ਬਿਹਾਰ ਦੀ ਰਾਜਨੀਤੀ 'ਚ ਵੱਡਾ ਬਦਲਾਅ, ਜਾਣੋ ਨਿਤੀਸ਼ ਕੁਮਾਰ ਨੇ ਰਾਜ ਸਭਾ ਜਾਣ ਬਾਰੇ ਕੀ ਕਿਹਾ ਤੇ ਹੁਣ ਤੱਕ ਦਾ ਉਨ੍ਹਾਂ ਦਾ ਸਿਆਸੀ ਸਫ਼ਰ ਕਿਹੋ ਜਿਹਾ ਰਿਹਾ ਹੈ

ਤਸਵੀਰ ਸਰੋਤ, ANI
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਲਗਾਏ ਜਾ ਰਹੇ ਕਿਆਸਾਂ ਨੂੰ ਇੱਕ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਖੁਦ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਪੋਸਟ ਕਰਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਇਹ ਤੈਅ ਹੋ ਗਿਆ ਕਿ ਬਿਹਾਰ ਦੀ ਸਿਆਸਤ ਵਿੱਚ ਦੋ ਦਹਾਕਿਆਂ ਤੋਂ ਬਾਅਦ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ।
ਨਿਤੀਸ਼ ਕੁਮਾਰ ਨੂੰ ਲੈ ਕੇ ਬਿਹਾਰ ਦੇ ਸਿਆਸੀ ਗਲਿਆਰਿਆਂ ਵਿੱਚ ਲਗਾਤਾਰ ਇਹ ਚਰਚਾ ਚੱਲ ਰਹੀ ਸੀ ਕਿ ਉਹ ਬਿਹਾਰ ਦੀ ਸੱਤਾ ਤੋਂ ਵੱਖ, ਰਾਜ ਸਭਾ ਵੱਲ ਰੁਖ਼ ਕਰਨ ਵਾਲੇ ਹਨ।
ਵੀਰਵਾਰ ਸਵੇਰੇ ਇਨ੍ਹਾਂ ਖ਼ਬਰਾਂ ਨੂੰ ਲੈ ਕੇ ਜਨਤਾ ਦਲ (ਯੂਨਾਈਟਡ) ਯਾਨੀ ਜੇਡੀਯੂ ਦੇ ਕਈ ਕਾਰਕੁਨ ਬਿਹਾਰ ਵਿੱਚ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਵੀ ਕਰ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਦੀ ਕੁਰਸੀ 'ਤੇ ਹੋਣਾ ਚਾਹੀਦਾ ਹੈ।
ਇਹ ਵੀ ਇਸ ਗੱਲ ਦਾ ਸੰਕੇਤ ਸੀ ਕਿ ਬਿਹਾਰ ਦੀ ਸਿਆਸਤ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ।
ਨਿਤੀਸ਼ ਕੁਮਾਰ ਨੇ ਕੀ-ਕੀ ਕਿਹਾ

ਤਸਵੀਰ ਸਰੋਤ, ANI
ਨਿਤੀਸ਼ ਕੁਮਾਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ, "ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਤੁਸੀਂ ਆਪਣਾ ਵਿਸ਼ਵਾਸ ਅਤੇ ਸਮਰਥਨ ਮੇਰੇ ਨਾਲ ਲਗਾਤਾਰ ਬਣਾ ਕੇ ਰੱਖਿਆ ਹੈ ਅਤੇ ਉਸੇ ਦੇ ਬਲਬੂਤੇ ਅਸੀਂ ਬਿਹਾਰ ਦੀ ਅਤੇ ਤੁਹਾਡੇ ਸਾਰੇ ਲੋਕਾਂ ਦੀ ਪੂਰੀ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ।"
ਨਿਤੀਸ਼ ਨੇ ਲਿਖਿਆ, "ਤੁਹਾਡੇ ਵਿਸ਼ਵਾਸ ਅਤੇ ਸਮਰਥਨ ਦੀ ਹੀ ਤਾਕਤ ਸੀ ਕਿ ਬਿਹਾਰ ਅੱਜ ਵਿਕਾਸ ਅਤੇ ਸਨਮਾਨ ਦਾ ਨਵਾਂ ਆਯਾਮ ਪੇਸ਼ ਕਰ ਰਿਹਾ ਹੈ। ਇਸ ਲਈ ਪਹਿਲਾਂ ਵੀ ਮੈਂ ਕਈ ਵਾਰ ਤੁਹਾਡਾ ਧੰਨਵਾਦ ਕੀਤਾ ਹੈ।"
ਨਿਤੀਸ਼ ਦਾ ਕਹਿਣਾ ਹੈ, "ਸੰਸਦੀ ਜੀਵਨ ਸ਼ੁਰੂ ਕਰਨ ਵੇਲੇ ਤੋਂ ਹੀ ਮੇਰੇ ਮਨ ਵਿੱਚ ਇੱਕ ਇੱਛਾ ਸੀ ਕਿ ਮੈਂ ਬਿਹਾਰ ਵਿਧਾਨ ਮੰਡਲ ਦੇ ਦੋਵੇਂ ਸਦਨਾਂ ਦੇ ਨਾਲ ਸੰਸਦ ਦੇ ਵੀ ਦੋਵੇਂ ਸਦਨਾਂ ਦਾ ਮੈਂਬਰ ਬਣਾ। ਇਸੇ ਕ੍ਰਮ ਵਿੱਚ ਇਸ ਵਾਰ ਹੋ ਰਹੀ ਚੋਣ ਵਿੱਚ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹਾਂ।"
"ਮੈਂ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਮੇਰਾ ਇਹ ਸੰਬੰਧ ਭਵਿੱਖ ਵਿੱਚ ਵੀ ਬਣਿਆ ਰਹੇਗਾ ਅਤੇ ਤੁਹਾਡੇ ਨਾਲ ਮਿਲ ਕੇ ਇੱਕ ਵਿਕਸਿਤ ਬਿਹਾਰ ਬਣਾਉਣ ਦਾ ਸੰਕਲਪ ਪਹਿਲਾਂ ਵਾਂਗ ਕਾਇਮ ਰਹੇਗਾ। ਜੋ ਨਵੀਂ ਸਰਕਾਰ ਬਣੇਗੀ, ਉਸ ਨੂੰ ਮੇਰਾ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਰਹੇਗਾ।"
ਨਿਤੀਸ਼ ਕੁਮਾਰ ਸਾਲ 2005 ਤੋਂ ਲਗਾਤਾਰ ਬਿਹਾਰ ਵਿੱਚ ਸੱਤਾ 'ਚ ਢੁੱਕਵੇਂ ਬਣੇ ਹੋਏ ਹਨ।
ਨੀਤੀਸ਼ ਪਹਿਲੀ ਵਾਰ ਸਾਲ 2000 ਵਿੱਚ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ, ਪਰ ਉਹ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਸਨ। ਇਸ ਤੋਂ ਬਾਅਦ ਸਾਲ 2005 ਵਿੱਚ ਨੀਤੀਸ਼ ਕੁਮਾਰ ਨੇ ਭਾਜਪਾ ਦੇ ਨਾਲ ਬਹੁਮਤ ਦੀ ਸਰਕਾਰ ਬਣਾਈ ਸੀ।
ਹਾਲਾਂਕਿ ਸਾਲ 2014-15 ਵਿੱਚ ਕੁਝ ਮਹੀਨਿਆਂ ਲਈ ਉਨ੍ਹਾਂ ਨੇ ਆਪਣੀ ਪਾਰਟੀ ਤੋਂ ਜੀਤਨ ਰਾਮ ਮਾਂਝੀ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਇਆ ਸੀ। ਇਸ ਤੋਂ ਬਾਅਦ ਨੀਤੀਸ਼ ਕੁਮਾਰ ਮੁੜ ਸੀਐਮ ਦੀ ਕੁਰਸੀ 'ਤੇ ਆ ਗਏ ਸਨ ਅਤੇ ਕਿਹਾ ਜਾਂਦਾ ਸੀ ਕਿ ਬਿਹਾਰ ਵਿੱਚ ਕਿਸੇ ਵੀ ਗਠਜੋੜ ਦੀ ਸਰਕਾਰ ਬਣੇ, ਮੁੱਖ ਮੰਤਰੀ ਦੀ ਕੁਰਸੀ 'ਤੇ ਨੀਤੀਸ਼ ਕੁਮਾਰ ਹੀ ਹੁੰਦੇ ਹਨ।
ਹੁਣ ਇੱਕ ਝਾਤ ਨਿਤੀਸ਼ ਕੁਮਾਰ ਦੇ ਸਿਆਸੀ ਸਫ਼ਰ 'ਤੇ...

ਤਸਵੀਰ ਸਰੋਤ, HINDUSTAN TIMES
ਮੌਜੂਦਾ ਕਾਰਜਕਾਲ ਲਈ ਨਿਤੀਸ਼ ਕੁਮਾਰ ਅਗਸਤ 2022 ਵਿੱਚ ਬੀਜੇਪੀ ਨਾਲੋਂ ਗਠਜੋੜ ਤੋੜ ਕੇ ਆਰਜੇਡੀ ਨਾਲ ਰਲ਼ੇ ਸਨ।
ਨਿਤੀਸ਼ ਕੁਮਾਰ ਦਾ ਹੁਣ ਤੱਕ ਦਾ ਸਿਆਸੀ ਜੀਵਨ 'ਯੂ-ਟਰਨ' ਲੈਣ ਅਤੇ ਆਪਣੇ ਹਿੱਤ ਦੀ ਸਿਆਸਤ ਕਰਨ ਦਾ ਗਵਾਹ ਰਿਹਾ ਹੈ।
ਹਾਲਾਂਕਿ ਨਿਤੀਸ਼ ਨੇ ਲਾਲੂ ਪ੍ਰਸਾਦ ਯਾਦਵ ਅਤੇ ਜਾਰਜ ਫਰਨਾਂਡਿਸ ਦੀ ਸਰਪ੍ਰਸਤੀ ਹੇਠ ਸਿਆਸਤ ਸ਼ੁਰੂ ਕੀਤੀ ਸੀ।
ਲਗਭਗ ਪੰਜ ਦਹਾਕਿਆਂ ਦੇ ਸਿਆਸਤੀ ਜੀਵਨ ਦੌਰਾਨ ਨਿਤੀਸ਼ ਕੁਮਾਰ ਆਪਣੀ ਸਹੂਲਤ ਅਨੁਸਾਰ ਪਾਰਟੀਆਂ ਅਤੇ ਗਠਜੋੜ ਬਦਲਦੇ ਰਹੇ।
ਨਿਤੀਸ਼ ਨੇ 1974 ਤੋਂ 1977 ਦਰਮਿਆਨ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਸਤੇਂਦਰ ਨਰਾਇਣ ਸਿਨਹਾ ਦੀ ਅਗਵਾਈ ਵਾਲੀ ਜਨਤਾ ਪਾਰਟੀ ਨਾਲ ਸ਼ੁਰੂ ਕੀਤਾ।

ਤਸਵੀਰ ਸਰੋਤ, Getty Images
ਨਿਤੀਸ਼ ਪਹਿਲੀ ਵਾਰ 1985 ਵਿੱਚ ਹਰਨੌਤ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਸਮੇਂ ਦੌਰਾਨ ਉਹ ਬਿਹਾਰ ਵਿੱਚ ਵਿਰੋਧੀ ਧਿਰ ਵਿੱਚ ਬੈਠੇ ਲਾਲੂ ਪ੍ਰਸਾਦ ਯਾਦਵ ਦੇ ਸਹਿਯੋਗੀ ਰਹੇ।
1994 ਵਿੱਚ ਜਾਰਡਨ ਫਰਨਾਂਡਿਸ ਨੇ ਸਮਤਾ ਪਾਰਟੀ ਬਣਾਈ। ਨਿਤੀਸ਼ ਉਨ੍ਹਾਂ ਨਾਲ ਸ਼ਾਮਲ ਹੋਏ। ਅਗਲੇ ਸਾਲ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਮਤਾ ਪਾਰਟੀ ਨੂੰ ਸਿਰਫ਼ 7 ਸੀਟਾਂ ਮਿਲੀਆਂ ਸਨ।
ਸਾਲ 1996 ਵਿੱਚ ਉਨ੍ਹਾਂ ਨੇ ਭਾਜਪਾ ਨਾਲ ਗਠਜੋੜ ਕਰ ਲਿਆ।

ਤਸਵੀਰ ਸਰੋਤ, Getty Images
ਸਾਲ 1989 'ਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਨਿਤੀਸ਼ ਪਹਿਲਾਂ 1998 ਤੋਂ 2001 ਤੱਕ ਦਰਮਿਆਨ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਕੇਂਦਰੀ ਮੰਤਰੀ ਵੀ ਰਹੇ।
ਨਿਤੀਸ਼ 2001 ਤੋਂ 2004 ਦਰਮਿਆਨ ਤਤਕਾਲੀ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਰੇਲ ਮੰਤਰੀ ਸਨ।
ਇਸ ਦੌਰਾਨ ਸਾਲ 2000 ਵਿੱਚ 3 ਮਾਰਚ ਤੋਂ 10 ਮਾਰਚ ਦਰਮਿਆਨ ਨਿਤੀਸ਼ ਕੁਮਾਰ ਵੀ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ।
2004 ਤੱਕ ਕੇਂਦਰੀ ਮੰਤਰੀ ਰਹਿਣ ਮਗਰੋਂ ਉਹ 2005 ਵਿੱਚ ਸੂਬੇ ਦੀ ਰਾਜਨੀਤੀ ਵਿੱਚ ਵਾਪਸ ਆਏ ਅਤੇ ਮੁੱਖ ਮੰਤਰੀ ਬਣੇ।
2014-15 ਵਿੱਚ ਜੀਤਨ ਰਾਮ ਮਾਂਝੀ ਦੇ ਦਸ ਮਹੀਨਿਆਂ ਨੂੰ ਛੱਡ ਕੇ ਪਿਛਲੇ 19 ਸਾਲਾਂ 'ਚ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਹਨ।
ਪਟਨਾ ਤੋਂ ਸੀਨੀਅਰ ਪੱਤਰਕਾਰ ਸਰੂਰ ਅਹਿਮਦ ਦਾ ਕਹਿਣਾ ਹੈ, "ਉਹ ਸਾਲ 2005-2010 ਵਿੱਚ ਕੀਤੇ ਕੰਮਾਂ ਕਰਕੇ ਸੂਬੇ ਵਿੱਚ ਮਸ਼ਹੂਰ ਹੋ ਗਏ ਸਨ। ਚਾਹੇ ਉਹ ਕੋਈ ਵੀ ਜਾਤ, ਫਿਰਕੇ, ਪਾਰਟੀ ਜਾਂ ਸਮਾਜ ਹੋਵੇ, ਉਹ ਆਪਣੇ ਪੱਧਰ ਉੱਤੇ 12 ਤੋਂ 13 ਫੀਸਦੀ ਵੋਟਾਂ ਲਿਆਉਂਦੇ ਰਹੇ ਸਨ।''
ਹਾਲਾਂਕਿ ਇਸ ਦੌਰਾਨ ਨਿਤੀਸ਼ ਕੁਮਾਰ ਆਪਣੀ ਸਹੂਲਤ ਮੁਤਾਬਕ ਗਠਜੋੜ ਦੇ ਸਾਥੀ ਬਦਲਦੇ ਰਹੇ।
ਸਿਆਸੀ ਕੁਸ਼ਲਤਾ 'ਕਿੱਸਾ ਕੁਰਸੀ ਦਾ'

ਤਸਵੀਰ ਸਰੋਤ, ANI
ਸਾਲ 1996 ਵਿੱਚ ਨਿਤੀਸ਼ ਨੇ ਭਾਜਪਾ ਨਾਲ ਗਠਜੋੜ ਕੀਤਾ। ਭਾਜਪਾ ਨਾਲ ਨਿਤੀਸ਼ ਦਾ ਇਹ ਗਠਜੋੜ 2013 ਤੱਕ ਚੱਲਿਆ। ਨਿਤੀਸ਼ ਨੇ ਭਾਜਪਾ ਨਾਲ ਮਿਲ ਕੇ ਚੋਣਾਂ ਲੜੀਆਂ ਅਤੇ ਬਿਹਾਰ ਦੀ ਸੱਤਾ 'ਤੇ ਕਾਬਜ਼ ਹੋ ਗਏ।
ਭਾਜਪਾ ਅਤੇ ਨਿਤੀਸ਼ 17 ਸਾਲਾਂ ਤੋਂ ਬਿਹਾਰ ਦੀ ਸਿਆਸਤ ਵਿੱਚ ਇਕੱਠੇ ਸਨ।
ਸੰਨ 2014 ਵਿੱਚ ਨਿਤੀਸ਼ ਨੇ ਪਹਿਲੀ ਵਾਰ ਭਾਜਪਾ ਤੋਂ ਵੱਖਰਾ ਰਾਹ ਫੜਿਆ, ਜਦੋਂ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਦਿੱਤਾ। ਉਹ ਲੋਕ ਸਭਾ ਚੋਣਾਂ ਉਨ੍ਹਾਂ ਨੇ ਇਕੱਲਿਆਂ ਹੀ ਲੜੀਆਂ ਸਨ।
2019 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ, ਨਿਤੀਸ਼ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਪਾਰਟੀ ਨਾਲ ਗਠਜੋੜ ਕੀਤਾ।
2015 ਵਿੱਚ, ਨਿਤੀਸ਼ ਨੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਹਾਗਠਜੋੜ ਬਣਾ ਕੇ ਚੋਣਾਂ ਲੜੀਆਂ ਅਤੇ ਗਠਜੋੜ ਨੂੰ ਭਾਰੀ ਬਹੁਮਤ ਮਿਲਿਆ। ਨਿਤੀਸ਼ ਇੱਕ ਵਾਰ ਫਿਰ ਮੁੱਖ ਮੰਤਰੀ ਬਣੇ ਅਤੇ ਤੇਜਸਵੀ ਯਾਦਵ ਉਨ੍ਹਾਂ ਦੇ ਡਿਪਟੀ।
ਇਹ ਮਹਾਗਠਜੋੜ ਸਿਰਫ ਦੋ ਸਾਲ ਤੱਕ ਚੱਲਿਆ ਅਤੇ ਨਿਤੀਸ਼ ਨੇ 2017 ਵਿੱਚ ਮਹਾਗਠਜੋੜ ਨਾਲੋਂ ਨਾਤਾ ਤੋੜ ਲਿਆ। ਨਿਤੀਸ਼ ਨੇ ਭਾਜਪਾ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਅਤੇ ਭਾਜਪਾ ਆਗੂ ਸੁਸ਼ੀਲ ਮੋਦੀ ਉਨ੍ਹਾਂ ਦੇ ਉਪ ਮੁੱਖ ਮੰਤਰੀ ਬਣੇ।

ਤਸਵੀਰ ਸਰੋਤ, ANI
2020 ਵਿੱਚ, ਨਿਤੀਸ਼ ਨੇ ਭਾਜਪਾ ਨਾਲ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਸੱਤਾ ਵਿੱਚ ਵਾਪਸ ਆਏ। ਹਾਲਾਂਕਿ ਜੇਡੀਯੂ ਦੀਆਂ ਸੀਟਾਂ ਭਾਜਪਾ ਨਾਲੋਂ ਘੱਟ ਸਨ। ਫਿਰ ਵੀ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹੇ।
ਡੀਐਮ ਦਿਵਾਕਰ ਦੇ ਅਨੁਸਾਰ, "ਭਾਜਪਾ ਨੂੰ ਇਹ ਫਾਇਦਾ ਹੈ ਕਿ ਜੇਕਰ ਉਹ ਬਿਹਾਰ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਲੋਕ ਸਭਾ ਚੋਣਾਂ ਉਸਦੇ ਸ਼ਾਸਨ ਦੌਰਾਨ ਹੋਣਗੀਆਂ, ਜਿਸਦਾ ਉਸਨੂੰ ਚੋਣਾਂ ਵਿੱਚ ਫਾਇਦਾ ਹੋ ਸਕਦਾ ਹੈ।"
ਇਸ ਤੋਂ ਇਲਾਵਾ ਨਿਤੀਸ਼ ਦਾ ਸਮਰਥਨ ਕਰਨਾ ਵੀ ਭਾਜਪਾ ਦੀ ਮਜਬੂਰੀ ਹੈ ਕਿਉਂਕਿ ਪਾਰਟੀ ਦਾ ਬਿਹਾਰ ਵਿੱਚ ਕੋਈ ਵੱਡਾ ਚਿਹਰਾ ਨਹੀਂ ਹੈ।
ਸੁਰੂਰ ਅਹਿਮਦ ਕਹਿੰਦੇ ਹਨ, "ਬਿਹਾਰ ਵਿੱਚ ਭਾਜਪਾ ਦਾ ਕੋਈ ਵੱਡਾ ਚਿਹਰਾ ਨਹੀਂ ਸੀ ਅਤੇ ਨਾ ਹੀ ਹੈ। ਕਲਿਆਣ ਸਿੰਘ ਉੱਤਰ ਪ੍ਰਦੇਸ਼ ਵਿੱਚ ਸਨ। ਉਮਾ ਭਾਰਤੀ ਮੱਧ ਪ੍ਰਦੇਸ਼ ਵਿੱਚ ਸਨ। ਬਾਅਦ ਵਿੱਚ ਸ਼ਿਵਰਾਜ ਸਿੰਘ ਚੌਹਾਨ ਨੂੰ ਅੱਗੇ ਕਰ ਦਿੱਤਾ ਗਿਆ ਸੀ। ਉਸ ਤਰ੍ਹਾਂ ਦਾ ਚਿਹਰਾ ਉੱਥੇ ਨਹੀਂ ਹੈ।"
ਨਿਤੀਸ਼ ਕੁਮਾਰ ਬਿਹਾਰ ਦੇ ਚੁਣੇ ਹੋਏ ਮੁੱਖ ਮੰਤਰੀ

ਤਸਵੀਰ ਸਰੋਤ, Santosh Kumar/Hindustan Times via Getty Images
ਦੋ ਸਾਲਾਂ ਤੱਕ ਭਾਜਪਾ ਨਾਲ ਸਰਕਾਰ ਚਲਾਉਣ ਤੋਂ ਬਾਅਦ, ਨਿਤੀਸ਼ ਨੇ ਮੁੜ ਰਾਹ ਬਦਲਿਆ ਅਤੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ।
ਨਿਤੀਸ਼ ਅਗਸਤ 2022 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ ਅਤੇ ਤੇਜਸਵੀ ਯਾਦਵ ਉਨ੍ਹਾਂ ਦੇ ਉਪ ਮੁੱਖ ਮੰਤਰੀ ਬਣੇ।
ਇਸ ਵਾਰ ਨਿਤੀਸ਼ ਨੇ ਭਾਜਪਾ ਖਿਲਾਫ ਸਖਤ ਰਵੱਈਆ ਅਪਣਾਇਆ। ਉਨ੍ਹਾਂ ਨੇ ਕੌਮੀ ਪੱਧਰ 'ਤੇ ਭਾਜਪਾ ਵਿਰੁੱਧ ਵਿਰੋਧੀ ਪਾਰਟੀਆਂ ਦਾ ਗਠਜੋੜ ਬਣਾਉਣ ਦੇ ਯਤਨ ਕੀਤੇ।
ਨਿਤੀਸ਼ ਕੁਮਾਰ ਬਿਹਾਰ ਦੇ ਚੁਣੇ ਹੋਏ ਮੁੱਖ ਮੰਤਰੀ ਹਨ ਅਤੇ ਇਹ ਨਿਤੀਸ਼ ਦਾ ਸਿਆਸੀ ਹੁਨਰ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਕੋਈ ਮਜ਼ਬੂਤ ਢਾਂਚਾ ਨਾ ਹੋਣ ਦੇ ਬਾਵਜੂਦ ਉਹ ਸੂਬੇ 'ਚ ਜਨ ਆਧਾਰ ਅਤੇ ਵਰਕਰਾਂ ਵਾਲੀਆਂ ਪਾਰਟੀਆਂ ਨੂੰ ਖੂੰਜੇ ਲਾਉਣ 'ਚ ਕਾਮਯਾਬ ਰਹੇ ਤੇ ਸ਼ਕਤੀ ਦਾ ਕੇਂਦਰ ਬਣੇ ਰਹੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























