ਪਾਕਿਸਤਾਨ ਨੇ ਕਾਬੁਲ ਤੇ ਕੰਧਾਰ ਉੱਤੇ ਕੀਤੇ ਹਮਲੇ, ਅਫ਼ਗਾਨ ਤਾਲਿਬਾਨ ਦਾ ਸਰਹੱਦ 'ਤੇ ਜਵਾਬੀ ਕਾਰਵਾਈ ਦਾ ਦਾਅਵਾ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਅਫ਼ਗਾਨ ਤਾਲਿਬਾਨ ਦੇ ਖ਼ਿਲਾਫ਼ 'ਖੁੱਲ੍ਹੀ ਜੰਗ' ਦਾ ਐਲਾਨ ਕੀਤਾ ਹੈ। ਉਨ੍ਹਾਂ ਅਫ਼ਗਾਨ ਤਾਲਿਬਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ "ਸਾਡਾ ਸਬਰ ਖ਼ਤਮ ਹੋ ਗਿਆ ਹੈ" ਅਤੇ ਹੁਣ "ਖੁੱਲ੍ਹਾ ਯੁੱਧ" ਹੋਵੇਗਾ।
ਬੀਬੀਸੀ ਉਰਦੂ ਮੁਤਾਬਕ, ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਅਫ਼ਗਾਨ ਤਾਲਿਬਾਨ 'ਤੇ "ਅਫ਼ਗਾਨਿਸਤਾਨ ਵਿੱਚ ਦੁਨੀਆ ਭਰ ਤੋਂ ਅੱਤਵਾਦੀਆਂ ਨੂੰ ਇਕੱਠਾ ਕਰਨ" ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਕਾਬੁਲ ਵਿੱਚ ਅੰਤਰਿਮ ਸਰਕਾਰ ਨੇ "ਅੱਤਵਾਦ ਦਾ ਐਕਸਪੋਰਟ" ਕੀਤਾ ਹੈ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੇ ਰਾਜਧਾਨੀ ਕਾਬੁਲ, ਪਕਤਿਕਾ ਅਤੇ ਕੰਧਾਰ ਵਿੱਚ ਕੁਝ ਥਾਵਾਂ 'ਤੇ ਬੰਬਾਰੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਉੱਧਰ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਅਫ਼ਗਾਨ ਤਾਲਿਬਾਨ ਨੇ "ਆਪਣੇ ਲੋਕਾਂ ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਇਸਲਾਮ ਨੇ ਮਹਿਲਾਵਾਂ ਨੂੰ ਜੋ ਅਧਿਕਾਰ ਦਿੱਤੇ ਹਨ, ਉਨ੍ਹਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ।"
ਬੀਬੀਸੀ ਉਰਦੂ ਮੁਤਾਬਕ ਪਾਕਿਸਤਾਨੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਉਸ ਦੇ ਫੌਜੀ ਅਭਿਆਨਾਂ ਵਿੱਚ ਅਫ਼ਗਾਨ ਤਾਲਿਬਾਨ ਦੇ 133 ਮੈਂਬਰ ਮਾਰੇ ਗਏ ਹਨ ਅਤੇ 200 ਜ਼ਖ਼ਮੀ ਹੋਏ ਹਨ।

ਤਸਵੀਰ ਸਰੋਤ, Getty Images
ਸੂਚਨਾ ਮੰਤਰੀ ਅਤਾਉੱਲਾਹ ਤਰਾਰ ਨੇ ਐਕਸ 'ਤੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਕਾਬੁਲ, ਪਕਤਿਕਾ ਅਤੇ ਕੰਧਾਰ ਵਿੱਚ ਅਫ਼ਗਾਨ ਤਾਲਿਬਾਨ ਦੇ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਆਪ੍ਰੇਸ਼ਨ ਵਿੱਚ ਅਫ਼ਗਾਨ ਤਾਲਿਬਾਨ ਦੇ ਦੋ ਕੋਰ ਮੁੱਖ ਦਫ਼ਤਰ, ਦੋ ਹਥਿਆਰ ਡਿਪੋ, ਇੱਕ ਲੋਜਿਸਟਿਕਸ ਗੋਦਾਮ, ਤਿੰਨ ਬਟਾਲਿਅਨ ਮੁੱਖ ਦਫ਼ਤਰ, ਦੋ ਸੈਕਟਰ ਮੁੱਖ ਦਫ਼ਤਰ ਅਤੇ 80 ਤੋਂ ਵੱਧ ਟੈਂਕ ਤਬਾਹ ਹੋ ਗਏ ਹਨ।
ਬੀਬੀਸੀ ਇਨ੍ਹਾਂ ਦਾਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ। ਹਾਲਾਂਕਿ, ਸੂਚਨਾ ਮੰਤਰੀ ਅਤਾਉੱਲਾਹ ਤਰਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਆਪ੍ਰੇਸ਼ਨ ਅਜੇ ਵੀ ਜਾਰੀ ਹੈ।
ਦੇਰ ਰਾਤ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਏਐਫਪੀ ਨਿਊਜ਼ ਟੀਮ ਮੁਤਾਬਕ, ਸਵੇਰੇ-ਸਵੇਰੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਰਾਤ ਕਰੀਬ 1.50 ਵਜੇ ਪੂਰੇ ਸ਼ਹਿਰ ਵਿੱਚ ਲੜਾਕੂ ਜਹਾਜ਼ਾਂ ਦੀਆਂ ਆਵਾਜ਼ਾਂ ਦੇ ਨਾਲ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ, ਅਤੇ ਦੱਸਿਆ ਕਿ ਸੈਂਟਰਲ ਕਾਬੁਲ ਵਿੱਚ ਸਵੇਰੇ ਕਰੀਬ 2.30 ਵਜੇ ਤੱਕ ਗੋਲ਼ੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਕਾਬੁਲ ਅਤੇ ਕੰਧਾਰ 'ਤੇ ਹਮਲੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਝੜਪਾਂ ਦੇ ਸਿਲਸਿਲੇ ਵਿੱਚ ਸਭ ਤੋਂ ਤਾਜ਼ਾ ਹਮਲੇ ਹਨ, ਜਦਕਿ ਦੋਵੇਂ ਦੇਸ਼ ਅਕਤੂਬਰ 2025 ਵਿੱਚ ਇੱਕ ਸੀਜ਼ਫ਼ਾਇਰ 'ਤੇ ਸਹਿਮਤ ਹੋਏ ਸਨ।
ਪਿਛਲੇ ਹਫ਼ਤੇ, ਪਾਕਿਸਤਾਨ ਨੇ ਅਫ਼ਗਾਨਿਸਤਾਨ 'ਤੇ ਰਾਤ ਭਰ ਕਈ ਏਅਰ ਸਟ੍ਰਾਈਕ ਕੀਤੀਆਂ, ਜਿਸ ਬਾਰੇ ਤਾਲਿਬਾਨ ਨੇ ਕਿਹਾ ਕਿ ਇਸ ਹਮਲੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 18 ਲੋਕ ਮਾਰੇ ਗਏ ਹਨ।
ਪਾਕਿਸਤਾਨ ਨੇ ਕਿਹਾ ਸੀ ਕਿ ਹਮਲਿਆਂ ਵਿੱਚ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਦੇ ਨੇੜੇ ਸੱਤ ਕਥਿਤ ਅੱਤਵਾਦੀ ਕੈਂਪਾਂ ਅਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਅਤੇ ਕਿਹਾ ਕਿ ਇਹ ਹਮਲੇ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਆਤਮਘਾਤੀ ਬੰਬ ਹਮਲਿਆਂ ਤੋਂ ਬਾਅਦ ਕੀਤੇ ਗਏ ਸਨ।
ਇਸ ਵਿਚਕਾਰ, ਤਾਲਿਬਾਨ ਸ਼ਾਸਨ ਨੇ ਕਿਹਾ ਕਿ ਆਮ ਲੋਕਾਂ ਦੇ ਘਰਾਂ ਅਤੇ ਇੱਕ ਧਾਰਮਿਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਮਰਨ ਵਾਲਿਆਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਹਨ।
ਪਾਕਿਸਤਾਨ ਦੇ ਰਾਸ਼ਟਰਪਤੀ ਨੇ ਫੌਜ ਦੀ ਜਵਾਬੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅਫ਼ਗਾਨ ਤਾਲਿਬਾਨ ਹਮਲਿਆਂ ਦੇ ਖ਼ਿਲਾਫ਼ ਆਪਣੇ ਦੇਸ਼ ਦੀ ਜਵਾਬੀ ਕਾਰਵਾਈ ਦੀ ਤਾਰੀਫ਼ ਕੀਤੀ ਹੈ।
ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਐਕਸ 'ਤੇ ਲਿਖਿਆ, "ਸਾਡੇ ਹਥਿਆਰਬੰਦ ਬਲਾਂ ਦਾ ਜਵਾਬ ਪੂਰੀ ਵਿਆਪਕ ਅਤੇ ਫੈਸਲਾਕੁੰਨ ਹੈ।"
"ਜੋ ਲੋਕ ਸਾਡੀ ਸ਼ਾਂਤੀ ਨੂੰ ਕਮਜ਼ੋਰੀ ਸਮਝਦੇ ਹਨ, ਉਨ੍ਹਾਂ ਨੂੰ ਕੜਾ ਜਵਾਬ ਮਿਲੇਗਾ - ਅਤੇ ਕੋਈ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਨਹੀਂ ਹੋਵੇਗਾ।"
ਉਨ੍ਹਾਂ ਇੱਕ ਵੱਖਰੀ ਪੋਸਟ ਵਿੱਚ ਕਿਹਾ ਕਿ ਪਾਕਿਸਤਾਨ "ਪੂਰੀ ਤਰ੍ਹਾਂ ਜਾਣਦਾ ਹੈ ਕਿ ਹਿੰਸਾ ਦੀ ਯੋਜਨਾ ਬਣਾਉਣ ਵਾਲੇ, ਉਸ ਨੂੰ ਉਤਸ਼ਾਹਿਤ ਕਰਨ ਵਾਲੇ ਅਤੇ ਉਸਦਾ ਸਮਰਥਨ ਕਰਨ ਵਾਲੇ ਕਿੱਥੇ ਹਨ" ਅਤੇ ਚੇਤਾਵਨੀ ਦਿੱਤੀ ਕਿ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਨਤੀਜੇ ਭੁਗਤਣੇ ਪੈਣਗੇ।
ਇੱਕ-ਦੂਜੇ 'ਤੇ ਇਲਜ਼ਾਮ

ਤਸਵੀਰ ਸਰੋਤ, EPA
ਪਾਕਿਸਤਾਨੀ ਅਤੇ ਅਫ਼ਗਾਨ ਫੌਜਾਂ ਦਰਮਿਆਨ ਦੁਸ਼ਮਨੀ ਦੇ ਪਿਛਲੇ ਦੌਰ ਵਾਂਗ, ਦੋਹਾਂ ਪੱਖਾਂ ਨੇ ਇੱਕ-ਦੂਜੇ 'ਤੇ ਪਹਿਲਾਂ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ। ਅਤੇ ਦੋਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ-ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਪਾਕਿਸਤਾਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ "ਬਿਨਾਂ ਉਕਸਾਵੇ ਦੇ ਅਫ਼ਗਾਨ ਹਮਲਿਆਂ" ਦੇ ਜਵਾਬ ਵਿੱਚ ਕਾਬੁਲ ਅਤੇ ਕੰਧਾਰ ਸਮੇਤ ਹੋਰ ਸ਼ਹਿਰਾਂ 'ਤੇ "ਕਾਊਂਟਰ ਸਟ੍ਰਾਈਕ" ਕੀਤੀਆਂ।
ਅਫ਼ਗਾਨ ਤਾਲਿਬਾਨ ਨੇ ਕਿਹਾ ਕਿ ਉਸਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੋਏ ਹਮਲਿਆਂ - ਜਿਸ ਬਾਰੇ ਉਸਦਾ ਦਾਅਵਾ ਸੀ ਕਿ ਘੱਟੋ-ਘੱਟ 18 ਲੋਕ ਮਾਰੇ ਗਏ ਸਨ - ਦੇ ਜਵਾਬ ਵਿੱਚ "ਵੱਡੇ ਪੱਧਰ 'ਤੇ" ਆਪ੍ਰੇਸ਼ਨ ਸ਼ੁਰੂ ਕੀਤਾ ਸੀ।
ਤਾਲਿਬਾਨ ਦੇ ਫੌਜੀ ਬੁਲਾਰੇ ਵਹੀਦੁੱਲਾਹ ਮੁਹੰਮਦੀ ਨੇ ਕਿਹਾ ਕਿ "ਜਵਾਬੀ ਆਪ੍ਰੇਸ਼ਨ" ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 8 ਵਜੇ ਸ਼ੁਰੂ ਕੀਤਾ ਗਿਆ ਸੀ।
ਮੁੱਖ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਕਿਹਾ ਕਿ ਹਮਲੇ ਵਿੱਚ "ਕਈ" ਪਾਕਿਸਤਾਨੀ ਫੌਜੀ ਮਾਰੇ ਗਏ ਅਤੇ ਕਈ ਹੋਰਾਂ ਨੂੰ ਕਾਬੂ ਕਰ ਲਿਆ ਗਿਆ - ਪਰ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।
ਉਸੇ ਦਿਨ ਬਾਅਦ ਵਿੱਚ, ਪਾਕਿਸਤਾਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਾਂਝੀ ਸਰਹੱਦ 'ਤੇ "ਬਿਨਾਂ ਭੜਕਾਹਟ ਦੇ ਗੋਲੀਬਾਰੀ" ਦਾ ਜਵਾਬ ਦੇਣ ਦੌਰਾਨ ਉਸਦੇ ਦੋ ਫ਼ੌਜੀਨ ਮਾਰੇ ਗਏ ਹਨ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ।
ਪਾਕਿਸਤਾਨ 'ਕਿਸੇ ਵੀ ਹਮਲਾਵਰ ਇਰਾਦੇ ਨੂੰ ਨਾਕਾਮ ਕਰਨ ਦੇ ਪੂਰੀ ਤਰ੍ਹਾਂ ਸਮਰੱਥ' - ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਦੇਸ਼ ਦੀਆਂ ਫੌਜਾਂ "ਕਿਸੇ ਵੀ ਹਮਲਾਵਰ ਇਰਾਦੇ ਨੂੰ ਨਾਕਾਮ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ"।
ਪਾਕਿਸਤਾਨੀ ਸਰਕਾਰ ਦੇ ਐਕਸ ਅਕਾਊਂਟ 'ਤੇ ਪੋਸਟਾਂ ਦੀ ਇੱਕ ਸੀਰੀਜ਼ ਮੁਤਾਬਕ ਉਨ੍ਹਾਂ ਕਿਹਾ, "ਪਿਆਰੇ ਵਤਨ ਦੀ ਰੱਖਿਆ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਹਰ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।''
ਉਨ੍ਹਾਂ ਕਿਹਾ, "ਪੂਰਾ ਦੇਸ਼ ਪਾਕਿਸਤਾਨੀ ਹਥਿਆਰਬੰਦ ਫੌਜਾਂ ਦੇ ਨਾਲ ਖੜ੍ਹਾ ਹੈ।''
ਉਨ੍ਹਾਂ ਫੌਜ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ "ਪਾਕਿਸਤਾਨ ਦੇ ਲੋਕ ਅਤੇ ਹਥਿਆਰਬੰਦ ਫੌਜਾਂ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਹਮੇਸ਼ਾ ਤਿਆਰ ਹਨ।
"ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਕਿਸੇ ਵੀ ਹਾਲਾਤ ਵਿੱਚ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਣ ਦੇਣਗੀਆਂ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































