ਜ਼ਿੰਮਬਾਵੇ ਤੋਂ ਤਾਂ ਜਿੱਤ ਗਏ ਪਰ ਨਾਕਆਊਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਇਹ ਹੈ ਵੱਡੀ ਚਿੰਤਾ

ਕਪਤਾਨ ਸੂਰਿਆਕੁਮਾਰ ਯਾਦਵ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਵੀਰਵਾਰ ਨੂੰ ਖੇਡੇ ਗਏ ਸੁਪਰ-8 ਦੇ ਦੂਜੇ ਮੁਕਾਬਲੇ ਵਿੱਚ ਭਾਰਤ ਨੇ ਜ਼ਿੰਮਬਾਵੇ ਨੂੰ 72 ਦੌੜਾਂ ਨਾਲ ਸ਼ਿਕਸਤ ਦਿੱਤੀ
    • ਲੇਖਕ, ਪ੍ਰਵੀਨ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਆਈਸੀਸੀ ਟੀ-20 ਵਰਲਡ ਕੱਪ ਵਿੱਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਹੈ।

ਵੀਰਵਾਰ ਨੂੰ ਖੇਡੇ ਗਏ ਸੁਪਰ-8 ਦੇ ਦੂਜੇ ਮੁਕਾਬਲੇ ਵਿੱਚ ਭਾਰਤ ਨੇ ਜ਼ਿੰਮਬਾਵੇ ਨੂੰ 72 ਦੌੜਾਂ ਨਾਲ ਮਾਤ ਦਿੱਤੀ।

ਭਾਰਤ ਨੇ ਇਸ ਵੱਡੀ ਜਿੱਤ ਨਾਲ ਆਪਣੇ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਕੀਤਾ ਅਤੇ ਆਪਣੇ ਆਪ ਨੂੰ ਸੈਮੀਫਾਈਨਲ ਦੀ ਦੌੜ ਵਿੱਚ ਮਜ਼ਬੂਤੀ ਨਾਲ ਬਣਾਈ ਰੱਖਿਆ ਹੈ।

ਇਸ ਮੈਚ ਤੋਂ ਪਹਿਲਾਂ ਤੱਕ ਭਾਰਤ 'ਤੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ। ਪਰ ਹੁਣ ਐਤਵਾਰ ਨੂੰ ਖੇਡਿਆ ਜਾਣ ਵਾਲਾ ਭਾਰਤ ਅਤੇ ਵੈਸਟਇੰਡੀਜ਼ ਦਾ ਮੁਕਾਬਲਾ ਵਰਚੁਅਲ ਕਵਾਰਟਰ ਫਾਈਨਲ ਬਣ ਗਿਆ ਹੈ।

ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿੱਚੋਂ ਜੋ ਵੀ ਟੀਮ ਜਿੱਤ ਦਰਜ ਕਰਨ ਵਿੱਚ ਕਾਮਯਾਬ ਹੋਵੇਗੀ, ਉਹ ਗਰੁੱਪ ਵਨ ਤੋਂ ਦੱਖਣੀ ਅਫਰੀਕਾ ਤੋਂ ਬਾਅਦ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਟੀਮ ਬਣ ਜਾਵੇਗੀ।

ਹਾਲਾਂਕਿ ਦੱਖਣੀ ਅਫਰੀਕਾ ਦੇ ਖ਼ਿਲਾਫ਼ 76 ਦੌੜਾਂ ਨਾਲ ਕਰਾਰੀ ਹਾਰ ਤੋਂ ਬਾਅਦ ਭਾਰਤ ਨੇ ਕਈ ਗਲਤੀਆਂ ਨੂੰ ਸੁਧਾਰਿਆ ਹੈ। ਪਰ ਅਜੇ ਵੀ ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਮਿਲਣੇ ਬਾਕੀ ਹਨ।

ਓਪਨਿੰਗ ਜੋੜੀ 'ਚ ਬਦਲਾਅ

ਸੰਜੂ ਸੈਮਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਜੂ ਸੈਮਸਨ ਭਾਵੇਂ 25 ਦੌੜਾਂ ਬਣਾ ਕੇ ਆਉਟ ਹੋ ਗਏ, ਪਰ ਉਨ੍ਹਾਂ ਨੇ ਵੱਡੇ ਸਕੋਰ ਦੀ ਨੀਂਹ ਰੱਖ ਦਿੱਤੀ

ਮੈਚ ਤੋਂ ਬਾਅਦ ਹੌਟਸਟਾਰ ਦੇ ਸ਼ੋਅ 'ਤੇ ਕ੍ਰਿਕਟ ਐਕਸਪਰਟਸ ਇਰਫ਼ਾਨ ਪਠਾਨ ਅਤੇ ਸੰਜੇ ਬਾਂਗੜ ਨੇ ਟੀਮ ਇੰਡੀਆ ਦੀ ਇਸ ਨਵੀਂ ਰਣਨੀਤੀ ਦਾ ਸਵਾਗਤ ਕੀਤਾ।

ਇਰਫ਼ਾਨ ਪਠਾਨ ਨੇ ਕਿਹਾ, "ਮੈਂ ਇਹ ਨਹੀਂ ਚਾਹੁੰਦਾ ਸੀ ਕਿ ਈਸ਼ਾਨ ਕਿਸ਼ਨ ਨੰਬਰ ਤਿੰਨ 'ਤੇ ਖੇਡਣ। ਪਰ ਆਫ ਸਪਿਨਰਾਂ ਦੇ ਖ਼ਿਲਾਫ਼ ਭਾਰਤ ਨੂੰ ਟੂਰਨਾਮੈਂਟ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦਾ ਈਸ਼ਾਨ ਦੀ ਬਜਾਏ ਸੰਜੂ ਤੋਂ ਓਪਨਿੰਗ ਕਰਵਾਉਣ ਦਾ ਦਾਅ ਇਸ ਮੈਚ ਵਿੱਚ ਕੰਮ ਕਰ ਗਿਆ। ਜ਼ਿੰਮਬਾਵੇ ਦੇ ਕਪਤਾਨ ਸਿਕੰਦਰ ਰਜ਼ਾ ਇਸ ਦਾਅ ਨਾਲ ਸਰਪ੍ਰਾਈਜ਼ ਹੋ ਗਏ, ਇਸੇ ਕਰਕੇ ਤਾਂ ਉਨ੍ਹਾਂ ਨੇ ਸ਼ੁਰੂ ਵਿੱਚ ਕਿਸੇ ਆਫ ਸਪਿਨਰ ਨੂੰ ਗੇਂਦਬਾਜ਼ੀ ਲਈ ਨਹੀਂ ਅਜ਼ਮਾਇਆ।"

ਸੰਜੇ ਬਾਂਗੜ ਨੇ ਕਿਹਾ, "ਅਸਲ ਵਿੱਚ ਟੀਮ ਇੰਡੀਆ ਉਸ ਥਾਂ 'ਤੇ ਵਾਪਸ ਪਹੁੰਚ ਗਈ ਹੈ ਜਿੱਥੇ ਗੌਤਮ ਗੰਭੀਰ ਨੇ ਟੀ-20 ਟੀਮ ਦਾ ਕੋਚ ਬਣਨ ਤੋਂ ਬਾਅਦ ਸ਼ੁਰੂਆਤ ਕੀਤੀ ਸੀ। ਉੱਥੋਂ ਹੀ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਮਿਲੀ ਸੀ। ਇਸ ਤੋਂ ਬਾਅਦ ਕਈ ਬਦਲਾਅ ਹੋਏ। ਪਰ ਉਹ ਸਾਰੇ ਬਦਲਾਅ ਕਾਰਗਾਰ ਨਹੀਂ ਰਹੇ। ਭਾਰਤੀ ਟੀਮ ਨੇ ਆਪਣੀ ਗਲਤੀ ਨੂੰ ਸੁਧਾਰ ਲਿਆ ਹੈ।"

ਇਰਫ਼ਾਨ ਪਠਾਨ ਨੇ ਉਮੀਦ ਜਤਾਈ ਹੈ ਕਿ ਵਰਲਡ ਕੱਪ ਦੇ ਬਾਕੀ ਸਫ਼ਰ ਵਿੱਚ ਟੀਮ ਇੰਡੀਆ ਹੁਣ ਇਸ ਕਾਂਬੀਨੇਸ਼ਨ ਵਿੱਚ ਬਦਲਾਅ ਨਹੀਂ ਕਰੇਗੀ ਅਤੇ ਅਗਲੇ ਮੈਚਾਂ ਵਿੱਚ ਅਭਿਸ਼ੇਕ ਸ਼ਰਮਾ ਦੇ ਨਾਲ ਸੰਜੂ ਸੈਮਸਨ ਹੀ ਓਪਨਿੰਗ ਕਰਦੇ ਹੋਏ ਨਜ਼ਰ ਆਉਣਗੇ।

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਭਿਸ਼ੇਕ ਸ਼ਰਮਾ ਨੇ ਫ਼ਾਰਮ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ 30 ਗੇਂਦਾਂ 'ਤੇ 55 ਦੌੜਾਂ ਦੀ ਪਾਰੀ ਖੇਡੀ

ਟੂਰਨਾਮੈਂਟ ਵਿੱਚ ਅਜੇ ਤੱਕ ਭਾਰਤ ਲਈ ਚੰਗੀ ਓਪਨਿੰਗ ਪਾਰਟਨਰਸ਼ਿਪ ਨਾ ਮਿਲ ਸਕਣਾ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਸੀ।

ਪਰ ਜ਼ਿੰਮਬਾਵੇ ਦੇ ਖ਼ਿਲਾਫ਼ ਭਾਰਤ ਨੇ ਚੰਗੀ ਫ਼ਾਰਮ ਵਿੱਚ ਚੱਲ ਰਹੇ ਈਸ਼ਾਨ ਕਿਸ਼ਨ ਦੀ ਬਜਾਏ ਸੰਜੂ ਸੈਮਸਨ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ। ਇਸ ਨਾਲ ਟੀਮ ਨੂੰ ਰਾਈਟ ਹੈਂਡ-ਲੈਫਟ ਹੈਂਡ (ਸੱਜੇ ਹੱਥ ਦਾ ਬੱਲੇਬਾਜ਼ ਅਤੇ ਖੱਬੇ ਹੱਥ ਦਾ ਬੱਲੇਬਾਜ਼) ਵਾਲਾ ਕਾਂਬੀਨੇਸ਼ਨ ਮਿਲ ਗਿਆ।

ਇਸ ਤੋਂ ਪਹਿਲਾਂ ਟਾਪ ਥ੍ਰੀ ਤਿੰਨੋਂ ਹੀ ਬੱਲੇਬਾਜ਼ ਲੈਫਟ ਹੈਂਡਰ (ਖੱਬੇ ਹੱਥ ਦੇ ਬੱਲੇਬਾਜ਼) ਹੋਣ ਕਰਕੇ ਵਿਰੋਧੀ ਟੀਮਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਰਣਨੀਤੀ ਬਣਾਉਣ ਵਿੱਚ ਵਧੇਰੇ ਪਰੇਸ਼ਾਨੀ ਨਹੀਂ ਆਉਂਦੀ ਸੀ।

ਭਾਰਤ ਦਾ ਇਹ ਦਾਅ ਕਾਮਯਾਬ ਵੀ ਰਿਹਾ ਅਤੇ ਇਸ ਜੋੜੀ ਨੇ 3.4 ਓਵਰਾਂ ਵਿੱਚ ਹੀ ਪਹਿਲੇ ਵਿਕਟ ਲਈ 48 ਦੌੜਾਂ ਜੋੜ ਦਿੱਤੀਆਂ। ਸੰਜੂ ਸੈਮਸਨ ਭਾਵੇਂ 25 ਦੌੜਾਂ ਬਣਾ ਕੇ ਆਉਟ ਹੋ ਗਏ, ਪਰ ਉਨ੍ਹਾਂ ਨੇ ਵੱਡੇ ਸਕੋਰ ਦੀ ਨੀਂਹ ਰੱਖ ਦਿੱਤੀ।

ਪਿਛਲੇ ਚਾਰ ਮੈਚਾਂ ਵਿੱਚ 0, 0, 0 ਅਤੇ 15 ਰਨਾਂ ਦੀ ਪਾਰੀ ਖੇਡਣ ਵਾਲੇ ਅਭਿਸ਼ੇਕ ਸ਼ਰਮਾ ਨੇ ਜ਼ਿੰਮਬਾਵੇ ਦੇ ਗੇਂਦਬਾਜ਼ਾਂ ਖ਼ਿਲਾਫ਼ ਸ਼ੁਰੂ ਵਿੱਚ ਹੜਬੜੀ ਨਹੀਂ ਦਿਖਾਈ ਅਤੇ ਪਹਿਲੀਆਂ ਕੁਝ ਗੇਂਦਾਂ 'ਤੇ ਕ੍ਰੀਜ਼ 'ਤੇ ਟਿਕੇ ਰਹਿਣ ਦੀ ਕੋਸ਼ਿਸ਼ ਕੀਤੀ।

ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਨੇ ਫ਼ਾਰਮ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ 30 ਗੇਂਦਾਂ 'ਤੇ 55 ਦੌੜਾਂ ਦੀ ਪਾਰੀ ਖੇਡੀ।

ਸਪਿਨਰਾਂ ਨੂੰ ਬਿਹਤਰ ਤਰੀਕੇ ਨਾਲ ਹੈਂਡਲ ਕੀਤਾ

ਹਾਰਦਿਕ ਪਾਂਡਿਯਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿੰਮਬਾਵੇ ਖਿਲਾਫ ਇਸ ਮੈਚ ਵਿੱਚ ਹਾਰਦਿਕ ਪਾਂਡਿਯਾ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ

ਵਰਲਡ ਕੱਪ ਵਿੱਚ ਅਜੇ ਤੱਕ ਭਾਰਤੀ ਬੱਲੇਬਾਜ਼ਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਸਪਿਨ ਨੂੰ ਢੰਗ ਨਾਲ ਨਾ ਖੇਡ ਪਾਉਣਾ ਰਹੀ ਸੀ। ਇਸ ਮੈਚ ਤੋਂ ਪਹਿਲਾਂ ਤੱਕ ਟੂਰਨਾਮੈਂਟ ਵਿੱਚ ਵਿਰੋਧੀ ਟੀਮਾਂ ਦੇ ਸਪਿਨਰਾਂ ਨੇ ਭਾਰਤ ਦੇ 19 ਬੱਲੇਬਾਜ਼ਾਂ ਨੂੰ ਪੈਵਿਲਿਅਨ ਦੀ ਰਾਹ ਦਿਖਾਈ ਸੀ।

ਇਨ੍ਹਾਂ 19 ਵਿੱਚੋਂ ਵੀ 12 ਵਿਕਟ ਵਿਰੋਧੀ ਟੀਮ ਦੇ ਆਫ ਸਪਿਨਰਾਂ ਦੇ ਖਾਤੇ ਵਿੱਚ ਗਏ ਸਨ। ਪਰ ਜ਼ਿੰਮਬਾਵੇ ਦੇ ਖ਼ਿਲਾਫ਼ ਭਾਰਤੀ ਬੱਲੇਬਾਜ਼ਾਂ ਨੇ ਆਪਣੀ ਇਸ ਕਮਜ਼ੋਰੀ 'ਤੇ ਕੰਮ ਕੀਤਾ।

ਜ਼ਿੰਮਬਾਵੇ ਨੇ ਭਾਰਤ ਦੀਆਂ ਚਾਰ ਵਿਕਟਾਂ ਲਈਆਂ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਸਪਿਨਰ ਦੇ ਖਾਤੇ ਵਿੱਚ ਗਈ।

ਕਪਤਾਨ ਸੂਰਿਆਕੁਮਾਰ ਯਾਦਵ ਨੇ ਮੈਚ ਤੋਂ ਬਾਅਦ ਕਿਹਾ, "ਅਸੀਂ ਇੱਥੇ ਆਉਂਦੇ ਹੋਏ ਪਿਛਲੀਆਂ ਗੱਲਾਂ ਨੂੰ ਉੱਥੇ ਹੀ ਛੱਡ ਕੇ ਆਏ। ਸਾਡੇ ਕੋਲ ਸਾਡੇ ਵੀਡੀਓ ਐਨਾਲਿਸਟ ਵੱਲੋਂ ਬਣਾਈ ਸਲਾਈਡ ਸੀ ਅਤੇ ਅਸੀਂ ਦੇਖਿਆ ਕਿ ਪੂਰੇ ਸਾਲ ਵਿੱਚ ਅਸੀਂ ਕੀ ਕੀਤਾ। ਉਹ ਦੇਖਣ ਤੋਂ ਬਾਅਦ ਸਾਨੂੰ ਕਾਫ਼ੀ ਪੌਜ਼ੀਟਿਵਿਟੀ ਮਿਲੀ। ਟਾਪ ਤੋਂ ਲੈ ਕੇ ਨੰਬਰ ਛੇ ਤੱਕ ਸਾਡੇ ਸਾਰੇ ਬੱਲੇਬਾਜ਼ਾਂ ਨੇ ਯੋਗਦਾਨ ਦਿੱਤਾ।"

ਸੂਰਿਆਕੁਮਾਰ ਯਾਦਵ

ਸੂਰਿਆਕੁਮਾਰ ਯਾਦਵ ਦੀ ਇਸ ਗੱਲ ਵਿੱਚ ਉਸ ਗਲਤੀ ਦਾ ਵੀ ਜਵਾਬ ਸੀ ਜੋ ਟੀਮ ਇੰਡੀਆ ਪਿਛਲੇ ਮੈਚਾਂ ਵਿੱਚ ਦੁਹਰਾ ਰਹੀ ਸੀ। ਉਹ ਇਹ ਸੀ ਕਿ ਸ਼ੁਰੂ ਵਿੱਚ ਜਲਦੀ ਵਿਕਟਾਂ ਡਿੱਗਣ ਤੋਂ ਬਾਅਦ ਭਾਰਤੀ ਬੱਲੇਬਾਜ਼ ਦਬਾਅ 'ਚ ਆ ਜਾਣਾ ਤੇ ਹੌਲੀ ਬੱਲੇਬਾਜ਼ੀ ਕਰਨਾ।

ਪਰ ਇਸ ਗਲਤੀ ਨੂੰ ਭਾਰਤ ਨੇ ਸੁਧਾਰਿਆ ਅਤੇ ਅਜਿਹਾ ਸੁਧਾਰਿਆ ਕਿ ਕਈ ਵੱਡੇ ਰਿਕਾਰਡ ਆਪਣੇ ਨਾਮ ਕਰ ਲਏ। ਇਸ ਮੈਚ ਵਿੱਚ ਬੱਲੇਬਾਜ਼ੀ ਲਈ ਉਤਰੇ ਭਾਰਤ ਦੇ ਸਾਰੇ ਛੇ ਬੱਲੇਬਾਜ਼ਾਂ ਨੇ 150 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।

ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਟੀਮ ਦੇ ਟਾਪ ਛੇ ਬੱਲੇਬਾਜ਼ਾਂ ਨੇ 150 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੋਵੇ। ਇਸੇ ਕਰਕੇ ਭਾਰਤ ਨੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਵੀ ਬਣਾਇਆ। 20 ਓਵਰਾਂ ਵਿੱਚ 256 ਦੌੜਾਂ ਭਾਰਤ ਦਾ ਵਰਲਡ ਕੱਪ ਵਿੱਚ ਸਭ ਤੋਂ ਵੱਡਾ ਸਕੋਰ ਵੀ ਹੈ।

ਭਾਰਤੀ ਬੱਲੇਬਾਜ਼ਾਂ ਨੇ ਇਸ ਮੈਚ ਵਿੱਚ 17 ਛੱਕੇ ਵੀ ਲਗਾਏ, ਜੋ ਭਾਰਤ ਵੱਲੋਂ ਟੀ-20 ਵਰਲਡ ਕੱਪ ਵਿੱਚ ਇੱਕ ਪਾਰੀ ਵਿੱਚ ਲਗਾਏ ਗਏ ਸਭ ਤੋਂ ਵੱਧ ਛੱਕੇ ਹਨ।

ਮਤਲਬ ਇਹ ਹੋਇਆ ਕਿ ਦੱਖਣੀ ਅਫਰੀਕਾ ਦੇ ਖ਼ਿਲਾਫ਼ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਭਾਰਤ ਦੀ ਬੱਲੇਬਾਜ਼ੀ ਨੇ ਅਗਲੇ ਹੀ ਮੈਚ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ।

ਗੇਂਦਬਾਜ਼ੀ ਦਾ ਸਵਾਲ ਬਰਕਰਾਰ

ਭਾਰਤ ਬਨਾਮ ਜ਼ਿੰਮਬਾਵੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ ਮੰਨਿਆ ਕਿ ਇਸ ਮੈਚ ਵਿੱਚ ਭਾਰਤ ਦੀ ਗੇਂਦਬਾਜ਼ੀ ਜ਼ਿਆਦਾ ਚੰਗੀ ਨਹੀਂ ਰਹੀ

ਜ਼ਿੰਮਬਾਵੇ ਦੇ ਖ਼ਿਲਾਫ਼ ਮਿਲੀ ਸ਼ਾਨਦਾਰ ਜਿੱਤ ਵਿੱਚ ਵੀ ਭਾਰਤ ਦੀ ਗੇਂਦਬਾਜ਼ੀ ਉਸ ਦੀ ਕਮਜ਼ੋਰੀ ਸਾਬਿਤ ਹੁੰਦੀ ਨਜ਼ਰ ਆਈ। ਜ਼ਿੰਮਬਾਵੇ ਦੀ ਟੀਮ ਨੇ 257 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ।

ਇਸ ਦੌਰਾਨ ਜ਼ਿੰਮਬਾਵੇ ਦੇ ਓਪਨਰ ਬ੍ਰਾਇਨ ਬੇਨੇਟ 97 ਦੌੜਾਂ ਬਣਾਕੇ ਨਾਬਾਦ ਰਹੇ। ਜ਼ਿੰਮਬਾਵੇ ਦੇ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਦੇ ਖ਼ਿਲਾਫ਼ 11 ਛੱਕੇ ਵੀ ਲਗਾਏ।

ਇਸ ਵਰਲਡ ਕੱਪ ਵਿੱਚ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਨੂੰ ਹਰਾ ਕੇ ਕਮਾਲ ਕਰਨ ਵਾਲੀ ਜ਼ਿੰਮਬਾਵੇ, ਟੀਚਾ ਘੱਟ ਹੋਣ ਦੀ ਸਥਿਤੀ ਵਿੱਚ ਭਾਰਤ ਦੀ ਕਮਜ਼ੋਰ ਗੇਂਦਬਾਜ਼ੀ ਦਾ ਫਾਇਦਾ ਚੁੱਕ ਕੇ ਭਾਰਤ ਨੂੰ ਵੀ ਹੈਰਾਨ ਕਰ ਸਕਦੀ ਸੀ।

ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਸ਼ੁਰੂ ਵਿੱਚ ਭਾਵੇਂ ਜ਼ਿੰਮਬਾਵੇ ਨੇ ਤੇਜ਼ੀ ਨਾਲ ਦੌੜਾਂ ਨਹੀਂ ਬਣਾਈਆਂ। ਪਰ ਭਾਰਤ ਨੂੰ ਪਹਿਲੀ ਵਿਕਟ 6.2 ਓਵਰਾਂ ਬਾਅਦ ਜਾ ਕੇ ਮਿਲੀ। ਭਾਰਤ ਦੇ ਸਪਿਨਰਾਂ ਨੇ ਬਹੁਤ ਨਿਰਾਸ਼ ਕੀਤਾ।

ਵਰੁਣ ਚਕਰਵਰਤੀ ਅਤੇ ਅਕਸ਼ਰ ਪਟੇਲ ਨੇ ਆਪਣੇ ਚਾਰ-ਚਾਰ ਓਵਰਾਂ ਵਿੱਚ 35-35 ਦੌੜਾਂ ਦਿੱਤੀਆਂ ਅਤੇ ਉਨ੍ਹਾਂ ਦੇ ਹਿੱਸੇ ਇੱਕ-ਇੱਕ ਵਿਕਟ ਹੀ ਆਇਆ।

ਛੇਵੇਂ ਗੇਂਦਬਾਜ਼ ਵਜੋਂ ਭਾਰਤ ਨੇ ਸ਼ਿਵਮ ਦੁਬੇ ਨੂੰ ਅਜ਼ਮਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਤਾਂ ਦੋ ਓਵਰਾਂ ਵਿੱਚ ਹੀ 46 ਦੌੜਾਂ ਦੇ ਦਿੱਤੀਆਂ।

ਹਾਲਾਂਕਿ ਅਰਸ਼ਦੀਪ ਸਿੰਘ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕੀਆਂ ਅਤੇ ਭਾਰਤ ਨੂੰ ਵੱਡੇ ਮਾਰਜਨ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ ਮੰਨਿਆ ਕਿ ਇਸ ਮੈਚ ਵਿੱਚ ਭਾਰਤ ਦੀ ਗੇਂਦਬਾਜ਼ੀ ਜ਼ਿਆਦਾ ਚੰਗੀ ਨਹੀਂ ਰਹੀ।

ਉਨ੍ਹਾਂ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਸਾਨੂੰ ਗੇਂਦਬਾਜ਼ੀ ਵਿੱਚ ਹੋਰ ਬਿਹਤਰ ਕਰਨਾ ਚਾਹੀਦਾ ਸੀ। ਅੰਤ ਵਿੱਚ ਇਹ ਠੀਕ ਹੈ ਕਿ ਅਸੀਂ ਜਿੱਤ ਗਏ। ਪਰ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਾਂਗੇ।"

"ਵੈਸਟਇੰਡੀਜ਼ ਦੇ ਖ਼ਿਲਾਫ਼ ਮੈਦਾਨ 'ਤੇ ਉਤਰਦੇ ਹੋਏ ਸਾਨੂੰ ਇਸ ਗੱਲ 'ਤੇ ਕੰਮ ਕਰਨਾ ਪਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)