ਪੰਜਾਬ ਪੁਲਿਸ ਨੇ ਜਿਨ੍ਹਾਂ 3 ਮੁੰਡਿਆਂ ਨੂੰ 'ਖਾਲਿਸਤਾਨੀ ਮੌਡਿਊਲ' ਦਾ ਹਿੱਸਾ ਦੱਸ ਕੇ ਕਥਿਤ ਮੁਕਾਬਲੇ 'ਚ ਮਾਰਨ ਦਾ ਦਾਅਵਾ ਕੀਤਾ, ਉਨ੍ਹਾਂ ਦੇ ਪਿੰਡੋਂ ਕੀ ਜਾਣਕਾਰੀ ਮਿਲੀ

ਤਸਵੀਰ ਸਰੋਤ, Sourced by Gurpreet Chawla
ਪੰਜਾਬ ਅਤੇ ਯੂਪੀ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਵਾਂ ਸੂਬਿਆਂ ਦੀ ਪੁਲਿਸ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਸੋਮਵਾਰ ਨੂੰ ਯੂਪੀ ਦੇ ਪੀਲੀਭੀਤ ਵਿੱਚ ਤਿੰਨ ਕਥਿਤ 'ਦਹਿਸ਼ਤਗਰਦ' ਮਾਰੇ ਗਏ ਹਨ।
ਪੁਲਿਸ ਮੁਤਾਬਕ ਇਹ ਤਿੰਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਚੌਕੀ 'ਤੇ ਹੋਏ ਕਥਿਤ ਗ੍ਰਨੇਡ ਹਮਲੇ ਵਿੱਚ ਸ਼ਾਮਲ ਸਨ।
ਪੁਲਿਸ ਅਨੁਸਾਰ ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਵਜੋਂ ਹੋਈ ਹੈ।
ਮਾਰੇ ਗਏ ਤਿੰਨੋਂ ਮੁਲਜ਼ਮ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਬੀਬੀਸੀ ਪੰਜਾਬੀ ਦੇ ਗੁਰਦਾਸਪੁਰ ਤੋਂ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਪੰਜਾਬ ਅਤੇ ਯੂਪੀ ਪੁਲਿਸ ਦੇ ਦਾਅਵੇ ਤੋਂ ਬਾਅਦ ਉਨ੍ਹਾਂ ਤਿੰਨਾਂ ਨੌਜਵਾਨਾਂ ਦੇ ਘਰਾਂ ਦਾ ਦੌਰਾ ਕੀਤਾ, ਜਿਨ੍ਹਾਂ ਬਾਰੇ ਪੁਲਿਸ ਨੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਕਾਰਕੁਨ ਹੋਣ ਦਾ ਦਾਅਵਾ ਕੀਤਾ ਹੈ।
ਇਨ੍ਹਾਂ ਨੌਜਵਾਨਾਂ ਬਾਰੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਤਿੰਨੇ ਗੁਰਦਾਸਪੁਰ ਦੇ ਕਲਾਨੌਰ ਕਸਬੇ ਅਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਸਨ।

ਕਲਾਨੌਰ ਕਸਬੇ ਦਾ ਸੀ ਗੁਰਵਿੰਦਰ ਸਿੰਘ
ਗੁਰਵਿੰਦਰ ਸਿੰਘ ਕਲਾਨੌਰ ਕਸਬੇ ਦਾ ਰਹਿਣ ਵਾਲਾ ਸੀ। ਉਹ ਬਾਰਵੀਂ ਤੱਕ ਪੜ੍ਹਿਆ ਹੋਇਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਤੱਕ ਕੋਈ ਕੰਮ-ਕਾਰ ਨਹੀਂ ਕਰਦਾ ਸੀ।
ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ, ''ਉਹ ਸੋਚਦੇ ਰਹੇ ਕਿ ਉਨ੍ਹਾਂ ਦਾ ਮੁੰਡਾ ਆਪਣੇ ਦੋਸਤਾਂ ਨਾਲ ਘੁੰਮਣ-ਫਿਰਨ ਗਿਆ ਹੋਇਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਪੁਲਿਸ ਨੇ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
''ਅਸੀਂ ਨਹੀਂ ਜਾਣਦੇ ਕਿ ਉਹ ਯੂਪੀ ਕਿਵੇਂ ਪਹੁੰਚ ਗਿਆ, ਮੈਂ ਤਾਂ ਦਿਹਾੜੀਦਾਰ ਬੰਦਾ ਹਾਂ ਅਤੇ ਕਿਰਾਏ ਉੱਤੇ ਰਹਿੰਦਾ ਹਾਂ।''
ਗੁਰਦੇਵ ਸਿੰਘ ਮੁਤਾਬਕ ਗੁਰਵਿੰਦਰ ਸਿੰਘ 3-4 ਦਿਨ ਪਹਿਲਾਂ ਰੂਟੀਨ ਵਾਂਗ ਹੀ ਘਰੋਂ ਗਿਆ ਸੀ, ਜਦੋਂ ਅਸੀਂ ਫੋਨ ਕੀਤਾ ਤਾਂ ਕਹਿੰਦਾ ਮੈਂ ਆ ਜਾਵਾਂਗਾ, ਪਰ ਬਾਅਦ ਵਿੱਚ ਉਸ ਦਾ ਫੋਨ ਹੀ ਬੰਦ ਹੋ ਗਿਆ।

ਵਰਿੰਦਰ ਸਿੰਘ ਰਵੀ ਦਾ ਪਿਛੋਕੜ
ਹਾਸਲ ਕੀਤੀ ਗਈ ਜਾਣਕਾਰੀ ਮੁਤਾਬਕ ਵਰਿੰਦਰ ਸਿੰਘ ਉਰਫ਼ ਰਵੀ ਦਾ ਪਿੰਡ ਅਗਵਾਨ ਕਲਾਨੌਰ ਕਸਬੇ ਤੋਂ 5 ਕੁ ਕਿਲੋਮੀਟਰ ਦੂਰੀ ਉੱਤੇ ਪੈਂਦਾ ਹੈ।
ਉਸ ਦੇ ਘਰ ਨੂੰ ਤਾਲ਼ਾ ਲੱਗਿਆ ਹੋਇਆ ਸੀ ਅਤੇ ਉਸ ਦੇ ਪਰਿਵਾਰ ਵਿੱਚੋਂ ਕੋਈ ਵੀ ਗੱਲਬਾਤ ਕਰਨ ਲਈ ਉਪਲੱਬਧ ਨਹੀਂ ਸੀ।
ਪਿੰਡ ਦਾ ਕੋਈ ਵੀ ਵਿਅਕਤੀ ਕੈਮਰੇ ਉੱਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ।
ਇਸ ਮਾਮਲੇ ਦਾ ਰੋਚਕ ਪਹਿਲੂ ਇਹ ਕਿ ਪੁਲਿਸ ਚੌਕੀ ਉੱਤੇ ਹਮਲੇ ਤੋਂ ਬਾਅਦ ਮਨੂੰ ਅਗਵਾਨ ਨਾਂ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਹਮਲੇ ਦੀ ਜਿੰਮੇਵਾਰੀ ਲਈ ਸੀ। ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ।
ਪਿੰਡ ਵਾਲਿਆਂ ਨੇ ਸਿਰਫ਼ ਇੰਨਾ ਦੱਸਿਆ ਕਿ ਘਰ ਵਿੱਚ ਰਵੀ ਦੀ ਮਾਂ ਅਤੇ ਭਾਬੀ ਰਹਿੰਦੇ ਸਨ, ਉਹ ਕੱਲ ਸ਼ਾਮੀ ਕਿਧਰੇ ਚਲੇ ਗਏ।

ਘਰੋਂ ਗੱਡੀ ਸਿੱਖਣ ਦੀ ਗੱਲ ਕਹਿ ਕੇ ਗਿਆ ਸੀ ਜਸ਼ਨਪ੍ਰੀਤ
ਪੁਲਿਸ ਦੇ ਕਥਿਤ ਮੁਕਾਬਲੇ ਵਿੱਚ ਮਾਰਿਆ ਗਿਆ ਤੀਜਾ ਨੌਜਵਾਨ ਜਸ਼ਨਪ੍ਰੀਤ ਸਿੰਘ ਹੈ, ਜਿਸ ਦਾ ਪਿੰਡ ਕਲਾਨੌਰ ਤੋਂ ਕਰੀਬ 10 ਕਿਲੋਮੀਟਰ ਦੂਰ ਨਿੱਕਾ ਸ਼ਹੂਰ ਪੈਂਦਾ ਹੈ।
ਬੀਬੀਸੀ ਪੰਜਾਬੀ ਦੀ ਟੀਮ ਜਦੋਂ ਜਸ਼ਨਪ੍ਰੀਤ ਦੇ ਘਰ ਪਹੁੰਚੀ ਤਾਂ ਦੇਖਿਆ ਕਿ ਦੋ ਕਮਰਿਆਂ ਵਾਲਾ ਇੱਕ ਘਰ ਸੀ, ਜਿਸ ਨੂੰ ਪਲੱਸਤਰ ਵੀ ਨਹੀਂ ਹੋਇਆ ਸੀ। ਅੱਗੇ ਕੁਝ ਆਂਢੀ-ਗੁਆਂਢੀ ਤੇ ਰਿਸ਼ਤੇਦਾਰਾਂ ਨਾਲ ਜਸ਼ਨਪ੍ਰੀਤ ਦੀ ਮਾਤਾ ਬੈਠੀ ਸੀ।
ਪਰਿਵਾਰ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦਾ ਮੁੰਡਾ ਅਜਿਹੇ ਕੰਮ ਵਿੱਚ ਸ਼ਾਮਲ ਹੋ ਸਕਦਾ ਹੈ।
ਪਰਿਵਾਰ ਮੁਤਾਬਕ ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਪਤਨੀ ਮੁਤਾਬਕ ਉਹ ਪੂਰੀ ਤਰ੍ਹਾਂ ਅਨਪੜ੍ਹ ਸੀ ਅਤੇ ਦਿਹਾੜੀ ਵਗੈਰਾ ਕਰਦਾ ਸੀ, ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਉਹ ਦਿਹਾੜੀ ਨਹੀਂ ਸਗੋਂ ਟਰੱਕ ਡਰਾਇਵਰੀ ਸਿੱਖੇਗਾ।
ਜਸ਼ਨਪ੍ਰੀਤ ਦੇ ਮਾਪਿਆ ਮੁਤਾਬਕ ਬੀਤੇ ਮੰਗਲਵਾਰ ਨੂੰ ਵਰਿੰਦਰ ਰਵੀ ਉਨ੍ਹਾਂ ਦੇ ਮੁੰਡੇ ਨੂੰ ਘਰੋਂ ਲੈ ਕੇ ਗਿਆ ਸੀ। ਉਦੋਂ ਉਹਨਾਂ ਕਿਹਾ ਸੀ ਕਿ ਉਹ ਟਰੱਕ ਡਰਾਇਵਰੀ ਲਈ ਜਾ ਰਹੇ ਹਨ।

ਤਸਵੀਰ ਸਰੋਤ, BBC/ Gurpreet Chawla
ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਘਰ ਨਹੀਂ ਆਇਆ ਸੀ ਅਤੇ ਉਹ ਦਿਹਾੜੀ ਵਗੈਰਾ ਕਰਦਾ ਸੀ।
ਪਰਮਜੀਤ ਕੌਰ ਮੁਤਾਬਕ, ''ਮੇਰਾ ਪੁੱਤ ਗੱਡੀ 'ਤੇ ਗਿਆ ਸੀ, ਕਰੀਬ ਅੱਠ ਦਿਨ ਹੋ ਗਏ, ਉਸ ਨੂੰ ਗਏ ਹੋਏ ਜਿਸ ਤੋਂ ਬਾਅਦ ਉਸ ਦਾ ਫ਼ੋਨ ਵੀ ਨਹੀਂ ਲੱਗਾ ਅਤੇ ਜਦੋਂ ਅਸੀਂ ਕਾਲ ਕਰਦੇ ਸੀ ਤਾਂ ਉਸ ਦਾ ਫ਼ੋਨ ਬੰਦ ਆਉਂਦਾ ਸੀ। ਸਾਨੂੰ ਤਾਂ ਅੱਜ ਸਵੇਰੇ ਇਸ ਘਟਨਾ ਦਾ ਪਤਾ ਲੱਗਾ ਹੈ।''
ਉਹਨਾਂ ਕਿਹਾ, ''ਮੇਰਾ ਪੁੱਤ ਇਹੋ ਜਿਹਾ ਨਹੀਂ ਹੈ। ਜੋ ਮਰਜ਼ੀ ਲੋਕ ਕਹਿੰਦੇ ਰਹਿਣ, ਮੇਰੇ ਬੱਚੇ ਇਹੋ ਜਿਹੇ ਨਹੀਂ ਹਨ।''
ਯੂਪੀ ਪੁਲਿਸ ਨੇ ਕੀ ਕਿਹਾ
ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਏਡੀਜੀ ਰਮਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿੱਚ ਵਧੇਰੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਨੇ ਦੱਸਿਆ, "18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ 'ਚ ਗ੍ਰਨੇਡ ਨਾਲ ਹੋਇਆ ਸੀ। ਇਸ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਤਿੰਨ ਕਅਪਰਾਧੀ ਵੀ ਸ਼ਾਮਲ ਸਨ। ਇਸ ਸਬੰਧੀ ਪੁਖ਼ਤਾ ਜਾਣਕਾਰੀ ਸੀ, ਜਿਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਚੌਕਸੀ ਵਧਾ ਦਿੱਤੀ ਗਈ ਸੀ।"
"ਇਸੇ ਕੜੀ ਤਹਿਤ ਅੱਜ ਜਦੋਂ ਪੰਜਾਬ ਪੁਲਿਸ ਦੀ ਟੀਮ ਇੱਥੇ ਆਈ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।"
ਉਨ੍ਹਾਂ ਨੇ ਅੱਗੇ ਦੱਸਿਆ ਕਿ ਜਾਣਕਾਰੀ ਮਿਲੀ ਕਿ ਪੀਲੀਭੀਤ ਵਿੱਚ ਕਿਤੇ ਆਏ ਹੋਏ ਹਨ ਅਤੇ ਚੈਕਿੰਗ ਦੌਰਾਨ ਇਨ੍ਹਾਂ ਘੇਰਿਆ ਗਿਆ।

ਤਸਵੀਰ ਸਰੋਤ, ANI/X
ਉਨ੍ਹਾਂ ਨੇ ਦੱਸਿਆ, "ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਵੱਲੋਂ ਘਿਰਿਆ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਪੁਲਿਸ ʼਤੇ ਜਾਨ ਤੋਂ ਮਾਰਨ ਦੀ ਨੀਤ ਨਾਲ ਗੋਲੀਬਾਰੀ ਕੀਤੀ ਅਤੇ ਪੁਲਿਸ ਨੇ ਵੀ ਆਤਮ ਰੱਖਿਆ ਦੇ ਤਹਿਤ ਜਵਾਬੀ ਕਾਰਵਾਈ ਕੀਤੀ, ਜਿਸ ਵਿਚਾਲੇ ਉਹ ਜ਼ਖਮੀ ਹੋ ਗਏ ਅਤੇ ਇਲਾਜ ਲਈ ਲੈ ਕੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।"
"ਇਸ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਤਿੰਨਾਂ ਦੇ ਨਾਂ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਹਨ।"
ਰਮਿਤ ਸ਼ਰਮਾ ਨੇ ਅੱਗ ਦੱਸਿਆਕ ਕਿ ਇਨ੍ਹਾਂ ਕੋਲੋਂ 2 ਮੋਡੀਫਾਈਡ ਏਕੇ ਰਾਈਫਲ, 2 ਵਿਦੇਸ਼ੀ ਪਿਸਤੌਲ, ਭਾਰੀ ਮਾਤਰਾ ਵਿੱਚ ਅਸਲਾ ਅਤੇ ਇੱਕ ਚੋਰੀ ਦੀ ਬਾਈਕ ਬਰਾਮਦ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਪੰਜਾਬ ਅਤੇ ਯੂਪੀ ਪੁਲਿਸ ਦਾ ਸਾਂਝਾ ਆਪਰੇਸ਼ਨ ਅਤੇ ਇਹ ਗਿਰੋਹ ਭਾਰਤ ਦੇ ਬਾਹਰੋਂ ਵੀ ਸੰਚਾਲਿਤ ਕੀਤਾ ਜਾ ਰਿਹਾ ਸੀ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ਖਾਤੇ 'ਤੇ ਦਾਅਵਾ ਕੀਤਾ ਹੈ ਕਿ ਤਿੰਨੋਂ ਮੁਲਜ਼ਮ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਨਾਲ ਸੰਬੰਧਤ ਹਨ।
ਡੀਜੀਪੀ ਅਨੁਸਾਰ ਇਹਨਾਂ 'ਦਹਿਸ਼ਤਗਰਦੀਆਂ' ਨੇ ਪੰਜਾਬ ਅਤੇ ਯੂਪੀ ਪੁਲਿਸ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਦੀ ਜੁਆਬੀ ਕਰਵਾਈ 'ਚ ਤਿੰਨੋਂ ਜ਼ਖਮੀ ਹੋ ਗਏ ਸਨ।

ਤਸਵੀਰ ਸਰੋਤ, X/DGPPunjabGauravYadav
ਉਹ ਅੱਗੇ ਲਿਖਦੇ ਹਨ, "ਇਹ ਮੁਕਾਬਲਾ ਥਾਣਾ ਪੂਰਨਪੁਰ, ਪੀਲੀਭੀਤ ਦੇ ਅਧਿਕਾਰ ਖੇਤਰ ਵਿੱਚ ਵਾਪਰਿਆ... ਜ਼ਖਮੀ ਵਿਅਕਤੀਆਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਸੀਐਚਸੀ ਪੂਰਨਪੁਰ ਲਿਜਾਇਆ ਗਿਆ।''
ਹਾਲਾਂਕਿ, ਕੁਝ ਹੀ ਸਮੇਂ ਬਾਅਦ ਸੀਐਮਓ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।
ਪੀਲੀਭੀਤ ਦੇ ਐੱਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਤਿੰਨਾਂ ਜ਼ਖ਼ਮੀ ਮੁਲਜ਼ਮਾਂ ਨੂੰ ਸੀਐਚਸੀ ਪੂਰਨਪੁਰ ਵਿਖੇ ਮੁੱਢਲੇ ਇਲਾਜ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਐਸਪੀ ਨੇ ਦੱਸਿਆ ਕਿ ਦੋ ਏਕੇ 47, ਦੋ ਵਿਦੇਸ਼ੀ ਗਲੋਕ ਪਿਸਤੌਲ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ ਗਿਆ ਹੈ।
ਚੌਕੀ 'ਤੇ ਗ੍ਰਨੇਡ ਹਮਲਾ ਕਦੋਂ ਹੋਇਆ ਸੀ
ਪੰਜਾਬ ਪੁਲਿਸ ਅਨੁਸਾਰ 19 ਦਸੰਬਰ ਨੂੰ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਬਖਸ਼ੀਵਾਲ ਚੌਕੀ 'ਤੇ ਗ੍ਰਨੇਡ ਹਮਲਾ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ।
ਯੂਪੀ ਪੁਲਿਸ ਅਨੁਸਾਰ ਮੁਲਜ਼ਮਾਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਬੀਤੀ ਰਾਤ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ।
ਪੀਲੀਭੀਤ ਦੇ ਐੱਸਪੀ ਅਵਿਨਾਸ਼ ਪਾਂਡੇ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਕੋਲੋਂ ਇੱਕ ਦਿਨ ਪਹਿਲਾਂ ਚੋਰੀ ਹੋਈ ਇੱਕ ਬਾਈਕ ਵੀ ਬਰਾਮਦ ਕੀਤੀ ਗਈ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਲੋਕ ਇੱਕ ਦਿਨ ਪਹਿਲਾਂ ਹੀ ਇੱਥੇ ਆਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












