24 ਦਿਨ, ਕਈ ਮੌਤਾਂ ਅਤੇ ਇੱਕ ਪਿੰਡ ਦਾ ਰਹੱਸ: ਹਰਿਆਣਾ ਦੇ ਛਾਇੰਸਾ ਪਿੰਡ 'ਚ ਆਖਿਰ ਕੀ ਹੋਇਆ?

- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ, ਪਲਵਲ ਤੋਂ
- ਪੜ੍ਹਨ ਦਾ ਸਮਾਂ: 9 ਮਿੰਟ
ਸਵੇਰ ਦੀ ਠੰਢੀ ਹਵਾ 'ਚ ਫਜ਼ਰ ਦੀ ਅਜ਼ਾਨ ਦੀ ਮੱਠੀ-ਮੱਠੀ ਆਵਾਜ਼ ਆ ਰਹੀ ਸੀ। ਨਲਹੜ੍ਹ ਮੈਡੀਕਲ ਕਾਲਜ ਹਸਪਤਾਲ ਦੇ ਆਈਸੀਯੂ ਬਾਹਰ ਬੈਠੀ ਆਸ਼ੂਬੀ ਦੀਆਂ ਅੱਖਾਂ ਦਰਵਾਜ਼ੇ 'ਤੇ ਟਿਕੀਆਂ ਸਨ।
ਕੁਝ ਘੰਟੇ ਪਹਿਲਾਂ ਤੱਕ ਉਨ੍ਹਾਂ ਨੂੰ ਯਕੀਨ ਸੀ ਕਿ ਉਨ੍ਹਾਂ ਦਾ 14 ਸਾਲ ਦਾ ਪੁੱਤਰ ਸ਼ਾਰਿਕ ਜਲਦ ਠੀਕ ਹੋ ਜਾਵੇਗਾ। ਉਨ੍ਹਾਂ ਲਈ ਆਖ਼ਿਰ ਇਹ ਸਿਰਫ਼ ਬੁਖਾਰ ਹੀ ਤਾਂ ਸੀ।
ਪਰ ਉਸ ਸਵੇਰ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਉਹ ਹੌਲੀ ਜਿਹੀ ਆਵਾਜ਼ 'ਚ ਕਹਿੰਦੀ ਹੈ, "ਰਾਤ ਤੱਕ ਤਾਂ ਠੀਕ ਸੀ...ਸਵੇਰੇ ਦੇਖਿਆ ਤਾਂ ਡਾਕਟਰ ਪੰਪਿੰਗ ਕਰ ਰਹੇ ਸਨ।"
14 ਸਾਲ ਦੇ ਸ਼ਾਰਿਕ 25 ਜਨਵਰੀ ਨੂੰ ਅਚਾਨਕ ਬਿਮਾਰ ਹੋਣ ਤੋਂ ਪਹਿਲਾਂ ਬਿਲਕੁੱਲ ਠੀਕ ਸਨ। ਬੁਖਾਰ ਆਉਣ ਦੇ 48 ਘੰਟਿਆਂ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ। ਸ਼ਾਰਿਕ ਦਾ ਲੀਵਰ ਫੇਲ੍ਹ ਹੋ ਗਿਆ ਸੀ।
ਹਰਿਆਣਾ ਦੇ ਪਲਵਲ ਜ਼ਿਲ੍ਹੇ ਦਾ ਛਾਇੰਸਾ ਪਿੰਡ ਪਿਛਲੇ ਕੁਝ ਹਫ਼ਤਿਆਂ ਤੋਂ ਅਜਿਹੀਆਂ ਹੀ ਕਹਾਣੀਆਂ ਨਾਲ ਭਰਿਆ ਹੋਇਆ ਹੈ। ਅਚਾਨਕ ਬਿਮਾਰੀ, ਤੇਜ਼ੀ ਨਾਲ ਵਿਗੜਦੀ ਸਿਹਤ ਅਤੇ ਕੁਝ ਹੀ ਦਿਨਾਂ ਅੰਦਰ ਮੌਤ।
19 ਜਨਵਰੀ ਤੋਂ 11 ਫਰਵਰੀ ਵਿਚਾਲੇ ਛਾਇੰਸਾ 'ਚ ਘੱਟੋ-ਘੱਟ 15 ਮੌਤਾਂ ਹੋਈਆਂ, ਜਿਨ੍ਹਾਂ 'ਚ ਚਾਰ ਨਬਾਲਗ਼ ਬੱਚੇ ਹਨ। ਪ੍ਰਸ਼ਾਸਨ ਨੇ ਇਨ੍ਹਾਂ ਮੌਤਾਂ ਚੋਂ ਘੱਟੋ-ਘੱਟ 7 ਨੂੰ ਪੀਲੀਆ ਅਤੇ ਹੈਪੇਟਾਈਟਸ ਬੀ ਨਾਲ ਜੋੜਿਆ ਹੈ।
ਹੁਣ ਛਾਇੰਸਾ ਦੀ ਹਵਾ 'ਚ ਸਿਰਫ਼ ਧੂੜ ਹੀ ਨਹੀਂ ਬਲਕਿ ਬੇਭਰੋਸਗੀ ਅਤੇ ਡਰ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਪਿੰਡ 'ਚ ਡਰ ਅਤੇ ਸਵਾਲ

ਰਾਜਧਾਨੀ ਦਿੱਲੀ ਤੋਂ ਕਰੀਬ 90 ਕਿਲੋਮੀਟਰ ਦੂਰ ਛਾਇੰਸਾ ਪਿੰਡ ਦੀ ਆਬਾਦੀ ਕਰੀਬ 6 ਹਜ਼ਾਰ ਹੈ।
ਪਿੰਡ ਦੀਆਂ ਗਲੀਆਂ 'ਚ ਬੱਚੇ ਖੇਡ ਰਹੇ ਹਨ ਪਰ ਇੱਥੇ ਵੱਡੇ ਲੋਕਾਂ ਦੀਆਂ ਗੱਲਾਂ 'ਚ 'ਮੌਤ' ਅਤੇ 'ਡਰ' ਵਰਗੇ ਸ਼ਬਦ ਵਾਰ-ਵਾਰ ਸੁਣਾਈ ਦਿੰਦੇ ਹਨ।
ਜਨਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਪਿੰਡ 'ਚ ਅਚਾਨਕ ਕਈ ਲੋਕ ਬਿਮਾਰ ਪੈਣ ਲੱਗੇ। ਪਰਿਵਾਰਾਂ ਮੁਤਾਬਕ, ਸ਼ੁਰੂਆਤ ਅਕਸਰ ਬੁਖਾਰ ਨਾਲ ਹੁੰਦੀ ਸੀ, ਕੁਝ ਨੂੰ ਢਿੱਡ ਪੀੜ, ਕੁਝ ਨੂੰ ਪੀਲੀਆ ਵਰਗੇ ਲੱਛਣ ਹੁੰਦੇ ਸਨ ਫਿਰ ਅਚਾਨਕ ਤਬੀਅਤ ਵਿਗੜ ਜਾਂਦੀ ਸੀ।
11 ਸਾਲ ਦੇ ਹੁਜ਼ੈਫਾ ਦੀ ਮਾਂ ਦੱਸਦੀ ਹੈ, "ਇੱਕ ਦਿਨ ਬੁਖਾਰ ਆਇਆ ਸੀ। ਦਵਾਈ ਲਈ ਤਾਂ ਠੀਕ ਲੱਗ ਰਿਹਾ ਸੀ। ਉਸੇ ਰਾਤ ਤਬੀਅਤ ਵਿਗੜੀ ਗਈ। ਹਸਪਤਾਲ ਪਹੁੰਚੇ ਤਾਂ ਬੋਲੇ ਲੀਵਰ ਕੰਮ ਨਹੀਂ ਕਰ ਰਿਹਾ।"
ਡਾਕਟਰਾਂ ਨੇ ਲੀਵਰ ਟਰਾਂਸਪਲਾਂਟ ਦੀ ਸਲਾਹ ਦਿੱਤੀ ਤਾਂ ਹੁਜ਼ੈਫਾ ਦੀ ਮਾਂ ਤੁਰੰਤ ਤਿਆਰ ਹੋ ਗਈ ਪਰ ਉਸ ਲਈ ਵੀ ਸਮਾਂ ਨਹੀਂ ਸੀ।
ਅੱਖਾਂ 'ਚ ਹੰਝੂ ਲਈ ਉਹ ਕਹਿੰਦੀ ਹੈ, "ਮੈਂ ਆਪਣਾ ਲੀਵਰ ਦੇਣ ਨੂੰ ਤਿਆਰ ਸੀ ਪਰ ਬਾਅਦ ਵਿੱਚ ਡਾਕਟਰਾਂ ਨੇ ਕਿਹਾ ਕਿ ਬੱਚਾ ਹੁਣ ਨਹੀਂ ਬੱਚ ਸਕੇਗਾ।"
48 ਘੰਟਿਆਂ ਅੰਦਰ ਮੌਤ ਅਤੇ ਵੱਧਦੀ ਬੇਚੈਨੀ

ਟਿਨ ਪਏ ਅੱਧ ਬਣੇ ਮਕਾਨ ਦੇ ਖੁੱਲ੍ਹੇ ਦਰਵਾਜ਼ੇ 'ਤੇ ਮੋਟਾ ਪਰਦਾ ਦਿਖਾਈ ਦਿੰਦਾ ਹੈ।
22 ਸਾਲ ਦੇ ਦਿਲਸ਼ਾਦ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੀ ਪਤਨੀ ਹੁਣ ਇੱਦਤ ਕਰ ਰਹੀ ਹੈ।
ਦਿਲਸ਼ਾਦ ਚੇਨੱਈ 'ਚ ਕੰਮ ਕਰਦੇ ਸਨ ਅਤੇ 9 ਫਰਵਰੀ ਨੂੰ ਬੁਖਾਰ ਦੀ ਹਾਲਤ 'ਚ ਘਰ ਪਰਤੇ। ਪਰਿਵਾਰ ਨੇ ਪਹਿਲਾਂ ਪਿੰਡ 'ਚ ਹੀ ਇਲਾਜ ਕਰਵਾਇਆ ਅਤੇ ਫਿਰ ਨਲਹੜ੍ਹ ਮੈਡੀਕਲ ਕਾਲਜ ਲੈ ਗਏ।
ਉਨ੍ਹਾਂ ਦੀ ਮਾਂ ਕਹਿੰਦੀ ਹੈ, "ਆਈਸੀਯੂ 'ਚ ਰੱਖਿਆ...48 ਘੰਟਿਆਂ ਅੰਦਰ ਹੀ ਸਭ ਖ਼ਤਮ ਹੋ ਗਿਆ।"
ਉਨ੍ਹਾਂ ਦੇ ਪਿਤਾ ਹਕੀਮੁੱਦੀਨ ਕਹਿੰਦੇ ਹਨ, "ਅਸੀਂ ਅਜਿਹਾ ਕਦੇ ਨਹੀਂ ਦੇਖਿਆ। ਬੁਖਾਰ ਆਵੇ ਅਤੇ 4-5 ਦਿਨਾਂ ਅੰਦਰ ਹੀ ਆਦਮੀ ਖ਼ਤਮ।"
ਦਿਲਸ਼ਾਦ ਦਾ ਵੀ ਮਰਨ ਵਾਲੇ ਬਾਕੀ ਲੋਕਾਂ ਵਾਂਗ ਹੀ ਲੀਵਰ ਫੇਲ੍ਹ ਹੋਇਆ ਸੀ।

ਪਿੰਡ 'ਚ ਮੌਤਾਂ ਦੀ ਗਿਣਤੀ ਨੂੰ ਲੈ ਕੇ ਵੱਖ-ਵੱਖ ਗੱਲਾਂ ਵੀ ਸੁਣਾਈ ਦਿੰਦੀਆਂ ਹਨ। ਕੁਝ ਲੋਕ ਕਹਿੰਦੇ ਹਨ 15 ਤਾਂ ਕੁਝ 20 ਤੱਕ ਮੌਤਾਂ ਦਾ ਦਾਅਵਾ ਕਰਦੇ ਹਨ।
ਬੀਬੀਸੀ ਨਿਊਜ਼ ਹਿੰਦੀ ਨੂੰ 19 ਜਨਵਰੀ ਤੋਂ 11 ਫਰਵਰੀ ਵਿਚਾਲੇ ਪਿੰਡ 'ਚ ਘੱਟੋ-ਘੱਟ 15 ਮੌਤਾਂ ਦਾ ਪਤਾ ਲੱਗਾ ਹੈ, ਜਿਨ੍ਹਾਂ 'ਚ ਕਈ ਬਜ਼ੁਰਗ ਸਨ ਜਿਨ੍ਹਾਂ ਦੀ ਮੌਤ ਘਰ 'ਚ ਹੀ ਬਿਮਾਰੀ ਨਾਲ ਹੋਈ।
ਪਰ ਪ੍ਰਸ਼ਾਸਨ ਮੁਤਾਬਕ, ਘੱਟੋ-ਘੱਟ 7 ਮੌਤਾਂ ਅਚਾਨਕ ਬਿਮਾਰ ਪੈਣ ਨਾਲ ਹੋਈਆਂ ਹਨ ਅਤੇ ਅਜੇ ਤੱਕ ਇਨ੍ਹਾਂ ਮੌਤਾਂ ਦੇ ਸਪੱਸ਼ਟ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਇੱਥੋਂ ਹੀ ਸ਼ੁਰੂ ਹੁੰਦੀ ਹੈ- ਜਾਂਚ ਅਤੇ ਖੜ੍ਹੇ ਹੁੰਦੇ ਹਨ ਕਈ ਸਵਾਲ ਵੀ
ਪ੍ਰਸ਼ਾਸਨ ਕੀ ਕਰ ਰਿਹਾ ਹੈ?


ਸਿਹਤ ਵਿਭਾਗ ਨੇ 2 ਫਰਵਰੀ ਤੋਂ ਪਿੰਡ 'ਚ ਸਿਹਤ ਕੈਂਪ ਲਗਾਇਆ ਹੈ ਅਤੇ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ। ਖੂਨ ਦੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਜਾਂਚ ਕੀਤੀ ਜਾ ਸਕੇ।
ਸਹਾਇਕ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਸੰਜੈ ਸ਼ਰਮਾ ਦੱਸਦੇ ਹਨ, "ਕਰੀਬ 1100 ਸੈਂਪਲ ਲਏ ਗਏ ਹਨ। 2100 ਤੋਂ ਵੱਧ ਘਰਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ।"
ਉਹ ਕਹਿੰਦੇ ਹਨ, "ਅਸੀਂ ਪਿੰਡ ਵਿੱਚ ਕਲੋਰੀਨੇਸ਼ਨ ਵੀ ਕੀਤਾ ਹੈ, ਬਿਮਾਰੀ ਤੋਂ ਬਚਾਅ ਲਈ ਹੈਪੇਟਾਈਟਸ-ਬੀ ਦੀ ਵੈਕਸੀਨ ਵੀ 209 ਲੋਕਾਂ ਨੂੰ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਪਾਣੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਹੈਵੀ ਮੈਟਲ ਟੈਸਟ ਕੀਤੇ ਗਏ ਹਨ।"
ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਹਰੀਸ਼ ਵਸ਼ਿਸ਼ਠ ਕਹਿੰਦੇ ਹਨ, "ਹੁਣ ਤੱਕ ਸੱਤ ਮੌਤਾਂ ਹੋਈਆਂ ਹਨ, ਮਰਨ ਵਾਲਿਆਂ ਵਿੱਚੋਂ ਚਾਰ ਕੇਸ ਹੈਪੇਟਾਈਟਸ-ਬੀ ਪੌਜ਼ੀਟਿਵ ਸਨ। ਇਸ ਤੋਂ ਇਲਾਵਾ ਜਾਂਚ ਦੌਰਾਨ ਪਿੰਡ ਵਿੱਚ 17 ਹੈਪੇਟਾਈਟਸ-ਸੀ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ।"
ਪਰ ਪ੍ਰਸ਼ਾਸਨ ਦੇ ਦਾਅਵਿਆਂ ਅਤੇ ਪਿੰਡ ਵਾਸੀਆਂ ਦੀ ਬੇਚੈਨੀ ਵਿਚਾਲੇ ਇੱਕ ਦੂਰੀ ਮਹਿਸੂਸ ਹੁੰਦੀ ਹੈ।
ਪਿੰਡ ਵਾਸੀ ਪੁੱਛ ਰਹੇ ਹਨ, ਜੇ ਬਿਮਾਰੀ ਪਹਿਲਾਂ ਤੋਂ ਸੀ ਤਾਂ ਅਚਾਨਕ ਇੰਨੀਆਂ ਮੌਤਾਂ ਕਿਉਂ ਹੋਈਆਂ?
ਕੀ ਪਾਣੀ ਮੌਤਾਂ ਦੀ ਵਜ੍ਹਾ ਹੈ?

ਛਾਇੰਸਾ ਵਿੱਚ ਜ਼ਮੀਨੀ ਪਾਣੀ ਮਿੱਠਾ ਨਹੀਂ ਹੈ। ਪਿੰਡ ਵਿੱਚ ਲਗਭਗ ਹਰ ਘਰ ਦੇ ਬਾਹਰ ਪਾਣੀ ਦੇ ਟੈਂਕਰ ਨਜ਼ਰ ਆਉਂਦੇ ਹਨ।
ਸ਼ਾਰਿਕ ਦੀ ਮਾਂ ਆਸ਼ੂਬੀ ਇੱਕ ਬਾਲਟੀ ਚੋਂ ਪਾਣੀ ਕੱਢ ਕੇ ਦਿਖਾਉਂਦੇ ਹੋਏ ਕਹਿੰਦੀ ਹੈ, "ਪੀਣ ਵਾਲਾ ਪਾਣੀ ਖਰੀਦਣਾ ਪੈਂਦਾ ਹੈ।"
ਉਹ ਹਰ ਰੋਜ਼ ਪਿੰਡ ਦੇ ਇੱਕ ਟੈਂਕ ਤੋਂ ਦੋ ਬਾਲਟੀਆਂ ਪਾਣੀ ਭਰ ਕੇ ਲਿਆਉਂਦੀ ਹੈ।
ਘਰਾਂ ਤੱਕ ਪਾਈਪਲਾਈਨ ਤਾਂ ਵਿਛੀ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਉਸ ਵਿੱਚ ਪੀਣ ਯੋਗ ਪਾਣੀ ਨਹੀਂ ਆਉਂਦਾ।
ਦਿਲਸ਼ਾਦ ਦੇ ਪਿਤਾ ਹਕੀਮੁੱਦੀਨ ਕਹਿੰਦੇ ਹਨ, "ਮੌਤਾਂ ਦੀ ਇੱਕ ਵਜ੍ਹਾ ਪਾਣੀ ਵੀ ਹੋ ਸਕਦਾ ਹੈ। ਸਾਡੇ ਪਿੰਡ ਵਿੱਚ ਲੋਕ ਬਾਸੀ ਪਾਣੀ ਪੀਂਦੇ ਹਨ। ਇੱਕ ਵਾਰ ਟੈਂਕ ਵਿੱਚ ਪਾਣੀ ਭਰਵਾਉਂਦੇ ਹਨ ਅਤੇ ਮਹੀਨਾ ਭਰ ਉਸੇ 'ਤੇ ਗੁਜ਼ਾਰਾ ਕਰਨਾ ਪੈਂਦਾ ਹੈ।"
ਇਸ ਤੋਂ ਇਲਾਵਾ, ਛਾਇੰਸਾ ਪਿੰਡ ਦੇ ਨੇੜੇ ਭਰਿਆ ਪਾਣੀ ਵੀ ਇੱਕ ਵੱਡੀ ਸਮੱਸਿਆ ਹੈ। ਪਿੰਡ ਦੇ ਬਾਹਰ ਇੱਕ ਵੱਡੇ ਇਲਾਕੇ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੈ।
ਪਿੰਡ ਦੇ ਨੇੜਿਓਂ ਲੰਘਦੀ ਗੁਰੂਗ੍ਰਾਮ ਨਹਿਰ 'ਤੇ ਖੜ੍ਹ ਕੇ ਪਾਣੀ ਨੂੰ ਵੇਖਣ 'ਤੇ ਸਾਫ਼ ਸਮਝ ਆਉਂਦਾ ਹੈ ਕਿ ਲੋਕ ਚਿੰਤਤ ਕਿਉਂ ਹਨ। ਪਾਣੀ ਕਾਲਾ ਅਤੇ ਬਦਬੂਦਾਰ ਹੈ।

ਸਥਾਨਕ ਕਾਰਕੁੰਨ ਰਾਮੇਸ਼ਵਰ ਕਹਿੰਦੇ ਹਨ, "ਇਸ ਵਿੱਚ ਉਦਯੋਗਿਕ ਕੈਮੀਕਲ ਆਉਂਦਾ ਹੈ। ਜੇ ਪਾਣੀ ਵਿੱਚ ਹੱਥ ਪਾਓ ਤਾਂ ਖੁਜਲੀ ਹੋ ਜਾਂਦੀ ਹੈ। ਛਾਇੰਸਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ 50 ਹਜ਼ਾਰ ਏਕੜ ਜ਼ਮੀਨ ਮੀਂਹ ਦੇ ਪਾਣੀ ਵਿੱਚ ਡੁੱਬੀ ਹੋਈ ਹੈ। ਪਾਣੀ ਇੱਥੋਂ ਬਾਹਰ ਨਿਕਲ ਹੀ ਨਹੀਂ ਪਾਉਂਦਾ।"
ਕੀ ਇਸ ਪਾਣੀ ਦਾ ਲੀਵਰ ਦੀ ਬਿਮਾਰੀ ਨਾਲ ਕੋਈ ਸੰਬੰਧ ਹੈ? ਪ੍ਰਸ਼ਾਸਨ ਅਜੇ ਇਸ ਦੀ ਪੁਸ਼ਟੀ ਨਹੀਂ ਕਰਦਾ।
ਹਾਲਾਂਕਿ, ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਹਰੀਸ਼ ਵਸ਼ਿਸ਼ਠ ਕਹਿੰਦੇ ਹਨ, "ਅਸੀਂ ਪਾਣੀ ਦੇ ਟੈਸਟ ਕਰਵਾਏ ਹਨ, ਅਜੇ ਰਿਪੋਰਟ ਨਹੀਂ ਆਈ ਹੈ।"
ਪਿੰਡ ਦੇ ਬਾਹਰ ਬਰਸਾਤੀ ਪਾਣੀ ਜਮ੍ਹਾਂ ਹੈ। ਖੇਤਾਂ ਵਿੱਚ ਪਾਣੀ ਭਰਿਆ ਹੈ। ਕੁਝ ਕਿਸਾਨ ਦੱਸਦੇ ਹਨ ਕਿ ਖੇਤੀ ਪ੍ਰਭਾਵਿਤ ਹੋ ਚੁੱਕੀ ਹੈ।
ਇੱਕ ਸਥਾਨਕ ਵਿਅਕਤੀ ਕਹਿੰਦਾ ਹੈ, "12 ਮਹੀਨੇ ਪਾਣੀ ਖੜ੍ਹਾ ਰਹਿੰਦਾ ਹੈ। ਖੇਤੀ ਖ਼ਤਮ ਹੋ ਗਈ।"
ਪਿੰਡ ਦੀ ਭੂਗੋਲਿਕ ਸਥਿਤੀ ਅਤੇ ਵਾਤਾਵਰਣੀ ਬਦਲਾਅ ਬਿਮਾਰੀ ਦੀ ਕਹਾਣੀ ਵਿੱਚ ਇੱਕ ਨਵੀਂ ਪਰਤ ਜੋੜਦੇ ਹਨ।
ਸਥਾਨਕ ਕਾਂਗਰਸ ਵਿਧਾਇਕ ਦੇ ਪੁੱਤਰ ਨਾਜ਼ਿਮ ਚੌਧਰੀ ਕਹਿੰਦੇ ਹਨ, "ਇਸ ਸਮੱਸਿਆ ਦੀ ਜੜ੍ਹ ਨਹਿਰ ਵਿੱਚ ਆ ਰਿਹਾ ਪ੍ਰਦੂਸ਼ਿਤ ਪਾਣੀ ਹੈ। ਉਦਯੋਗਿਕ ਵੇਸਟ ਦੀ ਵਜ੍ਹਾ ਨਾਲ ਇਲਾਕੇ ਦੀ ਜ਼ਮੀਨ ਵਿੱਚ ਇੱਕ ਪਰਤ ਬਣ ਗਈ ਹੈ ਅਤੇ ਜ਼ਮੀਨ ਪਾਣੀ ਸੋਖ ਨਹੀਂ ਪਾ ਰਹੀ। ਜਦੋਂ ਤੱਕ ਗੰਦਾ ਪਾਣੀ ਸਾਫ਼ ਨਹੀਂ ਹੋਵੇਗਾ, ਇੱਥੇ ਸਮੱਸਿਆਵਾਂ ਬਣੀਆਂ ਰਹਿਣਗੀਆਂ।"
ਬਜਟ ਦਾ ਇੰਤਜ਼ਾਰ

ਉਧਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਹਰੀਸ਼ ਵਸ਼ਿਸ਼ਠ ਦਾਅਵਾ ਕਰਦੇ ਹਨ ਕਿ ਸਰਕਾਰ ਲੋਕਾਂ ਤੱਕ ਸਾਫ਼ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ।
ਡਾਕਟਰ ਵਸ਼ਿਸ਼ਠ ਕਹਿੰਦੇ ਹਨ, "ਮੁੱਖ ਮੰਤਰੀ ਦਾ ਸਪੱਸ਼ਟ ਨਿਰਦੇਸ਼ ਹੈ ਕਿ ਜਿੱਥੇ ਵੀ ਇਸ ਤਰ੍ਹਾਂ ਦਾ ਪ੍ਰਦੂਸ਼ਿਤ ਪਾਣੀ ਆਉਂਦਾ ਹੈ, ਉੱਥੇ ਐਸਟੀਪੀਜ਼ ਬਣਾਏ ਜਾਣ। ਸਰਕਾਰ ਇਸ 'ਤੇ ਕੰਮ ਕਰ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪਾਣੀ ਸਾਫ਼ ਕਰਨ ਵਾਲੇ ਪਲਾਂਟ ਲਗਾਉਣ ਲਈ ਸਾਨੂੰ ਹੋਰ ਬਜਟ ਮਿਲੇਗਾ, ਤਾਂ ਜੋ ਪਾਣੀ ਨੂੰ ਸਾਫ਼ ਕਰਕੇ ਹੀ ਅੱਗੇ ਖੇਤਾਂ ਅਤੇ ਲੋਕਾਂ ਦੇ ਇਸਤੇਮਾਲ ਲਈ ਭੇਜਿਆ ਜਾ ਸਕੇ।"
ਪਰ ਨਾਜ਼ਿਮ ਚੌਧਰੀ ਕਹਿੰਦੇ ਹਨ ਕਿ ਜਦੋਂ ਤੱਕ ਦਿੱਲੀ ਤੋਂ ਆ ਰਿਹਾ ਪ੍ਰਦੂਸ਼ਿਤ ਪਾਣੀ ਬੰਦ ਨਹੀਂ ਹੋਵੇਗਾ, ਉਦੋਂ ਤੱਕ ਇਨ੍ਹਾਂ ਪਿੰਡਾਂ ਵਿੱਚ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ।
ਹਾਲਾਂਕਿ ਅਜਿਹੀ ਕੋਈ ਵਿਗਿਆਨਕ ਖੋਜ ਰਿਪੋਰਟ ਨਹੀਂ ਹੈ ਜੋ ਪਲਵਲ ਦੇ ਪਿੰਡਾਂ ਵਿੱਚ ਹੋ ਰਹੀਆਂ ਮੌਤਾਂ ਜਾਂ ਇਕੱਠੇ ਹੋਏ ਪਾਣੀ ਨੂੰ ਸਿੱਧੇ ਤੌਰ 'ਤੇ ਯਮੁਨਾ ਦਰਿਆ ਦੇ ਪ੍ਰਦੂਸ਼ਣ ਨਾਲ ਜੋੜਦੀ ਹੋਵੇ।
ਪਿੰਡ ਵਿੱਚ ਸਰਕਾਰੀ ਹਸਪਤਾਲ ਪਰ ਇਲਾਜ ਕਰ ਰਹੇ ਝੋਲਾਛਾਪ

ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਪ੍ਰਾਇਮਰੀ ਹੈਲਥ ਸੈਂਟਰ ਹੈ, ਜਿੱਥੇ ਜਾਣ ਵਾਲੀ ਸੜਕ ਕੱਚੀ ਹੈ।
ਪਿੰਡ ਵਾਸੀ ਕਹਿੰਦੇ ਹਨ ਕਿ ਡਾਕਟਰ ਨਿਯਮਿਤ ਤੌਰ 'ਤੇ ਨਹੀਂ ਮਿਲਦੇ।
ਮੁਸਤਕੀਮ ਨਾਂਅ ਦਾ ਇੱਕ ਪਿੰਡ ਵਾਸੀ ਕਹਿੰਦਾ ਹੈ, "ਇੱਥੇ ਪਹੁੰਚਣ ਦਾ ਰਸਤਾ ਹੀ ਪਾਣੀ ਨਾਲ ਭਰਿਆ ਰਹਿੰਦਾ ਹੈ। ਲੋਕ ਕਿਸੇ ਤਰ੍ਹਾਂ ਹਸਪਤਾਲ ਪਹੁੰਚ ਵੀ ਜਾਣ ਤਾਂ ਡਾਕਟਰ ਮੌਜੂਦ ਨਹੀਂ ਹੁੰਦੇ। ਮਜਬੂਰੀ ਵਿੱਚ ਲੋਕ ਝੋਲਾਛਾਪ ਤੋਂ ਇਲਾਜ ਕਰਵਾਉਂਦੇ ਹਨ।"
ਇੱਥੇ ਮੌਜੂਦ ਕਈ ਹੋਰ ਪਿੰਡ ਵਾਸੀ ਵੀ ਅਜਿਹੇ ਹੀ ਇਲਜ਼ਾਮ ਲਗਾਉਂਦੇ ਹਨ।
ਮੁਸਤਕੀਮ ਕਹਿੰਦੇ ਹਨ, "ਸਭ ਕਹਿ ਰਹੇ ਹਨ ਕਿ ਪਾਣੀ ਦੀ ਵਜ੍ਹਾ ਨਾਲ ਲੋਕ ਮਰੇ ਹਨ। ਇਹ ਇੱਕ ਵਜ੍ਹਾ ਹੋ ਸਕਦੀ ਹੈ, ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਸੰਕਰਮਣ ਝੋਲਾਛਾਪ ਡਾਕਟਰਾਂ ਤੋਂ ਫੈਲਿਆ ਹੋਵੇ।"
ਪਿੰਡ 'ਚ ਹਾਲ ਹੀ ਵਿੱਚ ਜਾਨ ਗੁਆਉਣ ਵਾਲਿਆਂ 'ਚ ਇੱਕ ਸਮਾਨਤਾ ਹੈ ਲਗਭਗ ਸਾਰਿਆਂ ਨੇ ਪਹਿਲਾ ਇਲਾਜ ਪਿੰਡ ਦੇ ਗ਼ੈਰ-ਕਾਨੂੰਨੀ ਡਾਕਟਰ ਤੋਂ ਕਰਵਾਇਆ ਸੀ।
ਪ੍ਰਸ਼ਾਸਨ ਵੀ ਮੌਤਾਂ ਦੇ ਗ਼ਲਤ ਇਲਾਜ ਨਾਲ ਜੁੜੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਿਹਾ।
ਸਹਾਇਕ ਮੁੱਖ ਮੈਡੀਕਲ ਅਧਿਕਾਰੀ ਸੰਜੈ ਸ਼ਰਮਾ ਕਹਿੰਦੇ ਹਨ, "ਅਸੀਂ ਝੋਲਾਛਾਪ ਡਾਕਟਰਾਂ 'ਤੇ ਵੀ ਕਾਰਵਾਈ ਕਰ ਰਹੇ ਹਾਂ। ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਕਿਤੇ ਸੰਕਰਮਣ ਉਨ੍ਹਾਂ ਤੋਂ ਤਾਂ ਨਹੀਂ ਫੈਲਿਆ।"

ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਹਰੀਸ਼ ਵਸ਼ਿਸ਼ਠ ਕਹਿੰਦੇ ਹਨ, "ਹੈਪੇਟਾਈਟਸ-ਬੀ ਅਤੇ ਸੀ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਹਨ। ਇਹ ਸੰਭਾਵਨਾ ਵੀ ਹੈ ਕਿ ਝੋਲਾਛਾਪ ਡਾਕਟਰਾਂ ਨੇ ਇੱਕ ਹੀ ਸਿਰਿੰਜ ਦਾ ਵਾਰ-ਵਾਰ ਇਸਤੇਮਾਲ ਕੀਤਾ ਹੋਵੇ। ਅਸੀਂ ਕੁਝ ਝੋਲਾਛਾਪ ਡਾਕਟਰਾਂ 'ਤੇ ਕਾਰਵਾਈ ਵੀ ਕੀਤੀ ਹੈ।"
ਮੌਤਾਂ ਦੇ ਅਸਲ ਕਾਰਨ ਤੱਕ ਪਹੁੰਚਣ ਲਈ ਇੱਥੇ ਨੈਸ਼ਨਲ ਸੈਂਟਰ ਫ਼ੋਰ ਡਿਜ਼ੀਜ਼ ਕੰਟ੍ਰੋਲ ਦੀ ਟੀਮ ਨੇ ਵੀ ਜਾਂਚ ਕੀਤੀ ਹੈ। ਦਿੱਲੀ ਦੇ ਆਰਐੱਮਐੱਲ ਹਸਪਤਾਲ ਦੀ ਟੀਮ ਨੇ ਵੀ ਪਿੰਡ ਦਾ ਦੌਰਾ ਕੀਤਾ ਹੈ।
ਡਾਕਟਰ ਵਸ਼ਿਸ਼ਠ ਕਹਿੰਦੇ ਹਨ, "ਕਈ ਵਾਰ ਜਦੋਂ ਕੋਈ ਆਉਟਬ੍ਰੇਕ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਡਾਇਗਨੋਜ਼ ਕਰਨਾ ਇੰਨਾ ਆਸਾਨ ਨਹੀਂ ਹੁੰਦਾ, ਕਿਉਂਕਿ ਜੋ ਮੌਤਾਂ ਹੋਈਆਂ ਹਨ, ਉਹ ਪਹਿਲਾਂ ਹੋ ਚੁੱਕੀਆਂ ਹਨ। ਸਾਰੀਆਂ ਟੀਮਾਂ ਉੱਥੇ ਹਨ।"
"ਨੈਸ਼ਨਲ ਸੈਂਟਰ ਫ਼ੋਰ ਡਿਜ਼ੀਜ਼ ਕੰਟਰੋਲ ਦੀ ਟੀਮ ਹੈ, ਗਵਰਨਮੈਂਟ ਮੈਡੀਕਲ ਕਾਲਜ ਨਲਹੜ੍ਹ ਦੀ ਟੀਮ ਨੇ ਵੀ ਸੈਂਪਲ ਲਏ ਹਨ, ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੀ ਟੀਮ ਨੇ ਵੀ ਦੌਰਾ ਕੀਤਾ ਹੈ। ਸਾਰੇ ਡਾਕਟਰ ਅਤੇ ਐਪੀਡੇਮਿਓਲੋਜਿਸਟ ਆਪਣਾ ਕੰਮ ਕਰ ਰਹੇ ਹਨ।"
ਉਹ ਕਹਿੰਦੇ ਹਨ, "ਜਦੋਂ ਤੱਕ ਸਾਰੀਆਂ ਰਿਪੋਰਟਾਂ ਨਹੀਂ ਆ ਜਾਂਦੀਆਂ, ਉਦੋਂ ਤੱਕ ਪੁਖਤਾ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਅਚਾਨਕ ਹੋਈਆਂ ਇਨ੍ਹਾਂ ਮੌਤਾਂ ਦੀ ਅਸਲੀ ਵਜ੍ਹਾ ਕੀ ਹੈ।"
'ਸਭ ਤੋਂ ਤੰਦਰੁਸਤ ਸੀ ਮੇਰਾ ਪੁੱਤ'

ਪੀਲੀਆ, ਹੈਪੇਟਾਈਟਸ-ਬੀ ਅਤੇ ਲਿਵਰ ਫੇਲ੍ਹ ਹੋਣ ਕਾਰਨ ਅਚਾਨਕ ਹੋਈਆਂ ਇਹ ਮੌਤਾਂ ਸਿਰਫ਼ ਛਾਇੰਸਾ ਪਿੰਡ ਤੱਕ ਸੀਮਿਤ ਹਨ।
ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾਕਟਰ ਹਰੀਸ਼ ਵਸ਼ਿਸ਼ਠ ਅਤੇ ਸਿਹਤ ਅਧਿਕਾਰੀ ਸੰਜੈ ਸ਼ਰਮਾ ਦੇ ਮੁਤਾਬਕ, ਆਲੇ-ਦੁਆਲੇ ਦੇ ਪਿੰਡਾਂ ਤੋਂ ਅਜਿਹਾ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ ਹੈ।
ਫਿਲਹਾਲ ਛਾਇੰਸਾ ਪਿੰਡ ਵਿੱਚ ਮੌਤਾਂ ਦਾ ਸਿਲਸਿਲਾ ਰੁਕ ਗਿਆ ਹੈ, ਪਰ ਇਹ ਸਵਾਲ ਹੋਰ ਗੰਭੀਰ ਹੋ ਜਾਂਦਾ ਹੈ ਕਿ ਇੱਕ ਹੀ ਪਿੰਡ ਵਿੱਚ ਅਚਾਨਕ ਇੰਨੀਆਂ ਮੌਤਾਂ ਕਿਵੇਂ ਹੋਈਆਂ?
ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰੇ ਗੁਆਏ ਹਨ, ਉਨ੍ਹਾਂ ਦੀ ਜ਼ਿੰਦਗੀ ਉਜੜ ਗਈ ਹੈ।
ਆਸ਼ੂਬੀ ਪੁੱਛਦੀ ਹੈ, "ਮੇਰਾ ਪੁੱਤ ਪਿੰਡ ਵਿੱਚ ਸਭ ਤੋਂ ਤੰਦਰੁਸਤ ਸੀ। ਉਸਦੇ ਅੱਬਾ ਉਸਨੂੰ ਭਲਵਾਨ ਬਣਾਉਣਾ ਚਾਹੁੰਦੇ ਸਨ। ਮੈਂ ਕਿਵੇਂ ਮੰਨ ਲਵਾਂ ਕਿ ਉਹ ਬੁਖ਼ਾਰ ਨਾਲ ਮਰ ਗਿਆ? ਉਸਦਾ ਲੀੋਵਰ ਅਚਾਨਕ ਕਿਵੇਂ ਫੇਲ੍ਹ ਹੋ ਗਿਆ?"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































