ਕੈਟਰੀਨਾ ਕੈਫ 42 ਸਾਲ ਦੀ ਉਮਰ ʼਚ ਹੋਈ ਗਰਭਵਤੀ, 40ਵਿਆਂ ʼਚ ਮਾਂ ਬਣਨ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, Vicky Kaushal/Insta
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ 42 ਸਾਲ ਦੀ ਉਮਰ ਵਿੱਚ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ।
ਕੈਟਰੀਨਾ ਹੀ ਨਹੀਂ ਅਜਿਹੀਆਂ ਕਈ ਔਰਤਾਂ ਦੀਆਂ ਉਦਾਹਰਣਾਂ ਹਨ ਜੋ ਅਕਸਰ ਨਿੱਜੀ ਜਾਂ ਪੇਸ਼ੇਵਰ ਮੀਲ ਪੱਥਰ ਹਾਸਲ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਬਾਅਦ ਵਿੱਚ ਸ਼ੁਰੂ ਕਰਨ ਜਾਂ ਵਧਾਉਣ ਦੀ ਚੋਣ ਕਰਦੀਆਂ ਹਨ।
ਸਾਲ 2013 ਵਿੱਚ ਅਮਰੀਕੀ ਅਦਾਕਾਰਾ ਹੈਲੀ ਬੈਰੀ ਨੇ 47 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਪਰ ਅਜੇ ਵੀ 40ਵਿਆਂ ਦੀ ਉਮਰ ਵਿੱਚ ਮਾਂ ਬਣਨ ਦੌਰਾਨ ਸਰੀਰਕ ਅਤੇ ਭਾਵਨਾਤਮਕ ਦੋਵੇਂ ਤਰ੍ਹਾਂ ਦੀਆਂ ਵਿਲੱਖਣ ਚੁਣੌਤੀਆਂ ਆਉਂਦੀਆਂ ਹਨ।
ਇੱਥੇ ਅਸੀਂ 40 ਸਾਲ ਤੋਂ ਬਾਅਦ ਗਰਭ ਅਵਸਥਾ ਦੀ ਹਕੀਕਤ ਨੂੰ ਵਿਗਿਆਨਕ ਪੱਖੋਂ ਬਿਹਤਰ ਢੰਗ ਨਾਲ ਸਮਝਣ ਲਈ, ਦਿੱਲੀ ਦੇ ਸ਼ਾਲੀਮਾਰ ਬਾਗ਼ ਵਿੱਚ ਸਥਿਤ ਮੈਕਸ ਸੁਪਰ ਸਪੈਸ਼ਐਲਿਟੀ ਦੇ ਆਬਸਟੈਟ੍ਰਿਕ, ਗਾਇਨਾਕੋਲੇਜੀ ਅਤੇ ਇਨਫਰਟੀਲਿਟੀ ਦੇ ਪ੍ਰਿੰਸੀਪਲ ਡਾਇਰੈਕਟਰ ਅਤੇ ਮੁਖੀ ਡਾਕਟਰ ਐੱਸਐੱਨ ਬਾਸੂ ਅਤੇ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਸੀਨੀਅਰ ਕਨਸੈਲਟੈਂਟ ਸ਼ਿਵਾਨੀ ਗਰਗ ਨਾਲ ਗੱਲਬਾਤ ਕੀਤੀ।
ਇਨ੍ਹਾਂ ਮਾਹਰਾਂ ਨੇ 40 ਤੋਂ ਬਾਅਦ ਦੀ ਉਮਰ ਵਿੱਚ ਮਾਂ ਬਣਨ ਵਾਲੀਆਂ ਔਰਤਾਂ ਲਈ ਜੋਖ਼ਮਾਂ, ਵਿਗਿਆਨਕ ਤਰੱਕੀਆਂ ਅਤੇ ਮੁੱਖ ਵਿਚਾਰਾਂ ਬਾਰੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ।

ਤਸਵੀਰ ਸਰੋਤ, Getty Images
ਸੰਭਾਵੀ ਜੋਖ਼ਮ ਅਤੇ ਉਨ੍ਹਾਂ ਨੂੰ ਘਟਾਉਣ ਦੇ ਤਰੀਕੇ
ਡਾ. ਐੱਸਐੱਨ ਬਾਸੂ ਅਤੇ ਡਾ. ਸ਼ਿਵਾਨੀ ਗਰਗ ਦਾ ਕਹਿਣਾ ਹੈ ਕਿ ਉਮਰ ਦੇ ਇਸ ਪੜਾਅ ਵਿੱਚ ਮਾਂ ਬਣਨ ਦੌਰਾਨ ਕਈ ਜੋਖ਼ਮ ਹੋ ਸਕਦੇ ਹਨ। ਜਿਨ੍ਹਾਂ ਵਿੱਚ ਸ਼ਾਮਲ ਹਨ-
ਹਾਈਪਰ ਟੈਂਸ਼ਨ- 40 ਸਾਲ ਦੀ ਉਮਰ ਤੋਂ ਬਾਅਦ ਹਾਈਪਰਟੈਂਸ਼ਨ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਇਸ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਇਹ ਜਾਂਚ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਬਲੱਡ ਪ੍ਰੈਸ਼ਰ ਵੱਧ ਤਾਂ ਨਹੀਂ ਰਿਹਾ।
ਗਰਭਕਾਲੀ ਸ਼ੂਗਰ (ਜੈਸਟੇਂਸ਼ਨਲ ਡਾਇਬਟੀਜ਼ ਮੈਲਾਈਟਸ)- ਇਸ ਤੋਂ ਭਾਵ ਹੈ ਕਿ ਗਰਭਕਾਲ ਦੌਰਾਨ ਸ਼ੂਗਰ ਦਾ ਵਧਣਾ। ਜੇਕਰ ਮਾਂ ਨੂੰ ਸ਼ੂਗਰ ਹੈ ਤਾਂ ਅਜਿਹੇ ਵਿੱਚ 40 ਸਾਲ ਵਿੱਚ ਸ਼ੂਗਰ ਵਧਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਅਤੇ ਜੇ ਮਾਂ ਦੀ ਸ਼ੂਗਰ ਦੀ ਵਧਦੀ ਹੈ ਤਾਂ ਹੋ ਸਕਦਾ ਹੈ ਉਹ ਅੱਗੇ ਜਾ ਕੇ ਲੰਮੇ ਸਮੇਂ ਵਿੱਚ ਬਦਲ ਜਾਏ। ਇਸ ਤੋਂ ਇਲਾਵਾ ਉਹ ਬੱਚੇ ਦੀ ਬਣਾਵਟ ਉੱਤੇ ਵੀ ਅਸਰ ਪਾ ਸਕਦੀ ਹੈ, ਬੱਚੇ ਦਾ ਭਾਰ ਬਹੁਤ ਜ਼ਿਆਦਾ ਵਧ ਸਕਦਾ ਹੈ, ਬੱਚੇ ਦੇ ਆਸੇ-ਪਾਸੇ ਪਾਣੀ ਵਧ ਸਕਦਾ ਹੈ। ਡਿਲੀਵਰ ਤੋਂ ਬਾਅਦ ਬੱਚੇ ਨੂੰ ਪੀਲੀਏ ਦੀ ਦਿੱਕਤ ਆ ਸਕਦੀ ਹੈ।
ਇਸ ਤੋਂ ਇਲਾਵਾ ਮਾਹਰਾਂ ਦਾ ਕਹਿਣਾ ਹੈ ਕਿ ਇਸ ਉਮਰ ਵਿੱਚ ਗਰਭਪਾਤ ਹੋਣ ਦੀ ਸੰਭਾਵਨਾ ਲਗਭਗ 30-40 ਫੀਸਦ ਵਧ ਜਾਂਦੀ ਹੈ।

ਗਰਭ ਵਿੱਚ ਬੱਚੇ ਉੱਤੇ ਅਸਰ
ਬੱਚੇ ਵਿੱਚ ਕਨਜੈਨਾਈਟਲ ਸਬੰਧ ਪਰੇਸ਼ਾਨੀ- ਇਸ ਤੋਂ ਭਾਵ ਹੈ ਬੱਚੇ ਦੀ ਬਣਾਵਟ ਪ੍ਰਭਾਵਿਤ ਹੋ ਸਕਦੀ ਹੈ। 40 ਸਾਲ ਦੇ ਗਰਭ ਦੌਰਾਨ ਅਜਿਹੀ ਸੰਭਾਵਨਾ ਰਹਿੰਦੀ ਹੈ ਕਿ ਬੱਚਾ ਠੀਕ ਤਰ੍ਹਾਂ ਬਣੇ।
ਬੱਚੇ ਦੇ ਵਿਕਾਸ ਸਬੰਧੀ ਸਮੱਸਿਆ- ਇਸ ਉਮਰ ਵਿੱਚ ਮਾਂ ਬਣਨ ਦੌਰਾਨ ਹੋ ਸਕਦਾ ਹੈ ਬੱਚਾ ਗਰਭ ਵਿੱਚ ਚੰਗੀ ਤਰ੍ਹਾਂ ਵਿਕਾਸ ਨਾ ਕਰ ਸਕੇ ਅਤੇ ਡਿਲੀਵਰ ਤੱਕ ਚੰਗੀ ਤਰ੍ਹਾਂ ਭਾਰ ਨਾ ਵਧ ਸਕੇ। ਪਲੇਸੈਂਟਾ ਸਬੰਧੀ ਮੁਸ਼ਕਲਾਂ ਵੀ ਆ ਸਕਦੀਆਂ ਹਨ, ਜਿਸ ਵਿੱਚ ਹੋ ਸਕਦਾ ਹੈ ਪਲੇਸੈਂਟ ਵਾਲ ਚੰਗੀ ਤਰ੍ਹਾਂ ਨਾ ਬਣ ਸਕੇ ਤੇ ਉਸ ਨੂੰ ਖ਼ੂਨ ਦੀ ਸਪਲਾਈ ਚੰਗੀ ਤਰ੍ਹਾਂ ਨਾ ਹੋਵੇ ਨਤੀਜਨ ਬੱਚੇ ਦੇ ਆਲੇ-ਦੁਆਲੇ ਪਾਣੀ ਵੀ ਘਟ ਹੋ ਜਾਂਦਾ ਹੈ ਜਾਂ ਬੱਚੇ ਦਾ ਵਿਕਾਸ ਘੱਟ ਹੁੰਦਾ ਹੈ।
ਕ੍ਰੋਮੋਸੋਮਲ ਅਸਧਾਰਨਤਾਵਾਂ- ਜਿਵੇਂ ਕਿ ਡਾਊਨ ਸਿੰਡਰੋਮ ਆਦਿ। ਜਦੋਂ ਮਾਂ 40 ਤੋਂ ਵਧ ਦੀ ਉਮਰ ਦੀ ਹੁੰਦੀ ਹੈ ਤਾਂ ਇਸ ਦੌਰਾਨ ਬੱਚੇ ਵਿੱਚ ਮਾਨਸਿਕ ਵਿਕਾਰ ਸਬੰਧੀ ਜੋਖ਼ਮ ਤਿੰਨ ਗੁਣਾ ਵਧ ਜਾਂਦਾ ਹੈ।
ਡਾ. ਬਾਸੂ ਕਹਿੰਦੇ ਹਨ ਕਿ 40 ਸਾਲ ਦੀ ਉਮਰ ਵਿੱਚ ਡਾਊਨ ਸਿੰਡਰੋਮ ਦਾ ਜੋਖ਼ਮ ਲਗਭਗ 100 ਵਿੱਚੋਂ 1 ਬੱਚੇ ਲਈ ਰਹਿੰਦਾ ਹੈ।

ਕੀ ਜੋਖ਼ਮਾਂ ਨੂੰ ਘਟਾਇਆ ਜਾ ਸਕਦਾ ਹੈ
ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ, ਉਮਰ-ਸਬੰਧੀ ਜੋਖ਼ਮਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਸ਼ੁਰੂਆਤੀ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਦੇ ਬਦਲ ਹੋਰ ਪੇਚੀਦਗੀਆਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਡਾ. ਐੱਸਐੱਨ ਬਾਸੂ ਦੱਸਦੇ ਹਨ, "ਸ਼ੁਰੂਆਤੀ ਅਤੇ ਨਿਯਮਤ ਜਨਮ ਤੋਂ ਪਹਿਲਾਂ ਦੇਖਭਾਲ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੀ ਨਿਗਰਾਨੀ, ਸਿਹਤਮੰਦ ਭਾਰ ਕਾਇਮ ਰੱਖ ਕੇ, ਜਨਮ ਤੋਂ ਪਹਿਲਾਂ ਵਿਟਾਮਿਨ (ਖ਼ਾਸ ਕਰ ਕੇ ਫੋਲਿਕ ਐਸਿਡ) ਲੈਣਾ ਅਤੇ ਸਿਗਰਟਨੋਸ਼ੀ/ਸ਼ਰਾਬ ਤੋਂ ਦੂਰ ਰਹਿ ਕੇ ਇਨ੍ਹਾਂ ਜੋਖ਼ਮਾਂ ਨੂੰ ਕਾਬੂ ਕੀਤਾ ਜ ਸਕਦਾ ਹੈ।"
ਡਾ. ਬਾਸੂ ਦਾ ਕਹਿਣਾ ਹੈ ਕਿ ਸਿਹਤਮੰਦ ਜੀਵਨਸ਼ੈਲੀ ਦੀ ਮਦਦ ਨਾਲ ਗਰਭ ਵਿਵਸਥਾ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਇਸ ਲਈ ਉਹ ਸੁਝਾਉਂਦੇ ਹਨ ਕਿ ਇੱਕ ਸੰਤੁਲਿਤ ਖੁਰਾਕ ਜਿਸ ਵਿੱਚ ਪ੍ਰੋਟੀਨ, ਸਾਬਤ ਅਨਾਜ, ਫਲ, ਸਬਜ਼ੀਆਂ ਅਤੇ ਓਮੇਗਾ-3 ਸ਼ਾਮਲ ਹੋਣ, ਮਦਦਗਾਰ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿਨਾਂ ਪਾਸਚੁਰਾਈਜ਼ਡ ਪਨੀਰ, ਕੱਚਾ ਸਮੁੰਦਰੀ ਭੋਜਨ, ਵਾਧੂ ਕੈਫੀਨ ਅਤੇ ਪ੍ਰੋਸੈਸਡ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਦੌਰਾਨ ਡਾ. ਬਾਸੂ ਕਸਰਤ ਨੂੰ ਅਹਿਮੀਅਤ ਦਿੰਦੇ ਹਨ। ਉਹ ਦੱਸਦੇ ਹਨ ਕਿ ਹਲਕੀ ਤੋਂ ਦਰਮਿਆਨੀ ਗਤੀਵਿਧੀ (ਸੈਰ, ਤੈਰਾਕੀ, ਜਨਮ ਤੋਂ ਪਹਿਲਾਂ ਯੋਗਾ) ਕੀਤੀ ਜਾ ਸਕਦੀ ਹੈ। ਪਰ ਨਾਲ ਹੀ ਉਹ ਵਧੇਰੇ-ਜੋਖ਼ਮ ਵਾਲੀਆਂ ਖੇਡਾਂ ਤੋਂ ਦੂਰ ਰਹਿਣ ਲਈ ਵੀ ਆਖਦੇ ਹਨ।
ਡਾ. ਬਾਸੂ ਮੁਤਾਬਕ ਤਣਾਅ ਵੀ ਇਸ ਸਭ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਤੋਂ ਬਚਣ ਲਈ ਉਹ ਧਿਆਨ, ਮਾਈਂਡਫੁਲਨੈੱਸ, ਲੋੜੀਂਦੀ ਨੀਂਦ ਅਤੇ ਇੱਕ ਸਹਾਇਤਾ ਨੈੱਟਵਰਕ ਬਾਰੇ ਵੀ ਸਲਾਹ ਦਿੰਦੇ ਹਨ।
ਹਾਲਾਂਕ, ਉਹ ਸਪਲੀਮੈਂਟ ਵਿੱਚ ਫੋਲਿਕ ਐਸਿਡ, ਆਇਰਨ, ਵਿਟਾਮਿਨ ਡੀ ਅਤੇ ਡੀਐੱਚਏ (ਜਿਵੇਂ ਕਿ ਡਾਕਟਰ ਦੁਆਰਾ ਸਿਫ਼ਾਰਸ਼ ਕੀਤੀ ਗਈ ਹੈ) ਦੀ ਸਿਫਾਰਿਸ਼ ਕਰਦੇ ਹਨ।

ਤਸਵੀਰ ਸਰੋਤ, Getty Images
ਕੁਦਰਤੀ ਗਰਭ ਧਾਰਨ ਦੀ ਸੰਭਾਵਨਾ
ਡਾ. ਬਾਸੂ ਦਾ ਕਹਿਣਾ ਹੈ, "40 ਸਾਲ ਦੀ ਉਮਰ ਤੋਂ ਬਾਅਦ ਪਜਣਨ ਸ਼ਕਤੀ ਤੇਜ਼ੀ ਨਾਲ ਘਟਦੀ ਹੈ। ਔਸਤਨ, 40 ਸਾਲ ਦੀ ਉਮਰ ਵਿੱਚ ਮਾਹਵਾਰੀ ਚੱਕਰ (ਪੀਰੀਅਡ ਸਾਇਕਲ) ਕੁਦਰਤੀ ਗਰਭ ਧਾਰਨ ਦੀ ਦਰ 5 ਫੀਸਦ ਹੈ ਅਤੇ ਬਾਅਦ ਵਿੱਚ ਹੋਰ ਵੀ ਘੱਟ ਹੁੰਦੀ ਜਾਂਦੀ ਹੈ।"
ਡਾ. ਸ਼ਿਵਾਨੀ ਵੀ ਇਸ ਨਾਲ ਸਹਿਮਤੀ ਦਰਸਾਉਂਦੇ ਹੋਏ ਕਹਿੰਦੇ ਹਨ, "ਓਵੇਰੀਏਨ ਰਿਜ਼ਰਵ, ਜਿਸ ਨੂੰ ਸੀਰਮ ਏਐੱਮਐੱਚ (ਐਂਟੀ ਮਿਲੇਰੀਅਨ ਹਾਰਮੌਨ) ਟੈਸਟ ਵੀ ਕਹਿੰਦੇ ਹਨ, ਉਸ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਹੈ ਕਿ 40 ਸਾਲ ਤੋਂ ਬਾਅਦ ਜਦੋਂ ਵੀ ਇਹ ਟੈਸਟ ਕੀਤਾ ਜਾਂਦਾ ਹੈ ਤਾਂ ਉਹ ਆਪਣੀ ਆਮ ਸੀਮਾ ਤੋਂ ਕਾਫੀ ਘੱਟ ਹੋਇਆ ਹੁੰਦਾ ਹੈ ਅਤੇ ਸਰੀਰ ਮੀਨੋਪੌਜ਼ ਵੱਲ ਵੱਧ ਰਿਹਾ ਹੁੰਦਾ ਹੈ। ਇਹ ਟੈਸਟ ਔਰਤ ਦੇ ਅੰਡਿਆਂ ਦੀ ਕੁਆਲਿਟੀ ਦੀ ਜਾਂਚ ਲਈ ਕੀਤਾ ਜਾਂਦਾ ਹੈ।"
ਡਾ. ਸ਼ਿਵਾਨੀ ਇਹ ਵੀ ਕਹਿੰਦੇ ਹਨ ਕਿ ਇਹ ਸਭ ਕੁਝ ਤੁਹਾਡੀ ਜੀਵਨ ਸ਼ੈਲੀ ਉੱਤੇ ਵੀ ਨਿਰਭਰ ਕਰਦਾ ਹੈ। ਇਸ ਦੀ ਸੰਭਾਵਨਾ ਹੈ ਕਿ ਸੀਰਮ ਏਐੱਚਐੱਮ 30 ਸਾਲਾਂ ਵਿੱਚ ਵੀ ਕਾਫੀ ਘੱਟ ਹੋਵੇ ਅਤੇ 40 ਸਾਲਾ ਵਿੱਚ ਕਾਫੀ ਵੱਧ ਹੋਵੇ।
ਜਿੱਥੋਂ ਤੱਕ ਮਦਦ ਲੈਣ ਦੀ ਗੱਲ ਹੈ ਤਾਂ ਡਾ. ਬਾਸੂ ਸੁਝਾਅ ਦਿੰਦੇ ਹਨ, "ਜੇਕਰ ਤੁਸੀਂ 40 ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ 6 ਮਹੀਨੇ ਕੋਸ਼ਿਸ਼ ਕਰਨ ਤੋਂ ਬਾਅਦ ਵੀ ਗਰਭਵਤੀ ਨਹੀਂ ਹੋਏ ਤਾਂ ਇੱਕ ਪ੍ਰਜਨਨ ਮਾਹਰ (ਫਰਟੀਲਿਟੀ ਸਪੈਸ਼ਲਿਸਟ) ਨਾਲ ਸਲਾਹ ਕਰੋ।"

ਤਸਵੀਰ ਸਰੋਤ, Getty Images
ਡਾ. ਸ਼ਿਵਾਨੀ ਇਹ ਸੁਝਾਉਂਦੇ ਹਨ ਕਿ 40 ਸਾਲਾਂ ਵਿੱਚ ਜੇਕਰ ਤੁਸੀਂ ਮਾਂ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਾਰੇ ਮੈਡੀਕਲ ਟੈਸਟ ਕਰਵਾ ਲੈਣੇ ਚਾਹੀਦੇ ਹਨ, ਜਿਨ੍ਹਾਂ ਵਿੱਚ, ਮੁਕੰਮਲਖ਼ੂਨ ਦੀ ਜਾਂਚ, ਕੇਐੱਫਟੀ, ਐੱਲਐੱਫਟੀ, ਬਲੱਡ ਸ਼ੂਗਰ, ਥਾਇਰਡ, ਸਿਰਮ ਏਐੱਚਐੱਮ, ਯੂਟ੍ਰੈੱਸ ਤੇ ਓਵਰੀ ਦਾ ਅਲਟ੍ਰਾਸਾਊਂਡ ਕਰਵਾ ਲੈਣਾ ਚਾਹੀਦਾ ਹੈ।
ਡਾ. ਸ਼ਿਵਾਨੀ ਇਹ ਵੀ ਕਹਿੰਦੇ ਹਨ, "ਪੁਰਸ਼ ਨੂੰ ਆਪਣੇ ਸਾਰੇ ਟੈਸਟ ਕਰਵਾਉਣੇ ਚਾਹੀਦੇ ਹਨ। ਜੇਕਰ ਉਨ੍ਹਾਂ ਦੀ ਉਮਰ ਵੀ 40 ਸਾਲ ਤੋਂ ਵੱਧ ਹੈ ਤਾਂ ਉਨ੍ਹਾਂ ਨੂੰ ਵੀਰਜ ਕੁਆਲਿਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।"
ਇਸ ਤੋਂ ਇਲਾਵਾ ਮਾਹਰਾਂ ਦਾ ਕਹਿਣਾ ਹੈ ਕਿ ਵਿਗਿਆਨਕ ਤਰੱਕੀ ਵਿੱਚ ਕਾਫੀ ਕੁਝ ਸੰਭਵ ਹੋ ਸਕਿਆ ਹੈ ਅਤੇ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਮਦਦ ਨਾਲ ਸੰਭਾਵੀ ਸਮੱਸਿਆਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚ ਟੈਸਟ ਅਤੇ ਸਕ੍ਰੀਨਿੰਗ ਸ਼ਾਮਲ ਹਨ।
ਜਨਮ ਤੋਂ ਪਹਿਲਾਂ ਦੀਆਂ ਸਕ੍ਰੀਨਿੰਗਜ਼:
- ਕ੍ਰੋਮੋਸੋਮਲ ਸਮੱਸਿਆਵਾਂ ਲਈ ਨੌਨ-ਇਨਵੈਸਿਵ ਪ੍ਰੀਨੈਟਲ ਟੈਸਟਿੰਗ (ਐੱਨਆਈਪੀਟੀ)
- ਪਹਿਲੀ ਤਿਮਾਹੀ ਭਾਵ ਫਰਸਟ ਟ੍ਰਿਮੈਸਟਰ ਸਕ੍ਰੀਨਿੰਗ (ਖੂਨ ਦੇ ਟੈਸਟ + ਨੂਚਲ ਟ੍ਰਾਂਸਲੂਸੈਂਸੀ ਸਕੈਨ)
- ਲੋੜ ਪੈਣ 'ਤੇ ਐਮਨੀਓਸੈਂਟੇਸਿਸ ਜਾਂ ਕੋਰੀਓਨਿਕ ਵਿਲਸ ਸੈਂਪਲਿੰਗ (ਸੀਵੀਐੱਸ)

ਤਸਵੀਰ ਸਰੋਤ, Getty Images
ਸੰਭਾਵੀ ਸਮੱਸਿਆਵਾਂ ਦੇ ਸੰਕੇਤ ਅਤੇ ਡਾਕਟਰੀ ਸਹਾਇਤਾ
ਡਾ. ਬਾਸੂ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਹੇਠ ਲਿਖੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ:
- ਪੇਟ ਵਿੱਚ ਗੰਭੀਰ ਦਰਦ ਜਾਂ ਕੜਵੱਲ
- ਭਾਰੀ ਖ਼ੂਨ ਵਹਿਣਾ ਜਾਂ ਤਰਲ ਪਦਾਰਥ ਦਾ ਰਿਸਾਵ
- ਗੰਭੀਰ ਸਿਰ ਦਰਦ, ਨਜ਼ਰ ਵਿੱਚ ਬਦਲਾਅ ਜਾਂ ਅਚਾਨਕ ਸੋਜਿਸ਼ (ਸੰਭਾਵਤ ਤੌਰ 'ਤੇ ਪ੍ਰੀ-ਐਕਲੈਂਪਸੀਆ)
- ਭਰੂਣ ਦੀ ਗਤੀ ਵਿੱਚ ਕਮੀ ਜਾਂ ਉਸ ਦਾ ਗ਼ੈਰ-ਹਾਜ਼ਰ ਹੋਣਾ (20 ਹਫ਼ਤਿਆਂ ਬਾਅਦ)
- ਲਗਾਤਾਰ ਤੇਜ਼ ਬੁਖ਼ਾਰ ਜਾਂ ਲਾਗ ਦੇ ਸੰਕੇਤ

ਤਸਵੀਰ ਸਰੋਤ, Getty Images
ਕੀ ਮਾਂ ਬਣਨ ਲਈ ਕੋਈ "ਸਹੀ" ਜੈਵਿਕ ਉਮਰ ਹੈ?
ਉਮਰ ਪ੍ਰਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਵੱਡੇ ਕਾਰਕਾਂ ਵਿੱਚੋਂ ਇੱਕ ਹੈ ਅਤੇ ਔਰਤਾਂ ਵਿੱਚ ਪ੍ਰਜਣਨ ਦੀ ਉਮਰ 20 ਤੋਂ 35 ਸਾਲ ਤੱਕ ਮੰਨੀ ਜਾਂਦੀ ਹੈ ਅਤੇ 35 ਤੋਂ ਪ੍ਰਜਣਨ ਸ਼ਕਤੀ ਘੱਟਣੀ ਸ਼ੁਰੂ ਹੋ ਜਾਂਦੀ ਹੈ।
ਡਾ. ਬਾਸੂ ਦੱਸਦੇ ਹਨ ਕਿ ਜ਼ਿਕਰਯੋਗ ਹੈ ਕਿ ਭਾਰਤੀ ਔਰਤਾਂ ਵਿੱਚ ਮੀਨੋਪੌਜ਼ ਦੀ ਉਮਰ ਪੱਛਮੀ ਔਰਤਾਂ ਦੇ ਮੁਕਾਬਲੇ ਘੱਟ ਹੈ। ਭਾਰਤੀ ਔਰਤਾਂ ਵਿੱਚ ਜਿੱਥੇ ਮੀਨੋਪੌਜ਼ ਦੀ ਉਮਰ 45 ਤੋਂ 49 ਸਾਲ ਵਿਚਾਲੇ ਹੈ, ਉੱਥੇ ਬਾਕੀ ਦੁਨੀਆਂ ਵਿੱਚ 51 ਸਾਲ ਹੈ।
ਡਾ. ਬਾਸੂ ਮੁਤਾਬਕ, "ਜੈਵਿਕ ਤੌਰ 'ਤੇ 20 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਜਣਨ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ ਅਤੇ 35 ਸਾਲ ਤੋਂ ਬਾਅਦ ਜੋਖ਼ਮ ਲਗਾਤਾਰ ਵਧਦਾ ਹੈ। ਹਾਲਾਂਕਿ, 40 ਸਾਲ ਦੀ ਉਮਰ ਤੋਂ ਬਾਅਦ ਇਹ ਜੋਖ਼ਮ ਹੋਰ ਵੀ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਜਾਂਦੇ ਹਨ।"
ਇਸ ਦੇ ਨਾਲ ਹੀ ਡਾ. ਬਾਸੂ ਅਤੇ ਸ਼ਿਵਾਨੀ ਗਰਗ ਇਹ ਵੀ ਸਪੱਸ਼ਟ ਕਰਦੇ ਹਨ ਕਿ ਵਿਵਹਾਰਕ ਤੌਰ 'ਤੇ ਕੋਈ ਵਿਆਪਕ "ਸਹੀ" ਉਮਰ ਨਹੀਂ ਹੈ।
"ਇਹ ਵਿਅਕਤੀਗਤ ਸਿਹਤ, ਤਿਆਰੀ, ਸਹਾਇਤਾ ਪ੍ਰਣਾਲੀਆਂ ਅਤੇ ਨਿੱਜੀ ਹਾਲਾਤਾਂ 'ਤੇ ਨਿਰਭਰ ਕਰਦਾ ਹੈ। ਬਹੁਤ ਸਾਰੀਆਂ ਔਰਤਾਂ, ਸਹੀ ਦੇਖਭਾਲ ਦੇ ਨਾਲ, 40 ਸਾਲ ਦੀ ਉਮਰ ਤੋਂ ਬਾਅਦ ਵੀ ਸਿਹਤਮੰਦ ਗਰਭ ਅਵਸਥਾਵਾਂ ਰੱਖਦੀਆਂ ਹਨ।"
ਸਿੱਟੇ ਵਜੋਂ, ਗਰਭ ਅਵਸਥਾ ਲਈ ਆਦਰਸ਼ ਉਮਰ ਵਿਅਕਤੀਗਤ ਹਾਲਾਤਾਂ ਦੇ ਆਧਾਰ 'ਤੇ ਵੱਖ-ਵੱਖ ਹੁੰਦੀ ਹੈ, ਪਰ ਹਰ ਦਹਾਕਾ ਆਪਣੇ ਫਾਇਦੇ ਅਤੇ ਚੁਣੌਤੀਆਂ ਦੇ ਨਾਲ ਆਉਂਦਾ ਹੈ।
ਇਸ ਬਾਰੇ ਗੱਲ ਕਰਦਿਆਂ ਡਾ. ਬਾਸੂ ਕਹਿੰਦੇ ਹਨ, "20 ਸਾਲ ਦੀ ਉਮਰ ਦੀਆਂ ਔਰਤਾਂ ਜਣਨ ਸ਼ਕਤੀ ਲਈ ਆਪਣੇ ਜੈਵਿਕ ਸਿਖ਼ਰ 'ਤੇ ਹੁੰਦੀਆਂ ਹਨ।"
"30 ਸਾਲ ਦੀ ਉਮਰ ਅਕਸਰ, ਤਿਆਰੀ ਅਤੇ ਪ੍ਰਜਨਨ ਸਿਹਤ ਵਿਚਕਾਰ ਸੰਤੁਲਨ ਬਣਾਉਂਦੀ ਹੈ, ਹਾਲਾਂਕਿ, ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ 35 ਸਾਲ ਦੀ ਉਮਰ ਤੋਂ ਬਾਅਦ ਪ੍ਰਜਣਨ ਸ਼ਕਤੀ (ਇਨਫਰਟੀਲਿਟੀ) ਵਿੱਚ ਹੋਰ ਵੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ।"
ਜਦਕਿ 40 ਸਾਲ ਦੀ ਉਮਰ ਵਿੱਚ ਗਰਭ ਅਵਸਥਾ ਆਮ ਹੁੰਦੀ ਜਾ ਰਹੀ ਹੈ ਅਤੇ ਸੰਭਵ ਵੀ ਹੈ ਪਰ ਡਾ. ਬਾਸੂ ਕਹਿੰਦੇ ਹਨ ਕਿ ਇਸ ਲਈ ਆਮ ਤੌਰ 'ਤੇ ਡਾਕਟਰੀ ਨਿਗਰਾਨੀ ਅਤੇ ਕੁਝ ਮਾਮਲਿਆਂ ਵਿੱਚ ਪ੍ਰਜਣਨ ਸ਼ਕਤੀ ਸਹਾਇਤਾ ਦੀ ਲੋੜ ਹੁੰਦੀ ਹੈ।
ਅਖ਼ੀਰ ਬੱਚਾ ਪੈਦਾ ਕਰਨ ਦਾ ਸਹੀ ਸਮਾਂ ਇੱਕ ਡੂੰਘਾ ਨਿੱਜੀ ਫ਼ੈਸਲਾ ਹੁੰਦਾ ਹੈ, ਜੋ ਕਿ ਡਾਕਟਰੀ, ਭਾਵਨਾਤਮਕ ਅਤੇ ਜੀਵਨ ਸ਼ੈਲੀ ਦੇ ਕਾਰਕਾਂ ਨੂੰ ਤੋਲ ਕੇ ਸਭ ਤੋਂ ਵਧੀਆ ਢੰਗ ਨਾਲ ਲਿਆ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












