ਕੀ ਏਆਈ ਵੱਲੋਂ ਗੁਰਬਾਣੀ ਦੀਆਂ ਗਲਤ ਤੁਕਾਂ ਘੜੀਆਂ ਜਾ ਰਹੀਆਂ, ਅਜਿਹਾ ਕਿਉਂ ਹੋ ਰਿਹਾ ਤੇ ਕੀ ਉੱਠ ਰਹੇ ਇਤਰਾਜ਼

ਆਰਟੀਫਿਸ਼ੀਅਲ ਇੰਟੈਲਿਜੈਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਰਅਸਲ ਜੈਨਰੇਟਿਵ ਏਆਈ ਦੀ ਵਰਤੋਂ ਅਜਿਹਾ ਨਵਾਂ ਕੰਟੈਂਟ ਬਣਾਉਣ ਲਈ ਹੁੰਦੀ ਹੈ ਜੋ ਇਹੋ ਜਿਹਾ ਲੱਗੇ ਕਿ ਇਹ ਮਨੁੱਖ ਵੱਲੋਂ ਹੀ ਬਣਾਇਆ ਗਿਆ ਹੈ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਏਆਈ ਚੈਟਬੋਟਸ ਵੱਲੋਂ ਗਲਤ ਪੰਕਤੀਆਂ ਨੂੰ ਗੁਰਬਾਣੀ ਵਜੋਂ ਪੇਸ਼ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੋਟਿਸ ਲਿਆ ਗਿਆ ਹੈ।

ਐੱਸਜੀਪੀਸੀ ਵੱਲੋਂ ਇਸ ਸਬੰਧੀ ਚੈਟਜੀਪੀਟੀ, ਗਰੋਕ, ਡੀਪਸੀਕ, ਜੈਮਿਨੀ ਸਣੇ ਹੋਰ ਏਆਈ ਪਲੈਟਫਾਰਮਜ਼ ਨੂੰ ਪੱਤਰ ਭੇਜਿਆ ਗਿਆ ਹੈ।

ਦਰਅਸਲ ਬੀਤੇ ਦਿਨੀਂ ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ।

ਉਨ੍ਹਾਂ ਵੱਲੋਂ ਇਹ ਸਾਂਝਾ ਕੀਤਾ ਗਿਆ ਕਿ ਏਆਈ ਵੱਲੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵਿੱਚ ਕੁਝ ਅਜਿਹੀਆਂ ਪੰਕਤੀਆਂ ਦੱਸੀਆਂ ਗਈਆਂ ਜੋ ਅਸਲ ਵਿੱਚ ਗੁਰਬਾਣੀ ਵਿੱਚ ਨਹੀਂ ਹਨ।

ਚੈਟਜੀਪੀਟੀ, ਗਰੋਕ ਅਤੇ ਜੈਮਿਨੀ ਨੂੰ ਇਸ ਸਬੰਧੀ ਸਵਾਲ ਭੇਜੇ ਗਏ ਹਨ, ਉਨ੍ਹਾਂ ਦੇ ਜਵਾਬ ਆਉਣ ਉੱਤੇ ਰਿਪੋਰਟ ਅਪਡੇਟ ਕਰ ਦਿੱਤੀ ਜਾਵੇਗੀ।

ਕੀ ਹਨ ਖ਼ਦਸ਼ੇ ਅਤੇ ਚਿੰਤਾਵਾਂ?

ਆਰਟੀਫਿਸ਼ੀਅਲ ਇੰਟੈਲਿਜੈਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਸਜੀਪੀਸੀ ਵੱਲੋਂ ਇਸ ਸਬੰਧੀ ਚੈਟਜੀਪੀਟੀ, ਗਰੋਕ, ਡੀਪਸੀਕ, ਜੈਮਿਨੀ ਸਣੇ ਹੋਰ ਏਆਈ ਪਲੈਟਫਾਰਮਜ਼ ਨੂੰ ਪੱਤਰ ਭੇਜਿਆ ਗਿਆ ਹੈ

ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਇਹ ਵੀ ਦਾਅਵਾ ਕਰ ਰਹੇ ਹਨ ਕਿ ਏਆਈ ਵੱਲੋਂ ਆਪਣੇ ਆਪ ਗੁਰਬਾਣੀ ਦੀਆਂ ਤੁਕਾਂ ਜਨਰੇਟ(ਘੜੀਆਂ) ਕੀਤੀਆਂ ਜਾ ਰਹੀਆਂ ਹਨ।

ਪੰਜਾਬ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਗੁਰੂ ਨਾਨਕ ਸਿੱਖ ਸਟੱਡੀਜ਼ ਵਿੱਚ ਰਿਸਰਚ ਸਕੌਲਰ ਪਰਮਵੀਰ ਸਿੰਘ ਨੇ ਦੱਸਿਆ, "ਕਈ ਲੋਕ ਜਿਨ੍ਹਾਂ ਵਿੱਚ ਨੌਜਵਾਨ ਵੀ ਸ਼ਾਮਲ ਹਨ ਉਹ ਏਆਈ ਦੀ ਵਰਤੋਂ ਵੱਖ-ਵੱਖ ਕਾਰਜਾਂ ਦੇ ਨਾਲ-ਨਾਲ ਗੁਰਬਾਣੀ ਦੇ ਅਰਥ ਜਾਣਨ ਲਈ ਵੀ ਕਰਦੇ ਹਨ।"

ਉਨ੍ਹਾਂ ਅੱਗੇ ਕਿਹਾ, "ਅਜਿਹੇ ਵਿੱਚ ਏਆਈ ਰਾਹੀਂ ਗਲਤ ਗੁਰਬਾਣੀ ਦੀਆਂ ਤੁਕਾਂ ਦੇ ਸਾਹਮਣੇ ਆਉਣ ਨਾਲ ਜਿਹੜੇ ਲੋਕ ਗੁਰਬਾਣੀ-ਰਚਨਾ ਬਾਰੇ ਨਹੀਂ ਜਾਣਦੇ ਉਹ ਗਲਤ ਤੁਕਾਂ ਨੂੰ ਹੀ ਅਸਲੀ ਮੰਨ ਸਕਦੇ ਹਨ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਤਸਵੀਰ ਸਰੋਤ, FB/SGPC

ਤਸਵੀਰ ਕੈਪਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਏਆਈ ਕੰਪਨੀਆਂ ਨੂੰ ਚਿੱਠੀ ਲਿਖੀ ਗਈ ਹੈ

ਏਆਈ ਚੈਟਬੋਟਸ ਕਿਵੇਂ ਕੰਮ ਕਰਦੇ ਹਨ? ਜੈਨਰੇਟਿਵ ਏਆਈ ਕੀ ਹੈ?

ਦਰਅਸਲ ਜੈਨਰੇਟਿਵ ਏਆਈ ਦੀ ਵਰਤੋਂ ਅਜਿਹਾ ਨਵਾਂ ਕੰਟੈਂਟ ਬਣਾਉਣ ਲਈ ਹੁੰਦੀ ਹੈ ਜੋ ਇਹੋ ਜਿਹਾ ਲੱਗੇ ਕਿ ਇਹ ਮਨੁੱਖ ਵੱਲੋਂ ਹੀ ਬਣਾਇਆ ਗਿਆ ਹੈ।

ਇਹ ਅਜਿਹਾ ਆਨਲਾਈਨ ਪਏ ਡੇਟਾ ਦੇ ਭੰਡਾਰ ਤੋਂ ਸਿੱਖ ਕੇ ਕਰਦਾ ਹੈ।

ਏਆਈ ਚੈਟਬੋਟਸ ਆਰੀਫੀਸ਼ੀਅਲ ਇੰਟੈਲੀਜੈਂਸ ਦੀ ਉਹ ਕਿਸਮ ਹਨ ਜੋ ਕਿ ਲਾਰਜ ਲੈਂਗੁਏਜ ਮਾਡਲ(ਐੱਲਐੱਲਐੱਮ) ਹਨ, ਇਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਡੇਟਾ ਨਾਲ ਸਿਖਲਾਈ ਦਿੱਤੀ ਜਾਂਦੀ ਹੈ।

ਏਆਈ ਮਾਹਰਾਂ ਦਾ ਕੀ ਕਹਿਣਾ ਹੈ?

ਬੰਗਲੁਰੂ ਵਿਚਲੀ ਇੱਕ ਇੰਡੀਪੈਂਡੇਂਟ ਲੈਬ ਵਿੱਚ ਏਆਈ ਰਿਸਰਚਰ ਵਜੋਂ ਕੰਮ ਕਰਦੇ ਧਰੁਵ ਤ੍ਰਿਹਾਨ ਨੇ ਏਆਈ ਚੈਟਬੋਟਸ ਬਾਰੇ ਗੱਲ ਕੀਤੀ।

ਉਨ੍ਹਾਂ ਦੱਸਿਆ ਕਿ ਚੈਟਬੋਟਸ 'ਟੋਕਨ ਪ੍ਰੀਡਿਕਸ਼ਨ' ਉੱਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਧਾਰਮਿਕ ਟੈਕਸਟ, ਗੁਰਬਾਣੀ ਜਾਂ ਬਾਈਬਲ ਬਾਰੇ ਸਮਝ ਨਹੀਂ ਹੁੰਦੀ। ਇਹ ਸਿਰਫ਼ ਇੱਕ ਲੜੀ ਵਿੱਚ ਅਗਲੇ ਟੋਕਨ ਜਾਂ ਸ਼ਬਦ ਬਾਰੇ ਅੰਦਾਜ਼ਾ ਲਾਉਂਦੇ ਹਨ ਤੇ ਨਤੀਜਿਆਂ ਦੇ ਰੂਪ ਵਿੱਚ ਜਵਾਬ ਸਾਡੇ ਸਾਹਮਣੇ ਆਉਂਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਲਾਰਜ ਲੈਂਗੁਇਜ ਮਾਡਲਜ਼ ਨੂੰ ਸਹੀ ਜਾਂ ਗਲਤ ਤੱਥਾਂ ਬਾਰੇ ਨਹੀਂ ਪਤਾ ਹੁੰਦਾ ਉਹ ਆਪਣੇ ਅੰਦਾਜ਼ੇ ਮੁਤਾਬਕ ਅਗਲਾ ਸ਼ਬਦ ਜਾਂ ਅੱਖਰ ਚੁਣਦੇ ਹਨ, ਉਹ ਸਹੀ ਤੋਂ ਪਰੇ ਵੀ ਹੋ ਸਕਦਾ ਹੈ।

ਏਆਈ ਮਾਡਲਜ਼ ਵੱਲੋਂ ਗਲਤ ਤੱਥਾਂ ਵਾਲੇ ਨਤੀਜੇ ਪੈਦਾ ਕਰਨ ਨੂੰ 'ਹੈਲੂਸੀਨੇਸ਼ਨ' ਕਿਹਾ ਜਾਂਦਾ ਹੈ।

ਆਰਟੀਫਿਸ਼ੀਅਲ ਇੰਟੈਲਿਜੈਂਸ

ਤਸਵੀਰ ਸਰੋਤ, Getty Images

ਯੂਨੀਵਰਸਿਟੀ ਆਫ ਕੈਲੀਫੌਰਨੀਆ (ਲੌਸ ਏਂਜਲਸ) ਤੋਂ ਏਆਈ ਵਿੱਚ ਪੀਐੱਚਡੀ ਕਰ ਚੁੱਕੇ ਸੰਦੀਪ ਸਿੰਘ ਸਾਧਾ ਨੇ ਦੱਸਿਆ, "ਏਆਈ, ਹੈਲੂਸੀਨੇਸ਼ਨ ਕਾਫੀ ਚੀਜ਼ਾਂ 'ਚ ਕਰਦੀ ਹੈ। ਗੁਰਬਾਣੀ ਵਿੱਚ ਹੈਲੂਸੀਨੇਸ਼ਨ ਬਹੁਤ ਦਿੱਕਤਾਂ ਪੈਦਾ ਕਰ ਦਿੰਦੀ ਹੈ ਕਿਉਂਕਿ ਇਸ ਨਾਲ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।"

ਸੰਦੀਪ ਸਿੰਘ ਅੱਜਕਲ੍ਹ ਪੰਜਾਬ ਵਿੱਚ ਏਆਈ ਐਕਸੇਲੈਂਸ ਪ੍ਰੋਗਰਾਮ ਨਾਮ ਦਾ ਪ੍ਰੋਜੈਕਟ ਚਲਾ ਰਹੇ ਹਨ ਤੇ ਸਕੂਲੀ ਬੱਚਿਆਂ ਨੂੰ ਏਆਈ ਬਾਰੇ ਸਿਖਲਾਈ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਕਈ ਵਾਰ ਮੈਡੀਕਲ ਸਾਇੰਸ ਨਾਲ ਸਬੰਧਤ ਚੀਜ਼ਾਂ ਪੁੱਛਦੇ ਹਾਂ ਤਾਂ ਉਹ ਚੀਜ਼ਾਂ ਵੀ ਨਤੀਜੇ ਵਜੋਂ ਆਉਂਦੀਆਂ ਹਨ ਜਿਨ੍ਹਾਂ ਦੀ ਹੋਂਦ ਹੀ ਨਹੀਂ ਹੁੰਦੀ।

ਉਨ੍ਹਾਂ ਦੱਸਿਆ ਕਿ ਹੈਲੂਸੀਨੇਸ਼ਨ ਨੂੰ ਖ਼ਤਮ ਕਰਨ ਲਈ ਕਾਫੀ ਕੰਮ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਏਆਈ ਅਸਲੀ ਟੈਕਸਟ ਤੋਂ ਸਿੱਖਦੀ ਹੈ ਪਰ ਉਸ ਨੇ ਪੂਰੀ ਤਰ੍ਹਾਂ ਯਾਦ ਨਹੀਂ ਕੀਤਾ ਹੋਇਆ। ਥੋੜ੍ਹੇ ਸਮੇਂ ਬਾਅਦ ਇਹ ਉਹ ਸਟਾਈਲ ਤੇ ਪੈਟਰਨ ਨਕਲ ਕਰਦੀ ਹੈ।

ਏਆਈ ਕੰਪਨੀਆਂ ਇਸ ਨੂੰ ਪੋਸਟ ਟ੍ਰੇਨਿੰਗ ਦੇ ਵਿੱਚ ਠੀਕ ਕਰ ਸਕਦੀਆਂ ਹਨ ਪਰ ਇਹ ਕਾਫੀ ਖਰਚੀਲਾ ਹੁੰਦਾ ਹੈ।

ਐੱਸਜੀਪੀਸੀ ਨੇ ਆਪਣੇ ਨੋਟਿਸ ਵਿੱਚ ਕੀ ਕਿਹਾ

ਆਰਟੀਫਿਸ਼ੀਅਲ ਇੰਟੈਲਿਜੈਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਆਈ ਮਾਡਲਜ਼ ਵੱਲੋਂ ਗਲਤ ਤੱਥਾਂ ਵਾਲੇ ਨਤੀਜੇ ਪੈਦਾ ਕਰਨ ਨੂੰ 'ਹੈਲੂਸੀਨੇਸ਼ਨ' ਕਿਹਾ ਜਾਂਦਾ ਹੈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਬੁਲਾਰੇ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਚਿੱਠੀ ਰਾਹੀਂ ਏਆਈ ਕੰਪਨੀਆਂ ਨੂੰ ਇਸ ਦਿੱਕਤ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਹੈ।

ਐੱਸਜੀਪੀਸੀ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਲਿਖਿਆ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ।"

"ਜਿਨ੍ਹਾਂ ਏਆਈ ਪਲੇਟਫਾਰਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਹੈ, ਉਨ੍ਹਾਂ ਵਿੱਚ ਚੈਟ ਜੀਪੀਟੀ, ਡੀਪਸੀਕ, ਗਰੋਕ,ਜੈਮਿਨੀ ਏਆਈ, ਮੈਟਾ, ਗੂਗਲ, ਵੀਓ 3, ਡਿਸਕਰਿਪਟ, ਰਨਵੇਅ ਐਮਐਲ, ਪਿਕਟੋਰੀ, ਮਜਿਸਟੋ, ਇਨਵੀਡਿਓ, ਡੈਲ-ਈ 2, ਮਿਡਜਰਨੀ, ਡੀਪਏਆਈ ਅਤੇ ਹੋਰ ਸ਼ਾਮਲ ਹਨ।"

ਐੱਸਜੀਪੀਸੀ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ, "ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਹਨ, ਜਿਸ ਅੰਦਰ ਦਰਜ ਗੁਰਬਾਣੀ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ, ਪ੍ਰੰਤੂ ਅਜਿਹੀਆਂ ਐਪਸ ਗੁਰਬਾਣੀ ਦੀਆਂ ਪਾਵਨ ਪੰਗਤੀਆਂ ਨੂੰ ਗ਼ਲਤ ਤਰੀਕੇ ਨਾਲ ਦਰਸਾ ਰਹੀਆਂ ਹਨ, ਜੋ ਗੁਰਬਾਣੀ ਦੀ ਬੇਅਦਬੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)