ਮਹਿਲਾ ਦਿਵਸ: ਉਹ 5 ਬੀਬੀਆਂ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਦਿਸ਼ਾ ਦਿੱਤੀ

ਕਿਸੇ ਵੀ ਦੇਸ-ਸਮਾਜ ਦਾ ਇਤਿਹਾਸ ਉਸ ਦੀਆਂ ਔਰਤਾਂ ਦੀ ਭੂਮਿਕਾ ਦੇ ਜ਼ਿਕਰ ਤੋਂ ਬਿਨ੍ਹਾਂ ਅਧੂਰਾ ਹੈ।
ਪੰਜਾਬ ਦੇ ਬਾਰੇ ਕਥਨ ਮਸ਼ਹੂਰ ਹੈ ਕਿ ਇੱਥੋਂ ਦੇ ਜਨਮਿਆਂ ਨੂੰ ਹਮੇਸ਼ਾ ਹੀ ਮੁਹਿੰਮਾਂ ਵਰਗਾ ਸੰਘਰਸ਼ ਕਰਦੇ ਰਹਿਣਾ ਪੈਂਦਾ ਹੈ।
ਜਿੱਥੇ ਪੰਜਾਬ ਦਾ ਇਤਿਹਾਸ ਅਜਿਹੇ ਅਣਗਿਣਤ ਬੰਦਿਆਂ ਦੇ ਨਾਵਾਂ ਨਾਲ ਭਰਿਆ ਹੈ ਜਿਨ੍ਹਾਂ ਨੇ ਆਪਣੇ ਤਤਕਾਲ ਵਿੱਚ ਇਸ ਖਿੱਤੇ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ। ਇਸ ਦੀ ਹੋਣੀ ਨੂੰ ਤੈਅ ਕੀਤਾ।
ਉੱਥੇ ਹੀ ਇੱਥੋਂ ਦੀਆਂ ਜਾਈਆਂ ਬੀਬੀਆਂ ਵੀ ਮੌਕਾ ਮਿਲਣ ਉੱਤੇ ਆਪਣੀ ਭੂਮਿਕਾ ਨਿਭਾਉਣ ਤੋਂ ਪਿੱਛੇ ਨਹੀਂ ਹਟੀਆਂ।
ਇਸ ਲੇਖ ਵਿੱਚ ਅਸੀਂ ਅਜਿਹੀਆਂ ਹੀ ਪੰਜ ਬੀਬੀਆਂ ਦੀਆਂ ਕਹਾਣੀਆਂ ਤੁਹਾਡੇ ਲਈ ਪਰੋ ਕੇ ਲਿਆਏ ਹਾਂ।
ਇੰਦਰਜੀਤ ਕੌਰ: ਜਿਸ ਨੇ ਦਲੇਰੀ ਨਾਲ ਔਰਤਾਂ ਲਈ ਦਰਵਾਜ਼ੇ ਖੋਲ੍ਹੇ

ਇੰਦਰਜੀਤ ਕੌਰ, ਉਹ ਔਰਤ ਹੈ, ਜਿਸਨੇ ਬਹੁਤ ਦਲੇਰੀ ਅਤੇ ਸਮਝਦਾਰੀ ਨਾਲ ਔਰਤਾਂ ਲਈ ਕਈ ਦਰਵਾਜ਼ੇ ਖੋਲ੍ਹੇ। ਇੰਦਰਜੀਤ ਕੌਰ ਨੇ ਕੁੜੀਆਂ ਨੂੰ ਬਗ਼ੈਰ ਡਰੇ ਬਾਹਰੀ ਦੁਨੀਆਂ ਦੇਖਣ ਦੀ ਹਿੰਮਤ ਦਿੱਤੀ।
ਉਹ ਅਜਿਹੀ ਔਰਤ ਹੈ ਜਿਸਦੇ ਨਾਮ ਨਾਲ 'ਪਹਿਲੀ' ਸ਼ਬਦ ਵਿਸ਼ੇਸ਼ਣ ਵਜੋਂ ਕਈ ਵਾਰ ਆਉਂਦਾ ਹੈ। ਜਿਵੇਂ ਕਿ ਨਵੀਂ ਦਿੱਲੀ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ, ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ।
ਇੰਦਰਜੀਤ ਕੌਰ ਦੇ ਬੇਟੇ ਤੇ ਪੱਤਰਕਾਰ ਰੁਪਿੰਦਰ ਸਿੰਘ ਕਹਿੰਦੇ ਹਨ , ''ਮੇਰੀ ਮਾਂ ਦੇ ਨਾਨੇ ਨੇ ਸਲਾਹ ਦਿੱਤੀ ਕਿ ਜਵਾਨ ਅਤੇ ਸੋਹਣੀਆਂ ਕੁੜੀਆਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਪਰ ਇੰਦਰਜੀਤ ਦੇ ਦ੍ਰਿੜ ਇਰਾਦੇ ਅਤੇ ਪਿਤਾ ਦੇ ਸਹਿਯੋਗ ਨੇ ਉਨ੍ਹਾਂ ਦੇ ਅੱਗੇ ਪੜ੍ਹਨ ਦੇ ਰਾਹ ਖੋਲ੍ਹਣ ਵਿੱਚ ਬਹੁਤ ਮਦਦ ਕੀਤੀ।''
ਜਦੋਂ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਅਤੇ ਪਾਕਿਸਤਾਨ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਨਾਰਥੀ ਆਉਣ ਲੱਗੇ।
ਸੰਕਟ ਦੇ ਇਸ ਦੌਰ ਵਿੱਚ ਉਹ ਬੇਹਿਸਾਬ ਰਫ਼ਿਊਜੀ ਪਰਿਵਾਰਾਂ ਦੇ ਮਦਦਗਾਰ ਬਣ ਕੇ ਉੱਭਰੇ।
ਰੁਪਿੰਦਰ ਸਿੰਘ ਦੱਸਦੇ ਹਨ,'' ਇਸ ਵੇਲੇ ਇੰਦਰਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਉਹ ਇੱਕ ਕਾਰਕੁਨ (ਐਕਟੀਵਿਸਟ) ਵਜੋਂ ਵੀ ਕੰਮ ਕਰਨ ਲੱਗੇ। ਉਨ੍ਹਾਂ ਨੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕਰਨ ਵਿੱਚ ਮਦਦ ਕੀਤੀ ਅਤੇ ਉਸ ਦੀ ਸੈਕਟਰੀ ਬਣੀ। ਇਸ ਦਲ ਨੇ ਪ੍ਰਧਾਨ ਸਰਦਾਰਨੀ ਮਨਮੋਹਨ ਕੌਰ ਦੀ ਮਦਦ ਨਾਲ ਪਟਿਆਲਾ ਵਿੱਚ ਤਕਰੀਬਨ 400 ਪਰਿਵਾਰਾਂ ਦੇ ਮੁੜ ਵਸੇਬੇ ਵਿੱਚ ਸਹਿਯੋਗ ਦਿੱਤਾ ਸੀ।''
ਉਨ੍ਹਾਂ ਬਾਰੇ ਹੋਰ ਜਾਨਣ ਲਈ ਇੱਥੇ ਕਲਿੱਕ ਕਰਕੇ ਪੜ੍ਹੋ ਖਾਸ ਲੇਖ।
ਮਾਈ ਭਾਗੋ, ਜਿਨ੍ਹਾਂ ਨੇ ਦਸਵੇਂ ਗੁਰੂ ਨੂੰ ਬੇਦਾਵਾ ਦੇ ਕੇ ਆਏ 40 ਸਿੱਖਾਂ ਨੂੰ ਮੁੜ ਜੰਗ ਲਈ ਪ੍ਰੇਰਿਆ

ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦਾ ਵਿਸ਼ੇਸ਼ ਯੋਗਦਾਨ ਦਿਖਾਈ ਦਿੰਦਾ ਹੈ।
ਅਜਿਹੇ ਹੀ ਇੱਕ ਇਤਿਹਾਸਕ ਪਾਤਰ ਹਨ ਮਾਤਾ ਭਾਗ ਕੌਰ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ।
ਜਨਮ ਵੇਲੇ ਮਾਈ ਭਾਗੋ ਦਾ ਨਾਮ ਭਾਗਭਰੀ ਰੱਖਿਆ ਗਿਆ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਸਾਜਿਆ ਤਾਂ ਇਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਵੀ ਅੰਮ੍ਰਿਤ ਛਕ ਕੇ ਆਏ ਸਨ।
ਗੁਰੂ ਕੀਆਂ ਸਾਖੀਆਂ ਮੁਤਾਬਕ ਮਾਈ ਭਾਗੋ ਮੁਕਤਸਰ ਸਾਹਿਬ ਦੀ ਜੰਗ ਵਿੱਚ ਜ਼ਖ਼ਮੀ ਹੋਏ ਸਨ। ਜੰਗ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਸ਼ਾਮਲ ਹੋ ਗਏ ਸਨ ਅਤੇ ਅਜੋਕੇ ਮਹਾਰਾਸ਼ਟਰ ਵਿਚਲੇ ਨਾਂਦੇੜ ਆ ਗਏ ਸਨ।
ਇਹ ਇਤਿਫਾਕ ਹੀ ਹੈ ਕਿ ‘ਖਿਦਰਾਣੇ ਦੀ ਢਾਬ’ ਮੌਜੂਦਾ ਮੁਕਤਸਰ ਸਾਹਿਬ, ਪੰਜਾਬ ਦਾ ਉਹ ਇਲਾਕਾ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦੇ ਸੰਘਰਸ਼ ਦੀ ਆਖ਼ਰੀ ਲੜਾਈ ਲੜੀ ਸੀ।
ਉਹ ਗੁਰੂ ਸਾਹਿਬ ਦੇ ਨਿਵਾਸ ਦੇ ਬਾਹਰ ਪਹਿਰਾ ਦਿੰਦੇ ਸਨ। ਕੁਝ ਸਮੇਂ ਮਗਰੋਂ ਮਾਈ ਭਾਗ ਕੌਰ ਜੀ ਨਾਂਦੇੜ ਛੱਡ ਕੇ 'ਬਿਦਰ' ਸ਼ਹਿਰ ਜਿਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ, ਉਥੇ ਰਹਿਣ ਲੱਗੇ।
ਜਨਵਾੜਿਆਂ ਦੀ ਇੱਕ ਛੋਟੀ ਜਿਹੀ ਗੜ੍ਹੀ ਵਿੱਚ ਉਹ ਉਥੇ ਮਾਤਾ ਜੀ ਦੇ ਨੇਜਾ ਤੇ ਕੁਝ ਹੋਰ ਹਥਿਆਰ ਪਏ ਹੋਏ ਹਨ।
ਇਸ ਥਾਂ ਉੱਤੇ ਹੁਣ ਗੁਰਦੁਆਰਾ ਸਾਹਿਬ ਸਥਿਤ ਹੈ।
ਮਾਈ ਭਾਗੋ ਬਾਰੇ ਜਾਣਕਾਰੀ ਭਰਭੂਰ ਲੇਖ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਅੰਮ੍ਰਿਤਾ ਪ੍ਰੀਤਮ: 'ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ…'

ਤਸਵੀਰ ਸਰੋਤ, IMROZ
ਪੰਜਾਬੀ ਕਵਿਤਾ ਵਿੱਚ ਔਰਤ ਮਨ ਦੀ ਵੇਦਨਾ ਅਤੇ ਪੀੜ ਦੀ ਪੇਸ਼ਕਾਰੀ ਨੂੰ ਅੰਮ੍ਰਿਤਾ ਪ੍ਰੀਤਮ ਨੇ ਆਧੁਨਿਕ ਸਮੇਂ ਵਿੱਚ ਇਸ ਨੂੰ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ।
ਉਨ੍ਹਾਂ ਨੇ ਆਪਣੀਆਂ ਲਿਖਤਾਂ ਲਈ ਉਹ ਭਾਰਤੀ ਸਾਹਿਤ ਅਕਾਦਮੀ, ਗਿਆਨ ਪੀਠ, ਪਦਮ ਸ਼੍ਰੀ ਅਤੇ ਕਈ ਹੋਰ ਦੇਸੀ-ਵਿਦੇਸ਼ੀ ਪੁਰਸਕਾਰਾਂ ਨਾਲ ਨਵਾਜ਼ੀ ਗਈ।
ਕਵਿਤਾ ਤੋਂ ਇਲਾਵਾ ਨਾਵਲ, ਕਹਾਣੀਆਂ, ਲੇਖ, ਸਵੈ-ਜੀਵਨੀ, ਆਦਿ ਲਿਖੇ ਅਤੇ ਨਾਗਮਣੀ ਰਸਾਲੇ ਦਾ ਵਰ੍ਹਿਆਂ ਤੱਕ ਸੰਪਾਦਨ ਕੀਤਾ।
ਅੰਮ੍ਰਿਤਾ ਦੀਆਂ ਕਵਿਤਾਵਾਂ ਔਰਤ ਦੇ ਸਦੀਵੀ ਮਸਲਿਆਂ ਦੀ ਬਾਤ ਪਾਉਂਦੀਆਂ, ਅੰਤਰ ਮਨ ਦੀ ਅਥਾਹ ਵੇਦਨਾ ਦੀ ਪੇਸ਼ਕਾਰੀ ਸਮਕਾਲੀ ਸੰਦਰਭ ਵਿੱਚ ਕਰਦੀਆਂ ਹਨ।
ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਬਾਰੇ ਖਾਸ ਲੇਖ ਇੱਥੇ ਕਲਿੱਕ ਕਰਕੇ ਪੜ੍ਹੋ।
ਅੰਮ੍ਰਿਤਾ ਦੀ ਜ਼ਿੰਦਗੀ ਵਿੱਚ ਸਾਹਿਰ ਲੁਧਿਆਣਵੀ ਦੀ ਖਾਸ ਥਾਂ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਏ ਇਮਰੋਜ਼ ਜੋ ਇੱਕ ਰੰਗਸਾਜ਼ ਸਨ। ਉਹ ਖ਼ੂਬਸੂਰਤ ਤਸਵੀਰਾਂ ਬਣਾਉਂਦੇ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕੈਨਵਸ ’ਤੇ ਅੰਮ੍ਰਿਤਾ ਦੇ ਰੰਗਾ ਨੂੰ ਉਤਾਰ ਲਿਆ।
ਅੰਮ੍ਰਿਤਾ ਅਤੇ ਇਮਰੋਜ਼ ਦੀ ਜ਼ਿੰਦਗੀ ਬਾਰੇ ਖੂਬਸੂਰਤ ਕਿੱਸੇ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਇੱਕ ਅਜਿਹੀ ਵੀ ਹਸਤੀ ਹੈ ਜੋ ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਨੂੰ ਦੂਰੋਂ ਨਿਹਾਰਦੀ ਰਹਿੰਦੀ ਪਰ ਮਿਲਣ ਵਿੱਚ ਬਹੁਤ ਸਮਾਂ ਲਾਇਆ। ਉਸ ਲੇਖਕਾ ਦੇ ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਬਾਰੇ ਪ੍ਰਭਾਵ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਮਹਾਰਾਣੀ ਜਿੰਦਾਂ: 'ਸਰਕਾਰ' ਤੋਂ ਬਾਅਦ ਪੰਜਾਬ ਲਈ 'ਸ਼ੇਰਨੀ' ਵਾਂਗ ਲੜੀ

ਤਸਵੀਰ ਸਰੋਤ, NIKITA DESHPANDE /BBC
ਜਿੰਦਾਂ, ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਤੇ ਆਖ਼ਰੀ ਰਾਣੀ ਸਨ। ਭਾਵੇਂ ਰਣਜੀਤ ਸਿੰਘ ਦੀਆਂ ਹੋਰ ਕਈ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਜਿੰਦਾਂ ਨੂੰ ਮਿਲਿਆ ਹੋਇਆ ਸੀ।
ਉਨ੍ਹਾਂ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਦੇ ਸਿੱਖ ਰਾਜ ਨੂੰ ਹਥਿਆਉਣ ਅਤੇ ਪੰਜਾਬ ਨੂੰ ਆਪਣੇ ਅਧੀਨ ਕਰਨ ਦੀਆਂ ਕੋਸ਼ਿਸ਼ਾਂ ਦਾ ਡਟ ਕੇ ਵਿਰੋਧ ਕੀਤਾ ਸੀ।
ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਧਾਰਾਵਾਂ ਕਿਤਾਬ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ ਕਿ ਜਿੰਦ ਕੌਰ ਦੀ ਵਿਲੱਖਣ ਸੁੰਦਰਤਾ ਅਤੇ ਸਤਿਵਾਦੀ ਸੁਭਾਅ ਕਰਕੇ ਰਣਜੀਤ ਸਿੰਘ ਨੇ ਉਨ੍ਹਾਂ ਨਾਲ ਵਿਆਹ ਕਰਵਾਇਆ ਸੀ।
ਜਲਾਵਤਨੀ ਦੌਰਾਨ ਵੀ ਮਹਾਰਾਣੀ ਜਿੰਦਾਂ ਲਗਾਤਾਰ ਚਿੱਠੀਆਂ ਲਿਖ ਕੇ ਆਪਣੇ ਉੱਤੇ ਥੋਪੇ ਜਾ ਰਹੇ ਹਾਲਾਤ ਬਾਰੇ ਖਾਲਸਾ ਦਰਬਾਰ ਦੇ ਸਮਰਥਕਾਂ ਅਤੇ ਹਮਦਰਦਾਂ ਨੂੰ ਜਾਣੂ ਕਰਵਾਉਂਦੇ ਰਹੇ।
ਇਸ ਦਾ ਲੋਕਾਂ ਉੱਤੇ ਗਹਿਰਾ ਅਸਰ ਹੁੰਦਾ ਸੀ ਅਤੇ ਇਸੇ ਕਾਰਨ ਅੰਗਰੇਜ਼ਾਂ ਨੇ ਮਹਾਰਾਣੀ ਨੂੰ ਲਾਹੌਰ ਤੋਂ ਬਾਹਰ ਭੇਜ ਦਿੱਤਾ।
ਮਾਂ ਦੀ ਪ੍ਰੇਰਣਾ ਸਦਕਾ ਹੀ ਦਲੀਪ ਸਿੰਘ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਭਾਰਤ ਆਏ ਪਰ ਉਨ੍ਹਾਂ ਨੂੰ ਹਕੂਮਤ ਨੇ ਪੰਜਾਬ ਨਾ ਆਉਣ ਦਿੱਤਾ। ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਨਾਸਿਕ ਵਿੱਚ ਗੋਦਾਵਰੀ ਕੰਢੇ ਕਰ ਦਿੱਤਾ ਗਿਆ ਅਤੇ ਇੱਕ ਛੋਟੀ ਜਿਹੀ ਸਮਾਧੀ ਉਸਾਰ ਦਿੱਤੀ ਗਈ।
ਬਾਅਦ ਵਿੱਚ ਦਲੀਪ ਸਿੰਘ ਦੀ ਧੀ ਸ਼ਹਿਜ਼ਾਦੀ ਬੰਬਾ ਨੇ ਆਪਣੀ ਦਾਦੀ ਦੀਆਂ ਅਸਥੀਆਂ ਉੱਥੋਂ ਕੱਢ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਵਿੱਚ ਰੱਖਣ ਲਈ ਲਾਹੌਰ ਲਿਆਂਦੀਆਂ।
ਬੇਸ਼ੱਕ ਜਿੰਦਾਂ ਦੀ ਸਮਾਧੀ ਪਹਿਲਾਂ ਮੁੰਬਈ ਅਤੇ ਫਿਰ ਲਾਹੌਰ ਵਿੱਚ ਬਣੀ ਪਰ ਮਹਾਰਾਣੀ ਪੰਜਾਬ ਦੇ ਇਤਿਹਾਸ ਦੀ ਅਹਿਮ ਕਿਰਦਾਰ ਹੈ ਜਿਸ ਨੂੰ ਪੰਜਾਬੀ ਬਤੌਰ ਨਾਇਕਾ ਹਮੇਸ਼ਾ ਯਾਦ ਕਰਦੇ ਹਨ।
ਮਹਾਰਾਣੀ ਜਿੰਦਾ ਦੇ ਜੀਵਨ ਜਿੰਨੇ ਹੀ ਲੰਬੇ ਸੰਘਰਸ਼ ਬਾਰੇ ਇੱਥੇ ਕਲਿੱਕ ਕਰਕੇ ਪੜ੍ਹੋ।
ਪੰਜਾਬ ਉੱਪਰ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ ਸਿੱਖ ਰਾਜ ਦੇ ਵਾਰਿਸ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ ਸਨ।
ਮਾਂ ਪੁੱਤਰ ਚਿੱਠੀਆਂ ਰਾਹੀਂ ਲਗਾਤਾਰ ਇੱਕ ਦੂਜੇ ਦੇ ਸੰਪਰਕ ਵਿੱਚ ਰਹੇ। ਉਨ੍ਹਾਂ ਦਜੀਆਂ ਦੋ ਚਿੱਠੀਆਂ ਦੀ ਕਹਾਣੀ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
ਗੁਲਾਬ ਕੌਰ: ਪਤੀ ਨੂੰ ਛੱਡ ਕੇ ਗਦਰੀ ਕੌਲ ਪੁਗਾਉਣ ਵਾਲੀ ਬੀਬੀ

ਤਸਵੀਰ ਸਰੋਤ, amritmahotsav.nic.in
ਗੁਲਾਬ ਕੌਰ ਬਾਰੇ ਭਾਰਤ ਸਰਕਾਰ ਦੀ ਅਜ਼ਾਦੀ ਕਾ ਅੰਮ੍ਰਿਤ ਮਹੌਤਸਵ ਵੈਬਸਾਈਟ ਉੱਤੇ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਉਨ੍ਹਾਂ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਬਖਸ਼ੀਵਾਲਾ ਪਿੰਡ ਵਿੱਚ ਸੰਨ 1890 ਵਿੱਚ ਹੋਇਆ।
ਉਨ੍ਹਾਂ ਦਾ ਵਿਆਹ ਨਜ਼ਦੀਕੀ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਦੋਵੇਂ ਜਣੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਮਨੀਲਾ ਪਰਵਾਸ ਕਰ ਗਏ। ਇੱਥੋਂ ਉਨ੍ਹਾਂ ਨੇ ਅੱਗੇ ਅਮਰੀਕਾ ਜਾਣਾ ਸੀ।
ਮਨੀਲਾ ਵਿੱਚ ਮਾਨ ਸਿੰਘ ਨੇ ਇੱਕ ਗਦਰੀ ਸਭਾ ਵਿੱਚ ਸ਼ਿਰਕਤ ਕੀਤੀ ਅਤੇ ਦੋਵੇਂ ਜਣੇ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋ ਗਏ।
ਕੁਝ ਸਮੇਂ ਬਾਅਦ ਮਾਨ ਸਿੰਘ ਨੇ ਗਦਰ ਲਹਿਰ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਪਰ ਮਾਤਾ ਗੁਲਾਬ ਕੌਰ ਆਪਣੇ ਕੌਲ ਉੱਪਰ ਟਿਕੇ ਰਹੇ। ਦੇਸ ਦੀ ਅਜ਼ਾਦੀ ਲਈ ਉਨ੍ਹਾਂ ਨੇ ਆਪਣੇ ਪਤੀ ਨੂੰ ਵੀ ਛੱਡ ਦਿੱਤਾ।
ਉਹ ਫਿਲੀਪੀਨਜ਼ ਦੇ 40 ਹੋਰ ਗਦਰੀਆਂ ਨਾਲ ਐੱਸ.ਐੱਸ ਕੋਰੀਆ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਏ ਜੱਥੇ ਦਾ ਹਿੱਸਾ ਬਣ ਗਏ।
ਸਿੰਗਾਪੁਰ ਤੋਂ ਜੱਥਾ ਐੱਸ.ਐੱਸ. ਕੋਰੀਆ ਛੱਡ ਕੇ ਤੋਸ਼ਾ ਮਾਰੂ ਵਿੱਚ ਸਵਾਰ ਹੋ ਗਿਆ। ਭਾਰਤ ਪਹੁੰਚਣ ਉੱਤੇ ਗੁਲਾਬ ਕੌਰ ਕੁਝ ਹੋਰ ਗਦਰੀਆਂ ਨਾਲ ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਵਿੱਚ ਸਰਗਰਮ ਰਹੇ।
ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਪੁਲਿਸੀਆ ਕਹਿਰ ਤੋਂ ਬਚਾਉਣ ਲਈ ਉਹ ਜੀਵਨ ਸਿੰਘ ਦੁੱਲੇਵਾਲ ਦੀ ਪਤਨੀ ਵਜੋਂ ਵਿਚਰਨ ਲੱਗੇ।
ਪੁਲਿਸ ਨੇ ਉਨ੍ਹਾਂ ਨੂੂੰ ਲੁਧਿਆਣਾ ਇੰਟੈਰੋਗੇਸ਼ਨ ਸੈਂਟਰ ਵਿੱਚ ਹਿਰਾਸਤ ਵਿੱਚ ਲੈ ਲਿਆ। ਇੱਥੋਂ ਜੀਵਨ ਸਿੰਘ ਅਤੇ ਗੁਲਾਬ ਕੌਰ ਕੋਟਲਾ ਨੌਧ ਸਿੰਘ ਦੇ ਅਮਰ ਸਿੰਘ ਕੋਲ ਚਲੇ ਗਏ ਅਤੇ ਪਾਰਟੀ ਲਈ ਕੰਮ ਕਰਦੇ ਰਹੇ।
ਗਦਰ ਲਹਿਰ ਦੇ ਨਾਕਾਮ ਰਹਿਣ ਤੋਂ ਬਾਅਦ ਵੀ ਉਨ੍ਹਾਂ ਦਾ ਗਦਰ ਵਿਚਾਰਧਾਰਾ ਵਿੱਚ ਅਕੀਦਾ ਬਣਿਆ ਰਿਹਾ ਅਤੇ ਉਹ ਕਿਸੇ ਹੋਰ ਵਿਉਂਤ ਦੀ ਕਾਮਯਾਬੀ ਪ੍ਰਤੀ ਆਸਵੰਦ ਰਹੇ।
ਫਿਰ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ 1915 ਦੇ ਡਿਫੈਂਸ ਆਫ ਇੰਡੀਆ ਐਕਟ ਤਹਿਤ ਗਰਿਫਤਾਰ ਕਰ ਲਿਆ ਗਿਆ। ਸਾਲ 1941 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਬਾਰੇ ਲਿਖੀ ਗਈ ਇੱਕ ਕਿਤਾਬ ਜੋ 2014 ਵਿੱਚ ਪ੍ਰਕਾਸ਼ਿਤ ਹੋਈ, ਗਦਰ ਦੀ ਧੀ ਗੁਲਾਬ ਕੌਰ ਵੀ ਮਿਲਦੀ ਹੈ। ਇਸ ਦੇ ਲੇਖਤ ਕੇਸਰ ਸਿੰਘ ਹਨ।












