ਅਧਿਆਪਕਾ ਉੱਤੇ ਵਿਦਿਆਰਥੀ ਨੂੰ ਸ਼ਰਾਬ ਪਿਲਾ ਕੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ, ਜਾਣੋ ਪੂਰਾ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਸਹਿਯੋਗੀ
ਮੁੰਬਈ ਦੇ ਦਾਦਰ ਇਲਾਕੇ ਵਿੱਚ ਇੱਕ ਨਾਬਾਲਗ ਵਿਦਿਆਰਥੀ ਨਾਲ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇਲਜ਼ਾਮ ਉਸੇ ਵਿਦਿਆਰਥੀ ਦੀ ਅਧਿਆਪਕਾ ਉੱਤੇ ਲੱਗੇ ਹਨ।
ਦਾਦਰ ਪੁਲਿਸ ਨੇ 40 ਸਾਲਾ ਅਧਿਆਪਕਾ ਨੂੰ 16 ਸਾਲਾ ਵਿਦਿਆਰਥੀ ਦਾ ਵਾਰ-ਵਾਰ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਦਾਦਰ ਦੇ ਇੱਕ ਨਾਮਵਰ ਸਕੂਲ ਵਿੱਚ ਵਾਪਰੀ ਹੈ।
ਅਧਿਆਪਕਾ ਵਿਰੁੱਧ ਬੱਚਿਆਂ ਖ਼ਿਲਾਫ਼ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ (ਪੋਕਸੋ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਰਵਾਰ, 3 ਜੁਲਾਈ ਨੂੰ ਮੁੰਬਈ ਸੈਸ਼ਨ ਕੋਰਟ ਨੇ ਅਧਿਆਪਕਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਮਾਮਲੇ ਦੀ ਸੰਵੇਦਨਸ਼ੀਲਤਾ ਕਾਰਨ ਇਸ ਵਿੱਚ ਸ਼ਾਮਲ ਮਹਿਲਾ ਅਧਿਆਪਕਾ ਅਤੇ ਵਿਦਿਆਰਥੀ ਦਾ ਪਛਾਣ ਜ਼ਾਹਰ ਨਹੀਂ ਕੀਤੀ ਜਾ ਰਹੀ ਹੈ।
ਅਸਲ ਮਾਮਲਾ ਕੀ ਹੈ?

ਤਸਵੀਰ ਸਰੋਤ, Getty Images
ਮੁੰਬਈ ਪੁਲਿਸ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਪਰਿਵਾਰ ਨੇ 29 ਜੂਨ, 2025 ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਮੁੰਬਈ ਦੇ ਦਾਦਰ ਇਲਾਕੇ ਦੇ ਇੱਕ ਮਸ਼ਹੂਰ ਸਕੂਲ ਦੀ ਇੱਕ ਅਧਿਆਪਕਾ ਨੇ ਆਪਣੇ 16 ਸਾਲਾ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
ਅਧਿਆਪਕਾ ਵਿਰੁੱਧ ਪੋਸਕੋ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਧਿਆਪਕਾ ਨੂੰ 30 ਜੂਨ, 2025 ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ, ਅਧਿਆਪਕਾ ਪਿਛਲੇ ਇੱਕ ਸਾਲ ਤੋਂ ਪੀੜਤ ਵਿਦਿਆਰਥੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਹੀ ਸੀ। ਅਧਿਆਪਕਾ ਵਿਆਹੀ ਹੋਈ ਹੈ ਅਤੇ ਉਸਦੇ ਦੋ ਬੱਚੇ ਹਨ।
ਪੁਲਿਸ ਕੋਲ ਦਰਜ ਸ਼ਿਕਾਇਤ ਮੁਤਾਬਕ, ਮਾਪਿਆਂ ਨੇ ਦੱਸਿਆ ਹੈ ਕਿ 16 ਸਾਲਾ ਵਿਦਿਆਰਥੀ ਦਸੰਬਰ 2023 ਵਿੱਚ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਅਧਿਆਪਕਾ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ, ਉਹ ਕੁਝ ਮਹੀਨਿਆਂ ਤੱਕ ਤਕਰੀਬਨ ਰੋਜ਼ ਗੱਲਬਾਤ ਕਰਦੇ ਰਹੇ।
ਜ਼ਬਰਦਸਤੀ ਕਰਨ ਦੇ ਇਲਜ਼ਾਮ

ਤਸਵੀਰ ਸਰੋਤ, Getty Images
ਇਸ ਦੌਰਾਨ, ਮਾਪਿਆਂ ਨੇ ਆਪਣੀ ਪੁਲਿਸ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਕਿ ਅਧਿਆਪਕਾ ਨੇ ਪਹਿਲੀ ਵਾਰ ਜਨਵਰੀ 2024 ਨੂੰ ਆਪਣੀ ਕਾਰ ਵਿੱਚ ਇੱਕ ਸਫ਼ਰ ਦੌਰਾਨ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕੀਤਾ।
ਇਸ ਤੋਂ ਬਾਅਦ ਅਧਿਆਪਕਾ ਵਿਦਿਆਰਥਣ ਨੂੰ ਦੱਖਣੀ ਮੁੰਬਈ ਅਤੇ ਹਵਾਈ ਅੱਡਾ ਖੇਤਰ ਦੇ ਵੱਡੇ ਹੋਟਲਾਂ ਵਿੱਚ ਲੈ ਗਈ ਅਤੇ ਉੱਥੇ ਵਾਰ-ਵਾਰ ਉਸ ਨਾਲ ਜ਼ਬਰਦਸਤੀ ਕੀਤੀ। ਇਹ ਇਲਜ਼ਾਮ ਪੀੜਤ ਪਰਿਵਾਰ ਨੇ ਮੁਲਜ਼ਮ ਅਧਿਆਪਕਾ ਖ਼ਿਲਾਫ਼ ਲਗਾਏ ਹਨ।
ਹੌਲੀ-ਹੌਲੀ ਵਿਦਿਆਰਥੀ ਨੇ ਆਪਣੇ ਆਪ ਨੂੰ ਅਧਿਆਪਕਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਧਿਆਪਕਾ ਅਜੇ ਵੀ ਦੂਜੇ ਵਿਦਿਆਰਥੀਆਂ ਅਤੇ ਇੱਕ ਹੋਰ ਸਹਿਕਰਮੀ ਰਾਹੀਂ ਵਿਦਿਆਰਥੀ ਦੇ ਸੰਪਰਕ ਵਿੱਚ ਸੀ।
ਇਸ ਸਭ ਕਾਰਨ ਪੀੜਤ ਵਿਦਿਆਰਥੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਸੀ।
ਪੁਲਿਸ ਨੇ ਅਦਾਲਤ ਵਿੱਚ ਜਾਣਕਾਰੀ ਪੇਸ਼ ਕੀਤੀ ਕਿ ਅਧਿਆਪਕਾ ਵਿਦਿਆਰਥੀ ਨੂੰ ਸ਼ਰਾਬ ਪਿਲਾਉਂਦੀ ਸੀ ਅਤੇ ਉਸਨੂੰ ਤਣਾਅ ਦੂਰ ਕਰਨ ਵਾਲੀਆਂ ਗੋਲੀਆਂ ਵੀ ਦਿੰਦੀ ਸੀ।
"ਇਨ੍ਹਾਂ ਸਾਰੀਆਂ ਘਟਨਾਵਾਂ ਕਾਰਨ ਪੀੜਤ ਵਿਦਿਆਰਥੀ ਬਹੁਤ ਮਾਨਸਿਕ ਪੀੜਾ ਝੱਲ ਰਿਹਾ ਸੀ । ਉਸਨੇ ਹੌਲੀ-ਹੌਲੀ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਵਿਦਿਆਰਥੀ ਅਤੇ ਉਸਦੇ ਮਾਪਿਆਂ ਵਿਚਕਾਰ ਗੱਲਬਾਤ ਘੱਟ ਗਈ।"
"ਜਦੋਂ ਪਰਿਵਾਰ ਨੂੰ ਮੁੰਡੇ ਦੀ ਸਥਿਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨਾਲ ਗੱਲ ਕੀਤੀ। ਉਸ ਸਮੇਂ, ਵਿਦਿਆਰਥੀ ਨੇ ਆਪਣੇ ਮਾਪਿਆਂ ਸਾਹਮਣੇ ਅਧਿਆਪਕਾ ਨਾਲ ਆਪਣੇ ਰਿਸ਼ਤੇ ਨੂੰ ਕਬੂਲ ਕੀਤਾ ਅਤੇ ਕਿਹਾ ਕਿ ਉਹ ਪਰੇਸ਼ਾਨ ਸੀ।"

ਸਕੂਲ ਖ਼ਤਮ ਹੋਣ ਤੋਂ ਬਾਅਦ ਵੀ ਪਰੇਸ਼ਾਨੀ
ਪੁਲਿਸ ਮੁਤਾਬਕ ਸ਼ੁਰੂ ਵਿੱਚ, ਪਰਿਵਾਰ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਲੜਕਾ ਦਸਵੀਂ ਜਮਾਤ ਵਿੱਚ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਅਧਿਆਪਕਾ ਸਕੂਲ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਤੰਗ ਨਹੀਂ ਕਰੇਗੀ।
ਹਾਲਾਂਕਿ, ਮੁੰਡੇ ਦੇ ਪਾਸ ਹੋਣ ਅਤੇ ਸਕੂਲ ਛੱਡਣ ਤੋਂ ਬਾਅਦ ਵੀ ਅਧਿਆਪਕਾ ਉਸਦਾ ਪਿੱਛਾ ਕਰਦੀ ਰਹੀ ਅਤੇ ਉਸਨੂੰ ਤੰਗ ਕਰਦੀ ਰਹੀ।
ਇਸ ਲਈ, ਅੰਤ ਵਿੱਚ ਮਾਪਿਆਂ ਨੇ ਝਿਜਕਦੇ ਹੋਏ ਦਾਦਰ ਪੁਲਿਸ ਸਟੇਸ਼ਨ ਵਿੱਚ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ, ਇੱਕ ਕੇਸ ਦਰਜ ਕੀਤਾ ਗਿਆ ਅਤੇ ਮਾਮਲਾ ਸਾਹਮਣੇ ਆਇਆ।
ਮਾਮਲੇ ਦੀ ਸੰਵੇਦਨਸ਼ੀਲ ਪ੍ਰਕਿਰਤੀ ਦੇ ਕਾਰਨ ਪੁਲਿਸ ਦੀ ਗੁਪਤਤਾ

ਤਸਵੀਰ ਸਰੋਤ, Getty Images
ਪੁਲਿਸ ਨੇ ਅਧਿਆਪਕਾ ਵਿਰੁੱਧ ਪੋਕਸੋ ਐਕਟ ਦੀਆਂ ਧਾਰਾਵਾਂ 4, 6 ਅਤੇ 17 ਦੇ ਨਾਲ-ਨਾਲ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਦਾਦਰ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਬੀਬੀਸੀ ਮਰਾਠੀ ਟੀਮ ਨੇ ਇਸ ਸਬੰਧ ਵਿੱਚ ਦਾਦਰ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਰਾਜੇਂਦਰ ਆਵਹਾੜ ਨਾਲ ਸੰਪਰਕ ਕੀਤਾ। ਹਾਲਾਂਕਿ, ਮਾਮਲੇ ਦੀ ਸੰਵੇਦਨਸ਼ੀਲਤਾ ਦੇ ਕਾਰਨ ਉਨ੍ਹਾਂ ਨੇ ਹੋਰ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ।
28 ਜੂਨ ਨੂੰ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦੋ ਦਿਨ ਬਾਅਦ, ਅਧਿਆਪਿਕਾ ਨੂੰ ਦਾਦਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
3 ਜੁਲਾਈ ਨੂੰ ਮੁਲਜ਼ਿਮ ਅਧਿਆਪਕਾ ਨੂੰ ਇਸ ਮਾਮਲੇ ਵਿੱਚ ਮੁੰਬਈ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਤੋਂ ਬਾਅਦ ਦਾਦਰ ਪੁਲਿਸ, ਸਰਕਾਰੀ ਵਕੀਲ ਅਤੇ ਮੁਲਜ਼ਮ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਮੁਲਜ਼ਿਮ ਅਧਿਆਪਕਾ ਨੂੰ ਇੱਕ ਦਿਨ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।
ਪੁਲਿਸ ਅਤੇ ਸਰਕਾਰੀ ਵਕੀਲਾਂ ਨੇ ਮੰਗ ਕੀਤੀ ਸੀ ਕਿ ਉਸਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ਦਿੱਤੀ ਜਾਵੇ।
2 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ, ਮੁਲਜ਼ਮ ਅਧਿਆਪਕਾ ਦੇ ਵਕੀਲਾਂ ਨੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਅਧਿਆਪਕਾ ਦਾ ਇਲਾਜ ਮਨੋਵਿਗਿਆਨੀ ਤੋਂ ਕਰਵਾਇਆ ਜਾ ਰਿਹਾ ਹੈ।
3 ਜੁਲਾਈ ਨੂੰ, ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸਨੇ ਪਹਿਲਾਂ ਹੀ ਇੱਕ ਮਨੋਵਿਗਿਆਨੀ ਨਾਲ ਮੁਲਾਕਾਤ ਬੁੱਕ ਕਰ ਲਈ ਹੈ।
ਇਸ ਦਾ ਨੋਟਿਸ ਲੈਂਦੇ ਹੋਏ, ਮੁੰਬਈ ਸੈਸ਼ਨ ਅਦਾਲਤ ਨੇ ਮੁਲਜ਼ਿਮ ਅਧਿਆਪਕਾ ਨੂੰ ਸਿਰਫ਼ ਇੱਕ ਦਿਨ ਦੀ ਪੁਲਿਸ ਹਿਰਾਸਤ ਦਿੱਤੀ।
ਅਧਿਆਪਕਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ

ਤਸਵੀਰ ਸਰੋਤ, Getty Images
3 ਜੁਲਾਈ ਨੂੰ ਪੁਲਿਸ ਨੇ ਮੁਲਜ਼ਮ ਅਧਿਆਪਕਾ ਨੂੰ ਇੱਕ ਵਾਰ ਫਿਰ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ।
ਇਸ ਦੌਰਾਨ, ਸਾਰੇ ਪੱਖਾਂ ਦੀਆਂ ਦਲੀਲਾਂ ਤੋਂ ਬਾਅਦ, ਅਦਾਲਤ ਨੇ ਅਧਿਆਪਕਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਬੀਬੀਸੀ ਮਰਾਠੀ ਦੇ ਪ੍ਰਤੀਨਿਧੀਆਂ ਨੇ ਇਸ ਮਾਮਲੇ ਬਾਰੇ ਮੁਲਜ਼ਮ ਅਧਿਆਪਕਾ ਅਤੇ ਉਸਦੇ ਵਕੀਲਾਂ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਨ੍ਹਾਂ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਕਾਰਨ ਕੀਤੇ ਗਏ ਸੰਪਰਕ ਦਾ ਜਵਾਬ ਨਹੀਂ ਦਿੱਤਾ।
ਜੇਕਰ ਮੁਲਜ਼ਮ ਅਧਿਆਪਕਾ ਜਾਂ ਉਸਦੇ ਵਕੀਲ ਵੱਲੋਂ ਕੋਈ ਅਧਿਕਾਰਤ ਜਵਾਬ ਆਉਂਦਾ ਹੈ ਤਾਂ ਇਸ ਰਿਪੋਰਟ ਵਿੱਚ ਐਡ ਕਰ ਦਿੱਤਾ ਜਾਵੇਗਾ।
ਹਾਲਾਂਕਿ, ਇਹ ਪਤਾ ਲੱਗਾ ਹੈ ਕਿ ਮੁਲਜ਼ਮ ਅਧਿਆਪਕਾ ਦਾ ਵਕੀਲ ਇਸ ਮਾਮਲੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਜ਼ਮਾਨਤ ਲਈ ਅਰਜ਼ੀ ਦੇਵੇਗਾ।
ਅਧਿਆਪਕਾ ਦੇ ਵਕੀਲਾਂ ਨੇ ਉਸ ਦੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ।
ਕੀ ਹੈ ਪੋਕਸੋ ਐਕਟ?

ਤਸਵੀਰ ਸਰੋਤ, Getty Images
2012 ਵਿੱਚ ਪਾਸ ਕੀਤਾ ਗਿਆ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਸਕੋ) ਐਕਟ, ਜਿਨਸੀ ਹਿੰਸਾ ਅਤੇ ਜਿਨਸੀ ਸ਼ੋਸ਼ਣ, ਖ਼ਾਸ ਕਰਕੇ ਨਾਬਾਲਗ ਕੁੜੀਆਂ ਜਾਂ ਮੁੰਡਿਆਂ ਵਿਰੁੱਧ, ਦੀ ਪਰਿਭਾਸ਼ਾ ਅਤੇ ਕਾਨੂੰਨੀ ਪ੍ਰਕਿਰਿਆ ਅਤੇ ਸਜ਼ਾ ਨੂੰ ਪਰਿਭਾਸ਼ਿਤ ਕਰਦਾ ਹੈ।
ਭਾਰਤ ਸਰਕਾਰ ਨੇ 2012 ਵਿੱਚ ਬੱਚਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਅਤੇ ਪੋਰਨੋਗ੍ਰਾਫੀ ਵਰਗੇ ਅਪਰਾਧਾਂ ਤੋਂ ਬਚਾਉਣ ਲਈ ਇੱਕ ਮਜ਼ਬੂਤ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਲਈ ਇਹ ਐਕਟ ਪਾਸ ਕੀਤਾ ਸੀ।
ਪੋਕਸੋ ਐਕਟ ਦੀ ਧਾਰਾ 7 ਦੇ ਮੁਤਾਬਕ, "ਜੇਕਰ ਕੋਈ ਵਿਅਕਤੀ ਜਿਨਸੀ ਮਕਸਦਾਂ ਲਈ ਕਿਸੇ ਬੱਚੇ ਦੇ ਗੁਪਤ ਅੰਗਾਂ ਜਾਂ ਛਾਤੀ ਨੂੰ ਜ਼ਬਰਦਸਤੀ ਛੂੰਹਦਾ ਹੈ ਜਾਂ ਕਿਸੇ ਵੀ ਅਜਿਹੇ ਕੰਮ ਵਿੱਚ ਸ਼ਾਮਲ ਹੁੰਦਾ ਹੈ ਜਿਸ ਵਿੱਚ ਬਿਨ੍ਹਾਂ ਪ੍ਰਵੇਸ਼ ਦੇ ਸਰੀਰਕ ਸੰਬੰਧ ਸ਼ਾਮਲ ਹੁੰਦੇ ਹਨ, ਤਾਂ ਅਜਿਹਾ ਵਿਅਕਤੀ ਜਿਨਸੀ ਸ਼ੋਸ਼ਣ ਦਾ ਦੋਸ਼ੀ ਹੋਵੇਗਾ।"
ਇਸ ਕਾਨੂੰਨ ਮੁਤਾਬਕ, ਘੱਟੋ-ਘੱਟ ਸਜ਼ਾ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ (ਕੁਝ ਮਾਮਲਿਆਂ ਵਿੱਚ, ਮੌਤ ਦੀ ਸਜ਼ਾ) ਹੈ।
ਇਸ ਕਾਨੂੰਨ ਤਹਿਤ ਜ਼ਮਾਨਤ ਪ੍ਰਾਪਤ ਕਰਨਾ ਵੀ ਮੁਸ਼ਕਿਲ ਹੈ। ਇਸ ਤੋਂ ਇਲਾਵਾ ਇਹ ਮਾਮਲਾ ਫਾਸਟ-ਟਰੈਕ ਅਦਾਲਤ ਵਿੱਚ ਚੱਲਦਾ ਹੈ।
ਪੋਰਨੋਗ੍ਰਾਫੀ ਦੇ ਸੰਦਰਭ ਵਿੱਚ, ਬੱਚਿਆਂ ਨਾਲ ਸਬੰਧਤ ਪੋਰਨੋਗ੍ਰਾਫੀ ਦੇਖਣਾ ਜਾਂ ਇਸ ਤਰ੍ਹਾਂ ਦੀ ਸਮੱਗਰੀ ਰੱਖਣਾ ਵੀ ਇਸ ਕਾਨੂੰਨ ਦੇ ਤਹਿਤ ਅਪਰਾਧ ਮੰਨਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












