ਪੁਲਿਸ ਮੁਲਾਜ਼ਮਾਂ ਦੇ ਕਤਲ ਕੇਸ ’ਚ ਮੁਲਜ਼ਮ ਦੇ ਐਨਕਾਊਂਟਰ ਦਾ ਦਾਅਵਾ, ਮੁਲਜ਼ਮ ਦਾ ਪਰਿਵਾਰ ਕੀ ਕਹਿੰਦਾ

ਪੁਲਿਸ ਮੁਲਾਜ਼ਮ ਤੇ ਰਣਜੀਤ ਸਿੰਘ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 5 ਮਿੰਟ

ਗੁਰਦਾਸਪੁਰ ਦੇ ਪਿੰਡ ਆਦੀਆ ਚੌਕੀ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਦਾ ਪੁਲਿਸ ਮੁਕਾਬਲਾ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਵਾਰਦਾਤ ਵਿੱਚ ਸ਼ਾਮਿਲ ਮੁਲਜ਼ਮਾਂ ਦੇ ਸਬੰਧ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਹਨ।

ਦੂਜੇ ਪਾਸੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰਦਾਤ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਦਿਲਾਵਰ ਸਿੰਘ, ਵਾਸੀ ਪਿੰਡ ਆਲੀ ਨੰਗਲ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਾਅਵਾ ਕੀਤਾ ਹੈ ਕਿ ਗੁਰਦਾਸਪੁਰ ਵਾਲੀ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੇ ਪਾਕਿਸਤਾਨ ਨਾਲ ਲਿੰਕ ਹਨ।

ਦਰਅਸਲ, ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਆਦੀਆਂ ਵਿੱਚ 21-22 ਫਰਵਰੀ ਦੀ ਦਰਮਿਆਨੀ ਰਾਤ ਵਿੱਚ ਦੋ ਪੁਲਿਸ ਮੁਲਜ਼ਮਾਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਸੀ। ਉਸੇ ਮਾਮਲੇ ਵਿੱਚ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ।

ਪੁਲਿਸ ਨੇ ਕਤਲ ਦੀ ਵਾਰਦਾਤ ਬਾਰੇ ਕੀ ਦਾਅਵੇ ਕੀਤੇ

ਪੁਲਿਸ ਅਧਿਕਾਰੀ
ਤਸਵੀਰ ਕੈਪਸ਼ਨ, ਡੀਆਈਜੀ ਸੰਦੀਪ ਗੋਇਲ ਨੇ ਬੁੱਧਵਾਰ ਨੂੰ ਗੁਰਦਾਸਪੁਰ ਦੇ ਕਥਿਤ ਐਨਕਾਊਂਟਰ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਡੀਆਈਜੀ ਸੰਦੀਪ ਗੋਇਲ ਨੇ ਬੁੱਧਵਾਰ ਨੂੰ ਗੁਰਦਾਸਪੁਰ ਦੇ ਕਥਿਤ ਐਨਕਾਊਂਟਰ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਇਸ ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਹੈ।

ਉਨ੍ਹਾਂ ਕਿਹਾ, "ਅਸੀਂ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਦੀ ਪਛਾਣ ਦਿਲਾਵਰ ਸਿੰਘ ਵਾਲੀ ਅਲੀਨੰਗਲ, ਰਣਜੀਤ ਤੇ ਇੰਦਰਜੀਤ ਵਜੋਂ ਹੋਈ ਹੈ। ਅਸੀਂ ਦੋ ਦਿਲਾਵਰ ਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਹੈਂਡਲਰਸ ਨਾਲ ਟੱਚ ਵਿੱਚ ਸਨ ਤੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਟਾਸਕਿੰਗ ਕਰ ਰਹੇ ਸਨ। ਇਨ੍ਹਾਂ ਨੂੰ ਟਾਸਕ ਮਿਲਿਆ ਸੀ ਕਿ ਪੁਲਿਸ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ। ਇਨ੍ਹਾਂ ਰੇਕੀ ਕਰਕੇ ਹੀ ਪੁਲਿਸ ਮੁਲਾਜ਼ਮਾਂ ਉਪਰ ਹਮਲਾ ਕੀਤਾ ਸੀ।”

ਡੀਆਈਜੀ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਕੋਲੋਂ ਵਾਰਦਾਤ ਵਿੱਚ ਵਰਤੇ ਹਥਿਆਰ ਦੀ ਬਰਾਮਦਗੀ ਲਈ ਉਸ ਨੂੰ ਪੁਲਿਸ ਪਾਰਟੀ ਲੈ ਕੇ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪੁਲਿਸ ਦੀ ਗੱਡੀ ਪਿੰਡ ਗਾਲੜੀ ਨੇੜੇ ਸੰਘਣੀ ਧੁੰਦ ਕਾਰਨ ਹਾਦਸਾਗ੍ਰਸਤ ਹੋ ਗਈ।

"ਇਸ ਹਾਦਸੇ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਰਣਜੀਤ ਉਥੋਂ ਭੱਜ ਨਿਕਲ ਵਿੱਚ ਕਾਮਯਾਬ ਹੋ ਗਿਆ। ਇਸ ਮਗਰੋਂ ਤੁਰੰਤ ਸਖ਼ਤ ਨਾਕਾਬੰਦੀ ਕੀਤੀ ਗਈ। ਇਸੇ ਦੌਰਾਨ ਕਰੀਬ ਤਿੰਨ ਵਜੇ ਪੁਰਾਣਾ ਸ਼ਾਲਾ ਦੇ ਏਰੀਆ ਵਿੱਚ ਸੀਆਈਏ ਦੇ ਇੰਚਾਰਜ ਗੁਰਮੀਤ ਸਿੰਘ ਦੀ ਟੀਮ ਨੇ ਇੱਕ ਮੋਟਰਸਾਈਕਲ 'ਤੇ ਆਉਂਦੇ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਸ ਨੇ ਪੁਲਿਸ ਨੂੰ ਉਪਰ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਉਸ 'ਤੇ ਫਾਇਰਿੰਗ ਕੀਤੀ, ਜਿਸ ਵਿੱਚ ਉਹ ਜ਼ਖ਼ਮੀ ਹੋ ਜਾਂਦਾ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਉਸ ਦੀ ਮੌਤ ਹੋ ਗਈ।"

ਪੁਲਿਸ ਨੇ ਦੱਸਿਆ ਕਿ ਤੀਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਡੀਆਈਜੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਿਆ ਕਿ ਇਨ੍ਹਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਦਿਲਾਵਰ ਦੀ ਦੋ-ਚਾਰ ਲੱਖ ਰੁਪਏ ਵਿੱਚ ਗੱਲ ਹੋਈ ਸੀ, ਜਿਸ ਵਿੱਚ ਉਸ ਨੂੰ ਤਿੰਨ ਹਜ਼ਾਰ ਰੁਪਏ ਮਿਲ ਚੁੱਕੇ ਸਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮੁਕਾਬਲੇ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਸੀਆਈਏ ਇੰਚਾਰਜ ਗੁਰਮੀਤ ਸਿੰਘ ਵੀ ਸ਼ਾਮਲ ਹਨ।

"ਮੇਰਾ ਪੁੱਤ ਮੂੰਹ ਦੇਖਦਾ ਰਹਿ ਗਿਆ, ਉਨ੍ਹਾਂ ਗੱਡੀ 'ਚ ਬਿਠਾ ਲਿਆ"

ਰਣਜੀਤ ਸਿੰਘ ਦੀ ਮਾਂ
ਤਸਵੀਰ ਕੈਪਸ਼ਨ, ਪਰਿਵਾਰ ਨੇ ਪੁਲਿਸ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ

ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਪਿੰਡ ਆਦੀਆ ਦੇ 19 ਸਾਲਾ ਰਣਜੀਤ ਸਿੰਘ ਦੇ ਘਰ ਗਮਗੀਨ ਮਾਹੌਲ ਹੈ।

ਉਨ੍ਹਾਂ ਦੀ ਮਾਤਾ ਸੁਖਵਿੰਦਰ ਕੌਰ ਦਾ ਕਹਿਣਾ ਹੈ ਕੀ ਕੱਲ੍ਹ ਸ਼ਾਮ ਵੇਲੇ ਪੁਲਿਸ ਵਾਲੇ ਪੁੱਛਗਿੱਛ ਲਈ ਆਏ ਸਨ।

ਉਨ੍ਹਾਂ ਦੱਸਿਆ, "ਪਹਿਲਾਂ ਘਰ 'ਚ ਪੁੱਛਗਿੱਛ ਕੀਤੀ, ਘਰ ਦੀ ਤਲਾਸ਼ੀ ਵੀ ਲਈ ਅਤੇ ਬਾਅਦ ਵਿੱਚ ਨਾਲ ਲੈ ਗਏ, ਜਦੋਂ ਗੱਡੀ ਵਿੱਚ ਬਿਠਾਉਣ ਲੱਗੇ ਮੇਰਾ ਪੁੱਤ ਮੇਰੇ ਮੂੰਹ ਵੱਲ ਦੇਖਦਾ ਸੀ। ਅੱਜ ਸਵੇਰੇ ਖ਼ਬਰਾਂ 'ਚ ਪਤਾ ਲੱਗਾ ਕਿ ਪੁੱਤ ਦਾ ਮੁਕਾਬਲਾ ਹੋਇਆ ਹੈ। ਮੈਂ ਆਪਣੇ ਘਰ ਵਾਲੇ ਨੂੰ ਕੀ ਮੂੰਹ ਦਿਖਾਊ।"

ਉਨ੍ਹਾਂ ਕਿਹਾ ਕਿ ਰਣਜੀਤ ਉਨ੍ਹਾਂ ਦਾ ਇਕੱਲਾ ਪੁੱਤ ਸੀ ਤੇ ਉਨ੍ਹਾਂ ਦਾ ਪਿਤਾ ਸਾਊਦੀ ਅਰਬ 'ਚ ਹਨ।

ਪਾਕਿਸਤਾਨੀ ਏਜੰਸੀ ਨਾਲ ਸਬੰਧ ਹੋਣ ਉਪਰ ਉਨ੍ਹਾਂ ਕਿਹਾ ਕਿ ਉਸ ਦੇ ਕਿਸੇ ਨਾਲ ਸਬੰਧ ਨਹੀਂ ਸੀ।

ਸੁਖਵਿੰਦਰ ਕੌਰ ਨੇ ਦੱਸਿਆ ਕਿ ਰਣਜੀਤ ਸਿੰਘ ਗੁਰਦਾਸਪੁਰ ਕਾਲਜ 'ਚ ਬੀਏ ਦੀ ਪੜ੍ਹਾਈ ਕਰ ਰਿਹਾ ਸੀ। ਪਰਿਵਾਰ ਰਣਜੀਤ ਸਿੰਘ ਨੂੰ ਬੇਕਸੂਰ ਦੱਸ ਰਿਹਾ ਹੈ।

ਰਣਜੀਤ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਜੇਕਰ ਕੋਈ ਕਸੂਰ ਵੀ ਸੀ ਤਾਂ ਉਸ ਨੂੰ ਸਜ਼ਾ ਦਿੰਦੇ ਨਾ ਕਿ ਇਹ ਮੁਕਾਬਲਾ ਕਰਦੇ।

ਰਣਜੀਤ ਸਿੰਘ ਦੇ ਚਾਚਾ ਚੰਦਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਰਾਤ ਨੂੰ ਕਰੀਬ 1.55 ਵਜੇ ਫੋਨ ਕਰਕੇ ਦੱਸਿਆ ਗਿਆ ਸੀ ਕਿ ਉਹ ਰਣਜੀਤ ਨੂੰ ਆਪਣੇ ਨਾਲ ਲੈ ਗਏ ਹਨ ਤੇ ਸਵੇਰ ਆਉਣ ਬਾਰੇ ਕਿਹਾ ਸੀ।

ਪੁਲਿਸ 'ਤੇ ਹਮਲਾ ਕਰਨ ਦੇ ਸਵਾਲ ਉਪਰ ਰਣਜੀਤ ਦੇ ਚਾਚਾ ਨੇ ਦੱਸਿਆ, "ਉਹ ਗੋਲੀਆਂ ਚਲਾਉਣ ਵਾਲਾ ਨਹੀਂ ਸੀ, ਇਹ ਸਭ ਝੂਠ ਹੈ। ਜੋ ਇਨ੍ਹਾਂ ਨੇ ਐਨਕਾਊਂਟਰ ਕੀਤੀ ਉਹ ਸਰਾਸਰ ਝੂਠ ਆ। "

ਮੁੱਖ ਮੰਤਰੀ ਮਾਨ ਨੇ ਕੀ ਕਿਹਾ

ਮੁੱਖ ਮੰਤਰੀ ਭਗਵੰਤ ਮਾਨ

ਤਸਵੀਰ ਸਰੋਤ, bhagwant mann/FB

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੁਲਜ਼ਮਾਂ ਦੇ ਲਿੰਕ ਪਾਕਿਸਤਾਨ ਨਾਲ ਹੋਣ ਦਾ ਦਾਅਵਾ ਕੀਤਾ ਹੈ।

ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੁਲਜ਼ਮਾਂ ਦੇ ਲਿੰਕ ਪਾਕਿਸਤਾਨ ਨਾਲ ਹੋਣ ਦਾ ਦਾਅਵਾ ਕੀਤਾ ਹੈ।

ਉਨ੍ਹਾਂ ਕਿਹਾ, "ਜੋ ਗੁਰਦਾਸਪੁਰ ਵਿੱਚ ਘਟਨਾ ਹੋਈ ਸੀ, ਉਸ ਦੇ ਲਿੰਕ ਪਾਕਿਸਤਾਨ ਨਾਲ ਹਨ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਪੰਜਾਬ ਪੁਲਿਸ ਵਿੱਚ ਦਹਿਸ਼ਤ ਫੈਲਾਉਣ ਲਈ ਸਪੌਂਸਰ ਕੀਤਾ। ਉਨ੍ਹਾਂ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਦਾ ਪੁਲਿਸ ਮੁਕਾਬਲਾ ਹੋਇਆ, ਜਿਸ ਵਿੱਚ ਉਸ ਦੀ ਮੌਤ ਹੋ ਗਈ ਹੈ।"

ਉਨ੍ਹਾਂ ਅੱਗੇ ਕਿਹਾ, "ਮੈਂ ਇਸ ਲਈ ਹੀ ਕਹਿੰਦਾ ਹੁੰਦਾ ਕਿ ਇਹ ਇਕੱਲੇ ਪੰਜਾਬ ਦੀ ਨਹੀਂ ਇਹ ਦੇਸ਼ ਦੀ ਪੁਲਿਸ ਹੈ। ਉਹ ਦੇਸ਼ 'ਤੇ ਹਮਲਾ ਕਰਨ ਲਈ ਪੰਜਾਬ ਨੂੰ ਆਪਣਾ ਰਾਹ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਹਮਣੇ ਸਾਡੀ ਪੰਜਾਬ ਪੁਲਿਸ, ਬੀਐੱਸਐੱਫ ਦੇ ਜਵਾਨ ਖੜ੍ਹੇ ਹਨ, ਸੋ ਦੇਸ਼ ਦੀ ਰੱਖਿਆ ਲਈ ਸਾਡੀ ਪੁਲਿਸ ਖੜ੍ਹੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)