ਮਾਂ ਬਣਨ ਦੀ ਤਾਂਘ: ʻ9 ਸਾਲ, 3 ਆਈਵੀਐੱਫ, 2 ਵਾਰ ਗਰਭਪਾਤʼ, ਬੀਬੀਸੀ ਪੱਤਰਕਾਰ ਨੇ ਹੋਰ ਕੀ-ਕੀ ਦੱਸਿਆ

- ਲੇਖਕ, ਐਨਾ ਮਾਰੀਆ ਰੌਰਾ
- ਰੋਲ, ਬੀਬੀਸੀ ਪੱਤਰਕਾਰ
"ਤੁਹਾਡੀ ਬੱਚੇਦਾਨੀ ਭਰੂਣ ਪ੍ਰਾਪਤ ਕਰਨ ਲਈ ਤਿਆਰ ਹੈ।"
ਇਹ ਸ਼ਬਦ ਡਾ. ਡੀਸ ਦੇ ਸਨ, ਜੋ ਉਸ ਵੇਲੇ ਆਈਵੀਐੱਫ ਇਲਾਜ ਦੇ ਹਿੱਸੇ ਵਜੋਂ ਮੇਰੀ ਬੱਚੇਦਾਨੀ ਦਾ ਅਲਟ੍ਰਾਸਾਊਂਡ ਸਕੈਨ ਕਰ ਰਹੇ ਸਨ। ਇਹ ਚੌਥੀ ਵਾਰ ਹੈ ਜਦੋਂ ਮੈਂ ਇਹ ਇਲਾਜ ਕਰਵਾ ਰਹੀ ਹਾਂ।
ਨੌਂ ਸਾਲਾਂ ਤੋਂ ਗਰਭ ਧਾਰਨ ਦੀਆਂ ਕੋਸਿਸ਼ਾਂ ਵਿੱਚ ਸੀ, ਇਸ ਖ਼ਬਰ ਨੇ ਮੈਨੂੰ ਖੁਸ਼ ਕਰ ਦਿੱਤਾ ਪਰ ਮੈਨੂੰ ਡਰ ਸੀ ਕਿ ਇਸ ਵਾਰ ਵੀ ਕਿਤੇ ਪਿਛਲੀ ਵਾਰ ਵਾਂਗ ਨਾ ਹੋਵੇ।
ਪਹਿਲਾਂ ਤਾਂ ਇਸ ਇਲਾਜ ਨਾਲ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਮੈਂ ਇਸ ਦੀ ਉਡੀਕ ਕਰ ਰਹੀ ਸੀ ਪਰ ਫਿਰ ਮੇਰਾ ਗਰਭਪਾਤ ਹੋ ਗਿਆ ਅਤੇ ਮੈਂ ਉਦਾਸ ਹੋ ਗਈ। ਇਸ ਬਾਰੇ ਸੋਚ ਕੇ ਹੀ ਬਹੁਤ ਡਰ ਲੱਗਦਾ ਹੈ।
ਸਾਲ 2016 ਵਿੱਚ ਅਸੀਂ ਜਾਪਾਨ ਵਿੱਚ ਰਹੇ ਸੀ। ਮੈਂ ਅਤੇ ਮੇਰੇ ਪਤੀ ਨੂੰ ਲੱਗਿਆ ਅਸੀਂ ਇੱਕ ਨਿੱਜੀ ਹਸਪਤਾਲ ਵਿੱਚ ਬੱਚਾ ਨਹੀਂ ਪੈਦਾ ਕਰ ਸਕਾਂਗੇ। ਮੈਂ ਉਸ ਵੇਲੇ 33 ਸਾਲ ਦੀ ਸੀ ਅਤੇ ਸੈਬਸਟੀਅਨ (ਪਤੀ) 36 ਸਾਲ ਦੇ ਸਨ।

ਡਾਕਟਰ ਦਾ ਕਹਿਣਾ ਸੀ ਕਿ ਹਾਰਮੋਨ ਉੱਤੇ-ਥੱਲੇ ਹੋਏ ਹਨ ਅਤੇ ਮੇਰੇ ਪਤੀ ਦੀ ਸ਼ੁਕਰਾਣੂ ਗਤੀਸ਼ੀਲਤਾ ਦੀ ਸਮੱਸਿਆ ਨੂੰ ਦੱਸਿਆ। ਹੁਣ ਮੇਰੀ ਉਮਰ ਵੀ ਇੱਕ ਮੁੱਦਾ ਹੈ ਕਿਉਂਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵਧਦੀ ਜਾਂਦੀ ਹੈ, ਉਨ੍ਹਾਂ ਦੇ ਅੰਡਿਆਂ ਦੀ ਗੁਣਵੱਤਾ ਘੱਟ ਜਾਂਦੀ ਹੈ।
ਇਹ ਜੋੜਾ ਇੱਕ ਸਾਲ ਤੋਂ ਬੱਚੇ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ ਪਰ ਕਾਮਯਾਬ ਨਹੀਂ ਹੋ ਰਿਹਾ ਸੀ ਤੇ ਉਨ੍ਹਾਂ ਨੂੰ ਬਾਂਝ ਮੰਨਿਆ ਜਾ ਰਿਹਾ ਸੀ।
ਵਿਸ਼ਵ ਸਿਹਤ ਸੰਗਠਨ ਦੇ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਅਜਿਹਾ ਦੁਨੀਆ ਭਰ ਵਿੱਚ ਬੱਚੇ ਪੈਦਾ ਕਰਨ ਦੀ ਉਮਰ ਦੇ ਪੰਜ ਵਿੱਚੋਂ ਇੱਕ ਵਿਅਕਤੀ ਨਾਲ ਹੁੰਦਾ ਹੈ।
ਜਦੋਂ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਅਸੀਂ ਆਈਵੀਐੱਫ (ਜਿਸ ਨੂੰ ਵਿਟਰੋ ਫਰਟੀਲਾਈਜੇਸ਼ਨ ਵੀ ਕਿਹਾ ਜਾਂਦਾ ਹੈ) ਕਰਵਾ ਸਕਦੇ ਹਾਂ।
ਉਹ ਸਾਡੇ ਲਈ ਇੱਕ ਨਵੀਂ ਦੁਨੀਆਂ ਬਾਰੇ ਸੀ, ਜਿਸ ਬਾਰੇ ਅਸੀਂ ਪਹਿਲਾਂ ਕਦੇ ਨਹੀਂ ਜਾਣਦੇ ਸੀ।
ਭਾਵੇਂ ਸਾਨੂੰ ਬਿਨਾਂ ਯੋਜਨਾਬੱਧ ਗਰਭ ਅਵਸਥਾਵਾਂ ਤੋਂ ਬਚਣ ਬਾਰੇ ਦੱਸਿਆ ਜਾਂਦਾ ਹੈ, ਪਰ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਬਾਂਝਪਨ ਨਾਲ ਕਿਵੇਂ ਨਜਿੱਠਣਾ ਹੈ।
ਇਸ ਤਰ੍ਹਾਂ ਇਸ ਯਾਤਰਾ ਦੀ ਸ਼ੁਰੂਆਤ ਆਪਣੇ ਉਤਰਾਅ-ਚੜ੍ਹਾਅ ਨਾਲ ਹੋਈ। ਨੌਂ ਸਾਲ ਹੋ ਗਏ ਹਨ ਅਤੇ ਤਿੰਨ ਆਈਵੀਐੱਫ ਇਲਾਜ ਅਸਫ਼ਲ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਦੇ ਨਤੀਜੇ ਵਜੋਂ ਗਰਭਪਾਤ ਹੋਇਆ।

ਲੰਬਾ ਇਲਾਜ
ਕੁਝ ਸਮੇਂ ਲਈ ਮੈਂ ਸ਼ਰਮਸਾਰ ਅਤੇ ਚੁੱਪ ਰਹੀ ਕਿ ਮੈਂ ਮਾਂ ਨਹੀਂ ਬਣ ਪਾ ਰਹੀ। ਬਹੁਤ ਸਾਰੇ ਇਸ ਬਾਰੇ ਗੱਲ ਨਹੀਂ ਕਰਦੇ ਕਿ ਉਹ ਕਿਵੇਂ ਗਰਭਵਤੀ ਹੋਏ ਪਰ ਮੈਨੂੰ ਲੱਗਾ ਕਿ ਇਹ ਚੁੱਪੀ ਪਰੇਸ਼ਾਨੀ ਦਾ ਹਿੱਸਾ ਹੈ।
ਮੈਨੂੰ ਆਸ ਹੈ ਕਿ ਇਸ ਬਾਰੇ ਗੱਲ ਕਰਨ ਨਾਲ ਲੱਖਾਂ ਲੋਕ ਇਲਾਜ ਕਰਵਾਉਣ ਦੇ ਯੋਗ ਹੋ ਸਕਣਗੇ ਅਤੇ ਇਸ ਬਾਰੇ ਗੱਲ ਕਰਨ ਲਈ ਸਹਿਜ ਮਹਿਸੂਸ ਕਰਨਗੇ।
ਆਈਵੀਐੱਫ ਇਲਾਜ ਵਿੱਚ, ਇੱਕ ਔਰਤ ਦੇ ਬੱਚੇਦਾਨੀ ਵਿੱਚੋਂ ਅੰਡੇ ਕੱਢੇ ਜਾਂਦੇ ਹਨ, ਇੱਕ ਪ੍ਰਯੋਗਸ਼ਾਲਾ ਵਿੱਚ ਰੱਖੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸ਼ੁਕਰਾਣੂਆਂ ਨਾਲ ਉਪਜਾਊ ਬਣਾਇਆ ਜਾਂਦਾ ਹੈ।
ਇਹ ਉਪਜਾਊ ਅੰਡੇ, ਜਿਸ ਨੂੰ 'ਭਰੂਣ' ਕਿਹਾ ਜਾਂਦਾ ਹੈ, ਔਰਤ ਦੇ ਬੱਚੇਦਾਨੀ ਵਿੱਚ ਲਗਾਇਆ ਜਾਂਦਾ ਹੈ।
ਲੰਡਨ (ਜਿੱਥੇ ਅਸੀਂ ਹੁਣ ਰਹਿੰਦੇ ਹਾਂ) ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਅਲਟ੍ਰਾਸਾਊਂਡ ਕਰਵਾਉਣ ਤੋਂ ਪਹਿਲਾਂ ਮੈਨੂੰ ਆਪਣੇ ਅੰਡਕੋਸ਼ਾਂ ਨੂੰ ਹੋਰ ਆਂਡੇ ਪੈਦਾ ਕਰਨ ਲਈ ਉਤੇਜਿਤ ਕਰਨ ਲਈ 10 ਦਿਨ ਉੱਚ-ਖੁਰਾਕ ਵਾਲੇ ਹਾਰਮੋਨ ਟੀਕੇ ਲਗਵਾਉਣੇ ਪਏ।
ਇਸ ਦਾ ਉਦੇਸ਼ ਉਪਜਾਊ ਹੋਣ ਲਈ ਵੱਧ ਤੋਂ ਵੱਧ ਆਂਡੇ ਪੈਦਾ ਕਰਨਾ ਹੈ।
ਇਸ ਵਾਰ 26 ਆਂਡੇ ਸਨ। ਕਲੀਨਿਕ ਨੇ ਮੈਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਸਫ਼ਲ ਰਿਹਾ।

ਪਰ ਪੰਜ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਕਿ ਆਂਡੇ ਕਿੰਨੇ ਵੱਡੇ ਹੋ ਗਏ ਸਨ, ਸਿਰਫ਼ ਛੇ ਹੀ ਬਚੇ। ਜੈਨੇਟਿਕ ਟੈਸਟਿੰਗ ਵਿੱਚ, ਉਨ੍ਹਾਂ ਛੇ ਆਂਡਿਆਂ ਵਿੱਚੋਂ ਸਿਰਫ਼ ਇੱਕ ਹੀ ਚੰਗਾ ਨਿਕਲਿਆ ਅਤੇ ਇਹ ਉਹ ਸੀ ਜਿਸ ਨੂੰ ਮੇਰੀ ਬੱਚੇਦਾਨੀ ਵਿੱਚ ਲਗਾਇਆ ਜਾਣਾ ਸੀ।
ਡਾ. ਡੀਸ ਦੇ ਸ਼ਬਦਾਂ ਨੇ ਇਲਾਜ ਜਾਰੀ ਰੱਖਣ ਦਾ ਇਸ਼ਾਰਾ ਕੀਤਾ ਅਤੇ ਉਸ ਪਲ਼ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਹਮੇਸ਼ਾ ਸਕਾਰਾਤਮਕ ਰਹਿੰਦੀ ਹਾਂ ਅਤੇ ਇਸ ਵਾਰ ਇਹ ਜ਼ਰੂਰ ਕੰਮ ਕਰੇਗਾ।
ਡਾਕਟਰ ਨੇ ਕਿਹਾ ਕਿ ਆਡੇ ਨੂੰ ਪੰਜ ਦਿਨਾਂ ਵਿੱਚ ਬੱਚੇਦਾਨੀ ਵਿੱਚ ਲਗਾਇਆ ਜਾਵੇਗਾ ਅਤੇ ਇਲਾਜ ਦਰਦ ਰਹਿਤ ਹੋਵੇਗਾ।
ਜਦੋਂ ਦਿਨ ਆਇਆ ਤਾਂ ਅਸੀਂ ਕਲੀਨਿਕ ਗਏ। ਸੇਬੈਸਟੀਅਨ ਵੀ ਮੇਰੇ ਵਾਂਗ ਹੀ ਘਬਰਾਇਆ ਹੋਇਆ ਸੀ। ਸਾਨੂੰ ਉਸ ਦਿਨ ਕਿਸੇ ਵੀ ਪਰਫਿਊਮ ਦੀ ਵਰਤੋਂ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ ਕਿਉਂਕਿ ਇਹ ਇਸ ਇਲਾਜ ਵਿੱਚ ਵਿਘਨ ਪਾ ਸਕਦਾ ਹੈ।
ਅਸੀਂ ਦੋਵੇਂ ਸਰਜਰੀ ਲਈ ਤਿਆਰ ਸੀ। ਸੇਬੈਸਟੀਅਨ ਇਸ ਛੋਟੇ ਜਿਹੇ ਆਂਡੇ ਨੂੰ ਬੱਚੇ ਵਿੱਚ ਵਧਦੇ ਹੋਏ ਦੇਖਣ ਲਈ ਉਤਸੁਕ ਸੀ, ਜਿਸਦੀ ਅਸੀਂ ਲੰਬੇ ਸਮੇਂ ਤੋਂ ਉਡੀਕ ਵਿੱਚ ਸੀ।
ਉਨ੍ਹਾਂ ਨੇ ਪੂਰੀ ਪ੍ਰਕਿਰਿਆ ਦੌਰਾਨ ਮੇਰਾ ਹੱਥ ਫੜੀ ਰੱਖਿਆ, ਜਿਸ ਨਾਲ ਮੈਨੂੰ ਹਲਕਾ ਮਹਿਸੂਸ ਹੋਇਆ। ਅਸੀਂ ਇੱਥੇ ਜੀਵਨ ਦੇ ਤੋਹਫ਼ੇ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਸੀ।

ਦਵਾਈਆਂ ਅਤੇ ਹਸੀਨ ਸੁਪਨੇ
ਜੇਕਰ ਸਭ ਕੁਝ ਠੀਕ ਰਿਹਾ ਅਤੇ ਮੇਰੇ ਅੰਦਰ ਆਂਡਾ ਲਗਾਇਆ ਗਿਆ, ਤਾਂ ਮੈਂ ਗਰਭ ਅਵਸਥਾ ਦੇ ਹਾਰਮੋਨ ਐੱਚਸੀਜੀ ਨੂੰ ਕੱਢ ਦਿਆਂਗੀ ਅਤੇ ਇਸ ਇਲਾਜ ਤੋਂ 10 ਦਿਨਾਂ ਬਾਅਦ ਮੈਨੂੰ ਘਰ ਵਿੱਚ ਟੈਸਟ ਕਰਵਾਉਣਾ ਪਵੇਗਾ।
ਇਸ ਦੌਰਾਨ ਮੈਨੂੰ ਦਿਨ ਵਿੱਚ ਤਿੰਨ ਵਾਰ ਡਾਕਟਰ ਦੁਆਰਾ ਦੱਸੀ ਗਈ ਦਵਾਈ ਲੈਣੀ ਪਵੇਗੀ।
ਇਸ ਲਈ, ਮੈਂ ਆਪਣੇ ਫ਼ੋਨ 'ਤੇ ਸਵੇਰੇ 08:00 ਵਜੇ 2 ਮਿਲੀਗ੍ਰਾਮ ਐਸਟਰਾਡੀਓਲ ਅਤੇ ਸਵੇਰੇ 10:00 ਵਜੇ 400 ਐੱਮਸੀਜੀ ਪ੍ਰੋਜੇਸਟ੍ਰੋਨ ਲੈਣ ਲਈ ਇੱਕ ਅਲਾਰਮ ਸੈੱਟ ਕੀਤਾ ਹੈ।
ਇਹ ਦੋਵੇਂ ਹਾਰਮੋਨ ਗਰਭ ਅਵਸਥਾ ਨੂੰ ਉਤਸ਼ਾਹਿਤ ਕਰਨ ਵਾਲੇ ਹਾਰਮੋਨ ਹਨ। ਇਸ ਤੋਂ ਇਲਾਵਾ, ਖੂਨ ਦੇ ਥੱਕੇ ਬਣਨ ਤੋਂ ਰੋਕਣ ਲਈ ਰਾਤ 9 ਵਜੇ ਕਲੈਕਸੇਨ ਦਾ ਟੀਕਾ ਲਗਾਇਆ ਜਾਣਾ ਚਾਹੀਦਾ ਹੈ।
ਘਰ ਵਿੱਚ ਇਹ ਮਹਿਸੂਸ ਕਰਨ ਲੱਗੀ ਕਿ ਜਿਵੇਂ ਗਰਭਵਤੀ ਹੋਵਾਂ, ਮੈਂ ਆਪਣੇ ਪਤੀ, ਮਾਪਿਆਂ, ਪਰਿਵਾਰ ਅਤੇ ਦੋਸਤਾਂ ਨਾਲ ਖੁਸ਼ੀ ਮਨਾਵਾਂਗੀ। ਮੈਂ ਸੋਚਣ ਲੱਗੀ ਕਿ ਮੇਰਾ ਢਿੱਡ ਵਧ ਰਿਹਾ ਹੈ। ਇਹ ਇਸ ਲੰਬੇ ਸਫ਼ਰ ਦਾ ਅੰਤ ਹੋ ਸਕਦਾ ਹੈ।
ਮੈਨੂੰ ਯਾਦ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਦੇ ਪਲ਼ ਵਿੱਚ ਸੀ, ਹੁਣ ਨਹੀਂ ਹਾਂ। ਬੁਰੀਆਂ ਯਾਦਾਂ ਉਮੀਦ ਅਤੇ ਖੁਸ਼ੀ ਦੇ ਵਿਚਕਾਰ ਆਉਂਦੀਆਂ ਹਨ। ਅਸਫ਼ਲ ਇਲਾਜ ਜਾਂ ਅੰਡੇ ਲਗਾਉਣ ਦੀ ਅਸਫ਼ਲਤਾ ਕਾਰਨ ਨਿਰਾਸ਼ਾ ਅਤੇ ਗਰਭਪਾਤ ਦਾ ਡਰ ਰਹਿੰਦਾ ਹੈ।
ਮੈਂ ਆਪਣੇ ਆਪ ਨੂੰ ਕਿਹਾ, "ਨਹੀਂ, ਇਸ ਵਾਰ ਚੀਜ਼ਾਂ ਜ਼ਰੂਰ ਬਦਲ ਜਾਣਗੀਆਂ।"

ਸਫ਼ਰ ਦੌਰਾਨ ਵਧੀਆ ਦੋਸਤ
ਬਾਂਝਪਨ ਨੂੰ ਸਮਾਜਿਕ ਬੁਰਾਈ ਵਜੋਂ ਦੇਖਿਆ ਜਾਂਦਾ ਹੈ ਪਰ, ਅਜੀਬ ਗੱਲ ਹੈ ਕਿ ਆਪਣੀ ਯਾਤਰਾ ਦੌਰਾਨ ਮੈਨੂੰ ਲੌਰਾ ਵਰਗੇ ਸੁੰਦਰ ਤੋਹਫ਼ੇ ਮਿਲੇ। ਇਸ ਸਫ਼ਰ ਵਿੱਚ ਉਹ ਮੇਰੀ ਬਿਹਤਰੀਨ ਦੋਸਤ ਰਹੀ ਹੈ।
ਉਹ ਮੇਰੇ ਕਰੀਬੀ ਦੋਸਤਾਂ ਵਿੱਚੋਂ ਇੱਕ ਹੈ। ਉਹ ਬਿਊਨਸ ਏਅਰਸ ਵਿੱਚ ਰਹਿੰਦੀ ਹੈ। ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨਾ, ਰੋਣਾ ਜਾਂ ਹੱਸਣਾ ਜੋ ਸਮਝਦਾ ਹੈ ਕਿ ਮੈਂ ਕਿਸ ਹਾਲਤ ਵਿੱਚੋਂ ਲੰਘ ਰਹੀ ਹਾਂ, ਇੱਕ ਥੈਰੇਪੀ ਵਾਂਗ ਹੁੰਦਾ ਹੈ।
ਅਸੀਂ ਹਰੇਕ ਇਲਾਜ ਨਾਲ ਇੱਕ ਦੂਜੇ ਦੇ ਦੁੱਖ ਅਤੇ ਖੁਸ਼ੀਆਂ ਸਾਂਝੀਆਂ ਕਰਦੇ ਹਾਂ, ਲੌਰਾ ਨੇ ਹਾਲ ਹੀ ਵਿੱਚ 8 ਸਾਲਾਂ ਦੇ ਇਲਾਜ ਤੋਂ ਬਾਅਦ ਇੱਕ ਧੀ, ਨੈਟਾਲੀ, ਨੂੰ ਜਨਮ ਦਿੱਤਾ ਹੈ।
ਉਹ ਅਕਸਰ ਆਪਣੇ ਦੋਸਤਾਂ ਅਤੇ ਬੱਚਿਆਂ ਬਾਰੇ ਗੱਲ ਕਰਦੀ ਹੁੰਦੀ ਸੀ । ਉਹ ਆਪਣੇ ਅਹਿਸਾਸ ਵੀ ਸਾਂਝੇ ਕਰਦੀ ਸੀ, "ਇਹ ਬਹੁਤ ਔਖਾ ਸਫ਼ਰ ਹੈ ਅਤੇ ਤੁਸੀਂ ਦੂਜੇ ਲੋਕਾਂ ਦੇ ਸਾਹਮਣੇ ਖੁਸ਼ ਨਾ ਹੋਣ ਬਾਰੇ ਮੁਜ਼ਰਮ ਜਿਹਾ ਮਹਿਸੂਸ ਕਰਦੇ ਹੋ।"
ਉਸ ਨੇ ਮਾਂ ਨਾਮ ਬਣਨ ਵਾਲੇ ਆਪਣੇ ਜੀਵਨ ਸਫ਼ਰ ਬਾਰੇ ਕਿਹਾ, "ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀਆਂ ਚੰਗੀਆਂ ਚੀਜ਼ਾਂ, ਆਪਣੇ ਸਾਥੀ ਨੂੰ ਗੁਆ ਰਹੇ ਹੋ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕਿਤੇ ਫਸ ਗਏ ਹੋ ਅਤੇ ਸ਼ਾਂਤਮਈ ਜ਼ਿੰਦਗੀ ਨਹੀਂ ਜੀ ਸਕਦੇ।"
ਅਰਜਨਟੀਨਾ ਵਿੱਚ ਜਣਨ ਇਲਾਜ, ਦੁਨੀਆ ਦੇ ਸਭ ਤੋਂ ਵਧੀਆ ਇਲਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਕ ਵਿਅਕਤੀ ਇੱਕ ਸਾਲ ਵਿੱਚ ਤਿੰਨ ਵਾਰ ਇਲਾਜ ਲਈ ਫੰਡ ਹਾਸਿਲ ਕਰ ਸਕਦਾ ਹੈ।
ਇਸ ਨਾਲ ਫਰਕ ਜ਼ਰੂਰ ਪੈਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਹੈ ਕਿ ਗਰਭ ਨਿਰੋਧ 'ਤੇ ਬਹੁਤ ਘੱਟ ਖੋਜ ਹੋਈ ਹੈ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਲਾਜ ਮਹਿੰਗਾ ਅਤੇ ਪਹੁੰਚ ਤੋਂ ਬਾਹਰ ਹਨ।
ਇਹ ਦੁਨੀਆ ਭਰ ਦੇ ਦੇਸ਼ਾਂ ਨੂੰ ਉਨ੍ਹਾਂ ਸਾਰੇ ਲੋਕਾਂ ਤੱਕ ਇਲਾਜ ਤੱਕ ਪਹੁੰਚ ਯਕੀਨੀ ਬਣਾਉਣ ਦੀ ਅਪੀਲ ਕਰਦਾ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੈ।

ਤਸਵੀਰ ਸਰੋਤ, Getty Images
ਇੰਟਰਨੈਸ਼ਨਲ ਕਮਿਸ਼ਨ ਆਨ ਮਾਨੀਟਰਿੰਗ ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀ ਦੇ ਅਨੁਸਾਰ ਇਲਾਜ ਦੀ ਸਫ਼ਲਤਾ ਦਰ ਘੱਟ ਹੋਣ ਦੇ ਬਾਵਜੂਦ ਲੋਕ ਆਪਣੀ ਪਹੁੰਚ ਤੋਂ ਬਾਹਰ ਜਾ ਕੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਇਲਾਜ ਦੀ ਸਫਲਤਾ ਦਰ 22% ਹੈ।
ਇਹ ਸੰਸਥਾ ਇੱਕ ਗ਼ੈਰ-ਮੁਨਾਫ਼ਾਕਾਰੀ ਸੰਸਥਾ ਹੈ ਜੋ ਵਿਸ਼ਵ ਸਿਹਤ ਸੰਗਠਨ ਨਾਲ ਸਾਂਝੇਦਾਰੀ ਵਿੱਚ ਕੰਮ ਕਰਦੀ ਹੈ।
ਆਈਵੀਐੱਫ ਇਲਾਜ ਦੀ ਲਾਗਤ ਦਾ ਇੱਕ ਹਾਲੀਆ ਸਰਵੇਖਣ ਸਪੇਨ, ਨਾਰਵੇ, ਯੂਕੇ, ਜਰਮਨੀ, ਡੈਨਮਾਰਕ, ਦੱਖਣੀ ਕੋਰੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕੀਤਾ ਗਿਆ ਸੀ।
ਇਸ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਬੱਚੇ ਦੇ ਇਲਾਜ ਅਤੇ ਡਿਲੀਵਰੀ ਦੀ ਲਾਗਤ 4,230 ਡਾਲਰ ਅਤੇ 12,680 ਡਾਲਰ ਦੇ ਵਿਚਕਾਰ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਭਾਰਤੀ ਸ਼ਬਦਾਂ ਵਿੱਚ ਇਸ ਦੀ ਕੀਮਤ 3.66 ਲੱਖ ਰੁਪਏ ਤੋਂ 10 ਲੱਖ ਰੁਪਏ ਦੇ ਵਿਚਕਾਰ ਹੈ।
ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਇਸ ਨੂੰ ਇੱਕ ਤੋਂ ਵੱਧ ਵਾਰ ਅਜ਼ਮਾਇਆ ਹੈ। ਇਸ ਨਾਲ ਹੀ, ਇਸ ਇਲਾਜ ਦਾ ਇੱਕ ਮਹੱਤਵਪੂਰਨ ਆਰਥਿਕ ਪ੍ਰਭਾਵ ਪਵੇਗਾ, ਕਿਉਂਕਿ ਸਾਨੂੰ ਕਰਜ਼ਾ ਲੈਣਾ ਪਿਆ।
ਮੇਰਾ ਪਹਿਲਾ ਇਲਾਜ ਐੱਨਐੱਚਐੱਸ (ਰਾਸ਼ਟਰੀ ਸਿਹਤ ਸੇਵਾ) ਦੁਆਰਾ ਕਵਰ ਕੀਤਾ ਗਿਆ ਸੀ। ਐੱਨਐੱਚਐੱਸ ਇਲਾਜ ਲਈ ਕਿੰਨੀ ਵਾਰ ਭੁਗਤਾਨ ਕਰਦਾ ਹੈ? ਭੁਗਤਾਨ ਤੁਹਾਡੇ ਰਹਿਣ ਦੇ ਸਥਾਨ ਅਤੇ ਉਮਰ ਸਮੇਤ ਕਾਰਕਾਂ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੇ ਹਨ।
ਇਕਵਾਡੋਰ ਵਿੱਚ, ਜਿੱਥੇ ਮੇਰਾ ਜਨਮ ਹੋਇਆ ਸੀ, ਇਸ ਦਾ ਕੋਈ ਮੁਫ਼ਤ ਇਲਾਜ ਨਹੀਂ ਹੈ।

ਤਸਵੀਰ ਸਰੋਤ, Getty Images
ਪ੍ਰੈਗਨੈਂਸੀ ਟੈਸਟ
ਬੱਚੇਦਾਨੀ ਵਿੱਚ ਆਂਡੇ ਨੂੰ ਲਗਾਉਣ ਦੇ ਅਗਲੇ 10 ਦਿਨਾਂ ਬਾਅਦ ਦਰਦ ਭਰੇ ਦਿਨ ਹੁੰਦੇ ਹਨ।
ਮੇਰੀ ਮਾਨਸਿਕ ਚਿਕਿਤਸਕ ਨੇ ਮੈਨੂੰ ਦੱਸਿਆ ਕਿ ਮੈਂ ਆਪਣੀਆਂ ਭਾਵਨਾਵਾਂ ਅਤੇ ਸਰੀਰਕ ਲੱਛਣਾਂ ਬਾਰੇ ਇੱਕ ਜਰਨਲ ਲਿਖਾ।
ਪਹਿਲਾਂ ਦਿਨ
ਮੈਂ ਆਸ਼ਾਵਾਦੀ ਸੀ। ਮੈਂ ਵਧੀਆ ਅਤੇ ਸਕਾਰਾਤਮਕ ਮਹਿਸੂਸ ਕਰ ਰਹੀ ਸੀ। ਮੈਨੂੰ ਲੱਗ ਰਿਹਾ ਸੀ ਕਿ ਇਹ ਮੇਰਾ ਸਮਾਂ ਹੈ।
ਦੂਜਾ ਦਿਨ
ਮੈਨੂੰ ਛਾਤੀ ਵਿੱਚ ਦਰਦ ਸੀ, ਸ਼ਾਇਦ ਹਾਰਮੋਨ ਕਰਕੇ। ਇਹ ਅਹਿਸਾਸ ਬਦਲਦਾ ਰਿਹਾ। ਅਜੇ ਸੱਤ ਦਿਨ ਬਾਕੀ ਸਨ ਜੋ ਅਸਲ ਵਿੱਚ ਸੱਤ ਸਾਲਾਂ ਬਰਾਬਰ ਜਾਪ ਰਹੇ ਸਨ।
ਪੰਜਵਾਂ ਦਿਨ
ਅੱਜ ਐਕਵਾਡੋਰ ਵਿੱਚ ਮਦਰਸ ਡੇਅ ਸੀ। ਮੈਨੂੰ ਡਰ ਲੱਗ ਰਿਹਾ ਸੀ। ਮੈਨੂੰ ਆਪਣੇ ਦੂਜੇ ਗਰਭਪਾਤ ਦੀ ਯਾਦ ਆ ਰਹੀ ਸੀ ਜੋ ਪਿਛਲੇ ਸਾਲ ਹੋਇਆ ਸੀ ਅਤੇ ਜਿਸ ਦਾ ਸਿੱਟਾ ਮੈਂ ਆਪਣੀ ਨੂੰ ਨਹੀਂ ਦੱਸਿਆ ਸੀ। ਇਹ ਬੇਹੱਦ ਦਰ ਭਰਿਆ ਸੀ ਅਤੇ ਮੈਂ ਪੂਰਾ ਦਿਨ ਰੋਂਦੀ ਰਹੀ।
ਨੌਵਾਂ ਦਿਨ
ਪ੍ਰੈਗਨੈਂਨਸੀ ਟੈਸਟ ਵਾਲਾ ਦਿਨ ਆ ਗਿਆ ਸੀ ਅਤੇ ਮੈਂ ਘਬਰਾਈ ਹੋਈ ਸੀ। ਮੈਂ ਪਿਛਲੇ ਸਾਲਾਂ ਵਿੱਚ ਕਈ ਨਕਾਰਾਤਮਕ ਨਤੀਜੇ ਦੇਖੇ ਸਨ ਜੋ ਮੈਨੂੰ ਡਰਾ ਰਹੇ ਸਨ।
ਦਸਵਾਂ ਦਿਨ
ਪ੍ਰੈਗਨੈਂਨਸੀ ਟੈਸਟ, ਸਿਰਫ਼ ਇੱਕ ਚਿੱਟੀ ਲਾਈਨ ਨਜ਼ਰ ਆਈ, ਦੂਜੀ ਨਹੀਂ। ਟੈਸਟ ਫੇਲ੍ਹ ਹੋ ਗਿਆ। ਇੱਕ ਅਸਫ਼ਲ ਪ੍ਰੈਗਨੈਂਨਸੀ ਟੈਸਟ। ਮੈਨੂੰ ਲੱਗਾ ਜਿਵੇਂ ਸਾਰਾ ਕੁਝ ਤਬਾਹ ਹੋ ਗਿਆ ਹੋਵੇ।
ਸਾਰੀਆਂ ਆਸਾਂ ਮਰ ਗਈਆਂ ਹੋਣ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਹਮੇਸ਼ਾ ਲਈ ਅਸਫ਼ਲ ਹੋ ਗਈ ਹਾਂ।
ਕੁਝ ਦਿਨਾਂ ਤੱਕ ਮੈਨੂੰ ਲੱਗਾ ਕਿ ਮੈਂ ਆਪਣੇ ਪਤੀ ਨਾਲ ਕਿਸੇ ਹਨੇਰੇ ਕਮਰੇ ਵਿੱਚ ਬੈਠੀ ਰਹਾਂ ਅਤੇ ਕਿਸੇ ਨਾਲ ਗੱਲ ਨਾ ਕਰਾਂ।
ਹਰ ਵਾਰ ਤੁਸੀਂ ਅਸਫ਼ਲ ਰਹਿੰਦੇ ਹੋ, ਇਹ ਬੇਹੱਦ ਦਰਦਨਾਕ ਦੌਰ ਹੁੰਦਾ ਹੈ, ਇਨਕਾਰ, ਗੁੱਸਾ, ਤਣਾਅ ਅਤੇ ਉਸ ਤੋਂ ਬਾਅਦ ਸਥਿਤੀ ਨੂੰ ਨਾ ਸੀਵਕਾਰਨਾ।
ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਉਹ ਤੁਹਾਨੂੰ ਹੌਸਲਾ ਦਿੰਦੇ ਹਨ।
ਮੈਂ ਇਸ ਸਫ਼ਰ ਦੌਰਾਨ ਕਈ ਸ਼ਬਦ ਸਿੱਖੇ, ਫਾਲਿਕਲਸ, ਐਂਬਰਿਓ ਕਲਚ, ਵਿਟ੍ਰੀਫਿਕੇਸ਼ਨ ਵਰਗੇ ਕਈ ਸ਼ਬਦ।
ਮੈਂ ਇਸ ਸਫ਼ਰ ਦੌਰਾਨ ਕਈ ਅਹਿਸਾਸਾਂ ਵਿੱਚੋਂ ਲੰਘੀ ਹਾਂ। ਮੈਂ ਡਿੱਗੀ ਅਤੇ ਫਿਰ ਉੱਠੀ ਹਾਂ।
ਮੈਨੂੰ ਨਹੀਂ ਪਤਾ ਮੈਂ ਇਹ ਕਿੰਨੀ ਵਾਰ ਅਜ਼ਮਾਵਾਂਗੀ। ਮੈਨੂੰ ਪਤਾ ਹੈ ਕਿ ਮਾਂ ਬਣਨ ਦੇ ਕਈ ਹੋਰ ਵੀ ਰਾਹ ਹਨ। ਮੈਂ ਬੱਚਾ ਗੋਦ ਲੈਣ ਬਾਰੇ ਵੀ ਸੋਚ ਰਹੀ ਹਾਂ, ਜੋ ਬੇਹੱਦ ਲੰਬਾ ਅਤੇ ਅਨਿਸ਼ਚਿਤ ਸਫ਼ਰ ਹੈ।
ਮੈਨੂੰ ਇਹ ਵੀ ਲੱਗਦਾ ਹੈ ਕਿ ਮੈਂ ਕਦੇ ਵੀ ਮਾਂ ਨਹੀਂ ਬਣ ਸਕਾਂਗੀ।
ਮੈਨੂੰ ਨਹੀਂ ਪਤਾ ਇਸ ਕਹਾਣੀ ਦਾ ਅੰਤ ਕਦੋਂ ਹੋਵੇਗਾ। ਬਾਂਝਪਨ ਮੇਰੀ ਜ਼ਿੰਦਗੀ ਦਾ ਇੱਕ ਵੱਖਰਾ ਅਧਿਆਇ ਹੈ। ਇਸ ਨੇ ਮੇਰੇ ʼਤੇ ਆਪਣੀ ਛਾਪ ਛੱਡ ਦਿੱਤੀ ਹੈ ਪਰ ਪਰਿਭਾਸ਼ਿਤ ਨਹੀਂ ਕਰਦਾ ਕਿ ਮੈਂ ਕੌਣ ਹਾਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












