ਕਾਮੁਕ ਏਆਈ ਸਮੱਗਰੀ ਬਣਾਉਣ ਲਈ ਕਿਵੇਂ ਇੱਕ ਭਾਰਤੀ ਔਰਤ ਦੀ ਪਛਾਣ ਚੋਰੀ ਕੀਤੀ ਗਈ

ਤਸਵੀਰ ਸਰੋਤ, Babydoll Archi
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਇੰਸਟਾਗ੍ਰਾਮ ਅਕਾਉਂਟ ਸੈਨਸੇਸ਼ਨ ਬੇਬੀਡਾਲ ਆਰਚੀ ਦੇ ਫਾਲੋਅਰਜ਼ ਦੀ ਗਿਣਤੀ ਦੁੱਗਣੀ ਹੋ ਕੇ 14 ਲੱਖ ਤੱਕ ਪਹੁੰਚ ਗਈ। ਇਸ ਦਾ ਕਾਰਨ ਸੀ ਕੁਝ ਵੀਡੀਓਜ਼ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਣਾ।
ਇੱਕ ਵੀਡੀਓ ਉਹ ਸੀ ਜਿਸ ਵਿੱਚ ਉਸ ਨੂੰ ਇੱਕ ਲਾਲ ਸਾੜੀ ਵਿੱਚ ਇੱਕ ਰੋਮਾਨੀਆਈ ਗੀਤ 'ਡੇਮ ਉਨ ਗਰ' 'ਤੇ ਮਨਮੋਹਕ ਢੰਗ ਨਾਲ ਨੱਚਦੇ ਹੋਏ ਦਿਖਾਇਆ ਗਿਆ ਸੀ।
ਇੱਕ ਹੋਰ ਪੋਸਟ ਵਿੱਚ ਪਲੇਟਫਾਰਮ 'ਤੇ ਪੋਸਟ ਕੀਤੀ ਗਈ ਇੱਕ ਫੋਟੋ ਵਿੱਚ ਉਸਨੂੰ ਅਮਰੀਕੀ ਐਡਲਟ ਫ਼ਿਲਮ ਸਟਾਰ ਕੇਂਡਰਾ ਲਸਟ ਨਾਲ ਪੋਜ਼ ਦਿੰਦੇ ਹੋਏ ਦਿਖਾਇਆ ਗਿਆ ਹੈ।
ਅਚਾਨਕ ਹਰ ਕੋਈ ਉਸ ਬਾਰੇ ਜਾਣਨਾ ਚਾਹੁੰਦਾ ਸੀ ਅਤੇ ਬੇਬੀਡਾਲ ਆਰਚੀ ਨਾਮ ਗੂਗਲ ਸਰਚ ਵਿੱਚ ਟ੍ਰੈਂਡ ਕਰਨ ਲੱਗਿਆ ਅਤੇ ਅਣਗਿਣਤ ਮੀਮਜ਼ ਅਤੇ ਪ੍ਰਸ਼ੰਸਕ ਇਸ ਅਕਾਉਂਟ 'ਤੇ ਆਉਣ ਲੱਗੇ।
ਪਰ ਇਸ ਨਾਲ ਇੱਕ ਮੁੱਦਾ ਜੁੜਿਆ ਹੋਇਆ ਸੀ, ਇਸ ਆਨਲਾਈਨ ਸਨਸਨੀ ਪਿੱਛੇ ਕੋਈ ਅਸਲੀ ਔਰਤ ਨਹੀਂ ਸੀ। ਇਸ ਬਾਰੇ ਭੇਦ ਹੌਲੀ-ਹੌਲੀ ਖੁੱਲ੍ਹਣ ਲੱਗੇ।
ਡੀਪਫ਼ੇਕ ਦਾ ਮਾਮਲਾ

ਤਸਵੀਰ ਸਰੋਤ, Reuters
ਇਹ ਇੰਸਟਾਗ੍ਰਾਮ ਅਕਾਊਂਟ ਫ਼ੇਕ ਸੀ, ਹਾਲਾਂਕਿ ਇਸ ਵਿੱਚ ਵਰਤਿਆ ਗਿਆ ਚਿਹਰਾ ਇੱਕ ਅਸਲੀ ਔਰਤ ਨਾਲ ਅਜੀਬ ਤਰੀਕੇ ਨਾਲ ਮਿਲਦਾ-ਜੁਲਦਾ ਸੀ।
ਇਹ ਅਸਾਮ ਦੇ ਡਿਬਰੂਗੜ੍ਹ ਸ਼ਹਿਰ ਦੀ ਇੱਕ ਘਰੇਲੂ ਔਰਤ ਸੀ ਜਿਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਅਸੀਂ ਉਸ ਨੂੰ 'ਸਾਂਚੀ' ਨਾਮ ਨਾਲ ਸੰਬੋਧਿਤ ਕਰਾਂਗੇ।
ਸੱਚਾਈ ਉਦੋਂ ਖੁੱਲ੍ਹ ਗਈ ਜਦੋਂ ਉਸਦੇ ਭਰਾ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਸਾਂਚੀ ਦੇ ਸਾਬਕਾ ਬੁਆਏਫ੍ਰੈਂਡ, ਪ੍ਰਤਿਮ ਬੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਂਚ ਦੀ ਅਗਵਾਈ ਕਰ ਰਹੇ ਸੀਨੀਅਰ ਪੁਲਿਸ ਅਧਿਕਾਰੀ ਸਿਜ਼ਲ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ ਕਿ ਸਾਂਚੀ ਅਤੇ ਬੋਰਾ ਵਿੱਚ ਝਗੜਾ ਹੋਇਆ ਸੀ। ਇਸ ਤੋਂ ਬਾਅਦ ਬੋਰਾ ਨੇ ਉਸ ਦਾ ਏਆਈ ਰੂਪ ਬਣਾਇਆ ਸੀ। ਉਹ ਉਸ ਤੋਂ 'ਬਦਲਾ' ਲੈਣਾ ਚਾਹੁੰਦਾ ਸੀ।
ਅਗਰਵਾਲ ਨੇ ਕਿਹਾ ਕਿ ਬੋਰਾ, ਇੱਕ ਮਕੈਨੀਕਲ ਇੰਜੀਨੀਅਰ ਅਤੇ ਇੱਕ ਸਵੈ-ਸਿਖਿਅਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਾਹਰ ਹੈ। ਉਸ ਨੇ ਇੱਕ ਜਾਅਲੀ ਪ੍ਰੋਫਾਈਲ ਬਣਾਉਣ ਲਈ ਸਾਂਚੀ ਦੀਆਂ ਨਿੱਜੀ ਤਸਵੀਰਾਂ ਦੀ ਵਰਤੋਂ ਕੀਤੀ।
ਬੋਰਾ ਹੁਣ ਹਿਰਾਸਤ ਵਿੱਚ ਹੈ ਅਤੇ ਉਨ੍ਹਾਂ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਬੀਬੀਸੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ ਅਤੇ ਜਦੋਂ ਉਹ ਗੱਲ ਕਰਨਗੇ ਤਾਂ ਇਸ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।
ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਹੋ ਫ਼ੇਕ ਅਕਾਉਂਟ ਬਣਾਉਣਾ

ਤਸਵੀਰ ਸਰੋਤ, Getty Images
ਬੇਬੀਡਾਲ ਆਰਚੀ 2020 ਵਿੱਚ ਬਣਾਈ ਗਈ ਸੀ ਅਤੇ ਪਹਿਲੀ ਵਾਰ ਕੋਈ ਪੋਸਟ ਮਈ 2021 ਵਿੱਚ ਅਪਲੋਡ ਕੀਤੀ ਗਈ ਸੀ।
ਅਗਰਵਾਲ ਨੇ ਕਿਹਾ ਕਿ ਸ਼ੁਰੂਆਤੀ ਫੋਟੋਆਂ ਉਨ੍ਹਾਂ ਦੀਆਂ ਅਸਲੀ ਤਸਵੀਰਾਂ ਸਨ ਜਿਨ੍ਹਾਂ ਨੂੰ ਕੁਝ ਬਦਲਿਆ ਗਿਆ ਸੀ।
"ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਬੋਰਾ ਨੇ ਏਆਈ ਸੰਸਕਰਣ ਬਣਾਉਣ ਲਈ ਚੈਟਜੀਪੀਟੀ ਅਤੇ ਡਿਜ਼ਾਈਨ ਵਰਗੇ ਟੂਲਸ ਦੀ ਵਰਤੋਂ ਕੀਤੀ। ਫਿਰ ਉਸ ਨੇ ਹੈਂਡਲ ਨੂੰ ਡੀਪ ਫ਼ੇਕ ਫੋਟੋਆਂ ਅਤੇ ਵੀਡੀਓਜ਼ ਨਾਲ ਭਰ ਦਿੱਤਾ।"
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਖਾਤੇ ਨੂੰ ਪਿਛਲੇ ਸਾਲ ਤੋਂ ਲਾਈਕਸ ਮਿਲਣੇ ਸ਼ੁਰੂ ਹੋ ਗਏ ਸਨ ਪਰ ਇਸ ਸਾਲ ਅਪ੍ਰੈਲ ਤੋਂ ਇਸ ਨੇ ਅਟ੍ਰੈਕਸ਼ਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ।
ਸਾਂਚੀ ਸੋਸ਼ਲ ਮੀਡੀਆ 'ਤੇ ਨਹੀਂ ਹੈ ਅਤੇ ਉਸ ਨੂੰ ਇਸ ਅਕਾਊਂਟ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਮੁੱਖ ਧਾਰਾ ਮੀਡੀਆ ਨੇ ਬੇਬੀ ਡੌਲ ਆਰਚੀ ਦੀ ਪ੍ਰੋਫਾਈਲਿੰਗ ਸ਼ੁਰੂ ਕੀਤੀ, ਉਸਨੂੰ 'ਇੱਕ ਇਨਫ਼ਲੂਐਂਸਰ' ਦੱਸਿਆ।
ਰਿਪੋਰਟਾਂ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਹ ਅਮਰੀਕੀ ਪੋਰਨ ਇੰਡਸਟਰੀ ਵਿੱਚ ਸ਼ਾਮਲ ਹੋ ਸਕਦੀ ਹੈ, ਯਕੀਨਨ ਉੱਤਰ-ਪੂਰਬੀ ਸੂਬੇ ਅਸਾਮ ਤੋਂ ਕਿਸੇ ਨਾਲ ਅਜਿਹਾ ਪਹਿਲੀ ਵਾਰ ਹੋ ਰਿਹਾ ਸੀ।
ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣਾ

ਤਸਵੀਰ ਸਰੋਤ, Getty Images
ਸਾਂਚੀ ਦੇ ਪਰਿਵਾਰ ਵੱਲੋਂ 11 ਜੁਲਾਈ ਦੀ ਰਾਤ ਨੂੰ ਪੁਲਿਸ ਨੂੰ ਦਿੱਤੀ ਗਈ ਦੋ ਪੈਰ੍ਹਿਆਂ ਦੀ ਛੋਟੀ ਸ਼ਿਕਾਇਤ ਦੇ ਨਾਲ ਸਬੂਤ ਵਜੋਂ ਕੁਝ ਫ਼ੋਟੋਆਂ ਅਤੇ ਵੀਡੀਓਜ਼ ਦੇ ਪ੍ਰਿੰਟਆਊਟ ਵੀ ਦਿੱਤੇ ਗਏ ਸਨ।
ਅਗਰਵਾਲ ਕਹਿੰਦੇ ਹਨ ਕਿ ਇਸ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਗਿਆ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਪਿੱਛੇ ਕੌਣ ਹੋ ਸਕਦਾ ਹੈ।
ਬੇਬੀਡਾਲ ਆਰਚੀ ਪੁਲਿਸ ਲਈ ਕੋਈ ਅਣਜਾਣ ਨਾਮ ਨਹੀਂ ਸੀ।
ਅਗਰਵਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਮੀਡੀਆ ਰਿਪੋਰਟਾਂ ਅਤੇ ਟਿੱਪਣੀਆਂ ਵੀ ਦੇਖੀਆਂ ਸਨ ਜਿਨ੍ਹਾਂ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਹ ਏਆਈ ਜ਼ਰੀਏ ਤਿਆਰ ਕੀਤੀ ਗਈ ਸੀ, ਪਰ ਅਜਿਹਾ ਕੋਈ ਸੰਕੇਤ ਨਹੀਂ ਸੀ ਕਿ ਇਹ ਕਿਸੇ ਅਸਲ ਵਿਅਕਤੀ 'ਤੇ ਅਧਾਰਤ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇੰਸਟਾਗ੍ਰਾਮ ਨੂੰ ਪੱਤਰ ਲਿਖ ਕੇ ਅਕਾਊਂਟ ਬਣਾਉਣ ਵਾਲੇ ਦੇ ਵੇਰਵੇ ਮੰਗੇ।

ਅਗਰਵਾਲ ਦੱਸਦੇ ਹਨ, "ਇੱਕ ਵਾਰ ਜਦੋਂ ਸਾਨੂੰ ਇੰਸਟਾਗ੍ਰਾਮ ਤੋਂ ਜਾਣਕਾਰੀ ਮਿਲੀ ਅਸੀਂ ਸਾਂਚੀ ਨੂੰ ਪੁੱਛਿਆ ਕਿ ਕੀ ਉਹ ਕਿਸੇ ਪ੍ਰਤੀਮ ਬੋਰਾ ਨੂੰ ਜਾਣਦੀ ਹੈ।"
"ਇੱਕ ਵਾਰ ਜਦੋਂ ਉਸ ਨੇ ਪੁਸ਼ਟੀ ਕੀਤੀ, ਤਾਂ ਅਸੀਂ ਉਸ ਦੇ ਗੁਆਂਢੀ ਜ਼ਿਲ੍ਹੇ ਤਿਨਸੁਕੀਆ ਵਿੱਚ ਉਸ ਵੱਲੋਂ ਦਿੱਤੇ ਪਤੇ ਬਾਰੇ ਜਾਣਕਾਰੀ ਇਕੱਠੀ ਕੀਤੀ। ਅਸੀਂ 12 ਜੁਲਾਈ ਦੀ ਸ਼ਾਮ ਨੂੰ ਬੋਰਾ ਗ੍ਰਿਫਤਾਰ ਕਰ ਲਿਆ।"
ਅਗਰਵਾਲ ਕਹਿੰਦੇ ਹਨ ਕਿ ਪੁਲਿਸ ਨੇ ਉਸਦਾ ਲੈਪਟਾਪ, ਮੋਬਾਈਲ ਫੋਨ, ਹਾਰਡ ਡਰਾਈਵ ਅਤੇ ਉਸਦੇ ਬੈਂਕ ਦਸਤਾਵੇਜ਼ ਜ਼ਬਤ ਕਰ ਲਏ ਹਨ ਕਿਉਂਕਿ ਉਸ ਨੇ ਸੋਸ਼ਲ ਮੀਡੀਆ ਅਕਾਉਂਟ ਦੀ ਮਾਨੇਟਾਈਜ਼ੇਸ਼ਨ ਹੋ ਚੁੱਕੀ ਸੀ।
"ਲਿੰਕਟ੍ਰੀ 'ਤੇ ਖਾਤੇ ਦੀਆਂ 3,000 ਸਬਸਕ੍ਰਿਪਸ਼ਨ ਸਨ ਅਤੇ ਸਾਡਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਤੋਂ 10 ਲੱਖ ਰੁਪਏ ਕਮਾਏ ਸਨ।"
ਅਗਰਵਾਲ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਉਸਨੇ ਆਪਣੀ ਗ੍ਰਿਫਤਾਰੀ ਤੋਂ ਸਿਰਫ਼ ਪੰਜ ਦਿਨਾਂ ਪਹਿਲਾਂ 300,000 ਰੁਪਏ ਕਮਾਏ ਸਨ।"
ਪੁਲਿਸ ਦਾ ਕਹਿਣਾ ਹੈ ਕਿ ਸਾਂਚੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਪਰ ਹੁਣ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕਾਉਂਸਲਿੰਗ ਮਿਲ ਰਹੀ ਹੈ ਅਤੇ ਉਹ ਬਿਹਤਰ ਹੋ ਰਹੇ ਹਨ।"
ਅਗਰਵਾਲ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਘਟਨਾਕ੍ਰਮ ਨੂੰ ਵਾਪਰਨ ਤੋਂ ਰੋਕਣ ਦਾ ਅਸਲ ਵਿੱਚ ਕੋਈ ਤਰੀਕਾ ਨਹੀਂ ਹੈ, ਪਰ ਜੇ ਅਸੀਂ ਪਹਿਲਾਂ ਕਾਰਵਾਈ ਕਰਦੇ, ਤਾਂ ਅਸੀਂ ਇਸ ਮਾਮਲੇ ਨੂੰ ਸੁਰਖ਼ੀਆਂ ਬਣਨ ਤੋਂ ਰੋਕ ਸਕਦੇ ਸੀ ਅਤੇ ਇਸ ਖ਼ਿਲਾਫ਼ ਕਾਰਵਾਈ ਵੀ ਕਰ ਸਕਦੇ ਸੀ।
"ਪਰ ਸਾਂਚੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਉਸਦੀ ਸੋਸ਼ਲ ਮੀਡੀਆ 'ਤੇ ਕੋਈ ਮੌਜੂਦਗੀ ਨਹੀਂ ਹੈ।"
ਉਸਦੇ ਪਰਿਵਾਰ ਨੂੰ ਵੀ ਇਸ ਅਕਾਉਂਟ ਉੱਤੇ ਬਲਾਕ ਕਰ ਦਿੱਤਾ ਗਿਆ ਸੀ।
ਅਗਰਵਾਲ ਕਹਿੰਦੇ ਹਨ ਕਿ ਪਰਿਵਾਰ ਨੂੰ ਇਸ ਦੇ ਵਾਇਰਲ ਹੋਣ ਤੋਂ ਬਾਅਦ ਹੀ ਸਾਰੇ ਘਟਨਾਕ੍ਰਮ ਦਾ ਪਤਾ ਲੱਗਿਆ ਸੀ।
ਸੋਸ਼ਲ ਮੀਡੀਆ ਸਾਈਟਸ ਦੀ ਭੂਮਿਕਾ

ਤਸਵੀਰ ਸਰੋਤ, Getty Images
ਮੈਟਾ ਨੇ ਇਸ ਮਾਮਲੇ ਬਾਰੇ ਬੀਬੀਸੀ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ, ਪਰ ਇਹ ਆਮ ਤੌਰ 'ਤੇ ਨਗਨਤਾ ਜਾਂ ਜਿਨਸੀ ਸਮੱਗਰੀ ਪੋਸਟ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਅਤੇ ਪਿਛਲੇ ਮਹੀਨੇ, ਸੀਬੀਐੱਸ ਨੇ ਰਿਪੋਰਟ ਦਿੱਤੀ ਕਿ ਉਸ ਨੇ ਅਸਲ ਲੋਕਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਜਿਨਸੀ ਤੌਰ 'ਤੇ ਸਪੱਸ਼ਟ ਡੀਪਫੇਕ ਬਣਾਉਣ ਲਈ ਵਰਤੇ ਜਾਣ ਵਾਲੇ ਏਆਈ ਟੂਲਸ ਨੂੰ ਉਤਸ਼ਾਹਿਤ ਕਰਨ ਵਾਲੇ ਕਈ ਇਸ਼ਤਿਹਾਰ ਹਟਾ ਦਿੱਤੇ ਹਨ।
ਬੇਬੀਡਾਲ ਆਰਚੀ ਦਾ ਇੰਸਟਾਗ੍ਰਾਮ ਅਕਾਊਂਟ ਜਿਸ 'ਤੇ 282 ਪੋਸਟਾਂ ਸਨ, ਹੁਣ ਜਨਤਾ ਲਈ ਉਪਲੱਬਧ ਨਹੀਂ ਹੈ।
ਹਾਲਾਂਕਿ, ਸੋਸ਼ਲ ਮੀਡੀਆ ਉਸ ਦੀਆਂ ਫ਼ੋਟੋਆਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ ਅਤੇ ਇੱਕ ਇੰਸਟਾਗ੍ਰਾਮ ਅਕਾਊਂਟ ਵਿੱਚ ਬਹੁਤ ਸਾਰੀਆ ਤਸਵੀਰਾਂ ਮੌਜੂਦ ਹਨ।
ਬੀਬੀਸੀ ਨੇ ਮੈਟਾ ਨੂੰ ਪੁੱਛਿਆ ਹੈ ਕਿ ਉਹ ਇਸ ਬਾਰੇ ਕੀ ਕਰਨ ਦੀ ਯੋਜਨਾ ਬਣਾ ਰਹੇ ਹਨ।
ਏਆਈ ਮਾਹਰ ਅਤੇ ਵਕੀਲ ਮੇਘਨਾ ਬੱਲ ਕਹਿੰਦੇ ਹਨ ਕਿ ਸਾਂਚੀ ਨਾਲ ਜੋ ਹੋਇਆ ਉਹ ਭਿਆਨਕ ਹੈ ਪਰ ਅਜਿਹਾ ਹੋਣ ਤੋਂ ਮੁਕੰਮਲ ਰੂਪ ਵਿੱਚ ਰੋਕਣਾ ਤਕਰੀਬਨ ਅਸੰਭਵ ਹੈ।
ਉਹ ਅਦਾਲਤ ਜਾ ਸਕਦੀ ਹੈ ਅਤੇ ਭੁੱਲ ਜਾਣ ਦੇ ਅਧਿਕਾਰ ਦੀ ਮੰਗ ਕਰ ਸਕਦੀ ਹੈ ਅਤੇ ਇੱਕ ਅਦਾਲਤ ਉਨ੍ਹਾਂ ਪ੍ਰੈਸ ਰਿਪੋਰਟਾਂ ਨੂੰ ਹਟਾਉਣ ਦਾ ਹੁਕਮ ਦੇ ਸਕਦੀ ਹੈ ਜਿਨ੍ਹਾਂ ਵਿੱਚ ਉਸਦਾ ਨਾਮ ਸੀ ਪਰ ਇੰਟਰਨੈੱਟ ਤੋਂ ਸਾਰੇ ਨਿਸ਼ਾਨ ਮਿਟਾਉਣਾ ਮੁਸ਼ਕਲ ਹੈ।
ਉਹ ਕਹਿੰਦੇ ਹਨ ਕਿ ਸਾਂਚੀ ਨਾਲ ਜੋ ਹੋਇਆ ਉਹੀ ਔਰਤਾਂ ਨਾਲ ਹਮੇਸ਼ਾ ਹੁੰਦਾ ਆਇਆ ਹੈ, ਜਿੱਥੇ ਉਨ੍ਹਾਂ ਦੀਆਂ ਫ਼ੋਟੋਆਂ ਅਤੇ ਵੀਡੀਓ ਬਦਲੇ ਵਜੋਂ ਪ੍ਰਸਾਰਿਤ ਕੀਤੇ ਜਾਂਦੇ ਹਨ।
ਬੱਲ ਕਹਿੰਦੇ ਹਨ, "ਏਆਈ ਦੇ ਕਾਰਨ ਹੁਣ ਇਹ ਕਰਨਾ ਬਹੁਤ ਸੌਖਾ ਹੋ ਗਿਆ ਹੈ, ਪਰ ਅਜਿਹੀਆਂ ਘਟਨਾਵਾਂ ਅਜੇ ਵੀ ਓਨੀਆਂ ਆਮ ਨਹੀਂ ਹਨ ਜਿੰਨੀਆਂ ਅਸੀਂ ਸੋਚਦੇ ਹਾਂ।"
"ਜਾਂ ਉਨ੍ਹਾਂ ਨੂੰ ਸਮਾਜਿਕ ਟੈਬੂ ਦੇ ਕਾਰਨ ਘੱਟ ਰਿਪੋਰਟ ਕੀਤਾ ਜਾ ਸਕਦਾ ਹੈ ਜਾਂ ਨਿਸ਼ਾਨਾ ਬਣਾਏ ਗਏ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੋ ਸਕਦਾ ਜਿਵੇਂ ਕਿ ਮੌਜੂਦਾ ਮਾਮਲੇ ਵਿੱਚ ਹੈ।"
"ਇਸਨੂੰ ਦੇਖ ਰਹੇ ਲੋਕਾਂ ਨੂੰ ਇਸਦੀ ਰਿਪੋਰਟ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਸਾਈਬਰ ਕ੍ਰਾਈਮ ਪੋਰਟਲ 'ਤੇ ਕਰਨ ਲਈ ਕੋਈ ਪ੍ਰੇਰਣਾ ਨਹੀਂ ਸੀ।"
ਪੁਲਿਸ ਨੇ ਬੋਰਾ ਖ਼ਿਲਾਫ਼ ਆਪਣੀ ਸ਼ਿਕਾਇਤ ਵਿੱਚ ਕਾਨੂੰਨ ਦੀਆਂ ਜਿਹੜੀਆਂ ਧਾਰਾਵਾਂ ਦੀ ਵਰਤੋਂ ਕੀਤੀ ਹੈ ਉਹ ਜਿਨਸੀ ਸ਼ੋਸ਼ਣ, ਅਸ਼ਲੀਲ ਸਮੱਗਰੀ ਦੀ ਵੰਡ, ਮਾਣਹਾਨੀ, ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਜਾਅਲਸਾਜ਼ੀ, ਰੂਪ ਧਾਰਨ ਕਰਕੇ ਧੋਖਾਧੜੀ ਅਤੇ ਸਾਈਬਰ ਅਪਰਾਧ ਨਾਲ ਸਬੰਧਤ ਹਨ।"
ਜੇਕਰ ਬੋਰਾ ਖ਼ਿਲਾਫ਼ ਅਪਰਾਧ ਸਾਬਤ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਇਸ ਮਾਮਲੇ ਨੇ ਹਾਲ ਹੀ ਦੇ ਦਿਨਾਂ ਵਿੱਚ ਸੋਸ਼ਲ ਮੀਡੀਆ 'ਤੇ ਵੀ ਗੁੱਸਾ ਪੈਦਾ ਕੀਤਾ ਹੈ, ਇਸ ਲਈ ਕੁਝ ਲੋਕਾਂ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨਾਂ ਦੀ ਮੰਗ ਕੀਤੀ ਹੈ।
ਬੱਲ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਦੀ ਨਿਗਰਾਨੀ ਲਈ ਕਾਫ਼ੀ ਕਾਨੂੰਨ ਹਨ, ਪਰ ਕੀ ਜਨਰੇਟਿਵ ਏਆਈ ਕੰਪਨੀਆਂ ਨਾਲ ਨਜਿੱਠਣ ਲਈ ਨਵੇਂ ਕਾਨੂੰਨਾਂ ਦੀ ਗੁੰਜਾਇਸ਼ ਹੈ, ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
"ਪਰ ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਡੀਪ ਫ਼ੇਕ ਹਮੇਸ਼ਾਂ ਮਾੜੇ ਨਹੀਂ ਹੁੰਦੇ ਅਤੇ ਕਾਨੂੰਨਾਂ ਨੂੰ ਧਿਆਨ ਨਾਲ ਤਿਆਰ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਲਈ ਹਥਿਆਰ ਬਣਾਇਆ ਜਾ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












