ਅਮਰੀਕਾ ਅੱਜ ਜਿੰਨਾ ਵੱਡਾ ਨਹੀਂ ਸੀ, ਜਾਣੋ ਕਿਹੜੇ ਮੁਲਕਾਂ ਤੋਂ ਜ਼ਮੀਨਾਂ ਖਰੀਦ ਕੇ ਜਾਂ ਜੰਗ ਦਾ ਸਹਾਰਾ ਲੈ ਕੇ ਅਮਰੀਕਾ ਵੱਡਾ ਬਣਿਆ

ਤਸਵੀਰ ਸਰੋਤ, Getty Images
- ਲੇਖਕ, ਗਿਲੇਰਮੋ ਡੀ. ਓਲਮੋ ਬੀ
- ਰੋਲ, ਬੀਬੀ ਨਿਊਜ਼ ਮੁੰਡੋ
- ਪੜ੍ਹਨ ਦਾ ਸਮਾਂ: 8 ਮਿੰਟ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਰਕਟਿਕ ਵਿੱਚ ਇੱਕ ਅੱਧ-ਖ਼ੁਦਮੁਖਤਿਆਰ ਇਲਾਕੇ ਗ੍ਰੀਨਲੈਂਡ 'ਤੇ ਕੰਟਰੋਲ ਕਰਨਾ ਚਾਹੁੰਦੇ ਹਨ ਜੋ ਡੈਨਮਾਰਕ ਦੇ ਅਧੀਨ ਹੈ। ਇਤਿਹਾਸਕਾਰ ਅਮਰੀਕਾ ਵੱਲੋਂ ਆਪਣੇ ਵਿਸਥਾਰ ਲਈ ਜ਼ਮੀਨ ਖਰੀਦਣ ਦੇ ਇਤਿਹਾਸ ਨੂੰ ਯਾਦ ਕਰ ਰਹੇ ਹਨ।
ਮਿਸੌਰੀ ਯੂਨੀਵਰਸਿਟੀ ਦੇ ਇਤਿਹਾਸਕਾਰ ਜੇ ਸੈਕਸਟਨ ਕਹਿੰਦੇ ਹਨ, "ਗ੍ਰੀਨਲੈਂਡ ਬਾਰੇ ਅਮਰੀਕਾ ਕਹਿੰਦਾ ਹੈ ਕਿ ਇਸ ਤੋਂ ਪਹਿਲਾਂ ਇਹ ਦੂਜੀਆਂ ਤਾਕਤਾਂ ਦੇ ਹੱਥ ਲੱਗੇ, ਉਸਨੂੰ ਇਸ ਇਲਾਕੇ 'ਤੇ ਕਬਜ਼ਾ ਕਰਨ ਦੀ ਲੋੜ ਹੈ।"
ਟਰੰਪ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਸੁਰੱਖਿਆ ਦੇ ਲਈ ਅਮਰੀਕਾ ਦਾ ਗ੍ਰੀਨਲੈਂਡ 'ਤੇ "ਮਾਲਕਾਨਾ ਹੱਕ" ਹੋਣਾ ਚਾਹੀਦਾ ਹੈ।
ਹਾਲਾਂਕਿ ਇੱਕ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਇਸਨੂੰ "ਮੁਸ਼ਕਲਾਂ ਦੇ ਬਾਵਜੂਦ" ਹਾਸਲ ਕਰਨ ਲਈ ਤਿਆਰ ਹਨ ਪਰ ਹੁਣ ਉਹ ਕਹਿੰਦੇ ਹਨ ਕਿ ਉਹ "ਤੁਰੰਤ ਗੱਲਬਾਤ" ਚਾਹੁੰਦੇ ਹਨ ਅਤੇ ਇਸ ਵਾਸਤੇ "ਜ਼ਬਰਦਸਤੀ ਨਹੀਂ ਕਰਨਗੇ।"
ਇੱਥੇ, ਅਸੀਂ ਪਿਛਲੇ ਦੋ ਸਦੀਆਂ ਵਿੱਚ ਅਮਰੀਕਾ ਵੱਲੋਂ ਕੀਤੇ ਸਭ ਤੋਂ ਵੱਡੇ ਜ਼ਮੀਨ ਖਰੀਦ ਸਮਝੌਤਿਆਂ ਦਾ ਜ਼ਿਕਰ ਕਰ ਰਹੇ ਹਾਂ, ਜਿਨ੍ਹਾਂ ਦੀ ਬਦੌਲਤ ਅਮਰੀਕਾ ਨੇ ਆਪਣੀ ਜ਼ਮੀਨੀ ਹੱਦ ਵਿੱਚ ਵਾਧਾ ਕੀਤਾ ਹੈ।
ਲੁਈਸਿਆਨਾ (1803)

ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਥੌਮਸ ਜੈਫ਼ਰਸਨ ਨੇ ਸਾਲ 1803 ਵਿੱਚ ਫਰਾਂਸ ਤੋਂ ਲੁਈਸਿਆਨਾ ਨੂੰ ਖਰੀਦਣ ਦਾ ਫੈਸਲਾ ਲਿਆ ਸੀ। ਇਹ ਇੱਕ ਅਹਿਮ ਮੋੜ ਸੀ।
20 ਲੱਖ ਵਰਗ ਕਿਲੋਮੀਟਰ ਤੋਂ ਵੱਧ ਇਲਾਕੇ ਵਿੱਚ ਫੈਲੇ ਲੁਈਸਿਆਨਾ ਨੂੰ ਖਰੀਦਣ ਨਾਲ ਇੱਕ ਨਵੇਂ ਦੇਸ਼ ਅਤੇ ਮਹਾਦੀਪ ਵਿੱਚ ਇੱਕ ਅਹਿਮ ਤਾਕਤ ਬਣਨ ਦੇ ਲਿਹਾਜ਼ ਨਾਲ ਅਮਰੀਕਾ ਲਈ ਇਹ ਇੱਕ ਵੱਡਾ ਟਰਨਿੰਗ ਪੁਆਇੰਟ ਸੀ।

ਤਸਵੀਰ ਸਰੋਤ, Getty Images
ਲੁਈਸਿਆਨਾ ਦਾ ਇਲਾਕਾ ਉੱਤਰੀ ਅਮਰੀਕਾ ਵਿੱਚ ਫਰਾਂਸ ਦਾ ਸਭ ਤੋਂ ਵੱਡਾ ਉਪਨਿਵੇਸ਼ ਸੀ ਪਰ ਫਰਾਂਸ ਦੇ ਕੰਟ੍ਰੋਲ ਵਾਲੇ ਸੇਂਟ ਡੋਮਿੰਗੂ (ਜਿਸਨੂੰ ਹੁਣ ਹੈਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਆਈਲੈਂਡ 'ਤੇ ਵਾਰ-ਵਾਰ ਗੁਲਾਮਾਂ ਦੀ ਬਗਾਵਤ ਅਤੇ ਬ੍ਰਿਟੇਨ ਨਾਲ ਜੰਗ ਦੇ ਖਤਰੇ ਨੇ ਫਰਾਂਸ ਦੇ ਆਗੂ ਨੇਪੋਲੀਅਨ ਬੋਨਾਪਾਰਟ ਨੂੰ ਇਸਨੂੰ ਅਮਰੀਕਾ ਨੂੰ ਵੇਚਣ 'ਤੇ ਮਜਬੂਰ ਕਰ ਦਿੱਤਾ।
ਉਸ ਸਮੇਂ ਲੁਈਸਿਆਨਾ ਅੱਜ ਦੇ ਲੁਈਸਿਆਨਾ ਪ੍ਰਾਂਤ ਨਾਲੋਂ ਵੀ ਬਹੁਤ ਵੱਡਾ ਸੀ। ਇੱਥੇ ਹੁਣ 15 ਆਧੁਨਿਕ ਸੂਬੇ ਸ਼ਾਮਿਲ ਹਨ ਜੋ ਮਿਸੀਸਿਪੀ ਨਦੀ ਅਤੇ ਚੱਟਾਨਨੁਮਾ ਪਹਾੜਾਂ ਵਿਚਾਲੇ ਵਸੇ ਹਨ।
ਇਸ ਜ਼ਮੀਨ ਦਾ ਮਾਲਕ ਹੋਣਾ ਜੈਫ਼ਰਸਨ ਦੇ ਪੱਛਮ ਵੱਲ ਵੱਧਣ ਦੇ ਸੁਪਨਿਆਂ ਲਈ ਜ਼ਰੂਰੀ ਸੀ , ਜਿਸਨੂੰ ਉਹ ਅਮਰੀਕਾ ਦਾ ਭਵਿੱਖ ਮੰਨਦੇ ਸਨ।
ਅਮਰੀਕਾ ਅਤੇ ਫਰਾਂਸ ਦੀਆਂ ਸਰਕਾਰਾਂ ਵਿਚਾਲੇ ਨਵੰਬਰ 1803 ਵਿੱਚ ਇੱਕ ਸਮਝੌਤਾ ਹੋਇਆ, ਜਿਸ ਵਿੱਚ ਅਮਰੀਕਾ ਨੇ ਲੁਈਸਿਆਨਾ ਲਈ ਡੇਢ ਕਰੋੜ ਡਾਲਰ ਦਿੱਤੇ, ਜੋ ਅੱਜ ਦੇ ਹਿਸਾਬ ਨਾਲ ਚਾਲੀ ਕਰੋੜ ਡਾਲਰ ਤੋਂ ਵੱਧ ਬਣਦੇ ਹਨ।
ਮੈਕਸਿਕਨ ਸੈਸ਼ਨ (1848)

ਤਸਵੀਰ ਸਰੋਤ, Getty Images
1840 ਦੇ ਦਹਾਕੇ ਤੱਕ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਲੱਗਣ ਲੱਗਾ ਸੀ ਕਿ ਉਨ੍ਹਾਂ ਦੀ 'ਪੱਕੀ ਕਿਸਮਤ' ਪੱਛਮ ਵੱਲ ਪ੍ਰਸ਼ਾਂਤ ਮਹਾਸਾਗਰ ਦੇ ਤੱਟ ਤੱਕ ਫੈਲਣ ਵਿੱਚ ਹੈ। ਅਖੀਰ 'ਚ ਅਜਿਹਾ ਮੈਕਸੀਕੋ ਦੀ ਕੀਮਤ 'ਤੇ ਹੋਣਾ ਸੀ।
ਅਮਰੀਕਾ ਦੀਆਂ ਸਰਹੱਦਾਂ ਨੂੰ ਵਧਾਉਣ ਦੇ ਸਭ ਤੋਂ ਵੱਡੇ ਹਮਾਇਤੀਆਂ ਵਿੱਚੋਂ ਇੱਕ ਰਾਸ਼ਟਰਪਤੀ ਜੇਮਜ਼ ਕੇ ਪੋਲਕ ਸਨ। ਉਨ੍ਹਾਂ ਨੇ ਸਾਲ 1845 'ਚ ਹਲਫ਼ ਲਿਆ ਸੀ।
ਰਾਸ਼ਟਰਪਤੀ ਪੋਲਕ ਨੂੰ ਟੈਕਸਸ 'ਤੇ ਕੰਟਰੋਲ ਨੂੰ ਲੈਕੇ ਚੱਲ ਰਿਹਾ ਝਗੜਾ ਵਿਰਾਸਤ 'ਚ ਮਿਲਿਆ, ਜਿਸਨੂੰ 1836 'ਚ ਮੈਕਸੀਕੋ ਤੋਂ ਆਜ਼ਾਦੀ ਮਿਲੀ ਸੀ।
ਅਮਰੀਕਾ ਨੇ 1845 ਵਿੱਚ ਟੈਕਸਸ 'ਤੇ ਕਬਜ਼ਾ ਕਰ ਲਿਆ ਅਤੇ ਇਹ ਇੱਕ ਅਮਰੀਕੀ ਸੂਬਾ ਬਣ ਗਿਆ। ਅਗਲੇ ਸਾਲ, ਅਮਰੀਕਾ ਅਤੇ ਮੈਕਸੀਕੋ ਦੀਆਂ ਫੌਜਾਂ ਵਿਚਾਲੇ ਝੜਪ ਤੋਂ ਬਾਅਦ ਅਮਰੀਕੀ ਕਾਂਗਰਸ ਨੇ ਮੈਕਸੀਕੋ ਖ਼ਿਲਾਫ਼ ਜੰਗ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਪਰ ਝਗੜੇ ਦੇ ਕਾਰਨ ਹੋਰ ਵੀ ਡੂੰਘੇ ਸਨ।
ਇਤਿਹਾਸਕਾਰ ਜੇ ਸੈਕਸਟਨ ਮੁਤਾਬਿਕ, "ਅਮਰੀਕਾ ਨੇ ਕੈਲੀਫੋਰਨੀਆ ਵਿੱਚ ਦਿਲਚਸਪੀ ਦਿਖਾਈ ਸੀ, ਜੋ ਉਸ ਸਮੇਂ ਮੈਕਸੀਕੋ ਦਾ ਸੀ ਅਤੇ ਮਹਾਦੀਪ ਦੇ ਸਭ ਤੋਂ ਵੱਧ ਆਰਥਿਕ ਤੌਰ 'ਤੇ ਮਜਬੂਤ ਇਲਾਕਿਆਂ ਚੋਂ ਇੱਕ ਸੀ, ਜਿਸ ਵਿੱਚ ਡੂੰਘੇ ਪਾਣੀ ਵਾਲੇ ਬੰਦਰਗਾਹ ਸਨ ਜੋ ਏਸ਼ੀਆ ਦੇ ਨਾਲ ਵਪਾਰ ਲਈ ਬਹੁਤ ਮਸ਼ਹੂਰ ਸਨ।"
ਸੈਕਸਟਨ ਦੱਸਦੇ ਹਨ ਕਿ ਉਸ ਸਮੇਂ ਮੈਕਸੀਕੋ ਦੀ ਕੋਈ ਵੀ ਸਰਕਾਰ ਕੈਲੀਫੋਰਨੀਆ ਨੂੰ ਵੇਚਣ ਅਤੇ ਸੱਤਾ 'ਚ ਬਣੇ ਰਹਿਣ ਦੀ ਉਮੀਦ ਨਹੀਂ ਕਰ ਸਕਦੀ ਸੀ।
ਇਸ ਜੰਗ 'ਚ ਅਮਰੀਕਾ ਦੀ ਜਿੱਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ 1848 ਵਿੱਚ ਗਵਾਦਾਲੂਪ ਹਿਦਾਲਗੋ ਦੇ ਸਮਝੌਤੇ 'ਤੇ ਹਸਤਾਖਰ ਕੀਤੇ।
ਅਮਰੀਕਾ ਨੂੰ ਜੋ ਜ਼ਮੀਨ ਮਿਲੀ ਉਸ ਲਈ ਉਸਨੇ ਡੇਢ ਕਰੋੜ ਡਾਲਰ ਦਿੱਤੇ, ਜੋ ਅੱਜ ਦੇ ਲਿਹਾਜ਼ ਨਾਲ ਕਰੀਬ 60 ਕਰੋੜ ਡਾਲਰ ਤੋਂ ਜ਼ਿਆਦਾ ਹੈ। ਇਸ ਵਿੱਚ ਅੱਜ ਦੇ ਕੈਲੀਫੋਰਨੀਆ, ਨੇਵਾਡਾ ਅਤੇ ਯੂਟਾ ਦੇ ਨਾਲ-ਨਾਲ ਐਰੀਜ਼ੋਨਾ, ਕੋਲੋਰਾਡੋ, ਨਿਊ ਮੈਕਸੀਕੋ ਅਤੇ ਵਿਓਮਿੰਗ ਦੇ ਕੁਝ ਹਿੱਸੇ ਵੀ ਸ਼ਾਮਿਲ ਸਨ।
ਸੈਕਸਟਨ ਕਹਿੰਦੇ ਹਨ ਕਿ ਜੇਕਰ ਮੈਕਸਿਕਨ ਧਿਰ ਜੰਗ ਨਹੀਂ ਹਾਰਦੀ ਤਾਂ ਉਹ ਇਸ ਇਲਾਕੇ ਨੂੰ ਵੇਚਣ ਨੂੰ ਤਿਆਰ ਨਹੀਂ ਹੁੰਦੀ।
ਉਹ ਦੱਸਦੇ ਹਨ, "ਇਹ ਬੰਦੂਕ ਦੀ ਨੋਕ 'ਤੇ ਵੇਚਿਆ ਗਿਆ ਸੀ।"
ਕੁੱਲ ਮਿਲਾ ਕੇ, ਮੈਕਸੀਕੋ ਨੇ ਜੰਗ ਤੋਂ ਪਹਿਲਾਂ ਦੇ ਆਪਣੇ ਅੱਧੇ ਤੋਂ ਵੱਧ ਇਲਾਕੇ ਅਮਰੀਕਾ ਨੂੰ ਸੌਂਪ ਦਿੱਤੇ, ਜਿਸ ਨਾਲ ਅਮਰੀਕਾ ਨੂੰ ਕਰੀਬ ਸਾਢੇ 13 ਲੱਖ ਵਰਗ ਕਿਲੋਮੀਟਰ ਤੋਂ ਵੱਧ ਜ਼ਮੀਨ ਹਾਸਲ ਹੋਈ।
ਲਾ ਮੇਸਿਲਾ (1853)

ਤਸਵੀਰ ਸਰੋਤ, Getty Images
1848 ਵਿੱਚ ਮੈਕਸੀਕੋ-ਅਮਰੀਕਾ ਜੰਗ ਖਤਮ ਹੋਣ ਦੇ ਬਾਵਜੂਦ, ਦੋਹਾਂ ਮੁਲਕਾਂ ਵਿਚਾਲੇ ਤਣਾਅ ਬਰਕਰਾਰ ਰਿਹਾ। ਸਾਲ 1854 ਵਿੱਚ ਹੋਏ ਅੰਤਿਮ ਸਮਝੌਤੇ ਵਿੱਚ, ਦੋਵੇਂ ਸਰਕਾਰਾਂ ਦੱਖਣ 'ਚ ਮੈਕਸਿਕਨ ਇਲਾਕੇ ਦੀ ਇੱਕ ਛੋਟੀ ਜਿਹੀ ਪੱਟੀ ਵੇਚਣ 'ਤੇ ਸਹਿਮਤ ਹੋਈਆਂ, ਜੋ ਬਾਅਦ ਵਿੱਚ ਐਰੀਜ਼ੋਨਾ ਅਤੇ ਨਿਊ ਮੈਕਸੀਕੋ ਦਾ ਹਿੱਸਾ ਬਣ ਗਈ।
ਮੈਕਸੀਕੋ ਵਿੱਚ ਵੇਂਟਾ ਡੇ ਲਾ ਮੇਸਿਲਾ ਅਤੇ ਅਮਰੀਕਾ ਵਿੱਚ ਗੈਡਸਡੇਨ ਪਰਚੇਜ਼ ਦੇ ਨਾਂਅ ਨਾਲ ਜਾਣੀ ਜਾਣ ਵਾਲੀ ਇਹ ਡੀਲ ਕੁਝ ਹੱਦ ਤੱਕ ਟਰਾਂਸਕੋਨਟੀਨੈਂਟਲ (ਮਹਾਂਦੀਪਾਂ ਨੂੰ ਜੋੜਨ ਵਾਲੀ) ਰੇਲਵੇ ਬਣਾਉਣ ਵਿੱਚ ਅਮਰੀਕੀ ਦਿਲਚਸਪੀ ਦਾ ਨਤੀਜਾ ਸੀ। ਕੁਝ ਹੱਦ ਤੱਕ ਇਹ ਡੀਲ ਮੈਕਸੀਕੋ ਸਰਕਾਰ ਦੀਆਂ ਆਰਥਿਕ ਮੁਸ਼ਕਿਲਾਂ ਦੀ ਵਜ੍ਹਾ ਕਰਕੇ ਵੀ ਹੋਈ ਸੀ।
ਅਮਰੀਕੀ ਸਰਕਾਰ ਨੇ ਇਸ ਡੀਲ 'ਚ ਕਰੀਬ 77 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਲਈ ਇੱਕ ਕਰੋੜ ਡਾਲਰ ਅਦਾ ਕੀਤੇ, ਜੋ ਅੱਜ ਦੇ ਲਿਹਾਜ਼ ਨਾਲ ਚਾਲੀ ਕਰੋੜ ਡਾਲਰ ਤੋਂ ਵੱਧ ਸਨ। ਇਹ ਇਲਾਕਾ ਅੱਜ ਦੇ ਅਮਰੀਕਾ ਦਾ ਦੱਖਣੀ ਬਾਰਡਰ ਬਣ ਗਿਆ।
ਰੂਸ ਤੋਂ ਅਲਾਸਕਾ ਦੀ ਖਰੀਦ (1867)

ਤਸਵੀਰ ਸਰੋਤ, Al Drago / Getty
ਬਹੁਤੇ ਲੋਕ ਇਹ ਸਮਝ ਨਹੀਂ ਸਕੇ ਕਿ 1867 ਵਿੱਚ ਅਮਰੀਕੀ ਵਿਦੇਸ਼ ਮੰਤਰੀ ਵਿਲੀਅਮ ਸੀਵਾਰਡ ਨੇ ਰੂਸੀ ਸਾਮਰਾਜ ਤੋਂ ਅਲਾਸਕਾ ਦੇ ਦੂਰ-ਦੁਰੇਡੇ ਦਾ ਆਰਕਟਿਕ ਖੇਤਰ ਖਰੀਦਣ ਦਾ ਇਰਾਦਾ ਕਿਉਂ ਦਿਖਾਇਆ।
ਸੀਵਾਰਡ ਦਾ ਮੰਨਣਾ ਸੀ ਕਿ ਇਸ ਜ਼ਮੀਨ ਦਾ ਰਣਨੀਤਕ ਪੱਖੋਂ ਮਹੱਤਵ ਬਹੁਤ ਜ਼ਿਆਦਾ ਸੀ ਕਿਉਂਕਿ ਇਹ ਬ੍ਰਿਟਿਸ਼ ਲੋਕਾਂ ਨੂੰ ਉੱਤਰੀ ਅਮਰੀਕਾ 'ਚ ਦਖਲ ਦੇਣ ਤੋਂ ਰੋਕੇਗਾ ਅਤੇ ਇਸ ਨਾਲ ਅਮਰੀਕਾ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਮੱਛੀ ਫੜਨ ਲਈ ਚੰਗੀਆਂ ਥਾਵਾਂ ਤੱਕ ਪਹੁੰਚ ਮਿਲੇਗੀ।
ਰੂਸ ਦਾ ਮੰਨਣਾ ਸੀ ਕਿ ਉਹ ਖੁਦ ਨੂੰ ਅਜਿਹੇ ਇਲਾਕੇ ਤੋਂ ਛੁਟਕਾਰਾ ਦਿਵਾ ਰਿਹਾ ਹੈ ਜਿਸਦੀ ਕੋਈ ਕੀਮਤ ਨਹੀਂ ਸੀ, ਜਿਸਨੂੰ ਮੈਨੇਜ ਕਰਨਾ ਮਹਿੰਗਾ ਸੀ ਅਤੇ ਮੰਨਿਆ ਜਾਂਦਾ ਸੀ ਕਿ ਇਸ 'ਤੇ ਉਸ ਸਮੇਂ ਰੂਸ ਦੇ ਮੁੱਖ ਦੁਸ਼ਮਣ ਬ੍ਰਿਟੇਨ ਦੇ ਹਮਲੇ ਦਾ ਖਤਰਾ ਸੀ।

ਤਸਵੀਰ ਸਰੋਤ, Getty Images
ਜਦੋਂ ਸੀਵਾਰਡ ਨੇ ਰੂਸ ਤੋਂ 72 ਲੱਖ ਡਾਲਰ ਵਿੱਚ 15 ਲੱਖ 54 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਖਰੀਦ ਸਮਝੌਤਾ ਕੀਤਾ, ਜੋ ਅੱਜ ਦੇ ਹਿਸਾਬ ਨਾਲ ਕਰੀਬ 16 ਕਰੋੜ ਡਾਲਰ ਹੈ ਤਾਂ ਜ਼ਿਆਦਾਤਰ ਅਮਰੀਕੀ ਜਨਤਾ ਨੇ ਇਸਨੂੰ ਗਲਤ ਸੌਦਾ ਮੰਨਿਆ ਸੀ।
ਉਨ੍ਹਾਂ ਦੇ ਵਿਰੋਧੀਆਂ ਨੇ ਇਸ ਨੂੰ "ਸੀਵਾਰਡ ਦੀ ਬੇਵਕੂਫੀ" ਵੀ ਕਿਹਾ, ਜਿਸ 'ਤੇ ਕਾਫੀ ਵਿਵਾਦ ਹੋਇਆ। ਕੁਝ ਲੋਕਾਂ ਦਾ ਮੰਨਣਾ ਸੀ ਕਿ ਅਮਰੀਕਾ ਨੇ ਬੇਕਾਰ ਜ਼ਮੀਨ ਖਰੀਦੀ ਹੈ।
ਵਿਰੋਧ ਦੇ ਬਾਵਜੂਦ, ਅਮਰੀਕੀ ਕਾਂਗਰਸ ਨੇ ਇਸ ਖਰੀਦ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਅਲਾਸਕਾ ਅਮਰੀਕਾ ਦਾ ਹਿੱਸਾ ਬਣ ਗਿਆ ਹਾਲਾਂਕਿ ਇਹ ਸਾਲ 1959 ਤੱਕ ਇੱਕ ਸੂਬਾ ਨਹੀਂ ਬਣਿਆ।
ਆਖ਼ਰਕਾਰ, ਅਲਾਸਕਾ ਵਿੱਚ ਸੀਵਾਰਡ ਦਾ ਨਿਵੇਸ਼ ਸੋਨੇ ਅਤੇ ਤੇਲ ਦੇ ਵੱਡੇ ਭੰਡਾਰ ਦੀ ਖੋਜ ਤੋਂ ਬਾਅਦ ਰੰਗ ਲਿਆਇਆ ਅਤੇ ਸੀਤ ਯੁੱਧ ਦੌਰਾਨ ਇਸ ਇਲਾਕੇ ਦੀ ਫੌਜੀ ਨਜ਼ਰੀਏ ਤੋਂ ਅਹਿਮੀਅਤ ਹੋਰ ਵਧ ਗਈ।
ਡੈਨਮਾਰਕ ਅਤੇ ਅਮਰੀਕੀ ਵਰਜਿਨ ਦੀਪ ਸਮੂਹ ਦੀ ਖਰੀਦ (1917)

ਤਸਵੀਰ ਸਰੋਤ, Sean Gallup/Getty
ਪਿਛਲੀ ਵਾਰ ਅਮਰੀਕਾ ਨੇ ਕਿਸੇ ਦੇਸ਼ ਤੋਂ ਕੋਈ ਇਲਾਕਾ ਖਰੀਦਿਆ ਸੀ ਤਾਂ ਉਹ ਡੇਨਮਾਰਕ ਸੀ। ਡੇਨਿਸ਼ ਵੈਸਟ ਇੰਡੀਜ਼, ਜਿਵੇਂ ਕਿ ਇਸ ਨੂੰ ਉਦੋਂ ਜਾਣਿਆ ਜਾਂਦਾ ਸੀ, ਕੈਰੇਬੀਅਨ 'ਚ ਦੀਪਾਂ ਦਾ ਇੱਕ ਸਮੂਹ ਸੀ। ਇਸ 'ਤੇ 19ਵੀਂ ਸਦੀ ਦੇ ਆਸ-ਪਾਸ ਤੋਂ ਹੀ ਅਮਰੀਕੀ ਰਣਨੀਤੀਘਾੜਿਆਂ ਦੀ ਨਜ਼ਰ ਸੀ।
ਵਿਲੀਅਮ ਸੀਵਾਰਡ ਨੇ ਇਸ ਇਲਾਕੇ ਨੂੰ ਸ਼ਾਂਤੀ ਨਾਲ ਵਿਸਥਾਰ ਦੀ ਆਪਣੀ ਯੋਜਨਾ ਦਾ ਇੱਕ ਅਹਿਮ ਹਿੱਸਾ ਮੰਨਿਆ।
ਸੇਂਟ ਥਾਮਸ 'ਤੇ ਬਣਿਆ ਪੋਰਟ, ਜੋ ਅੱਜ ਦੇ ਵਰਜਿਨ ਆਈਲੈਂਡਸ ਨੂੰ ਬਣਾਉਣ ਵਾਲੇ ਤਿੰਨ ਮੁੱਖ ਆਈਲੈਂਡਸ ’ਚੋਂ ਇੱਕ ਹੈ, ਖਾਸ ਅਹਿਮੀਅਤ ਰੱਖਦਾ ਸੀ। ਅਜਿਹਾ ਇਸ ਲਈ ਸੀ ਕਿਉਂਕਿ ਇਸਦੀ ਬੰਦਰਗਾਹ ਨੂੰ ਕੈਰੇਬੀਅਨ ਨੂੰ ਕੰਟਰੋਲ ਕਰਨ ਲਈ ਇੱਕ ਅਹਿਮ ਬੇਸ ਮੰਨਿਆ ਜਾਂਦਾ ਸੀ।
ਲਗਭਗ ਉਸੇ ਸਮੇਂ, ਡੇਨਮਾਰਕ ਦੀ ਇਨ੍ਹਾਂ ਦੀਪ ਸਮੂਹਾਂ 'ਚ ਦਿਲਚਸਪੀ ਘੱਟ ਹੋਣ ਲੱਗੀ ਸੀ। ਇਸਨੇ ਪਹਿਲਾਂ ਇਸ ਜ਼ਮੀਨ 'ਤੇ ਗੰਨੇ ਦੇ ਵੱਡੇ ਖੇਤ ਵਿਕਸਿਤ ਕੀਤੇ ਸਨ, ਜਿਨ੍ਹਾਂ 'ਤੇ ਯੂਰਪੀ ਵਪਾਰੀਆਂ ਵੱਲੋਂ ਅਟਲਾਂਟਿਕ ਦੇ ਪਾਰੋਂ ਲਿਆਏ ਗਏ ਗੁਲਾਮ ਅਫਰੀਕੀਆਂ ਨੇ ਕੰਮ ਕੀਤਾ ਸੀ।
ਪਰ ਜਿਵੇਂ-ਜਿਵੇਂ ਦੁਨੀਆ ਭਰ 'ਚ ਖੰਡ ਦੀਆਂ ਕੀਮਤਾਂ ਘੱਟ ਹੋਣ ਲੱਗੀਆਂ ਤਾਂ ਇਨ੍ਹਾਂ ਖੇਤਾਂ ਦੇ ਰੱਖ-ਰਖਾਅ ਲਈ ਡੇਨਮਾਰਕ ਦਾ ਜੋਸ਼ ਵੀ ਘੱਟ ਹੋਣ ਲੱਗਾ।
1867 ਤੱਕ, ਦੋਵੇਂ ਮੁਲਕਾਂ ਨੇ ਦੋ ਦੀਪਾਂ ਨੂੰ 75 ਲੱਖ ਡਾਲਰ ਵਿੱਚ ਵੇਚਣ ਲਈ ਇੱਕ ਸ਼ੁਰੂਆਤੀ ਸਮਝੌਤਾ ਕੀਤਾ। ਹਾਲਾਂਕਿ ਇਹ ਸਮਝੌਤਾ ਪੂਰਾ ਨਹੀਂ ਹੋ ਸਕਿਆ ਕਿਉਂਕਿ ਅਮਰੀਕੀ ਕਾਂਗਰਸ ਨੇ ਇਸਨੂੰ ਮਨਜ਼ੂਰੀ ਨਹੀਂ ਦਿੱਤੀ।

ਤਸਵੀਰ ਸਰੋਤ, Getty Images
ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਅਤੇ ਜਰਮਨ ਸਬਮਰੀਨ ਤੋਂ ਅਮਰੀਕੀ ਜਹਾਜ਼ਾਂ ਨੂੰ ਹੋਣ ਵਾਲੇ ਖਤਰੇ ਨੇ ਅਮਰੀਕਾ ਦੀ ਦਿਲਚਸਪੀ ਫਿਰ ਤੋਂ ਜਗਾ ਦਿੱਤੀ। ਉਸਨੂੰ ਡਰ ਸੀ ਕਿ ਜਰਮਨੀ ਡੇਨਮਾਰਕ 'ਤੇ ਹਮਲਾ ਕਰ ਦੇਵੇਗਾ ਅਤੇ ਆਈਲੈਂਡਸ ਦੇ ਨਾਲ-ਨਾਲ ਸੇਂਟ ਥਾਮਸ ਦੀਆਂ ਰਣਨੀਤਕ ਪੱਖੋਂ ਅਹਿਮ ਬੰਦਰਗਾਹਾਂ 'ਤੇ ਵੀ ਕਬਜ਼ਾ ਕਰ ਲਏਗਾ।
ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ ਮੁਤਾਬਕ, ਰਾਸ਼ਟਰਪਤੀ ਵੁਡਰੋ ਵਿਲਸਨ ਦੇ ਵਿਦੇਸ਼ ਮੰਤਰੀ ਨੇ ਡੇਨਮਾਰਕ ਨੂੰ ਚਿਤਾਵਨੀ ਦਿੱਤੀ ਸੀ ਕਿ, 'ਜੇਕਰ ਉਹ ਇਹ ਇਲਾਕਾ ਵੇਚਣ ਤੋਂ ਇਨਕਾਰ ਕਰਦਾ ਹੈ ਤਾਂ ਅਮਰੀਕਾ ਆਈਲੈਂਡਸ 'ਤੇ ਕਬਜ਼ਾ ਕਰ ਸਕਦਾ ਹੈ ਤਾਂ ਜੋ ਉਨ੍ਹਾਂ 'ਤੇ ਕਿਸੇ ਹੋਰ ਦਾ ਕਬਜ਼ਾ ਹੋਣ ਤੋਂ ਰੋਕਿਆ ਜਾ ਸਕੇ।'
ਡੇਨਿਸ਼ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼ ਦੀ ਸੀਨੀਅਰ ਰਿਸਰਚਰ ਐਸਟਰਿਡ ਐਂਡਰਸਨ ਮੁਤਾਬਕ ਅਮਰੀਕੀ ਵਰਜਿਨ ਆਈਲੈਂਡਸ ਨਾਲ ਜੋ ਹੋਇਆ ਅਤੇ ਜੋ ਅਸੀਂ ਅੱਜ ਦੇਖ ਰਹੇ ਹਾਂ, ਉਸ ਵਿਚਾਲੇ ਸਮਾਨਤਾਵਾਂ ਨੂੰ ਨਾ ਦੇਖਣਾ ਮੁਸ਼ਕਿਲ ਹੈ।
ਐਂਡਰਸਨ ਕਹਿੰਦੇ ਹਨ, "ਗ੍ਰੀਨਲੈਂਡ ਨੂੰ ਲੈਕੇ ਜੋ ਅਸੀਂ ਹੁਣ ਸੁਣ ਰਹੇ ਹਾਂ, ਉਸ ਦੌਰ 'ਚ ਵੀ ਇਸਦੀ ਝਲਕ ਦੇਖਣ ਨੂੰ ਮਿਲਦੀ ਹੈ। ਅਮਰੀਕਾ ਨੇ ਉਸ ਸਮੇਂ ਵੀ ਕਿਹਾ ਸੀ ਕਿ 'ਜਾਂ ਤਾਂ ਤੁਸੀਂ ਸਾਨੂੰ ਇਹ ਵੇਚ ਦਿਓ ਜਾਂ ਅਸੀਂ ਇਸ 'ਤੇ ਹਮਲਾ' ਕਰਾਂਗੇ।"
ਸਾਲ 1917 ਤੱਕ ਦੋਹਾਂ ਧਿਰਾਂ ਵਿਚਾਲੇ ਇੱਕ ਸਮਝੌਤਾ ਹੋ ਗਿਆ ਸੀ, ਜਿਸ ਦੇ ਤਹਿਤ ਕੈਰੇਬੀਅਨ ਦੀਪਾਂ ਨੂੰ ਉਸ ਸਮੇਂ ਅਮਰੀਕਾ ਨੂੰ 2.5 ਕਰੋੜ ਡਾਲਰ ਦੀ ਕੀਮਤ 'ਤੇ ਵੇਚਿਆ ਜਾਣਾ ਸੀ।
ਇਸ ਸਮਝੌਤੇ ਦੇ ਤਹਿਤ ਅਮਰੀਕਾ ਇਸ ਗੱਲ 'ਤੇ ਵੀ ਸਹਿਮਤ ਹੋਇਆ ਕਿ ਉਹ ਡੇਨਮਾਰਕ ਦੇ "ਪੂਰੇ ਗ੍ਰੀਨਲੈਂਡ 'ਤੇ ਆਪਣੇ ਰਾਜਨੀਤਕ ਅਤੇ ਆਰਥਿਕ ਹਿੱਤ ਵਧਾਉਣ" ਦਾ ਵਿਰੋਧ ਨਹੀਂ ਕਰੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































