ਅਦਾਕਾਰਾ ਭੂਮੀ ਪੇਡਨੇਕਰ ਨੇ ਐਗਜ਼ੀਮਾ ਤੋਂ ਪੀੜਤ ਹੋਣ ਬਾਰੇ ਕੀ ਦੱਸਿਆ, ਇਹ ਬਿਮਾਰੀ ਕੀ ਹੈ?

ਭੂਮੀ ਪੇਡਨੇਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 'ਦਮ ਲਗਾ ਕੇ ਹਈਸ਼ਾ' ਫ਼ਿਲਮ ਦੀ ਅਦਾਕਾਰਾ ਭੂਮੀ ਪੇਡਨੇਕਰ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੇ ਐਗਜ਼ੀਮਾ ਦੇ 'ਮਾੜੇ' ਤਜਰਬੇ ਬਾਰੇ ਲਿਖਿਆ ਹੈ।
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੀ ਇੱਕ ਚਮੜੀ ਦੀ ਬਿਮਾਰੀ, ਇਸ ਦੀ ਪੀੜਾ ਅਤੇ ਪਰੇਸ਼ਾਨੀ ਦਾ ਜ਼ਿਕਰ ਕੀਤਾ ਹੈ।

ਦਰਅਸਲ, ਭੂਮੀ ਪੇਡਨੇਕਰ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੇ ਐਗਜ਼ੀਮਾ ਤੋਂ ਪੀੜਤ ਹੋਣ ਅਤੇ ਇਸ ਨਾਲ ਪੇਸ਼ ਆਈਆਂ ਦਿੱਕਤਾਂ ਬਾਰੇ ਦੱਸਿਆ ਹੈ।

'ਦਮ ਲਗਾ ਕੇ ਹਈਸ਼ਾ' ਫ਼ਿਲਮ ਦੀ ਅਦਾਕਾਰਾ ਭੂਮੀ ਪੇਡਨੇਕਰ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੇ ਐਗਜ਼ੀਮਾ ਦੇ 'ਮਾੜੇ' ਤਜਰਬੇ ਬਾਰੇ ਲਿਖਿਆ ਹੈ।

ਭੂਮੀ ਪੇਡਨੇਕਰ ਨੇ ਲਿਖਿਆ, "ਜਦੋਂ ਵੀ ਮੈਂ ਯਾਤਰਾ ਕਰਦੀ ਹਾਂ, ਜਾਂ ਮੇਰਾ ਖਾਣਾ ਠੀਕ ਨਹੀਂ ਹੁੰਦਾ ਜਾਂ ਮੈਂ ਤਣਾਅ ਵਿੱਚ ਹੁੰਦੀ ਹਾਂ, ਇਹਨਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ, ਮੇਰੇ ਐਗਜ਼ੀਮਾ ਦਾ ਵਧ ਜਾਣਾ। ਇਹ ਬਹੁਤ ਹੀ ਨਿਰਾਸ਼ ਕਰਨ ਵਾਲਾ ਹੁੰਦਾ ਹੈ ਕਿਉਂਕਿ ਇਹ ਦਰਦ ਭਰਿਆ ਹੈ ਅਤੇ ਅਸਹਿਜ ਕਰਦਾ ਹੈ। ਮੈਂ ਇਸ ਬਾਰੇ ਛੇਤੀ ਹੀ ਵਧੇਰੇ ਗੱਲ ਕਰਾਂਗੀ।"

ਇਸ ਰਿਪੋਰਟ ਵਿੱਚ ਇਹ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖ਼ਰ ਇਹ ਬਿਮਾਰੀ ਹੈ ਕੀ, ਇਸਦੇ ਲੱਛਣ ਕੀ ਹਨ ਤੇ ਇਸਦਾ ਇਲਾਜ ਕੀ ਹੈ?

ਐਗਜ਼ੀਮਾਂ

ਤਸਵੀਰ ਸਰੋਤ, Bhumi Pednekar Insta

ਤਸਵੀਰ ਕੈਪਸ਼ਨ, ਨੈਸ਼ਨਲ ਹੈਲਥ ਸਰਵਿਸ ਮੁਤਾਬਕ ਐਗਜ਼ੀਮਾਂ ਦੇ ਲੱਛਣ ਕਿਸੇ ਵੀ ਉਮਰ ਵਿੱਚ ਸ਼ੁਰੂ ਹੋ ਸਕਦੇ ਹਨ

ਐਗਜ਼ੀਮਾ ਕੀ ਹੈ

ਐਗਜ਼ੀਮਾ ਨੂੰ ਪੰਜਾਬੀ ਵਿੱਚ ਚੰਬਲ ਵੀ ਕਿਹਾ ਜਾਂਦਾ ਹੈ।

ਨੈਸ਼ਨਲ ਹੈਲਥ ਸਰਵਿਸ (ਯੂਕੇ) ਮੁਤਾਬਕ ਐਗਜ਼ੀਮਾ ਕਈ ਪ੍ਰਕਾਰ ਦੀ ਚਮੜੀ ਦੀ ਬਿਮਾਰੀ ਹੈ। ਐਗਜ਼ੀਮਾ ਉਹਨਾਂ ਬਿਮਾਰੀਆਂ ਦੇ ਸਮੂਹ ਦਾ ਨਾਮ ਹੈ, ਜਿਨ੍ਹਾਂ ਕਾਰਨ ਚਮੜੀ ਖੁਸ਼ਕ ਅਤੇ ਜਲਣਸ਼ੀਲ ਹੋ ਜਾਂਦੀ ਹੈ।

ਚਮੜੀ ਰੋਗਾਂ ਦੇ ਮਾਹਰ ਡਾਕਟਰ ਅੰਜੂ ਸਿੰਗਲਾ ਕਹਿੰਦੇ ਹਨ ਕਿ ਐਗਜ਼ੀਮਾ ਦੀ ਬਿਮਾਰੀ ਕਈ ਪ੍ਰਕਾਰ ਦੀ ਹੁੰਦੀ ਹੈ ਅਤੇ ਇਹ ਜੈਨੇਟਿਕ ਰੁਝਾਨਾਂ ਕਾਰਨ ਜਾਂ ਵਿਟਾਮਿਨ ਆਦਿ ਦੀ ਕਮੀ ਕਾਰਨ ਵੀ ਹੋ ਸਕਦੀ ਹੈ।

ਐਗਜ਼ੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਗਜ਼ੀਮਾ ਦੇ ਲੱਛਣਾਂ ਵਿੱਚ ਖਾਰਸ਼, ਖੁਸ਼ਕੀ, ਚਮੜੀ ਦਾ ਫਟਿਆ ਹੋਣਾ, ਖੁਰਦਰਾ ਹੋਣਾ, ਲਾਲ, ਚਿੱਟਾ, ਜਾਮਨੀ ਜਾਂ ਸਲੇਟੀ ਰੰਗ ਹੋਣਾ ਵਗੈਰਾ ਸ਼ਾਮਲ ਹੈ।

ਜ਼ਿਲ੍ਹਾ ਪਟਿਆਲਾ ਦੇ ਸਾਬਕਾ ਸਿਵਲ ਸਰਜਨ ਅਤੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਹਰੀਸ਼ ਮਲਹੋਤਰਾ ਕਹਿੰਦੇ ਹਨ ਕਿ ਐਗਜ਼ੀਮਾ ਦੌਰਾਨ ਚਮੜੀ ਖੁਸ਼ਕ ਹੋ ਸਕਦੀ ਹੈ ਅਤੇ ਪਾਣੀ ਜਾਂ ਖ਼ੂਨ ਵਹਿੰਦਾ ਹੈ।

ਉਹ ਕਹਿੰਦੇ ਹਨ ਕਿ ਇਹ ਕਿਸੇ ਨੂੰ ਬਚਪਨ ਤੋਂ ਚੱਲੀ ਆ ਸਕਦੀ ਹੈ, ਸਰੀਰ ਵਿੱਚ ਕਿਸੇ ਚੀਜ਼ ਦੀ ਕਮੀ ਕਾਰਨ ਹੋ ਸਕਦੀ ਹੈ, ਕਿਸੇ ਕੱਪੜੇ, ਚੱਪਲ ਜਾਂ ਹੋਰ ਚੀਜ਼ ਦੇ ਸਪੰਰਕ ਵਿੱਚ ਆਉਣ ਕਾਰਨ ਵੀ ਹੋ ਸਕਦੀ ਹੈ।

BBC
ਇਹ ਵੀ ਪੜ੍ਹੋ-

ਐਗਜ਼ੀਮਾ ਕਿੰਨੀ ਤਰ੍ਹਾਂ ਦੀ ਹੋ ਸਕਦੀ ਹੈ?

ਨੈਸ਼ਨਲ ਹੈਲਥ ਸਰਵਿਸ (ਯੂਕੇ) ਅਨੁਸਾਰ ਐਗਜ਼ੀਮਾ ਦੇ ਗਰੁੱਪ ਵਿੱਚ ਐਟੌਪਿਕ ਐਗਜ਼ੀਮਾ, ਵੈਰੀਕੋਜ਼ ਐਗਜ਼ੀਮਾ, ਡਿਸਕੋਇਡ ਐਗਜ਼ੀਮਾ ਅਤੇ ਕਾਂਟੈਕਟ ਡਰਮੇਟਾਇਟਸ ਆਦਿ ਸ਼ਾਮਲ ਹਨ।

ਐਟੌਪਿਕ ਐਗਜ਼ੀਮਾ: ਐਟੌਪਿਕ ਐਗਜ਼ੀਮਾ (ਐਟੋਪਿਕ ਡਰਮੈਟਾਈਟਿਸ) ਇੱਕ ਆਮ ਚਮੜੀ ਦੀ ਬਿਮਾਰੀ ਹੈ ਜੋ ਚਮੜੀ 'ਤੇ ਖਾਰਸ਼ ਪੈਦਾ ਕਰਦੀ ਹੈ, ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਤਰੇੜਾਂ ਵੀ ਪੈ ਜਾਂਦੀਆਂ ਹਨ। ਇਹ ਹਰ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ, ਪਰ ਇਹ ਛੋਟੇ ਬੱਚਿਆਂ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ। ਇਸਦਾ ਇਲਾਜ ਪੂਰੀ ਤਰ੍ਹਾਂ ਨਹੀਂ ਹੋ ਸਕਦਾ, ਪਰ ਦਵਾਈ ਨਾਲ ਇਸ ਦੇ ਲੱਛਣਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਐਗਜ਼ੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਅੰਜੂ ਸਿੰਗਲਾ ਕਹਿੰਦੇ ਹਨ ਕਿ ਐਗਜ਼ੀਮਾ ਦਾ ਇਲਾਜ ਉਸਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਵੈਰੀਕੋਜ਼ ਐਗਜ਼ੀਮਾ: ਵੈਰੀਕੋਜ਼ ਐਗਜ਼ੀਮਾ ਨੂੰ ਵੇਨਸ, ਗ੍ਰੈਵਿਟੇਸ਼ਨਲ ਜਾਂ ਸਟੇਸਿਸ ਐਗਜ਼ੀਮਾ ਵੀ ਕਿਹਾ ਜਾਂਦਾ ਹੈ। ਇਹ ਲੰਬੇ ਸਮੇਂ ਤੱਕ ਰਹਿਣ ਵਾਲੀ ਚਮੜੀ ਦੀ ਬਿਮਾਰੀ ਹੈ ਜੋ ਜ਼ਿਆਦਾਤਰ ਪੈਰਾਂ ਦੇ ਹੇਠਲੇ ਹਿੱਸੇ 'ਚ ਪਾਈ ਜਾਂਦੀ ਹੈ। ਇਹ ਉਹਨਾਂ ਲੋਕਾਂ ਵਿੱਚ ਆਮ ਹੈ ਜੋ ਸੁੱਜੀਆਂ ਹੋਈਆਂ ਨਸਾਂ ਨਾਲ ਪੀੜਤ ਹੁੰਦੇ ਹਨ।

ਡਿਸਕੋਇਡ ਐਗਜ਼ੀਮਾ: ਡਿਸਕੋਇਡ ਐਗਜ਼ੀਮਾ ਇੱਕ ਲੰਬੇ ਸਮੇਂ ਦੀ (ਪੁਰਾਣੀ) ਚਮੜੀ ਦੀ ਸਥਿਤੀ ਹੈ। ਇਸ ਵਿੱਚ ਚਮੜੀ ਉੱਪਰ ਖਾਰਸ਼, ਸੋਜ ਅਤੇ ਗੋਲ ਜਾਂ ਅੰਡਾਕਾਰ ਪੈਚ ਬਣ ਜਾਂਦੇ ਹਨ।

ਕਾਂਟੈਕਟ ਡਰਮੇਟਾਇਟਸ: ਕਾਂਟੈਕਟ ਡਰਮੇਟਾਇਟਸ ਕਿਸੇ ਖਾਸ ਪਦਾਰਥ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ। ਇਸ ਨਾਲ ਚਮੜੀ 'ਤੇ ਖਾਰਸ਼, ਛਾਲੇ, ਖੁਸ਼ਕੀ ਹੁੰਦੀ ਹੈ ਅਤੇ ਚਮੜੀ ਫਟ ਜਾਂਦੀ ਹੈ।

ਐਗਜ਼ੀਮਾ ਦੇ ਲੱਛਣ ਕੀ ਹਨ?

ਐਗਜ਼ੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਹਰੀਸ਼ ਮਲਹੋਤਰਾ ਕਹਿੰਦੇ ਹਨ ਕਿ ਐਗਜ਼ੀਮਾ ਦਾ ਘੇਰਾ ਬਹੁਤ ਵਿਸ਼ਾਲ ਹੈ।

ਨੈਸ਼ਨਲ ਹੈਲਥ ਸਰਵਿਸ ਮੁਤਾਬਕ ਐਗਜ਼ੀਮਾਂ ਦੇ ਲੱਛਣ ਕਿਸੇ ਵੀ ਉਮਰ ਵਿੱਚ ਸ਼ੁਰੂ ਹੋ ਸਕਦੇ ਹਨ, ਪਰ ਇਹ ਆਮ ਤੌਰ 'ਤੇ ਬੱਚਿਆਂ ਅਤੇ ਛੋਟੇ ਬੱਚਿਆਂ ਵਿੱਚ ਸ਼ੁਰੂ ਹੁੰਦੇ ਹਨ ਅਤੇ ਉਮਰ ਵਧਣ ਦੇ ਨਾਲ-ਨਾਲ ਠੀਕ ਹੁੰਦੇ ਜਾਂਦੇ ਹਨ।

ਹਲਾਂਕਿ ਕਈ ਵਾਰ ਅਜਿਹਾ ਸਮਾਂ ਆਉਂਦਾ ਹੈ ਕਿ ਇਹ ਲੱਛਣ ਵਿਗੜੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਪਰ ਕਈ ਵਾਰ ਉਹ ਬਿਹਤਰ ਹੁੰਦੇ ਹਨ।

ਇਸ ਦੇ ਲੱਛਣਾਂ ਵਿੱਚ ਖਾਰਸ਼, ਖੁਸ਼ਕੀ, ਚਮੜੀ ਦਾ ਫਟਿਆ ਹੋਣਾ, ਖੁਰਦਰਾ ਹੋਣਾ, ਲਾਲ, ਚਿੱਟਾ, ਜਾਮਨੀ ਜਾਂ ਸਲੇਟੀ ਰੰਗ ਹੋਣਾ ਵਗੈਰਾ ਸ਼ਾਮਲ ਹੈ।

ਇਸ ਦੇ ਨਾਲ ਹੀ ਛਾਲੇ ਜਾਂ ਖੂਨ ਦਾ ਨਿਕਲਣਾ ਵੀ ਐਗਜ਼ੀਮਾ ਦੇ ਲੱਛਣਾਂ ਵਿੱਚ ਦੇਖਿਆ ਜਾਂਦਾ ਹੈ।

ਐਗਜ਼ੀਮਾ ਦਾ ਕੀ ਇਲਾਜ ਹੈ?

ਐਗਜ਼ੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਦੇ ਨਾਲ ਹੀ ਇਹ ਵੀ ਦੇਖਣਾ ਹੁੰਦਾ ਹੈ ਕਿ ਇਸ ਬਿਮਾਰੀ ਦੇ ਨਾਲ-ਨਾਲ ਮਰੀਜ਼ ਨੂੰ ਕੋਈ ਹੋਰ ਗੰਭੀਰ ਬਿਮਾਰੀ ਤਾਂ ਨਹੀਂ ਹੈ।

ਡਾਕਟਰ ਅੰਜੂ ਸਿੰਗਲਾ ਕਹਿੰਦੇ ਹਨ ਕਿ ਐਗਜ਼ੀਮਾ ਦਾ ਇਲਾਜ ਉਸਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਸਿੰਗਲਾ ਮੁਤਾਬਕ, "ਲੋੜ ਪੈਣ ਉੱਪਰ ਮਰੀਜ਼ ਨੂੰ ਸਟੌਰਾਇਡ ਦਿੱਤੇ ਜਾਂਦੇ ਹਨ ਪਰ ਨਾਲ ਦੀ ਨਾਲ ਲਗਾਤਾਰ ਮੌਇਸਚਰਾਈਜ਼ੇਸ਼ਨ ਕੀਤੀ ਜਾਂਦੀ ਹੈ ਜੋ ਕਿ ਇਲਾਜ ਦਾ ਅਟੁੱਟ ਹਿੱਸਾ ਹੈ। ਜੇਕਰ ਸਰੀਰ ਵਿੱਚ ਕਿਸੇ ਕਿਸਮ ਦੀ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਵੀ ਪੂਰਾ ਕਰਨ ਦੀ ਲੋੜ ਹੁੰਦੀ ਹੈ।"

ਉੱਧਰ ਡਾਕਟਰ ਹਰੀਸ਼ ਮਲਹੋਤਰਾ ਕਹਿੰਦੇ ਹਨ ਕਿ ਐਗਜ਼ੀਮਾ ਦਾ ਘੇਰਾ ਬਹੁਤ ਵਿਸ਼ਾਲ ਹੈ।

ਮਲਹੋਤਰਾ ਮੁਤਾਬਕ, "ਜਦੋਂ ਇੱਕ ਵਾਰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ ਅਤੇ ਅੱਗੇ ਤੋਂ ਧਿਆਨ ਰੱਖਣਾ ਹੁੰਦਾ ਹੈ ਕਿ ਇਸ ਦੀ ਜੜ੍ਹ ਕੀ ਹੈ ਅਤੇ ਉਸ ਤੋਂ ਦੂਰੀ ਬਣਾਉਣੀ ਹੁੰਦੀ ਹੈ। ਇਸ ਦੇ ਨਾਲ ਹੀ ਇਹ ਵੀ ਦੇਖਣਾ ਹੁੰਦਾ ਹੈ ਕਿ ਇਸ ਬਿਮਾਰੀ ਦੇ ਨਾਲ-ਨਾਲ ਮਰੀਜ਼ ਨੂੰ ਕੋਈ ਹੋਰ ਗੰਭੀਰ ਬਿਮਾਰੀ ਤਾਂ ਨਹੀਂ ਹੈ।"

ਭੂਮੀ ਪੇਡਨੇਕਰ ਦਾ ਫ਼ਿਲਮੀ ਸਫ਼ਰ

ਭੂਮੀ ਪੇਡਨੇਕਰ ਨੇ 'ਟਾਇਲਟ: ਇੱਕ ਪ੍ਰੇਮ ਕਥਾ', 'ਲਸਟ ਸਟੋਰੀਜ਼', ਬੀੜ, ਬਕਸ਼ਕ ਅਤੇ ਰੌਇਲਜ਼ ਵਰਗੀਆਂ ਫ਼ਿਮਲਾਂ ਵਿੱਚ ਅਦਾਕਾਰੀ ਕੀਤੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੂਮੀ ਪੇਡਨੇਕਰ ਨੇ 'ਟਾਇਲਟ: ਇੱਕ ਪ੍ਰੇਮ ਕਥਾ', 'ਲਸਟ ਸਟੋਰੀਜ਼', ਬੀੜ, ਬਕਸ਼ਕ ਅਤੇ ਰੌਇਲਜ਼ ਵਰਗੀਆਂ ਫ਼ਿਮਲਾਂ ਵਿੱਚ ਅਦਾਕਾਰੀ ਕੀਤੀ ਹੈ।

ਭੂਮੀ ਪੇਡਨੇਕਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਅਦਾਕਾਰ ਆਯੂਸ਼ਮਾਨ ਖੁਰਾਨਾ ਨਾਲ 'ਦਮ ਲਗਾ ਕੇ ਹਈਸ਼ਾ' ਫ਼ਿਲਮ ਤੋਂ 2015 ਵਿੱਚ ਕੀਤੀ ਸੀ। ਇਸ ਫ਼ਿਲਮ ਦੇ ਲਈ ਉਨ੍ਹਾਂ ਨੇ ਕਾਫ਼ੀ ਭਾਰ ਵੀ ਵਧਾਇਆ ਸੀ।

ਇਸ ਤੋਂ ਇਲਾਵਾ ਉਹਨਾਂ ਨੇ 'ਟਾਇਲਟ: ਇੱਕ ਪ੍ਰੇਮ ਕਥਾ', 'ਲਸਟ ਸਟੋਰੀਜ਼', ਬੀੜ, ਬਕਸ਼ਕ ਅਤੇ ਰੌਇਲਜ਼ ਵਰਗੀਆਂ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ।

ਭੂਮੀ ਪੇਡਨੇਕਰ ਨੇ ਏਐੱਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਮੇਰੇ ਲਈ ਪਿਛਲੇ 10 ਸਾਲ ਹੋਰ ਕਿਸੇ ਚੀਜ਼ ਨਾਲ ਨਹੀਂ ਸਗੋਂ ਸ਼ੁਕਰਾਨੇ ਨਾਲ ਭਰੇ ਹੋਏ ਹਨ। ਮੈਂ ਹਰ ਸਵੇਰ ਇੱਕ ਭਾਵਨਾ ਨਾਲ ਉੱਠਦੀ ਹਾਂ ਕਿ ਮੈਂ ਕਿਸੇ ਫ਼ਿਲਮ ਦੇ ਸੈੱਟ ਵੱਲ ਵੱਧ ਰਹੀ ਹਾਂ ਅਤੇ ਇਹ ਭਾਵਨਾ ਹੀ ਸਭ ਕੁਝ ਹੈ। ਇਹ ਸਿਰਫ਼ ਸ਼ੁਰੂਆਤ ਹੈ, ਮੈਂ ਆਪਣੇ ਆਖਰੀ ਸਾਹ ਤੱਕ ਕੰਮ ਕਰਨਾ ਚਾਹੁੰਦੀ ਹਾਂ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)