ਕਬਾੜ ਤੋਂ ਕਾਲਜ ਤੱਕ- ਮੋਮਬੱਤੀ ਦੀ ਲੋਅ ਵਿੱਚ ਪੜ੍ਹਨ ਵਾਲੇ ਬੱਚੇ ਉੱਚ ਸਿੱਖਿਆ ਤੱਕ ਕਿਵੇਂ ਪਹੁੰਚੇ

ਬਰਖਾ
ਤਸਵੀਰ ਕੈਪਸ਼ਨ, ਬਰਖਾ ਵਰਗੇ ਬੱਚੇ ਹੁਣ ਆਪਣੀ ਕਿਸਮਤ ਬਦਲਣਾ ਚਾਹੁੰਦੇ ਹਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਬਰਨਾਲਾ ਸ਼ਹਿਰ ਦੀਆਂ ਝੁੱਗੀਆਂ ਵਿੱਚ ਕਦੇ ਚੁੱਲ੍ਹਿਆਂ ਕੋਲ ਭੁੱਖ, ਗਰੀਬੀ ਅਤੇ ਰੋਜ਼ਾਨਾ ਦੇ ਸੰਘਰਸ਼ ਦੀਆਂ ਗੱਲਾਂ ਹੁੰਦੀਆਂ ਸਨ। ਪਰ ਹੁਣ ਇਨ੍ਹਾਂ ਚੁੱਲ੍ਹਿਆਂ ਉੱਤੇ ਸਦਰਾਂ ਪੱਕਣ ਲੱਗੀਆਂ ਹਨ।

ਲਗਭਗ 60 ਤੋਂ 70 ਸਾਲਾਂ ਤੋਂ ਇੱਥੇ ਵਸਦੇ ਜੋਗੀਆਂ ਦੇ ਕਰੀਬ 60 ਪਰਿਵਾਰ ਰਵਾਇਤੀ ਤੌਰ 'ਤੇ ਕਬਾੜ ਚੁਗਣ, ਸੱਪ ਫੜਨ, ਸੁਰਮਾ ਵੇਚਣ ਅਤੇ ਆਟਾ ਮੰਗਣ ਵਰਗੇ ਕੰਮਾਂ ਨਾਲ ਗੁਜ਼ਾਰਾ ਕਰਦੇ ਆਏ ਹਨ।

ਸਮਾਜਕ ਅਤੇ ਆਰਥਿਕ ਪੱਧਰ 'ਤੇ ਹਾਸ਼ੀਏ 'ਤੇ ਰਹੇ ਇਸ ਭਾਈਚਾਰੇ ਲਈ ਸਿੱਖਿਆ ਲੰਬੇ ਸਮੇਂ ਤੱਕ ਪਹੁੰਚ ਤੋਂ ਬਾਹਰ ਰਹੀ।

ਪਰ ਹੁਣ ਹਾਲਾਤ ਬਦਲ ਰਹੇ ਹਨ। ਇਸ ਭਾਈਚਾਰੇ ਦੇ ਚਾਰ ਨੌਜਵਾਨ ਪਹਿਲੀ ਵਾਰ ਉੱਚ ਸਿੱਖਿਆ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਪਹੁੰਚੇ ਹਨ।

ਇਨ੍ਹਾਂ ਵਿੱਚੋਂ ਇੱਕ ਬਰਖਾ ਦੱਸਦੀ ਹੈ, "ਕਾਲਜ, ਸਕੂਲ ਨਾਮ ਦੀ ਸਾਨੂੰ ਕੋਈ ਚੀਜ਼ ਹੀ ਨਹੀਂ ਪਤਾ ਸੀ ਕਿ ਇਹ ਹੁੰਦੀ ਕੀ ਹੈ। ਕਦੇ ਸੋਚਿਆ ਵੀ ਨਹੀਂ ਸੀ ਕਿ ਕਾਲਜ ਤੱਕ ਪਹੁੰਚ ਸਕਾਂਗੇ।"

20 ਸਾਲਾ ਬਰਖਾ ਦੇ ਇਹ ਸ਼ਬਦ ਉਨ੍ਹਾਂ ਦੇ ਭਾਈਚਾਰੇ ਅਤੇ ਸਿੱਖਿਆ ਦਰਮਿਆਨ ਸਦੀਆਂ ਤੋਂ ਕਾਇਮ ਲੰਬੇ ਫ਼ਾਸਲੇ ਨੂੰ ਦਰਸਾਉਂਦੇ ਹਨ।

ਕਿਹੜੀਆਂ ਸਦਰਾਂ ਜਨਮੀਆਂ

ਉੱਚ ਸਿੱਖਿਆ ਤੱਕ ਪਹੁੰਚਣ ਵਾਲੇ ਬੱਚਿਆਂ ਵਿੱਚ ਬਰਖਾ, ਉਨ੍ਹਾਂ ਦੀ ਭੈਣ, ਬਰਖਾ ਦੀ ਮਾਸੀ ਦੀ ਕੁੜੀ ਪੂਜਾ ਰਾਣੀ ਅਤੇ ਜੌਨ ਸ਼ਾਮਲ ਹਨ। ਜੌਨ ਅਤੇ ਪੂਜਾ ਆਪਸ ਵਿੱਚ ਭੈਣ-ਭਰਾ ਹਨ।

ਇਹ ਚਾਰੇ ਬੱਚੇ ਪੜ੍ਹ-ਲਿਖ ਕੇ ਆਪਣੇ ਭਾਈਚਾਰੇ ਦਾ ਭਵਿੱਖ ਬਦਲਣਾ ਚਾਹੁੰਦੇ ਹਨ। ਬਰਖਾ ਅਤੇ ਉਨ੍ਹਾਂ ਦੀ ਭੈਣ ਸੰਗੀਤ ਦੀਆਂ ਅਧਿਆਪਕ ਬਣਨਾ ਚਾਹੁੰਦੀਆਂ ਹਨ।

ਜੌਨ ਵੀ ਸੰਗੀਤ ਵਿੱਚ ਅੱਗੇ ਵਧਣਾ ਚਾਹੁੰਦਾ ਹੈ, ਜਦਕਿ ਉਨ੍ਹਾਂ ਦੀ ਭੈਣ ਖੇਡਾਂ ਵਿੱਚ ਨਾਮ ਕਮਾਉਣਾ ਚਾਹੁੰਦੀ ਹੈ।

ਪੂਜਾ

ਜ਼ਿੰਦਗੀ ਨਾਲ ਜੱਦੋ-ਜਹਿਦ

ਇਨ੍ਹਾਂ ਬੱਚਿਆਂ ਨੂੰ ਉੱਚ ਸਿੱਖਿਆ ਤੱਕ ਪਹੁੰਚਣ ਲਈ ਸੈਂਕੜੇ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਹੈ ਅਤੇ ਕਈ ਮੁਸ਼ਕਲਾਂ ਨਾਲ ਰੋਜ਼ਾਨਾ ਜੱਦੋ-ਜਹਿਦ ਅਜੇ ਵੀ ਜਾਰੀ ਹੈ।

ਪੂਜਾ ਕਹਿੰਦੀ ਹੈ, "ਹੋਰਨਾਂ ਲੋਕਾਂ ਦੇ ਮੁਕਾਬਲੇ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ਾਨਾ ਰੋਟੀ ਦਾ ਵੀ ਫ਼ਿਕਰ ਹੁੰਦਾ ਹੈ। ਆਪਣੀ ਜ਼ਮੀਨ ਅਤੇ ਘਰ ਨਾ ਹੋਣ ਕਰਕੇ ਸਾਡੇ ਕੋਲ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਨਹੀਂ ਹੁੰਦਾ।"

"ਪਾਣੀ ਹੋਰਨਾਂ ਥਾਵਾਂ ਤੋਂ ਭਰ ਕੇ ਲਿਆਉਣਾ ਪੈਂਦਾ ਹੈ। ਬਿਜਲੀ ਨਾ ਹੋਣ ਕਰਕੇ ਮੋਮਬੱਤੀ ਦੇ ਸਹਾਰੇ ਪੜ੍ਹਨਾ ਪੈਂਦਾ ਹੈ। ਲੋਕ ਮੇਰੇ ਮਾਤਾ ਪਿਤਾ ਦੇ ਬਹੁਤ ਕੰਨ ਭਰਦੇ ਹਨ। ਉਹ ਉਨ੍ਹਾਂ ਨੂੰ ਮੇਰੇ ਵਿਆਹ ਕਰਨ ਲਈ ਕਹਿੰਦੇ ਹਨ। ਮੈਂ ਤਾਂ ਫੇਰ ਵੀ 20 ਸਾਲਾਂ ਦੀ ਹੋ ਗਈ ਹਾਂ। ਪਰ ਸਾਡੇ ਇਸ ਤੋਂ ਵੀ ਪਹਿਲਾਂ ਵਿਆਹ ਦਿੰਦੇ ਹਨ।"

ਉਹ ਅੱਗੇ ਕਹਿੰਦੇ ਹਨ, "ਲੋਕ ਮੇਰੇ ਮਾਪਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਕੁੜੀਆਂ ਨੂੰ ਕਿਉਂ ਪੜ੍ਹਾ ਰਹੇ ਹੋ। ਇਨ੍ਹਾਂ ਨੇ ਬਣਾਉਣੀਆਂ ਤਾਂ ਰੋਟੀਆਂ ਹੀ ਹਨ। ਸਾਡੀਆਂ ਪੀੜ੍ਹੀਆਂ ਕਿਹੜੀਆਂ ਕਦੇ ਪੜ੍ਹੀਆਂ ਹਨ।"

"ਫਿਰ ਵੀ ਸਾਡੇ ਮਾਪਿਆਂ ਨੇ ਸਾਨੂੰ ਪੜ੍ਹਾਇਆ। ਸਾਡਾ ਕਾਲਜ ਜਾਣਾ ਸਾਡੇ ਮਾਪਿਆਂ ਲਈ ਬਹੁਤ ਵੱਡੀ ਗੱਲ ਹੈ। ਉਹ ਸਾਡੇ ਉੱਤੇ ਬਹੁਤ ਮਾਣ ਕਰਦੇ ਹਨ। ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਸਾਡਾ ਭਵਿੱਖ ਵਧੀਆ ਹੋ ਸਕਦਾ ਹੈ। ਅਸੀਂ ਕੁਝ ਬਣ ਸਕਦੇ ਹਾਂ।"

ਪੂਜਾ
ਤਸਵੀਰ ਕੈਪਸ਼ਨ, ਪੂਜਾ ਖੇਡਾਂ ਵਿੱਚ ਨਾਮਣਾ ਖੱਟਣਾ ਚਾਹੁੰਦੀ ਹੈ

ਖੇਡਾਂ ਵਿੱਚ ਕਿਵੇਂ ਮੱਲਾਂ ਮਾਰੀਆਂ

ਇੱਥੇ ਰਹਿੰਦੇ ਜੋਗੀਆਂ ਦੇ ਬੱਚੇ ਹੁਣ ਖੇਡਾਂ ਵਿੱਚ ਵੀ ਆਪਣੀ ਪਛਾਣ ਬਣਾ ਰਹੇ ਹਨ। 20 ਸਾਲਾ ਪੂਜਾ ਰਾਣੀ ਨੇ 2023 ਵਿੱਚ ਰਾਂਚੀ ਵਿੱਚ ਹੋਈ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ ਦੇ 65 ਕਿਲੋ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ।

2025 ਵਿੱਚ ਉਨ੍ਹਾਂ ਨੇ ਇਸੇ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਵੀ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ।

ਪੂਜਾ ਦੱਸਦੀ ਹੈ ਕਿ ਤਮਗੇ ਜਿੱਤਣਾ ਆਸਾਨ ਨਹੀਂ ਸੀ, ਪਰ ਉਨ੍ਹਾਂ ਨੇ ਆਪਣੇ ਹਾਲਾਤ ਨੂੰ ਰੁਕਾਵਟ ਨਹੀਂ ਬਣਨ ਦਿੱਤਾ।

ਉਹ ਦੱਸਦੇ ਹਨ, "ਵੱਡੇ ਘਰਾਂ ਦੇ ਜਵਾਕਾਂ ਨੂੰ ਫੇਲ੍ਹ ਹੋਣ ਦਾ ਫ਼ਿਕਰ ਨਹੀਂ ਹੁੰਦਾ, ਪਰ ਸਾਡੇ ਕੋਲ ਫੇਲ੍ਹ ਹੋਣ ਦਾ ਅਧਿਕਾਰ ਨਹੀਂ ਹੁੰਦਾ। ਮੈਂ ਹਮੇਸ਼ਾ ਖ਼ਿਆਲ ਰੱਖਦੀ ਹਾਂ ਕਿ ਕਿਸੇ ਵੀ ਕੰਮ ਵਿੱਚ ਫੇਲ੍ਹ ਨਾ ਹੋ ਜਾਵਾਂ।"

"ਮੈਨੂੰ ਪਤਾ ਹੈ ਕਿ ਮੇਰੇ ਮਾਪੇ ਮੁਸ਼ਕਲ ਨਾਲ ਪੈਸੇ ਕਮਾਉਂਦੇ ਹਨ। ਕਈ ਵਾਰ ਮੈਂ ਖ਼ੁਦ ਵੀ ਪਾਰਟ ਟਾਈਮ ਨੌਕਰੀ ਕਰਦੀ ਹਾਂ।"

ਜੌਨ
ਤਸਵੀਰ ਕੈਪਸ਼ਨ, ਜੌਨ ਸੰਗੀਤ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ
ਬੱਚੇ
ਤਸਵੀਰ ਕੈਪਸ਼ਨ, ਇਹ ਬੱਚੇ ਮੋਮਬੱਤੀ ਦੀ ਰੌਸ਼ਨੀ ਵਿੱਚ ਪੜ੍ਹਦੇ ਹਨ

ਰਿਵਾਇਤ ਤੋਂ ਵੱਖਰਾ ਰਾਹ

ਜੌਨ ਨੇ ਆਪਣੇ ਪਰਿਵਾਰ ਦੇ ਰਵਾਇਤੀ ਰੋਜ਼ੀ-ਰੋਟੀ ਦੇ ਤਰੀਕੇ ਤੋਂ ਹਟ ਕੇ ਸਿੱਖਿਆ ਅਤੇ ਸੰਗੀਤ ਨੂੰ ਆਪਣਾ ਰਾਹ ਬਣਾਇਆ।

ਉਨ੍ਹਾਂ ਦੇ ਪਿਤਾ, ਦਾਦੇ ਅਤੇ ਪੜਦਾਦੇ ਬੀਨ ਵਜਾ ਕੇ ਜਾਂ ਕਬਾੜ ਇਕੱਠਾ ਕਰਕੇ ਗੁਜ਼ਾਰਾ ਕਰਦੇ ਸਨ, ਪਰ ਜੌਨ ਹੁਣ ਸੰਗੀਤ ਨੂੰ ਪੇਸ਼ੇਵਰ ਤੌਰ 'ਤੇ ਅਪਣਾਉਣਾ ਚਾਹੁੰਦੇ ਹਨ।

ਉਹ ਕਹਿੰਦੇ ਹਨ ਕਿ ਉਹ ਆਪਣੇ ਸੁਰਾਂ ਰਾਹੀਂ ਆਪਣੇ ਭਾਈਚਾਰੇ ਦੀ ਤਕਦੀਰ ਬਦਲਣਾ ਚਾਹੁੰਦੇ ਹਨ।

ਜੌਨ ਕਹਿੰਦਾ ਹੈ, "ਅਸੀਂ ਬਹੁਤ ਸੰਘਰਸ਼ ਨਾਲ ਇੱਥੇ ਪਹੁੰਚੇ ਹਾਂ। ਸਾਡੇ ਲੋਕ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ। ਉਹ ਬੱਚਿਆਂ ਨੂੰ ਲੀਰਾਂ ਅਤੇ ਗੱਤੇ ਚੁਗਣ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹਨ, ਪਰ ਸਾਡੇ ਮਾਪਿਆਂ ਨੇ ਸਾਨੂੰ ਪੜ੍ਹਾਇਆ।"

"ਮੈਂ ਸੰਗੀਤ ਨਾਲ ਆਪਣੇ ਭਾਈਚਾਰੇ ਦਾ ਨਾਮ ਰੌਸ਼ਨ ਕਰਨਾ ਅਤੇ ਤਕਦੀਰ ਬਦਲਣਾ ਚਾਹੁੰਦਾ ਹਾਂ।"

ਯੂਨੀਵਰਸਿਟੀ ਤੱਕ ਪਹੁੰਚਣ ਵਾਲੀ ਪਹਿਲੀ ਕੁੜੀ

ਇਨ੍ਹਾਂ ਚਾਰਾਂ ਵਿੱਚੋਂ ਇੱਕ ਵਿਦਿਆਰਥਣ ਯੂਨੀਵਰਸਿਟੀ ਤੱਕ ਪਹੁੰਚੀ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਦੇ ਦਾਖ਼ਲੇ ਤੋਂ ਬਾਅਦ ਹੋਰ ਮਾਵਾਂ ਨੇ ਵੀ ਆਪਣੀਆਂ ਧੀਆਂ ਨੂੰ ਸਕੂਲ ਅਤੇ ਕਾਲਜ ਭੇਜਣਾ ਸ਼ੁਰੂ ਕੀਤਾ ਹੈ।

ਉਹ ਕਹਿੰਦੀ ਹੈ, "ਸਾਡੇ ਲੋਕ ਪੜ੍ਹਾਈ ਵਿੱਚ ਯਕੀਨ ਨਹੀਂ ਰੱਖਦੇ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਪੜ੍ਹ-ਲਿਖ ਕੇ ਕੀ ਕਰਨਗੇ। ਉਨ੍ਹਾਂ ਨੇ ਇੱਥੇ ਹੀ ਧੱਕੇ ਖਾਣੇ ਹਨ। ਉਹੀ ਕਬਾੜ ਚੁੱਗਣਾ ਅਤੇ ਉਹੀ ਗੱਤੇ ਚੁੱਕਣੇ ਹਨ। ਉਹ ਅਜਿਹਾ ਇਸ ਲਈ ਸੋਚਦੇ ਹਨ ਕਿਉਂਕਿ ਸਾਡੇ ਭਾਈਚਾਰੇ ਵਿੱਚੋਂ ਕਦੇ ਕੋਈ ਪੜ੍ਹਿਆ ਹੀ ਨਹੀਂ।"

"ਜਦੋਂ ਮੇਰਾ ਯੂਨੀਵਰਸਿਟੀ ਵਿੱਚ ਦਾਖ਼ਲਾ ਹੋਇਆ ਤਾਂ ਲੋਕ ਬਹੁਤ ਖੁਸ਼ ਹੋਏ ਸਨ। ਉਨ੍ਹਾਂ ਦੇ ਮਨ ਵਿੱਚ ਉਮੀਦ ਜਾਗੀ ਸੀ ਕਿ ਉਨ੍ਹਾਂ ਦੀਆਂ ਧੀਆਂ ਅਤੇ ਬੱਚੇ ਵੀ ਪੜ੍ਹਾਈ ਕਰ ਸਕਦੇ ਹਨ।"

ਪਿੰਦੂ ਨਾਥ
ਤਸਵੀਰ ਕੈਪਸ਼ਨ, ਪਿੰਦੂ ਨਾਥ ਕਹਿੰਦੇ ਹਨ ਉਹ ਆਪਣੇ ਬੱਚਿਆਂ ਦਾ ਭਵਿੱਖ ਬਦਲਦਾ ਹੋਇਆ ਦੇਖਣਾ ਚਾਹੁੰਦੇ ਹਨ

ਜੋਗੀਆਂ ਦੀ ਸੋਚ ਬਦਲੀ

ਇਹ ਚਾਰੇ ਨੌਜਵਾਨ ਆਪਸ ਵਿੱਚ ਭੈਣ-ਭਰਾ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਹਨ ਕਿ ਉਨ੍ਹਾਂ ਨੇ ਕਾਫ਼ੀ ਮੁਸ਼ਕਲਾਂ ਦੇ ਬਾਵਜੂਦ ਬੱਚਿਆਂ ਨੂੰ ਪੜ੍ਹਾਉਣ ਦਾ ਫ਼ੈਸਲਾ ਲਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਅਗਲੀ ਪੀੜ੍ਹੀ ਵੀ ਉਹੀ ਜੀਵਨ ਜੀਵੇ।

ਪੂਜਾ ਅਤੇ ਜੌਨ ਦੇ ਪਿਤਾ ਪਿੰਦੂ ਨਾਥ ਕਹਿੰਦੇ ਹਨ, "ਅਸੀਂ ਮੰਗਣ ਵਾਲੀ ਜਾਤ ਹਾਂ। ਅਸੀਂ ਮੰਗ ਕੇ, ਬੀਨਾਂ ਵਜਾ ਕੇ, ਲੰਗਰਾਂ ਵਿੱਚ ਰੋਟੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਾਂ ਅਤੇ ਬੱਚਿਆਂ ਦਾ ਢਿੱਡ ਭਰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਦਾ ਭਵਿੱਖ ਸਾਡੇ ਵਰਗਾ ਹੋਵੇ।"

ਬੱਚਿਆਂ ਦੀ ਨਾਨੀ ਸੰਗਤਰੋ ਕਹਿੰਦੀ ਹੈ, "ਸਾਡਾ ਸੁਪਨਾ ਹੈ ਕਿ ਸਾਡੇ ਬੱਚੇ ਪੜ੍ਹ-ਲਿਖ ਕੇ ਕਾਮਯਾਬ ਹੋਣ। ਅਸੀਂ ਤਾਂ ਆਪਣੀ ਜ਼ਿੰਦਗੀ ਮੰਗ ਕੇ ਹੀ ਕੱਟੀ ਹੈ।"

ਭਾਨ ਸਿੰਘ
ਤਸਵੀਰ ਕੈਪਸ਼ਨ, ਭਾਨ ਸਿੰਘ ਇਨ੍ਹਾਂ ਬੱਚਿਆਂ ਨੂੰ ਆ ਕੇ ਪੜਾਉਂਦੇ ਹਨ

ਕਾਲਜਾਂ ਤੱਕ ਕਿਵੇਂ ਪਹੁੰਚੇ

ਇਨ੍ਹਾਂ ਬੱਚਿਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਪਹੁੰਚਾਉਣ ਵਿੱਚ ਬਰਨਾਲਾ ਦੇ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਹ ਕਈ ਦਹਾਕਿਆਂ ਤੋਂ ਰੋਜ਼ਾਨਾ ਝੁੱਗੀਆਂ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਉਂਦੇ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਖਰਚੇ ਵਿੱਚ ਮਦਦ ਕਰਦੇ ਆ ਰਹੇ ਹਨ।

ਉੱਚ ਸਿੱਖਿਆ ਤੱਕ ਪਹੁੰਚਣ ਵਾਲੇ ਚਾਰੇ ਬੱਚੇ ਇੱਥੋਂ ਤੱਕ ਪਹੁੰਚਣ ਲਈ ਭਾਨ ਸਿੰਘ ਜੱਸੀ ਨੂੰ ਸਿਹਰਾ ਦਿੰਦੇ ਹਨ। ਉਹ ਕਹਿੰਦੇ ਹਨ ਕਿ ਭਾਨ ਸਿੰਘ ਨੇ ਹਰ ਮੋੜ ਉੱਤੇ ਉਨ੍ਹਾਂ ਦੀ ਮਦਦ ਕੀਤੀ ਹੈ।

ਭਾਨ ਸਿੰਘ ਕਹਿੰਦੇ ਹਨ, "ਇਨ੍ਹਾਂ ਬੱਚਿਆਂ ਦੇ ਉੱਚ ਸਿੱਖਿਆ ਤੱਕ ਪਹੁੰਚਣ ਨਾਲ ਮੇਰੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਕੋਸ਼ਿਸ਼ ਨੂੰ ਫ਼ਲ ਮਿਲਣਾ ਸ਼ੁਰੂ ਹੋ ਗਿਆ ਹੈ।"

"ਸਿੱਖਿਆ ਭਵਿੱਖ ਬਦਲਣ ਅਤੇ ਬਣਾਉਣ ਦਾ ਸਭ ਤੋਂ ਕਾਰਗਰ ਸਾਧਨ ਹੈ। ਇਸ ਲਈ ਜਿਹੜੇ ਬੱਚੇ ਸਿੱਖਿਆ ਤੋਂ ਦੂਰ ਹਨ, ਮੈਂ ਉਨ੍ਹਾਂ ਨੂੰ ਮੁਫ਼ਤ ਪੜ੍ਹਾ ਰਿਹਾ ਹਾਂ।"

ਇਸ ਭਾਈਚਾਰੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ, "ਜਿਹੜੇ ਬੱਚੇ ਕਾਲਜ ਅਤੇ ਯੂਨੀਵਰਸਿਟੀ ਤੱਕ ਪਹੁੰਚੇ ਹਨ, ਉਨ੍ਹਾਂ ਦੇ ਮਾਂ-ਪਿਓ ਅਤੇ ਦਾਦਾ-ਦਾਦੀ ਵੀ ਬਰਨਾਲਾ ਦੇ ਹੀ ਜੰਮਪਲ ਹਨ। ਇਨ੍ਹਾਂ ਜੋਗੀਆਂ ਦੇ ਬਜ਼ੁਰਗਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਪਹਿਲਾਂ ਕਿੱਥੇ ਰਹਿੰਦੇ ਸਨ। ਇਨ੍ਹਾਂ ਬਜ਼ੁਰਗਾਂ ਮੁਤਾਬਕ ਉਹ ਬਰਨਾਲਾ ਵਿੱਚ ਹੀ ਜੰਮੇ ਪੱਲੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)