ਏਆਈ ਨਾਲ ਜੁੜੇ ਉਹ ਕੋਰਸ, ਜੋ ਇਕ ਵਧੀਆ ਕਰੀਅਰ ਅਤੇ ਤਨਖ਼ਾਹ ਦੇ ਸਕਦੇ ਹਨ

ਆਰਟੀਫੀਸ਼ਿਅਲ ਇੰਟੈਲੀਜੈਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਬਾਈਲ ਫੋਨ ਤੋਂ ਲੈ ਕੇ ਬੈਂਕਿੰਗ ਸਿਸਟਮ, ਆਨਲਾਈਨ ਖਰੀਦਦਾਰੀ, ਸੋਸ਼ਲ ਮੀਡੀਆ ਅਤੇ ਹੈਲਥਕੇਅਰ ਤੱਕ ਹਰ ਜਗ੍ਹਾ ਏਆਈ ਕੰਮ ਕਰ ਰਿਹਾ ਹੈ
    • ਲੇਖਕ, ਪ੍ਰਿਅੰਕਾ ਝਾਅ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਦਫ਼ਤਰ ਹੋਵੇ, ਘਰ ਹੋਵੇ ਜਾਂ ਫਿਰ ਦੋਸਤਾਂ ਦੀ ਬੈਠਕ, ਅੱਜਕੱਲ੍ਹ ਇੱਕ ਸਵਾਲ ਸਭ ਦੇ ਦਿਮਾਗ਼ ਵਿੱਚ ਘੁੰਮ ਰਿਹਾ ਹੈ। ਏਆਈ ਭਾਵ ਆਰਟੀਫ਼ਿਸ਼ਲ ਇੰਟੈਲੀਜੈਂਸ ਕੀ ਸਾਡੀਆਂ ਨੌਕਰੀਆਂ ਖਾ ਸਕਦਾ ਹੈ?

ਅਤੇ ਇਹ ਚਿੰਤਾ ਸਿਰਫ਼ ਐਂਟਰੀ ਲੈਵਲ ਕਰਮਚਾਰੀਆਂ ਦੀ ਨਹੀਂ, ਸਗੋਂ ਉੱਚੇ ਅਹੁਦਿਆਂ 'ਤੇ ਬੈਠੇ ਸੀਨੀਅਰ ਲੋਕਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ।

ਸਵਾਲ ਇਹ ਹੈ ਕਿ ਜੇ ਏਆਈ ਸਾਡਾ ਕੰਮ ਤੇਜ਼ੀ ਨਾਲ ਅਤੇ ਘੱਟ ਲਾਗਤ ਵਿੱਚ ਕਰ ਸਕਦਾ ਹੈ ਤਾਂ ਇਨਸਾਨਾਂ ਅਤੇ ਉਨ੍ਹਾਂ ਦੀਆਂ ਨੌਕਰੀਆਂ ਦਾ ਕੀ ਹੋਵੇਗਾ?

ਇਸ ਸਵਾਲ ਦਾ ਸਪਸ਼ਟ ਜਵਾਬ ਇਸ ਵੇਲੇ ਕਿਸੇ ਕੋਲ ਨਹੀਂ ਹੈ। ਪਰ ਇੰਨਾ ਤੈਅ ਹੈ ਕਿ ਏਆਈ ਹੁਣ ਭਵਿੱਖ ਨਹੀਂ, ਸਗੋਂ ਵਰਤਮਾਨ ਹੈ।

ਮੋਬਾਈਲ ਫੋਨ ਤੋਂ ਲੈ ਕੇ ਬੈਂਕਿੰਗ ਸਿਸਟਮ, ਆਨਲਾਈਨ ਖਰੀਦਦਾਰੀ, ਸੋਸ਼ਲ ਮੀਡੀਆ ਅਤੇ ਹੈਲਥਕੇਅਰ ਤੱਕ ਹਰ ਜਗ੍ਹਾ ਏਆਈ ਕੰਮ ਕਰ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਏਆਈ ਸਿਰਫ਼ ਨੌਕਰੀਆਂ ਖ਼ਤਮ ਨਹੀਂ ਕਰੇਗਾ, ਸਗੋਂ ਨਵੀਆਂ ਨੌਕਰੀਆਂ ਵੀ ਪੈਦਾ ਕਰੇਗਾ।

ਜਨਵਰੀ 2026 ਵਿੱਚ ਵਰਲਡ ਇਕਨਾਮਿਕ ਫੋਰਮ ਦੀ ਇਕ ਰਿਪੋਰਟ ਮੁਤਾਬਕ ਏਆਈ ਕਾਰਨ ਦੁਨੀਆ ਭਰ ਵਿੱਚ ਲੱਖਾਂ ਨਵੀਆਂ ਨੌਕਰੀਆਂ ਬਣੀਆਂ ਹਨ।

12ਵੀਂ ਪਾਸ ਕਰਨ ਤੋਂ ਬਾਅਦ ਜੇ ਕੋਈ ਏਆਈ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੇ ਤਾਂ ਸ਼ੁਰੂਆਤ ਸਹੀ ਕੋਰਸ ਚੁਣਨ ਨਾਲ ਹੁੰਦੀ ਹੈ।

ਇਸ ਲੇਖ ਵਿੱਚ ਅਸੀਂ ਅਜਿਹੇ ਟਾਪ ਪੰਜ ਏਆਈ ਕੋਰਸ ਦੱਸਾਂਗੇ, ਜੋ ਮਜ਼ਬੂਤ ਕਰੀਅਰ ਅਤੇ ਵਧੀਆ ਤਨਖ਼ਾਹ ਵੱਲ ਲੈ ਕੇ ਜਾ ਸਕਦੇ ਹਨ।

ਕੀ ਹੁੰਦਾ ਹੈ ਏਆਈ?

ਏਆਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਆਈ ਮਸ਼ੀਨਾਂ ਦੀ ਮਨੁੱਖੀ ਦਿਮਾਗ ਵਾਂਗ ਕੰਮ ਕਰਨ ਦੀ ਯੋਗਤਾ ਨੂੰ ਦਰਸਾਉਂਦਾ ਹੈ (ਸੰਕੇਤਕ ਚਿੱਤਰ)

ਕੀ ਤੁਹਾਨੂੰ ਕਦੇ ਇਹ ਸੋਚ ਕੇ ਹੈਰਾਨੀ ਹੋਈ ਹੈ ਕਿ ਤੁਹਾਡਾ ਫ਼ੋਨ ਤੁਹਾਡਾ ਚਿਹਰਾ ਕਿਵੇਂ ਪਛਾਣ ਲੈਂਦਾ ਹੈ, ਕੋਈ ਸਟ੍ਰੀਮਿੰਗ ਸਰਵਿਸ ਕਿਵੇਂ ਸਮਝ ਲੈਂਦੀ ਹੈ ਕਿ ਤੁਹਾਨੂੰ ਕਿਹੜੀ ਫ਼ਿਲਮ ਪਸੰਦ ਆਏਗੀ ਜਾਂ ਫਿਰ ਕੋਈ ਕਾਰ ਬਿਨਾਂ ਡਰਾਈਵਰ ਦੇ ਕਿਵੇਂ ਚੱਲ ਸਕਦੀ ਹੈ? ਇਨ੍ਹਾਂ ਸਭ ਸਵਾਲਾਂ ਦਾ ਜਵਾਬ ਹੈ ਆਰਟੀਫ਼ਿਸ਼ਲ ਇੰਟੈਲੀਜੈਂਸ, ਭਾਵ ਏਆਈ।

ਸ਼ਿਵ ਨਾਡਰ ਯੂਨੀਵਰਸਿਟੀ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਆਕਾਸ਼ ਸਿਨਹਾ ਏਆਈ ਨੂੰ ਆਸਾਨ ਭਾਸ਼ਾ ਵਿੱਚ ਸਮਝਾਉਂਦੇ ਹੋਏ ਕਹਿੰਦੇ ਹਨ, "ਆਰਟੀਫ਼ਿਸ਼ਲ ਇੰਟੈਲੀਜੈਂਸ ਨੂੰ ਅਜਿਹਾ ਸਮਝੋ ਕਿ ਮਸ਼ੀਨ ਜਾਂ ਕੰਪਿਊਟਰ ਦੀ ਅਜਿਹੀ ਸਮਰੱਥਾ, ਜਿਸ ਨਾਲ ਲੱਗੇ ਕਿ ਉਹ ਇਨਸਾਨਾਂ ਵਾਂਗ ਸੋਚਣ-ਸਮਝਣ ਦੇ ਯੋਗ ਹੈ।"

ਉਹ ਕਹਿੰਦੇ ਹਨ ਕਿ ਰੋਜ਼ਾਨਾ ਜੀਵਨ ਵਿੱਚ ਜਿੱਥੇ ਵੀ ਤੁਸੀਂ ਕੰਪਿਊਟਰ ਜਾਂ ਮੋਬਾਈਲ ਵਰਤ ਰਹੇ ਹੋ, ਉਸ ਦੇ ਪਿੱਛੇ ਆਰਟੀਫ਼ਿਸ਼ਲ ਇੰਟੈਲੀਜੈਂਸ ਕੰਮ ਕਰ ਰਿਹਾ ਹੁੰਦਾ ਹੈ।

ਉਹ ਕਹਿੰਦੇ ਹਨ, "ਜਦੋਂ ਤੁਸੀਂ ਯੂਟਿਊਬ ਖੋਲ੍ਹਦੇ ਹੋ ਤਾਂ ਤੁਹਾਨੂੰ ਕਿਹੜੀ ਵੀਡੀਓ ਦਿਖਾਈ ਜਾਵੇਗੀ, ਇਹ ਕੋਈ ਵਿਅਕਤੀ ਬੈਠ ਕੇ ਤੈਅ ਨਹੀਂ ਕਰਦਾ। ਇਸ ਦੇ ਪਿੱਛੇ ਏਆਈ ਐਲਗੋਰਿਦਮ ਕੰਮ ਕਰਦਾ ਹੈ। ਫੇਸਬੁੱਕ 'ਤੇ ਕਿਹੜੀ ਪੋਸਟ ਦਿਖੇਗੀ, ਕਿਹੜਾ ਇਸ਼ਤਿਹਾਰ ਆਵੇਗਾ ਜਾਂ ਬੈਂਕਿੰਗ ਲੈਣ-ਦੇਣ ਵਿੱਚ ਧੋਖਾਧੜੀ ਕਿੱਥੇ ਹੋ ਸਕਦੀ ਹੈ, ਇਨ੍ਹਾਂ ਸਭ ਦਾ ਵਿਸ਼ਲੇਸ਼ਣ ਏਆਈ ਕਰਦਾ ਹੈ।"

ਸਮੇਂ ਦੇ ਨਾਲ ਏਆਈ ਸਿਸਟਮ ਲਗਾਤਾਰ ਸਿੱਖਦੇ ਅਤੇ ਬਿਹਤਰ ਹੁੰਦੇ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਨਸਾਨ ਤਜਰਬੇ ਤੋਂ ਸਿੱਖਦੇ ਹਨ। ਇਸੇ ਕਰਕੇ ਇਸਨੂੰ ਕਈ ਨੌਕਰੀਆਂ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।

ਮੇਘਨਾ ਬਲ

ਏਆਈ ਦੇ ਪੰਜ ਟੌਪ ਕੋਰਸ

ਦਿੱਲੀ ਵਿੱਚ ਟੈੱਕ ਪਾਲਿਸੀ ਕੇਂਦ੍ਰਿਤ ਥਿੰਕਟੈਂਕ ਇਸੀਆ ਸੈਂਟਰ ਦੀ ਡਾਇਰੈਕਟਰ ਅਤੇ ਮਸ਼ਹੂਰ ਏਆਈ ਮਾਹਰ ਮੇਘਨਾ ਬਲ ਕਹਿੰਦੀ ਹਨ, "ਏਆਈ ਉਨ੍ਹਾਂ ਲੋਕਾਂ ਲਈ ਖ਼ਤਰਾ ਨਹੀਂ ਹੈ ਜੋ ਆਪਣੇ ਆਪ ਨੂੰ ਅਪਡੇਟ ਰੱਖਦੇ ਹਨ। ਸਗੋਂ ਇਹ ਉਨ੍ਹਾਂ ਲਈ ਮੌਕਾ ਹੈ ਜੋ ਟੈਕਨੋਲੋਜੀ ਨੂੰ ਸਮਝ ਕੇ ਉਸ ਨਾਲ ਕੰਮ ਕਰਨਾ ਸਿੱਖ ਲੈਂਦੇ ਹਨ।"

ਮੇਘਨਾ ਬਲ ਕਹਿੰਦੀ ਹਨ ਕਿ ਕੁਝ ਬੇਸਿਕ ਪੱਧਰ ਦੇ ਕੋਰਸ ਹਰ ਕਿਸੇ ਨੂੰ ਕਰਨੇ ਚਾਹੀਦੇ ਹਨ।

ਕਈ ਕੋਰਸ ਸਰਕਾਰ ਦੇ 'SWAYAM' ਪੋਰਟਲ ਰਾਹੀਂ ਮੁਫ਼ਤ ਵੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜੈਨਰੇਟਿਵ ਏਆਈ ਦੇ ਟੂਲ ਕਿਵੇਂ ਵਰਤਣੇ ਹਨ, ਇਸ ਦਾ ਬੁਨਿਆਦੀ ਕੋਰਸ ਵੀ ਸਭ ਨੂੰ ਕਰਨਾ ਚਾਹੀਦਾ ਹੈ।

ਉਹ ਕਹਿੰਦੀ ਹਨ, "ਮਸ਼ੀਨ ਲਰਨਿੰਗ ਦੇ ਬੇਸਿਕ ਕਾਂਸੈਪਟ, ਐਪਲਾਇਡ ਮਸ਼ੀਨ ਲਰਨਿੰਗ ਦੇ ਬੇਸਿਕ ਕਾਂਸੈਪਟ ਨਾਲ ਜੁੜੇ ਕੋਰਸ ਕੀਤੇ ਜਾ ਸਕਦੇ ਹਨ, ਜੋ ਤੁਹਾਨੂੰ ਦੱਸਣਗੇ ਕਿ ਮਸ਼ੀਨਾਂ ਕਿਵੇਂ ਕੰਮ ਕਰਦੀਆਂ ਹਨ। ਏਆਈ ਐਪਲਾਇਡ ਆਨ ਬਿਜ਼ਨਸ ਐਂਡ ਡਾਟਾ ਐਨਾਲਿਟਿਕਸ ਵਰਗੇ ਕੋਰਸ ਵੀ ਕੀਤੇ ਜਾ ਸਕਦੇ ਹਨ।"

"ਇਸ ਨਾਲ ਸਮਝ ਆਵੇਗੀ ਕਿ ਡਾਟਾ ਨੂੰ ਕਿਵੇਂ ਸੰਭਾਲਣਾ ਹੈ। ਏਆਈ ਰਿਲੇਟਿਡ ਟੂ ਪ੍ਰੋਡਕਟ ਐਂਡ ਸਟ੍ਰੈਟੇਜੀ ਮੈਨੇਜਮੈਂਟ ਵਰਗਾ ਕੋਰਸ ਵੀ ਹੋ ਸਕਦਾ ਹੈ, ਜੋ ਦੱਸਦਾ ਹੈ ਕਿ ਪ੍ਰੋਡਕਟ, ਰਣਨੀਤੀ ਅਤੇ ਮੈਨੇਜਮੈਂਟ ਨਾਲ ਜੁੜੇ ਫ਼ੈਸਲੇ ਕਿਵੇਂ ਲੈਣੇ ਹਨ ਅਤੇ ਉਨ੍ਹਾਂ ਵਿੱਚ ਏਆਈ ਕਿਵੇਂ ਵਰਤਿਆ ਜਾਵੇ। ਇਹ ਇਕ ਚੰਗਾ ਕੋਰਸ ਹੋ ਸਕਦਾ ਹੈ।"

"ਏਆਈ ਸਾਈਬਰ ਸੁਰੱਖਿਆ ਨਾਲ ਕਿਵੇਂ ਜੁੜ ਸਕਦਾ ਹੈ, ਇਹ ਵੀ ਇਕ ਵਿਸ਼ੇਸ਼ ਕੋਰਸ ਹੈ, ਪਰ ਇਹ ਖ਼ਾਸ ਕਰਕੇ ਇੰਜੀਨੀਅਰਾਂ ਲਈ ਹੁੰਦਾ ਹੈ। ਸਾਈਬਰ ਸੁਰੱਖਿਆ ਅਤੇ ਰੋਬੋਟਿਕਸ ਵਰਗੇ ਕੋਰਸ ਇੰਜੀਨੀਅਰਿੰਗ ਵਿੱਚ ਕਰੀਅਰ ਨੂੰ ਅੱਗੇ ਵਧਾਉਣ ਦਾ ਵਧੀਆ ਮੌਕਾ ਦੇਣਗੇ।"

ਜੇ ਕੋਈ ਪੂਰੀ ਤਰ੍ਹਾਂ ਏਆਈ ਵਿੱਚ ਹੀ ਕਰੀਅਰ ਬਣਾਉਣਾ ਚਾਹੇ ਤਾਂ ਪ੍ਰੋਫ਼ੈਸਰ ਸਿਨਹਾ ਪੰਜ ਬਿਹਤਰੀਨ ਕੋਰਸਾਂ ਦੀ ਸਿਫ਼ਾਰਸ਼ ਕਰਦੇ ਹਨ, ਜੋ ਮਜ਼ਬੂਤ ਬਦਲ ਹੋ ਸਕਦੇ ਹਨ।

  • ਐੱਮਬੀਏ/ਪੀਜੀ ਡਿਪਲੋਮਾ ਇਨ ਏਆਈ ਐਂਡ ਬਿਜ਼ਨਸ ਐਨਾਲਿਟਿਕਸ: ਇਹ ਕੋਰਸ ਉਨ੍ਹਾਂ ਲਈ ਹੈ ਜੋ ਬਿਜ਼ਨਸ, ਮੈਨੇਜਮੈਂਟ ਜਾਂ ਕਾਮਰਸ ਬੈਕਗਰਾਊਂਡ ਤੋਂ ਹਨ ਅਤੇ ਏਆਈ ਰਣਨੀਤੀ, ਐਨਾਲਿਟਿਕਸ ਅਤੇ ਪ੍ਰੋਡਕਟ ਮੈਨੇਜਮੈਂਟ ਵਿੱਚ ਜਾਣਾ ਚਾਹੁੰਦੇ ਹਨ। ਇੰਡਿਅਨ ਇੰਸਟੀਟਿਊਟ ਆਫ਼ ਮੈਨੇਜਮੈਂਟ (ਆਈਆਈਐੱਮਐੱਸ), ਇੰਡਿਅਨ ਸਕੂਲ ਆਫ਼ ਬਿਜ਼ਨਸ ਅਤੇ ਅਪਗ੍ਰੈਡ ਜਾਂ ਗ੍ਰੇਟ ਲਰਨਿੰਗ ਵਰਗੀਆਂ ਐਡੂਟੈੱਕ ਕੰਪਨੀਆਂ ਨਾਲ ਜੁੜ ਕੇ ਇਹ ਕੋਰਸ ਕੀਤਾ ਜਾ ਸਕਦਾ ਹੈ। ਫੀਸ ਲਗਭਗ ਢਾਈ ਤੋਂ ਸੱਤ ਲੱਖ ਰੁਪਏ ਤੱਕ ਹੋ ਸਕਦੀ ਹੈ, ਜੋ ਸੰਸਥਾ ਅਨੁਸਾਰ ਵੱਖਰੀ ਹੋ ਸਕਦੀ ਹੈ। ਕੋਰਸ ਤੋਂ ਬਾਅਦ ਸੰਭਾਵਿਤ ਤਨਖ਼ਾਹ ਛੇ ਤੋਂ ਵੀਹ ਲੱਖ ਰੁਪਏ ਸਾਲਾਨਾ ਹੋ ਸਕਦੀ ਹੈ, ਜੋ ਕੰਪਨੀ ਅਤੇ ਅਹੁਦੇ 'ਤੇ ਨਿਰਭਰ ਕਰਦੀ ਹੈ।
  • ਏਆਈ ਸਰਟੀਫ਼ਿਕੇਟ ਪ੍ਰੋਗਰਾਮ (ਆਨਲਾਈਨ): ਇਹ Udacity ਜਾਂ ਹੋਰ ਆਨਲਾਈਨ ਐਜੂਟੈੱਕ ਪਲੇਟਫ਼ਾਰਮਾਂ 'ਤੇ ਉਪਲਬਧ ਹੈ। ਪ੍ਰੋਫ਼ੈਸਰ ਸਿਨਹਾ ਕਹਿੰਦੇ ਹਨ ਕਿ ਇਸ ਦੀ ਫੀਸ ਲਗਭਗ ਡੇਢ ਲੱਖ ਰੁਪਏ ਹੈ। ਇਹ ਉਨ੍ਹਾਂ ਲਈ ਹੈ ਜੋ ਸ਼ੁਰੂਆਤੀ ਪੱਧਰ 'ਤੇ ਹਨ ਅਤੇ ਐਕਸੈਸੀਬਲ ਲਰਨਿੰਗ ਨਾਲ ਏਆਈ ਦੀ ਬੁਨਿਆਦੀ ਸਮਝ ਬਣਾਉਣਾ ਚਾਹੁੰਦੇ ਹਨ। ਕੋਰਸ ਤੋਂ ਬਾਅਦ ਸਾਲਾਨਾ ਤਨਖ਼ਾਹ 10 ਲੱਖ ਰੁਪਏ ਤੱਕ ਹੋ ਸਕਦੀ ਹੈ।
  • ਐੱਮਸੀਏ/ਐੱਮ ਟੈੱਕ ਇਨ ਏਆਈ ਐਂਡ ਮਸ਼ੀਨ ਲਰਨਿੰਗ: ਇਹ ਕੋਰਸ ਆਈਆਈਟੀ, ਐੱਨਆਈਟੀ, ਆਈਆਈਆਈਟੀ ਅਤੇ ਹੋਰ ਪ੍ਰਮੁੱਖ ਯੂਨੀਵਰਸਿਟੀਆਂ ਤੋਂ ਕੀਤਾ ਜਾ ਸਕਦਾ ਹੈ। ਆਈਆਈਟੀ ਵਿੱਚ ਏਆਈ ਨਾਲ ਜੁੜੇ ਕਈ ਕਰੈਸ਼ ਕੋਰਸ ਵੀ ਉਪਲਬਧ ਹਨ। ਮਾਸਟਰਜ਼ ਦੀ ਸਾਲਾਨਾ ਫੀਸ ਇੱਕ ਲੱਖ ਤੋਂ ਦਸ ਲੱਖ ਰੁਪਏ ਤੱਕ ਹੋ ਸਕਦੀ ਹੈ। ਕੋਰਸ ਤੋਂ ਬਾਅਦ ਸਾਲਾਨਾ ਤਨਖ਼ਾਹ 22 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹ ਉਨ੍ਹਾਂ ਲਈ ਹੈ ਜੋ ਮਜ਼ਬੂਤ ਤਕਨੀਕੀ ਮਹਾਰਤ ਹਾਸਲ ਕਰਨਾ ਚਾਹੁੰਦੇ ਹਨ।
  • ਬੀਐੱਸਸੀ/ਬੀਟੈੱਕ ਇਨ ਏਆਈ ਐਂਡ ਡਾਟਾ ਸਾਇੰਸ: ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ, ਵੈਲੋਰ ਇੰਸਟੀਟਿਊਟ ਆਫ਼ ਟੈਕਨੋਲੋਜੀ, ਐਮਿਟੀ ਯੂਨੀਵਰਸਿਟੀ, ਸੇਂਟ ਜੇਵੀਅਰਜ਼ ਕਾਲਜ, ਐੱਨਆਈਟੀ ਵਰਗੀਆਂ ਵੱਡੀਆਂ ਸੰਸਥਾਵਾਂ ਤੋਂ ਇਹ ਕੋਰਸ ਕੀਤਾ ਜਾ ਸਕਦਾ ਹੈ। ਪੂਰੇ ਪ੍ਰੋਗਰਾਮ ਦੀ ਫੀਸ ਇੱਕ ਲੱਖ ਤੋਂ ਵੀਹ ਲੱਖ ਰੁਪਏ ਤੱਕ ਹੋ ਸਕਦੀ ਹੈ। ਸੰਭਾਵਿਤ ਤਨਖ਼ਾਹ ਸਾਲਾਨਾ 6 ਤੋਂ 18 ਲੱਖ ਰੁਪਏ ਤੱਕ ਹੋ ਸਕਦੀ ਹੈ। ਇਹ ਕੋਰਸ ਉਨ੍ਹਾਂ ਲਈ ਵਧੀਆ ਹੈ ਜੋ ਗ੍ਰੈਜੂਏਸ਼ਨ ਦੌਰਾਨ ਹੀ ਏਆਈ ਵਿੱਚ ਮਹਾਰਤ ਲੈਣਾ ਚਾਹੁੰਦੇ ਹਨ।
  • ਏਆਈ ਬੂਟਕੈਂਪ ਅਤੇ ਇੰਡਸਟਰੀ ਪ੍ਰੋਗਰਾਮ: ਆਈਆਈਟੀ ਮਦਰਾਸ, ਆਈਆਈਟੀ ਬੰਬੇ ਅਤੇ ਕਈ ਨਿੱਜੀ ਸੰਸਥਾਵਾਂ ਵਿੱਚ ਇਹ ਕੋਰਸ ਉਪਲਬਧ ਹਨ। ਫੀਸ ਲਗਭਗ ਇਕ ਲੱਖ ਤੋਂ ਸਾਢੇ ਤਿੰਨ ਲੱਖ ਰੁਪਏ ਤੱਕ ਹੋ ਸਕਦੀ ਹੈ। ਕੋਰਸ ਤੋਂ ਬਾਅਦ ਸੰਭਾਵਿਤ ਪੈਕੇਜ 6 ਤੋਂ 18 ਲੱਖ ਰੁਪਏ ਜਾਂ ਇਸ ਤੋਂ ਵੱਧ ਹੋ ਸਕਦਾ ਹੈ। ਇਹ ਕੋਰਸ ਕਰੀਅਰ ਬਦਲਣ ਵਾਲੇ ਪੇਸ਼ੇਵਰਾਂ ਅਤੇ ਉਨ੍ਹਾਂ ਲਈ ਹੈ ਜੋ ਕੰਮ ਕਰਦੇ ਹੋਏ ਏਆਈ ਵਿੱਚ ਨਵੀਂ ਅਪਸਕਿਲ ਹਾਸਲ ਕਰਨਾ ਚਾਹੁੰਦੇ ਹਨ।

ਪ੍ਰੋਫ਼ੈਸਰ ਸਿਨਹਾ ਦੱਸਦੇ ਹਨ ਕਿ ਸੀਨੀਅਰ ਏਆਈ ਅਹੁਦਿਆਂ 'ਤੇ ਤਨਖ਼ਾਹ 25 ਤੋਂ 40 ਲੱਖ ਰੁਪਏ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ, ਖ਼ਾਸ ਕਰਕੇ ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਟੈੱਕ ਹੱਬ ਅਤੇ ਗਲੋਬਲ ਟੈੱਕ ਕੰਪਨੀਆਂ ਵਿੱਚ।

ਇਨ੍ਹਾਂ ਨੌਕਰੀਆਂ 'ਤੇ ਏਆਈ ਦਾ ਘੱਟ ਅਸਰ ਰਹੇਗਾ

ਮੈਡੀਕਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਪੇਸ਼ਿਆਂ ਵਿੱਚ ਏਆਈ ਦਾ ਖ਼ਤਰਾ ਘੱਟ ਹੋਵੇਗਾ ਜਿੱਥੇ ਮਨੁੱਖੀ ਸੰਪਰਕ ਦੀ ਲੋੜ ਹੁੰਦੀ ਹੈ (ਸੰਕੇਤਕ ਤਸਵੀਰ)

ਇਨਵੈਸਟਮੈਂਟ ਬੈਂਕ ਗੋਲਡਮੈਨ ਸੈਕਸ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2030 ਤੱਕ ਦੁਨੀਆ ਭਰ ਵਿੱਚ 30 ਕਰੋੜ ਫੁਲ-ਟਾਈਮ ਨੌਕਰੀਆਂ ਏਆਈ ਨਾਲ ਬਦਲ ਸਕਦੀਆਂ ਹਨ।

ਪਰ ਜਾਣਕਾਰ ਮੰਨਦੇ ਹਨ ਕਿ ਜਿੱਥੇ ਵੀ ਮਾਹਰ ਅਤੇ ਅਨੁਭਵ ਦੀ ਲੋੜ ਹੁੰਦੀ ਹੈ, ਉੱਥੇ ਏਆਈ ਨਾਲ ਰਿਪਲੇਸ ਕਰਨਾ ਮੁਸ਼ਕਲ ਹੈ ਜਾਂ ਇਸ ਵਿੱਚ ਹਾਲੇ ਸਮਾਂ ਲੱਗੇਗਾ। ਇਸ ਲਈ ਇਹ ਜ਼ਰੂਰੀ ਨਹੀਂ ਕਿ ਸਿਰਫ਼ ਏਆਈ ਦੇ ਕੋਰਸ ਕਰਕੇ ਹੀ ਕਰੀਅਰ ਨੂੰ ਭਵਿੱਖ ਲਈ ਤਿਆਰ ਕੀਤਾ ਜਾ ਸਕੇ।

ਮੇਘਨਾ ਬਲ ਕਹਿੰਦੀ ਹਨ, "ਨਰਸ, ਹੈਲਥਕੇਅਰ ਪੇਸ਼ੇਵਰ, ਫਿਜ਼ਿਓਥੈਰਾਪਿਸਟ, ਮਨੋਵਿਗਿਆਨੀ, ਅਧਿਆਪਕਾਂ ਦਾ ਕੰਮ ਏਆਈ ਨਹੀਂ ਕਰ ਸਕੇਗਾ। ਇਨ੍ਹਾਂ ਕੰਮਾਂ ਲਈ ਇਨਸਾਨ ਹੀ ਲੋੜੀਂਦੇ ਹਨ। ਮਨੁੱਖੀ ਜੁੜਾਅ ਤੋਂ ਬਿਨਾਂ ਲੋਕ ਸਿਰਫ਼ ਆਟੋਮੈਟਿਕ ਜਵਾਬਾਂ ਨਾਲ ਸੰਤੁਸ਼ਟ ਨਹੀਂ ਹੋਣਗੇ।"

"ਇਸ ਤੋਂ ਇਲਾਵਾ ਕ੍ਰੀਏਟਿਵ ਡਾਇਰੈਕਟਰ, ਲੇਖਕ ਜਾਂ ਕਾਂਟੈਂਟ ਸਟ੍ਰੈਟੇਜਿਸਟ ਹਨ। ਜਿੱਥੇ ਵੀ ਕ੍ਰਿਟੀਕਲ ਥਿੰਕਿੰਗ ਦੀ ਲੋੜ ਹੋਵੇਗੀ, ਉੱਥੇ ਏਆਈ ਮਦਦ ਕਰ ਸਕਦਾ ਹੈ ਪਰ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਪਰ ਜਿਨ੍ਹਾਂ ਕੰਮਾਂ ਵਿੱਚ ਨਵਾਂਪਣ ਨਹੀਂ ਹੁੰਦਾ ਅਤੇ ਜੋ ਹਰ ਵਾਰ ਇਕੋ ਤਰੀਕੇ ਨਾਲ ਕੀਤੇ ਜਾਂਦੇ ਹਨ, ਉਹ ਏਆਈ ਆਸਾਨੀ ਨਾਲ ਕਰ ਸਕਦਾ ਹੈ।"

ਪ੍ਰੋਫ਼ੈਸਰ ਆਕਾਸ਼ ਸਿੰਹਾ ਕਹਿੰਦੇ ਹਨ, "ਚਾਰਟਰਡ ਅਕਾਊਂਟੈਂਟ, ਡਾਕਟਰ, ਨਰਸ, ਏਆਈ ਇੰਜੀਨੀਅਰ, ਸਾਈਬਰ ਸੁਰੱਖਿਆ ਮਾਹਰ, ਵਕੀਲ ਵਰਗੀਆਂ ਪੰਜ-ਛੇ ਫੀਲਡਾਂ ਵਿੱਚ ਕਰੀਅਰ ਤਕਰੀਬਨ ਸੁਰੱਖਿਅਤ ਹਨ, ਬਸ਼ਰਤੇ ਤੁਸੀਂ ਆਪਣੀ ਮਹਾਰਤ ਕਾਇਮ ਰੱਖੋ। ਤੁਸੀਂ ਖੁਦ ਏਆਈ ਟੂਲ ਵਰਤਣਾ ਸਿੱਖੋ ਤਾਂ ਜੋ ਕੰਮ ਤੇਜ਼ੀ ਨਾਲ ਕਰ ਸਕੋ।"

ਹਾਲਾਂਕਿ ਉਹ ਇਨ੍ਹਾਂ ਕਰੀਅਰ ਬਦਲਾਂ ਨੂੰ ਵੀ ਪੂਰੀ ਤਰ੍ਹਾਂ ਏਆਈ ਤੋਂ ਸੁਰੱਖਿਅਤ ਨਹੀਂ ਮੰਨਦੇ।

ਪ੍ਰੋਫ਼ੈਸਰ ਸਿਨਹਾ ਕਹਿੰਦੇ ਹਨ, "ਜਿੱਥੇ ਤੁਹਾਨੂੰ ਇੱਕ ਮਾਹਰਾਂ ਵਜੋਂ ਦੇਖਿਆ ਜਾਵੇਗਾ, ਉੱਥੇ ਤੁਹਾਡੀ ਨੌਕਰੀ ਸੁਰੱਖਿਅਤ ਹੈ। ਕਿਉਂਕਿ ਏਆਈ 'ਤੇ ਕਿਸੇ ਮਾਹਰ ਦੇ ਪੱਧਰ ਜਿੰਨਾ ਭਰੋਸਾ ਬਣਨ ਵਿੱਚ ਲੋਕਾਂ ਨੂੰ ਸਮਾਂ ਲੱਗੇਗਾ।"

"ਜੇ ਤੁਸੀਂ ਇਨ੍ਹਾਂ ਹੀ ਕਰੀਅਰਾਂ ਵਿੱਚ ਐਂਟਰੀ ਜਾਂ ਮਿਡ ਲੈਵਲ 'ਤੇ ਹੋ ਤਾਂ ਤੁਹਾਡੀ ਨੌਕਰੀ ਖ਼ਤਰੇ ਵਿੱਚ ਹੋ ਸਕਦੀ ਹੈ। ਅਜਿਹੇ ਵਿੱਚ ਤੁਸੀਂ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਟੂਲ ਵਰਤ ਕੇ ਆਪਣੇ ਕੰਮ ਨੂੰ ਬਿਹਤਰ ਬਣਾਓ ਅਤੇ ਆਪਣੀ ਨੌਕਰੀ ਸੁਰੱਖਿਅਤ ਰੱਖੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)