ਮਰਦਾਂ ਦੇ ਪਿਸ਼ਾਬ ਕਰਨ ਦਾ ਸਹੀ ਤਰੀਕਾ ਕੀ ਹੈ, ਖੜ੍ਹੇ ਹੋ ਕੇ ਜਾਂ ਬੈਠ ਕੇ, ਪੜ੍ਹੋ ਇਸ ਰਿਪੋਰਟ ਵਿੱਚ

ਤਸਵੀਰ ਸਰੋਤ, Getty Images
- ਲੇਖਕ, ਫਰਨਾਂਡੋ ਡੁਆਰਟੇ
- ਰੋਲ, ਬੀਬੀਸੀ ਵਰਲਡ ਸਰਵਿਸ
ਬੈਠਣਾ ਹੈ ਜਾਂ ਨਹੀਂ ਬੈਠਣਾ? ਇਹੀ ਸਵਾਲ ਹੈ ਜੋ ਬਹਿਸ ਦਾ ਵਿਸ਼ਾ ਹੈ ਕਿ ਮਰਦਾਂ ਨੂੰ ਟਾਇਲਟ ਜਾਣ ਵੇਲੇ ਕਿਸ ਤਰ੍ਹਾਂ ਪਿਸ਼ਾਬ ਕਰਨਾ ਚਾਹੀਦਾ ਹੈ।
ਹਾਲਾਂਕਿ ਇਸ ਗੱਲ ਦਾ ਕੋਈ ਫ਼ੈਸਲਾਕੁਨ ਡਾਕਟਰੀ ਸਬੂਤ ਨਹੀਂ ਹੈ ਕਿ ਬੈਠਣ ਨਾਲ ਸਿਹਤ ਲਾਭ ਹੁੰਦੇ ਹਨ, ਪਰ ਇਸ ਗੱਲ 'ਤੇ ਸਹਿਮਤੀ ਜਾਪਦੀ ਹੈ ਕਿ ਇਹ ਆਪਣੇ ਆਪ ਨੂੰ ਆਰਾਮ ਦੇਣ ਦਾ ਸਭ ਤੋਂ ਸਾਫ਼ ਤਰੀਕਾ ਹੈ।
ਯੂਕੇ ਦੀ ਯੂਰੋਲੋਜੀ ਫਾਊਂਡੇਸ਼ਨ ਦੀ ਚੇਅਰਪਰਸਨ ਡਾ. ਮੈਰੀ ਗਾਰਥਵੇਟ ਬੀਬੀਸੀ ਨੂੰ ਦੱਸਿਆ, "ਪਿਸ਼ਾਬ ਕਰਨ ਦਾ ਕੋਈ ਸਹੀ ਜਾਂ ਗਲਤ ਤਰੀਕਾ ਨਹੀਂ ਹੈ, ਇਹ ਵਿਅਕਤੀ 'ਤੇ ਨਿਰਭਰ ਕਰਦਾ ਹੈ। ਪਰ ਬੈਠਣਾ ਸੱਚਮੁੱਚ ਵਧੇਰੇ ਸਾਫ਼ ਹੈ, ਬਸ਼ਰਤੇ ਪਹਿਲਾਂ ਟਾਇਲਟ ਸਾਫ਼ ਹੋਣ।"
ਡਾ. ਗਾਰਥਵੇਟ ਅੱਗੇ ਕਹਿੰਦੀ ਹੈ ਕਿ ਇਹ ਗਤੀਸ਼ੀਲਤਾ ਜਾਂ ਸੰਤੁਲਨ ਦੀਆਂ ਮੁਸ਼ਕਲਾਂ ਵਾਲੇ ਲੋਕਾਂ ਲਈ ਇੱਕ ਸੁਰੱਖਿਅਤ ਤਰੀਕਾ ਹੋ ਸਕਦਾ ਹੈ ਜਾਂ ਉਨ੍ਹਾਂ ਸਮਿਆਂ ਲਈ ਵੀ ਜਦੋਂ ਅਸੀਂ ਅੱਧੀ ਰਾਤ ਨੂੰ ਜਾਗ ਜਾਂਦੇ ਹਾਂ ਅਤੇ ਟਾਇਲਟ ਜਾਣ ਦੀ ਜ਼ਰੂਰਤ ਹੁੰਦੀ ਹੈ।
ਨੀਦਰਲੈਂਡਜ਼ ਦੀ ਲੀਡੇਨ ਯੂਨੀਵਰਸਿਟੀ ਦੇ 2014 ਦੇ ਇੱਕ ਬਹੁਤ ਹੀ ਮੰਨੇ-ਪਰਮੰਨੇ ਅਧਿਐਨ ਨੇ ਜਾਂਚ ਕੀਤੀ ਕਿ ਸਰੀਰ ਦੀ ਸਥਿਤੀ, ਹੋਰ ਚੀਜ਼ਾਂ ਦੇ ਨਾਲ, ਪਿਸ਼ਾਬ ਦੇ ਪ੍ਰਵਾਹ ਦੀ ਦਰ ਅਤੇ ਪਿਸ਼ਾਬ ਦੇ ਸਮੇਂ, ਬਲੈਡਰ ਕਿੰਨੀ ਜਲਦੀ ਖਾਲ੍ਹੀ ਹੁੰਦਾ ਹੈ, ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।
ਉਨ੍ਹਾਂ ਨੇ ਸਿੱਟਾ ਕੱਢਿਆ ਕਿ ਪ੍ਰੋਸਟੇਟ ਵਧਣ ਨਾਲ ਪੀੜਤ ਮਰਦਾਂ ਦੇ ਬੈਠਣ ਨਾਲ ਬਲੈਡਰ ਤੇਜ਼ੀ ਨਾਲ ਅਤੇ ਪੂਰੀ ਤਰ੍ਹਾਂ ਖਾਲ੍ਹੀ ਹੋ ਜਾਂਦਾ ਹੈ। ਪਰ ਸਿਹਤਮੰਦ ਮਰਦਾਂ ਵਿੱਚ "ਕੋਈ ਫ਼ਰਕ ਨਹੀਂ" ਦੇਖਿਆ ਗਿਆ।

ਤਸਵੀਰ ਸਰੋਤ, Getty Images
ਦਰਅਸਲ, ਜ਼ਿਆਦਾਤਰ ਮਰਦਾਂ ਲਈ ਖੜ੍ਹੇ ਹੋ ਕੇ ਪਿਸ਼ਾਬ ਕਰਨਾ ਬਹੁਤ ਵਿਹਾਰਕ ਹੈ, ਬਸ, ਜਨਤਕ ਟਾਇਲਟ ਵਿੱਚ ਮਰਦਾਂ ਅਤੇ ਔਰਤਾਂ ਲਈ ਕਤਾਰਾਂ ਦੀ ਗਤੀ 'ਤੇ ਗੌਰ ਕੀਤਾ ਜਾਵੇ। ਪਰ ਖੜ੍ਹੇ ਹੋਣ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜੋ ਦੂਜਿਆਂ ਲਈ ਅਣਸੁਖਾਵਾਂ ਹੋ ਸਕਦਾ ਹੈ।
ਅਤੇ ਅਸੀਂ ਸਿਰਫ਼ ਟਾਇਲਟ ਸੀਟਾਂ ਜਾਂ ਫਰਸ਼ਾਂ 'ਤੇ ਪਿਸ਼ਾਬ ਨਾ ਹੋਣ ਦੀ ਗੱਲ ਨਹੀਂ ਕਰ ਰਹੇ ਹਾਂ। ਅਮਰੀਕੀ ਮਕੈਨੀਕਲ ਇੰਜੀਨੀਅਰਾਂ ਦੀ ਇੱਕ ਟੀਮ ਨੇ 2013 ਵਿੱਚ ਪਾਇਆ ਕਿ ਸੂਖ਼ਮ ਬੂੰਦਾਂ "ਬਹੁਤ ਵੱਡੇ ਕੋਣਾਂ ਅਤੇ ਦੂਰੀਆਂ 'ਤੇ ਛਿੜਕ ਰਹੀਆਂ ਸਨ", ਜਿਸਦਾ ਅਰਥ ਹੈ ਕਿ ਟੁੱਥਬ੍ਰਸ਼ ਸਮੇਤ ਨੇੜਲੀਆਂ ਵਸਤੂਆਂ ਪਿਸ਼ਾਬ ਤੋਂ ਪ੍ਰਭਾਵਿਤ ਹੋ ਰਹੀਆਂ ਸਨ।
ਇਹ ਸੱਚ ਹੈ ਕਿ ਕੁਝ ਕੁਝ ਸੱਭਿਆਚਾਰ ਮਰਦਾਂ ਨੂੰ ਬੈਠ ਕੇ ਪਿਸ਼ਾਬ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਦਾਹਰਣ ਵਜੋਂ, ਇਸਲਾਮ ਵਿੱਚ ਇਸਦੀ ਸਿਫ਼ਾਰਸ਼ ਸੁੰਨਤ ਦੇ ਹਿੱਸੇ ਵਜੋਂ ਵੀ ਕੀਤੀ ਜਾਂਦੀ ਹੈ, ਜੋ ਕਿ ਪੈਗੰਬਰ ਮੁਹੰਮਦ ਦੇ ਸਮੇਂ ਤੋਂ ਚੱਲੀ ਆ ਰਹੀ ਪ੍ਰਥਾਵਾਂ ਅਤੇ ਪਰੰਪਰਾਵਾਂ ਦਾ ਇੱਕ ਕੋਡ ਹੈ।
ਪਰ ਜ਼ਿਆਦਾਤਰ ਮਰਦਾਂ ਲਈ ਪੁਰਾਣੀਆਂ ਆਦਤਾਂ ਬਹੁਤ ਮੁਸ਼ਕਲ ਨਾਲ ਛੁਟਦੀਆਂ ਹਨ ਅਤੇ ਖੜ੍ਹੇ ਹੋ ਕੇ ਪਿਸ਼ਾਬ ਕਰਨਾ ਅਜੇ ਵੀ ਪਿਸ਼ਾਬ ਕਰਨ ਦਾ "ਨੰਬਰ ਇੱਕ" ਤਰੀਕਾ ਹੈ।

2023 ਵਿੱਚ ਯੂਗੋਵ (YouGov) ਨੇ 13 ਦੇਸ਼ਾਂ ਵਿੱਚ ਮਰਦਾਂ ਦੇ ਆਪਣੇ ਬਲੈਡਰ ਖਾਲ੍ਹੀ ਕਰਨ ਦੇ ਪਸੰਦੀਦਾ ਢੰਗ 'ਤੇ ਇੱਕ ਅਧਿਐਨ ਕੀਤਾ।
ਯੂਗੋਵ ਨੇ ਮਹਾਂਦੀਪੀ ਸੀਮਾਵਾਂ ਦੇ ਅੰਦਰ ਵੀ ਇੱਕ ਮਹੱਤਵਪੂਰਨ ਅੰਤਰ ਪਾਇਆ, ਜਦੋਂ ਕਿ 40 ਫੀਸਦ ਜਰਮਨ ਮਰਦਾਂ ਨੇ ਦੱਸਿਆ ਕਿ ਉਹ ਹਰ ਵਾਰ ਬੈਠਦੇ ਹਨ ਅਤੇ ਸਿਰਫ਼ 10 ਫੀਸਦ ਹਮੇਸ਼ਾ ਖੜ੍ਹੇ ਰਹਿੰਦੇ ਹਨ, ਬ੍ਰਿਟੇਨ ਵਿੱਚ ਇਹ ਫੀਸਦ ਕ੍ਰਮਵਾਰ 9 ਫੀਸਦ ਅਤੇ 33 ਫੀਸਦ ਸੀ।
ਇਹ ਦਿਲਚਸਪ ਗੱਲ ਹੈ ਕਿ ਜਰਮਨੀ ਵਿੱਚ ਬੈਠ ਕੇ ਪਿਸ਼ਾਬ ਕਰਨਾ ਵਧੇਰੇ ਪ੍ਰਚਲਿਤ ਜਾਪਦਾ ਹੈ, ਇੱਕ ਅਜਿਹਾ ਦੇਸ਼ ਜਿੱਥੇ ਕਿਸੇ ਨੂੰ ਸਿਟਜ਼ਪਿੰਕਲਰ (ਪਿਸ਼ਾਬ ਕਰਨ ਲਈ ਬੈਠਣ ਵਾਲਾ ਪੁਰਸ਼) ਕਹਿਣਾ ਗ਼ੈਰ-ਮਨੁੱਖੀ ਵਿਹਾਰ ਦਾ ਸੰਕੇਤ ਦਿੰਦਾ ਹੈ। ਬ੍ਰਾਜ਼ੀਲ ਵਿੱਚ ਇੱਕ ਪੁਰਾਣੀ ਕਹਾਵਤ ਹੈ ਕਿ ਬੈਠ ਕੇ ਪਿਸ਼ਾਬ ਕਰਨਾ "ਔਰਤਾਂ ਅਤੇ ਡੱਡੂਆਂ ਲਈ" ਹੈ।
ਕੀ ਇਹ ਹੋ ਸਕਦਾ ਹੈ ਕਿ ਮਰਦਾਂ ਨੂੰ ਆਪਣੇ ਪਿਸ਼ਾਬ ਕਰਨ ਦੇ ਤਰੀਕੇ ਨੂੰ ਬਦਲਣ ਲਈ ਕਿਸੇ ਵਿਕਾਸਵਾਦੀ ਵਿਸ਼ੇਸ਼ਤਾ ਨਾਲ ਜੂਝਣਾ ਪਵੇ?
ਵਿਕਾਸਵਾਦੀ ਮਨੋਵਿਗਿਆਨ ਦੇ ਇੱਕ ਪ੍ਰਮੁੱਖ ਮਾਹਰ, ਆਕਸਫੋਰਡ ਯੂਨੀਵਰਸਿਟੀ ਦੇ ਡਾ. ਰਾਬਰਟ ਡਨਬਾਰ ਦੇ ਅਨੁਸਾਰ, ਅਜਿਹਾ ਨਹੀਂ ਹੈ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "ਪੁਰਸ਼ ਖੜ੍ਹੇ ਹੋ ਕੇ ਪਿਸ਼ਾਬ ਕਿਉਂ ਕਰਦੇ ਹਨ, ਇਸ ਦੇ ਕੋਈ (ਵਿਕਾਸਵਾਦੀ) ਸਬੂਤ ਨਹੀਂ ਹਨ।"
ਇਹ ਉਨ੍ਹਾਂ ਮਰਦਾਂ ਲਈ ਇੱਕ ਸੰਭਾਵੀ ਬਹਾਨਾ ਹੈ ਜੋ ਬੈਠ ਕੇ ਪਿਸ਼ਾਬ ਕਰਨ ਦੇ ਵਿਚਾਰ ਨੂੰ ਨਾਪਸੰਦ ਕਰਦੇ ਹਨ।
ਡਾ. ਗਾਰਥਵੇਟ ਕਹਿੰਦੇ ਹਨ, "ਸੱਚਾਈ ਇਹ ਹੈ ਕਿ ਕੁਝ ਮਰਦਾਂ ਨੂੰ ਖੜ੍ਹੇ ਹੋ ਕੇ ਪਿਸ਼ਾਬ ਕਰਨਾ ਵਧੇਰੇ ਆਰਾਮਦਾਇਕ ਲੱਗਦਾ ਹੈ, ਜਦਕਿ ਕੁਝ ਨੂੰ ਬੈਠ ਕੇ।"
ਬਿਨਾਂ ਕਿਸੇ ਸਪੱਸ਼ਟ ਡਾਕਟਰੀ ਸਲਾਹ ਦੇ ਦੁਨੀਆਂ ਭਰ ਦੇ ਪੁਰਸ਼ਾਂ ਲਈ ਰਾਹਤ ਪਾਉਣ ਦਾ ਇਹ ਤਰੀਕਾ ਬਦਲ ਬਣਿਆ ਰਹੇਗਾ, ਜਦੋਂ ਤੱਕ ਕਿ ਉਨ੍ਹਾਂ ਨੂੰ ਜਾਣੀਆਂ-ਪਛਾਣੀਆਂ ਔਰਤਾਂ ਦੇ ਦਬਾਅ ਜਾਂ ਟਾਇਲਟ ਦੀਆਂ ਕੰਧਾਂ 'ਤੇ ਲੱਗੇ ਨਿਮਰਤਾ ਭਰੇ ਨੋਟਿਸਾਂ (ਜਰਮਨੀ ਦੀ ਇੱਕ ਹੋਰ ਵਿਸ਼ੇਸ਼ਤਾ) ਵਰਗੇ ਕਾਰਕਾਂ ਦੇ ਕਾਰਨ ਬੈਠਣ ਲਈ ਮਜਬੂਰ ਨਾ ਕੀਤਾ ਜਾਵੇ।
ਪਰ ਜੇ ਤੁਸੀਂ ਖੜ੍ਹੇ ਹੋ ਕੇ ਪਿਸ਼ਾਬ ਕਰਨ ਜਾ ਰਹੇ ਹੋ, ਤਾਂ ਘੱਟੋ ਘੱਟ ਸਹੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












