਾਲਤ ਵਿੱਚ ਨਵੀਂ ਸ਼ੁਰੂਆਤ
ਜਦੋਂ ਕੋਵਿਡ ਮਹਾਂਮਾਰੀ ਦੌਰਾਨ ਸਤਿੰਦਰ ਸੱਤੀ ਕੈਨੇਡਾ ਵਿੱਚ ਸਨ, ਤਾਂ ਉਨ੍ਹਾਂ ਨੇ ਆਪਣੀ ਵਕਾਲਤ ਦੀ ਪੜ੍ਹਾਈ ਨੂੰ ਮੁੜ ਸ਼ੁਰੂੂ ਕਰਨ ਬਾਰੇ ਸੋਚਿਆ।
ਉੱਥੇ ਪੜ੍ਹਾਈ ਕਰਕੇ ਪੇਪਰ ਦਿੱਤੇ ਅਤੇ ਬੈਰਿਸਟਰ ਤੇ ਸੋਲਿਸਿਟਰ ਵਜੋਂ ਕੈਨੇਡਾ ਵਿੱਚ ਕੰਮ ਕਰਨ ਲਈ ਆਪਣੇ ਰਾਹ ਖੋਲ੍ਹੇ।
ਕਿਸੇ ਕਲਾਕਾਰ ਲਈ ਕਰੀਅਰ ਦੇ ਇਸ ਮੁਕਾਮ ‘ਤੇ ਪਹੁੰਚਣ ਬਾਅਦ, ਕਰੀਅਰ ਤੋਂ ਵੱਖਰੀ ਤਰ੍ਹਾਂ ਦੇ ਖੇਤਰ ਵਿੱਚ ਪੜ੍ਹਾਈ ਕਰਨਾ ਅਤੇ ਨਵਾਂ ਰਾਹ ਬਣਾਉਣਾ ਆਮ ਗੱਲ ਨਹੀਂ ਸੀ।
ਸੱਤੀ ਦੇ ਇਸ ਕਦਮ ਨੇ ਉਨ੍ਹਾਂ ਨੂੰ ਸੁਰਖ਼ੀਆਂ ਵਿੱਚ ਲਿਆਂਦਾ ਅਤੇ ਲੋਕਾਂ ਦੀ ਤਾਰੀਫ਼ ਦੇ ਹੱਕਦਾਰ ਬਣੇ।

ਤਸਵੀਰ ਸਰੋਤ, Satinder Satti/Facebook
ਹਾਲਾਂਕਿ ਸੱਤੀ ਦੱਸਦੇ ਹਨ ਕਿ ਕਲਾਕਾਰੀ ਖੇਤਰ ਵਿੱਚ ਆਉਣ ਬਾਅਦ ਵੀ ਉਨ੍ਹਾਂ ਦਾ ਨਾਤਾ ਪੂਰੀ ਤਰ੍ਹਾਂ ਕਾਨੂੰਨ ਦੀ ਪੜ੍ਹਾਈ ਤੋਂ ਪੂਰੀ ਤਰ੍ਹਾਂ ਕਦੇ ਨਹੀਂ ਛੁੱਟਿਆ ਸੀ।
ਉਹ ਦੱਸਦੇ ਹਨ ਕਿ ਕਾਨੂੰਨੀ ਸਲਾਹ, ਜਾਂ ਕੰਟਰੈਕਟ ਰਿਨੀਊ ਜਿਹੇ ਕੰਮਾਂ ਵਿੱਚ ਉਹ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹੇ।
ਸੱਤੀ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਕਾਨੂੰਨ ਦੇ ਖੇਤਰ ਨੂੰ ਚੁਣਿਆ ਅਤੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨਾਲ ਕੰਮ ਕੀਤਾ।
ਸੱਤੀ ਦੱਸਦੇ ਹਨ ਕਿ ਡਿਪੋਰਟ ਕੀਤੇ ਜਾ ਰਹੇ ਸੈਂਕੜੇ ਨੌਜਵਾਨਾਂ ਦੇ ਕੇਸਾਂ ਵਿੱਚ ਵਲੰਟੀਅਰ ਵਜੋਂ ਉਨ੍ਹਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਸਕੂਨ ਮਿਲਿਆ।
ਡਿਪਰੈਸ਼ਨ ਦਾ ਦੌਰ

ਤਸਵੀਰ ਸਰੋਤ, Satinder Satti/Facebook
ਸਤਿੰਦਰ ਸੱਤੀ ਯੂਟਿਊਬ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫ਼ਾਰਮਾਂ ਜ਼ਰੀਏ ਮਾਨਸਿਕ ਸਿਹਤ ਸਬੰਧੀ ਵੀਡੀਓਜ਼ ਪੋਸਟ ਕਰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਸੋਲ ਵਲੋਗਜ਼ ਦਾ ਨਾਮ ਦਿੱਤਾ ਹੈ।
ਇਨ੍ਹਾਂ ਵੀਡੀਓਜ਼ ਵਿੱਚ ਜ਼ਿੰਦਗੀ ਨੂੰ ਸਕਰਾਤਮਕਤਾ ਨਾਲ ਜਿਉਣ ਦਾ ਸੰਦੇਸ਼ ਹੁੰਦਾ ਹੈ। ਸੱਤੀ ਦੱਸਦੇ ਹਨ ਇਸ ਤੋਂ ਪਹਿਲਾਂ ਕਰੀਬ ਦੋ ਸਾਲ ਉਹ ਖੁਦ ਡਿਪਰੈਸ਼ਨ ਨਾਲ ਜੂਝੇ ਹਨ।
ਉਹ ਕਹਿੰਦੇ ਹਨ ਕਿ ਹਰ ਕਿਸੇ ਦੀ ਜ਼ਿੰਦਗੀ ਅਜਿਹੀ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਬਾਹਰੋਂ ਦਿਸਦੀ ਹੈ। ਦੌਲਤ, ਸ਼ੌਹਰਤ ਕਮਾਉਣ ਅਤੇ ਸ਼ਾਨਦਾਰ ਸਫਰ ਦੇ ਬਾਵਜੂਦ ਉਹ ਅਜਿਹੀ ਮਾਨਸਿਕ ਸਥਿਤੀ ਵਿਚ ਪਹੁੰਚ ਗਏ ਜਿੱਥੇ ਦਿਲ ਤੇ ਦਿਮਾਗ਼ ਦਾ ਤਾਲਮੇਲ ਨਹੀਂ ਹੁੰਦਾ।
ਸੱਤੀ ਨੇ ਦੱਸਿਆ ਕਿ ਜਦੋਂ ਉਹ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸੀ ਤਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ।

ਤਸਵੀਰ ਸਰੋਤ, Satinder Satti/Facebook
ਉਨ੍ਹਾਂ ਦੱਸਿਆ, “ਮੈਂ ਉਦੋਂ ਦਵਾਈ ਖਾਂਦੀ ਸੀ ਡਿਪਰੈਸ਼ਨ ਦੀ। ਇੱਕ ਵਾਰ ਮੁਹਾਲੀ ਤੋਂ ਵਿਦੇਸ਼ ਜਾਣ ਲਈ ਸਮਾਨ ਪੈਕ ਕਰ ਰਹੀ ਸੀ। ਕਾਹਲ਼ੀ ਵਿੱਚ ਆਪਣੇ ਪਿਤਾ ਨੂੰ ਪਰਚੀ ਫੜਾ ਦਿੱਤੀ ਕਿ ਦਵਾਈ ਲਿਆ ਦਿਓ। ਉਨ੍ਹਾਂ ਨੇ ਕੈਮਿਸਟ ਤੋਂ ਪਤਾ ਚੱਲ ਗਿਆ ਅਤੇ ਮੇਰੇ ਟੀਮ ਤੋਂ ਵੀ ਪੁੱਛਿਆ ਕਿ ਇਹ ਦਵਾਈ ਕਿਸ ਚੀਜ਼ ਦੀ ਹੈ।”
“ਅਗਲੀ ਵਾਰ ਜਦੋਂ ਮੈਂ ਮੁਹਾਲੀ ਵਾਪਸ ਆਈ ਤਾਂ ਮੇਰੇ ਪਿਤਾ ਬਟਾਲਾ ਨਹੀਂ ਗਏ, ਮੇਰੇ ਕੋਲ ਮੁਹਾਲੀ ਹੀ ਰਹੇ ਅਤੇ ਮੈਨੂੰ ਇਸ ਸਮੱਸਿਆ ਤੋਂ ਬਾਹਰ ਆਉਣ ਦੀ ਹਿੰਮਤ ਦਿੱਤੀ।”
ਸਤਿੰਦਰ ਸੱਤੀ ਦੱਸਦੇ ਹਨ ਕਿ ਇਸ ਦੌਰ ਵਿੱਚੋਂ ਲੰਘਣ ਬਾਅਦ ਉਨ੍ਹਾਂ ਨੇ ਮਾਨਸਿਕ ਸਿਹਤ ਸਬੰਧੀ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ।
ਉਹ ਕਹਿੰਦੇ ਹਨ ਕਿ ਹੁਣ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਨੌਜਵਾਨ ਇਨ੍ਹਾਂ ਵੀਡੀਓਜ਼ ਕਰਕੇ ਉਨ੍ਹਾਂ ਦੇ ਨਾਲ ਜੁੜੇ ਹੋਏ ਹਨ।
ਉਹ ਕਹਿੰਦੇ ਹਨ ਕਿ ਜੇ ਮੈਂ ਉਸ ਸਮੇਂ ਵਿੱਚੋਂ ਨਾ ਨਿਕਲੀ ਹੁੰਦੀ ਤਾਂ ਅੱਜ ਹਜ਼ਾਰਾਂ ਨੌਜਵਾਨਾਂ ਨੂੰ ਇਸ ਵਿੱਚੋਂ ਨਿਕਲਣ ਦਾ ਰਾਹ ਕਿਵੇਂ ਦਿਖਾਉਂਦੀ।
’84 ਵੇਲੇ ਸਾਥੀ ਵਿਦਿਆਰਥੀਆਂ ਦੀ ਹਮਦਰਦ ਕਿਵੇਂ ਬਣੀ ?
ਅੱਸੀਵਿਆਂ ਵਿੱਚ ਪੰਜਾਬ ਨੇ ਬੜਾ ਨਾਜ਼ੁਕ ਦੌਰ ਹੰਢਾਇਆ ਹੈ। ਸਤਿੰਦਰ ਸੱਤੀ ਵੀ ਇਸ ਦੌਰ ਦੇ ਗਵਾਹ ਬਣੇ।
ਸੱਤੀ ਦੇ ਪਿਤਾ ਉਦੋਂ ਦੁਬਈ ਵਿੱਚ ਨੌਕਰੀ ਕਰਨ ਗਏ ਹੋਏ ਸਨ, ਮਾਂ ਦੀ ਉਮਰ ਵੀ ਜ਼ਿਆਦਾ ਨਹੀਂ ਸੀ। ਸੱਤੀ ਯਾਦ ਕਰਦੇ ਹਨ ਕਿ ਬਾਰਡਰ ਨੇੜਲਾ ਇਲਾਕਾ ਹੋਣ ਕਰਕੇ ਉਹ ਕਿੰਨੀ ਦਹਿਸ਼ਤ ਵਿੱਚ ਰਹਿੰਦੇ ਸਨ ਅਤੇ ਆਪਣੀ ਸੁਰੱਖਿਆ ਲਈ ਘਰ ਦੀ ਛੱਤ ’ਤੇ ਇੱਟਾਂ-ਪੱਥਰ ਰੱਖ ਕੇ ਸੌਂਦੇ ਸਨ।
ਸੱਤੀ ਦੱਸਦੇ ਹਨ ਕਿ ਉਸ ਵੇਲੇ ਉਹ ਸਤਵੀਂ-ਅੱਠਵੀਂ ਜਮਾਤ ਵਿੱਚ ਪੜ੍ਹਦੇ ਸਨ। ਉਹ ਦੱਸਦੇ ਹਨ, “ਮੈਂ ਬੜੇ ਸਾਰੇ ਬੰਬ ਆਪਣੀਆਂ ਅੱਖਾਂ ਦੇ ਸਾਹਮਣੇ ਫਟਦੇ ਦੇਖੇ ਨੇ। ਬੜੇ ਸਾਰੇ ਬੰਦੇ ਬੱਸਾਂ ਵਿੱਚੋਂ ਉਤਰ ਕੇ ਮਰਦੇ ਹੋਏ ਦੇਖੇ ਨੇ। ”
ਇੱਕ ਕਿੱਸਾ ਸੁਣਾਉਂਦਿਆਂ ਸੱਤੀ ਨੇ ਦੱਸਿਆ ਕਿ ਇੱਕ ਵਾਰ ਉਹ ਆਪਣੀ ਭੂਆ ਦੇ ਪਿੰਡ ਗਏ ਹੋਏ ਸਨ ਅਤੇ ਰਾਤ ਨੂੰ ਗੋਲੀਆਂ ਚੱਲਣ ਦੀ ਅਵਾਜ਼ ਉਨ੍ਹਾਂ ਨੇ ਸੁਣੀ।
“ਸਵੇਰੇ ਪਤਾ ਲੱਗਿਆ ਕਿ ਲਾਲੇ ਦੀ ਦੁਕਾਨ ਤੇ ਘਟਨਾ ਹੋਈ ਸੀ, ਅਸੀਂ ਦੇਖਣ ਗਏ ਕੁਝ ਬੰਦੇ ਮਰੇ ਹੋਏ ਸਨ। ”

ਤਸਵੀਰ ਸਰੋਤ, Satinder Satti/Facebook
ਸੱਤੀ ਕਹਿੰਦੇ ਹਨ ਕਿ ਉਸ ਵੇਲੇ ਸਕੂਲ ਵਿੱਚ ਜਦੋਂ ਕਿਸੇ ਬੱਚੇ ਦੇ ਬਾਪ ਦੇ ਇਸ ਤਰ੍ਹਾਂ ਕਤਲ ਹੋਣ ਬਾਰੇ ਸੁਣਦੀ ਸੀ ਤਾਂ ਇਹ ਫ਼ਿਕਰ ਹੋ ਜਾਂਦਾ ਸੀ ਕਿ ਹੁਣ ਇਨ੍ਹਾਂ ਦੀ ਫ਼ੀਸ ਕੌਣ ਦੇਊਗਾ।
ਉਨ੍ਹਾਂ ਦੱਸਿਆ ਕਿ ਫਿਰ ਉਨ੍ਹਾਂ ਨੇ ਆਪਣੀ ਇੱਕ ਸਹੇਲੀ ਨਾਲ ਰਲ ਕੇ ‘ਕਿਡਜ਼ ਫਾਰ ਕਿਡਜ਼’ ਨਾਮ ਦੀ ਸੁਸਾਇਟੀ ਬਣਾਈ ਜਿਸ ਵਿੱਚ ਉਹ ਕਿਸੇ ਤਰ੍ਹਾਂ ਪੈਸੇ ਇਕੱਠੇ ਕਰਕੇ ਸਾਥੀ ਬੱਚਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਸਨ।
ਸੱਤੀ ਕਹਿੰਦੇ ਹਨ ਕਿ ਬਚਪਨ ਵਿੱਚ ਹੋਏ ਅਜਿਹੇ ਤਜ਼ਰਬਿਆਂ ਨੇ ਉਨ੍ਹਾਂ ਦੀ ਸਖਸੀਅਤ ‘ਤੇ ਅਸਰ ਪਾਇਆ।
ਉਹ ਦੱਸਦੇ ਹਨ ਕਿ ਕਰੀਅਰ ਵਿੱਚ ਦੌਲਤ ਤੇ ਸ਼ੌਹਰਤ ਕਮਾਉਣ ਬਾਅਦ ਉਨ੍ਹਾਂ ਨੇ ਇੱਕ ਸੰਸਥਾ ਸ਼ੁਰੂ ਕੀਤੀ ਜਿਸ ਜ਼ਰੀਏ ਉਹ ਵੱਖ-ਵੱਖ ਤਰ੍ਹਾਂ ਦੇ ਸਕਿੱਲ ਡਵੈਲਪਮੈਂਟ ਕੋਰਸਾਂ ਜ਼ਰੀਏ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਦੀ ਰਹਿਨੁਮਾਈ ਕਰਦੇ ਹਨ।
'ਓਹਦਾ ਸ਼ਹਿਰ ਮੇਰਾ ਸ਼ਹਿਰ ਬਟਾਲਾ ਹੀ ਗਰਾਂ ਸੀ'

ਤਸਵੀਰ ਸਰੋਤ, MONAA RANA
ਸਤਿੰਦਰ ਸੱਤੀ ਦੀ ਇੱਕ ਕਵਿਤਾ ਹੈ ਜਿਸ ਵਿੱਚ ਉਹ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਸ਼ਹਿਰ ਅਤੇ ਸ਼ਿਵ ਕੁਮਾਰ ਬਟਾਲਵੀ ਦਾ ਸ਼ਹਿਰ ਇੱਕੋ ਹੈ।
ਸਤਿੰਦਰ ਸੱਤੀ ਕਹਿੰਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਦੁਨੀਆ ਭਰ ਵਿੱਚ ਨਾਮ ਕਮਾਇਆ ਅਤੇ ਪੰਜਾਬੀ ਕਵੀਆਂ ਨੂੰ ਦੱਸਿਆ ਕਿ ਸਾਹਿਤ ਨੂੰ ਗਲੋਬਲ ਕਿਵੇਂ ਬਣਾਈਦਾ ਹੈ।
ਸੱਤੀ ਸ਼ਿਵ ਦੀ ਲੇਖਣੀ ਬਾਰੇ ਕਹਿੰਦੇ ਹਨ ਕਿ ਕਿਵੇਂ ਉਨ੍ਹਾਂ ਨੇ ਰੋਮਾਂਸ ਦੀ ਕਵਿਤਾ ਨੂੰ ਪ੍ਰੇਰਨਾਦਾਇਕ ਵੀ ਬਣਾਇਆ, ਕ੍ਰਾਂਤੀਕਾਰੀ ਵੀ ਬਣਾਇਆ, ਦੇਸ਼ ਭਗਤੀ ਵਾਲੀ ਕਵਿਤਾ ਵੀ ਬਣਾਇਆ ਤੇ ਮੁਹੱਬਤ ਵੀ ਬਣਾਇਆ।
ਸਤਿੰਦਰ ਸੱਤੀ ਦੀ ਕਿਤਾਬ ਅਣਜੰਮਿਆਂ ਬੋਟ ਵਿੱਚ ਸੱਤੀ ਦੀ ਇੱਕ ਲਿਖਤ ਹੈ-
“ਪੁੱਛਦੇ ਨੇ ਲੋਕ ਕਿ ਸ਼ਾਇਰੀ ਕਿਵੇਂ ਫੁਰਦੀ ਏ
ਮੈਂ ਕਹਾਂ ਇਹ ਤਾਂ ਰਹਿੰਦੀ ਨਾਲ-ਨਾਲ ਤੁਰਦੀ ਏ
ਅੰਮੀ ਮੇਰੀ ਨੇ ਦੁਆਵਾਂ ਸੀ ਕੀਤੀਆਂ
ਸ਼ਾਇਰਾਂ ਤੋਂ ਰੰਗਤਾਂ ਉਧਾਰੀਆਂ ਸੀ ਲੀਤੀਆਂ
ਸਾਡੇ ਗੁਆਂਢ ਰਹਿੰਦਾ ਇੱਕ ਪੀਰ ਸੀ
ਸ਼ਾਇਰੀ ਦਾ ਕਹਿੰਦੇ ਕੋਈ ਵੱਡਾ ਅਮੀਰ ਸੀ
ਨਾਂ ਪੁੱਛੋ ਤਾਂ ਸ਼ਿਵ ਓਹਦਾ ਨਾਂ ਸੀ
ਓਹਦਾ ਸ਼ਹਿਰ ਮੇਰਾ ਸ਼ਹਿਰ ਬਟਾਲਾ ਹੀ ਗਰਾਂ ਸੀ
ਲਗਦਾ ਏ ਅਸਰ ਓਸ ਦਾ ਜ਼ਰੂਰ ਏ
ਬਾਕੀ ਤਾਂ ਸੱਤੀ ‘ਤੇ ਮਿਹਰਬਾਨ ਵੀ ਹਜ਼ੂਰ ਏ।”












