ਆਈਪੀਐਲ ਲਈ ਚੁਣੇ ਗਏ ਤੇ ਕਿਸੇ ਸਮੇਂ ਉਧਾਰੇ ਬੂਟ ਲੈ ਕੇ ਕ੍ਰਿਕਟ ਖੇਡਣ ਵਾਲੇ ਗੁਰਜਪਨੀਤ ਸਿੰਘ ਨੂੰ ਪੰਜਾਬ ਕਿਉਂ ਛੱਡਣਾ ਪਿਆ ਸੀ

ਤਸਵੀਰ ਸਰੋਤ, GurjapneetSingh/Facebook
- ਲੇਖਕ, ਹਰਪਿੰਦਰ ਸਿੰਘ ਟੌਹੜਾ
- ਰੋਲ, ਬੀਬੀਸੀ ਪੱਤਰਕਾਰ
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਦੀ ਅੱਜ ਕੱਲ੍ਹ ਖੂਬ ਚਰਚਾ ਹੋ ਰਹੀ ਹੈ।
ਇਕ ਚਰਚਾ ਦੁਨੀਆ ਦੀ ਸਭ ਤੋਂ ਪ੍ਰਸਿੱਧ ਕ੍ਰਿਕਟ ਲੀਗ ਆਈਪੀਐਲ ‘ਚ ਚੇਨੱਈ ਸੁਪਰਕਿੰਗਜ਼ ਵੱਲੋਂ ਕੀਤੀ ਗਈ ਚੋਣ ਅਤੇ ਦੂਜੀ ਚਰਚਾ ਦਾ ਵਿਸ਼ਾ ਉਨ੍ਹਾਂ ਦਾ ਗੁਰਸਿੱਖ ਹੋਣ ਕਰਕੇ ਬਣੀ ਹੈ।
25 ਸਾਲ ਦੇ ਗੁਰਜਪਨੀਤ ਸਿੰਘ ਨੂੰ ਹਾਲ ਹੀ ਵਿਚ ਆਈਪੀਐਲ ਮੈਗਾ ਔਕਸ਼ਨ ਵਿਚ ਚੇਨੱਈ ਸੁਪਰਕਿੰਗਜ਼ ਨੇ 2 ਕਰੋੜ 20 ਲੱਖ ਵਿਚ ਖਰੀਦਿਆ ਹੈ। ਗੁਰਜਪਨੀਤ ਦਾ ਬੇਸ ਪਰਾਈਜ਼ 30 ਲੱਖ ਰੁਪਏ ਸੀ।
ਗੁਰਜਪਨੀਤ ਆਈਪੀਐਲ ਦਾ ਪਹਿਲੀ ਵਾਰ ਹਿੱਸਾ ਬਣਨ ਜਾ ਰਹੇ ਨੇ।
ਉਹ ਪਹਿਲਾਂ ਤਾਮਿਲਨਾਡੂ ਵੱਲੋਂ ਘਰੇਲੂ ਕ੍ਰਿਕਟ ਖੇਡ ਰਹੇ ਨੇ। ਤਾਮਿਲਨਾਡੂ ਵੱਲੋਂ ਖੇਡਦਿਆਂ ਗੁਰਜਪਨੀਤ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਇਥੋਂ ਹੀ ਉਨ੍ਹਾਂ ਦਾ ਰਸਤਾ ਆਈਪੀਐਲ ਲਈ ਬਣ ਸਕਿਆ ਹੈ।
ਗੁਰਜਪਨੀਤ ਦਾ ਪਿਛੋਕੜ ਕੀ ਹੈ ਤੇ ਉਹ ਕਿਵੇਂ ਆਈਪੀਐਲ ਤੱਕ ਪਹੁੰਚੇ ਇਸ ਰਿਪੋਰਟ ਵਿਚ ਵਿਸਥਾਰ ਨਾਲ ਦੱਸਾਂਗੇ।

ਆਈਪੀਐਲ ਵਿਚ ਚੁਣੇ ਜਾਣ ਤੇ ਗੁਰਜਪਨੀਤ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਖੁਸ਼ੀ ਜ਼ਾਹਿਰ ਕੀਤੀ।
ਗੁਰਜਪਨੀਤ ਨੇ ਕਿਹਾ ਸੀਐਸਕੇ ਨੇ ਮੇਰੇ ‘ਤੇ ਵਿਸ਼ਵਾਸ ਦਿਖਾਇਆ ਹੈ, ਮੈਨੂੰ ਟੀਮ ਨਾਲ ਜੁੜਨ ਦੀ ਬਹੁਤ ਉਤਸੁਕਤਾ ਹੈ।
ਟੀਮ ਵਿਚ ਕਈ ਸੀਨੀਅਰ ਖਿਡਾਰੀ ਹਨ, ਜਿਨ੍ਹਾਂ ਤੋਂ ਕਾਫ਼ੀ ਕੁਝ ਸਿੱਖਣ ਨੂੰ ਵੀ ਮਿਲੇਗਾ।
ਗੁਰਜਪਨੀਤ ਨੇ ਕਿਹਾ ਕਿ ਮਹੇਂਦਰ ਸਿੰਘ ਧੋਨੀ ਵੀ ਟੀਮ ਦਾ ਹਿੱਸਾ ਹੋਣਗੇ ਤੇ ਮੇਰੇ ਲਈ ਇਹ ਸੁਪਨਾ ਸੱਚ ਹੋਣ ਦੇ ਬਰਾਬਰ ਹੈ। ਧੋਨੀ ਨੂੰ ਨੈੱਟ ਪ੍ਰੈਕਟਿਸ ਦੌਰਾਨ ਗੇਂਦਬਾਜ਼ੀ ਕਰਨ ਦਾ ਵੀ ਮੌਕਾ ਮਿਲੇਗਾ।
"ਧੋਨੀ ਇੱਕ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੂੰ ਗੇਂਦਬਾਜ਼ੀ ਕਰਕੇ ਇਹ ਵੀ ਸਿੱਖ਼ਣ ਨੂੰ ਮਿਲੇਗਾ ਕਿ ਡੈਥ ਓਵਰਾਂ ਵਿਚ ਗੇਂਦਬਾਜ਼ੀ ਕਿਸ ਤਰ੍ਹਾਂ ਕਰਨੀ ਹੈ।"
ਸੀਐਸਕੇ ਵੱਲੋਂ 2 ਕਰੋੜ 20 ਲੱਖ ਵਿਚ ਖਰੀਦੇ ਜਾਣ ਤੇ ਕਿੰਨੀ ਖੁਸ਼ੀ ਹੋਈ,ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰਜਪਨੀਤ ਨੇ ਕਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੋਣ ਦੀ ਬਜਾਇ ਇਹ ਤਸੱਲੀ ਹੈ ਕਿ ਮੈਂ ਇਸ ਸਾਲ ਆਈਪੀਐਲ ਦਾ ਹਿੱਸਾ ਬਣਨ ਜਾ ਰਿਹਾ ਹਾਂ ਅਤੇ ਮੈਨੂੰ ਆਪਣੀ ਗੇਂਦਬਾਜ਼ੀ ਦਾ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ।
ਗੁਰਜਪਨੀਤ ਇਹ ਵੀ ਕਹਿੰਦੇ ਹਨ ਕਿ ਜੇਕਰ ਮੈਨੂੰ ਬੇਸ ਮੁੱਲ ਤੇ ਵੀ ਸੀਐਸਕੇ ਖਰੀਦ ਦੀ ਤਾਂ ਵੀ ਮੈਂ ਖੁਸ਼ੀ ਖੁਸ਼ੀ ਟੀਮ ਦਾ ਹਿੱਸਾ ਬਣਦਾ।
ਗੁਰਜਪਨੀਤ ਨੇ ਦੱਸਿਆ ਕਿ ਮੇਰੀ ਆਈਪੀਐਲ ਵਿਚ ਹੋਈ ਚੋਣ ਉੱਤੇ ਪਰਿਵਾਰ ਵੀ ਬਹੁਤ ਖੁਸ਼ ਹੈ।
ਉਨ੍ਹਾਂ ਦੱਸਿਆ ਕਿ ਮੇਰੇ ਪਰਿਵਾਰ ਨੂੰ ਹੁਣ ਇੰਨੀ ਕੁ ਤਸੱਲੀ ਹੋ ਗਈ ਹੈ ਕਿ ਕਈ ਸਾਲਾਂ ਤੋਂ ਜਿਸ ਮੁਕਾਮ ਨੂੰ ਹਾਸਲ ਕਰਨ ਲਈ ਘਰੋਂ ਮੈਂ ਬਾਹਰ ਗਿਆ ਸੀ, ਉਸਦੀ ਸ਼ੁਰੂਆਤ ਹੋ ਗਈ ਹੈ।
ਗੁਰਜਪਨੀਤ ਹਾਲਾਂਕਿ ਚੇਨੱਈ ਸੁਪਰ ਕਿੰਗਜ਼ ਨਾਲ ਪਿਛਲੇ ਦੋ ਸਾਲਾਂ ਤੋਂ ਬਤੌਰ ਨੈੱਟ ਬੌਲਰ ਜੁੜੇ ਹੋਏ ਸਨ।

ਤਸਵੀਰ ਸਰੋਤ, GurjapneetSingh/Facebook
ਗੁਰਜਪਨੀਤ ਦਾ ਪਿਛੋਕੜ
ਗੁਰਜਪਨੀਤ ਸਿੰਘ ਦਾ ਮੂਲ ਰੂਪ ਵਿਚ ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਹਨ।
ਪਰ ਉਨ੍ਹਾਂ ਦਾ ਜਨਮ ਪੰਜਾਬ ਦੇ ਲੁਧਿਆਣਾ ਵਿਚ ਹੋਇਆ, ਕਿਉਂ ਕਿ ਗੁਰਜਪਨੀਤ ਦੇ ਲੁਧਿਆਣੇ ਨਾਨਕੇ ਨੇ।
ਗੁਰਜਪਨੀਤ ਦਾ ਬਚਪਨ ਵੀ ਲੁਧਿਆਣੇ ਹੀ ਬੀਤੀਆ।
ਗੁਰਜਪਨੀਤ ਨੇ ਅੰਬਾਲਾ ਵਿਚ ਹੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ, ਜਦੋਂ ਉਹ ਛੇਵੀਂ ਕਲਾਸ ਵਿਚ ਸਨ।
ਅੰਬਾਲਾ ਵਿਚ ਕੋਚ ਅਨਿਲ ਮਸੀਹ ਨੇ ਗੁਰਜਪਨੀਤ ਨੂੰ ਗੇਂਦਬਾਜ਼ੀ ਦੇ ਗੁਰ ਸਿਖਾਏ ਸਨ। ਅੰਬਾਲਾ ਵਿਚ ਐਸ ਡੀ ਕਾਲਜ ਦੀ ਅਕੈਡਮੀ ਵਿਚ ਲੰਬਾ ਸਮਾਂ ਉਨ੍ਹਾਂ ਨੇ ਅਭਿਆਸ ਕੀਤਾ।
ਪੰਜਾਬ ਵੱਲੋਂ ਮੌਕਾ ਨਾ ਮਿਲਣ ਤੇ ਪਹੁੰਚੇ ਚੇਨੱਈ
ਗੁਰਜਪਨੀਤ ਦੱਸਦੇ ਨੇ ਕੁਝ ਸਾਲ ਪਹਿਲਾਂ ਸ਼ੁਰੂਆਤ ਦੌਰ ਵਿਚ ਮੈਂ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਕ੍ਰਿਕਟ ਖੇਡ ਚੁੱਕਿਆ ਹਾਂ।
ਕੋਈ ਕੋਚ ਸਹੀ ਨਾ ਮਿਲਣ ਕਾਰਨ ਮੈਨੂੰ ਕਾਫ਼ੀ ਨਿਰਾਸ਼ਾ ਹੋਈ ਸੀ।
ਕਿਉਂ ਕਿ ਜਿੰਨੇ ਵੀ ਕੋਚ ਮਿਲੇ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ ਤੇ ਮੈਨੂੰ ਪੰਜਾਬ ਦਾ ਸਿਸਟਮ ਅਨਪਰਫੈਸ਼ਨਲ ਲੱਗਿਆ।
"ਮੇਰੇ ਕੋਲ ਕਿਸੇ ਕੋਚ ਨੂੰ ਦੇਣ ਲਈ ਪੈਸੇ ਨਹੀਂ ਸਨ। ਕੋਚ ਨੂੰ ਜੇਕਰ ਖਿਡਾਰੀ ਪੈਸੇ ਦੇ ਦਿੰਦਾ ਸੀ ਉਸ ਨੂੰ ਮੌਕਾ ਦੇ ਦਿੰਦੇ ਸਨ। ਪਰ ਮੈਨੂੰ ਕਿਸੇ ਨੇ ਕੋਈ ਮੌਕਾ ਨਹੀਂ ਦਿੱਤਾ।"

ਤਸਵੀਰ ਸਰੋਤ, GurjapneetSingh/Facebook
ਤਾਮਿਲਨਾਡੂ ਟੀਮ ਨਾਲ ਕਿਵੇਂ ਜੁੜੇ
ਤਾਮਿਲਨਾਡੂ ਦੀ ਟੀਮ ਨਾਲ ਗੁਰਜਪਨੀਤ ਪਿਛਲੇ ਚਾਰ ਸਾਲਾਂ ਤੋਂ ਜੁੜੇ ਹੋਏ ਹਨ।
ਜਦੋਂ ਪੰਜਾਬ ਵੱਲੋਂ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਤਾਂ ਫਿਰ ਮੁਲਾਕਾਤ ਅੰਬਾਲਾ ਵਿਚ ਕੋਚ ਅਨਿਲ ਮਸਿਹ ਨਾਲ ਹੋਈ।
ਗੁਰਜਪਨੀਤ ਦੱਸਦੇ ਹਨ ਕਿ ਕੋਚ ਅਨਿਲ ਮਸਿਹ ਨੇ ਮੇਰੀ ਕਾਫ਼ੀ ਮਦਦ ਕੀਤੀ ਤੇ ਉਨ੍ਹਾਂ ਨੇ ਮੈਨੂੰ ਚੇਨੱਈ ਭੇਜਿਆ।
"ਇੱਥੇ ਮੇਰੇ ਟਰਾਇਲ ਵੀ ਉਨ੍ਹਾਂ ਵੱਲੋਂ ਕਰਵਾਏ ਗਏ। ਤਾਮਿਲਨਾਡੂ ਵੱਲੋਂ ਇਸ ਸਾਲ ਰਣਜੀ ਕ੍ਰਿਕਟ ਵਿਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ।"
ਗੁਰਜਪਨੀਤ ਦੱਸਦੇ ਹਨ ਕਿ ਤਾਮਿਲਨਾਡੂ ਵੱਲੋਂ ਲੀਗ ਖੇਡਦਿਆਂ ਪਿਛਲੇ ਸੀਜ਼ਨ ਦੌਰਾਨ ਉਨ੍ਹਾਂ 9 ਮੈਚਾਂ ਵਿਚ 25 ਵਿਕਟਾਂ ਲਈਆਂ ਸਨ।
ਇਸੇ ਚੰਗੇ ਪ੍ਰਦਰਸ਼ਨ ਕਾਰਨ ਇਕ ਸਾਲ ਬਾਅਦ ਉਨ੍ਹਾਂ ਨੂੰ ਰਣਜੀ ਖੇਡਣ ਦਾ ਮੌਕਾ ਮਿਲਿਆ। ਗੁਰਜਪਨੀਤ ਦੱਸਦੇ ਹਨ ਕਿ ਉਨ੍ਹਾਂ ਚੇਨੱਈ ਵਿਚ ਹੀ ਆਪਣੀ ਪੜ੍ਹਾਈ ਵੀ ਪੂਰੀ ਕੀਤੀ।
ਰਣਜੀ ਸੀਜ਼ਨ ਦੇ ਡੈਬਿਊ ਮੈਚ ਤੋਂ ਹੋਈ ਚਰਚਾ
ਗੁਰਜਪਨੀਤ ਨੇ ਰਣਜੀ ਕ੍ਰਿਕਟ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੌਰਾਸ਼ਟਰ ਖ਼ਿਲਾਫ਼ ਕੀਤੀ।
ਗੁਰਜਪਨੀਤ ਨੇ ਆਪਣੇ ਪਹਿਲੇ ਹੀ ਰਣਜੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਹਾਸਿਲ ਕੀਤੀਆਂ ਸਨ।
ਇਨ੍ਹਾਂ ਛੇ ਵਿਕਟਾਂ ‘ਚੋਂ ਇਕ ਵਿਕਟ ਟੈਸਟ ਕ੍ਰਿਕਟ ਦੇ ਜਾਣੇ-ਪਛਾਣੇ ਬੱਲੇਬਾਜ਼ ਚਿਤੇਸ਼ਵਰ ਪੁਜਾਰਾ ਦਾ ਵੀ ਸੀ।
ਡੈਬਿਊ ਮੈਚ ਵਿਚ ਚਿਤੇਸ਼ਵਰ ਪੁਜਾਰਾ ਨੂੰ ਆਊਟ ਕਰਨਾ ਗੁਰਜਪਨੀਤ ਆਪਣੀ ਵੱਡੀ ਪ੍ਰਾਪਤੀ ਮੰਨਦੇ ਨੇ।
ਗੁਰਜਪਨੀਤ ਨੇ ਦੱਸਿਆ ਕਿ ਚਿਤੇਸ਼ਵਰ ਪੁਜਾਰਾ ਨੂੰ ਟੈਸਟ ਕ੍ਰਿਕਟ ਦਾ ਮਹਾਨ ਬੱਲੇਬਾਜ਼ ਮੰਨਿਆ ਜਾਂਦਾ ਤੇ ਪਹਿਲੇ ਹੀ ਮੈਚ ਵਿਚ ਉਨ੍ਹਾਂ ਦਾ ਵਿਕਟ ਮਿਲਣਾ ਇਸ ਤੋਂ ਵਧੀਆ ਸ਼ੁਰੂਆਤ ਮੇਰੇ ਲਈ ਹੋ ਨਹੀਂ ਸਕਦੀ ਸੀ।
ਰਣਜੀ ਦੇ ਇਸ ਸੀਜ਼ਨ ਦੌਰਾਨ ਗੁਰਜਪਨੀਤ ਨੇ 4 ਮੈਚ ਖੇਡੇ ਤੇ 13 ਵਿਕਟਾਂ ਹਾਸਲ ਕੀਤੀਆਂ।

ਤਸਵੀਰ ਸਰੋਤ, GurjapneetSingh/Facebook
ਵਿਰਾਟ ਕੋਹਲੀ ਨੂੰ ਵੀ ਕਰ ਚੁੱਕੇ ਆਊਟ
ਇਸੇ ਸਾਲ ਜਦੋਂ ਬੰਗਲਾਦੇਸ਼ ਦੀ ਟੀਮ ਭਾਰਤ ਦੌਰੇ ਤੇ ਆਈ ਸੀ ਤਾਂ ਗੁਰਜਪਨੀਤ ਸਿੰਘ ਭਾਰਟੀ ਕ੍ਰਿਕਟ ਟੀਮ ਨਾਲ ਬਤੌਰ ਨੈਟ ਬਾਲਰ ਜੁੜੇ ਸਨ।
ਉਦੋਂ ਉਨ੍ਹਾਂ ਨੇ ਵਿਰਾਟ ਕੋਹਲੀ ਸਮੇਤ ਹੋਰਨਾਂ ਬੱਲੇਬਾਜ਼ਾਂ ਨੂੰ ਵੀ ਗੇਂਦਬਾਜ਼ੀ ਕੀਤੀ ਸੀ।
ਨੈਟ ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਆਊਟ ਵੀ ਕੀਤਾ ਸੀ।
ਗੁਰਜਪਨੀਤ ਇਸ ਬਾਰੇ ਦੱਸਦੇ ਹਨ ਕਿ ਦੋਵਾਂ ਖਿਡਾਰੀਆਂ ਨੂੰ ਆਊਟ ਕਰਨਾ ਵੀ ਮੇਰੇ ਲਈ ਚੰਗਾ ਸੀ।
ਗੁਰਜਪਨੀਤ ਦੱਸਦੇ ਨੇ ਕਿ ਜਦੋਂ ਕੋਹਲੀ ਨੂੰ ਨੈਟ ਪ੍ਰੈਕਟਿਸ ਦੌਰਾਨ ਆਊਟ ਕੀਤਾ ਤਾਂ ਉਹ ਖੁਦ ਤੋਂ ਕਾਫ਼ੀ ਗੁੱਸੇ ਵੀ ਹੋਏ ਕਿ ਮੈਂ ਕਿਸ ਤਰ੍ਹਾਂ ਆਊਟ ਹੋ ਗਿਆ।
ਅਭਿਆਸ ਦੌਰਾਨ ਕੋਹਲੀ ਨੇ ਕਾਫ਼ੀ ਕੁਝ ਦੱਸਿਆ ਕਿ ਗੇਂਦਬਾਜ਼ੀ ਕਿਵੇਂ ਕਰਨੀ ਹੈ।
ਇਸ ਤੋਂ ਬਿਨਾਂ ਗੁਰਜਪਨੀਤ ਨੇ ਦੱਸਿਆ ਕਿ ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ।
ਗੁਰਜਪਨੀਤ ਨੇ ਦੱਸਿਆ ਕਿ ਇਨ੍ਹਾਂ ਸਭ ਤੋਂ ਜੋ ਕੁਝ ਸਿੱਖਿਆ ਓਹੀ ਰਣਜੀ ਦੇ ਮੈਚਾਂ ਦੌਰਾਨ ਕੀਤਾ ਜਿਸ ਦਾ ਲਾਭ ਕਾਫ਼ੀ ਮਿਲਿਆ ਤੇ ਮੇਰੀ ਗੇਂਦਬਾਜ਼ੀ ਵਿਚ ਬਹੁਤ ਨਿਖਾਰ ਆਇਆ।

ਤਸਵੀਰ ਸਰੋਤ, GurjapneetSingh/Facebook
ਤਾਮਿਲਨਾਡੂ ‘ਚ ਖਾਣ ਪੀਣ ਨੂੰ ਲੈ ਕੇ ਹੋਈ ਪ੍ਰੇਸ਼ਾਨੀ
ਗੁਰਜਪਨੀਤ ਨੇ ਦੱਸਿਆ ਕਿ ਉਹ ਤਾਮਿਲਨਾਡੂ ਵਿਚ ਖਾਣ ਪੀਣ ਨੂੰ ਲੈ ਕੇ ਕੁਝ ਪ੍ਰੇਸ਼ਾਨੀ ਜ਼ਰੂਰ ਹੋਈ। ਕਿਉਂ ਕਿ ਪੰਜਾਬ ਹਰਿਆਣਾ ਨਾਲੋਂ ਤਾਮਿਲਨਾਡੂ ਦਾ ਖਾਣ ਪੀਣ ਬਿਲਕੁਲ ਵੱਖਰਾ ਹੈ।
ਤਾਮਿਲਨਾਡੂ ਵਿਚ ਵੱਖਰੀ ਬੋਲੀ ਹੋਣ ਕਾਰਨ ਵੀ ਸ਼ੁਰੂਆਤ ਵਿਚ ਥੋੜੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਿੱਧੂ ਮੂਸੇਵਾਲਾ ਦੇ ਫੈਨ ਨੇ ਗੁਰਜਪਨੀਤ
ਗੁਰਜਪਨੀਤ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਹਨਾਂ ਕੋਲ ਵਿਹਲਾ ਸਮਾਂ ਹੁੰਦਾ ਤਾਂ ਉਹ ਪੰਜਾਬੀ ਗੀਤ ਹੀ ਸੁਣਦੇ ਨੇ। ਸਭ ਤੋਂ ਜ਼ਿਆਦਾ ਸਿੱਧੂ ਮੂਸੇਵਾਲਾ ਨੂੰ ਸੁਣਨਾ ਪਸੰਦ ਕਰਦੇ ਨੇ।
ਇਸ ਤੋਂ ਬਿਨਾਂ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਦੇ ਗੀਤ ਵੀ ਸੁਣਦੇ ਨੇ।
ਟੀਮ ਇੰਡੀਆ ਵਿਚ ਖੇਡਣ ਦਾ ਸੁਪਨਾ
ਗੁਰਜਪਨੀਤ ਦੱਸਦੇ ਨੇ ਮੇਰਾ ਸੁਪਨਾ ਭਾਰਤੀ ਟੀਮ ਲਈ ਖੇਡਣ ਦਾ ਹੈ।
ਉਹ ਦੱਸਦੇ ਹਨ ਕਿ ਜਿਹੜਾ ਵੀ ਫਾਰਮੈਟ ਭਾਵੇਂ ਲਾਲ ਜਾਂ ਵਾਈਟ ਹੋਵੇ ਮੇਰਾ ਸੁਪਨਾ ਬੱਸ ਭਾਰਤੀ ਟੀਮ ਵਿਚ ਖੇਡਣਾ ਹੈ।
ਉਸ ਨੂੰ ਪੂਰਾ ਕਰਨ ਲਈ ਮੈਂ ਪੂਰਾ ਜ਼ੋਰ ਲਗਾ ਰਿਹਾਂ। ਜਿਹੜੀਆਂ ਵੀ ਕਮੀਆਂ ਨੇ ਉਨ੍ਹਾਂ ’ਤੇ ਕੰਮ ਕਰ ਰਿਹਾਂ।
ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸਭ ਤੋਂ ਪਸੰਦ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਮੁਹੰਮਦ ਆਮੀਰ ਫੇਵਰੇਟ ਖਿਡਾਰੀ ਮੰਨਦੇ ਹਨ।
ਗੁਰਜਪਨੀਤ ਨੇ ਕਿਹਾ ਮੈਂ ਜਦੋਂ ਉਨ੍ਹਾਂ ਨੂੰ ਖੇਡਦਾ ਹੋਇਆ ਦੇਖਦਾ ਸੀ ਤਾਂ ਮੈਂ ਵੀ ਸੋਚਦਾ ਹੁੰਦਾ ਸੀ ਕਿ ਅਜਿਹੀ ਗੇਂਦਬਾਜ਼ੀ ਕਰਨੀ ਹੈ।
ਭਾਰਤੀ ਗੇਂਦਬਾਜ਼ਾਂ ਵਿਚ ਗੁਰਜਪਨੀਤ ਜਸਪ੍ਰੀਤ ਬੁਮਰਾਹ ਨੂੰ ਆਪਣਾ ਸਭ ਤੋਂ ਪਸੰਦੀਦਾ ਗੇਂਦਬਾਜ਼ ਮੰਨਦੇ ਹਨ।
ਗੁਰਜਪਨੀਤ ਨੇ ਬੁਮਰਾਹ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਦੇ ਨੇ ਉਸ ਤੋਂ ਮੇਰੇ ਵਰਗੇ ਹਰ ਖਿਡਾਰੀ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।
ਫੋਟੋਗ੍ਰਾਫ਼ਰ ਦੇ ਪੁੱਤਰ ਨੇ ਗੁਰਜਪਨੀਤ
ਗੁਰਜਪਨੀਤ ਸਿੰਘ ਦੇ ਪਰਿਵਾਰ ਵਿਚ ਮਾਤਾ ਪਿਤਾ ਤੇ ਇਕ ਛੋਟੀ ਭੈਣ ਹੈ।
ਪਿਤਾ ਅੰਬਾਲਾ ਵਿਚ ਫੋਟੋਗ੍ਰਾਫਰ ਦਾ ਕੰਮ ਕਰਦੇ ਹਨ। ਗੁਰਜਪਨੀਤ ਨੇ ਦੱਸਿਆ ਕਿ ਕ੍ਰਿਕਟ ਮਹਿੰਗੀ ਖੇਡ ਹੈ, ਬੂਟ ਲੈਣੇ ਵੀ ਕਾਫ਼ੀ ਔਖੇ ਹੁੰਦੇ ਸੀ।
ਇਸ ਲਈ ਜਦੋਂ ਸ਼ੁਰੂਆਤੀ ਦਿਨਾਂ ਵਿਚ ਚੇਨੱਈ ਗਿਆ ਸੀ ਤਾਂ ਉਥੇ ਪਾਰਟਟਾਈਮ ਨੌਕਰੀ ਵੀ ਕੀਤੀ। ਗੁਰਜਪਨੀਤ ਨੇ ਦੱਸਿਆ ਕਿ ਖ਼ਰਚਾ ਪੂਰਾ ਕਰਨ ਲਈ ਕੋਵਿਡ ਦੇ ਸਮੇਂ ਦੌਰਾਨ ਹੀਰੋ ਕੰਪਨੀ ਵਿਚ ਬਿਲਿੰਗ ਦਾ ਕੰਮ ਕੀਤਾ।
ਹਾਲਾਂਕਿ ਗੁਰਜਪਨੀਤ ਦੱਸਦੇ ਨੇ ਮੇਰੀ ਇਸ ਸਫ਼ਲਤਾ ਪਿੱਛੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ, ਕਿਉਂ ਕਿ ਪਰਿਵਾਰ ਨੇ ਮੈਨੂੰ ਕਦੇ ਵੀ ਤੰਗੀ ਨਹੀਂ ਆਉਣ ਦਿੱਤੀ।
ਗੁਰਜਪਨੀਤ ਦੱਸਦੇ ਹਨ ਕਿ ਕ੍ਰਿਕਟ ਦੇ ਸ਼ੁਰੂਆਤੀ ਦਿਨਾਂ ਵਿਚ ਤਾਂ ਕਈ ਵਾਰ ਕਿਸੇ ਹੋਰ ਖਿਡਾਰੀ ਤੋਂ ਵੀ ਬੂਟ ਲੈ ਕੇ ਮੈਂ ਕ੍ਰਿਕਟ ਖੇਡੀ ਹੈ। ਕਿਉਂ ਕਿ 10-12 ਹਜ਼ਾਰ ਦਾ ਬੂਟ ਲੈਣਾ ਸੌਖੀ ਗੱਲ ਨਹੀਂ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












