ਨਿਤਿਨ ਨਬੀਨ ਕੌਣ ਹਨ, ਜਿਨ੍ਹਾਂ ਨੂੰ ਭਾਜਪਾ ਨੇ ਬਣਾਇਆ ਰਾਸ਼ਟਰੀ ਕਾਰਜਕਾਰੀ ਪ੍ਰਧਾਨ

ਤਸਵੀਰ ਸਰੋਤ, @NitinNabin
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ
ਬਿਹਾਰ ਸਰਕਾਰ ਵਿੱਚ ਮੰਤਰੀ ਨਿਤਿਨ ਨਬੀਨ ਨੂੰ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਇੱਕ ਚਿੱਠੀ ਵਿੱਚ ਦੱਸਿਆ ਹੈ, "ਭਾਜਪਾ ਸੰਸਦੀ ਬੋਰਡ ਨੇ ਬਿਹਾਰ ਸਰਕਾਰ ਵਿੱਚ ਮੰਤਰੀ ਨਿਤਿਨ ਨਬੀਨ ਨੂੰ ਪਾਰਟੀ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।"
ਚਿੱਠੀ ਮੁਤਾਬਕ ਨਿਤਿਨ ਨਬੀਨ ਦੀ ਨਿਯੁਕਤੀ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗੀ।
ਨਿਤਿਨ ਨਬੀਨ ਬਿਹਾਰ ਸਰਕਾਰ ਵਿੱਚ ਸੜਕ ਨਿਰਮਾਣ ਮੰਤਰੀ ਹਨ ਅਤੇ ਭਾਜਪਾ ਦੇ ਛੱਤੀਸਗੜ੍ਹ ਦੇ ਇੰਚਾਰਜ ਹਨ। ਉਹ ਬਿਹਾਰ ਦੇ ਬਾਂਕੀਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਹੋਣ ਤੋਂ ਬਾਅਦ ਨਿਤਿਨ ਨਬੀਨ ਨੇ ਸੀਨੀਅਰ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, "ਇਹ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਮੇਰਾ ਮੰਨਣਾ ਹੈ ਕਿ ਇੱਕ ਵਰਕਰ ਵਜੋਂ ਕੰਮ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਸੀਨੀਅਰ ਪਾਰਟੀ ਆਗੂ ਹਮੇਸ਼ਾ ਤੁਹਾਡੇ ਵੱਲ ਧਿਆਨ ਦਿੰਦੇ ਹਨ। ਮੈਨੂੰ ਜੋ ਆਸ਼ੀਰਵਾਦ ਮਿਲਿਆ ਹੈ...ਅਸੀਂ ਮਿਲ ਕੇ ਕੰਮ ਕਰਾਂਗੇ।"
ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਨਿਤਿਨ ਨੂੰ ਵਧਾਈ ਦਿੱਤੀ ਹੈ ਅਤੇ ਲਿਖਿਆ ਕਿ ਉਨ੍ਹਾਂ ਨੇ ਆਪਣੀ ਇੱਕ ਸਮਰਪਿਤ ਵਰਕਰ ਵਜੋਂ ਪਛਾਣ ਬਣਾਈ ਹੈ।
ਉਨ੍ਹਾਂ ਨੇ ਲਿਖਿਆ, "ਉਹ ਇੱਕ ਨੌਜਵਾਨ ਅਤੇ ਮਿਹਨਤੀ ਨੇਤਾ ਹਨ ਜਿਨ੍ਹਾਂ ਕੋਲ ਸੰਗਠਨ ਦਾ ਕਾਫ਼ੀ ਵਧੀਆ ਤਜਰਬਾ ਹੈ। ਬਿਹਾਰ ਵਿੱਚ ਇੱਕ ਵਿਧਾਇਕ ਅਤੇ ਮੰਤਰੀ ਵਜੋਂ ਉਨ੍ਹਾਂ ਦਾ ਕੰਮ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਪੂਰੇ ਸਮਰਪਣ ਨਾਲ ਕੰਮ ਕੀਤਾ ਹੈ।"
ਮੋਦੀ ਨੇ ਲਿਖਿਆ, "ਉਹ ਆਪਣੇ ਨਿਮਰ ਸੁਭਾਅ ਅਤੇ ਜ਼ਮੀਨੀ ਪੱਧਰ 'ਤੇ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਊਰਜਾ ਅਤੇ ਵਚਨਬੱਧਤਾ ਆਉਣ ਵਾਲੇ ਸਮੇਂ ਵਿੱਚ ਸਾਡੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ। ਭਾਜਪਾ ਦਾ ਕਾਰਜਕਾਰੀ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਦਿਲੋਂ ਵਧਾਈਆਂ।"
ਨਿਤਿਨ ਨਬੀਨ ਪਹਿਲੀ ਵਾਰ 2006 ਵਿੱਚ ਪਟਨਾ ਪੱਛਮੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਣੇ ਸਨ। ਉਨ੍ਹਾਂ ਨੇ 2010 ਤੋਂ 2025 ਤੱਕ ਲਗਾਤਾਰ ਪੰਜ ਵਾਰ ਬਾਂਕੀਪੁਰ ਸੀਟ ਜਿੱਤੀ ਹੈ।
ਨਿਤਿਨ ਨਬੀਨ ਇਸ ਸਮੇਂ ਬਿਹਾਰ ਵਿੱਚ ਐੱਨਡੀਏ ਸਰਕਾਰ ਵਿੱਚ ਸੜਕ ਨਿਰਮਾਣ ਅਤੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਹਨ।

ਤਸਵੀਰ ਸਰੋਤ, ANI
ਚੋਣ ਕਮਿਸ਼ਨ ਨੂੰ ਆਪਣੇ ਚੋਣ ਹਲਫ਼ਨਾਮੇ ਰਾਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ, ਨਿਤਿਨ ਨਬੀਨ ਦੇ ਪਿਤਾ ਦਾ ਨਾਮ ਨਵੀਨ ਕਿਸ਼ੋਰ ਪ੍ਰਸਾਦ ਸਿਨਹਾ ਹੈ, ਅਤੇ ਉਹ ਟੇਲਰ ਰੋਡ, ਪਟਨਾ ਦੇ ਰਹਿਣ ਵਾਲੇ ਹਨ।
ਇਸ ਅਨੁਸਾਰ, ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮਾਜ ਸੇਵਕ ਦੱਸਿਆ ਹੈ।
ਉਨ੍ਹਾਂ ਦੇ ਚੋਣ ਹਲਫ਼ਨਾਮੇ ਅਨੁਸਾਰ, ਉਨ੍ਹਾਂ ਖ਼ਿਲਾਫ਼ ਫਿਲਹਾਲ ਕੋਈ ਅਪਰਾਧਿਕ ਮਾਮਲਾ ਨਹੀਂ ਹੈ, ਨਾ ਹੀ ਉਨ੍ਹਾਂ ਨੂੰ ਕਿਸੇ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।
ਨਿਤਿਨ ਨਬੀਨ ਨੇ ਸਾਲ 1996 ਵਿੱਚ ਪਟਨਾ ਦੇ ਸੇਂਟ ਮਾਈਕਲ ਹਾਈ ਸਕੂਲ ਤੋਂ ਮੈਟ੍ਰਿਕ ਅਤੇ 1998 ਵਿੱਚ ਦਿੱਲੀ ਦੇ ਸੀਐੱਸਕੇਐੱਮ ਪਬਲਿਕ ਸਕੂਲ ਤੋਂ ਆਪਣੀ ਇੰਟਰਮੀਡੀਏਟ ਪੂਰੀ ਕੀਤੀ।

ਤਸਵੀਰ ਸਰੋਤ, @NitinNabin
ਨਿਤਿਨ ਨਬੀਨ ਕੌਣ ਹੈ?
ਨਿਤਿਨ ਨਬੀਨ ਇਸ ਸਮੇਂ ਪਟਨਾ ਦੀ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ ਅਤੇ ਬਿਹਾਰ ਸਰਕਾਰ ਵਿੱਚ ਮੰਤਰੀ ਹਨ।
ਸੀਨੀਅਰ ਪੱਤਰਕਾਰ ਨਚੀਕੇਤਾ ਨਾਰਾਇਣ ਕਹਿੰਦੇ ਹਨ, "ਨਿਤਿਨ ਨਬੀਨ ਨੇ ਆਪਣਾ ਸਿਆਸੀ ਕਰੀਅਰ 2006 ਵਿੱਚ ਸ਼ੁਰੂ ਕੀਤਾ ਸੀ। ਮੰਨ ਸਕਦੇ ਹਾਂ ਕਿ ਇਹ ਉਨ੍ਹਾਂ ਨੂੰ ਇਹ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਦੇ ਪਿਤਾ ਨਵੀਨ ਕਿਸ਼ੋਰ ਸਿਨਹਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਈ ਵਾਰ ਭਾਜਪਾ ਵਿਧਾਇਕ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ, ਨਿਤਿਨ ਨਬੀਨ ਉਸ ਸੀਟ ਤੋਂ ਜਿੱਤਦੇ ਰਹੇ ਹਨ।"
ਨਿਤਿਨ ਨਬੀਨ ਸਾਲ 2017-18 ਵਿੱਚ ਭਾਜਪਾ ਯੁਵਾ ਮੋਰਚਾ ਦੇ ਬਿਹਾਰ ਸੂਬਾਈ ਪ੍ਰਧਾਨ ਸਨ। ਉਨ੍ਹਾਂ ਨੂੰ ਪਹਿਲੀ ਵਾਰ 2020 ਵਿੱਚ ਨਿਤੀਸ਼ ਕੁਮਾਰ ਦੀ ਸਰਕਾਰ ਵਿੱਚ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਨਚੀਕੇਤਾ ਨਾਰਾਇਣ ਇੱਕ ਦਿਲਚਸਪ ਗੱਲ ਯਾਦ ਕਰਦੇ ਹਨ, "ਜਿਸ ਫੋਟੋ ਦੇ ਵਿਰੋਧ ਵਿੱਚ ਨਿਤੀਸ਼ ਕੁਮਾਰ ਨੇ ਇੱਕ ਵਾਰ ਰਾਤ ਦਾ ਖਾਣਾ ਰੱਦ ਕਰ ਦਿੱਤਾ ਸੀ, ਉਹ ਦੋ ਵਿਧਾਇਕਾਂ, ਨਿਤਿਨ ਨਬੀਨ ਅਤੇ ਸੰਜੀਵ ਚੌਰਸੀਆ ਵੱਲੋਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।"
"ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਜਦੋਂ ਨਰਿੰਦਰ ਮੋਦੀ ਦੀ ਰਾਸ਼ਟਰੀ ਸਿਆਸਤ ਵਿੱਚ ਕੋਈ ਚਰਚਾ ਨਹੀਂ ਸੀ, ਉਦੋਂ ਵੀ ਨਿਤਿਨ ਨਬੀਨ ਦਾ ਮੋਦੀ ਪ੍ਰਤੀ ਬਹੁਤ ਝੁਕਾਅ ਸੀ।"
ਇਹ ਘਟਨਾ ਅਸਲ ਵਿੱਚ 2010 ਦੀ ਹੈ, ਜਦੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਲ ਹੋਣ ਲਈ ਬਿਹਾਰ ਦੀ ਰਾਜਧਾਨੀ ਪਟਨਾ ਆਏ ਸਨ।
ਉਸ ਸਮੇਂ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਖ਼ਬਾਰਾਂ ਵਿੱਚ ਛਪੇ ਇੱਕ ਇਸ਼ਤਿਹਾਰ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
ਇਸ਼ਤਿਹਾਰ ਵਿੱਚ ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ਨੂੰ ਹੱਥ ਫੜੇ ਹੋਏ ਦਿਖਾਇਆ ਗਿਆ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਗੁਜਰਾਤ ਸਰਕਾਰ ਨੇ ਹੜ੍ਹਾਂ ਦੌਰਾਨ ਬਿਹਾਰ ਦੀ ਮਦਦ ਕੀਤੀ ਸੀ।
ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਇਸ਼ਤਿਹਾਰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨ੍ਹਾਂ ਛਾਪਿਆ ਗਿਆ ਹੈ।
ਉਸ ਸਮੇਂ ਇਸ ਗੱਲ ਦੀ ਕਾਫੀ ਚਰਚਾ ਸੀ ਕਿ ਇਸ਼ਤਿਹਾਰ ਤੋਂ ਨਾਰਾਜ਼ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨੇਤਾਵਾਂ ਨਾਲ ਰਾਤ ਦਾ ਖਾਣਾ ਰੱਦ ਕਰ ਦਿੱਤਾ ਸੀ।
ਨਚੀਕੇਤਾ ਨਾਰਾਇਣ ਕਹਿੰਦੇ ਹਨ, "ਨਿਤਿਨ ਨਬੀਨ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਕਿਉਂ ਬਣਾਇਆ, ਇਹ ਤੁਰੰਤ ਪੱਕੇ ਤੌਰ 'ਤੇ ਦੱਸ ਸਕਣਾ ਸੌਖਾ ਨਹੀਂ ਹੈ। ਪਰ ਇਹ ਜ਼ਰੂਰ ਨਜ਼ਰ ਆਉਂਦਾ ਹੈ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਉਨ੍ਹਾਂ 'ਤੇ ਭਰੋਸਾ ਕਰਦੀ ਹੈ।"

ਤਸਵੀਰ ਸਰੋਤ, @NitinNabin
ਭਾਜਪਾ ਨੇ ਕਿਉਂ ਬਣਾਇਆ ਕਾਰਜਕਾਰੀ ਪ੍ਰਧਾਨ
ਭਾਜਪਾ ਲੰਬੇ ਸਮੇਂ ਤੋਂ ਨਵੇਂ ਰਾਸ਼ਟਰੀ ਪ੍ਰਧਾਨ ਬਾਰੇ ਫ਼ੈਸਲਾ ਲੈਣ ਵਿੱਚ ਅਸਮਰੱਥ ਰਹੀ ਹੈ। ਇਸ ਮੁੱਦੇ 'ਤੇ ਨਾ ਸਿਰਫ਼ ਸਿਆਸੀ ਹਲਕਿਆਂ ਵਿੱਚ ਸਗੋਂ ਸੰਸਦ ਵਿੱਚ ਵੀ ਚਰਚਾ ਹੁੰਦੀ ਰਹੀ ਹੈ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੰਸਦ ਵਿੱਚ ਇਲਜ਼ਾਮ ਲਗਾਇਆ ਕਿ ਭਾਜਪਾ ਆਪਣਾ ਰਾਸ਼ਟਰੀ ਪ੍ਰਧਾਨ ਵੀ ਨਹੀਂ ਚੁਣ ਸਕੀ।
ਉਸ ਵੇਲੇ ਇਸ ਮੁੱਦੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਖਿਲੇਸ਼ ਯਾਦਵ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਕਿਹਾ ਸੀ ਕਿ ਭਾਜਪਾ ਵਰਕਰਾਂ 'ਤੇ ਅਧਾਰਤ ਪਾਰਟੀ ਹੈ, ਪਰਿਵਾਰਕ ਪਾਰਟੀ ਨਹੀਂ, ਇਸ ਲਈ ਦੇਰੀ ਹੁੰਦੀ ਹੈ।
ਭਾਜਪਾ ਲੰਬੇ ਸਮੇਂ ਤੋਂ ਜੇਪੀ ਨੱਡਾ ਦਾ ਕਾਰਜਕਾਲ ਵਧਾ ਰਹੀ ਹੈ ਅਤੇ ਇਸ ਲਈ ਇਸ ਮੁੱਦੇ 'ਤੇ ਵਾਰ-ਵਾਰ ਸਵਾਲ ਉੱਠਦੇ ਰਹੇ ਹਨ।
ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਕਹਿੰਦੇ ਹਨ, "ਇਹ ਇੱਕ ਹੈਰਾਨੀਜਨਕ ਫ਼ੈਸਲਾ ਹੈ। ਲਗਭਗ ਤਿੰਨ ਸਾਲਾਂ ਤੋਂ ਜੇਪੀ ਨੱਡਾ ਦਾ ਕਾਰਜਕਾਲ ਵਧਾਇਆ ਜਾ ਰਿਹਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਭਾਜਪਾ ਨੇ ਇਸ ਮੁੱਦੇ 'ਤੇ ਸਵਾਲਾਂ ਤੋਂ ਬਚਣ ਲਈ ਇੱਕ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਪਰ ਇਹ ਕਦਮ ਸਵਾਲਾਂ ਨੂੰ ਹੋਰ ਵਧਾਏਗਾ।"

ਉਹ ਅੱਗੇ ਕਹਿੰਦੇ ਹਨ, "ਲੋਕ ਹੁਣ ਇਹ ਵੀ ਪੁੱਛ ਸਕਦੇ ਹਨ ਕਿ ਕੀ ਭਾਜਪਾ ਅਤੇ ਆਰਐੱਸਐੱਸ ਵਿਚਕਾਰ ਕੋਈ ਮਤਭੇਦ ਹੈ। ਕੀ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਵਿੱਚ ਇੱਕ ਨਾਮ 'ਤੇ ਸਹਿਮਤੀ ਨਹੀਂ ਹੈ, ਜਿਸ ਕਾਰਨ ਪੂਰੇ ਸਮੇਂ ਦੇ ਪ੍ਰਧਾਨ ਦੀ ਬਜਾਏ ਕਾਰਜਕਾਰੀ ਪ੍ਰਧਾਨ ਦਾ ਨਾਮ ਸਾਹਮਣੇ ਆਇਆ ਹੈ?"
ਰਾਸ਼ਿਦ ਕਿਦਵਈ ਦਾ ਮੰਨਣਾ ਹੈ ਕਿ ਭਾਜਪਾ ਵਰਗੀ ਵੱਡੀ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਜੋ ਵੀ ਆਗੂ ਸੰਭਾਲੇਗਾ, ਉਸ ਕੋਲ ਇੱਕ ਰਾਸ਼ਟਰ ਪੱਧਰ ਦਾ ਦ੍ਰਿਸ਼ਟੀਕੋਣ ਚਾਹੀਦਾ ਹੈ, ਉਸ ਨੂੰ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਦੇ ਨਾਲ ਬੈਠਕਾਂ ਕਰਨੀਆਂ ਹੁੰਦੀਆਂ ਹਨ।
ਇਹ ਫਿਲਹਾਲ ਤੈਅ ਨਹੀਂ ਹੈ ਕਿ ਨਿਤਿਨ ਨਬੀਨ ਕਿੰਨੇ ਦਿਨਾਂ ਲਈ ਇਸ ਅਹੁਦੇ 'ਤੇ ਰਹਿਣਗੇ।
ਹਾਲਾਂਕਿ, ਅਜਿਹਾ ਕਈ ਵਾਰ ਦੇਖਿਆ ਜਾਂਦਾ ਹੈ ਕਿ ਕਿਸੇ ਪਾਰਟੀ ਦੀ ਸਿਖ਼ਰਲੀ ਲੀਡਰਸ਼ਿਪ ਪਾਰਟੀ ਦੀ ਜ਼ਿੰਮੇਵਾਰੀ ਕਿਸੇ ਅਜਿਹੇ ਵਿਅਕਤੀ ਨੂੰ ਸੌਂਪਦੀ ਹੈ ਜਿਸ ਨਾਲ ਕੰਮ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਜਾ ਸਕੇ।
ਪਰ ਭਾਜਪਾ ਦਾ ਇਹ ਫ਼ੈਸਲਾ ਕੀ ਰਾਜਨੀਤਕ ਚਰਚਾ ਨੂੰ ਵਿਰਾਮ ਦੇਵੇਗਾ ਜਾਂ ਵਿਰੋਧੀ ਧਿਰ ਇਸ ਮੁੱਦੇ 'ਤੇ ਨਵੇਂ ਸਵਾਲ ਖੜ੍ਹੇ ਕਰੇਗਾ, ਇਹ ਦੇਖਣਾ ਅਜੇ ਬਾਕੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












